੧੬ ਮੱਘਰ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ
ਹਰਿ ਸ਼ਾਹੋ ਸ਼ਾਬਾਸ, ਸਰਬ ਵਿਆਪਿਆ। ਸਰਬ ਜੀਆਂ ਸਦ ਵਸੇ ਪਾਸ, ਆਪੇ ਜਾਣੇ ਆਪਣਾ ਆਪਿਆ। ਵੇਖ ਵਖਾਣੇ ਹੱਡ ਨਾੜੀ ਮਾਸ, ਜੋਤ ਨਿਰੰਜਣ ਵਡ ਪਰਤਾਪਿਆ। ਅਪ ਤੇਜ਼ ਵਾਏ ਪ੍ਰਿਥਮੀ ਅਕਾਸ, ਕਾਇਆ ਮੰਡਲ ਸਾਚੀ ਰਾਸਿਆ। ਪਵਣ ਚਲਾਏ ਵਿਚ ਸਵਾਸ, ਹੋਏ ਸਹਾਈ ਦਸ ਦਸ ਮਾਸਿਆ। ਲੇਖਾ ਛੋਡੇ ਗਰਭਵਾਸ, ਲੱਖ ਚੁਰਾਸੀ ਦੁੱਖੜਾ ਨਾਸਿਆ। ਦਰ ਘਰ ਸਾਚੇ ਕੀਆ ਵਾਸ, ਪਾਰਬ੍ਰਹਮ ਬ੍ਰਹਮ ਜੋਤ ਪਰਕਾਸਿਆ। ਦਿਵਸ ਰੈਣ ਨਾ ਹੋਏ ਉਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਸ਼ਬਦ ਸਵਾਸ ਸਵਾਸਿਆ। ਸ਼ਬਦ ਸਵਾਸਾ, ਧੰਨ ਤਨ ਹਰਿ ਸ਼ਿੰਗਾਰਿਆ। ਗੁਰ ਚਰਨ ਸਚ ਭਰਵਾਸਾ, ਮੰਨਿਆ ਮਨ ਜਗਤ ਉਧਾਰਿਆ। ਨਾਮ ਫੜਾਇਆ ਸਾਚਾ ਕਾਸਾ, ਆਪ ਬਣਾਇਆ ਜਗਤ ਭਿਖਾਰਿਆ। ਆਪੇ ਕੀਆ ਅੰਦਰ ਵਾਸਾ, ਸਾਚਾ ਮੰਦਰ ਆਪ ਸਵਾਰਿਆ। ਗੁਣਵੰਤਾ ਪੂਰਨ ਭਗਵੰਤਾ ਕਰੇ ਖੇਲ ਸ਼ਾਹੋ ਸ਼ਾਬਾਸਾ, ਸਾਚੀ ਨਗਰੀ ਜੋਤ ਅਕਗਰੀ ਧਰਮ ਸਮਗਰੀ ਏਕਾ ਏਕ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਗੁਰਮੁਖ ਸਾਚੇ ਵੇਖ ਦਰ, ਸਾਚੀ ਕਿਰਿਆ ਕਰਮ ਕਰਾ ਰਿਹਾ। ਗੁਰਮੁਖ ਸਾਚਾ ਦਰ ਦਰਬਾਰ, ਮਿਲੇ ਮੇਲ ਭਗਵਾਨਿਆ। ਸ਼ਬਦ ਜੋਤੀ ਇਕ ਅਪਾਰ, ਦੇਵੇ ਵਾਲੀ ਦੋ ਜਹਾਨਿਆ। ਕਰੇ ਖੇਲ ਵਿਚ ਸੰਸਾਰ, ਗੁਣਵੰਤਾ ਹਰਿ ਗੁਣ ਨਿਧਾਨਿਆ। ਕਲਜੁਗ ਤੇਰੀ ਅੰਤਮ ਵਾਰ, ਸਾਧ ਸੰਤ ਨਾ ਕਿਸੇ ਪਛਾਨਿਆ। ਗੁਰ ਸੰਗਤ ਮੰਗ ਅਪਰ ਅਪਾਰ, ਸੋਹੰ ਰਸ ਰਸਨ ਸੁਹਾਨਿਆ। ਸਚ ਸੁਹੇਲਾ ਕੰਤ ਭਤਾਰ, ਗੁਰਮੁਖ ਸਾਚੀ ਸੇਜ ਹੰਢਾਨਿਆ। ਪਾਰਬ੍ਰਹਮ ਬ੍ਰਹਮ ਰੂਪ ਅਪਾਰ, ਜੋਤੀ ਨੂਰ ਜਗਤ ਮਹਾਨਿਆ। ਸਰਬ ਕਲਾ ਭਰਪੂਰ ਸੱਚੀ ਸਰਕਾਰ, ਜਨ ਭਗਤਾਂ ਹੱਥੀਂ ਬੰਨ੍ਹੇ ਗਾਨਿਆ। ਵੇਖੇ ਵਾਰੋ ਵਾਰ, ਚਲੇ ਚਲਾਏ ਆਪਣੇ ਭਾਣਿਆ। ਗੁਰ ਗੋਬਿੰਦੇ ਤੇਰੀ ਧਾਰ, ਨਾ ਕੋਈ ਜਾਣੇ ਖਾਣੀ ਬਾਣੀਆ। ਸਰਬ ਬਖ਼ਸ਼ਿੰਦੇ ਆਪ ਦਾਤਾਰ, ਸ਼ਬਦ ਲੱਗੇ ਤੀਰ ਨਿਸ਼ਾਨਿਆ। ਆਤਮ ਖੋਲ੍ਹੇ ਬੰਦ ਕਿਵਾੜ, ਆਪੇ ਕਰੇ ਵਡ ਮਿਹਰਬਾਨਿਆ। ਰਚਨ ਰਚਾਈ ਪਹਿਲੀ ਹਾੜ, ਜੋਤੀ ਜੋਤ ਸਰੂਪ ਹਰਿ, ਗੁਰਮੁਖ ਸਾਚੇ ਜੋਤ ਧਰ, ਦੇਵੇ ਵਡਿਆਈ ਜਗਤ ਵਧਾਈ ਕਰੋੜ ਤੇਤੀਸਾ ਛਤਰ ਸੀਸਾ ਆਪੇ ਰਿਹਾ ਝੁਲਾਈਆ। ਕਰੋੜ ਤੇਤੀਸਾ ਛਤਰ ਝੁਲਾਰ, ਪ੍ਰਭ ਆਪਣੀ ਬਣਤ ਬਣਾਈਆ। ਗੁਰਮੁਖ ਸਾਚੇ ਕਰਮ ਵਿਚਾਰ, ਪੂਰਬ ਲਹਿਣਾ ਰਿਹਾ ਦਵਾਈਆ। ਬਾਲ ਅੰਞਾਣੇ ਤਨ ਸ਼ਿੰਗਾਰ, ਸੋਲਾਂ ਕਲੀਆਂ ਹਾਰ ਗੁੰਦਾਈਆ। ਅੰਮ੍ਰਿਤ ਬਰਖੇ ਠੰਡੀ ਧਾਰ, ਸਾਚਾ ਝਿਰਨਾ ਰਿਹਾ ਝਿਰਾਈਆ। ਪਵਣ ਉਨੰਜਾ ਛਤਰ ਝੁਲਾਰ, ਦੇ ਹੁਲਾਰਾ ਆਪ ਝੁਲਾਈਆ। ਅਵਣ ਗਵਣ ਕਰੇ ਪਾਰ, ਸਾਚਾ ਸਾਵਣ ਮੇਘ ਬਰਸਾਈਆ। ਪਤਤ ਪਾਵਨ ਵਿਚ ਸੰਸਾਰ, ਸ਼ਬਦ ਤੇਗ ਹੱਥ ਫੜਾਈਆ। ਆਪੇ ਲਾਹੇ ਆਪਣਾ ਭਾਰ, ਕਲਜੁਗ ਤੇਰੀ ਅੰਤਮ ਵਾਰ, ਸਾਚੀ ਸਈਆ ਮਾਤ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਬਾਲ ਅੰਞਾਣੇ ਦੇ ਮਤ ਰਿਹਾ ਸਮਝਾਈਆ। ਬਾਲ ਅੰਞਾਣੇ ਜਗਤ ਦਲਾਲ, ਪ੍ਰਭ ਸਾਚਾ ਹੁਕਮ ਸੁਣਾਇੰਦਾ। ਇਕੋ ਮਾਰੇ ਸ਼ਬਦ ਉਛਾਲ, ਪੁਰੀ ਇੰਦਰ ਧਰਮ ਧਾਮ ਸੁਹਾਇੰਦਾ। ਲੱਗਾ ਫ਼ਲ ਕਾਇਆ ਡਾਲ੍ਹ, ਝੂਠਾ ਚਾਮ ਲੇਖੇ ਲਾਇੰਦਾ। ਯਮਰਾਜ ਤੁੱਟਾ ਜਾਲ, ਧਰਮਰਾਏ ਫੰਦ ਕਟਾਇੰਦਾ। ਪ੍ਰਭ ਅਬਿਨਾਸ਼ੀ ਚਲੇ ਨਾਲ ਨਾਲ, ਸਾਚਾ ਚੰਦ ਜਗਤ ਚੜ੍ਹਾਇੰਦਾ। ਪੂਰੀ ਘਾਲਨ ਗਿਆ ਘਾਲ, ਕਾਲ ਮਹਾਂਕਾਲ ਮੁਖ ਭਵਾਇੰਦਾ। ਜੋਤੀ ਜਗੇ ਸਾਚੇ ਮਸਤਕ ਥਾਲ, ਲਾਲ ਗੁਲਾਲਾ ਰੰਗ ਵਖਾਇੰਦਾ। ਅੰਮ੍ਰਿਤ ਆਤਮ ਸੁਹਾਇਆ ਤਾਲ, ਸਾਚੀ ਛਾਲ ਇਕ ਲਗਾਇੰਦਾ। ਨੂਰੀ ਜੋਤ ਇਕ ਅਕਾਲ, ਗੁਰਮੁਖ ਲਾਲ ਅਨਮੁਲੜੇ ਭਾਲ, ਦਰ ਦਵਾਰੇ ਹਰਿ ਨਿਰੰਕਾਰੇ ਆਪੇ ਆਪ ਬਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰ ਪਿਆਰ ਵਿਚ ਸੰਸਾਰ ਪਹਿਲੀ ਵਾਰ ਕਲਜੁਗ ਤੇਰੀ ਸੇਜ ਸੁਹਾਇੰਦਾ। ਕਲਜੁਗ ਤੇਰੀ ਸੇਜ ਸਾਢੇ ਤਿੰਨ ਹੱਥ। ਪੁਰਖ ਅਬਿਨਾਸ਼ੀ ਮਾਤ ਚਲਾਈ, ਜਨ ਭਗਤਾਂ ਚਲਾਏ ਸਾਚਾ ਰਥ। ਅੰਮ੍ਰਿਤ ਆਤਮ ਬਰਸਾਏ ਮੀਂਹ, ਪੰਚ ਵਿਕਾਰਾ ਰਿਹਾ ਮਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਪਾ ਹਿਸੇ ਇਕ ਦਵਾਰਾ ਸਰਬ ਕਲਾ ਸਮਰਥ। ਕਰਮ ਧਰਮ ਜਗ ਵੇਖ, ਭਰਮ ਨਿਵਾਰਿਆ। ਆਪੇ ਲਿਖਣ ਆਇਆ ਲੇਖ, ਜੋਤੀ ਜਾਮਾ ਭੇਖ ਅਪਾਰਿਆ। ਸ੍ਰਿਸ਼ਟ ਸਬਾਈ ਰਿਹਾ ਵੇਖ, ਆਪ ਦਿਸ ਕਿਸੇ ਨਾ ਆ ਰਿਹਾ। ਕਲਜੁਗ ਮੇਟਣ ਆਇਆ ਰੇਖ, ਖੁਲ੍ਹੜੇ ਕੇਸ ਦਰ ਦਰਵੇਸ਼ ਅਖਵਾ ਰਿਹਾ। ਪਕੜ ਉਠਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼, ਸ਼ਿਵ ਸ਼ੰਕਰ ਸੋਇਆ ਆਪ ਜਗਾ ਰਿਹਾ। ਆਪੇ ਨਰ ਦਾਤਾ ਨਰੇਸ਼, ਸੁਰਪਤ ਰਾਜਾ ਇੰਦ ਆਪੇ ਆਪ ਹਿਲਾ ਰਿਹਾ। ਪਰਗਟ ਹੋਏ ਹਰਿ ਮਰਗਿੰਦ, ਗੁੁਰਮੁਖ ਸਾਚੀ ਬਿੰਦ ਉਪਜਾ ਰਿਹਾ। ਆਪ ਮਿਟਾਏ ਸਗਲੀ ਚਿੰਦ, ਸ਼ਬਦ ਸੁਨੇਹੜਾ ਇਕ ਘਲਾ ਰਿਹਾ। ਲੋਕਮਾਤੀ ਭਗਤ ਨਿੰਦ, ਕਰੋੜ ਤੇਤੀਸਾ ਹਰਿ ਸਮਝਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਚਤੁਰ ਸੁਜਾਨ ਮਾਰ ਧਿਆਨ ਬਾਲ ਅੰਞਾਣ, ਸਾਚੀ ਪੁਰੀ ਆਪ ਸੁਹਾ ਰਿਹਾ। ਬਾਲ ਨਿਧਾਨਾ ਸ਼ਬਦ ਨਿਸ਼ਾਨਾ ਕਰ ਤਿਆਰ। ਸ਼ਬਦ ਨਿਸ਼ਾਨਾ ਵਡ ਮਿਹਰਵਾਨਾ ਇਕ ਝੁਲਾਏ ਵਿਚ ਸੰਸਾਰ, ਹਰਿ ਮਿਹਰਬਾਨ ਵਾਲੀ ਦੋ ਜਹਾਨਾ, ਕਰੇ ਖੇਲ ਅਪਰ ਅਪਾਰ। ਇਕ ਉਠਾਏ ਸੋਹੰ ਸੱਚਾ ਤੀਰ ਕਮਾਨਾ, ਲੋਆਂ ਪੁਰੀਆਂ ਪਾਵੇ ਸਾਰ। ਸ਼ਬਦ ਉਡਾਏ ਭਗਤ ਬਿਬਾਣਾ, ਆਪੇ ਅੰਦਰ ਆਪੇ ਬਾਹਰ। ਮੇਲੇ ਮੇਲ ਹਰਿ ਭਗਵਾਨਾ, ਸਾਚੇ ਮੰਦਰ ਗੁਪਤ ਜਾਹਰ। ਦਰ ਦਵਾਰੇ ਹੋਇਆ ਪਰਵਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਇਆ ਬੰਕ ਦਵਾਰ। ਬੰਕ ਦਵਾਰ ਹਰਿ ਸੁਹਾਇਆ ਏ। ਚਾਰ ਦਿਵਾਰ ਸ਼ਬਦ ਧਾਰ ਖੇਲ ਰਚਾਇਆ ਏ। ਚਾਰੋਂ ਕੁੰਟ ਸ਼ਬਦ ਦਵਾਰ, ਪ੍ਰੇਮ ਲਗਾਇਆ ਗਾਰਾ ਏ। ਗੁਰ ਗੋਬਿੰਦੇ ਤੇਰੀ ਧਾਰ, ਆਪੇ ਰਿਹਾ ਵਹਾਇਆ ਏ। ਜੋਤੀ ਜੋਤ ਸਰੂਪ ਹਰਿ, ਅੰਤਮ ਵੇਲੇ ਪਾਵੇ ਸਾਰਾ, ਵਸਦਾ ਰਹੇ ਇਕ ਦਵਾਰਾ, ਦੂਜਾ ਦਰ ਜਗਤ ਘਰ ਕੋਈ ਰਹਿਣ ਨਾ ਪਾਇਆ ਏ। ਜਗਤ ਦਵਾਰਾ ਝੂਠ ਮਾਤ ਪਸਾਰਿਆ। ਮਾਇਆ ਰਾਣੀ ਫੜਿਆ ਹੱਥ ਵਿਚ ਠੂਠ, ਵਰਨੀ ਬਰਨੀ ਕਰੇ ਖੁਆਰਿਆ। ਗੁਰਮੁਖ ਸਾਚੇ ਨੌਂ ਦਵਾਰੇ ਗਏ ਰੂਠ, ਦਸਮ ਦਵਾਰੇ ਹਰਿ ਬਹਾ ਰਿਹਾ। ਪ੍ਰਭ ਅਬਿਨਾਸ਼ੀ ਜਾਏ ਤੁੱਠ, ਸਾਚਾ ਹੁਕਮ ਸ਼ਬਦ ਸੁਣਾ ਰਿਹਾ। ਆਪ ਬੰਨ੍ਹਾਏ ਨਾਮ ਮੁੱਠ, ਸ਼ਬਦ ਡੰਡਾ ਹੱਥ ਉਠਾ ਰਿਹਾ। ਲੁਕਿਆ ਰਹਿਣ ਨਾ ਦੇਵੇ ਕੋਈ ਗੁੱਠ, ਬੰਦ ਕਿਵਾੜਾ ਹਰਿ ਢਾਹ ਰਿਹਾ। ਜੋਤੀ ਜੋਤ ਸਰੂਪ ਹਰਿ, ਦਸ ਦਸ ਦਸ ਮਾਸ ਲੇਖਾ ਲਿਖਤ ਭਵਿਖਤ ਜਣਾ ਰਿਹਾ। ਭਗਤ ਜਣਾਈ ਆਪ ਹਰਿ ਕਰਾਇੰਦਾ। ਮਿਲੀ ਵਡਿਆਈ ਨਾਮ ਵਡ ਪਰਤਾਪ, ਸਾਚੀ ਭਿਛਿਆ ਝੋਲੀ ਪਾਇੰਦਾ। ਆਪੇ ਮਾਈ ਆਪੇ ਬਾਪ, ਦਿਵਸ ਰੈਣ ਰਛਿਆ ਆਪ ਕਰਾਇੰਦਾ। ਕਲਜੁਗ ਮਾਰੇ ਤੀਨੋ ਤਾਪ, ਲਿਖਿਆ ਲੇਖ ਧੁਰ ਦਰਗਾਹੀ ਪੂਰਬ ਲਹਿਣਾ ਝੋਲੀ ਪਾਇੰਦਾ। ਗੁਰ ਗੋਬਿੰਦੇ ਜਗਤ ਜਹਾਨਾ ਦਿਸੇ ਮਿਥਿਆ, ਛੋਟੇ ਬਾਲੇ ਦੇ ਮਤ ਸਮਝਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਸੁਹਾਏ ਸਾਚਾ ਦਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੀਵ ਜੰਤ ਕਿਸੇ ਨਾ ਦਿਸਿਆ। ਨਾ ਦੀਸੇ ਜਗਦੀਸੇ ਭੇਖ ਵਟਾਇਆ। ਪੜ੍ਹ ਪੜ੍ਹ ਥੱਕੇ ਰਾਗ ਛਤੀਸੇ, ਮਾਇਆ ਰਾਣੀ ਸੇਵ ਕਮਾਇਆ। ਕਥਨਾ ਕਥੇ ਦੰਦ ਬਤੀਸੇ, ਸ਼ਾਹ ਸੁਲਤਾਨ ਦਿਸ ਨਾ ਆਇਆ। ਏਕਾ ਏਕ ਛਤਰ ਪ੍ਰਭ ਸਾਚੇ ਸੀਸੇ, ਦੂਸਰ ਕੋਈ ਰਹਿਣ ਨਾ ਪਾਇਆ। ਵੇਖੇ ਖੇਲ ਬੀਸ ਇਕੀਸੇ, ਛੋਟੇ ਬਾਲੇ ਬਚਨ ਇਹ ਅਲਾਇਆ। ਪੁਰੀ ਇੰਦਰ ਸ਼ਬਦ ਚਲੇ ਹਦੀਸੇ, ਸੋਹੰ ਅੱਖਰ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਿੰਘ ਮਨਜੀਤੇ ਸਦਾ ਅਤੀਤੇ, ਸ਼ਬਦ ਸੁਨੇਹੜਾ ਏਕਾ ਏਕ ਘਲਾਇਆ। ਸ਼ਬਦ ਸੁਨੇਹੜਾ ਦੇਵੇ ਘੱਲ, ਜਗਤ ਜੋਗ ਨਾ ਜਾਣਿਆ। ਬੈਠਾ ਰਹੇ ਸਦਾ ਅਟੱਲ, ਜਲ ਥਲ ਚਲੇ ਚਲਾਏ ਆਪਣੇ ਭਾਣਿਆ। ਆਪ ਬਹਾਏ ਦਇਆ ਕਮਾਏ ਉਚ ਮਹੱਲ, ਦਰ ਦਵਾਰਾ ਜਿਨ ਪਛਾਨਿਆ। ਆਵਣ ਜਾਵਣ ਮਿਟਿਆ ਸਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਦਰ ਕੀਆ ਪਰਵਾਨਿਆ। ਸੋਲਾਂ ਕਲੀਆਂ ਸੋਲਾਂ ਕਲ, ਸੋਲਾਂ ਸ਼ਬਦ ਸ਼ਿੰਗਾਰਿਆ। ਆਪੇ ਵਸੇ ਨਿਹਚਲ ਧਾਮ ਅਟੱਲ, ਵੇਖੇ ਖੇਲ ਘੜੀ ਘੜੀ ਪੱਲ ਪੱਲ, ਸੋਲਾਂ ਮਘਰ ਦਿਵਸ ਵਿਚਾਰਿਆ। ਆਪੇ ਵੇਖੇ ਜਲ ਥਲ ਡੂੰਘੀ ਡਲ, ਗੁਰਮੁਖ ਸਾਚੇ ਬੇੜਾ ਆਪ ਬੰਨ੍ਹਾ ਰਿਹਾ। ਸ਼ਬਦ ਸੁਨੇਹੜਾ ਏਕਾ ਘਲ, ਲੋਕਮਾਤੀ ਅਛਲ ਅਛੱਲ, ਵਲ ਛਲ ਜਗਤ ਭੁਲਾ ਲਿਆ। ਭਾਗ ਲਗਾਏ ਕਾਇਆ ਡਲ, ਲੱਖ ਚੁਰਾਸੀ ਮੇਟੇ ਸਲ, ਸਾਚੀ ਬਣਤਾ ਆਪ ਬਣਾ ਰਿਹਾ। ਅੰਮ੍ਰਿਤ ਆਤਮ ਵੇਖੇ ਫਲ, ਦੀਪਕ ਜੋਤੀ ਰਹੀ ਬਲ, ਸ਼ਬਦ ਤਾਲ ਇਕ ਵਜਾ ਰਿਹਾ। ਜੋਤੀ ਜੋਤ ਸਰੂਪ ਹਰਿ, ਪਾਰਬ੍ਰਹਮ ਬ੍ਰਹਮ ਮੇਲ ਕਰ, ਅੱਖਰ ਵੱਖਰ ਏਕਾ ਏਕ ਜਨ ਭਗਤ ਆਪੇ ਆਪ ਸਿਖਾ ਰਿਹਾ। ਗੁਰਮੁਖ ਸਾਚੇ ਬਾਲ ਨਿਧਾਨਾ, ਸਾਚੀ ਸੇਵਾ ਆਪੇ ਆਪ ਲਗਾ ਰਿਹਾ। ਸਾਚੀ ਸੇਵਾ ਆਪ ਲਗਾਈ, ਪ੍ਰਭ ਪੂਰਬ ਕਰਮ ਵਿਚਾਰਿਆ। ਸਾਧਾਂ ਸੰਤਾਂ ਰਿਹਾ ਜਗਾਈ, ਸਿੰਘ ਮਨਜੀਤੇ ਇਹ ਸਮਝਾ ਰਿਹਾ। ਫੜ ਫੜ ਬਾਹੋਂ ਮਾਤ ਉਠਾਈ, ਸਾਚਾ ਗੀਤ ਇਕ ਸੁਣਾ ਰਿਹਾ। ਵੇਖ ਵਖਾਣੇ ਥਾਉਂ ਥਾਈਂ ਪਤਤ ਪੁਨੀਤੇ ਜੋਤ ਜਗਾ ਰਿਹਾ। ਦੇਵਣ ਆਏ ਠੰਡੀਆਂ ਛਾਈਂ, ਅਚਰਜ ਰੀਤੇ ਮਾਤ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਲੱਖ ਚੁਰਾਸੀ ਪਰਖੇ ਨੀਤੇ, ਗੁਰਦਵਾਰਾ ਮੰਦਰ ਮਸੀਤ ਗ੍ਰੰਥੀ ਪੰਥੀ ਪੰਡਤ ਪਾਂਧੇ ਮੁਲਾ ਕਾਜੀ ਸ਼ੇਖ਼ ਮੁਸਾਇਕ ਸ਼ਬਦ ਨਾਇਕ ਏਕਾ ਏਕ ਵਖਾ ਰਿਹਾ। ਸੋਲਾਂ ਮੱਘਰ ਜਗਤ ਵਧਾਈ, ਕਲਜੁਗ ਹੋਈ ਕੁੜਮਾਈਆ। ਗੁਰਮੁਖ ਸੋਏ ਰਿਹਾ ਜਗਾਈ, ਸ਼ਬਦ ਘੋੜੀ ਰਿਹਾ ਚੜ੍ਹਾਈਆ। ਆਪ ਉਠਾਏ ਫੜ ਫੜ ਬਾਂਹੀ, ਦੇ ਮਤ ਰਿਹਾ ਸਮਝਾਈਆ। ਸਾਚਾ ਨਾਉਂ ਪੀਣ ਖਾਣ, ਏਕਾ ਤੱਤ ਤ੍ਰਿਖ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ ਜਗਤ ਰਖਾਏ ਸੀਆਂ ਸਾਢੇ ਤਿੰਨ ਹੱਥ, ਕਲਜੁਗ ਅੰਤਮ ਵੰਡ ਵੰਡਾਈਆ। ਕਲਜੁਗ ਵੰਡ ਹਰਿ ਵੰਡਾ ਰਿਹਾ। ਲੱਖ ਚੁਰਾਸੀ ਹੋਣੀ ਖੰਡ, ਨਾ ਦੀਸੇ ਕੋਈ ਸਹਾਰਿਆ। ਹੱਥ ਫੜੀ ਚੰਡ ਪਰਚੰਡ, ਚਾਰੇ ਕੁੰਟਾਂ ਮਾਰੇ ਵਾਰੋ ਵਾਰਿਆ। ਮਨਮੁਖ ਜੀਵ ਪਾਇਣ ਡੰਡ, ਅੰਤਮ ਆਏ ਪਾਸਾ ਹਾਰਿਆ। ਮੇਟ ਮਿਟਾਏ ਭੇਖ ਪਖੰਡ, ਇਕ ਚਲਾਏ ਧਾਰਨਾ। ਸੱਤਾਂ ਦੀਪਾਂ ਦੇਵੇ ਦੰਡ, ਗੁਰਮੁਖ ਵਿਰਲਾ ਪਾਰ ਉਤਾਰਨਾ। ਸ੍ਰਿਸ਼ਟ ਸਬਾਈ ਹੋਈ ਰੰਡ, ਸਾਚਾ ਕੰਤ ਵਿਚ ਵਰਭੰਡ, ਕਾਇਆ ਬ੍ਰਹਿਮੰਡ ਹਰਿਜਨ ਇਕ ਹੰਢਾਵਣਾ। ਆਪੇ ਵੇਖੇ ਜੇਰਜ ਅੰਡ, ਉਤਭੁਜ ਸੇਤਜ ਵਿਚ ਸਮਾਵਣਾ। ਆਪੇ ਸੁੱਤਾ ਦੇ ਕਰ ਕੰਡ, ਆਤਮ ਸੇਜਾ ਸ਼ਬਦ ਸਿੰਘਾਸਣ ਜੋਤ ਸਰੂਪੀ ਡੇਰਾ ਲਾਵਣਾ। ਕਲਜੁਗ ਔਧ ਗਈ ਹੰਢ, ਵੇਖੇ ਖੇਲ ਪ੍ਰਿਥਮੀ ਅਕਾਸ਼ਨ, ਚਾਰੋਂ ਕੁੰਟ ਘੇਰਾ ਪਾ ਰਿਹਾ। ਆਤਮ ਭਰਿਆ ਸਰਬ ਘਮੰਡ, ਮਦਿਰਾ ਮਾਸੀ ਧਰਮ ਰਾਏ ਦਰ ਦੇਵੇ ਫਾਸੀ, ਵੇਲੇ ਅੰਤਮ ਨਾ ਕੋਈ ਛੁਡਾ ਰਿਹਾ। ਗੁਰਮੁਖ ਵਿਰਲੇ ਮਾਨਸ ਜਨਮ ਹੋਏ ਰਹਿਰਾਸੀ, ਸ਼ਬਦ ਸਵਾਲੀ ਗੁਰ ਚਰਨ ਪਿਆਸੀ, ਗੁਰਮੁਖ ਕਾਇਆ ਸਾਚੀ ਮਾਟੀ ਲੇਖੇ ਲਾ ਰਿਹਾ। ਇਕ ਖੁਲ੍ਹਾਏ ਸਾਚੀ ਹਾਟੀ, ਕਿਸੇ ਹੱਥ ਨਾ ਆਏ ਤੀਰਥ ਤਾਟੀ, ਕਲਜੁਗ ਤੇਰੀ ਔਖੀ ਘਾਟੀ, ਸਾਢੇ ਤਿੰਨ ਹੱਥ ਸੀਆਂ ਉਚਾ ਮੰਦਰ, ਕੋਈ ਨਾ ਤੋੜੇ ਵੱਜਾ ਜੰਦਰ, ਜਮ ਕੀ ਫਾਸੀ ਨਾ ਕੋਈ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਸਾਚੇ ਬਾਲ ਅੰਞਾਣੇ ਦਰ ਪਰਵਾਣੇ, ਸ਼ਬਦ ਬਿਬਾਣੇ ਆਪ ਚੜ੍ਹਾ ਰਿਹਾ। ਖੋਲ੍ਹੇ ਹੱਟ ਅਪਾਰ, ਨਾਮ ਅਮੋਲਿਆ। ਗੁਰਮੁਖਾਂ ਦੇਵੇ ਕਰ ਪਿਆਰ, ਸਚ ਭੰਡਾਰ ਆਪੇ ਖੋਲ੍ਹਿਆ। ਆਪੇ ਢਾਹੇ ਭਰਮਾਂ ਵੱਟ, ਬਜਰ ਕਪਾਟੀ ਪੜਦਾ ਖੋਲ੍ਹਿਆ। ਇਕ ਵਖਾਏ ਤੀਰਥ ਤੱਟ, ਸ਼ਬਦ ਨਾਦ ਅਨਾਦੀ ਏਕਾ ਬੋਲਿਆ। ਜੋਤ ਜਗਾਏ ਲਟ ਲਟ, ਕਾਇਆ ਮੰਦਰ ਅੰਦਰ ਡੂੰਘੀ ਕੰਦਰ ਆਪੇ ਫੋਲਿਆ। ਦਰਸ ਦਿਖਾਏ ਘਟ ਘਟ, ਭਾਗ ਲਗਾਏ ਕਾਇਆ ਚੋਲਿਆ। ਬਣੇ ਹਰਿ ਭਗਤ ਵਣਜਾਰਾ ਸ਼ਬਦ ਅਪਾਰਾ ਸਾਚੇ ਹੱਟ, ਪੁਰਖ ਅਬਿਨਾਸ਼ੀ ਪੂਰੇ ਤੋਲ ਤੋਲਿਆ। ਦੁਰਮਤ ਮੈਲ ਰਿਹਾ ਕੱਟ, ਸਾਚੇ ਮੰਦਰ ਅੰਦਰ ਆਪੇ ਬੋਲਿਆ। ਪ੍ਰਭ ਦਰ ਲਾਹਾ ਲੈਣ ਖੱਟ, ਵੱਜੇ ਨਾਮ ਮਰਦੰਗ ਸੱਚਾ ਢੋਲਿਆ। ਰਸਨਾ ਰਸ ਲੈਣਾ ਚੱਟ, ਦਰ ਦਵਾਰੇ ਨਾਵੇਂ ਦਿਸੇ ਗੋਲਿਆ। ਦੂਈ ਦਵੈਤੀ ਮੇਟੇ ਫੱਟ, ਸ਼ਬਦ ਜੈਕਾਰਾ ਏਕਾ ਬੋਲਿਆ। ਕਾਇਆ ਮਾਟੀ ਜੋਤੀ ਲਟ ਲਟ, ਦਰਸ ਦਿਖਾਏ ਕਲਾ ਸੋਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਦਰ ਘਰ ਸਾਚੇ ਹੋਏ ਮੇਲੇ, ਇਕ ਇਕੇਲੇ ਵਿਚੋਂ ਕੋਟਨ ਕੋਟਿਆ। ਕੋਟੀ ਕੋਟ ਆਪ ਅਖਵਾਇੰਦਾ। ਸ਼ਬਦ ਨਗਾਰੇ ਲੱਗੇ ਚੋਟ, ਤਨ ਮਾਟੀ ਖ਼ਾਕ ਛਾਣਦਾ। ਹਰਿ ਜਨ ਜਨ ਹਰਿ ਗੁਰ ਚਰਨ ਰੱਖੇ ਓਟ, ਦੋ ਜਹਾਨੀ ਆਪ ਜਾਣਦਾ। ਮਨਮੁਖ ਆਲਣ੍ਹਿਓ ਡਿਗੇ ਬੋਟ, ਕਲਜੁਗ ਨਾ ਕੋਈ ਉਠਾਵੰਦਾ। ਮਾਇਆ ਮਮਤਾ ਅਜੇ ਨਾ ਭਰੀ ਪੋਟ, ਗੁਰ ਪੀਰ ਨਾ ਕੋਈ ਸੁਰਤ ਸੰਭਾਲਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਰ, ਦਿਵਸ ਰੈਣ ਸਾਕ ਸੱਜਣ ਸੈਣ ਭਾਈ ਭੈਣ, ਅੰਸ ਸਰਬੰਸ ਵਿਸ਼ਨੂੰ ਬੰਸ ਸਾਚੀ ਅੰਸਾ ਗੁਰਮੁਖ ਸਾਚੇ ਪਾਲਦਾ। ਗੁਰਮੁਖ ਸਾਚੀ ਅੰਸ, ਹਰਿ ਰਘੁਰਾਇਆ। ਕਾਗ ਬਣਾਏ ਹੰਸ, ਸੋਹੰ ਸਾਚੀ ਚੋਗ ਚੁਗਾਇਆ। ਪੰਜ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸ, ਕਾਮ ਕਾਮਨੀ ਨੇੜ ਨਾ ਆਇਆ। ਆਪੇ ਆਪ ਸਹੰਸਾ ਸਹੰਸ ਦਲ ਕਵਲ ਮਵਲ ਜੋਤੀ ਸਗਲੀ ਰੰਗ ਵਟਾਇਆ। ਵਡਿਆਈ ਉਪਰ ਧਵਲ, ਹਰਿਜਨ ਆਤਮ ਜਾਏ ਮਵਲ, ਬਹਾਰ ਬਸੰਤ ਇਕ ਵਖਾਇਆ। ਆਪ ਉਲਟਾਏ ਨਾਭੀ ਕਵਲ, ਅੰਮ੍ਰਿਤ ਆਤਮ ਮੇਘ ਬਰਸਾਇਆ। ਗੁਰਮੁਖ ਗੁਰਮੁਖ ਸੁਰਤੀ ਸੁਰਤ ਅਕਾਲ ਮੂਰਤ ਰਹੇ ਬਵਲ, ਦਿਵਸ ਰੈਣ ਦਰਸ਼ਨ ਪਾਇਆ। ਸ਼ਬਦ ਨਾਦ ਅਨਾਹਦ ਵਜੇ ਸਾਚੀ ਤੂਰਤ, ਕੂੜ ਅਡੰਬਰ ਦਿਸ ਨਾ ਆਇਆ। ਹਰਿ ਜਨ ਜਨਹਰਿ ਸੰਤ ਸੁਹੇਲੇ ਆਸਾ ਮਨਸਾ ਹਰਿ ਜੀ ਪੂਰਤ, ਦੂਰਤ ਨੇੜ ਨਾ ਰਿਹਾ ਕੋਈ ਵਖਾਇਆ। ਨੇੜੇ ਦੂਰ ਨਾ ਜਾਣੇ ਕੋਇ। ਹਾਜ਼ਰ ਹਜ਼ੂਰ ਗੁਰਮੁਖ ਪਛਾਣੇ ਸੋਹੰ ਸੋਏ। ਸਰਬ ਕਲਾ ਆਪੇ ਭਰਪੂਰ, ਜਾਣੇ ਭੇਦ ਦੋ ਜਹਾਨੀ ਦੋਅੰ ਦੋਏ। ਏਕਾ ਜੋਤੀ ਸਾਚਾ ਨੂਰ, ਹਰਿਜਨ ਅਵਰ ਨਾ ਜਾਣੇ ਕੋਇ। ਵਡ ਦਾਤਾ ਜੋਧਾ ਸੂਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੈਲ ਦੁਰਮਤ ਧੋਏ। ਸੁਰਤ ਸਵਾਣੀ ਜਾਗੀ, ਕਲ ਕਵਣ ਜਗਾਏ। ਸੁਣ ਸੁਣ ਥੱਕੀ ਰਾਗ ਰਾਗੀ, ਪ੍ਰਭ ਸਾਚਾ ਕੰਤ ਨਾ ਪਾਏ। ਨਾ ਕੋਈ ਵਡ ਵਡਭਾਗੀ, ਨਾ ਮਾਤੀ ਬਣਤ ਬਣਾਏ। ਨਾ ਲੇਖਾ ਛੁਟੇ ਜ਼ਾਤ ਪਾਤੀ, ਪੁਰਖ ਬਿਧਾਤਾ ਨਜ਼ਰ ਨਾ ਆਏ। ਨਾ ਦੀਸੇ ਜਲਵਾ ਬਾਤੀ, ਬ੍ਰਹਮ ਗਿਆਨ ਨਾ ਕੋਈ ਹੱਥ ਫੜਾਏ। ਸਾਚੇ ਮੰਦਰ ਅੰਧੇਰੀ ਰਾਤੀ, ਜੋਤ ਪਰਕਾਸ਼ ਨਾ ਦੀਪਕ ਕੋਈ ਜਗਾਏ। ਜੋਤੀ ਜੋਤ ਸਰੂਪ ਹਰਿ, ਕਵਣ ਦਵਾਰੇ ਦੇਵੇ ਵਰ, ਗੁਰਮੁਖ ਸਾਚੇ ਸਹਿਜ ਸੁਭਾਏ। ਸੁਰਤ ਸਵਾਣੀ ਸੁਰਤ ਨਾ ਪਾਈ, ਸੁਰਤੀ ਸੁਰਤ ਭਵਾਇਆ। ਅਕਾਲ ਮੂਰਤ ਦਿਸ ਨਾ ਆਈ, ਨਾਦ ਤੂਰਤ ਸ਼ਬਦ ਨਾਦ ਨਾ ਕਿਸੇ ਵਜਾਇਆ। ਨੌਂ ਦਵਾਰੇ ਵੇਖੇ ਥਾਉਂ ਥਾਈਂ, ਆਸਾ ਮਨਸਾ ਤ੍ਰਿਸਨਾ ਪੂਰਤ ਕੋਈ ਦਿਸ ਨਾ ਆਇਆ। ਕਵਣ ਉਤਾਰੇ ਪਾਰ ਕਿਨਾਰੇ ਫੜ ਫੜ ਬਾਂਹੀ, ਡੂੰਘੀ ਭਵਰ ਅੰਧੇਰੀ ਗੁਫਾ ਤ੍ਰੈਧਾਤਾਂ ਤਾਲਾ ਲਾਇਆ। ਮਨੂਆ ਅਠੇ ਪਹਿਰ ਜਗਤ ਵਿਕਾਰੀ ਭੁੱਖਾ, ਆਪੇ ਰਿਹਾ ਆਪ ਭੁਲਾਇਆ। ਸੁਰਤ ਸਵਾਣੀ ਸ਼ਬਦ ਸਰੂਪੀ ਮੰਗੇ ਸਾਚੀ ਭਿਖਾ, ਗੁਰ ਪੂਰਾ ਦੇਵੇ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਵੇਖ ਵਖਾਣੇ ਗਰਭਵਾਸ ਉਲਟਾ ਰੁਖ਼ਾ, ਦਿਵਸ ਰੈਣ ਰਿਹਾ ਕੁਰਲਾਇਆ।