Granth 05 Likhat 062: 24 Poh 2012 Har Bhagat Dwar Jethuwal Jila Amritsar

੨੪ ਪੋਹ ੨੦੧੨ ਬਿਕ੍ਰਮੀ ਹਰਿ ਭਗਤ ਦਵਾਰ ਜੇਠੂਵਾਲ ਜ਼ਿਲਾ ਅੰਮ੍ਰਿਤਸਰ

ਜਗਤ ਜੁਗੀਸ਼ਰ ਆਪ ਪ੍ਰਭ, ਏਕਾ ਜੋਗ ਕਮਾਇਆ। ਜਗਤ ਮੁਨੀਸ਼ਰ ਆਪ ਪ੍ਰਭ, ਚਿੰਤਾ ਰੋਗ ਸੋਗ ਪ੍ਰਭ ਰਿਹਾ ਮਿਟਾਇਆ। ਜਗਤ ਤਪੀਸ਼ਰ ਆਪ ਪ੍ਰਭ, ਤਨ ਮਨ ਰਸਨਾ ਭੋਗ ਮਾਤ ਤਜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਜਗਤ ਅਵੱਲੜਾ ਰਾਹ ਚਲਾਇਆ। ਜਪ ਤਪ ਅਭਿਆਸ ਸਰਬ ਸੰਸਾਰਿਆ। ਲਿਖਿਆ ਲੇਖ ਵੇਦ ਵਿਆਸ, ਨਿਹਕਲੰਕ ਲਏ ਅਵਤਾਰਿਆ। ਜੇਰਜ ਖਾਣੀ ਨਾ ਕੋਈ ਜਾਣੇ ਦਸ ਦਸ ਮਾਸ, ਪਾਰਬ੍ਰਹਮ ਭੇਵ ਅਪਾਰਿਆ। ਸਚ ਮੰਡਲ ਜੋਤ ਪਰਕਾਸ਼, ਦੇਵੀ ਦੇਵ ਸਰਬ ਭੁਲਾ ਰਿਹਾ। ਵੇਖ ਵਖਾਣੇ ਪ੍ਰਿਥਮੀ ਅਕਾਸ਼, ਬ੍ਰਹਮ ਸ਼ਿਵ ਸੀਸ ਝੁਕਾ ਰਿਹਾ। ਸ਼ਬਦ ਸਰੂਪੀ ਪਾਵੇ ਰਾਸ, ਪਵਣ ਸਵਾਸ ਇਕ ਚਲਾ ਰਿਹਾ। ਭਗਤ ਸੁਹੇਲਾ ਹੋਇਆ ਦਾਸ, ਸਾਚੀ ਬਣਤ ਮਾਤ ਬਣਾ ਰਿਹਾ। ਘਰ ਮੰਦਰ ਅੰਦਰ ਕੀਨਾ ਵਾਸ, ਸੋਹੰ ਸੋ ਜਾਪ ਜਪਾ ਰਿਹਾ। ਮਿਲਿਆ ਮੇਲ ਸਰਬ ਗੁਣਤਾਸ, ਸਦ ਗਿਆਰਾਂ ਲੇਖੇ ਲਾ ਰਿਹਾ। ਗਿਆਰਾਂ ਸਦ ਜਗਤ ਪਰਭਾਸ, ਗੁਰਮੁਖ ਸੋਏ ਮਾਤ ਜਗਾ ਰਿਹਾ। ਦਿਸੇ ਨਾ ਸ਼ਾਹੋ ਸ਼ਾਬਾਸ, ਕਲਧਾਰੀ ਕਲ ਵਰਤਾ ਰਿਹਾ। ਗੁਰਮੁਖ ਸਾਚੇ ਸਦ ਬਲ ਬਲ ਜਾਸ, ਬ੍ਰਹਮ ਪਾਰਬ੍ਰਹਮ ਪ੍ਰਭ ਸਾਚੀ ਸੇਵ ਕਮਾ ਰਿਹਾ। ਗੁਰਮੁਖ ਸਾਚੀ ਸੇਵ, ਹਰਿ ਸਾਚੇ ਮਾਤ ਲਗਾਈਆ। ਤਨ ਕਾਇਆ ਰਸਨਾ ਸਾਚੀ ਜੇਹਵ, ਵਡ ਦੇਵੀ ਦੇਵ ਦਇਆ ਕਮਾਈਆ। ਅਚਰਜ ਲੀਲਾ ਅਲਖ ਅਭੇਵ, ਜੋਤ ਨਿਰੰਜਣ ਆਪ ਕਰਾਈਆ। ਕਾਇਆ ਫ਼ਲ ਲੱਗਾ ਸਾਚਾ ਮੇਵ, ਸਚ ਦਿਹਾੜਾ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਅੰਤ ਵਿਹਾਰਾ, ਸਤਿਜੁਗ ਤੇਰਾ ਸਤਿ ਪਸਾਰਾ, ਦੋਹਾਂ ਵੇਖੇ ਇਕ ਦਵਾਰਾ, ਆਪ ਆਪਣੇ ਰੰਗ ਸਮਾਈਆ। ਆਪ ਆਪਣੇ ਰੰਗ ਸਮਾਇਆ। ਪੰਚਮ ਪੋਹ ਪੰਚ ਪਰਧਾਨਾ, ਪੰਚਮ ਬੇੜਾ ਰਿਹਾ ਬੰਨ੍ਹਾਇਆ। ਪੰਚਮ ਦੇਵੇ ਸ਼ਬਦ ਤਰਾਨਾ, ਜੋਤ ਨਿਰੰਜਣ ਇਕ ਮਹਾਨਾ, ਰਾਗ ਅਨਾਦਾ ਰਿਹਾ ਸੁਣਾਇਆ। ਸ਼ਬਦ ਸਰੂਪੀ ਹੱਥੀਂ ਗਾਨਾ ਏਕਾ ਬੰਨ੍ਹੇ ਸ਼ਾਹ ਸੁਲਤਾਨਾ, ਗੁਣ ਅਵਗੁਣ ਨਾ ਕੋਈ ਜਣਾਇਆ। ਭੇਵ ਅਭੇਦਾ ਖੇਲ ਮਹਾਨਾ, ਅਛਲ ਅਛੇਦਾ ਸ੍ਰਿਸ਼ਟ ਭੁਲਾਨਾ, ਚਾਰ ਵੇਦਾਂ ਵਕਤ ਚੁਕਾਨਾ, ਸੋਹੰ ਸਾਚਾ ਰਾਗ ਸੁਣਾਇਆ। ਜਨ ਭਗਤਾਂ ਸੁਣਾਏ ਸਾਚਾ ਗਾਨਾ, ਧੁਰ ਦਰਗਾਹੀ ਦੇਵੇ ਦਾਨਾ, ਝੁੱਲਦਾ ਰਹੇ ਮਾਤ ਨਿਸ਼ਾਨਾ, ਨਾ ਕੋਈ ਮੇਟੇ ਮੇਟ ਮਿਟਾਇਆ। ਪੂਰਨ ਜੋਤ ਸ੍ਰੀ ਭਗਵਾਨਾ, ਨਿਹਕਲੰਕ ਬਲੀ ਬਲਵਾਨਾ, ਪਰਗਟ ਹੋਏ ਵਾਲੀ ਦੋ ਜਹਾਨਾ, ਸ਼ਬਦ ਡੰਕ ਰਿਹਾ ਵਜਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਵੇਖ ਹਰਿ, ਆਪ ਆਪਣਾ ਸੰਗ ਨਿਭਾਇਆ। ਜਗਤ ਤ੍ਰਿਸ਼ਨਾ ਅੱਗ, ਕਲ ਜਲਾਇਆ। ਲੱਖ ਚੁਰਾਸੀ ਰਹੀ ਦਗ, ਨਾ ਕਿਸੇ ਕੋਈ ਛੁਡਾਇਆ। ਜੂਠੀ ਝੂਠੀ ਵਾ ਰਹੀ ਵਗ, ਦਿਵਸ ਰੈਣ ਅੰਧੇਰ ਮਚਾਇਆ। ਮਾਨਸ ਦੇਹੀ ਹੰਸ ਹੋਈ ਕਗ, ਸ਼ਬਦ ਚੋਗ ਨਾ ਕੋਈ ਚੁਗਾਇਆ। ਦੀਪਕ ਜੋਤ ਨਾ ਗਈ ਜਗ, ਅੰਧ ਅਗਿਆਨ ਅੰਧੇਰ ਨਾ ਕੋਇ ਮਿਟਾਇਆ। ਧੀਰਜ ਯਤ ਤੁਟਾ ਤਗ, ਸਤਿ ਧਰਮ ਨਾ ਕੋਇ ਰਖਾਇਆ। ਜਮ ਜਮਕਾਲ ਪਕੜ ਪਛਾੜੇ ਸ਼ਾਹਰਗ, ਨਾ ਹੋਏ ਕੋਈ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵਡ ਦਾਤਾ ਸੂਰਾ ਸਰਬਗ ਏਕਾ ਏਕ ਅਖਵਾਇਆ। ਏਕਾ ਏਕ ਅਕਾਲ, ਸਰਬ ਘਟ ਵਸਿਆ। ਪਰਗਟ ਹੋਏ ਦੀਨ ਦਿਆਲ, ਰਾਹ ਸਾਚਾ ਮਾਤ ਦੱਸਿਆ। ਦਿਵਸ ਰੈਣ ਰਿਹਾ ਸੁਰਤ ਸੰਭਾਲ, ਅੰਦਰ ਬਾਹਰ ਫਿਰੇ ਨੱਸਿਆ। ਦੇਵੇ ਨਾਮ ਸੱਚਾ ਧਨ ਮਾਲ, ਨਰ ਹਰਿ ਹਰਿ ਨਰ ਹਿਰਦੇ ਵਸਿਆ। ਜਗਤ ਮਾਇਆ ਤੋੜ ਜੰਜ਼ਾਲ, ਮਾਰੇ ਸ਼ਬਦ ਇਕ ਉਛਾਲ, ਭਾਗ ਲਗਾਏ ਮਾਟੀ ਖਾਲ, ਮਿਲੇ ਨਾਮ ਦਾਨ ਅਨਮੁਲਿਆ। ਦੋ ਜਹਾਨੀ ਦਰ ਦਲਾਲ, ਨੇੜ ਨਾ ਆਏ ਕਾਲ ਮਹਾਂਕਾਲ, ਜਨ ਹਰਿ ਵਰੋਲੇ ਲੋਕਮਾਤੀ ਭਾਲ, ਅੰਤਮ ਬੇੜਾ ਰਿਹਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸਰੂਪੀ ਚਲੇ ਨਾਲ ਨਾਲ, ਪੰਚਮ ਪੰਚਾਂ ਦੇਵੇ ਡੰਨਿਆ। ਪੰਚਮ ਦੇਵੇ ਡੰਨ, ਮਾਤ ਜਗਾਇਆ। ਪੰਚਮ ਦੇਵੇ ਭੰਨ, ਪੰਚ ਉਪਜਾਇਆ। ਪੰਚਮ ਲਾਏ ਸੰਨ੍ਹ, ਪੰਚਮ ਝੋਲੀ ਰਿਹਾ ਭਰਾਇਆ। ਪੰਚਮ ਭਰਮੇ ਭੁੱਲੇ ਜਨ, ਪੰਚਮ ਭਾਂਡਾ ਭਰਮ ਭੰਨਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਪੰਚ ਵਿਚੋਲਾ ਪੰਚਮ ਪੰਚਾਂ ਵਿਚ ਸਮਾਇਆ। ਪੰਚ ਗਵਾਏ ਪੰਚ ਬਣਾਏ ਪੰਚਮ ਜੋਤ ਜਗਾਈਆ। ਪੰਚਮ ਸੁਰਤੀ ਸ਼ਬਦ ਸੰਗ ਮਿਲਾਏ, ਪੰਚਮ ਮੁਖ ਭਵਾਈਆ। ਜਮ ਕਾਲ ਰਾਣੀ ਦਰਸ ਦਿਖਾਏ, ਪੰਚਮ ਰੋ ਰੋ ਦਏ ਦੁਹਾਈਆ। ਪੰਚਮ ਅੰਮ੍ਰਿਤ ਆਤਮ ਮੇਘ ਬਰਸ ਵਖਾਏ, ਪੰਚਮ ਦਿਵਸ ਰੈਣ ਰਹੇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਪੰਚਮ ਬੰਨ੍ਹੇ ਪੰਚਮ ਨਾਤਾ ਪੰਚਮ ਪੰਚਾਂ ਰਹੇ ਜੁਦਾਈਆ। ਪੰਚਮ ਜੁਦਾਈ ਅੰਤ ਕਲ, ਨਰ ਹਰਿ ਸਾਚੇ ਮਾਤ ਕਰਾਈਆ। ਪੰਚਮ ਵਡਿਆਈ ਜਲ ਥਲ, ਪ੍ਰਭ ਆਪੇ ਬਣਤ ਬਣਾਈਆ। ਪੰਚਮ ਕਮਾਈ ਅੱਜ ਕੱਲ, ਕਾਲਖ ਟਿੱਕਾ ਮਸਤਕ ਛਾਹਿਆ। ਪੰਚਮ ਵਡਿਆਈ ਘੜੀ ਘੜੀ ਪਲ ਪਲ, ਪੰਚਮ ਮਿਲਿਆ ਸਹਿਜ ਸੁਭਾਈਆ। ਪੰਚਮ ਕਰੇ ਵਲ ਛਲ, ਛਲ ਵਲ ਕਰ ਭੁਲਾਈਆ। ਪੰਚਮ ਜਾਏ ਬਲ ਬਲ, ਪੰਚਮ ਰਿਹਾ ਜਗਾਈਆ। ਪੰਚਮ ਲਾਹੇ ਦੂਈ ਦਵੈਤੀ ਸਲ, ਨਾ ਕੋਈ ਮੇਟੇ ਮੇਟ ਮਿਟਾਈਆ। ਪੰਚਮ ਬੈਠਾ ਆਪੇ ਰਲ, ਸੁਨ ਸਮਾਧੀ ਆਸਣ ਲਾਈਆ। ਪੰਚਮ ਮੇਲਾ ਮਨ ਤਨ, ਨੌਂ ਦਵਾਰ ਰਹੇ ਹਲਕਾਈਆ। ਪੰਚਮ ਮਿਲਿਆ ਨਾਮ ਧਨ, ਸਚ ਸਮਗਰੀ ਇਕ ਰਖਾਈਆ। ਪੰਚਮ ਪੰਚਮ ਪ੍ਰਭ ਜਾਏ ਮੰਨ, ਪੰਚਮ ਕਰੇ ਮਾਤ ਕੁੜਮਾਈਆ। ਨਰ ਹਰਿ ਸਾਚਾ ਮੰਨਿਆ, ਪੰਚਮ ਮਿਲੇ ਮੇਲ ਹਰਿ ਰਘੁਰਾਈਆ। ਲੱਗੇ ਭਾਗ ਕਾਇਆ ਛੱਪਰ ਛੰਨਿਆ, ਕਲਜੁਗ ਰੈਣ ਸੁਹੰਜਣੀ ਆਈਆ। ਸੁਰਤੀ ਸ਼ਬਦ ਸੇਵ ਕਮਾਈ, ਨਰ ਹਰਿ ਸਾਚਾ ਸ਼ਾਹੋ ਮੰਨਿਅ, ਗੁਰਮੁਖ ਵੇਖੇ ਥਾਂਓ ਥਾਈਂਆ। ਅਗੰਮ ਅਗੰਮੜਾ ਬੇਪਰਵਾਹੀ ਮੇਟ ਮਿਟਾਏ ਝੂਠਾ ਜੰਨਿਆ, ਜੋਤੀ ਜੋਤ ਸਰੂਪ ਹਰਿ, ਪੰਚਮ ਜੋਤੀ ਇਕ ਕਰ, ਸ਼ਬਦ ਦੇਵੇ ਨਾਮ ਵਰ, ਸਾਚਾ ਰਾਗ ਸੁਣਾਈਆ। ਰਾਗ ਕੰਨ ਸੰਗੀਤ ਪ੍ਰਭ ਸੁਣਾਈਆ। ਸ਼ਬਦ ਸਚ ਸੁਹਾਗੀ ਗੀਤ, ਸੋਹੰ ਸੋ ਮਾਤ ਵਡਿਆਈਆ। ਸਤਿਜੁਗ ਸਤਿ ਮਿਲਿਆ ਗੁਰ ਮੀਤ, ਦੂਸਰ ਕੋਈ ਭੇਵ ਨਾ ਪਾਈਆ। ਨਾ ਕੋਈ ਦਿਹੁਰਾ ਮੰਦਰ ਮਸੀਤ, ਗੁਰਦਵਾਰਾ ਰਹਿਣ ਨਾ ਪਾਈਆ। ਦਰ ਘਰ ਬੈਠਾ ਪਰਖੇ ਨੀਤ, ਨਾ ਕੋਈ ਸਕੇ ਭੇਦ ਛੁਪਾਈਆ। ਜਨ ਭਗਤਾਂ ਬਖ਼ਸ਼ੇ ਚਰਨ ਪ੍ਰੀਤ, ਸੇਵਕ ਸੇਵਾ ਸਾਚੀ ਲਾਈਆ। ਸਾਚਾ ਮੇਲਾ ਸੱਜਣ ਸੁਹੇਲੇ ਮੀਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੋਤੀ ਇਕ ਧਰ, ਏਕਾ ਰੰਗ ਰੰਗਾਈਆ। ਪੰਚਮ ਰੰਗ ਚਲੂਲ ਹਰਿ ਚੜ੍ਹਨਿਆ। ਮਿਲਿਆ ਮੇਲ ਕੰਤ ਕੰਤੂਹਲ, ਸਤਿਜੁਗ ਚੜ੍ਹਿਆ ਸਾਚਾ ਚੰਨਿਆ। ਸ਼ਬਦ ਪੰਘੂੜਾ ਲੈਣਾ ਝੂਲ, ਗਗਨ ਰਾਗ ਸੁਣਿਆ ਕੰਨਿਆ। ਸ਼ਿਵ ਜੀ ਸੁੱਟੀ ਹੱਥੋਂ ਤ੍ਰਿਸੂਲ, ਸੋਹੰ ਦੇਵਣ ਆਇਆ ਡੰਨਿਆ। ਕਰੋੜ ਤੇਤੀਸਾ ਬਰਖੇ ਫੂਲ, ਹਰਿ ਹਰਿ ਭਾਣਾ ਜਿਸ ਜਨ ਮੰਨਿਆ। ਜੋ ਜਨ ਗਏ ਮਾਤ ਅੰਤ ਕਲ ਭੂਲ, ਮਾਨਸ ਦੇਹੀ ਨਾ ਬੇੜਾ ਬੰਨ੍ਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੋਤੀ ਇਕ ਦਰ, ਦਰ ਦਵਾਰਾ ਏਕਾ ਮੰਨਿਆ। ਕਵਣ ਜਗਾਏ ਪੰਚ, ਪੰਚਮ ਕਵਣ ਸੋਇਆ। ਵੇਖੇ ਖੇਲ ਕਵਣ ਪਰਪੰਚ, ਪੰਚਮ ਨਾਤਾ ਦਏ ਤੁੜਾਇਆ। ਕਵਣ ਬੁਝਾਏ ਤ੍ਰਿਸਨਾ ਅੰਚ, ਕਵਣ ਸਾਂਤਕ ਸਤਿ ਵਰਤਾਇਆ। ਮਾਨਸ ਦੇਹੀ ਕਾਇਆ ਕੰਚ, ਘੜਨ ਭੰਨਣਹਾਰ ਕਵਣ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਪੰਚਮ ਜੋਤੀ ਨੂਰ ਕਰ, ਪੰਚ ਪੰਚਾਲੀ ਰਿਹਾ ਸੁਣਾਇਆ। ਪੰਚ ਪੰਚਾਇਣੀ ਤਾਜ, ਹਰਿ ਸੁਹੰਦੜਾ। ਆਪੇ ਕਰੇ ਆਪਣਾ ਕਾਜ, ਭਗਤ ਸੁਹੇਲ ਸਦਾ ਬਖ਼ਸ਼ੰਦੜਾ। ਭਾਗ ਲੱਗੇ ਦੇਸ ਮਾਝ, ਨਾ ਕੋਈ ਜਾਣੇ ਜੀਵ ਅੰਧੜਾ। ਜਨ ਭਗਤਾਂ ਦੇਵੇ ਸ਼ਬਦ ਦਾਜ, ਮਨਮੁਖ ਭਾਗਾਂ ਮੰਦੜਾ। ਜੋਤੀ ਜੋਤ ਸੋਹੰ ਸੋ ਮਾਰੀ ਅਗਾਜ਼, ਗੜ੍ਹ ਹੰਕਾਰੀ ਤੋੜ ਤੁੜਾਏ ਜੰਦਰਾ। ਗੁਰਮੁਖ ਸਾਚੇ ਸ਼ਬਦ ਡੋਰੀ ਰਿਹਾ ਪ੍ਰੋ, ਰੱਖੇ ਲਾਜ ਸਾਜਣ ਸਾਜ ਆਪ ਅਖਵੰਦੜਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਨਿਹਕਲੰਕ ਨਰਾਇਣ ਨਰ, ਏਕਾ ਏਕ ਸਾਚਾ ਰਾਹ ਸ੍ਰਿਸ਼ਟ ਸਬਾਈ ਆਪ ਵਖੰਦੜਾ। ਸਤਿਜੁਗ ਸਾਚਾ ਰਾਹ ਵਖਾਏ, ਨਈਆ ਨਾਮ ਚਲਾਈਆ। ਲੱਖ ਚੁਰਾਸੀ ਫਾਹ ਕਟਾਏ, ਭੈਣਾਂ ਭਈਆਂ ਸਾਕ ਤੁੜਾਈਆ। ਧੁਰ ਦਰਗਾਹੀ ਭਗਤ ਮਲਾਹ ਆਪੇ ਹੋ ਜਾਏ, ਸਾਚੀ ਬਈਂਆ ਆਪ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੰਚਮ ਜੋਤੀ ਨੂਰ ਕਰ, ਸਾਚਾ ਨਾਉਂ ਇਕ ਚਲਾਈਆ। ਨੌਂ ਸਤ ਪ੍ਰਭ ਕਰ ਵਿਹਾਰਾ, ਅੰਤਮ ਅੰਤ ਕਰਾਈਆ। ਪੁਰੀਆਂ ਲੋਆਂ ਇਕ ਜੈਕਾਰਾ, ਏਕਾ ਏਕ ਸੁਣਾਈਆ। ਬ੍ਰਹਿਮੰਡ ਖੰਡ ਪ੍ਰਭ ਬੰਨ੍ਹੇ ਧਾਰਾ, ਵਰਭੰਡ ਰੀਤ ਚਲਾਈਆ। ਕਰੇ ਵੰਡ ਪ੍ਰਭ ਖੇਲ ਨਿਆਰਾ, ਗੁਰਮੁਖਾਂ ਵੰਡ ਵੰਡਾਈਆ। ਅਸੂ ਤਿੰਨ ਸਚ ਦਿਹਾੜਾ, ਪ੍ਰਭ ਸਾਚਾ ਲੇਖ ਲਿਖਾਈਆ। ਉਨੀ ਅਸੂ ਇੰਦਰ ਅਖਾੜਾ, ਰਿਹਾ ਖ਼ੁਸ਼ੀ ਮਨਾਈਆ। ਪੰਚਮ ਕੱਤਕ ਉਚ ਪਹਾੜਾ, ਪਰਬਤ ਅਕਾਸ਼ ਰਿਹਾ ਹਿਲਾਈਆ। ਉਨੀ ਕੱਤਕ ਸ਼ਬਦ ਧਾੜਾ, ਸ਼ਿਵ ਸ਼ੰਕਰ ਰਿਹਾ ਜਗਾਈਆ। ਸੱਤ ਮੱਘਰ ਪਕੜੇ ਦਾੜਾ, ਬ੍ਰਹਮੇ ਮੁਖ ਰਿਹਾ ਭੁਵਾਈਆ। ਤੇਈ ਮੱਘਰ ਜੋਤੀ ਲਾੜਾ, ਸ਼ਬਦ ਆਪ ਬਣਾਈਆ। ਨੌਂ ਪੋਹ ਕਰੇ ਵਾੜਾ, ਗੁਰਮੁਖ ਸਾਚੇ ਹੋਏ ਸਹਾਈਆ। ਪੰਝੀ ਪੋਹ ਖੇਲ ਅਪਾਰਾ, ਬਹੱਤਰ ਨਾੜੀ ਦੀਪਕ ਜੋਤੀ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਮਾਤ ਕਰਾਏ ਧਰਮ ਅਖਾੜਾ, ਗਿਆਨ ਵੈਰਾਗ ਏਕਾ ਦਰ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਆਪ ਗਿਆ ਜਾਗ, ਸੁੱਤੀ ਸਰਬ ਲੋਕਾਈਆ। ਉਨੀ ਅੱਸੂ ਆਸ ਰਖਾਈ। ਪੰਚਮ ਕੱਤੇ ਵੱਜੇ ਵਧਾਈ। ਇੱਕੀ ਕੱਤਕ ਮਾਤ ਰੁਸ਼ਨਾਈ। ਸੱਤ ਮੱਘਰ ਕੁਕਰਮ ਜੁਦਾਈ। ਤੇਈ ਮੱਘਰ ਤ੍ਰਿਖਾ ਬੁਝਾਈ। ਨੌਂ ਪੋਹ ਦੁਰਮਤ ਮੈਲ ਧੋਹਿ, ਪ੍ਰਭ ਸੁਰਤੀ ਸ਼ਬਦ ਮਿਲਾਈ। ਪੰਝੀ ਪੋਹ ਪ੍ਰਭ ਪਰਗਟ ਹੋ, ਪੰਚਮ ਦੇਣ ਆਇਆ ਵਡਿਆਈ। ਪਰਗਟੇ ਸ਼ਬਦ ਸੋਹੰ ਸੋ, ਜੋਤ ਨਿਰੰਜਣ ਏਕਾ ਡਗਮਗਾਈ। ਸਾਧਾਂ ਸੰਤਾਂ ਆਤਮ ਸ਼ਕਤੀ ਲਏ ਖੋਹ, ਘਰ ਸਾਚੇ ਨਾ ਮਿਲੇ ਕਿਸੇ ਵਧਾਈਆ। ਗੁਰ ਮੰਦਰ ਅੰਦਰ ਬੈਠੇ ਰਹੇ ਰੋ, ਕਾਇਆ ਕਾਅਬਾ ਦਿਸ ਨਾ ਆਈਆ। ਜਨ ਭਗਤਾਂ ਦੁਰਮਤ ਮੈਲ ਧੋ, ਹੱਕ ਜ਼ਨਾਬਾ ਦੋ ਦੋ ਆਬਾ ਰਿਹਾ ਮੇਲ ਮਿਲਾਈਆ। ਅੰਮ੍ਰਿਤ ਝਿਰਨਾ ਨਿਝਰ ਚੋ, ਕਵਲ ਨਾਭੀ ਰਿਹਾ ਆਪ ਉਲਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਚਮ ਜੋਤੀ ਨੂਰ ਧਰ, ਨੂਰ ਤੂਰ ਏਕਾ ਏਕ ਰਿਹਾ ਕਰਾਈਆ। ਜੋਤੀ ਨੂਰ ਸ਼ਬਦ ਸੀਸ ਦਸਤਾਰ। ਸਰਬ ਕਲਾ ਭਰਪੂਰ ਹਰਿ ਜਗਦੀਸ ਨਿਹਕਲੰਕ ਲਏ ਅਵਤਾਰ। ਲੇਖਾ ਜਾਣੇ ਬੀਸ ਇੱਕੀਸ, ਨੌਂ ਖੰਡ ਵੰਡ ਪ੍ਰਭ ਪਾਏ ਸਾਰ। ਲੋਆਂ ਪੁਰੀਆਂ ਏਕਾ ਹਦੀਸਾ, ਕਰੇ ਕਰਾਏ ਜੈ ਜੈਕਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਪੰਚਮ ਦੇਵੇ ਨਾਮ ਵਰ, ਫੜ ਫੜ ਬਾਹੋਂ ਜਾਏ ਤਾਰ। ਇਕ ਇਕੱਲਾ ਹਰਿ ਮਨਾਇਆ। ਦੂਜਾ ਰੱਖੇ ਸ਼ਬਦ ਮਹੱਲਾ, ਤੀਜੇ ਵਾਜਾ ਪਵਣ ਵਜਾਇਆ। ਚੌਥੇ ਦਰ ਗੁਰਮੁਖ ਵਿਰਲੇ ਮੇਲਾ, ਦੂਸਰ ਕਿਸੇ ਹੱਥ ਨਾ ਆਇਆ। ਪੰਚਮ ਪੰਚ ਪਏ ਤਰਥੱਲਾ, ਪੰਚਮ ਵੇਲਾ ਇਕ ਸੁਹਾਇਆ। ਛੇਵੇਂ ਵੇਖੇ ਜਲਾ ਥਲਾ, ਡੂੰਘੀ ਡਲਾ ਭੇਵ ਨਾ ਰਾਇਆ। ਸਤਵੇਂ ਸ਼ਬਦ ਸੁਨੇਹੜਾ ਏਕਾ ਘੱਲਾ, ਗੁਰਮੁਖ ਕਾਇਆ ਅੰਦਰ ਇਕ ਸੁਹਾਇਆ। ਆਪੇ ਵਸੇ ਸਚ ਮਹੱਲਾ ਜੋਤ ਨਿਰੰਜਣ ਡੇਰਾ ਲਾਇਆ। ਦੀਪਕ ਸਾਚਾ ਏਕਾ ਬਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਝੀ ਪੋਹ ਤਿਲਕ ਲਲਾਟੀ ਸੋਹੰ ਸ਼ਬਦ ਲਗਾਇਆ। ਲੱਗੇ ਤਿਲਕ ਲਲਾਟ, ਪ੍ਰਭ ਲਗਾਇੰਦਾ। ਬਜਰ ਕਪਾਟੀ ਜਾਏ ਪਾਟ, ਪ੍ਰਭ ਸਾਚਾ ਤੀਰ ਚਲਾਇੰਦਾ। ਚੌਦਾਂ ਲੋਕਾਂ ਦਿਸੇ ਏਕਾ ਹਾਟ, ਇਕ ਵਣਜਾਰਾ ਵਣਜ ਕਰਾਇੰਦਾ। ਨੌਂ ਦਵਾਰੇ ਝੂਠਾ ਘਾਟ, ਦਸਵੇਂ ਅੰਮ੍ਰਿਤ ਆਪ ਪਿਆਇੰਦਾ। ਜੋਤੀ ਜਗੇ ਕਾਇਆ ਮਾਟ, ਸ਼ਬਦ ਧੁਨੀ ਨਾਦ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਗੁਰਮੁਖ ਸਾਚੇ ਸੰਤ ਜਨਾਂ ਏਕਾ ਰਾਹ ਵਖਾਇੰਦਾ। ਸਾਚੀ ਸੁਰਤੀ ਸੁਰਤ ਚਲਾਈ, ਮਤ ਬੁਧ ਭੇਵ ਨਾ ਰਾਇਆ। ਅਕਾਲ ਮੂਰਤ ਕਲ ਦਇਆ ਕਮਾਈ, ਪੰਚਾਂ ਰਿਹਾ ਦਰ ਦੁਰਕਾਇਆ। ਸ਼ਬਦ ਅਨਾਹਦ ਤੂਰਤ ਇਕ ਉਪਜਾਈ, ਸਾਚਾ ਰਾਗ ਕੰਨ ਸੁਣਾਇਆ। ਸਾਚੀ ਸੂਰਤ ਪ੍ਰਭ ਨਜ਼ਰੀ ਆਈ, ਭਾਂਡਾ ਭਰਮ ਭੰਨਾਇਆ। ਲੱਖ ਚੁਰਾਸੀ ਰਹੀ ਝੂਰਤ, ਦਰ ਘਰ ਸਾਚਾ ਕਿਸੇ ਹੱਥ ਨਾ ਆਇਆ। ਨੌਂ ਦਵਾਰੇ ਕੂੜੋ ਕੂੜਤ, ਜਗਤ ਅਡੰਬਰ ਖੇਲ ਰਚਾਇਆ। ਦਰ ਘਰ ਸਾਚੇ ਚਰਨ ਧੂੜਤ, ਪੰਝੀ ਪੋਹ ਜਨ ਭਗਤਾਂ ਪ੍ਰਭ ਸਵੰਬਰ ਮਾਤ ਰਚਾਇਆ। ਚਤੁਰ ਸੁਜਾਨ ਕਰੇ ਮਨ ਮੂੜ੍ਹਤ, ਅਗਿਆਨ ਅੰਧੇਰਾ ਦਏ ਮਿਟਾਇਆ। ਏਕਾ ਰੰਗਣ ਰੰਗ ਚੜ੍ਹਾਏ ਗੂੜ੍ਹਤ, ਸਵਾ ਪਹਿਰ ਦੋਏ ਦੋਏ ਲੋਚਨ ਜਿਸ ਜਨ ਦਰਸ਼ਨ ਪਾਇਆ। ਲੱਗੇ ਭਾਗ ਕੁਲ ਕੁਲਵੰਤੀ ਜਿਉਂ ਬਾਲ ਪਿਤਾ ਬਲੋਚਨ, ਬਲੋਚਨ ਪਿਤਾ ਪ੍ਰਹਿਲਾਦ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਬਾਵਨ ਬਵਰਾ ਅਵਰਾ ਗਵਰਾ ਨਿਹਕਲੰਕ ਭੇਖ ਵਟਾਇਆ। ਗੁਰਮੁਖਾਂ ਪਿਤਾ ਮਾਤ ਪੁੱਤ ਸੱਸੂ ਸੁਹਰਾ, ਦੋਹਾਂ ਵਿਹਾਰਾ ਇਕ ਕਰਾਇਆ। ਦੋ ਜਹਾਨੀ ਕਾਰਜ ਸਵਰਾ, ਪੁਰਖ ਅਬਿਨਾਸ਼ੀ ਦਰਸ਼ਨ ਪਾਇਆ। ਮਿਲਿਆ ਮੇਲ ਪ੍ਰਭ ਗਹਿਰ ਗਵਰਾ, ਚਰਨ ਕਵਲ ਕਵਲ ਚਰਨ ਹੋਏ ਭਵਰਾ, ਸੋਹੰ ਸੋ ਸੁਗੰਧੀ ਦਿਵਸ ਰੈਣ ਤਨ ਮਨ ਰਹੀ ਮਹਿਕਾਇਆ। ਹਉਮੇ ਕੱਢੇ ਵਾਸਨਾ ਗੰਦੀ, ਰਸਨਾ ਗਾਇਆ ਜਿਸ ਜਨ ਬੱਤੀ ਦੰਦੀ, ਪ੍ਰਭ ਸਾਚਾ ਚੰਦ ਚੜ੍ਹਾਇਆ। ਲੱਖ ਚੁਰਾਸੀ ਭਾਗਾਂ ਮੰਦੀ, ਨਾਮ ਵਿਹੁਣੀ ਆਤਮ ਅੰਧੀ, ਭੇਵ ਅਭੇਦ ਨਾ ਪਾਇਆ। ਨਾ ਕੋਈ ਗਾਏ ਰਾਗ ਸੋਰਠ ਸਵਈਆ ਛੰਦ ਬੰਦੀ, ਅਸ਼ਟ ਪਦੀਆਂ ਕਿਸੇ ਪਦ ਨਾ ਲਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਪੁਰਖ ਅਬਿਨਾਸ਼ੀ ਘਰ ਆਪਣੇ ਸਦ, ਸ਼ਬਦ ਸਰੂਪੀ ਮੇਲ ਮਿਲਾਇਆ। ਕਲਜੁਗ ਤੇਰੀ ਲੰਘੀ ਹੱਦ, ਲੱਖ ਚੁਰਾਸੀ ਗੇੜ ਕਟਾਇਆ। ਭਾਗ ਲਗਾਇਆ ਯੱਦ, ਬੰਸ ਸਰਬੰਸ ਪਾਰ ਕਰਾਇਆ। ਅੰਮ੍ਰਿਤ ਪੀਣਾ ਸਾਚੀ ਮੱਧ ਛੱਬੀ ਪੋਹ ਦਿਵਸ ਸੁਹਾਇਆ। ਜੋਤ ਨਿਰੰਜਣ ਨਾ ਕੋਈ ਪਛਾਣੇ ਉਚਾ ਲੰਮਾ ਚੌੜਾ ਕੱਦ, ਗੁਰਮੁਖ ਤੇਰੇ ਹਿਰਦੇ ਵਿਚ ਸਮਾਇਆ। ਕਰ ਪਿਆਰ ਗੁਰਮੁਖ ਸਾਚੇ ਪ੍ਰਭ ਦਏ ਸ਼ਿੰਗਾਰ ਸੂਹੇ ਫੂਲਨਹਾਰ ਲਦ, ਆਪ ਆਪਣੀ ਬਣਤ ਬਣਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਸੰਗਤ ਤੇਰਾ ਸੇਵਾਦਾਰ, ਜੋਤੀ ਜਾਮਾ ਭੇਖ ਧਰ, ਆਪੇ ਆਪ ਅਖਵਾਇਆ। ਹਰਿ ਭਿਖਾਰ ਭਿੱਖਕ ਦਿਵਸ ਰੈਣ ਮੰਗੇ ਭਿੱਖਿਆ। ਲੇਖਾ ਲਿਖੇ ਲਿਖਾਰੀ, ਨਿਹਕਲੰਕ ਗੁਰ ਸੰਗਤ ਗੁਰ ਪੂਰੇ ਕਰਨੀ ਰਛਿਆ। ਨਾ ਕੋਈ ਛੋਟਾ ਵਡਾ ਨਿੱਕਾ, ਏਕਾ ਅੱਖਰ ਜਗਤ ਵੱਖਰ ਸਾਚੀ ਸਿਖਿਆ। ਆਪੇ ਜਾਣੇ ਰਸ ਮਿੱਠਾ ਫਿੱਕਾ, ਜੋ ਜਨ ਪ੍ਰਭ ਚਰਨ ਦਵਾਰੇ ਵਿਕਿਆ। ਜੋਤੀ ਜੋਤ ਸਰੂਪ ਹਰਿ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖ ਗੁਰਮੁਖ ਤੇਰੇ ਮਿਲਣ ਦੀ ਦਿਵਸ ਰੈਣ ਰੱਖੇ ਸਿਕਿਆ। ਆ ਮਿਲ ਆ ਮਿਲ ਆ ਮਿਲ ਮੇਰੇ ਮੀਤ, ਹਉਂ ਵਾਰੀ ਮੈਂਡੇ ਸੱਜਣਾ। ਗਲ ਲਾਗ ਗਲ ਲਾਗ ਸੁਹਾਈ ਰੀਤ, ਮੈਂ ਤੈਂਡਾ ਕਰਾਂ ਮਜਨਾ। ਦਿਵਸ ਰੈਣ ਰਾਖਾਂ ਹਉਂ ਚੀਤ, ਅੰਤ ਤੇਰਾ ਪੜਦਾ ਕੱਜਣਾ। ਕਿਸੇ ਹੱਥ ਨਾ ਆਉਣਾ ਗੁਰੂਦਵਾਰੇ ਮੰਦਰ ਮਸੀਤ, ਭਾਂਡਾ ਝੂਠਾ ਅੰਤਮ ਸੱਦ ਹੈ ਭੱਜਣਾ। ਧੰਨ ਗੁਰ ਧੰਨ ਗੁਰ ਧੰਨ ਗੁਰ ਪਰਖੇ ਨੀਤ, ਵੇਲੇ ਅੰਤਮ ਰੱਖੇ ਲੱਜਨਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਰੱਖੇ ਜਗਤ ਲੱਜਨਾ।।

Leave a Reply

This site uses Akismet to reduce spam. Learn how your comment data is processed.