Granth 06 Likhat 040: 24 Maghar 2013 Bikarmi Tara Singh de Greh Pind Chambal Jila Amritsar

੨੫ ਮੱਘਰ ੨੦੧੩ ਬਿਕਰਮੀ ਤਾਰਾ ਸਿੰਘ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਗੋਬਿੰਦ ਸਾਚਾ ਮੀਤੜਾ, ਮੀਤ ਮੁਰਾਰਾ ਆਪ। ਕਲਜੁਗ ਕਾਇਆ ਚੋਲੀ ਰੰਗੇ ਚੀਥੜਾ, ਰੰਗ ਲਲਾਰਾ ਆਪ। ਮੀਠਾ ਕਰੇ ਕੌੜਾ ਰੀਠੜਾ, ਸ਼ਬਦ ਸਰੂਪੀ ਦੇਵੇ ਭਾਪ। ਫਲ ਖਵਾਏ ਇਕ ਅਨਡੀਠੜਾ, ਮੇਟ ਮਿਟਾਏ ਤੀਨੋ ਤਾਪ। ਪ੍ਰਭ ਆਪੇ ਆਪ ਵਸੀਠੜਾ, ਹਰਿਜਨ ਮਾਈ ਬਾਪ। ਨਾਮ ਨਿਧਾਨਾ ਜਿਸ ਜਨ ਹਰਿ ਦਰ ਸਾਚੇ ਪੀਤੜਾ, ਮੇਟ ਮਿਟਾਏ ਕੋਟਨ ਪਾਪ। ਲੇਖਾ ਜਾਣੇ ਅਗਲਾ ਪਿਛਲਾ ਬੀਤੜਾ, ਜੁਗ ਜੁਗ ਸਹਾਈ ਆਪ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਆਪੇ ਜਾਣੇ ਆਪਣਾ ਵਡ ਪਰਤਾਪ। ਹਰਿ ਸਾਜਨ ਵਡ ਸਾਗਰਾ, ਹਰਿ ਹਰਿ ਗਹਿਰ ਗੰਭੀਰ। ਅੰਮ੍ਰਿਤ ਦੇਵੇ ਕਾਇਆ ਗਾਗਰਾ, ਨਿਰਮਲ ਏਕਾ ਨੀਰ। ਵਣਜ ਕਰਾਏ ਨਾਮ ਸੁਦਾਗਰਾ, ਤਨ ਬਸਤਰ ਸਾਚੇ ਚੀਰ। ਨਿਰਮਲ ਕਰਮ ਕਰੇ ਉਜਾਗਰਾ, ਹਉਮੇ ਕੱਢੇ ਪੀੜ। ਰਤੀ ਰੰਗ ਰੱਤੇ ਰਤਨਾਗਰਾ, ਕਾਇਆ ਸਾਂਤ ਸਰੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਜਗਮੀਤ ਵੇਲਾ ਅੰਤ ਅਖ਼ੀਰ। ਹਰਿ ਸਾਜਣ ਸਚ ਰਾਸ ਹੈ, ਸ਼ਬਦ ਰੂਪ ਅਪਾਰ। ਲੇਖੇ ਲਾਏ ਹੱਡ ਨਾੜੀ ਮਾਸ ਹੈ, ਦੇਵੇ ਦਰਸ ਅਪਾਰ। ਅਵਣ ਗਵਣ ਪਵਣ ਸਵਾਸ ਹੈ, ਸੁਰਤ ਸ਼ਬਦ ਆਸ ਪਾਸ। ਧਰਤੀ ਧਵਲ ਪ੍ਰਿਥਮੀ ਆਕਾਸ਼ ਹੈ, ਪੁਰੀਆਂ ਲੋਆਂ ਸਾਚੀ ਰਾਸ। ਲਹਿਣਾ ਦੇਣਾ ਦਸ ਦਸ ਮਾਸ ਹੈ, ਮਾਤ ਗਰਭਵਾਸ ਨਿਵਾਸ। ਦੇਵਣਹਾਰ ਸਾਸ ਗਰਾਸ ਹੈ, ਪੂਰਨ ਪੂਰ ਕਰਾਏ ਆਸ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਹੋਏ ਦਾਸੀ ਦਾਸ। ਹਰਿ ਸਾਜਨ ਸਾਚਾ ਨਾਮ ਗੜ੍ਹ, ਚਾਰੋਂ ਕੁੰਟ ਦਿਵਾਰਿਆ। ਸਚ ਮਹੱਲੇ ਬੈਠਾ ਚੜ੍ਹ, ਦਿਸ ਕਿਸੇ ਨਾ ਆ ਰਿਹਾ। ਆਪ ਆਪਣਾ ਘਾੜਨ ਘੜ, ਆਪਣਾ ਹਿੱਸਾ ਆਪ ਵੰਡਾ ਰਿਹਾ। ਕੋਈ ਨਾ ਸਕੇ ਮਾਤ ਫੜ, ਕੋਟੀ ਕੋਟ ਜੀਵ ਫਿਰਾ ਰਿਹਾ। ਲੱਖ ਚੁਰਾਸੀ ਨਾਲ ਰਿਹਾ ਲੜ, ਏਕਾ ਖੰਡਾ ਸ਼ਬਦ ਚਲਾ ਰਿਹਾ। ਆਪੇ ਲਾਵਣਹਾਰਾ ਜੜ੍ਹ, ਜੁਗ ਜੁਗ ਆਪੇ ਆਪ ਉਖੜਾ ਰਿਹਾ। ਆਪਣਾ ਅੱਖਰ ਆਪੇ ਗਿਆ ਪੜ੍ਹ, ਲੱਖ ਚੁਰਾਸੀ ਆਪ ਸੁਣਾ ਰਿਹਾ। ਦਰ ਦਵਾਰੇ ਅੱਗੇ ਖੜ੍ਹ, ਜਨ ਭਗਤਾਂ ਦਰਸ ਦਿਖਾ ਰਿਹਾ। ਨਾ ਕੋਈ ਸੀਸ ਨਾ ਕੋਈ ਧੜ, ਜੋਤ ਸਰੂਪੀ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਜਣ ਸਾਚਾ ਆਪੇ ਆਪ ਅਖਵਾ ਰਿਹਾ।

ਹਰਿ ਸਾਜਣ ਸਾਚੀ ਓਟ, ਏਕਾ ਏਕ ਰਖਾਈਆ। ਦਰ ਦਰ ਘਰ ਘਰ ਭੌਂਦੇ ਕੋਟੀ ਕੋਟ, ਹਰਿ ਸਾਚਾ ਦਿਸ ਨਾ ਆਈਆ। ਮਾਇਆ ਮਮਤਾ ਤ੍ਰਿਸ਼ਨਾ ਨਾ ਭਰੀ ਕਾਇਆ ਪੋਟ, ਦਿਵਸ ਰੈਣ ਰਹੀ ਹਲਕਾਈਆ। ਗੁਰਸਿਖ ਪ੍ਰੇਮ ਨਗਾਰੇ ਵੱਜੇ ਚੋਟ, ਤਨ ਕਾਇਆ ਆਪ ਵਜਾਈਆ। ਆਪੇ ਕੱਢਣਹਾਰਾ ਖੋਟ, ਨਿਰਮਲ ਧਾਰ ਵਹਾਈਆ। ਸਾਚਾ ਮੇਲਾ ਸ਼ਬਦੀ ਜੋਤ, ਜੋਤ ਸ਼ਬਦ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੇਵ ਕਮਾਈਆ। ਹਰਿਜਨ ਸਾਚਾ ਸਚ ਦਵਾਰ, ਖੇਲੇ ਖੇਲ ਅਪਾਰਾ। ਮਿਲੇ ਮੇਲ ਪ੍ਰਭ ਮੀਤ ਮੁਰਾਰ, ਗੁਰ ਚੇਲੇ ਇਕ ਦਵਾਰਾ। ਦੇਵੇ ਨਾਮ ਵਡ ਭੰਡਾਰ, ਵਰਤੇ ਵਰਤਾਵੇ ਵਿਚ ਸੰਸਾਰਾ। ਆਪ ਆਪਣੀ ਕਿਰਪਾ ਧਾਰ, ਨਾਮ ਬੰਨ੍ਹੇ ਸੀਸ ਦਸਤਾਰਾ। ਜੁਗ ਜੁਗ ਵਿਛੜੇ ਸੰਗੀ ਯਾਰ, ਡੋਰੀ ਬੰਨ੍ਹੇ ਨਾਮ ਧਾਰਾ। ਸਾਚਾ ਮੇਲਾ ਇਕ ਦਵਾਰ, ਦਰ ਘਰ ਸੱਚਾ ਦਰਬਾਰਾ। ਕੋਟਨ ਕੋਟ ਰਹੇ ਪੁਕਾਰ, ਮੰਗਣ ਮੰਗ ਭਿਖਾਰਾ। ਗੁਰਮੁਖ ਵਿਰਲਾ ਉਤਰੇ ਪਾਰ, ਹਰਿ ਪਾਇਆ ਅਗੰਮ ਅਪਾਰਾ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਇਕ ਵਖਾਇਆ ਪਾਰ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਅਧਾਰਾ। ਨਾਮ ਅਧਾਰ ਸਚ ਧਰਵਾਸ, ਧੁਰ ਮਸਤਕ ਲੇਖ ਲਿਖਾਇਆ। ਸਚ ਵਸਤ ਗੁਰ ਸਾਚੇ ਪਾਸ, ਗੁਰਮੁਖਾਂ ਝੋਲੀ ਪਾਇਆ। ਆਪੇ ਦਾਸੀ ਆਪੇ ਦਾਸ, ਸੇਵਕ ਸੇਵਾ ਰਿਹਾ ਕਰਾਇਆ। ਕਰੇ ਕਰਾਏ ਪੂਰੀ ਆਸ, ਦੇਵੀ ਦੇਵਾ ਰੂਪ ਸਮਾਇਆ। ਹਰਿਜਨ ਮੇਲਾ ਸ਼ਾਹੋ ਸ਼ਾਬਾਸ਼, ਅੰਮ੍ਰਿਤ ਆਤਮ ਮੇਵਾ ਫਲ ਖਵਾਇਆ। ਲੇਖਾ ਚੁੱਕੇ ਹੱਡ ਨਾੜੀ ਮਾਸ, ਲੱਖ ਚੁਰਾਸੀ ਫੰਦ ਕਟਾਇਆ। ਨਿਰਮਲ ਦੀਪਕ ਜੋਤ ਕਰੇ ਪਰਕਾਸ਼, ਅਗਿਆਨ ਅੰਧੇਰਾ ਦਏ ਮਿਟਾਇਆ। ਗੁਰਮੁਖ ਸਾਚੇ ਬਲ ਬਲ ਜਾਸ, ਸੰਞ ਸਵੇਰਾ ਇਕ ਕਰਾਇਆ। ਮਿਲਿਆ ਮੇਲ ਹਰਿ ਸਰਬ ਗੁਣਤਾਸ, ਆਲਸ ਨਿੰਦਰਾ ਦਏ ਗਵਾਇਆ। ਕਰੇ ਕਰਾਏ ਪੂਰੀ ਆਸ, ਇੱਛਿਆ ਭਿੱਛਿਆ ਨਾਮ ਪਾਇਆ। ਆਦਿ ਅੰਤ ਨਾ ਜਾਏ ਵਿਨਾਸ, ਸਾਚੀ ਸਿਖਿਆ ਇਕ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ, ਏਕਾ ਦੇਵੇ ਨਾਮ ਧਨਾ, ਰੰਗਣ ਚੋਲੀ ਰੰਗ ਰੰਗਾਇਆ। ਹਰਿਜਨ ਸਾਚੇ ਸਦ ਬਲਿਹਾਰੀ, ਧੰਨ ਤੇਰੀ ਵਡਿਆਈਆ। ਮਿਲਿਆ ਮੇਲ ਹਰਿ ਨਿਰੰਕਾਰੀ, ਆਤਮ ਚਿੰਤ ਮਿਟਾਈਆ। ਜੁਗ ਜੁਗ ਪੈਜ ਰਿਹਾ ਸਵਾਰੀ, ਭਗਤ ਭਗਵੰਤੀ ਖੇਲ ਨਿਆਰੀਆ। ਆਪੇ ਹੋਏ ਪਹਿਰੇਦਾਰੀ, ਆਪੇ ਕਰੇ ਖ਼ਬਰਦਾਰੀ, ਆਪੇ ਹੋਏ ਰਾਮ ਮੁਰਾਰੀ, ਆਪੇ ਤੋੜੇ ਗੜ੍ਹ ਹੰਕਾਰੀਆ। ਆਪੇ ਹੋਏ ਕ੍ਰਿਸ਼ਨ ਮੁਰਾਰੀ, ਦੁਰਯੋਧਨ ਢਾਹੇ ਅਟੱਲ ਮੁਨਾਰੀਆ। ਆਪੇ ਹੋਏ ਵਡ ਸੰਸਾਰੀ, ਬਿਦਰ ਸੁਦਾਮਾ ਪਾਰ ਉਤਾਰੀਆ। ਆਪੇ ਹੋਏ ਜਗਤ ਉਧਾਰੀ, ਜੁਗ ਜੁਗ ਭੇਖ ਵਟਾਈਆ। ਕਲਜੁਗ ਤੇਰੀ ਅੰਤਮ ਵਾਰੀ, ਹਰਿ ਜੋਤੀ ਨੂਰ ਸਵਾਈਆ। ਚਾਰੋਂ ਕੁੰਟ ਹਾਹਾਕਾਰੀ, ਜਨ ਭਗਤਾਂ ਜੈ ਜੈ ਕਾਰ ਕਰਾਈਆ। ਕਲਜੁਗ ਰੈਣ ਅੰਧ ਅੰਧਿਆਰੀ, ਸਾਚਾ ਚੰਨ ਨਾ ਕੋਈ ਚੜ੍ਹਾਈਆ। ਜੂਠੇ ਝੂਠੇ ਮੀਤ ਮੁਰਾਰੀ, ਅੰਤਮ ਬੈਠੇ ਮੁਖ ਛੁਪਾਈਆ। ਮਾਇਆ ਮਮਤਾ ਮੋਹ ਸਿਕਦਾਰੀ, ਸਗਲਾ ਸਾਥ ਨਾ ਕੋਈ ਨਿਭਾਈਆ। ਵੇਲੇ ਅੰਤਮ ਹੋਏ ਖੁਆਰੀ, ਰਾਏ ਧਰਮ ਦਏ ਸਜ਼ਾਈਆ। ਲਾੜੀ ਮੌਤ ਦਏ ਬਹਾਰੀ, ਹੱਥ ਆਪਣੇ ਰਹੀ ਉਠਾਈਆ। ਗੁਰਮੁਖ ਸਾਚੇ ਲਏ ਉਭਾਰੀ, ਧਰਤਮਾਤ ਰਹੀ ਕੁਰਲਾਈਆ। ਧਰਮ ਰਾਏ ਵੇਖੇ ਅੱਖ ਉਘਾੜੀ, ਪੁਰਖ ਅਬਿਨਾਸ਼ੀ ਜੋਤ ਜਗਾਈਆ। ਮੰਗੇ ਭਿਖ ਸਤਾਰਾਂ ਹਾੜੀ, ਹਰਿ ਦੇਵੇ ਦਇਆ ਕਮਾਈਆ। ਗੁਰਮੁਖਾਂ ਸਹਾਈ ਜੰਗਲ ਜੂਹ ਉਜਾੜ ਪਹਾੜੀ, ਉਚੇ ਟਿੱਲੇ ਪਰਬਤ ਫੇਰਾ ਪਾਈਆ। ਰੱਖੇ ਲਾਜ ਚਰਨ ਛੁਹਾਈ ਦਾਹੜੀ, ਸੀਸ ਜਗਦੀਸ ਆਪਣਾ ਹੱਥ ਟਿਕਾਈਆ। ਆਪੇ ਹੋਏ ਪਿੱਛੇ ਅਗਾੜੀ, ਸਮਰਥ ਪੁਰਖ ਵਡਿਆਈਆ। ਆਤਮ ਘਰ ਵੱਜੀ ਵਧਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਦੇਵੇ ਨਾਮ ਵਡਿਆਈਆ। ਆਤਮ ਘਰ ਵੱਜੀ ਵਧਾਈ, ਦਿਵਸ ਰੈਣ ਮੰਗਲਾਚਾਰਾ। ਸੁਰਤ ਸਵਾਣੀ ਕਰੇ ਕੁੜਮਾਈ, ਹਰਿ ਪਾਇਆ ਕੰਤ ਭਤਾਰਾ। ਆਪੇ ਮੇਲੇ ਫੜ ਫੜ ਬਾਂਹੀ, ਊਚੋ ਊਚ ਅਗੰਮ ਅਪਾਰਾ। ਦੂਸਰ ਕੋਈ ਜਾਣੇ ਨਾਹੀ, ਅਗੰਮ ਅਗੰਮੜੀ ਕਾਰਾ। ਦੇਵਣਹਾਰਾ ਠੰਢੀਆਂ ਛਾਈਂ, ਸਤਿ ਪੁਰਖ ਰੂਪ ਅਪਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤ ਸੁਹਾਏ ਚਰਨ ਦਵਾਰਾ। ਚਰਨ ਦਵਾਰਾ ਸਚ ਟਿਕਾਣਾ, ਏਕਾ ਏਕ ਰਘੁਬੰਸਿਆ। ਆਗੇ ਦੇਵੇ ਨਾਮ ਬਿਬਾਣਾ, ਹਰਿਜਨ ਬਣਾਏ ਸਾਚੀ ਅੰਸਿਆ। ਸ਼ਬਦ ਸਰੂਪੀ ਪੀਣਾ ਖਾਣਾ, ਪੰਚ ਦੁਸ਼ਟ ਸੰਘਾਰੇ ਕਾਹਨਾ ਕੰਸਿਆਾ। ਨਾਦ ਅਨਾਦੀ ਏਕਾ ਗਾਣਾ, ਨਾਮ ਵਜਾਏ ਬੰਸਰੀ ਬੰਸਿਆ। ਸੋਹੰ ਨਾਮ ਸਚ ਤਰਾਨਾ, ਜਨਮ ਲਗਾਏ ਲੇਖੇ ਹਰਿ ਸਹੰਸਿਆ। ਆਪੇ ਵਰਤੇ ਆਪਣਾ ਭਾਣਾ, ਹਰਿ ਹਰਿ ਵਿਸ਼ਨੂੰ ਰੂਪ ਸਚ ਅੰਸਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਪੂਰ ਕਰਾਏ ਆਸਾ ਮਨਸਿਆ। ਮਨਸਾ ਪੂਰ ਸਰਬ ਕਲ ਦਾਤਾ, ਕੁਲਵੰਤ ਕਲ ਧਾਰੀ। ਆਤਮ ਬੋਧੀ ਸ਼ਬਦ ਗਿਆਨਾ, ਅਕਲ ਕਲਾ ਨਿਰੰਕਾਰੀ। ਜਨ ਭਗਤਾਂ ਹਿਰਦਾ ਆਪੇ ਸੋਧਾ, ਬਖ਼ਸ਼ੇ ਚਰਨ ਪਿਆਰੀ। ਹਰਿਜਨ ਬਣਾਏ ਜੋਧਨ ਜੋਧਾ, ਹਰਿ ਹੱਥ ਖੰਡਾ ਸ਼ਬਦ ਦੋ ਧਾਰੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਦੇਵੇ ਨਾਮ ਖੁਮਾਰੀ। ਨਾਮ ਖੁਮਾਰੀ ਸਾਚੀ ਵਸਤ, ਗੁਰ ਪੂਰੇ ਹੱਥ ਰਖਾਈਆ। ਦੇਵਣਹਾਰਾ ਦਸਤ ਬਦਸਤ, ਲਹਿਣਾ ਦੇਣਾ ਮੂਲ ਚੁਕਾਈਆ। ਅੱਠੇ ਪਹਿਰ ਰੱਖੇ ਮਸਤ, ਲੋਚਨ ਨੈਣਾਂ ਦਰਸ ਦਿਖਾਈਆ। ਨਾ ਕੋਈ ਜਾਣੇ ਕੀਟ ਹਸਤ, ਹਸਤ ਕੀਟ ਆਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਗਤਨ ਵਸਿਆ ਸਾਚੇ ਘਰ, ਘਰ ਸਾਚਾ ਆਪ ਸੁਹਾਈਆ।

Leave a Reply

This site uses Akismet to reduce spam. Learn how your comment data is processed.