੧੨ ਚੇਤ ੨੦੧੩ ਬਿਕ੍ਰਮੀ ਸੰਤ ਹਰਭਜਨ ਸਿੰਘ ਦੇ ਗ੍ਰਹਿ ਤੋਪਖਾਨਾ ਲਾਈਨ ਪਟਿਆਲਾ
ਹਰਿ ਪੁਰਖ ਅਗੰਮ, ਅਗੰਮ ਸਮਾਇਆ। ਨਾ ਮਰੇ ਨਾ ਪਏ ਜੰਮ, ਦਿਸ ਕਿਸੇ ਨਾ ਆਇਆ। ਨਾ ਰੋਵੇ ਛੰਮ ਛੰਮ, ਨੇਤਰ ਨੀਰ ਨਾ ਕੋਇ ਵਹਾਇਆ। ਪਵਣ ਸਵਾਸੀ ਨਾ ਲਏ ਦਮ, ਆਪ ਆਪਣੇ ਰੰਗ ਸਮਾਇਆ। ਦਿਵਸ ਰੈਣ ਰੈਣ ਦਿਵਸ ਨਾ ਖਾਏ ਕੋਈ ਤਮ, ਆਹਾਰ ਪਿਆਰ ਨਾ ਕੋਈ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਸਮਾਇਆ। ਆਪ ਆਪਣੇ ਵਿਚ ਸਮਾਏ। ਹਰਿ ਪੁਰਖ ਅਬਿਨਾਸ਼ੀ ਲੱਖ ਚੁਰਾਸੀ ਜਗਤ ਉਪਾਏ। ਸਰਬ ਘਟਾਂ ਘਟ ਵਾਸੀ, ਪਾਰਬ੍ਰਹਮ ਬ੍ਰਹਮ ਆਪ ਬਣਾਏ। ਕਾਇਆ ਮੰਡਲ ਸਾਚੀ ਰਾਸੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਜੁਗਾ ਜੁਗੰਤ ਵੇਖੇ ਖੇਲ ਖੰਡ ਮੰਡਲ ਵਰਭੰਡ ਬ੍ਰਹਿਮੰਡ ਜੇਰਜ ਅੰਡ ਆਪਣੇ ਸੰਗ ਸਮਾਇਆ। ਗੁਰ ਸ਼ਬਦ ਅਮੋਲ ਹੈ, ਗੁਰਮੁਖ ਵਿਰਲੇ ਪਾਇਆ। ਰਸਨਾ ਰਹੇ ਬੋਲ ਹੈ, ਆਤਮ ਪੜਦਾ ਖੋਲ੍ਹ ਨਾ ਦਰਸ਼ਨ ਪਾਇਆ। ਜਗਤ ਮਾਤ ਤੁਲਿਆ ਪੂਰੇ ਤੋਲ ਹੈ, ਅੰਧ ਅੰਧੇਰ ਨਾ ਭਰਮ ਮਿਟਾਇਆ। ਹਰਿ ਘਟ ਵਾਸੀ ਵਸੇ ਸਦਾ ਕੋਲ ਹੈ, ਕਾਇਆ ਮੰਦਰ ਅੰਧੇਰੀ ਕੰਦਰ ਦਿਸ ਕਿਸੇ ਨਾ ਆਇਆ। ਗੁਰ ਪੂਰਾ ਹਾਜ਼ਰ ਹਜ਼ੂਰ ਹੈ, ਆਤਮ ਪੜਦੇ ਦੇਵੇ ਖੋਲ੍ਹ ਹੈ, ਸ਼ਬਦ ਹਥੌੜਾ ਇਕ ਰਖਾਇਆ। ਦੇਵੇ ਵਸਤ ਨਾਮ ਅਨਮੋਲ ਹੈ, ਪੰਚਮ ਕੂੜੋ ਕੂੜ ਦਏ ਮਿਟਾਇਆ। ਸ਼ਬਦ ਚੌਹਅੱਖਰ ਏਕਾ ਬੋਲ ਹੈ, ਪੰਚਮ ਮੇਲਾ ਆਪ ਮਿਲਾਇਆ। ਉਪਜੇ ਧੁਨ ਅਨਾਹਦ ਵੱਜੇ ਸਾਚਾ ਢੋਲ ਹੈ, ਰਾਗ ਰਾਗਣੀ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਦੇਵੇ ਸ਼ਬਦ ਜਣਾਇਆ। ਸ਼ਬਦ ਪਾਇਆ ਘਰ ਆਪਣੇ, ਵੱਜੀ ਨਾਮ ਦਰ ਵਧਾਈ। ਜਪਿਆ ਜਾਪ ਜਪਤ ਜਪ ਜਪਨੇ, ਹਉਮੇ ਤ੍ਰਿਸ਼ਨਾ ਅਗਨ ਜਲਾਈ। ਮਾਇਆ ਮਮਤਾ ਦਿਵਸ ਰੈਣ ਤਨ ਤਪਨੇ, ਸੁਰਤੀ ਸੁਰਤ ਨਾ ਸ਼ਬਦ ਭੁਵਾਈ। ਗੁਰ ਮੂਰਤ ਆਕਾਲ ਦਿਆਲ, ਨੇਤਰ ਨੈਣ ਨੂਰਤ ਦਿਸ ਨਾ ਆਈ। ਸ਼ਬਦ ਨਾ ਲਾਏ ਸਚ ਉਛਾਲ, ਬੰਦ ਕਿਵਾੜ ਆਪ ਰਖਾਈ। ਫ਼ਲ ਨਾ ਲੱਗੇ ਕਾਇਆ ਡਾਲ੍ਹ, ਪੰਚਮ ਧਾੜਾ ਮਗਰ ਲਗਾਈ। ਗੁਰ ਪੂਰਾ ਹੋਏ ਆਪ ਰਖਵਾਲ, ਬਹੱਤਰ ਨਾੜ ਏਕਾ ਦੇਵੇ ਜੋਤ ਜਗਾਈ। ਆਪੇ ਹੋਏ ਸ਼ਾਹ ਕੰਗਾਲ, ਪੱਲੇ ਬੰਨ੍ਹੇ ਸੱਚਾ ਧੰਨ ਮਾਲ, ਗੁਰ ਪੂਰੇ ਦਇਆ ਕਮਾਈ। ਅੰਮਿਤ ਆਤਮ ਵੇਖੇ ਭਰਿਆ ਤਾਲ, ਤਾਲ ਸੁਹਾਵਾ ਇਕ ਸੁਹਾਈ। ਗੁਰ ਪੂਰਾ ਚਲੇ ਨਾਲ ਨਾਲ, ਅੰਦਰ ਬਾਹਰ ਗੁਪਤ ਜ਼ਾਹਿਰ ਆਪੇ ਖੋਜੇ ਖੋਜ ਖੁਜਾਈ। ਸੁਰਤ ਸਵਾਣੀ ਹੋਈ ਬੇਹਾਲ, ਸ਼ਬਦ ਵਜਾਏ ਸਾਚਾ ਤਾਲ, ਆਪੇ ਲਏ ਸੁਰਤ ਸੰਭਾਲ, ਜਿਸ ਜਨ ਸਾਚੇ ਦਇਆ ਕਮਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰੇ ਦੇਵੇ ਸ਼ਬਦ ਜਣਾਈ। ਗੁਰ ਪੂਰਾ ਸ਼ਬਦ ਆਧਾਰ ਹੈ, ਗੁਰਮੁਖ ਜਗਾਏ। ਗੁਰਮੁਖਾਂ ਕਰ ਪਿਆਰ ਹੈ, ਆਤਮ ਝੋਲੀ ਲਏ ਭਰਾਏ। ਆਪੇ ਆਪ ਸੱਚਾ ਸਿਕਦਾਰ ਹੈ, ਦੋ ਜਹਾਨਾਂ ਹੋਏ ਸਹਾਏ। ਦਿਵਸ ਰੈਣਾ ਪਹਿਰੇਦਾਰ ਹੈ, ਈੜਾ ਪਿੰਗਲ ਰਿਹਾ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ, ਆਪ ਕਰਾਏ ਆਪਣੇ ਮੇਲੇ, ਗੁੁਰਮੁਖ ਸਾਚੇ ਸੰਗ ਮਿਲਾਏ। ਨਾ ਕੋਈ ਸਾਜਣ ਨਾ ਕੋਈ ਮੀਤਾ। ਜਿਸ ਜਨ ਮਿਲਿਆ ਪੁਰਖ ਅਬਿਨਾਸ਼ੀ ਘਟ ਘਟ ਵਾਸੀ ਕਾਇਆ ਮੰਦਰ ਸਚ ਮਸੀਤਾ। ਏਕਾ ਸ਼ਬਦ ਰਾਗ ਸੁਣਾਏ, ਭਾਂਡਾ ਭਉ ਭਰਮ ਭੰਨਾਏ, ਮਾਣ ਰਖਾਏ ਅਠਾਰਾਂ ਧਿਆਏ ਗੀਤਾ। ਫੜ ਫੜ ਬਾਹੋਂ ਪਾਰ ਕਰਾਏ, ਮੰਞਧਾਰ ਕੋਈ ਰਹਿਣ ਨਾ ਪਾਏ, ਅੰਮ੍ਰਿਤ ਧਾਰਾ ਮੁਖ ਚੁਆਏ, ਕਵਲ ਨਾਭੀ ਆਪ ਉਲਟਾਏ, ਆਪ ਕਰਾਏ ਸਾਂਤਕ ਸੀਤਾ। ਆਤਮ ਸੇਜਾ ਇਕ ਵਿਛਾਏ। ਸ਼ਬਦ ਸਿੰਘਾਸਣ ਡੇਰਾ ਲਾਏ। ਜੋਤ ਨਿਰੰਜਣ ਮੰਗਲ ਗਾਏ। ਸੁਰਤ ਸਵਾਣੀ ਖ਼ੁਸ਼ੀ ਮਨਾਏ। ਪੁਰਖ ਅਬਿਨਾਸ਼ੀ ਦਰ ਘਰ ਸਾਚਾ ਏਕਾ ਏਕ ਆਤਮ ਪਾਏ। ਜੀਉਂ ਪਿੰਡ ਜਨ ਭਾਂਡਾ ਕਾਚਾ, ਪੰਚ ਦਵਾਰੇ ਰਿਹਾ ਨਾਚਾ, ਪਾਰਬ੍ਰਹਮ ਬ੍ਰਹਮ ਭੇਵ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਸਾਚਾ ਪੱਲਾ ਨਾਮ ਫੜਾਏ। ਨਾਮ ਪੱਲਾ ਜਿਸ ਜਨ ਫੜਿਆ। ਸ਼ਬਦ ਘੋੜੇ ਮਾਤ ਚੜ੍ਹਿਆ। ਗੁਰ ਪੂਰਾ ਪੜਦੇ ਦਏ ਕੱਜ, ਆਦਿ ਅੰਤ ਕਦੇ ਨਾ ਡਰਿਆ। ਇਕ ਕਰਾਏ ਮੱਕਾ ਕਾਅਬਾ ਹੱਜ, ਆਪ ਆਪਣੇ ਅੱਗੇ ਖੜਿਆ। ਅੰਮ੍ਰਿਤ ਆਤਮ ਪਿਆਏ ਰੱਜ, ਪ੍ਰੇਮ ਪਿਆਲਾ ਏਕਾ ਭਰਿਆ। ਸ਼ਬਦ ਤਾਲ ਤਨ ਜਾਏ ਵੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਨਾ ਕਦੇ ਜੰਮੇ ਨਾ ਕਦੇ ਮਰਿਆ। ਗੁਰ ਪੂਰੇ ਓਟ ਜਿਸ ਜਨ ਰਖਾਈਆ। ਕਾਇਆ ਲੱਗੇ ਸ਼ਬਦ ਚੋਟ, ਆਤਮ ਘਰ ਵੱਜੇ ਵਧਾਈਆ। ਹਉਮੇ ਕੱਢੇ ਖੋਟ, ਆਪੇ ਜਾਣੇ ਜਾਣ ਜਣਾਈਆ। ਜਿਸ ਜਨ ਮਿਲੇ ਨਾਮ ਅਤੋਟ, ਅਤੁਟ ਭੰਡਾਰ ਸਦਾ ਰਖਾਈਆ। ਗੁਰਮੁਖ ਸੰਤ ਭਗਤ ਭਗਵੰਤ ਵਿਚੋਂ ਕੋਟੀ ਕੋਟ, ਸਾਚੇ ਪੌੜੇ ਆਪ ਚੜ੍ਹਾਈਆ। ਜੀਵ ਜੰਤ ਆਲਣ੍ਹਿਓ ਡਿਗੇ ਬੋਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਥਾਉਂ ਥਾਈਂਆ। ਨਾਮ ਪਾਇਆ ਪਦ ਨਿਰਬਾਣਾ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਦਰ ਦਵਾਰੇ ਆਪਣੇ ਸਦ, ਨੌਂ ਦਵਾਰੇ ਨਾ ਲੰਘੀ ਹਦ, ਮਿਲਿਆ ਮੇਲ ਨਾ ਪੁਰਖ ਭਗਵਾਨਾ। ਹਰਿ ਰਘੁਰਾਈ ਸਾਰ ਨਾ ਪਾਈ ਜੋਤ ਨਿਰੰਕਾਰੀ ਵੇਖੇ ਸਾਚੀ ਯੱਦ, ਦੇਵੇ ਸੱਚਾ ਸ਼ਬਦ ਨਿਸ਼ਾਨਾ। ਅੰਮ੍ਰਿਤ ਆਤਮ ਸਾਚਾ ਜਾਮ ਪਿਆਏ ਸਾਚੀ ਮਧ, ਏਕਾ ਰਾਗ ਸੁਣਾਏ ਘਰ ਸੱਚਾ ਤਰਾਨਾ। ਨਾਮ ਵਿਹੁਣਾ ਬੈਠਾ ਵਿਚ ਅੰਧ, ਪਾਰ ਕਿਨਾਰ ਕਵਣ ਵਖਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਦ ਅਭੇਦਾ ਅਛਲ ਅਛੇਦਾ, ਵੇਖ ਵਖਾਣੇ ਚਾਰੇ ਵੇਦਾ, ਖਾਣੀ ਬਾਣੀ ਅੰਜ਼ੀਲ ਕੁਰਾਨੀ ਸ਼ਾਹ ਸੁਲਤਾਨੀ ਇਕ ਨਿਸ਼ਾਨੀ ਨਾਮ ਰਖਾਏ। ਨਾਮ ਖਜ਼ਾਨਾ ਹਰਿ ਪਰਬੀਨਾ, ਆਪਣੇ ਹੱਥ ਰਖਾਇਆ। ਆਪੇ ਹੋਏ ਦਾਨਾ ਬੀਨਾ, ਵੇਖੇ ਖੇਲ ਸਰਬ ਘਟ ਰਾਇਆ। ਗੁਰਮੁਖਾਂ ਕਰੇ ਕਾਇਆ ਠੰਢਾ ਸੀਨਾ, ਚਰਨ ਕਵਲ ਕਵਲ ਚਰਨ ਜਿਸ ਜਨ ਧਿਆਨ ਲਗਾਇਆ। ਪਾਰ ਕਰਾਏ ਦਵਾਰੇ ਤੀਨਾ, ਚੌਥਾ ਘਰ ਰਾਹ ਵਖਾਇਆ। ਏਕਾ ਰਾਗ ਸੁਣਾਏ ਭੀਨਾ, ਹੰਕਾਰੀ ਬੀਨਾ ਦਏ ਭੰਨਾਈਆ। ਚਰਨ ਧੂੜੀ ਸਾਚਾ ਅੰਮ੍ਰਿਤ ਜਲ ਗੁਰਮੁਖ ਨੁਹਾਏ ਸਾਚਾ ਮੀਨਾ, ਸਾਚਾ ਮਜਨ ਇਕ ਕਰਾਇਆ। ਨਾ ਕੋਈ ਮਜ਼੍ਹਬ ਨਾ ਕੋਈ ਦੀਨਾ, ਅੱਖਰ ਵੱਖਰ ਏਕਾ ਕੀਨਾ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦਵਾਰਾ ਵੇਖੇ ਘਰ, ਕਵਣ ਗੁਰ ਮੇਲ ਮਿਲਾਇਆ। ਧੁਰ ਉਪਜਾਏ ਸ਼ਬਦ ਸੁਰ, ਮੂਲ ਮੰਤਰ ਤਨ ਬੁਝਾਏ ਬਸੰਤਰ, ਗਗਨ ਮਗਨ ਲਗਨ ਸਗਨ ਮੁਖ ਲਗਾਇਆ। ਪੰਜ ਤੱਤ ਪੰਚ ਬਣਾਇਆ। ਪੰਚਮ ਮੇਲ ਮਿਲਾਇਆ। ਪੰਚਮ ਰਤ ਵਿਚ ਸਮਾਇਆ। ਪੰਚਮ ਮੀਤ ਰਖਾਇਆ। ਪੰਚਮ ਮਤ ਦੇ ਸਮਝਾਇਆ। ਪੰਚਮ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਨੂਰ ਕਰ, ਨੂਰੋ ਨੂਰ ਰਿਹਾ ਸਮਾਇਆ। ਕਾਇਆ ਤਨ ਅਪਰ ਅਪਾਰ, ਸਾਚਾ ਜੋੜ ਜੁੜਾਇਆ। ਮਤ ਮਨ ਬੁਧ ਕਰ ਪਸਾਰ, ਆਪਣਾ ਭੇਵ ਛੁਪਾਇਆ। ਮਨ ਚੰਚਲਹਾਰ ਕਰੇ ਵਿਹਾਰ, ਜਗਤ ਵਿਹਾਰਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਖੇ ਛਾਇਆ। ਮਤ ਬੁਧ ਚਤੁਰ ਸਵਾਣੀ, ਦਿਵਸ ਰੈਣ ਕਰੇ ਚਤਰਾਈਆ। ਮਿਲਿਆ ਮੇਲ ਸਾਚੇ ਹਾਣੀ, ਆਪਣੇ ਭਾਣੇ ਸਦ ਸਮਾਈਆ। ਜਗਤ ਮਾਇਆ ਤਣਿਆ ਤਾਣੀ, ਚਾਰੇ ਖਾਣੀ ਰਿਹਾ ਸਮਾਈਆ। ਅੰਦਰ ਬੈਠਾ ਜਾਣ ਜਾਣੀ, ਭੇਦ ਅਭੇਦਾ ਮੁਖ ਛੁਪਾਈਆ। ਨਾ ਕੋਈ ਜਾਣੇ ਜੀਵ ਪਰਾਣੀ, ਅਛਲ ਅਛੇਦਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਹਰਿ ਰਘੁਰਾਈਆ। ਆਪ ਆਪਣਾ ਮੁਖ ਛੁਪਾਇਆ। ਕਾਇਆ ਮੰਦਰ ਸਚ ਦਵਾਰੇ, ਹਉਮੇ ਤ੍ਰਿਸ਼ਨਾ ਜਗਤ ਦੁੱਖ ਵਧਾਇਆ। ਪਾਰਬ੍ਰਹਮ ਆਤਮ ਪਾਏ ਨਾ ਸਾਰੇ, ਗੁਰਮੁਖ ਵਿਰਲੇ ਉਜਲ ਮੁਖ ਕਰਾਇਆ। ਜਿਸ ਜਨ ਕਿਰਪਾ ਕਰੇ ਹਰਿ ਹਰਿ ਅਗੰਮ ਅਪਾਰੇ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਸ਼ਬਦ ਖੰਡਾ ਵਿਚ ਬ੍ਰਹਿਮੰਡਾਂ ਤਿੱਖੀ ਰੱਖੇ ਦੋਵੇਂ ਧਾਰੇ। ਸ਼ਬਦ ਖੰਡਾ ਜਗਤ ਬਲਵਾਨ, ਗੁਰਮੁਖ ਵਿਰਲੇ ਹੱਥ ਉਠਾਇਆ। ਗੁਰ ਪੂਰਾ ਦੇਵੇ ਹੋ ਮਿਹਰਵਾਨ, ਧੀਰਜ ਯਤ ਆਤਮ ਹਠ ਤਿਸ ਰਖਾਇਆ। ਇਕ ਫੜਾਏ ਸ਼ਬਦ ਨਿਸ਼ਾਨ ਧੁਰ ਦਰਗਾਹੀ ਆਏ ਨੱਠ, ਆਤਮ ਬ੍ਰਹਮ ਗਿਆਨ ਜਣਾਇਆ। ਪੰਚਾਂ ਗੇੜੇ ਉਲਟੀ ਲਠ, ਅਗਨੀ ਜੋਤੀ ਲਾਏ ਮਠ, ਅਠ ਸਠ ਤੀਰਥ ਦਏ ਵਖਾਇਆ। ਚਰਨ ਦਵਾਰੇ ਆਏ ਨੱਠ, ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਉਲਟੀ ਲੱਠ ਦਏ ਗਿੜਾਇਆ। ਹੱਥ ਡੰਡਾ ਜਗਤ ਬਲਕਾਰੀ। ਆਪ ਵਖਾਏ ਕਾਇਆ ਆਤਮ ਪਾਰ ਕੰਢਾ, ਨਾ ਕੋਈ ਜਾਣੇ ਚਾਰ ਦਿਵਾਰੀ। ਮਨਮੁਖ ਜੀਵ ਦੁਹਾਈ ਰੰਡਾ, ਅੱਠੇ ਪਹਿਰ ਦਿਵਸ ਰੈਣ ਰਹੇ ਵਿਭਚਾਰੀ। ਹਰਿ ਜਨ ਸਾਚਾ ਹੱਥ ਫੜੇ ਚੰਡ ਪਰਚੰਡਾ, ਨੌਂ ਦਵਾਰੇ ਪਾਈ ਜਾਏ ਵੰਡਾ, ਮਾਰੀ ਜਾਏ ਵਾਰੋ ਵਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਮੇਲ ਮਿਲਾਏ ਦਸਮ ਦਵਾਰੀ। ਦਸਮ ਦਵਾਰੀ ਗੁਰਮੁੱਖ ਗੁਰਸਿਖ ਵਿਰਲੇ ਪਾਇਆ। ਪ੍ਰਭ ਅਬਿਨਾਸ਼ੀ ਇਕ ਇਕੱਲਾ, ਆਤਮ ਸੇਜਾ ਆਸਣ ਲਾਇਆ। ਆਪ ਵਸਾਏ ਸਚ ਮਹਲਾ, ਅੰਮ੍ਰਿਤ ਤਾਲ ਇਕ ਸੁਹਾਇਆ। ਨਾ ਕੋਈ ਦਿਸੇ ਡੂੰਘੀ ਡੱਲਾ, ਅੰਧ ਅੰਧੇਰ ਰਹਿਣ ਨਾ ਪਾਇਆ। ਨਾ ਕੋਈ ਜਾਣੇ ਜਲਾ ਥਲਾ, ਘੜੀ ਘੜੀ ਪਲ ਪਲਾ ਜੋਤੀ ਨੂਰ ਰਿਹਾ ਉਪਾਇਆ। ਦੂਈ ਦਵੈਤੀ ਮੇਟੇ ਸਲਾ, ਸ਼ਬਦ ਕਰਾਏ ਏਕਾ ਹੱਲਾ, ਸਾਚਾ ਭੱਲਾ ਹੱਥ ਫੜਾਇਆ। ਸਚ ਦਵਾਰਾ ਆਪੇ ਮੱਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੜਾ ਏਕਾ ਘੱਲਾ, ਗੁਰਮੁਖ ਸੋਏ ਰਿਹਾ ਜਗਾਇਆ। ਗੁਰਮੁਖ ਸੋਇਆ ਜਾਏ ਜਾਗ। ਜਗਤ ਤ੍ਰਿਸ਼ਨਾ ਬੁਝੇ ਆਗ। ਦੀਪਕ ਜੋਤੀ ਜਗੇ ਚਿਰਾਗ। ਗੁਰ ਪੂਰਾ ਦਇਆ ਕਮਾਏ, ਹੰਸ ਬਣਾਏ ਕਾਗ। ਆਪ ਆਪਣੇ ਰੰਗ ਰੰਗਾਏ, ਸ਼ਬਦ ਘੋੜੇ ਤੰਗ ਕਸਾਏ, ਬਾਹੋਂ ਫੜ ਚੜ੍ਹਾਏ ਆਪ ਆਪਣੇ ਹੱਥ ਰੱਖੇ ਵਾਗ। ਦਰ ਘਰ ਸਾਚੇ ਮੇਲਾ ਮੇਲ ਮਿਲਾਏ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੁਰਮਤ ਮੈਲ ਧੋਵੇ ਦਾਗ਼। ਦੁਰਮਤ ਮੈਲ ਧੋਵੇ ਦਾਗ਼ ਤਨ, ਏਕਾ ਸ਼ਬਦ ਜਣਾਈਆ। ਸ਼ਬਦ ਡੋਰੀ ਪਾਏ ਮਨ, ਦਹਿ ਦਿਸ਼ਾ ਲਏ ਬੰਧਾਈਆ। ਏਕਾ ਰਾਗ ਸੁਣਾਏ ਕੰਨ, ਆਤਮ ਤ੍ਰਿਸ਼ਨਾ ਹਰਸ ਮਿਟਾਈਆ। ਭਾਂਡਾ ਭਰਮ ਪ੍ਰਭ ਦਏ ਭੰਨ, ਪੰਚ ਨਾ ਲਾਇਣ ਡੰਨ, ਦੂਈ ਦਵੈਤੀ ਵਿਸਾ ਪਾਰ ਕਰਾਈਆ। ਦੀਪਕ ਜੋਤੀ ਜਗੇ ਚੰਨ, ਹੋਏ ਪਰਕਾਸ਼ ਆਤਮ ਅੰਨ੍ਹ, ਅਗਿਆਨ ਅੰਧੇਰ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਦੇਵੇ ਸ਼ਬਦ ਵਰ, ਇਕ ਵਸਾਏ ਸਾਚਾ ਘਰ, ਸਾਚੇ ਮੰਦਰ ਅੰਦਰ ਕੁੰਡਾ ਲਾਹੀਆ। ਮੰਦਰ ਅੰਦਰ ਚਾਰ ਦਿਵਾਰੀ ਦਿਸ ਕਿਸੇ ਨਾ ਆਇਆ। ਕਾਇਆ ਅੰਧੇਰੀ ਡੂੰਘੀ ਕੰਦਰ, ਦਿਵਸ ਰੈਣ ਅੰਧੇਰਾ ਛਾਇਆ। ਏਕਾ ਵੱਜਾ ਹੰਕਾਰੀ ਜੰਦਰ, ਬਿਨ ਗੁਰ ਪੂਰੇ ਕਿਸੇ ਨਾ ਲਾਹਿਆ। ਨੌਂ ਦਵਾਰੇ ਭੌਂਦੇ ਬੰਦਰ, ਗੋਰਖ ਮਛੰਦਰ ਉਚੇ ਟਿਲੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਾਚੇ ਘਰ, ਦਰ ਦਵਾਰਾ ਇਕ ਵਖਾਇਆ। ਦਰ ਦਵਾਰਾ ਉਚ ਮਹੱਲਾ, ਪ੍ਰਭ ਸਾਚੇ ਆਪ ਸੁਹਾਇਆ ਏ। ਵਸੇ ਏਕਾ ਧਾਮ ਅਟੱਲੇ, ਹੱਥ ਕਿਸੇ ਨਾ ਆਇਆ ਏ। ਗੁਰਮੁਖ ਵਿਰਲੇ ਘਾਲ ਸਾਚੀ ਘਾਲੀ, ਮਿਲਿਆ ਨਾਮ ਸ਼ਬਦ ਦਲਾਲੀ, ਸਾਚਾ ਹਿਸਾ ਮਾਤ ਵੰਡਾਇਆ ਏ। ਧੁਰ ਦਰਗਾਹੀ ਮਿਲਿਆ ਮਾਹੀ, ਦਿਵਸ ਰੈਣ ਕਰੇ ਰਖਵਾਲੀ, ਦੋਵੇਂ ਹੱਥਾਂ ਰੱਖੇ ਖਾਲੀ, ਸਾਚਾ ਡੰਡਾ ਨਾਮ ਫੜਾਇਆ ਏ। ਜਗਤ ਅਵੱਲੜੀ ਚਲੀ ਚਾਲੀ, ਜਗੀ ਜੋਤ ਇਕ ਨਿਰਾਲੀ, ਕਾਇਆ ਮੰਦਰ ਸਚ ਵਖਾਏ ਧਰਮਸਾਲੀ, ਦੀਪਕ ਜੋਤੀ ਇਕ ਜਗਾਇਆ ਏ। ਸੁਰਤ ਸਵਾਣੀ ਹਾਲ ਬੇਹਾਲੀ, ਵੇਖੇ ਖੇਲ ਮਸਤਕ ਗਗਨ ਸਾਚੀ ਥਾਲੀ, ਨਾਮ ਸੁਹਾਗਣ ਜਗਤ ਵੈਰਾਗਣ ਵਡ ਵਡਭਾਗਣ ਸਾਚਾ ਸੀਸ ਗੁੰਦਾਇਆ ਏ। ਦਰ ਘਰ ਸਾਚਾ ਸੁਹਾਈ, ਜਪਿਆ ਪ੍ਰਭ ਅਬਿਨਾਸ਼ੀ ਰਾਗਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਜੋੜਾ ਏਕਾ ਘਰ ਬਹਾਇਆ ਏ। ਸਤਿਗੁਰ ਦਵਾਰਾ ਧੰਨ ਹੈ, ਸਤਿ ਪੁਰਖ ਜਣਾਈ। ਜਿਸ ਜਨ ਆਤਮ ਜਾਏ ਮੰਨ ਹੈ, ਹੋਏ ਸ਼ਬਦ ਸੱਚੀ ਕੁੜਮਾਈ। ਦੂਈ ਦਵੈਤੀ ਲਥੇ ਤਨ ਹੈ, ਘਰ ਸਾਚੇ ਵੱਜੇ ਵਧਾਈ। ਏਕਾ ਰਾਗ ਸੁਣੇ ਸੁਣਾਏ ਕੰਨ ਹੈ, ਦਿਵਸ ਰੈਣ ਰਹੇ ਲਿਵ ਲਾਈ। ਜੋਤ ਨਿਰੰਜਣ ਚੜ੍ਹਾਏ ਸਾਚਾ ਚੰਨ ਹੈ, ਅੰਧ ਅੰਧੇਰ ਦਏ ਮਿਟਾਈ। ਦੇਵੇ ਸੱਚਾ ਮਾਲ ਧਨ ਹੈ, ਨਾ ਸਕੇ ਕੋਈ ਚੁਰਾਈ। ਇਕ ਵਸੇਰਾ ਸਾਚੇ ਘਰ ਹਰਿਜਨ ਕਰਾਏ, ਨਾ ਕੋਈ ਛੱਪਰੀ ਨਾ ਕੋਈ ਛੰਨ ਹੈ, ਸਾਚਾ ਮੇਲ ਹਰਿ ਰਘੁਰਾਈ। ਧਰਮ ਰਾਏ ਨਾ ਦੇਵੇ ਡੰਨ ਹੈ, ਚਿਤਰ ਗੁਪਤ ਨਾ ਭੇਵ ਖੁਲ੍ਹਾਈ। ਸੰਤ ਦਵਾਰਾ ਨਾ ਜਾਨਣ ਜੀਵ ਅੰਨ੍ਹ ਹੈ, ਭਰਮੇ ਭੁਲੀ ਸਰਬ ਲੋਕਾਈ। ਹਰਿ ਭਗਤ ਸਦਾ ਸਦਾ ਸਦ ਧੰਨ ਧੰਨ ਧੰਨ ਹੈ, ਸਾਧ ਸੰਗਤ ਜਿਸ ਜਨ ਮਨ ਭਾਈ। ਲੱਖ ਚੁਰਾਸੀ ਹੋਵੇ ਖੰਨ ਖੰਨ ਹੈ, ਅੰਤਮ ਜੋਤੀ ਮੇਲ ਮਿਲਾਈ। ਆਪੇ ਬੇੜਾ ਰਿਹਾ ਬੰਨ੍ਹ ਹੈ, ਜਿਸ ਜਨ ਤੇਰੀ ਬਣਤ ਬਣਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸ਼ਬਦ ਵਰ, ਦੋ ਜਹਾਨਾਂ ਹੋਏ ਸਹਾਈ। ਆਏ ਦਰ ਦਵਾਰ, ਵਕਤ ਸੁਹਾਇਆ। ਗੁਰ ਪੂਰਾ ਕਰੇ ਵਿਚਾਰ, ਰਾਓ ਰੰਕ ਨਾ ਕੋਈ ਜਣਾਇਆ। ਸ਼ਬਦ ਘੋੜੇ ਹੋ ਅਸਵਾਰ, ਜਨ ਭਗਤਾਂ ਪਹਿਰੇਦਾਰ, ਦਹਿ ਦਿਸ਼ਾ ਵਿਚ ਸਮਾਇਆ। ਨੌਂ ਦਵਾਰੇ ਕਰੇ ਖ਼ਬਰਦਾਰ, ਦਸਵੇਂ ਮੇਲਾ ਮੀਤ ਮੁਰਾਰ, ਸੱਜਣ ਸੁਹੇਲਾ ਆਪ ਅਖਵਾਇਆ। ਗੁਰ ਚੇਲਾ ਭਰਮ ਨਿਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤ ਸੁਹੇਲਾ ਸੁਹਾਏ ਸਚ ਦਰ, ਸਚ ਸਿੰਘਾਸਣ ਡੇਰਾ ਲਾਇਆ। ਆਤਮ ਘਰ ਸ਼ਬਦ ਸਿੰਘਾਸਣ ਪ੍ਰਭ ਸਾਚੀ ਸੇਜ ਵਿਛਾਈਆ। ਬੈਠਾ ਰਹੇ ਪੁਰਖ ਅਬਿਨਾਸ਼ਣ, ਦਿਵਸ ਰੈਣ ਏਕਾ ਰੰਗ ਲਾਈਆ। ਗੁਰਮੁਖ ਵਿਰਲਾ ਜਪੇ ਸਵਾਸ ਸਵਾਸਣ, ਪ੍ਰਿਥਮੀ ਆਕਾਸ਼ਨ ਏਕਾ ਰੰਗ ਵਖਾਈਆ। ਭਗਤ ਜਨਾਂ ਹਰਿ ਦਾਸ ਦਾਸਨ, ਦਾਸੀ ਦਾਸ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਸ਼ਬਦ ਵਰ, ਕਾਇਆ ਮੰਡਲ ਰਾਸ ਜਿਸ ਰਚਾਈਆ। ਮੰਗੀ ਮੰਗ ਅਪਾਰ, ਚਰਨ ਦਵਾਰਿਆ। ਕਿਰਪਾ ਕਰੇ ਅਪਰ ਅਪਾਰ, ਦੇਵੇ ਸ਼ਬਦ ਸਚ ਸਹਾਰਿਆ। ਫੜ ਫੜ ਬਾਹੋਂ ਕਰੇ ਪਾਰ, ਆਪ ਕਰਾਏ ਪਾਰ ਕਿਨਾਰਿਆ। ਸੋਹੰ ਸ਼ਬਦ ਸੱਚਾ ਜੈਕਾਰ, ਜੈ ਜੈਕਾਰਾ ਨੌਂ ਦਵਾਰਿਆ। ਆਤਮ ਤ੍ਰਿਸ਼ਨਾ ਦਏ ਨਿਵਾਰ, ਹਉਮੇ ਸਹਿੰਸਾ ਕਰੇ ਖੁਆਰ, ਮਾਰੇ ਸ਼ਬਦ ਖੰਡਾ ਦੋ ਧਾਰਿਆ। ਮਿਲੇ ਮੇਲ ਮੀਤ ਮੁਰਾਰ, ਹਰਿਜਨ ਹੋਏ ਸਹਾਈ ਸੁਹਾਗੀ ਨਾਰ, ਕੰਤ ਕੰਤੂਹਲਾ ਇਕ ਮਿਲਾ ਰਿਹਾ। ਦੇਵੇ ਨਾਮ ਵਸਤ ਸ਼ਬਦ ਆਧਾਰ, ਦੋ ਜਹਾਨੀ ਕਰੇ ਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਵਿਚੋਲਾ ਵਿਚ ਬਣਾ ਰਿਹਾ। ਸ਼ਬਦ ਵਿਚੋਲਾ ਜਗਤ ਹੈ, ਗੁਰ ਪੂਰੇ ਦਏ ਮਿਲਾਏ। ਗੁਰਮੁਖ ਸਾਚਾ ਭਗਤ ਹੈ, ਹਾਜ਼ਰ ਹਜ਼ੂਰੇ ਦਰਸ਼ਨ ਪਾਏ। ਲੇਖੇ ਲਾਏ ਬੂੰਦ ਰਕਤ ਹੈ, ਲੱਖ ਚੁਰਾਸੀ ਫੰਦ ਕਟਾਏ। ਗੁਰ ਮੰਤਰ ਆਦਿ ਸ਼ਕਤ ਹੈ, ਸਚ ਸ਼ਕਤੀ ਦਏ ਮਿਲਾਏ। ਕਲਜੁਗ ਵੇਲਾ ਅੰਤਮ ਵਕਤ ਹੈ, ਹਰਿਜਨ ਸੋਏ ਲਏ ਜਗਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇਵੇ ਸ਼ਬਦ ਵਰ, ਬੇੜਾ ਕਲਜੁਗ ਪਾਰ ਕਰਾਏ। ਸੁਰਤ ਸਵਾਣੀ ਦਏ ਦੁਹਾਈਆ। ਗੁਰ ਮਿਲੇ ਸਾਚਾ ਹਾਣੀ, ਦਿਵਸ ਰੈਣ ਰਹੀ ਰਾਹ ਤਕਾਈਆ। ਅੰਮ੍ਰਿਤ ਆਤਮ ਦੇਵੇ ਠੰਢਾ ਪਾਣੀ, ਤੀਜੇ ਨੇਤਰ ਸਾਚੇ ਨੈਣ ਦਰਸ ਦਿਖਾਈਆ। ਆਪ ਚੁਕਾਏ ਜਮ ਕੀ ਕਾਨੀ, ਪੰਚਮ ਬੋਲੇ ਸਾਚੀ ਬਾਣੀ, ਸਚ ਸਵਾਣੀ ਕੰਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲਿਖਤ ਭਵਿਖਤ ਇਕ ਲਿਖਾਈ, ਲਹਿਣਾ ਦੇਣਾ ਮੂਲ ਚੁਕਾਈਆ। ਸਾਚਾ ਲੇਖਾ ਹਰਿ ਲਿਖਾਏ। ਭਰਮ ਭੁਲੇਖਾ ਜਨ ਕਢਾਏ। ਮਸਤਕ ਲਿਖੇ ਸਾਚੀ ਰੇਖਾ, ਨਾਮ ਮੇਖਾ ਹੱਥੀਂ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਨਾਮ ਵਰ, ਜਗਤ ਮੇਲਾ ਮੇਲ ਮਿਲਾਏ। ਅੰਮ੍ਰਿਤ ਮੇਘ ਬਰਸੇ ਸਾਵਣ, ਸੀਤਲ ਠੰਢੀ ਧਾਰਾ। ਹਰਸ ਮਿਟਾਏ ਕਾਮਨੀ ਕਾਮਨ, ਮਹੀਨੇ ਰਹੇ ਬਾਕੀ ਬਾਰਾਂ। ਇਕ ਫੜਾਏ ਆਪਣਾ ਦਾਮਨ, ਦੇਵੇ ਦਰਸ ਅਗੰਮ ਅਪਾਰਾ। ਧੁਰ ਦਰਗਾਹੀ ਮਿਲੇ ਸਾਚਾ ਜਾਮਨ, ਲੋਕਮਾਤ ਹੋਏ ਛੁਟਕਾਰਾ। ਰੈਣ ਮਿਟੇ ਅੰਧੇਰੀ ਸ਼ਾਮਨ, ਅਗਿਆਨ ਵਿਨਾਸੇ ਧੁੰਦੂਕਾਰਾ। ਜੋਤੀ ਜੋਤ ਸਰੂਪ ਹਰਿ, ਸਾਚਾ ਦੇਵੇ ਸ਼ਬਦ ਵਰ, ਗੁਰ ਪੂਰਾ ਕਿਰਪਾ ਦੇਵੇ ਕਰ, ਗੁਰਮੁਖ ਨਾ ਹੋਏ ਮਾਤ ਖੁਆਰਾ। ਬਣਾਏ ਬਣਤ ਜਿਸ ਬਣਤ ਬਣਾਈ। ਜੀਵ ਜੰਤ ਜਨ ਜਨ ਜਨ ਰਹੇ ਸਦਾ ਸਰਨਾਈ। ਆਪੇ ਜਾਣੇ ਆਦਿ ਅੰਤ, ਭਰਮ ਭੁਲੇਖਾ ਰਹੇ ਨਾਹੀ। ਸਾਚੀ ਸਰਨ ਸਾਚੇ ਸੰਤ, ਜਗਤ ਵਿਛੋੜਾ ਹੋਏ ਨਾਹੀ। ਰਸਨਾ ਨਾਉਂ ਮਣੀਆ ਮੰਤ, ਰੰਗ ਬਸੰਤ ਤਨ ਚੜ੍ਹਾਈ। ਜੋਤੀ ਜੋਤ ਸਰੂਪ ਹਰਿ ਆਪਣੀ ਕਿਰਪਾ ਦੇਵੇ ਕਰ, ਆਤਮ ਘਰ ਵੱਜੇ ਵਧਾਈ। ਵੱਜੇ ਵਧਾਈ ਨਾਦ ਅਨਾਦਾ। ਮਿਲੇ ਮੇਲ ਸਾਚੇ ਮਾਹੀ, ਪਾਏ ਭੇਵ ਬ੍ਰਹਮ ਬ੍ਰਹਿਮਾਦਾ। ਇਕ ਵਖਾਏ ਸਾਚਾ ਥਾਈਂ, ਧਾਮ ਅਗੰਮਾ ਸ਼ਬਦ ਜਣਾਈ ਬੋਧ ਅਗਾਧਾ। ਆਪ ਸਵਾਰੇ ਆਪਣਾ ਕੰਮਾ, ਮਾਨਸ ਦੇਹੀ ਕਾਇਆ ਮਾਟੀ ਝੂਠਾ ਚੰਮਾ, ਦਿਵਸ ਰੈਣ ਜਿਸ ਜਨ ਰਸਨ ਅਰਾਧਾ। ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਸ਼ਬਦ ਸਰੂਪੀ ਦੇਵੇ ਥੰਮ੍ਹਾ, ਬਹੱਤਰ ਨਾੜੀ ਤਨ ਮਨ ਮਨ ਤਨ ਸਾਚਾ ਬਾਧਾ। ਪੁਰਖ ਅਗੰਮੜਾ ਅਗੰਮ ਅਗੰਮਾ, ਜੋਤੀ ਜੋਤ ਸਰੂਪ ਹਰਿ, ਮੇਲ ਮਿਲਾਏ ਮਾਧਵ ਮਾਧਾ। ਨਾਮ ਵਰ ਜੋ ਜਨ ਪਾਏ। ਮਦਿਰਾ ਮਾਸ ਰਸਨ ਤਜਾਏ। ਸਵਾਸ ਸਵਾਸ ਹਰਿ ਗੁਣ ਗਾਏ। ਆਸ ਪਾਸ ਪ੍ਰਭ ਆਪ ਹੋ ਜਾਏ। ਦਿਵਸ ਰੈਣ ਨਾ ਹੋਏ ਉਦਾਸ, ਚਰਨ ਸਰਨ ਸਰਨ ਚਰਨ ਜੋ ਜਨ ਸੀਸ ਝੁਕਾਏ। ਸ਼ਬਦ ਜਣਾਏ ਪ੍ਰਿਥਮੀ ਆਕਾਸ਼, ਲੇਖੇ ਲਾਏ ਹੱਡ ਨਾੜੀ ਮਾਸ, ਲਿਖਿਆ ਲੇਖ ਦਸ ਦਸ ਮਾਸ ਚੁਕਾਏ। ਗੁਰਮੁਖ ਸਾਚੇ ਸਦ ਬਲ ਬਲ ਜਾਸ, ਗੁਰ ਮੰਤਰ ਜੋ ਤਨ ਟਿਕਾਏ। ਗੁਰ ਮੰਤਰ ਆਤਮ ਬ੍ਰਹਮ ਗਿਆਨ ਹੈ, ਦੇਵੇ ਸ਼ਬਦ ਜਣਾਈ। ਜੁਗਾ ਜੁਗੰਤਰ ਸਾਚੀ ਬਾਣ ਹੈ, ਜਨ ਭਗਤਾਂ ਮਿਲੇ ਵਡਿਆਈ। ਏਕਾ ਵਣਜ ਸੱਚਾ ਨਾਉਂ ਕਾਇਆ ਝੂਠ ਮਕਾਨ ਹੈ, ਥਿਰ ਰਹਿਣਾ ਮਾਤ ਨਾਹੀ। ਸਾਕ ਸੱਜਣ ਸੈਣ ਮਾਤ ਪਿਤ ਭਾਈ ਭੈਣ ਨਾ ਕੋਈ ਪੀਣ ਖਾਣ ਹੈ, ਵੇਲੇ ਅੰਤ ਹੋਏ ਜੁਦਾਈ। ਏਕਾ ਏਕ ਗੁਰ ਸ਼ਬਦ ਸੱਚਾ ਨਿਸ਼ਾਨ ਹੈ, ਸਾਚੇ ਘਰ ਹੋਏ ਸਹਾਈ। ਗੁਰਮੁਖ ਵਿਰਲੇ ਲੋਕਮਾਤ ਮਾਰ ਝਾਤ ਦਰ ਦਵਾਰੇ ਸਾਚੇ ਮਾਣ ਹੈ, ਲੱਖ ਚੁਰਾਸੀ ਫਿਰੇ ਹਲਕਾਈ। ਜੋਤ ਨਿਰੰਜਣ ਨੂਰ ਨੁਰਿੰਤਰ ਕੋਟੀ ਕੋਟ ਭਾਨ ਹੈ। ਜੋਤੀ ਜੋਤ ਸਰੂਪ ਹਰਿ, ਏਕਾ ਦੇਵੇ ਸ਼ਬਦ ਵਰ, ਸੋਹੰ ਸਾਚਾ ਜਗਤ ਭਗਤ ਏਕਾ ਏਕ ਬਿਬਾਣ ਹੈ। ਸੁਰਤ ਸ਼ਬਦ ਪ੍ਰਭ ਬੰਨ੍ਹੇ ਡੋਰ। ਵੇਖ ਵਖਾਣੇ ਅੰਧੇਰ ਘੋਰ। ਨੇੜ ਨਾ ਆਇਣ ਪੰਜੇ ਚੋਰ। ਹਰਿ ਬਿਨ ਅਵਰ ਨਾ ਦੀਸੇ ਕੋਈ ਹੋਰ। ਆਪ ਮਿਟਾਏ ਮੋਰ ਤੋਰ। ਨਾਮ ਵਸਤ ਸਚ ਪੱਲੇ ਬਨ੍ਹੇ, ਦਿਵਸ ਰੈਣ ਜਨ ਖਾਏ ਭੋਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਦੇਵੇ ਸਾਚਾ ਵਰ, ਬੈਠਾ ਹਰਿ ਵੇਖੇ ਮਿੱਠੇ ਕੌੜ। ਕੌੜਾ ਮਿੱਠਾ ਕਾਇਆ ਰੀਠਾ। ਗੁਰਮੁਖ ਵਿਰਲੇ ਗੁਰ ਆਪਣਾ ਡੀਠਾ। ਸਾਚਾ ਨਾਮ ਪੀਸਨ ਪੀਸਾ। ਚਿੰਤਾ ਸਹਿੰਸਾ ਜਗਤ ਰੋਗ, ਆਤਮ ਤ੍ਰਿਸ਼ਨਾ ਹਲਕਾਈਆ। ਗੁਰ ਮੰਤਰ ਰਹੇ ਸਦਾ ਵਿਯੋਗ, ਰਤੀ ਜੋਤੀ ਟਿਕਣ ਨਾ ਪਾਈਆ। ਕਵਣ ਮਿਲਾਏ ਮੇਲਾ ਕਰੇ ਧੁਰ ਸੰਜੋਗ, ਕਿਰਤੀ ਕਿਰਤ ਰਿਹਾ ਕਮਾਈਆ। ਆਤਮ ਰਸ ਮਿਲੇ ਸਾਚਾ ਭੋਗ, ਅੰਮ੍ਰਿਤ ਸਾਚਾ ਸੀਰ ਸੀਰਨੀ ਰਸਨਾ ਦਏ ਪਿਲਾਈਆ। ਸ਼ਬਦ ਚੁਗਾਏ ਸਾਚੀ ਚੋਗ, ਨੇੜੇ ਦੂਰ ਦੂਰ ਵਾਟੀ ਏਕਾ ਘਰ ਵਖਾਈਆ। ਏਕਾ ਮਿਲੇ ਦਰਸ ਅਮੋਘ, ਕਾਇਆ ਕੂੜ ਕੂੜਤੀ ਅੰਤ ਰਹਿਣ ਨਾ ਪਾਈਆ। ਜੁਗਾ ਜੁਗੰਤ ਨਾ ਹੋਏ ਵਿਜੋਗ, ਜਿਸ ਜਨ ਬਖ਼ਸ਼ੇ ਚਰਨ ਧੂੜਤੀ, ਸਾਚੀ ਬਖ਼ਸ਼ੀ ਆਪ ਆਪਣੀ ਸਰਨਾਗਤੀ, ਲੇਖੇ ਲਾਏ ਮੂਰਖ ਮੁਗਧ ਮੂੜ੍ਹ ਮੂੜ੍ਹਤੀ, ਅਚਲ ਸੁਰਤੀ ਸੁਰਤ ਸਵਾਣੀ ਜਿਸ ਜਨ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਹੋਵੇ ਖੇਵਟ ਖੇਟ, ਕਾਇਆ ਖੇੜਾ ਮਿਟਾਏ ਪੰਚਾਂ ਝੇੜਾ, ਇਕ ਵਖਾਏ ਖੁਲ੍ਹਾ ਵਿਹੜਾ, ਬੇੜਾ ਆਪੇ ਬੰਨ੍ਹੇ ਲਾਈਆ। ਬੇੜਾ ਬੰਨ੍ਹੇ ਲਾਏ ਪਾਰ। ਸ਼ਬਦ ਕਰੇ ਤਨ ਸ਼ਿੰਗਾਰ। ਪੂਰਨ ਇਛਿਆ ਪਾਏ ਭਿਛਿਆ, ਹੋਏ ਰੱਛਿਆ ਵਿਚ ਸੰਸਾਰ। ਨੇਤਰ ਲੋਚਨ ਨੈਣ ਜਿਸ ਜਨ ਦਿਸਿਆ, ਆਤਮ ਲਾਹੇ ਝੂਠੀ ਵਿਸਿਆ, ਲੇਖਾ ਤੁੱਟੇ ਪੰਚਮ ਯਾਰ। ਜਗਤ ਵਿਕਾਰਾ ਫੜ ਫੜ ਕੁਠਿਆ, ਤੀਰ ਨਿਰਾਲਾ ਏਕਾ ਛੁੱਟਿਆ, ਬਜਰ ਕਪਾਟੀ ਜਾਏ ਪਾੜ। ਗੁਰਮੁਖ ਵਿਰਲੇ ਲਾਹਾ ਦਰ ਘਰ ਸਾਚੇ ਲੁੱਟਿਆ, ਅੰਮ੍ਰਿਤ ਆਤਮ ਪੀਤਾ ਏਕਾ ਘੁੱਟਿਆ, ਦਰਸ਼ਨ ਪਾਏ ਨਰ ਨਿਰੰਕਾਰ। ਆਵਣ ਜਾਵਣ ਮਾਤ ਛੁੱਟਿਆ, ਜਿਸ ਜਨ ਕਿਰਪਾ ਕਰ, ਏਕਾ ਬਖ਼ਸ਼ੇ ਚਰਨ ਪਿਆਰ। ਆਲਸ ਨਿੰਦਰਾ ਜਗਤ ਵਿਹਾਰ। ਗੁਰ ਪੂਰਾ ਤੋੜੇ ਜਿਸ ਜਨ ਵਜਾ ਜਿੰਦਰਾ, ਅਠੇ ਪਹਿਰ ਰਹੇ ਉਜਿਆਰ। ਕਾਇਆ ਵੇਖੇ ਬਨ ਬਨ ਬਿੰਦਰਾ, ਗੋਪੀ ਕਾਹਨ ਕ੍ਰਿਸ਼ਨ ਮੁਰਾਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਜਗਤ fਤ੍ਰ੍ਰਸ਼ਨਾ ਦੇਵੇ ਮਾਰ। ਆਤਮ ਬੋਲੇ ਪਰਦਾ ਖੋਲ੍ਹੇ, ਆਤਮ ਬ੍ਰਹਮ ਜਣਾਈਆ। ਆਤਮ ਵਸੇ ਸਦਾ ਸਦ ਕੋਲੇ, ਆਤਮ ਵਸੇ ਕਾਇਆ ਚੋਲੇ, ਭੇਵ ਨਾ ਆਇਆ ਰਾਈਆ। ਆਤਮ ਪੂਰੇ ਤੋਲ ਤੋਲੇ, ਦੇਵੀ ਦੇਵ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਬ੍ਰਹਮ ਜਣਾਈਆ। ਸਤਿਗੁਰ ਸਾਚਾ ਸਾਖਿਆਤ, ਸਗਲ ਸਮਗਰੀ ਸਾਥ। ਗੁਰਮੁਖ ਸਾਚਾ ਪਾਰਜ਼ਾਤ, ਕੌਸਤਕ ਮਣੀਆ ਟਿਕਾ ਮਾਥ। ਦੇਵੇ ਸੱਚਾ ਨਾਮ ਰਾਥ। ਧੁਰ ਦਰਗਾਹੀ ਸਾਚੀ ਦਾਤ, ਮਿਲੇ ਮੇਲ ਹਰਿ ਸੱਜਣ ਸੁਹੇਲ, ਭਗਤ ਵਿਚੋਲਾ ਤ੍ਰੈਲੋਕੀ ਨਾਥ। ਜੋਤੀ ਜੋਤ ਸਰੂਪ ਹਰਿ, ਸਤਿਗੁਰ ਸਾਜਣ ਮੇਲ ਮਿਲਾਏ, ਰਾਜਨ ਰਾਜ ਹਰਿ ਆਪ ਅਖਵਾਏ, ਸਾਜਨ ਸਾਜ ਬਣਤ ਬਣਾਏ, ਲੇਖ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹਾਥ। ਸਤਿਗੁਰ ਪੂਰਾ ਪਾਇਆ, ਘਰ ਸਾਚੇ ਵਜੇ ਵਧਾਈ। ਜੋਤੀ ਨੂਰਾ ਜਿਸ ਉਪਾਇਆ, ਅੰਧ ਅੰਧੇਰਾ ਰਿਹਾ ਮਿਟਾਈ। ਨਾਦ ਅਨਾਦੀ ਸ਼ਬਦ ਤੂਰਾ ਇਕ ਸੁਣਾਇਆ, ਸੰਞ ਸਵੇਰਾ ਇਕ ਕਰਾਈ। ਬ੍ਰਹਮ ਬ੍ਰਹਿਮਾਦੀ ਵਿਚ ਸਮਾਇਆ, ਪਾਰਬ੍ਰਹਮ ਭੇਵ ਨਾ ਰਾਈ। ਆਦਿ ਜੁਗਾਦੀ ਇਕ ਅਖਵਾਇਆ, ਬੋਧ ਅਗਾਧੀ ਸ਼ਬਦ ਵਡਿਆਈ। ਮੋਹਣ ਮਾਧਵ ਮਾਧੀ ਬਣ ਕੇ ਆਇਆ, ਕਲਜੁਗ ਖੇਲੇ ਖੇਲ ਆਪ ਰਘੁਰਾਈ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਲਜੁਗ ਅੰਤਮ ਅੰਤ ਗੁਰਮੁਖ ਵਿਰਲੇ ਮੇਲ ਮਿਲਾਵਾ ਸਾਚੇ ਕੰਤ, ਮਨਮੁਖ ਜੀਵਾਂ ਰਹੇ ਜੁਦਾਈ। ਨਿਹਕਲੰਕ ਕਲ ਜੋਤ ਜਗਾਏ, ਵੇਦ ਵਿਆਸ ਲਿਖਾਰੀ। ਸਾਚਾ ਡੰਕ ਸ਼ਬਦ ਵਜਾਏ, ਰਾਓ ਰੰਕ ਸੁਹਾਏ ਬੰਕ ਦਵਾਰੀ। ਏਕਾ ਅੰਕ ਆਪ ਹੋ ਜਾਏ, ਚਾਰ ਵਰਨਾਂ ਕਰੇ ਇਕ ਪਸਾਰੀ। ਸਾਧ ਸੰਤ ਜੀਵ ਜੰਤ ਜਗ ਸ਼ੰਕ ਮਿਟਾਏ, ਦਹਿ ਦਿਸ਼ਾ ਵੇਖੇ ਚਾਰ ਦਿਵਾਰੀ। ਗੁਰਮੁਖ ਸਾਚੇ ਭਗਤ ਜਗਾਏ, ਜਿਉਂ ਜਨਕ ਅਨਕ ਬਲਕਾਰੀ। ਜੋਤੀ ਜੋਤ ਸਰੂਪ ਹਰਿ, ਨਿਹਕਲੰਕ ਨਰਾਇਣ ਨਰ, ਕਰੇ ਖੇਲ ਅਪਰ ਅਪਾਰੀ। ਨਿਹਕਲੰਕ ਬਲੀ ਬਲਵਾਨਾ। ਆਪ ਉਠਾਏ ਰਾਓ ਰੰਕ, ਵੇਖੇ ਖੇਲ ਦੋ ਜਹਾਨਾ। ਨਾਮ ਰਖਾਏ ਵਾਸੀ ਪੁਰਘਨਕ, ਸ਼ਬਦ ਰਖਾਏ ਤੀਰ ਕਮਾਨਾ। ਆਪੇ ਹੋਏ ਸੰਤ ਕੁਮਾਰਾ, ਅੰਤਮ ਖੇਲੇ ਖੇਲ ਮਹਾਨਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੌਂ ਖੰਡ ਪ੍ਰਿਥਮੀ ਵੰਡ ਵੰਡਾਨਾ। ਨੌਂ ਖੰਡ ਪ੍ਰਭ ਵੰਡੇ ਵੰਡ, ਕਲਜੁਗ ਦਏ ਦੁਹਾਈਆ। ਸ਼ਬਦ ਫੜੇ ਚੰਡ ਪਰਚੰਡ, ਚਾਰੋਂ ਕੁੰਟ ਦਿਸੇ ਰੰਡ, ਜੂਠ ਝੂਠ ਭੇਖ ਪਖੰਡ ਦਏ ਮਿਟਾਈਆ। ਵੇਖੇ ਖੇਲ ਸਰਬ ਬ੍ਰਹਿਮੰਡ, ਬ੍ਰਹਮਾ ਬ੍ਰਹਮਲੋਕ ਰਿਹਾ ਰਾਹ ਤਕਾਈਆ। ਆਪੇ ਸੁੱਤਾ ਦੇ ਕਰ ਕੰਡ, ਸ਼ਿਵ ਸ਼ੰਕਰ ਅੰਕਰ ਕੰਕਰ ਬਾਸ਼ਕ ਤਸ਼ਕਾ ਗਲ ਲਟਕਾਈਆ। ਕਲਜੁਗ ਔਧ ਗਈ ਹੰਢ, ਸੁਰਪਤ ਰਾਜਾ ਇੰਦ ਕਰੋੜ ਤੇਤੀਸਾ, ਨੇਤਰ ਵੇਖੇ ਹਰਿ ਜਗਦੀਸਾ, ਕਰੇ ਖੇਲ ਬੀਸ ਇਕੀਸਾ, ਲੋਕਮਾਤ ਵੱਜੇ ਵਧਾਈਆ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸਾ, ਨਾ ਕੋਈ ਦਿਸੇ ਮੂਸਾ ਈਸਾ, ਕਾਲਾ ਸੂਸਾ ਤਨ ਛੁਹਾਈਆ। ਸ਼ਾਹ ਸੁਲਤਾਨਾਂ ਖਾਲੀ ਖੀਸਾ, ਮਾਇਆ ਰਾਣੀ ਜੂਠਾ ਝੂਠਾ ਪੀਸਣ ਪੀਸਾ, ਨਾਮ ਰਤੀ ਕਿਸੇ ਹੱਥ ਨਾ ਆਈਆ। ਜੋਤ ਸਰੂਪੀ ਦਰ ਦਰ ਘਰ ਘਰ ਜਾਏ ਦੇ ਸਮਝਾਵੇ ਮਤੀ, ਸ਼ਬਦ ਸੁਹਾਗਣ ਨਾਰ ਵੇਖੇ ਅੰਤਮ ਹੋਏ ਸਤੀ, ਜੋਤੀ ਲੰਬੂ ਏਕਾ ਲਾਈਆ। ਏਕਾ ਏਕ ਨਰ ਹਰਿ ਸਾਚਾ ਕਮਲਾਪਤੀ, ਦੀਪਕ ਜੋਤੀ ਦੇਵੇ ਬੱਤੀ, ਕਲਜੁਗ ਵਾ ਨਾ ਲਗੇ ਤੱਤੀ, ਆਪ ਆਪਣੇ ਅੰਕ ਸਮਾਈਆ। ਬੰਕ ਦਵਾਰਾ ਇਕ ਸੁਹਾਏ ਆਪੇ ਜਾਣੇ ਮਿਤ ਗਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰਾ ਦੇਵੇ ਮਾਤ ਸੁਹਾਈਆ। ਬੰਕ ਦਵਾਰਾ ਇਕ ਸੁਹਾਉਣਾ। ਜੋਤ ਨਿਰੰਕਾਰਾ ਆਕਾਰ ਕਰਾਉਣਾ। ਸ਼ਬਦ ਜੈਕਾਰਾ ਏਕਾ ਤਾੜਾ ਸੋਹੰ ਸੋ ਜੋਤੀ ਧਾਗੇ ਪ੍ਰਭ ਆਪ ਪਰੋ, ਲੋਕਮਾਤ ਮਾਰ ਝਾਤ ਪੁਰਖ ਬਿਧਾਤ ਗੁਰਮੁਖਾਂ ਗਲ ਲਟਕਾਉਣਾ। ਲੇਖਾ ਚੁੱਕੇ ਜ਼ਾਤ ਪਾਤ ਰਾਓ ਰੰਕ ਰੰਕ ਰਾਜਾਨ ਸ਼ਾਹ ਸੁਲਤਾਨ ਏਕਾ ਧਾਮ ਸੁਹਾਉਣਾ। ਵੇਖੇ ਖੇਲ ਵਾਲੀ ਦੋ ਜਹਾਨ, ਨਾਮ ਝੁਲਾਏ ਸ਼ਬਦ ਨਿਸ਼ਾਨ, ਸੱਤਾਂ ਰੰਗਾਂ ਰੰਗ ਰੰਗਾਉਣਾ। ਜਮਨ ਕਿਨਾਰਾ ਖੇਲ ਮਹਾਨ, ਆਪੇ ਵੇਖੇ ਗੋਪੀ ਕਾਹਨ, ਰਮਈਆ ਰਾਮਾ ਇਕ ਵਜਾਏ ਨਾਮ ਦਮਾਮਾ, ਲੱਖ ਚੁਰਾਸੀ ਏਕਾ ਤਾਮਾ, ਲਾੜੀ ਮੌਤ ਨਾ ਕੋਈ ਛੱਡੇ ਨਾਰੀ ਖੌਂਤ, ਸਾਚਾ ਸਗਨ ਮੁਖ ਲਗਾਉਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਲੇਖਾ ਅੰਤ ਮਿਟਾਉਣਾ। ਸੁਣੇ ਬੇਨੰਤੀ ਦਿਆਲ ਕਿਰਪਾਲ, ਦਇਆ ਨਿਧ ਦਾਤਾ। ਗੁਰਮੁਖ ਸਾਚੇ ਲਾਲ ਪਾਲ, ਆਪੇ ਹੋਏ ਪਿਤਾ ਮਾਤਾ। ਸੱਤ ਸਰੋਵਰ ਮਾਰੇ ਇਕ ਉਛਾਲ, ਚੌਦਾਂ ਹੱਟਾਂ ਬ੍ਰਹਮਾ ਗਿਆਤਾ। ਅੰਮ੍ਰਿਤ ਨੁਹਾਏ ਆਤਮ ਸਾਚੇ ਤਾਲ, ਕਾਲ ਮਹਾਂਕਾਲ ਆਪਣੇ ਹੱਥ ਰਖਾਤਾ। ਆਪੇ ਚਲੇ ਆਪਣੀ ਚਾਲ, ਜਨ ਭਗਤਾਂ ਰਿਹਾ ਸੁਰਤ ਸੰਭਾਲ, ਦੇਵੇ ਸ਼ਬਦ ਸੱਚੀ ਸੁਗਾਤਾ। ਗਗਨ ਵੇਖੇ ਸਾਚਾ ਥਾਲ, ਜੋਤੀ ਜਗੇ ਅਨਮੁਲੜੇ ਲਾਲ, ਰਾਗ ਸੁਣਾਏ ਸਾਚੀ ਗਾਥਾ। ਫ਼ਲ ਲਗਾਏ ਕਾਇਆ ਡਾਲ੍ਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਚੜ੍ਹਾਏ ਦਇਆ ਕਮਾਏ ਸ਼ਬਦ ਸਾਚੇ ਰਾਥਾ। ਸ਼ਬਦ ਰਥ ਇਕ ਚੜ੍ਹਾਏ, ਆਪੇ ਹੋਏ ਨਿਹਕਰਮੀ। ਸਗਲ ਵਸੂਰੇ ਮਥ ਵਖਾਏ, ਸਤਿ ਪੁਰਖ ਸਾਚਾ ਧਰਮੀ। ਲੇਖਾ ਸਾਢੇ ਤਿੰਨ ਹੱਥ ਚੁਕਾਏ, ਗੁਰਮੁਖ ਆਤਮ ਮਿਲੇ ਮੇਲ ਪਰਮਾਤਮ ਨਾ ਮਰੇ ਨਾ ਕਦੇ ਜਰਮੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਬੈਠਾ ਵੜ, ਕਾਇਆ ਅੰਧੇਰੀ ਡੂੰਘੀ ਵਰਮੀ। ਦੇਵੇ ਅਸੀਸ ਹਰਿ ਜਗਦੀਸ, ਰਸਨਾ ਮੰਗਲ ਗਾਇਆ। ਲੇਖੇ ਲੱਗੇ ਦੰਦ ਬਤੀਸ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਹਿਰਦੇ ਅੰਦਰ ਰਸਨਾ ਮੰਗਲ ਗਾਇਆ। ਹਰਿਜਨ ਨਾ ਕੋਈ ਕਰੇ ਤੇਰੀ ਰੀਸ, ਮਨਮੁਖ ਜੀਵਾਂ ਮਾਇਆ ਭਰਮ ਭੁਲਾਇਆ। ਏਕਾ ਛਤਰ ਝੁੱਲੇ ਜਨ ਤੇਰੇ ਸਾਚੇ ਸੀਸ, ਗੁਰ ਪੂਰੇ ਜਿਸ ਸਿਰ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਆਵਣ ਜਾਵਣ ਪਤਤ ਪਾਵਨ ਦਰ ਦਵਾਰੇ ਬੰਕ, ਸੰਤ ਸੁਹੇਲੇ ਸਾਚੇ ਮੰਦਰ ਲੇਖੇ ਲਾਇਆ। ਸੰਤ ਦਵਾਰਾ ਇਕ ਹੈ, ਏਕਾ ਹਰਿ ਹਰਿ ਨਾਉਂ। ਗੁਰਮੁਖ ਉਜਲ ਮੁਖ ਹੈ, ਮਿਲੇ ਮੇਲ ਅਗੰਮ ਅਥਾਹੋ। ਤੀਜੇ ਨੇਤਰ ਲੈਣਾ ਵੇਖ ਹੈ, ਸਦ ਵਸੇ ਜੋਤੀ ਛਾਉਂ। ਚੌਥੇ ਘਰ ਆਪ ਬਿਬੇਕ ਹੈ, ਕਰੇ ਸਚ ਨਿਆਂਓ। ਪੰਚਮ ਬੈਠਾ ਰਿਹਾ ਵੇਖ ਹੈ, ਨਾ ਕੋਈ ਪਿਤਾ ਨਾ ਕੋਈ ਮਾਉਂ। ਛੇਵੇਂ ਲਿਖਣਹਾਰਾ ਲੇਖ ਹੈ, ਪੁਰੀਆਂ ਲੋਆਂ ਘਟ ਘਟ ਵਾਸੀ ਸਭਨੀ ਥਾਉਂ। ਸਤਵੇਂ ਸਤਿ ਪੁਰਖ ਨਿਰੰਜਣ ਦੁੱਖ ਦਰਦ ਭੈ ਭੰਜਨ ਏਕਾ ਏਕ ਜਨ ਭਗਤਾਂ ਸਾਚੀ ਟੇਕ ਹੈ, ਅਗੰਮ ਅਗੰਮ ਅਗੰਮ ਵਸੇ ਅਗੰਮ ਅਥਾਹੋ।
