੧੫ ਚੇਤ ੨੦੧੩ ਕਰਤਾਰ ਸਿੰਘ ਦੇ ਗ੍ਰਹਿ ਲੁਧਿਆਣਾ
ਕਾਇਆ ਗੜ੍ਹ ਅਪਾਰ ਹਰਿ ਬਣਾਇਆ। ਕੋਇ ਨਾ ਵੇਖੇ ਉਪਰ ਚੜ੍ਹ, ਸ੍ਰਿਸ਼ਟ ਸਬਾਈ ਭਰਮ ਭੁਲਾਇਆ। ਨੌਂ ਦਵਾਰੇ ਰਹੇ ਖੜ, ਦਸਵਾਂ ਦਿਸ ਕਿਸੇ ਨਾ ਆਇਆ। ਰਸਨਾ ਵਖਾਣੀ ਰਹੇ ਪੜ੍ਹ, ਹਿਸਾ ਨਾਮ ਨਾ ਕਿਸੇ ਵੰਡਾਇਆ। ਮਾਇਆ ਮਮਤਾ ਰਹੇ ਸੜ, ਦਹਿ ਦਿਸ਼ਾ ਨਾ ਪੜਦਾ ਲਾਹਿਆ। ਪੰਜਾਂ ਚੋਰਾਂ ਰਹੇ ਲੜ, ਲੜ ਸਚ ਨਾ ਕਿਸੇ ਫੜਾਇਆ। ਦਰ ਘਰ ਸਾਚੇ ਨਾ ਲੱਗੀ ਜੜ੍ਹ, ਜੜ੍ਹ ਆਪਣੀ ਆਪ ਉਖੜਾਇਆ। ਕਲਜੁਗ ਵਹਿਣ ਰਹੇ ਹੜ੍ਹ, ਮਨਮੁਖ ਆਪਣਾ ਆਪ ਰੁੜ੍ਹਾਇਆ। ਗੁਰਮੁਖ ਸਾਚਾ ਏਕਾ ਅੱਖਰ ਜਾਏ ਪੜ੍ਹ, ਗੁਰ ਮੰਤਰ ਸ਼ਬਦ ਜਣਾਇਆ। ਲੇਖਾ ਚੁੱਕੇ ਮੜ੍ਹੀ ਮੜ੍ਹ, ਘਰ ਸਾਚੇ ਦਏ ਬਹਾਇਆ। ਦਰਸ ਦਿਖਾਏ ਦਇਆ ਕਮਾਏ ਨਾ ਕੋਈ ਸੀਸ ਨਾ ਕੋਈ ਧੜ, ਹਰਿ ਜਗਦੀਸਾ ਦਇਆ ਕਮਾਇਆ। ਸ਼ਬਦ ਮਾਰੇ ਕਾੜ ਕਾੜ, ਦੂਤੀ ਦੁਸ਼ਟਾਂ ਦਏ ਦੁਰਕਾਇਆ। ਸਾਚਾ ਘਾੜਨ ਰਿਹਾ ਘੜ, ਘੜਨ ਭੰਨਣਹਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਆਸਣ ਡੇਰਾ ਲਾਇਆ। ਸਾਚੇ ਆਸਣ ਹਰਿ ਬਿਰਾਜੇ, ਦਿਸ ਕਿਸੇ ਨਾ ਆਇਆ। ਸ਼ਬਦ ਸਿੰਘਾਸਣ ਦੇਸ ਮਾਝੇ, ਵੇਸੀ ਵੇਸ ਕਮਾਇਆ। ਰਾਜ ਰਾਜਾਨੇ ਲਾਹੇ ਸੀਸ ਤਾਜੇ, ਨਰ ਨਰੇਸ਼ੀ ਰਹਿਣ ਨਾ ਪਾਇਆ। ਆਪਣਾ ਸਾਜਨ ਆਪੇ ਸਾਜੇ, ਦਸ ਦਸਮੇਸ਼ ਭੇਖ ਵਟਾਇਆ। ਆਪ ਸਵਾਰੇ ਆਪਣੇ ਕਾਜੇ, ਬ੍ਰਹਮਾ ਵਿਸ਼ਨ ਮਹੇਸ਼ ਸੇਵ ਕਮਾਇਆ। ਭਗਤ ਜਨਾਂ ਹਰਿ ਰੱਖੇ ਲਾਜੇ, ਦੇਵਤ ਦੇਵੀ ਦੇਵ ਆਪ ਅਖਵਾਇਆ। ਸ਼ਬਦ ਸਰੂਪੀ ਮਾਰੇ ਆਵਾਜ਼ੇ, ਨੇਤਰ ਨੈਣਾ ਨੇਂਹ ਲਗਾਇਆ। ਜਗਤ ਕਰਾਏ ਸਾਚਾ ਹਾਜੇ, ਹਾਜਨ ਹਾਜੇ ਆਬੇ ਹਯਾਤ, ਅੰਮ੍ਰਿਤ ਆਤਮ ਮੇਘ ਮੀਂਹ ਬਰਸਾਇਆ। ਸਾਧਾਂ ਸੰਤਾਂ ਖੋਲ੍ਹੇ ਪਾਜੇ, ਕਾਇਆ ਮਾਟੀ ਖੇਹ ਉਡਾਇਆ। ਸ਼ਬਦ ਘੋੜੇ ਚੜ੍ਹਿਆ ਸਾਚੇ ਤਾਜੇ, ਨੌਂ ਖੰਡ ਪ੍ਰਿਥਮੀ ਆਪੇ ਵੇਖ ਵਖਾਇਆ। ਨਾਮ ਬਣਾਏ ਸਤਿ ਜਹਾਜੇ, ਸੋਹੰ ਅੱਖਰ ਵਖਰ ਇਕ ਰਖਾਇਆ। ਦੋ ਜਹਾਨੀ ਰਾਜਨ ਰਾਜੇ, ਸ਼ਾਹ ਸੁਲਤਾਨਾ ਆਪ ਅਖਵਾਇਆ। ਵੇਖੇ ਖੇਲ ਕਲ ਕਿ ਆਜੇ, ਭੇਵ ਕਿਸੇ ਨਾ ਆਇਆ। ਜੀਵ ਜੰਤ ਸਾਧ ਸੰਤ ਚਾਰੋਂ ਕੁੰਟ ਫਿਰਨ ਭਾਜੇ, ਭਾਣਾ ਰਾਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਿੰਘਾਸਣ ਜੋਤੀ ਆਸਣ ਲਾਇਆ। ਜੋਤ ਬਿਰਾਜੇ ਸ਼ਬਦ ਸਿੰਘਾਸਣ, ਅੰਤ ਲਏ ਅੰਗੜਾਈਆ। ਪਰਗਟ ਹੋਏ ਸਰਬ ਗੁਣਤਾਸਨ, ਸ਼ਬਦ ਕਰੇ ਕੁੜਮਾਈਆ। ਵੇਖ ਵਖਾਣੇ ਪ੍ਰਿਥਮੀ ਆਕਾਸ਼ਨ, ਸਾਚੀ ਨਾਮ ਕਰੇ ਚੜ੍ਹਾਈਆ। ਪਰਗਟ ਹੋਏ ਘਨਕਪੁਰ ਵਾਸਨ, ਮੰਦਰ ਮੁਨਾਰੇ ਦੇਵੇ ਢਾਹੀਆ। ਮੇਟ ਮਿਟਾਏ ਮਦਿਰਾ ਮਾਸਨ, ਮਨਮੁਖਾਂ ਮਸਤਕ ਕਾਲੀ ਛਾਹੀਆ। ਜਨ ਭਗਤਾਂ ਹੋਵੇ ਦਾਸ ਦਾਸਨ, ਦੇਵੇ ਜਗਤ ਜੁਗਤ ਵਡਿਆਈਆ। ਕਾਇਆ ਮੰਡਲ ਵੇਖੇ ਰਾਸਨ, ਆਤਮ ਘਰ ਵੱਜੇ ਵਧਾਈਆ। ਸਰਨ ਰਖਾਏ ਸ਼ਬਦ ਸਵਾਸਨ, ਸਾਚੀ ਬਣਤਾ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਘਰ ਸਾਚੇ ਆਸਣ ਲਾਏ, ਸ਼ਬਦ ਸਿੰਘਾਸਣ ਇਕ ਸਜਾਈਆ। ਪ੍ਰੇਮ ਸਿੰਘ ਬਿਲਾਸਨ, ਪਰਮ ਸੁਖ ਪਾਇਆ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਭਾਣਾ ਆਪਣੇ ਹੱਥ ਰਖਾਇਆ। ਸ਼ਬਦ ਸਿੰਘਾਸਣ ਸ਼ਾਹ ਸੁਲਤਾਨ, ਹਰਿ ਸਾਚਾ ਆਪ ਸੁਹਾਇੰਦਾ। ਅਠੇ ਪਹਿਰ ਨੌਂ ਜਵਾਨ, ਅਸਤਰ ਸ਼ਸਤਰ ਏਕਾ ਸ਼ਬਦ ਤਨ ਸੁਹਾਇੰਦਾ। ਲੋਆਂ ਪੁਰੀਆਂ ਬ੍ਰਹਿਮੰਡ ਖੰਡ ਵੇਖੇ ਮਾਰ ਧਿਆਨ, ਆਪ ਆਪਣਾ ਹੁਕਮ ਸੁਣਾਇੰਦਾ। ਸ਼ਬਦ ਉਡਾਏ ਇਕ ਬਿਬਾਣ, ਨਾ ਕੋਈ ਜਾਣੇ ਜੀਵ ਜਹਾਨ, ਚਾਰੋਂ ਕੁੰਟ ਵੇਖ ਵਖਾਇੰਦਾ। ਲੱਖ ਚੁਰਾਸੀ ਕਰੇ ਪੁਣ ਛਾਣ, ਏਕਾ ਕੰਡਾ ਪੁਰਖ ਅਬਿਨਾਸ਼ੀ ਵੰਡਾ, ਸੋਹੰ ਡੰਡਾ ਨਾਮ ਰਖਾਇੰਦਾ। ਜਗਤ ਝੁਲਾਏ ਇਕ ਨਿਸ਼ਾਨ, ਪਰਗਟ ਹੋਏ ਸ੍ਰੀ ਭਗਵਾਨ, ਜਨ ਭਗਤਾਂ ਦੇਵੇ ਜੀਆ ਦਾਨ, ਦਾਤਾ ਦਾਨੀ ਆਪ ਅਖਵਾਇੰਦਾ। ਸੋ ਪੁਰਖ ਨਿਰੰਜਣ ਮਿਹਰਬਾਨ, ਨੇਤਰ ਅੰਜਨ ਬ੍ਰਹਮ ਗਿਆਨ, ਚਰਨ ਮਜਨ ਧੂੜ ਇਸ਼ਨਾਨ, ਦੁਰਮਤ ਮੈਲ ਗਵਾਇੰਦਾ। ਸਾਚਾ ਸੱਜਣ ਦੋ ਜਹਾਨ, ਭਾਂਡੇ ਭਰਮ ਭੱਜਣ ਜੋ ਜਨ ਸਾਚੀ ਸੇਵ ਕਮਾਨ। ਜਗਤ ਵਿਕਾਰਾ ਰਸਨ ਤਜਣ, ਦਰ ਦਵਾਰੇ ਸਾਚੇ ਸੱਜਣ, ਅੰਮ੍ਰਿਤ ਆਤਮ ਪੀ ਪੀ ਰੱਜਣ, ਆਤਮ ਤ੍ਰਿਸ਼ਨਾ ਭੁੱਖ ਮਿਟਾਨ। ਜਨ ਭਗਤਾਂ ਆਇਆ ਪੜਦੇ ਕੱਜਣ, ਰੱਖੇ ਲਾਜੀ ਲਾਜ ਲੱਜਣ। ਲਾਜਾਵੰਤ ਹਰਿ ਭਗਵੰਤ, ਜਗਤ ਅਧਾਰੇ ਸਾਚੇ ਸੰਤ, ਕਿਰਪਾ ਕਰ ਅਪਰ ਅਪਾਰੇ। ਆਪ ਬਣਾਏ ਆਪਣੀ ਬਣਤਾ, ਦੇਵਣਹਾਰ ਸ੍ਰਿਸ਼ਟ ਸਬਾਈਆ। ਦੇਵਣਹਾਰ ਅਗੰਮ ਅਗੰਮਾ, ਪੁਰਖ ਅਬਿਨਾਸ਼ੀ ਬੇਪਰਵਾਹੀਆ। ਕਾਇਆ ਮਾਟੀ ਵੇਖੇ ਚੰਮਾ, ਦਰ ਦਵਾਰਾ ਕੋਈ ਰਹਿਣ ਨਾ ਪਾਈਆ। ਆਪੇ ਜਾਣੇ ਆਪਣਾ ਕੰਮਾ, ਜੋਤ ਨਿਰੰਕਾਰਾ ਕਰ ਆਕਾਰ, ਸ੍ਰਿਸ਼ਟ ਸਬਾਈ ਵਿਚ ਸਮਾਈਆ। ਕਲਜੁਗ ਤੇਰਾ ਧੰੁਦੂਕਾਰ, ਜੀਵਾਂ ਜੰਤਾਂ ਸਾਧਾਂ ਸੰਤਾਂ ਆਤਮ ਹੋਇਆ ਇਕ ਹੰਕਾਰਾ, ਸ਼ਬਦ ਆਧਾਰਾ ਕੋਈ ਦਿਸ ਨਾ ਆਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸ਼ਬਦ ਖੰਡਾ ਫੜ ਦੋ ਧਾਰਾ, ਮਾਰੀ ਜਾਏ ਵਾਰੋ ਵਾਰਾ, ਨਾ ਸਕੇ ਕੋਈ ਛੁਡਾਈਆ। ਮੰਦਰ ਅੰਦਰ ਹਾਹਾਕਾਰਾ, ਗੁਰਦਵਾਰਾ ਨਾ ਕੋਈ ਸਹਾਰਾ, ਜੋਤੀ ਜੋਤ ਸਰੂਪ ਹਰਿ, ਆਪਣੀ ਕਲ ਰਿਹਾ ਵਰਤਾਈਆ। ਆਪਣੀ ਕਲ ਆਪੇ ਵਰਤੇ, ਕਲਜੁਗ ਅੰਤਮ ਆਇਆ। ਵੇਖੇ ਖੇਲ ਉਪਰ ਧਰਤੇ, ਸਾਧ ਸੰਤ ਕੋਈ ਰਹਿਣ ਨਾ ਪਾਇਆ। ਰਾਜ ਰਾਜਾਨ ਸ਼ਾਹ ਸੁਲਤਾਨ ਫਿਰਨ ਭਿਖਾਰੀ ਦਰ ਦਰ ਮੰਗਤੇ, ਆਤਮ ਇਛਿਆ ਪੂਰਨ ਭਿਛਿਆ ਨਾ ਕੋਈ ਪਾਇਆ। ਮਨਮੁਖ ਜੀਵ ਨਾਮ ਵਿਹੂਣੇ ਜਗਤ ਨੰਗਤੇ, ਕਾਇਆ ਪੜਦਾ ਸ਼ਬਦ ਦੁਸ਼ਾਲਾ ਕਿਸੇ ਹੱਥ ਨਾ ਆਇਆ। ਹਰਿ ਜਨ ਸਾਚਾ ਪ੍ਰਭ ਅਬਿਨਾਸ਼ੀ ਤੇਰੀ ਮਾਣੇ ਸਾਚੀ ਸੰਗਤੇ, ਜੁਗਾ ਜੁਗੰਤ ਸ਼ਬਦ ਘੋੜੇ ਸਾਚੇ ਚਾੜ੍ਹ, ਸਾਚੇ ਮਾਰਗ ਪਾਇਆ। ਆਤਮ ਰੰਗਣ ਏਕਾ ਰੰਗਤੇ, ਏਕਾ ਅੱਖਰ ਗੁਰਮੁਖ ਪੜ੍ਹਨਾ, ਭਾਣਾ ਸਹਿਣਾ ਰੋਗ ਗਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਦਰਸ ਅਮੋਘ ਧੁਰ ਸੰਜੋਗ ਆਪਣਾ ਮੇਲ ਮਿਲਾਇਆ।
