੩ ਅਸੂ ੨੦੧੩ ਡਾ੦ ਰੂਪ ਲਾਲ ਬੱਤਰੇ ਨਾਲ ਬਚਨ ਹੋਏ ਦਿੱਲੀ
ਨਿਰਮਲ ਜੀਆ ਆਪ ਕਰੇ, ਆਪਣੀ ਕਿਰਪਾ ਧਾਰ। ਦੀਪਕ ਦੇਵੇ ਇਕ ਦੀਆ, ਜੋਤੀ ਨੂਰ ਅਪਾਰ। ਆਤਮ ਬੀਜ ਬੀਜੇ ਸ਼ਬਦ ਬੀਆ, ਫਲ ਲਾਏ ਕਾਇਆ ਡਾਲ੍ਹ। ਨਾਮ ਨਿਧਾਨ ਗੁਰਮੁਖ ਵਿਰਲੇ ਮਾਤ ਪੀਆ, ਤੋੜੇ ਜਗਤ ਜੰਜਾਲ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜੋਤੀ ਭੇਖ ਧਰ, ਜਨ ਭਗਤਾਂ ਹੋਏ ਆਪ ਦਲਾਲ। ਜਗਤ ਦਲਾਲ ਭਗਤ ਵਣਜਾਰਾ, ਸ਼ਬਦ ਹੱਟ ਖੁਲ੍ਹਾਇੰਦਾ। ਕਾਇਆ ਮੰਦਰ ਵੇਖੇ ਤੀਰਥ ਪਾਰ ਕਿਨਾਰਾ, ਅੰਮ੍ਰਿਤ ਆਤਮ ਤਾਲ ਸੁਹਾਇੰਦਾ। ਕਾਇਆ ਮਾਟੀ ਸ਼ਬਦ ਵਜਾਏ ਸਚ ਨਗਾਰਾ, ਤਾਲ ਆਪਣੇ ਹੱਥ ਰਖਾਇੰਦਾ। ਕਰੇ ਪਰਕਾਸ਼ ਏਕਾ ਏਕ ਏਕੰਕਾਰਾ, ਅਗਿਆਨ ਅੰਧੇਰ ਮਿਟਾਇੰਦਾ। ਨਾਦ ਧੁਨ ਉਪਜੇ ਸੁਣਾਏ ਰਾਗ ਹਰਿ ਸੁਣਨੇਹਾਰਾ, ਮੁਨ ਸੁਨ ਤੋੜ ਤੁੜਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਭਗਤ ਭਗਤੀ ਮਾਰਗ ਲਾਇੰਦਾ। ਭਗਤ ਭਗਵੰਤ ਸੰਤ ਕੰਤ ਏਕਾ ਸਚ ਹੰਢਾਈਆ। ਦਰ ਘਰ ਸਾਚੇ ਆਪ ਬਣਾਏ ਸਾਚੀ ਬਣਤ, ਸ਼ਬਦ ਸਿੰਘਾਸਣ ਫੂਲਨ ਸੇਜਾ, ਦਸਮ ਦਵਾਰੀ ਸਾਚੇ ਅੰਦਰ ਆਪ ਵਿਛਾਈਆ। ਜੋਤ ਨਿਰੰਜਣ ਸ਼ਬਦ ਸੁਨੇਹੜਾ ਭੇਜਾ, ਹਰਿਜਨ ਸਾਚੇ ਮਾਤ ਜਗਾਈਆ। ਹੱਥ ਫੜਾਏ ਨਾਮ ਸ਼ਸਤਰ ਨੇਜਾ, ਪੰਜਾਂ ਚੋਰਾਂ ਰਿਹਾ ਡਰਾਈਆ। ਨੈਣ ਖੁਲ੍ਹਾਏ ਆਪੇ ਤੀਜਾ, ਜਿਸ ਜਨ ਆਪਣੀ ਦਇਆ ਕਮਾਈਆ। ਹਰਿ ਭਗਤਾਂ ਕਰੇ ਆਪੇ ਰੀਝਾ, ਤਨ ਸ਼ਬਦ ਸ਼ਿੰਗਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜੋਤੀ ਜਾਮਾ ਭੇਖ ਧਰ, ਵੇਖ ਵਖਾਏ ਸ੍ਰਿਸ਼ਟ ਦ੍ਰਿਸ਼ਟ ਇਸ਼ਟ ਇਸ਼ਟ ਕਵਣ ਰਘੁਰਾਈਆ। ਆਸਤਕ ਨਾਸਤਕ ਦੋਵੇਂ ਧਾਰ, ਜੁਗ ਜੁਗ ਮਾਤ ਚਲਾਇੰਦਾ। ਹਰਿ ਕਾ ਰੂਪ ਅਗੰਮ, ਭੇਵ ਅਪਾਰਿਆ। ਹੱਡ ਮਾਸ ਨਾੜੀ ਨਾ ਕੋਈ ਚੰਮ, ਦਿਸ ਕਿਸੇ ਨਾ ਆ ਰਿਹਾ। ਪਵਣ ਸਵਾਸੀ ਨਾ ਕੋਈ ਲਏ ਦਮ, ਪੰਚ ਤਤ ਨਾ ਸੰਗ ਰਲਾ ਰਿਹਾ। ਨੇਤਰ ਨੀਰ ਨਾ ਦਿਸੇ ਛੰਮ ਛੰਮ, ਬਸਤਰ ਸ਼ਸਤਰ ਨਾ ਕੋਈ ਲਟਕਾ ਰਿਹਾ। ਨਾ ਮਰੇ ਨਾ ਪਏ ਜੰਮ, ਸਾਚੇ ਧਾਮ ਸੁਹਾ ਰਿਹਾ। ਆਪੇ ਜਾਣੇ ਆਪਣਾ ਕੰਮ, ਕਰਨ ਕਰਾਵਣਹਾਰ ਆਪ ਅਖਵਾ ਰਿਹਾ। ਆਪੇ ਰਾਮ ਰਮਈਆ ਰਾਮ, ਰਾਮ ਰਾਮਾ ਆਪ ਅਖਵਾ ਰਿਹਾ। ਆਪੇ ਗਗਨ ਪਤਾਲਾਂ ਦੇਵੇ ਥੰਮ, ਲੋਆਂ ਪੁਰੀਆਂ ਆਪ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪੇ ਵਸੇ ਆਪਣੇ ਘਰ, ਜੋਤੀ ਨੂਰ ਉਪਾ ਰਿਹਾ। ਜੋਤੀ ਨੂਰ ਹਰਿ ਭਗਵਾਨ, ਦਿਵਸ ਰੈਣ ਸਵਾਈਆ। ਸ਼ਬਦ ਰੱਖੇ ਇਕ ਨਿਸ਼ਾਨ, ਜੁਗ ਜੁਗ ਮਾਤ ਝੁਲਾਈਆ। ਜਿਸ ਜਨ ਕਿਰਪਾ ਕਰ ਦੇਵੇ ਸਾਚਾ ਦਾਨ, ਆਪਣੀ ਬੂਝ ਬੁਝਾਈਆ। ਆਤਮ ਬਖ਼ਸ਼ੇ ਬ੍ਰਹਮ ਗਿਆਨ, ਬ੍ਰਹਮ ਪਾਰਬ੍ਰਹਮ ਮਿਲਾਈਆ। ਦਰਸ ਅਮੋਘਾ ਦੇਵੇ ਜੀਆ ਦਾਨ, ਧੁਰ ਸੰਜੋਗਾ ਮੇਲ ਮਿਲਾਈਆ। ਰਸਨਾ ਰਸ ਨਾ ਕੋਈ ਭੋਗਾ, ਆਤਮ ਰਸ ਨਿਝਰ ਧਾਰ ਇਕ ਵਹਾਈਆ। ਨਾ ਕੋਈ ਰਾਗ ਸੁਣਾਏ ਜਗਤ ਸਲੋਕਾ, ਪੜ੍ਹ ਪੜ੍ਹ ਨਾ ਕੋਇ ਵਖਾਨ ਕਰਾਈਆ। ਆਤਮ ਅੰਤਰ ਏਕਾ ਏਕ ਸੱਚਾ ਗੁਰ ਮੰਤਰ, ਪੰਚ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪੇ ਆਪਣੇ ਵਸਿਆ ਘਰ, ਜੋਤੀ ਨੂਰ ਕਰਾਈਆ। ਜੋਤੀ ਨੂਰ ਹਰਿ ਅਗੰਮਾ, ਅਗੰਮਾ ਧਾਮ ਸੁਹਾਇੰਦਾ। ਨਿਰਗੁਣ ਰੂਪ ਨਰ ਆਕਾਰ, ਨਿਝ ਘਰ ਵਾਸ ਰਖਾਇੰਦਾ। ਸਰਗੁਣ ਰੂਪ ਵਿਚ ਸੰਸਾਰ, ਹਰਿ ਆਪਣੀ ਬਣਤ ਬਣਾਇੰਦਾ। ਗੁਰਮੁਖ ਸਾਚੇ ਸੰਤ ਸੁਹੇਲੇ ਮੀਤ ਮੁਰਾਰ, ਆਪਣੀ ਗਣਤ ਗਿਣਾਇੰਦਾ। ਆਪਣਾ ਬਖ਼ਸ਼ੇ ਚਰਨ ਪਿਆਰ, ਸਾਚੀ ਰੀਤ ਵਖਾਇੰਦਾ। ਦੇਵੇ ਸ਼ਬਦ ਨਾਮ ਧੁਨ ਸੱਚੀ ਧੁਨਕਾਰ, ਕਾਇਆ ਮੰਦਰ ਮਸੀਤ ਗੁਰੂਦਵਾਰਾ ਇਕ ਜਣਾਇੰਦਾ। ਗੁਣ ਅਵਗੁਣ ਪ੍ਰਭ ਰਿਹਾ ਵਿਚਾਰ, ਮੀਤ ਮੀਤਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਹਰਿਜਨ ਸੋਏ ਆਪ ਜਗਾਇੰਦਾ। ਸੋ ਜਨ ਉਧਰੇ ਪਾਰ, ਜਿਸ ਜਨ ਜੋਤ ਜਗਾਈਆ। ਸਾਚੀ ਜੋਤ ਕਰ ਅਕਾਰ, ਸ਼ਬਦ ਧਾਰ ਵਹਾਈਆ। ਸ਼ਬਦ ਧਾਰ ਅਪਰ ਅਪਾਰ, ਬਜਰ ਕਪਾਟ ਖੁਲ੍ਹਾਈਆ। ਬਜਰ ਕਪਾਟੀ ਔਖਾ ਘਾਟ, ਆਪੇ ਆਪ ਚੜ੍ਹਾਈਆ। ਇਕ ਵਖਾਏ ਸਾਚਾ ਹਾਟ, ਸਤੋ ਗੁਣ ਸਤਿ ਵਸਤੂ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਮਸਤਕ ਲੇਖ ਲਿਖਾਏ ਲਿਲਾਟ, ਲਿਖਣਹਾਰ ਆਪ ਅਖਵਾਈਆ। ਨਾਮ ਜੋਤੀ ਕਾਇਆ ਧਰ, ਸਾਚਾ ਸ਼ਬਦ ਜਣਾਇੰਦਾ। ਇਕ ਵਖਾਏ ਸਾਚਾ ਸਰ, ਅੰਮ੍ਰਿਤ ਆਤਮ ਸਚ ਸਰੋਵਰ ਤੀਰਥ ਇਸ਼ਨਾਨ ਕਰਾਇੰਦਾ। ਜਗਤ ਚੁਕਾਏ ਝੂਠਾ ਡਰ, ਸਾਚੇ ਮਾਰਗ ਲਾਇੰਦਾ। ਜੀਆ ਦਾਨ ਭਗਤੀ ਦੇਵੇ ਵਰ, ਸਾਰੰਗ ਧਰ ਭਗਵਾਨ ਬੀਠਲਾ ਆਪ ਅਖਵਾਇੰਦਾ। ਆਪ ਆਪਣੇ ਜਿਹਾ ਕਰ, ਰੂਪ ਅਨੂਪਾ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤ ਸੁਹੇਲੇ ਆਪ ਕਰਾਏ ਆਪਣੇ ਮੇਲੇ, ਆਪਣਾ ਸ਼ਬਦ ਜਣਾਇੰਦਾ। ਹਰਿ ਮੂਰਤ ਅਕਾਲ, ਜੋਤੀ ਨੂਰ ਸਵਾਈਆ। ਜੋਤੀ ਨੂਰ ਦੀਨ ਦਿਆਲ, ਦਿਸ ਕਿਸੇ ਨਾ ਆਈਆ। ਆਪਣੀ ਆਪ ਕਰੇ ਪ੍ਰਿਤਪਾਲ, ਆਪਣੇ ਰੰਗ ਸਮਾਈਆ। ਆਪੇ ਚਲੇ ਅਵਲੜੀ ਚਾਲ, ਆਪਣੀ ਬਣਤ ਬਣਾਈਆ। ਜੋਤੀ ਸੁਤ ਉਪਾਇਆ ਸ਼ਬਦ ਰਖਾਇਆ ਸਾਚਾ ਲਾਲ, ਹਰਿ ਆਪਣੀ ਗੋਦ ਉਠਾਈਆ। ਤ੍ਰੈਲੋਕਾਂ ਬਣਾਇਆ ਆਪ ਦਲਾਲ, ਬ੍ਰਹਿਮੰਡ ਵਿਚ ਟਿਕਾਈਆ। ਖੋਜਨ ਖੋਜ ਖੋਜ ਜੁਗ ਜੁਗ ਥੱਕੇ ਭਾਲ, ਹਰਿ ਸ਼ਬਦ ਹੱਥ ਨਾ ਆਈਆ। ਪੁਰਖ ਅਬਿਨਾਸ਼ੀ ਆਪੇ ਚਲੇ ਅਵਲੜੀ ਚਾਲ, ਆਪ ਆਪਣਾ ਰੂਪ ਮਾਤ ਵਟਾਈਆ। ਆਪੇ ਮਾਰ ਸ਼ਬਦ ਉਛਾਲ, ਪੰਜ ਤਤ ਰਸਨਾ ਬਾਹਰ ਕਢਾਈਆ। ਸ੍ਰਿਸ਼ਟ ਬਣਾਏ ਜਗਤ ਦਲਾਲ, ਰਸਨਾ ਗਾ ਗਾ ਤਰੇ ਲੁਕਾਈਆ। ਨੇੜ ਨਾ ਆਏ ਕਾਲ ਮਹਾਂਕਾਲ, ਅਕਾਲ ਅਕਾਲਾ ਦੋਵੇਂ ਰਾਹ ਚਲਾਈਆ। ਹਰਿ ਸ਼ਬਦ ਅਨਮੁਲੜਾ ਲਾਲ, ਹਰਿ ਦਰ ਰੱਖਿਆ ਆਪ ਸੰਭਾਲ, ਸਭ ਘਟ ਮੇਂ ਆਪ ਟਿਕਾਈਆ। ਮਾਨਸ ਜਨਮ ਪਾਇਆ, ਵੱਜੀ ਮਾਤ ਵਧਾਈਆ। ਪ੍ਰਭ ਅਬਿਨਾਸ਼ੀ ਦਇਆ ਕਮਾਇਆ, ਲੱਖ ਚੁਰਾਸੀ ਹੋਈ ਕੁੜਮਾਈਆ। ਸਾਚਾ ਧਰਮ ਆਪ ਰਖਾਇਆ, ਭਰਮੇ ਭੁੱਲੀ ਸਰਬ ਲੁਕਾਈਆ। ਗੁਰ ਗੋਬਿੰਦ ਹਰਿ ਹਰਿ ਹਰਿ ਨਰਾਇਣ ਨਰਾਇਣ ਜਿਸ ਜਨ ਰਸਨਾ ਗਾਇਆ, ਕਟੇ ਜਮ ਕੀ ਫਾਹੀਆ। ਆਪ ਆਪਣੀ ਸ਼ਰਨ ਲਗਾਇਆ, ਮਸਤਕ ਟਿੱਕਾ ਲਾਹੇ ਲੱਗੀ ਕਾਲੀ ਛਾਹੀਆ। ਜਿਸ ਜਨ ਹੋ ਪਰਤੱਖ ਦਰਸ ਦਿਖਾਇਆ, ਕਰਮ ਕੁਕਰਮ ਏਕਾ ਰੰਗ ਸਮਾਈਆ। ਅੰਤ ਅੰਤ ਹਰਿ ਲਏ ਰੱਖ, ਆਪ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਲਹਿਣਾ ਦੇਣਾ ਪਿਛਲਾ ਰਿਹਾ ਮੂਲ ਚੁਕਾਈਆ। ਬੈਠਤ ਬੈਠਤ ਜਗ ਗਏ, ਚਾਰ ਚੁਫੇਰੇ ਸੰਗੀ ਯਾਰ। ਬੈਠਤ ਬੈਠਤ ਬੈਠਤ ਹੰਕਾਰ ਹੰਗਤਾ ਤਨ ਝੂਠੀ ਚੋਲੀ ਰੰਗ ਗਏ, ਨਾ ਮਿਲਿਆ ਮੀਤ ਮੁਰਾਰ। ਬੈਠਤ ਬੈਠਤ ਬੈਠਤ ਤਪੀ ਤਪੀਸ਼ਰਾਂ ਬਰਸ ਮਹੀਨੇ ਲੰਘ ਗਏ, ਨਾ ਹੋਇਆ ਮਾਤ ਅਧਾਰ। ਗੁਰਮੁਖ ਸਾਚੇ ਸੰਤ ਸੁਹੇਲੇ ਅੰਤਮ ਵੇਲੇ ਸੰਗ ਗਏ, ਦੋਏ ਜੋੜ ਕਰਨ ਨਿਮਸਕਾਰ। ਹਰਿ ਹਿਰਦੇ ਅੰਦਰ ਵਸ ਜਾਏ, ਜਗਤ ਵਿਕਾਰਾ ਵਿਚੋਂ ਨੱਸ ਜਾਏ, ਸਾਚੇ ਅੰਦਰ ਨਰ ਹਰਿ ਸਾਚਾ ਬਹਿ ਬਹਿ ਹੱਸ ਜਾਏ, ਦੇਵੇ ਦਰਸ ਅਪਾਰ। ਅੰਮ੍ਰਿਤ ਆਤਮ ਮੇਘ ਸੀਤਲ ਧਾਰਾ ਵਸ ਜਾਏ, ਕਾਇਆ ਕਰੇ ਠੰਢੀ ਠਾਰ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਤਮ ਖੋਲ੍ਹੇ ਬੰਦ ਕਿਵਾੜ। ਜਨਮ ਕਰਮ ਪ੍ਰਭ ਹੱਥ, ਆਪਣੀ ਰੀਤ ਚਲਾਈਆ। ਸ੍ਰਿਸ਼ਟ ਸਬਾਈ ਚਲਾਏ ਰਥ, ਰਥ ਰਥਵਾਹੀ ਆਪ ਅਖਵਾਈਆ। ਲੱਖ ਚੁਰਾਸੀ ਆਪੇ ਰਿਹਾ ਮੱਥ, ਆਪ ਆਪਣੀ ਰਚਨ ਰਚਾਈਆ। ਜੀਵਾਂ ਜੰਤਾਂ ਆਤਮ ਅੰਦਰ ਪਾਈ ਬੈਠਾ ਨੱਥ, ਡੋਰੀ ਆਪਣੇ ਹੱਥ ਰਖਾਈਆ। ਜਿਸ ਜਨ ਕਿਰਪਾ ਕਰ ਆਪਣੀ ਕਥਾ ਸੁਣਾਏ ਅਕੱਥ, ਸਾਚਾ ਮਾਰਗ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਰਿਹਾ ਕਰਮ ਕਮਾਈਆ। ਜਨਮ ਕਰਮ ਹੱਥ ਕਰਤਾਰ, ਕਰਨ ਕਰਾਵਣਹਾਰਾ। ਨਾ ਕੋਈ ਜਾਣੇ ਜੀਵ ਜੰਤ ਗਵਾਰ, ਪ੍ਰਭ ਖੇਲ ਖਿਲਾਏ ਖਿਲਾਵਣਹਾਰਾ। ਲੱਖ ਚੁਰਾਸੀ ਮਾਤ ਵਿਹਾਰ, ਉਪਜਾਵੇ ਮਿਟਾਵੇ ਮਿਟਾਵਣਹਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲਿਖੇ ਲਿਖਿਆ ਲੇਖ ਧੁਰ, ਘਰ ਮੰਦਰ ਲੇਖ ਅਪਾਰਾ। ਲਿਖਿਆ ਮੰਦਰ ਮਸਤਕ ਲੇਖਾ, ਆਪੇ ਆਪ ਲਿਖਾਇੰਦਾ। ਜੀਵ ਜੰਤ ਰਿਹਾ ਭਰਮ ਭੁਲੇਖਾ, ਭਰਮ ਨਾ ਕੋਇ ਚੁਕਾਇੰਦਾ। ਧੁਰ ਦੀ ਬਾਣ ਲੱਗੀ ਮੇਖਾ, ਨਾ ਕੋਈ ਵੇਖ ਵਖਾਇੰਦਾ। ਜਿਸ ਨੇਤਰ ਲੋਚਨ ਨੈਣ ਸਾਚੇ ਪੇਖਾ, ਦ੍ਰਿਸ਼ਟ ਇਸ਼ਟ ਖੁਲ੍ਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਰਾਹ ਚਲਾਇੰਦਾ। ਸਚ ਭੂਪ ਹਰਿ ਸਾਚਾ ਰਾਜਾ, ਸਚ ਤਖ਼ਤ ਸੁਹਾਇੰਦਾ। ਉਪਰ ਬੈਠ ਗਰੀਬ ਨਿਵਾਜ਼ਾ, ਲੇਖਾ ਲਿਖਤ ਲਿਖਾਇੰਦਾ। ਸ਼ਬਦ ਸਰੂਪੀ ਮਾਰੇ ਆਵਾਜ਼ਾ, ਪਵਣ ਪਵਣੀ ਸੇਵ ਲਗਾਇੰਦਾ। ਸੀਸ ਨਾ ਦਿਸੇ ਕੋਇ ਤਾਜਾ, ਸਾਚਾ ਤਾਜ ਇਕ ਸੁਹਾਇੰਦਾ। ਅੰਤਮ ਰੱਖਣਹਾਰਾ ਲਾਜਾ, ਕਵਣ ਘਰ ਵਸਾਇੰਦਾ। ਕਵਣ ਕਰੇ ਗੁਰਮੁਖਾਂ ਕਾਜਾ, ਸੁਰਤੀ ਨਾਰੀ ਆਪ ਪਰਨਾਇੰਦਾ। ਕਵਣ ਦਵਾਰੇ ਵੱਜੇ ਵਾਜਾ, ਅਨਹਦ ਰਾਗ ਸੁਣਾਇੰਦਾ। ਕਵਲ ਦਵਾਰੇ ਫਿਰੇ ਭਾਗਾ, ਸੰਤ ਸੁਹੇਲੇ ਗੋਦ ਉਠਾਇੰਦਾ। ਕਵਣ ਨਿਰੰਕਾਰੇ ਇਕ ਕਰਾਏ ਸਾਚਾ ਹਾਜਾ, ਮੱਕਾ ਕਾਅਬਾ ਆਪ ਵਖਾਇੰਦਾ। ਮੇਲ ਮਿਲਾਏ ਦੋ ਦੋ ਆਬਾ, ਸੂਰਜ ਚੰਦ ਨਾ ਝੱਲੇ ਤਾਬਾ, ਤਾਰਾ ਮੰਡਲ ਮੁਖ ਸ਼ਰਮਾਇੰਦਾ। ਸ਼ਬਦ ਘੋੜਾ ਹਰਿ ਚਰਨ ਰਕਾਬਾ, ਅੰਮ੍ਰਿਤ ਧਾਰ ਵਹਾਏ ਕਵਲ ਨਾਭਾ, ਸਾਚਾ ਸੀਰ ਮੁਖ ਚੁਆਇੰਦਾ। ਜੋਤੀ ਜੋਤ ਸਰੂਪ ਹਰਿ, ਹਰ ਘਟ ਅੰਦਰ ਵੇਖੇ ਦਰ, ਨੌ ਦਰ ਖੋਜ ਖੁਜਾਇੰਦਾ। ਨੌ ਦਰ ਮਾਇਆ ਖੇਲ ਹੈ, ਵਰਤੇ ਵਿਚ ਸੰਸਾਰ। ਦਸਮ ਦਵਾਰੀ ਘਰ ਨਵੇਲ ਹੈ, ਵਸੇ ਏਕਾ ਏਕੰਕਾਰ। ਸ੍ਰਿਸ਼ਟ ਸਬਾਈ ਸੱਜਣ ਸੁਹੇਲ ਹੈ, ਦਿਵਸ ਰੈਣ ਸੁਣੇ ਪੁਕਾਰ। ਜਿਸ ਜਨ ਜੋਤ ਨਿਰੰਜਣ ਚਾੜ੍ਹੇ ਸਾਚਾ ਤੇਲ ਹੈ, ਮਿਲੇ ਮੇਲਾ ਕੰਤ ਭਤਾਰ। ਗੁਰ ਸ਼ਬਦੀ ਪਵਣੀ ਸਾਚੀ ਵੇਲ ਹੈ, ਦੇਵੇ ਨਾਮ ਭੰਡਾਰ। ਅਚਰਜ ਪਾਰਬ੍ਰਹਮ ਬ੍ਰਹਮ ਖੇਲ ਹੈ, ਮੇਲ ਵਿਛੋੜੇ ਵਿਛੜੇ ਮੇਲੇ ਮੇਲ ਮੇਲਣਹਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰ ਘਟ ਅੰਦਰ ਵੇਖੇ ਸਚ ਘਰ, ਕਵਣ ਖੋਲ੍ਹੇ ਕਵਣ ਰੱਖੇ ਬੰਦ ਕਿਵਾੜ। ਬੰਦ ਕਿਵਾੜਾ ਕਾਇਆ ਹੱਟ, ਗੁਰਮੁਖਾਂ ਮਾਤ ਖੁਲ੍ਹਾਇੰਦਾ। ਜੀਵ ਜੰਤ ਫਿਰ ਫਿਰ ਥੱਕੇ ਤੀਰਥ ਤੱਟ, ਅੱਠ ਸੱਠ ਨਾ ਕੋਈ ਵਖਾਇੰਦਾ। ਜੋਤ ਜਵਾਲਾ ਜਗੇ ਲਟ ਲਟ, ਆਦਿ ਸ਼ਕਤ ਆਦਿ ਭਵਾਨੀ ਨੂਰ ਨੁਰਾਨੀ ਨਾ ਕੋਈ ਤਨ ਉਪਾਇੰਦਾ। ਦੁਰਮਤ ਮੈਲ ਨਾ ਦੇਵੇ ਕੱਟ, ਸ਼ਬਦ ਨਾ ਲਾਏ ਸਾਚੀ ਹਟ, ਪੰਚ ਸ਼ੈਤਾਨੀ ਨਾ ਕੋਇ ਮਿਟਾਇੰਦਾ। ਭਰਮਾ ਢਾਹੇ ਨਾ ਦੂਜੀ ਵਟ, ਦੂਈ ਦਵੈਤੀ ਨਾ ਮੇਟੇ ਫਟ, ਜੋਤੀ ਜੋਤ ਸਰੂਪ ਹਰਿ, ਸਭ ਘਟ ਅੰਦਰ ਵੇਖੇ ਘਰ, ਕਵਣ ਬੰਦ ਕਵਣ ਖੁਲ੍ਹਾਇੰਦਾ। ਸਾਚਾ ਮੰਦਰ ਕਾਇਆ ਖੇੜਾ, ਪ੍ਰਭ ਸਾਚੇ ਆਪ ਵਸਾਇਆ। ਅੰਦਰ ਬਹਿ ਬਹਿ ਕਰੇ ਨਿਬੇੜਾ, ਰਾਏ ਧਰਮ ਚਿਤਰ ਗੁਪਤ ਆਪਣੇ ਸੰਗ ਰਖਾਇਆ। ਕਾਲ ਮਹਾਂਕਾਲ ਮੰਗੇ ਮੰਗ, ਪ੍ਰਭ ਸਾਚੇ ਹੁਕਮ ਜਣਾਇਆ। ਲਾੜੀ ਮੌਤ ਵਜਾਏ ਦਰ ਦਰ ਘਰ ਘਰ ਮਰਦੰਗ, ਜੋ ਘੜਿਆ ਸੋ ਭੰਨ ਵਖਾਇਆ। ਗੁਰਮੁਖ ਵਿਰਲੇ ਕਾਇਆ ਚੋਲੀ ਚੜ੍ਹਿਆ ਰੰਗ, ਜਿਸ ਜਨ ਪ੍ਰਭ ਆਪਣਾ ਲੜ ਫੜਾਇਆ। ਦਰ ਦਵਾਰਾ ਪਾਰ ਜਾਏ ਲੰਘ, ਅੱਗੇ ਨਾ ਸਕੇ ਕੋਈ ਅਟਕਾਇਆ। ਜੋਤ ਸਰੂਪੀ ਹੋਏ ਸੰਗ, ਸ਼ਬਦੀ ਪਹਿਰੇਦਾਰ ਅਖਵਾਇਆ। ਸ਼ਬਦ ਸਿੰਘਾਸਣ ਵੇਖੇ ਇਕ ਪਲੰਘ, ਪੁਰਖ ਅਬਿਨਾਸ਼ੀ ਆਪਣੀ ਹੱੱਥੀਂ ਆਪੇ ਡਾਹਿਆ। ਉਪਰ ਵਿਛਾਇਆ ਲਾਲ ਰੰਗ, ਲੱਛਮੀ ਚਰਨ ਝੱਸਣ ਲਾਇਆ। ਚਤੁਰਭੁਜ ਸੂਰਾ ਸਰਬੰਗ, ਸਾਂਗੋ ਪਾਂਗ ਸੇਜ ਹੰਢਾਇਆ। ਸਰਬ ਜੀਆਂ ਸਦਾ ਅੰਗ ਸੰਗ, ਵਿਸਰ ਕਦੇ ਨਾ ਜਾਇਆ। ਆਪੇ ਕਟੇ ਜਗਤ ਮਾਇਆ ਤ੍ਰਿਸ਼ਨਾ ਭੁੱਖ ਨੰਗ, ਨਾਮ ਵਸਤ ਝੋਲੀ ਪਾਇਆ। ਦਰ ਦਵਾਰੇ ਜੋ ਜਨ ਮੰਗੇ ਸਾਚੀ ਮੰਗ, ਪ੍ਰਭ ਦੇਵੇ ਦੇਵਣਹਾਰ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਅੰਤ ਤੇਰਾ ਖੇਲ ਵੇਖਣ ਆਇਆ। ਮਨ ਚੈਂਚਲ ਚਤੁਰਾਈ, ਕਿਸੇ ਨਾ ਜਾਣਿਆ। ਹਰਿ ਰਚਨਾ ਆਪ ਬਣਾਈ, ਨਾਲ ਰਲਾਈ ਬੁਧ ਮਤ ਸੁਘੜ ਸਿਆਣਿਆ। ਤਿੰਨਾਂ ਸਾਚਾ ਮੇਲ ਮਿਲਾਈ, ਪੰਚਾਂ ਤਤਾਂ ਆਖ ਵਖਾਣਿਆ। ਤਿੰਨ ਸੌ ਸੱਠ ਹਾਡੀ ਜੋੜ ਜੁੜਾਈ, ਬਹੱਤਰ ਨਾੜੀ ਤਣਿਆਂ ਤਾਣਿਆ। ਮਨ ਇਛਿਆ ਆਪ ਕਰਾਈ, ਸਾਚਾ ਰੂਪ ਵਖਾਣਿਆ। ਜੋਤੀ ਜੋਤ ਸਰੂਪ ਹਰਿ, ਪੰਚਾਂ ਤਤਾਂ ਪਾਈ ਭਿਛਿਆ, ਪੰਚਾਂ ਰਿੜਕੇ ਵਾਂਗ ਮਧਾਣਿਆ। ਹਰਿ ਡੋਰੀ ਸ਼ਬਦ ਅਪਾਰ, ਆਤਮ ਪਰਮਾਤਮ ਪਾਈਆ। ਨਾ ਕੋਈ ਵੇਖੇ ਵਿਚ ਸੰਸਾਰ, ਦਿਸ ਕਿਸੇ ਨਾ ਆਈਆ। ਆਪ ਲਾਏ ਧੁਨ ਸੱਚੀ ਧੁਨਕਾਰ, ਖਿੱਚੇ ਵਾਹੋ ਦਾਹੀਆ। ਸਰਬ ਜੀਆਂ ਰਿਹਾ ਸੁਣ ਪੁਕਾਰ, ਸੁਣਨੇਹਾਰ ਆਪ ਅਖਵਾਈਆ। ਅੰਦਰ ਬਾਹਰ ਗੁਪਤ ਜ਼ਾਹਿਰ, ਰੂਪ ਅਨੂਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਜਨ ਹਰਿ ਏਕਾ ਰੰਗ ਸਮਾਈਆ। ਹਰਿ ਨਾਮਾ ਹਰਿ ਦਾਨ ਹੈ, ਉਤਮ ਵਿਚ ਸੰਸਾਰ। ਲੇਖੇ ਲਾਏ ਹੱਡ ਨਾੜੀ ਮਾਸ ਚਾਮਾ, ਜੋਤ ਜਗਾਏ ਅਗੰਮ ਅਪਾਰ। ਕਾਇਆ ਵਜਾਏ ਸਚ ਦਮਾਮਾ, ਉਪਜੇ ਧੁਨ ਸੱਚੀ ਧੁਨਕਾਰ। ਮਿਟੇ ਰੈਣ ਅੰਧੇਰੀ ਸ਼ਾਮਾ, ਆਕਾਸ਼ ਪਰਕਾਸ਼ ਅਪਰ ਅਪਾਰ। ਏਕਾ ਦੇਵੇ ਸਾਚਾ ਦਾਮਾ, ਦੋ ਜਹਾਨੀ ਪਾਵੇ ਸਾਰ। ਮਿਲੇ ਮੇਲ ਰਮਈਆ ਰਾਮਾ, ਗੋਪੀ ਕਾਹਨਾ ਕ੍ਰਿਸ਼ਨ ਮੁਰਾਰ। ਅੰਮ੍ਰਿਤ ਪਿਆਏ ਸਾਚਾ ਜਾਮਾ, ਦਿਵਸ ਰੈਣ ਰਹੇ ਖੁਮਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਰੰਗੇ ਰੰਗ ਇਕ ਅਪਾਰ। ਨਾਮ ਦਾਤ ਵਸਤ ਅਮੋਲ, ਗੁਰਮੁਖ ਵਿਰਲੇ ਪਾਈਆ। ਆਪੇ ਤੋਲਣਹਾਰਾ ਤੋਲ, ਸ਼ਬਦ ਖੰਡਾ ਹੱਥ ਉਠਾਈਆ। ਤਨ ਨਗਾਰਾ ਵੱਜੇ ਢੋਲ, ਬ੍ਰਹਿਮੰਡ ਖੋਜ ਖੁਜਾਈਆ। ਨੌ ਦਵਾਰੇ ਕੱਢੇ ਪੋਲ, ਦਸਵੇਂ ਬੂਝ ਬੁਝਾਈਆ। ਦਸਮ ਦਵਾਰੀ ਕੁੰਡਾ ਖੋਲ੍ਹ, ਘਰ ਮੰਦਰ ਇਕ ਵਖਾਈਆ। ਸ਼ਬਦ ਡੰਡਾ ਫੜੇ ਹੱਥ ਅਡੋਲ, ਹਰਿਜਨ ਡੋਲ ਕਦੇ ਨਾ ਜਾਈਆ। ਪੰਚਮ ਮੀਤਾ ਪਏ ਬੋਲ, ਕਾਇਆ ਮੰਦਰ ਅੰਦਰ ਸਾਚਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਸਾਚਾ ਨਾਮ ਦੇਵੇ ਵਰ, ਮੇਲਾ ਸਾਚੇ ਮਾਹੀਆ। ਨਾਮ ਧਾਰਾ ਵੱਖਰੀ ਕਲ, ਆਪਣੀ ਆਪ ਚਲਾਈਆ। ਪੁਰਖ ਅਬਿਨਾਸ਼ੀ ਹਰਿ ਪਰਬਲ, ਜੁਗ ਜੁਗ ਭੇਖ ਵਟਾਈਆ। ਵੇਖ ਵਖਾਏ ਜੰਗਲ ਜੂਹ ਉਜਾੜ ਪਹਾੜ ਜਲ ਥਲ, ਥਲ ਜਲ ਵਿਚ ਸਮਾਈਆ। ਸਾਚੇ ਮੰਦਰ ਦੀਪਕ ਰਿਹਾ ਬਲ, ਕੋਟਨ ਕੋਟ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਧਾਰਾ ਇਕ ਛੁਹਾਈਆ। ਸ਼ਬਦ ਧਾਰ ਵਹੇ ਗੰਗ, ਆਤਮ ਨਾਲ ਸੁਹਾਇੰਦਾ। ਵੱਜੇ ਨਾਮ ਸੱਚਾ ਮਰਦੰਗ, ਕਾਲ ਜੰਜਾਲ ਤੁੜਾਇੰਦਾ। ਨੌ ਦਵਾਰੇ ਜੋ ਜਨ ਪਾਰ ਜਾਏ ਲੰਘ, ਹਰਿ ਸਾਚਾ ਦਇਆ ਕਮਾਇੰਦਾ। ਆਪੇ ਹੋਏ ਅੰਗ ਸੰਗ, ਸੋਹੰ ਖੰਡਾ ਹੱਥ ਫੜਾਇੰਦਾ। ਪੰਚ ਵਿਕਾਰਾ ਭੰਨੇ ਕਾਚੀ ਵੰਗ, ਦੂਸਰ ਕੋਈ ਦਿਸ ਨਾ ਆਇੰਦਾ। ਸ਼ਬਦ ਘੋੜੇ ਕਸੇ ਤੰਗ, ਸ਼ਾਹ ਸਵਾਰ ਨਜ਼ਰੀ ਆਇੰਦਾ। ਜੋਤੀ ਜੋਤ ਸਰੂਪ ਹਰਿ, ਜਿਸ ਜਨ ਕਿਰਪਾ ਦੇਵੇ ਕਰ, ਆਤਮ ਦਰ ਪੂਰੀ ਕਰੇ ਮੰਗ, ਨਾਮ ਭਿਛਿਆ ਸਾਚੀ ਪਾਇੰਦਾ। ਆਦਿ ਪੁਰਖ ਆਦਿ ਸ਼ਕਤ, ਆਦਿ ਜੁਗਾਦਿ ਸਮਾਈਆ। ਨਾ ਕੋਈ ਬੂੰਦ ਨਾ ਕੋਈ ਰਕਤ, ਹੱਡ ਮਾਸ ਨਾੜੀ ਚੰਮ ਨਾ ਕੋਈ ਦਿਸਾਈਆ। ਪੰਚਮ ਪੰਚਾਂ ਨਾ ਕੋਈ ਦਿਸੇ ਕਟਕ, ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰ ਉਪਾਈਆ। ਆਦਿ ਪੁਰਖ ਅਪਰੰਪਰਾ, ਅਕਲ ਕਲਾ ਭਰਪੂਰ। ਆਪਣਾ ਖੇਲ ਆਪ ਵਰਛਤਰਾ, ਨੂਰ ਨੁਰਾਨੀ ਨੂਰੋ ਨੂਰ। ਆਪ ਬਣਾਏ ਆਪਣੀ ਬਣਤਰਾ, ਨਾ ਕੋਈ ਬਾਡੀ ਲਾਏ ਮਜ਼ਦੂਰ। ਆਪ ਆਪਣਾ ਘਰ ਵਸੰਤਰਾ, ਨੂਰ ਨੁਰਾਨੀ ਨੂਰੋ ਨੂਰ। ਆਪ ਬਣਾਏ ਆਪਣਾ ਬਣਤਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਨੇੜਾ ਦੂਰ। ਆਦਿ ਪੁਰਖ ਅਗੰਮ, ਅਗੰਮ ਅਗੰਮ ਸਮਾਇਆ। ਅਗੰਮ ਅਗੰਮੋ ਪਏ ਜੰਮ, ਜੋਤੀ ਨੂਰ ਕਰਾਇਆ। ਜੋਤੀ ਨੂਰ ਦੇਵੇ ਦਮ, ਸ਼ਬਦੀ ਸਚ ਉਪਾਇਆ। ਸ਼ਬਦ ਸਪੂਤਾ ਪਏ ਜੰਮ, ਬ੍ਰਹਿਮੰਡੀ ਵਿਚ ਸਮਾਇਆ। ਗਗਨ ਪਤਾਲਾਂ ਦੇਵੇ ਥੰਮ੍ਹ, ਦਿਸ ਕਿਸੇ ਨਾ ਆਇਆ। ਆਪ ਆਪਣੇ ਜਾਣੇ ਕੰਮ, ਆਪ ਆਪਣੇ ਰੰਗ ਸਮਾਇਆ। ਆਦਿ ਪੁਰਖ ਅਨਾਦਿਆ। ਏਕਾ ਏਕ ਇਕੱਲਾ, ਸਦ ਵਸੇ ਵਿਚ ਬ੍ਰਹਿਮਾਦਿਆ। ਧਾਮ ਸੁਹਾਏ ਸਚ ਮਹਲਿਆ, ਸ਼ਬਦ ਜਣਾਏ ਬੋਧ ਅਗਾਧਿਆ। ਸਦ ਵਸੇ ਜਲ ਥਲਾ, ਆਪਣਾ ਆਪ ਅਰਾਧਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਅੰਕ ਉਪਾਈਆ। ਆਪ ਆਪਣਾ ਅੰਕ ਉਪਾਇਆ, ਨਾਉਂ ਨਰ ਨਿਰੰਕਾਰਿਆ। ਸ਼ਬਦ ਡੰਕ ਇਕ ਵਜਾਇਆ, ਧੁਨੀ ਨਾਦ ਅਪਰ ਅਪਾਰਿਆ। ਦਵਾਰ ਬੰਕ ਇਕ ਸੁਹਾਇਆ, ਸਤਿ ਪੁਰਖ ਨਿਰੰਜਨ ਅਪਰ ਅਪਾਰਿਆ। ਰਾਓ ਰੰਕ ਨਾ ਕੋਈ ਵਖਾਇਆ, ਰਾਜ ਰਾਜਾਨਾ ਸ਼ਾਹ ਸੁਲਤਾਨਾ ਕੋਈ ਦਿਸ ਨਾ ਆ ਰਿਹਾ। ਦਰ ਦਰਬਾਨ ਨਾ ਕੋਈ ਰਖਾਇਆ, ਨਿਰਮਲ ਜੋਤ ਅਕਾਰ ਕਰਾ ਰਿਹਾ। ਅੰਧ ਅੰਧੇਰ ਦਿਸ ਨਾ ਆਇਆ, ਵਰਨ ਗੋਤ ਨਾ ਰੂਪ ਵਟਾ ਰਿਹਾ। ਏਕਾ ਰੰਗ ਰੰਗਾਇਆ, ਸ਼ਬਦ ਚੋਟ ਇਕ ਲਗਾ ਰਿਹਾ। ਨਾ ਕੋਈ ਦਿਸੇ ਕੋਟੀ ਕੋਟਨ ਕੋਟ, ਕੋਟੀ ਕੋਟਾਂ ਵਿਚ ਆਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਨਾਉਂ ਆਪ ਰਖਾ ਰਿਹਾ। ਆਪ ਆਪਣੀ ਜੋਤ ਜਗਾਏ, ਆਤਮ ਕਰੇ ਵਿਚਾਰਾ। ਪੁਰਖ ਅਬਿਨਾਸ਼ੀ ਵੇਖ ਵਖਾਏ, ਕਿਹੜੀ ਬੰਨ੍ਹੇ ਆਪਣੀ ਧਾਰਾ। ਆਪਣਾ ਲੇਖਾ ਆਪੇ ਆਪ ਲਿਖਾਏ, ਦੂਸਰ ਕਿਸੇ ਦਿਸ ਨਾ ਆਏ, ਬ੍ਰਹਮਾ ਵੇਤਾ ਭੇਵ ਨਾ ਪਾਏ, ਨਾਉਂ ਰਖਾਏ ਇਕ ਨਿਰੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਕਰੇ ਸਰਬ ਪਸਾਰਾ। ਹਰਿ ਰੂਪ ਨਾਉਂ ਨਿਰੰਕਾਰ ਹੈ, ਹਰਿ ਹਰਿ ਰੰਗ ਸਮਾਇਆ। ਆਪੇ ਵੱਡਾ ਸ਼ਾਹੋ ਭੂਪ ਹੈ, ਗਰੀਬ ਨਿਮਾਣਾ ਆਪ ਅਖਵਾਇਆ। ਆਪੇ ਵਸਿਆ ਅੰਧ ਕੂਪ ਹੈ, ਆਪੇ ਸਤਿ ਪਰਕਾਸ਼ ਕਰਾਇਆ। ਆਪੇ ਦੇਵੇ ਜੋਤੀ ਸਾਚੀ ਤੂਰ ਹੈ, ਨਾਮ ਸੁਗੰਧੀ ਇਕ ਰਖਾਇਆ। ਆਪੇ ਵਸਿਆ ਦਹਿ ਦਿਸ਼ਾ ਚਾਰੇ ਕੂਟ ਹੈ, ਆਪੇ ਆਪਣਾ ਮੁਖ ਛੁਪਾਇਆ। ਆਪੇ ਹਰ ਘਟ ਰਿਹਾ ਝੂਟ ਹੈ, ਆਪ ਆਪਣਾ ਰਾਹ ਚਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਸਿੰਘਾਸਣ ਏਕਾ ਕੂਟ, ਆਪਣਾ ਧਾਮ ਸੁਹਾਇਆ। ਏਕਾ ਕੂਟੇ ਇਕ ਮਹੱਲਾ, ਵਸੇ ਨਰ ਨਿਰੰਕਾਰਿਆ। ਸ਼ਬਦ ਰੱਖੇ ਹੱਥ ਵਿਚ ਭੱਲਾ, ਆਪੇ ਹੋਏ ਪਹਿਰੇਦਾਰਿਆ। ਪਵਣੀ ਜੋਤੀ ਸ਼ਬਦੀ ਆਪੇ ਰਲਾ, ਤ੍ਰੈਗੁਣ ਮਾਇਆ ਨਾ ਤਤ ਵਿਚਾਰਿਆ। ਸਦਾ ਸਦਾ ਸਦਾ ਅਲੇਪ ਨਿਰਲੇਪ ਵਸੇ ਇਕੱਲਾ, ਕਾਇਆ ਖੇਤ ਨਾ ਕੋਈ ਰਚਾ ਲਿਆ। ਆਪੇ ਭਾਗ ਲਗਾਏ ਆਪਣੇ ਡਾਲਾ, ਅੰਮ੍ਰਿਤ ਫਲ ਆਪਣਾ ਆਪ ਉਗਾ ਲਿਆ। ਆਪੇ ਕਰੇ ਵਲ ਛਲਾ, ਵਲ ਛਲਧਾਰੀ ਆਪ ਅਖਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਉਂ ਨਿਰੰਕਾਰ ਅਪਰ ਅਪਾਰ ਵਰਨ ਗੋਤ ਵਸੇ ਬਾਹਰ, ਇਕ ਸੁਹਾਏ ਬੰਕ ਦਵਾਰ, ਚਾਰ ਦਿਵਾਰ ਨਾ ਕੋਈ ਰਖਾ ਲਿਆ। ਚਾਰ ਦਿਵਾਰ ਨਾ ਕੋਈ ਦਰਵਾਜ਼ਾ, ਪ੍ਰਭ ਜੋਤ ਜਗਾਇੰਦਾ। ਜੋਤ ਸਰੂਪੀ ਆਪ ਬਿਰਾਜਾ, ਆਪ ਆਪਣਾ ਪਲੰਘ ਵਿਛਾਇੰਦਾ। ਆਪ ਸੁਹਾਏ ਸੀਸ ਆਪਣੇ ਤਾਜਾ, ਆਪਣੇ ਮਸਤਕ ਆਪੇ ਟਿੱਕਾ ਲਾਇੰਦਾ। ਆਪੇ ਰੱਖੇ ਆਪਣੀ ਲਾਜਾ, ਦੂਸਰ ਕੋਈ ਨਾ ਸੰਗ ਰਖਾਇੰਦਾ। ਆਪੇ ਚੜ੍ਹੇ ਸਾਚਾ ਤਾਜਾ, ਡੋਰੀ ਆਪਣੇ ਹੱਥ ਰਖਾਇੰਦਾ। ਆਪੇ ਪਾਏ ਜੁਗ ਜੁਗ ਭਾਜਾ, ਆਪ ਆਪਣੇ ਵਿਚ ਸਮਾਇੰਦਾ। ਆਪੇ ਮਾਰੇ ਆਪ ਅਵਾਜ਼ਾ, ਆਪ ਆਪਣਾ ਆਪ ਉਠਾਇੰਦਾ। ਆਪ ਆਪਣਾ ਰਚਿਆ ਕਾਜਾ, ਆਪ ਆਪਣਾ ਕਾਜ ਰਚਾਇੰਦਾ। ਸ਼ਬਦ ਪਰਗਟਾਏ ਜੋਤ ਜਗਾਏ ਨਾਲ ਰਖਾਇਆ ਵਾਜਾ, ਅਨਹਦ ਸਾਜ ਵੱਜੇ ਵਾਜਾ, ਸੁਣੇ ਸੁਣਾਏ ਗਰੀਬ ਨਿਵਾਜ਼ਾ, ਸਾਚਾ ਧਾਮ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਜੋਤੀ ਨੂਰੋ ਨੂਰ ਕਰ, ਸਰਬ ਕਲਾ ਭਰਪੂਰ ਦਰ, ਨਰ ਨਿਰੰਕਾਰ ਆਪ ਅਖਵਾਇੰਦਾ। ਨਿਰੰਕਾਰ ਨਿਰਵੈਰ ਨਿਝ ਘਰ ਆਪ ਸਮਾਇਆ। ਘਰ ਸਾਚੇ ਕਦੇ ਨਾ ਵਰਤੇ ਕਹਿਰ, ਏਕਾ ਰੰਗ ਰੰਗਾਇਆ। ਦਿਆਲ ਦਿਆਲ ਦਿਆਲ ਕਿਰਪਾਲ ਸਦ ਰੱਖੇ ਮਿਹਰ, ਮਿਹਰਵਾਨ ਆਪ ਅਖਵਾਇਆ। ਇਕ ਚਲਾਏ ਸਾਚੀ ਲਹਿਰ, ਨਾਮ ਉਛਾਲ ਇਕ ਲਗਾਇਆ। ਆਪੇ ਕਰੇ ਘਰ ਆਪਣੇ ਸਾਚੀ ਸੈਰ, ਦਿਵਸ ਰੈਣ ਨਾ ਕੋਈ ਰਖਾਇਆ। ਨਾ ਕੋਈ ਆਵੇ ਐਰ ਗੈਰ, ਸੂਰਜ ਚੰਦ ਕੋਈ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਵਸਿਆ ਸਾਚੇ ਘਰ, ਹੱਡ ਮਾਸ ਨਾੜੀ ਨਾ ਕੋਈ ਦਿਸੇ ਬੰਦ ਨਾ ਕੋਈ ਕਾਇਆ ਘਾੜਨ ਘੜਾਇਆ। ਨਿਰੰਕਾਰ ਨਿਰਗੁਣ ਰੂਪ ਹੈ, ਨਿਰਗੁਣ ਹਰਿ ਰਘੁਰਾਏ। ਆਪੇ ਆਪ ਸਤਿ ਸਰੂਪ ਹੈ, ਸਤਿ ਸਤਿਵਾਦੀ ਆਪ ਅਖਵਾਏ। ਪ੍ਰਭ ਹੱਥ ਵਡਿਆਈਆ, ਜੁਗ ਜੁਗ ਕਰਦਾ ਆਏ। ਜੁਗ ਜੁਗ ਆਪਣੀ ਬਣਤ ਬਣਾਈਆ, ਜਨ ਭਗਤ ਮਾਤ ਉਪਾਏ। ਜਨ ਭਗਤਾਂ ਸੇਵਾ ਲਾਈਆ, ਪੂਰਬ ਲਹਿਣਾ ਝੋਲੀ ਪਾਏ। ਜੋ ਜਨ ਰਸਨਾ ਗਾਈਆ, ਨੇਤਰ ਨੈਣਾ ਦਰਸ਼ਨ ਪਾਏ। ਨੇਤਰ ਨੈਣਾ ਦਰਸ ਦਿਖਾਈਆ, ਜੀਵਾਂ ਜੰਤਾਂ ਭਾਰ ਵੰਡਾਏ। ਜੀਵਾਂ ਜੰਤਾਂ ਭਾਰ ਵੰਡਾਈਆ, ਸਾਧਾਂ ਸੰਤਾਂ ਮਿਲੇ ਗਲ ਲਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਭਗਤ ਹਰਿ ਭਗਤੀ ਮਾਰਗ ਲਾਏ। ਕਰਮ ਚੰਦ ਨਰਾਇਣ ਗਾਂਧੀ, ਪ੍ਰਭ ਆਪਣੀ ਦਇਆ ਕਮਾਈਆ। ਭਾਰਤ ਖੰਡ ਕਲਜੁਗ ਰੈਣ ਅੰਧੇਰੀ ਵਗੇ ਆਂਧੀ, ਨਿਰਮਲ ਰੂਪ ਵਖਾਈਆ। ਜੀਵ ਜੰਤ ਗਊ ਗਰੀਬ ਨਿਮਾਣੇ ਜਗਤ ਫਿਰੰਗੀਆਂ ਹੋਏ ਬਾਂਧੀ, ਆਪੇ ਲਏ ਛੁਡਾਈਆ। ਨਾ ਕੋਈ ਰੱਖੇ ਸੋਨਾ ਰੂਪਾ ਚਾਂਦੀ, ਤਨ ਮਨ ਆਪਣਾ ਭੇਟ ਚੜ੍ਹਾਈਆ। ਦਿਵਸ ਰੈਣ ਆਤਮਾ ਰੋ ਰੋ ਗਾਂਦੀ, ਪ੍ਰਭ ਕਿਰਪਾ ਕਰ ਹਰਿ ਰਘੁਰਾਈਆ। ਹਰਿ ਭਗਤੀ ਭਗਤ ਜਨਾਂ ਦੀ ਦੁਸ਼ਟ ਦੁਰਾਚਾਰਾਂ ਆਪ ਬਖ਼ਸ਼ਾਂਦੀ, ਦੋਏ ਜੋੜ ਸੀਸ ਝੁਕਾਂਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਸੇਵਾ ਇਕ ਲਗਾਈਆ। ਸੇਵਾ ਲਾਈ ਸੇਵਾਦਾਰ, ਹਰਿ ਭਗਤੀ ਕਰਮ ਪਛਾਨਿਆ। ਪਰਗਟ ਹੋਇਆ ਵਿਚ ਸੰਸਾਰ, ਆਪਣਾ ਆਪ ਜਾਣਿਆ। ਮਿਲੀ ਵਸਤ ਇਕ ਅਪਾਰ, ਤੁੱਟਾ ਮਾਣ ਤਾਣਿਆ। ਛੱਡਿਆ ਘਰ ਰਾਜ ਦਰਬਾਰ, ਮੇਲ ਵਿਛੋੜਾ ਹਾਣੀ ਹਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦਿਤਾ ਵਰ, ਭਾਰਤ ਖੰਡੀ ਪਾਈ ਵੰਡੀ, ਜਗਤ ਜੁਦਾਈ ਸਾਚੀ ਡੰਡੀ, ਏਕਾ ਮੰਨਿਆ ਪ੍ਰਭੂ ਭਾਣਿਆ। ਪ੍ਰਭ ਭਾਣਾ ਮੰਨ, ਦਿਵਸ ਰੈਣ ਸੇਵ ਕਮਾਇੰਦਾ। ਉਪਜੇ ਸ਼ਬਦ ਧੁਨ ਸਾਚੇ ਕੰਨ, ਹਰਿ ਸਾਚਾ ਆਪ ਸੁਣਾਇੰਦਾ। ਗਊ ਗਰੀਬਾਂ ਬੇੜਾ ਬੰਨ੍ਹ, ਊਚਾਂ ਨੀਚਾਂ ਮਗਰ ਲਾਇੰਦਾ। ਛੱਡਿਆ ਵਸੇਰਾ ਛੱਪਰੀ ਛੰਨ, ਡੇਰਾ ਹਰਿ ਹਰਿ ਚਰਨ ਟਿਕਾਇੰਦਾ। ਲੋਕਮਾਤ ਚੜ੍ਹਿਆ ਸਾਚਾ ਚੰਨ, ਹਰਿ ਸਾਚਾ ਆਪ ਚੜ੍ਹਾਇੰਦਾ। ਅੰਤਮ ਝੂਠੀ ਮਾਟੀ ਹੋਣੀ ਖੰਨ ਖੰਨ, ਧਰਮ ਰਾਏ ਨਾ ਦਿਤਾ ਡੰਨ, ਪੁਰੀ ਇੰਦਰ ਸ਼ਬਦ ਮਿਲਾਇੰਦਾ। ਪੁਰਖ ਅਬਿਨਾਸ਼ੀ ਬੇੜਾ ਲਿਆ ਬੰਨ੍ਹ, ਏਕਾ ਰਾਗ ਸੁਣਾਇਆ ਕੰਨ, ਲੋਕਮਾਤ ਜਨਮ ਦਵਾਇੰਦਾ। ਲੋਕਮਾਤ ਪ੍ਰਭ ਜਨਮ ਦਵਾਇਆ, ਸਾਚੀ ਬਣਤ ਬਣਾਈਆ। ਅਠਾਰਾਂ ਮਾਘ ਦੇਹ ਛੁਡਾਇਆ, ਸਾਚੀ ਰਚਨ ਰਚਾਈਆ। ਆਪ ਆਪਣਾ ਨੇਹੁੰ ਲਗਾਇਆ, ਸਾਚੀ ਸੇਵ ਕਮਾਈਆ। ਆਤਮ ਅੰਮ੍ਰਿਤ ਪੀਵ ਸਾਚਾ ਮੀਂਹ ਬਰਸਾਇਆ, ਮੇਘ ਮਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਇਕ ਵਖਾਈਆ। ਅਠਾਰਾਂ ਮਾਘ ਦੇਹ ਤੱਜ। ਸਚ ਸਿੰਘਾਸਣ ਚੜ੍ਹਿਆ ਭੱਜ। ਪ੍ਰਭ ਅਬਿਨਾਸ਼ੀ ਪੜਦਾ ਲਿਆ ਕੱਜ। ਦਰ ਦਵਾਰੇ ਅੰਮ੍ਰਿਤ ਪੀਤਾ ਰੱਜ। ਧੁਰਦਰਗਾਹੀ ਏਕਾ ਕਰੇ ਸ਼ਬਦ ਜਣਾਈ, ਮਾਤਲੋਕ ਵਿਚ ਜਾਣਾ ਸਜ। ਸ਼ਬਦ ਘੋੜਾ ਜੋਤੀ ਜੋੜਾ ਆਪ ਆਪਣੀ ਦੇਹੀ ਤਜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਖੋਲ੍ਹੇ ਤੇਰਾ ਦਰ, ਤੇਰੇ ਪੜਦੇ ਲਏ ਕੱਜ। ਕਾਇਆ ਮਾਟੀ ਝੂਠੀ ਖੇਹ, ਅੰਤਮ ਖਾਕ ਰੁਲਾਈਆ। ਚਰਨ ਕਵਲ ਪ੍ਰਭ ਲੱਗਾ ਨੇਹ, ਸਚ ਪ੍ਰੀਤ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇੰਦ ਇੰਦਰਾਸਨ ਸ਼ਬਦ ਸਿੰਘਾਸਣ, ਵੇਖ ਵਖਾਏ ਪ੍ਰਿਥਮੀ ਆਕਾਸ਼ਨ, ਸਾਚੇ ਘੋੜੇ ਜੋਤੀ ਜੋੜੇ ਮੇਲ ਮਿਲਾਈਆ। ਹਰਿ ਭੰਡਾਰ ਅਤੋਲ, ਸਦਾ ਸਦਾ ਰਖਾਇੰਦਾ। ਦਰ ਦਰਵਾਜ਼ਾ ਏਕਾ ਖੋਲ੍ਹ, ਜਨ ਭਗਤਾਂ ਝੋਲੀ ਪਾਇੰਦਾ। ਮੰਦਰ ਅੰਦਰ ਸਾਚੇ ਬੋਲ, ਸ਼ਬਦ ਮਰਦੰਗ ਵਜਾਇੰਦਾ। ਬਜਰ ਕਪਾਟੀ ਪੜਦਾ ਖੋਲ੍ਹ, ਆਪਣਾ ਰੰਗ ਵਖਾਇੰਦਾ। ਨਿਝ ਘਰ ਵਾਸੀ ਸਦਾ ਵਸੇ ਕੋਲ, ਕਲਜੁਗ ਜੀਆਂ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਖੇਤਰ ਰਿਹਾ ਮੌਲ, ਤਨ ਮਨ ਹਰਾ ਕਰਾਇੰਦਾ। ਭਗਤ ਭੰਡਾਰੀ ਹਰਿ ਦਾਤਾਰ, ਦੇਵੇ ਜੀਆ ਦਾਨਾ। ਜਗਤ ਸੰਸਾਰੀ ਨਰ ਨਿਰੰਕਾਰ, ਖੇਲੇ ਖੇਲ ਮਹਾਨਾ। ਹਰਿਜਨ ਮੰਗੇ ਦਰ ਬਣ ਭਿਖਾਰ, ਆਤਮ ਉਪਜੇ ਬ੍ਰਹਮ ਗਿਆਨਾ। ਮਾਂਗਤ ਮੰਗੇ ਏਕਾ ਵਾਰ, ਗੁਰ ਪੂਰਾ ਸਾਚਾ ਬੰਨ੍ਹੇ ਹੱਥੀਂ ਗਾਨਾ। ਤਨ ਕਰੇ ਸੋਲਾਂ ਸ਼ਿੰਗਾਰ, ਸਾਚਾ ਮੇਲਾ ਸਾਚੇ ਕਾਹਨਾ। ਲਜ ਪਤ ਰੱਖੇ ਵਿਚ ਸੰਸਾਰ, ਪਾਰ ਕਰਾਏ ਦੋ ਜਹਾਨਾਂ। ਅੰਤਮ ਵੇਲੇ ਪਾਵੇ ਸਾਰ, ਆਪੇ ਹੋਏ ਬੀਨਾ ਦਾਨਾ। ਆਪ ਸੁਹਾਏ ਬੰਕ ਦਵਾਰ, ਸ਼ਬਦ ਜਣਾਏ ਸਚ ਤਰਾਨਾ। ਮੇਲ ਮਿਲਾਏ ਏਕਾ ਏਕੰਕਾਰ, ਨਿਰਗੁਣ ਸਰਗੁਣ ਲੇਖ ਮਹਾਨਾ। ਸਰਗੁਣ ਸਾਖਤ ਬੰਨ੍ਹੇ ਧਾਰ, ਨਿਰਗੁਣ ਰੂਪ ਵਟਾਨਾ। ਦੋਹਾਂ ਮੇਲਾ ਇਕ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਵਿਚ ਮਿਲਾਨਾ। ਸ਼ਬਦ ਨਿਸ਼ਾਨ ਸਤਿ ਹੈ, ਝੁੱਲੇ ਵਿਚ ਜਹਾਨ। ਸ੍ਰਿਸ਼ਟ ਸਬਾਈ ਦੇ ਸਮਝਾਵੇ ਮਤ ਹੈ, ਭਰਮੇ ਭੁੱਲੇ ਨਾ ਜੀਵ ਨਾਦਾਨ। ਇਕ ਰਖਾਏ ਧੀਰਜ ਯਤ ਹੈ, ਧੁਰਦਰਗਾਹੀ ਮਾਰੇ ਸਾਚਾ ਬਾਣ। ਨਾਮ ਦਿਸੇ ਸਾਚਾ ਰਥ ਹੈ, ਆਦਿ ਅੰਤ ਇਕ ਭਗਵਾਨ। ਸਰਬ ਕਲਾ ਆਪੇ ਸਮਰਥ ਹੈ, ਸ੍ਰਿਸ਼ਟ ਸਬਾਈ ਕਰੇ ਪਛਾਣ। ਕਲਜੁਗ ਮਾਇਆ ਲੱਖ ਚੁਰਾਸੀ ਪਾਈ ਨੱਥ ਹੈ, ਨਾ ਕੋਈ ਕਰੇ ਕਿਸੇ ਕਲਿਆਣ। ਸਾਧ ਸੰਤ ਮਾਇਆ ਮਮਤਾ ਰਹੀ ਮਥ ਹੈ, ਦਰ ਦਰ ਘਰ ਘਰ ਰਸਨਾ ਕਰਨ ਵਖਿਆਨ। ਹਰਿ ਮਹਿੰਮਾ ਜਗਤ ਅਕੱਥ ਹੈ, ਕਥਨੀ ਕਥੇ ਨਾ ਵਿਚ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਰਗਟ ਹੋਵੇ ਵਿਚ ਜਹਾਨ। ਪੁਰਖ ਅਬਿਨਾਸ਼ੀ ਜਾਮਾ ਪਾਇਆ, ਜੋਤੀ ਨੂਰ ਜਗਾਈਆ। ਏਕਾ ਏਕ ਆਪ ਅਖਵਾਇਆ, ਤ੍ਰੇਤਾ ਤ੍ਰਿਪਤ ਕਰਾਈਆ। ਕ੍ਰਿਸ਼ਨਾ ਕਾਹਨਾ ਭੇਵ ਨਾ ਰਾਇਆ, ਅਰਜਨ ਰਥ ਰਥਵਾਹੀਆ। ਅਠਾਰਾਂ ਧਿਆਏ ਸ਼ਬਦ ਜਣਾਇਆ, ਭੇਵ ਅਭੇਦਾ ਭੇਵ ਖੁਲ੍ਹਾਈਆ। ਚਾਰ ਵੇਦਾਂ ਭੇਵ ਨਾ ਪਾਇਆ, ਪੁਰਾਨ ਅਠਾਰਾਂ ਰਹੇ ਗਾਈਆ। ਵੇਦ ਵਿਆਸੇ ਲੇਖ ਲਿਖਾਇਆ, ਲੱਖ ਇਕ ਹਜ਼ਾਰ ਸਤਾਰਾਂ ਸਲੋਕ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਭੇਖ ਵਟਾਈਆ। ਭੇਖਾਧਾਰੀ ਭੇਖ ਧਰੇ, ਜੁਗ ਜੁਗ ਬਣਤ ਬਣਾਇੰਦਾ। ਸ੍ਰਿਸ਼ਟ ਸਬਾਈ ਆਪੇ ਵਰੇ, ਆਪੇ ਪਰੇ ਹਟਾਇੰਦਾ। ਧਰਨੀ ਧਰ ਧਰਤੀ ਧਵਲ ਜੋਤ ਏਕਾ ਘਰੇ, ਏਕਾ ਘਰ ਵਸਾਇੰਦਾ। ਨੌ ਖੰਡ ਪ੍ਰਿਥਮੀ ਆਵੇ ਡਰੇ, ਸੱਤਾਂ ਦੀਪਾਂ ਆਪ ਹਿਲਾਇੰਦਾ। ਬ੍ਰਹਮਾ ਸ਼ਿਵ ਦਵਾਰ ਖੜ੍ਹੇ, ਦੋਏ ਜੋੜ ਸੀਸ ਝੁਕਾਇੰਦਾ। ਸੁਰਪਤ ਰਾਜਾ ਕਰੋੜ ਤੇਤੀਸਾ ਮੰਗੇ ਦਾਨ ਹਰਿ ਹਰੇ, ਹਰਿ ਹਰਿ ਝੋਲੀ ਆਪ ਭਰਾਇੰਦਾ। ਕਲਜੁਗ ਕਾਲਾ ਕਾਲਾ ਰੂਪ ਮਾਤ ਧਰੇ, ਨਾ ਕੋਇ ਕਿਸੇ ਮਿਟਾਇੰਦਾ। ਪਰਗਟ ਹੋਏ ਨਿਹਕਲੰਕ ਅਵਤਾਰ ਨਰੇ, ਸ਼ਬਦ ਖੰਡਾ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਪਾਵੇ ਵੰਡ, ਮੇਟ ਮਿਟਾਏ ਭੇਖ ਪਖੰਡ, ਹੱਥ ਫੜੇ ਸ਼ਬਦ ਡੰਡਾ, ਸਾਚਾ ਨਾਉਂ ਰਖਾਇੰਦਾ। ਸ਼ਬਦ ਡੰਡਾ ਹਰਿ ਬਲਕਾਰ, ਆਪਣੇ ਹੱਥ ਉਠਾਇੰਦਾ। ਰਸਨ ਕਮਾਨ ਤੇਜ ਕਟਾਰ, ਸ਼ਬਦੀ ਸ਼ਬਦ ਇਕ ਰਖਾਇੰਦਾ। ਨੌ ਖੰਡ ਪ੍ਰਿਥਮੀ ਮਾਰੇ ਮਾਰ, ਨਾ ਕੋਈ ਕਿਸੇ ਬਚਾਇੰਦਾ। ਲੱਖ ਚੁਰਾਸੀ ਆਈ ਹਾਰ, ਸ੍ਰਿਸ਼ਟ ਸਬਾਈ ਹੋਏ ਖੁਆਰ, ਪ੍ਰਭ ਸਾਚੀ ਬਣਤ ਬਣਾਇੰਦਾ। ਰਾਏ ਧਰਮ ਦੋਏ ਜੋੜ ਪੁਰਖ ਅਬਿਨਾਸ਼ੀ ਅੱਗੇ ਕਰੇ ਪੁਕਾਰ, ਅਠਾਈ ਕੁੰਡਾਂ ਬੂਹਾ ਲਾਹਿੰਦਾ। ਲਾੜੀ ਮੌਤ ਕਰੇ ਸ਼ਿੰਗਾਰ, ਪ੍ਰਭ ਅਬਿਨਾਸ਼ੀ ਕਿਰਪਾ ਧਾਰ, ਮਾਤਲੋਕੀ ਰਾਹ ਤਕਾਇੰਦਾ। ਧਰਤਮਾਤ ਰੋ ਰੋ ਰਹੀ ਧਾਹਾਂ ਮਾਰ, ਕਲਜੁਗ ਜੀਵਾਂ ਮਾਇਆ ਲੁੱਠਿਆ, ਘਰ ਘਰ ਦਰ ਦਰ ਗਊ ਗਰੀਬਾਂ ਕੁੱਠਿਆ, ਚੁੱਕਿਆ ਨਾ ਜਾਏ ਅੰਤਮ ਭਾਰ। ਗਰੀਬ ਨਿਵਾਜ਼ਾ ਕਿਉਂ ਬੈਠਾ ਰੁੱਠਿਆ, ਸੁਣੀ ਜਾਏ ਮੈਥੋਂ ਪੁਕਾਰ। ਪੁਰਖ ਅਬਿਨਾਸ਼ੀ ਏਕਾ ਤੁੱਠਿਆ, ਪਰਗਟ ਹੋਏ ਵਿਚ ਸੰਸਾਰ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਲੁਕਿਆ ਰਹਿਣ ਨਾ ਦੇਵੇ ਗੁੱਠਿਆ, ਕਰੇ ਖੇਲ ਅਪਰ ਅਪਾਰ। ਹੱਥ ਫੜਾਏ ਖਾਲੀ ਠੂਠਿਆ, ਈਸਾ ਮੂਸਾ ਰੋਵਣ ਧਾਹਾਂ ਮਾਰ। ਸੰਗ ਮੁਹੰਮਦ ਹੋਇਆ ਝੂਠਿਆ, ਅਲ੍ਹਾ ਰਾਣੀ ਹੋਏ ਖੁਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਤੇਰਾਂ ਤੇਰੀ ਧਾਰ, ਸ੍ਰਿਸ਼ਟ ਸਬਾਈ ਰਿਹਾ ਵਿਚਾਰ। ਅੱਸੂ ਤਿੰਨ ਦਿਵਸ ਵਿਚਾਰ। ਪਾਇਆ ਫੇਰਾ ਦਿੱਲੀ ਦਰਬਾਰ। ਆਪਣੀ ਖੇਲ ਆਪੇ ਖੇਲੇ, ਜਗਤ ਖਿਲਾਵਣਹਾਰ। ਪ੍ਰਭ ਅਬਿਨਾਸ਼ੀ ਕਿਸੇ ਨਾ ਦਿਸੇ, ਆਤਮ ਅੰਧ ਅੰਧਿਆਰ। ਜਿਸ ਜਨ ਕਿਰਪਾ ਕਰ ਪਾਏ ਸਾਚੇ ਹਿਸੇ, ਦੇਵੇ ਸ਼ਬਦ ਅਧਾਰ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਸ਼ਬਦ ਸਰੂਪੀ ਕਰਾਏ ਜੈ ਜੈ ਜੈਕਾਰ। ਜੈ ਜੈ ਜੈਕਾਰ ਕਰਾਏ, ਹਰਿ ਹਰਿ ਭਗਵਾਨੀਆ। ਆਦਿ ਅੰਤ ਏਕੰਕਾਰ, ਜੁਗ ਜੁਗ ਜਾਣੇ ਆਪਣੀ ਕਾਰ ਵਿਚ ਜਹਾਨਿਆ। ਮਾਇਆ ਪਾਏ ਬੇਅੰਤ, ਗੁਣਵੰਤਾ ਗੁਣ ਨਿਧਾਨਿਆ। ਗੁਣ ਅਵਗੁਣ ਕਰਮ ਕੁਕਰਮ ਰਿਹਾ ਵਿਚਾਰ, ਸਾਧਾਂ ਸੰਤਾਂ ਹੋਏ ਅੰਤ, ਨਾ ਕੋਈ ਦਿਸੇ ਧਰਮ ਨਿਸ਼ਾਨਿਆ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੇ ਭਾਣਿਆ। ਸਾਧਾਂ ਸੰਤਾਂ ਹੋਇਆ ਅੰਤ ਹੈ। ਨਾ ਕੋਈ ਦਿਸੇ ਧਰਮ ਦਵਾਰ, ਮਾਇਆ ਪਾਈ ਸ੍ਰਿਸ਼ਟ ਬੇਅੰਤ ਹੈ। ਜੂਠਾ ਝੂਠਾ ਧੁੰਦੂਕਾਰ, ਸਚ ਦਿਸੇ ਨਾ ਕੋਈ ਸੁਗੰਧਤਾ ਹੈ। ਲੇਖਾ ਲਿਖਿਆ ਹਰਿ ਕਰਤਾਰ, ਸ਼ਬਦ ਨਿਸ਼ਾਨਾ ਅਪਰ ਅਪਾਰ, ਸੱਤਾਂ ਦੀਪਾਂ ਲੇਖ ਲਿਖਾਏ ਨਾ ਕੋਈ ਮੇਟੇ ਮੇਟਤ ਹੈ। ਸੰਮਤ ਬੀਸ ਰਹਿਣਾ ਖ਼ਬਰਦਾਰ, ਚੜ੍ਹੇ ਚੜ੍ਹਾਏ ਦਿੱਲੀ ਦਰਬਾਰ, ਨੌ ਖੰਡ ਪ੍ਰਿਥਮੀ ਮੇਲਾ ਏਕਾ ਕੰਤ ਹੈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰੇ ਖੇਲ ਬੇਅੰਤ ਹੈ। ਰਾਸ਼ਟਰਪਤ ਜੋਗ ਰਖੀਸ਼ਰ, ਆਤਮ ਬ੍ਰਹਮ ਜਣਾਈਆ। ਭਗਤੀ ਭਗਤ ਭੁਗਤ ਸੱਚਾ ਤਪੀਸ਼ਰ, ਆਤਮ ਤ੍ਰਿਪਤ ਕਰਾਈਆ। ਮਿਲੇ ਮੇਲ ਜਗਤ ਜੁਗੀਸ਼ਰ, ਸਾਚਾ ਸੀਸ ਤਾਜ ਭੇਟ ਚੜ੍ਹਾਈਆ। ਮਸਤਕ ਟਿੱਕਾ ਲਾਏ ਕੇਸਰ, ਸਵਾ ਰੱਤੀ ਨਾਲ ਰਖਾਈਆ। ਜੁਗ ਜੁਗ ਵਿਛੜਿਆ ਵਿਚ ਥਨੇਸਰ, ਅੰਤਮ ਕਲਜੁਗ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਆਪ ਆਪਣਾ ਰਿਹਾ ਛੁਪਾਈਆ। ਜੁਗ ਜੁਗ ਵਿਛੜੇ ਮੇਲ ਮਿਲਾਵਣਹਾਰ ਦਾਤਾਰਾ। ਸ਼ਾਹ ਭਬੀਖਣ ਜੁਗ ਤ੍ਰੇਤਾ ਪਾਰ ਕਰਾਏ, ਮਿਲਿਆ ਮੇਲ ਰਾਮ ਅਵਤਾਰਾ। ਭਗਤ ਸਹੇਟਾ ਆਪ ਅਖਵਾਏ, ਮਾਂ ਪਿਓ ਬੇਟਾ ਆਪ ਕਰਤਾਰਾ। ਖੇਵਟ ਖੇਟਾ ਆਪ ਹੋ ਜਾਏ, ਕਲਜੁਗ ਪਾਰ ਕਰਾਏ ਕਿਨਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਘਰ ਲੈ ਕੇ ਆਇਆ, ਸ਼ਬਦ ਸਰੂਪੀ ਪੰਚਮ ਮੁਖੀਆ ਸਾਚਾ ਸੁਖੀਆ ਨਾਮ ਸੱਚਾ ਦਸਤਾਰਾ। ਸ਼ਬਦ ਨਾਮ ਸੀਸ ਜਗਦੀਸ, ਆਪਣਾ ਆਪ ਰਖਾਈਆ। ਸ੍ਰਿਸ਼ਟ ਸਬਾਈ ਜਾਏ ਪੀਸ, ਨਾ ਕੋਈ ਹੋਏ ਕਿਸੇ ਸਹਾਈਆ। ਇਕ ਚਲਾਏ ਸ਼ਬਦ ਹਦੀਸ, ਅੰਜ਼ੀਲ ਕੁਰਾਨ ਵੇਦ ਪੁਰਾਨ ਖਾਣੀ ਬਾਣੀ ਏਕਾ ਰੰਗ ਸਮਾਈਆ। ਆਪੇ ਜਾਣੇ ਰਾਗ ਛਤੀਸ ਸਪਾਰੇ ਤੀਸ ਦੰਦ ਬਤੀਸ, ਆਪੇ ਰਿਹਾ ਜਣਾਈਆ। ਲਹਿਣਾ ਚੁੱਕੇ ਬੀਸ ਇਕੀਸ, ਪ੍ਰਭ ਸਾਚੀ ਬਣਤ ਰਿਹਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਾਹ ਭਬੀਖਣ ਦੇਵੇ ਮਾਤ ਵਡਿਆਈਆ। ਮਾਤ ਵਡਿਆਈ ਜੁਗੋ ਜੁਗ, ਹਰਿ ਹਰਿ ਭਗਤਾਂ ਆਪ ਰਖਾਇੰਦਾ। ਲਹਿਣਾ ਦੇਣਾ ਜੁਗੋ ਜੁਗ, ਜੁਗ ਜੁਗ ਮੂਲ ਚੁਕਾਇੰਦਾ। ਭਾਣਾ ਸਹਿਣਾ ਜੁਗੋ ਜੁਗ, ਜੁਗ ਜੁਗ ਹੁਕਮ ਸੁਣਾਇੰਦਾ। ਦਰਸ਼ਨ ਨੈਣਾ ਜੁਗੋ ਜੁਗ, ਕਲਜੁਗ ਰੂਪ ਵਟਾਇੰਦਾ। ਸਾਚੇ ਮੰਦਰ ਅੰਦਰ ਬਹਿਣਾ ਜੁਗੋ ਜੁਗ, ਰਾਮ ਰਾਮਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਦਵਾਰੇ ਸਾਚੇ ਬਹਿਣਾ, ਏਕਾ ਰਾਹ ਵਖਾਇੰਦਾ। ਪੰਚਮ ਮੀਤਾ ਪੰਚਮ ਚੀਤਾ, ਪੰਚਮ ਜੋਤ ਜਗਾਇੰਦਾ। ਪੰਚਮ ਕਰੇ ਪਤਤ ਪੁਨੀਤਾ, ਪੰਚਮ ਪੰਚਾਂ ਠੰਢਾ ਸੀਤਾ, ਪੰਚਾਂ ਖੋਟ ਕਢਾਇੰਦਾ। ਪੰਚਾਂ ਪੰਚਾਂ ਕਰੇ ਅਤੀਤਾ, ਪੰਚਮ ਬਖ਼ਸ਼ੇ ਚਰਨ ਪ੍ਰੀਤਾ, ਪੰਚਮ ਕੂਟ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਸਚ ਨਿਸ਼ਾਨਾ ਧੁਰ ਫ਼ਰਮਾਣਾ, ਸੋਹੰ ਅੱਖਰ ਲੇਖ ਲਿਖਾਨਾ, ਅਚਰਜ ਰੀਤ ਚਲਾਇੰਦਾ। ਸ਼ਬਦ ਸੋਟੀ ਜਗਤ ਸਹਾਰਾ, ਧੁਰਦਰਗਾਹੀ ਦਾਤਾ। ਹਰਿ ਹਰਿ ਸਾਚਾ ਕਰ ਪਿਆਰਾ, ਦੇਵਣ ਆਇਆ ਮਾਤ ਸੁਗ਼ਾਤਾ। ਗੁਰਮੁਖ ਵਿਰਲਾ ਕਰੇ ਵਣਜ ਵਪਾਰਾ, ਜਿਸ ਜਨ ਬੰਧਾਏ ਸਾਚਾ ਨਾਤਾ। ਜੋਤੀ ਜੋਤ ਸਰੂਪ ਹਰਿ, ਆਪੇ ਜਾਣੇ ਆਪਣੀ ਧਾਰਾ, ਆਪ ਆਪਣੇ ਰੰਗ ਸਮਾਤਾ। ਚਰਨ ਜੋੜਾ ਜਗਤ ਵਿਛੋੜਾ, ਭਗਤੀ ਮਾਰਗ ਲਾਇੰਦਾ। ਨਾਮ ਮਿਲੇ ਸੱਚਾ ਘੋੜਾ, ਧੁਰਦਰਗਾਹੀ ਆਇਆ ਦੌੜਾ, ਵੇਖੇ ਪਰਖੇ ਮਿੱਠਾ ਕੌੜਾ, ਨੌ ਦਵਾਰੇ ਵੇਖ ਵਖਾਇੰਦਾ। ਪਰਗਟ ਹੋਏ ਬ੍ਰਹਿਮਣ ਗੌੜਾ, ਪੂਤ ਸਪੂਤਾ ਜੋਤੀ ਜੋੜਾ, ਆਪਣਾ ਰੂਪ ਵਟਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਰਾਹ ਲੰਬਾ ਚੌੜਾ, ਉਚਾ ਟਿੱਲਾ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਮੰਦਰ ਆਪੇ ਬਹੁੜਾ, ਆਪ ਆਪਣਾ ਮੁਖ ਛੁਪਾਇੰਦਾ। ਭਿੰਨੀ ਰੈਨੜੀਏ ਤੇਰੀ ਰੁੱਤ ਸੁਹਾਈ, ਸੰਤ ਜਨਾਂ ਘਰ ਪਾਇਆ। ਭਿੰਨੀ ਰੈਨੜੀਏ ਕਲ ਮਿਲੇ ਵਧਾਈ, ਹਰਿ ਹਰਿ ਮੰਗਲ ਗਾਇਆ। ਭਿੰਨੀ ਰੈਨੜੀਏ ਤੇਰੇ ਨਾਮ ਵਡਿਆਈ, ਗੁਰਮੁਖਾਂ ਰੰਗ ਰੰਗਾਇਆ। ਭਿੰਨੀ ਰੈਨੜੀਏ ਲੋਕਮਾਤ ਹੋਏ ਜੁਦਾਈ, ਹਰਿ ਹਰਿ ਚਰਨੀ ਚਿਤ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਿੰਨੜੀ ਰੈਣ ਜਨ ਭਗਤਾਂ ਦਰ ਸਾਚੇ ਦਏ ਦੁਹਾਇਆ। ਭਿੰਨੜੀ ਰੈਣ ਮੰਗੀ ਮੰਗ, ਆਏ ਚਰਨ ਦਵਾਰੇ। ਭਗਤ ਜਨਾਂ ਦਾ ਸਾਚਾ ਸੰਗ, ਸੋਹਣ ਬੰਕ ਦਵਾਰੇ। ਸ਼ਬਦ ਉਡਾਰੀ ਸੁਰਤੀ ਚੜ੍ਹੇ ਪਤੰਗ, ਜਾਏ ਪਾਰ ਕਿਨਾਰੇ। ਅੰਮ੍ਰਿਤ ਧਾਰਾ ਵਹਾਏ ਸਾਚੀ ਗੰਗ, ਛੋਹੇ ਚਰਨ ਕਵਲਾਰੇ। ਹੋਏ ਸਹਾਈ ਅੰਗ ਸੰਗ, ਸਰਬ ਜੀਆਂ ਦਾ ਦਾਤਾਰੇ। ਮਾਨਸ ਜਨਮ ਨਾ ਹੋਏ ਭੰਗ, ਮਿਲੇ ਮੇਲ ਕੰਤ ਪੁਰਖ ਭਤਾਰੇ। ਦਰ ਘਰ ਸਾਚੇ ਮੰਗੀ ਏਕਾ ਮੰਗ, ਸਤਵੰਤੀ ਸਾਚੀ ਨਾਰੇ। ਆਤਮ ਸੇਜਾ ਸ਼ਬਦ ਰੰਗੀਲਾ ਪਲੰਘ, ਦਸਮ ਦਵਾਰੀ ਡੱਠਾ ਅਟੱਲ ਮਹੱਲ ਉਤਮ ਚੁਬਾਰੇ। ਗੁਰ ਕਿਰਪਾ ਪਾਰ ਜਾਣਾ ਲੰਘ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਆਪੇ ਬੈਠਾ ਭੁਜਾ ਪਸਾਰੇ। ਇਕ ਵਜਾਏ ਨਾਮ ਮਰਦੰਗ, ਸੁਣਾਏ ਰਾਗ ਅਪਰ ਅਪਾਰੇ। ਆਪ ਲਗਾਏ ਆਪਣੇ ਅੰਗ, ਏਕਾ ਸੇਜਾ ਸੁੱਤੇ ਪੈਰ ਪਸਾਰੇ। ਜੁਗ ਜੁਗ ਜੁਗ ਜੁਗ ਪਾਰ ਜਾਇਣ ਲੰਘ, ਪ੍ਰਭ ਅਬਿਨਾਸ਼ੀ ਕਿਰਪਾ ਧਾਰੇ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਮਾਤ ਵਰ, ਆਦਿ ਅੰਤ ਏਕਾ ਘਰ ਸੁਰਤ ਸਵਾਣੀ ਮਾਤ ਸੁਹਾਗਣ ਮਿਲਿਆ ਹਰਿ ਹਰਿ ਕੰਤਾ। ਦਿਵਸ ਰੈਣ ਲੱਭੇ ਸਾਚਾ ਹਾਣੀ, ਪੁਰਖ ਅਬਿਨਾਸ਼ੀ ਵਡ ਵਡ ਬਲਵੰਤਾ। ਮਨਮੁਖਾਂ ਅੰਦਰ ਸੁੱਤੀ ਕਾਲੀ ਚੁੰਨੀ ਉਤੇ ਤਾਣੀ, ਭਰਮ ਭੁਲੇਖਾ ਜੀਵਾਂ ਜੰਤਾਂ। ਕੋਈ ਨਾ ਦੇਵੇ ਅੰਮ੍ਰਿਤ ਆਤਮ ਠੰਢਾ ਪਾਣੀ, ਨਾ ਕੋਈ ਵਖਾਏ ਰੁੱਤ ਬਸੰਤਾ। ਗੁਰਮੁਖ ਵਿਰਲਾ ਨਿਸ਼ਅੱਖਰ ਵੱਖਰ ਪੜ੍ਹੇ ਏਕਾ ਬਾਣੀ, ਬਣਾਏ ਆਪਣੀ ਬਣਤਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਸਾਚਾ ਰੰਗ ਦਿਖੰਤਾ। ਸਾਚਾ ਰੰਗ ਸਾਚੀ ਸੇਜ, ਪ੍ਰਭ ਫੂਲਨ ਆਪ ਵਿਛਾਈਆ। ਗੁਰਮੁਖਾਂ ਸ਼ਬਦ ਸੁਨੇਹੜਾ ਰਿਹਾ ਭੇਜ, ਕੰਤ ਕੰਤੂਹਲਾ ਦਇਆ ਕਮਾਈਆ। ਸੰਮਤ ਅਠਾਰਾਂ ਨੌ ਨੌ ਖੰਡ ਪ੍ਰਿਥਮੀ ਪਾਣੀ ਨੌ ਨੌ ਨੇਜ਼, ਜਲ ਧਾਰਾ ਆਪ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ੍ਰਿਸ਼ਟ ਸਬਾਈ ਪਾਵੇ ਦੂਸਰ ਕੋਇ ਸਾਰ ਨਾ ਪਾਈਆ। ਸ਼ਬਦ ਹਾਰ ਤਨ ਸ਼ਿੰਗਾਰ, ਹਰਿ ਭਗਤਾਂ ਆਪ ਕਰਾਇੰਦਾ। ਪੂਰਬ ਲਹਿਣਾ ਕਰਮ ਵਿਚਾਰ, ਆਪਣਾ ਕਰਜ਼ਾ ਲਾਹਿੰਦਾ। ਦਰਸ਼ਨ ਨੈਣਾਂ ਅਪਰ ਅਪਾਰ, ਦਰ ਦਵਾਰਾ ਇਕ ਵਖਾਇੰਦਾ। ਪੰਚਾਂ ਤਤਾਂ ਖੋਲ੍ਹ ਕਿਵਾੜ, ਜੋਤ ਆਕਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾਨਿਧ ਇਕ ਅਖਵਾਇੰਦਾ। ਕਿਰਪਾਨਿਧ ਅਪਾਰ ਰੂਪ, ਸਤਿ ਸੰਤੋਖ ਸਮਾਇਆ। ਜੋਤ ਜਗਾਏ ਅੰਧ ਕੂਪ, ਅੰਧ ਅੰਧੇਰ ਮਿਟਾਇਆ। ਕਰੇ ਪਰਕਾਸ਼ ਚਾਰੇ ਕੂਟ, ਕਾਇਆ ਮੰਦਰ ਦਏ ਸੁਹਾਇਆ। ਨਾਮ ਧੁਖਾਏ ਸਾਚਾ ਧੂਪ, ਪਵਣ ਸੁਗੰਧੀ ਰਖਾਇਆ। ਆਪ ਸਮਾਏ ਵਿਚ ਆਪਣਾ ਰੂਪ, ਰੂਪ ਅਨੂਪਾ ਵਿਚ ਸਮਾਇਆ। ਸਾਚਾ ਧਾਗਾ ਨਾਮ ਸੂਤ, ਪ੍ਰੇਮ ਵੱਟ ਚੜ੍ਹਾਇਆ। ਦੂਈ ਦਵੈਤੀ ਮਿਟੇ ਫੂਟ, ਏਕਾ ਬੰਨ੍ਹਣ ਪਾਇਆ। ਰਸਨਾ ਤੀਰ ਰਿਹਾ ਛੂਟ, ਚੰਦਨ ਦੇਹੀ ਵਿਚ ਲਗਾਇਆ। ਪਾਰ ਕਰਾਏ ਜੂਠ ਝੂਠ, ਪੰਚ ਵਿਕਾਰਾ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤਨ ਸ਼ਿੰਗਾਰ ਹਾਰ ਕਰਾਇਆ। ਸ਼ਬਦ ਹਾਰ ਸਾਚਾ ਫੁੱਲ, ਗੁਰਮੁਖ ਰੰਗ ਚੜ੍ਹਾਇੰਦਾ। ਦਰ ਦਵਾਰੇ ਕੋਈ ਨਾ ਲੱਗੇ ਮੁੱਲ, ਚਰਨ ਪ੍ਰੀਤ ਜੋ ਕਮਾਇੰਦਾ। ਸ਼ਬਦ ਭੰਡਾਰਾ ਜਾਏ ਖੁਲ੍ਹ, ਮਿਲੇ ਵਸਤ ਇਕ ਅਨਮੁਲ, ਦੂਸਰ ਨਾ ਕੋਈ ਦਿਸੇ ਤੁਲ, ਗਾਉਂਦੇ ਰਹਿਣ ਸਦਾ ਸਾਚੇ ਬੁਲ੍ਹ, ਜਾਪ ਅਜਪਾ ਆਪ ਚਲਾਇੰਦਾ। ਮਾਨਸ ਦੇਹੀ ਨਾ ਜਾਏ ਹੁੱਲ, ਭਾਗ ਲੱਗੇ ਸਾਚੀ ਕੁੱਲ, ਫਲ ਫੁਲਵਾੜੀ ਜਾਏ ਫੁੱਲ, ਰੁੱਤ ਬਸੰਤ ਸੁਹਾਇੰਦਾ। ਹਰਿਜਨ ਸਾਚਾ ਨਾ ਜਾਏ ਰੁਲ, ਏਕਾ ਏਕ ਆਪ ਅਭੁੱਲ, ਸ੍ਰਿਸ਼ਟ ਸਬਾਈ ਆਪ ਭੁਲਾਇੰਦਾ। ਲੱਖ ਚੁਰਾਸੀ ਕਰਮ ਕੁਕਰਮਾਂ ਅੰਤਮ ਪਾਵਣ ਆਇਆ ਮੁੱਲ, ਸਾਚੇ ਕੰਡੇ ਪੂਰੇ ਤੋਲ ਰਿਹਾ ਤੁਲ, ਧੜਾ ਏਕਾ ਨਾਉਂ ਰਖਾਇੰਦਾ। ਮਨਮਤੀ ਜੀਵ ਰਹੇ ਰੁੱਲ, ਕਲਜੁਗ ਕਾਲਖ ਲੱਗੀ ਕੁੱਲ, ਕਾਲਾ ਦਾਗ਼ ਨਾ ਕੋਈ ਮਿਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਸੰਤ ਦੁਲਾਰ, ਆਪੇ ਬਖ਼ਸ਼ੇ ਬਖ਼ਸ਼ਣਹਾਰ, ਫੂਲਨ ਤਨ ਸ਼ਿੰਗਾਰ ਕਰਾਇੰਦਾ। ਫੂਲਨ ਫੂਲ ਰੰਗ ਅਪਾਰ, ਵੇਖੇ ਆਪ ਦਵਾਰਿਆ। ਕਲਜੁਗ ਅੰਤਮ ਆਈ ਵਾਰ, ਖਾਲੀ ਭਰੇ ਰਹਿਣ ਭੰਡਾਰਿਆ। ਖਾਲੀ ਭਰੇ ਹੋਣ ਭੰਡਾਰ, ਚਾਰੋਂ ਕੁੰਟ ਹਾਹਾਕਾਰਿਆ। ਗੁਰਮੁਖ ਸਾਚਾ ਸਾਚੀ ਸੇਜਾ ਸੁੱਤਾ ਪੈਰ ਪਸਾਰ, ਪ੍ਰਭ ਅਬਿਨਾਸ਼ੀ ਰਸਨਾ ਗਾ ਰਿਹਾ। ਆਪ ਸੁਹਾਏ ਸਾਚੀ ਰੁੱਤਾ, ਅੰਮ੍ਰਿਤ ਧਾਰਾ ਮੇਘ ਬਰਸਾ ਰਿਹਾ। ਸਾਚਾ ਸੋਮਾ ਕਾਇਆ ਮੰਦਰ ਅੰਦਰ ਫੁੱਟਾ, ਗੁਰਮੁਖ ਨ੍ਹਾਵਣ ਨ੍ਹਾਵਣੀ ਸਾਚੇ ਤੀਰਥ ਨੁਹਾ ਰਿਹਾ। ਆਵਣ ਜਾਵਣ ਗੇੜ ਛੁੱਟਾ, ਪਤਤ ਪਾਵਨ ਆਪਣਾ ਦਾਮਨ ਆਪ ਫੜਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਮਿਟੇ ਰੈਣ ਅੰਧੇਰੀ ਸ਼ਾਮਨ, ਸੱਚਾ ਏਕਾ ਚੰਦ ਚੜ੍ਹਾ ਰਿਹਾ। ਸਾਚਾ ਚੰਦ ਮਾਤ ਬਲੋਏ, ਹੋਏ ਸਰਬ ਪਰਕਾਸ਼ਿਆ। ਵੇਖੇ ਖੇਲ ਹਰਿ ਤ੍ਰੈ ਤ੍ਰੈ ਲੋਏ, ਮਾਤ ਪਾਤਾਲ ਪ੍ਰਿਥਮੀ ਆਕਾਸ਼ਿਆ। ਦਿਵਸ ਰੈਣ ਰੈਣ ਦਿਵਸ ਕਦੇ ਨਾ ਸੋਏ, ਸ਼ਬਦ ਚਲਾਏ ਸਾਚਾ ਰਾਥਿਆ। ਜੋਤੀ ਨੂਰ ਸਰਬ ਕਲਾ ਭਰਪੂਰ ਅੱਠੇ ਪਹਿਰ ਜਨ ਭਗਤਾਂ ਦਰ ਦਵਾਰ ਰਿਹਾ ਖਲੋਏ, ਮਸਤਕ ਲਹਿਣਾ ਮੂਲ ਚੁਕਾਏ, ਲਿਖਿਆ ਸਾਚੇ ਮਾਥਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਮੇਲ ਮਿਲਾਏ, ਜਨ ਹਰਿ ਤ੍ਰੈਲੋਕੀ ਨਾਥਿਆ। ਸਾਚਾ ਭੋਗ ਹਰਿ ਭਗਵਾਨ, ਸ਼ਬਦ ਮੁਖ ਲਗਾਇੰਦਾ। ਹਰਿ ਸੰਗਤ ਦੇਵੇ ਜੀਆ ਦਾਨ, ਸਗਲੇ ਦੁੱਖ ਮਿਟਾਇੰਦਾ। ਆਤਮ ਦਰਸੀ ਦਰਸ ਘਰ ਆਤਮ ਪਾਣ, ਆਪਣਾ ਮੁਖ ਵਖਾਇੰਦਾ। ਮਿਟੇ ਹਰਸ ਰਸਨਾ ਭੋਗ ਸ਼ਬਦ ਚੋਗ ਸਾਚੀ ਧਰ, ਤ੍ਰਿਸ਼ਨਾ ਭੁੱਖ ਮਿਟਾਇੰਦਾ। ਲੱਗੇ ਭੋਗ ਭਗਤ ਭਗਵਾਨਾ, ਆਤਮ ਉਪਜੇ ਬ੍ਰਹਮ ਗਿਆਨਾ, ਵੱਜੇ ਨਾਮ ਤੀਰ ਨਿਸ਼ਾਨਾ, ਦਿਵਸ ਰੈਣ ਨਾ ਸੁਝੇ, ਨਾ ਕੋਈ ਬੁਝਾਇੰਦਾ। ਦਰ ਦਵਾਰਾ ਏਕਾ ਬੁੱਝੇ, ਜੋਤ ਦਵਾਰੇ ਹਰਿ ਹਰਿ ਲੁੱਝੇ, ਤ੍ਰਿਸ਼ਨਾ ਅਗਨੀ ਬੁੱਝੇ, ਭੌ ਚੁਕਾਏ ਏਕਾ ਦੂਜੇ, ਤੀਜੇ ਦਰਸ਼ਨ ਦਰਸ ਮਹਾਨਾ। ਤੀਜੇ ਨੈਣ ਸਚ ਬਲੋਇਣ, ਕਲ ਸਰੂਪ ਸਮਾਈਆ। ਸੰਤ ਸੁਹੇਲੇ ਆਤਮ ਸੇਜਾ ਸਾਚੀ ਸੋਇਨ, ਕਵਲ ਫੂਲ ਕੰਤ ਕੰਤੂਹਲ ਸਾਚੀ ਭੇਟ ਚੜ੍ਹਾਈਆ। ਅੰਮ੍ਰਿਤ ਧਾਰਾ ਨਿਝਰ ਰਸ ਅੰਤਮ ਮੁਖ ਚੋਇਨ, ਸਾਂਤਕ ਸਤਿ ਵਰਤਾਈਆ। ਬੁੱਝੇ ਬਸੰਤਰ ਮਿਟੇ ਦੁੱਖ, ਸਹਿਜ ਧੁਨ ਧੁਨ ਸਹਿਜ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵੇ ਨਾਮ ਵਰ, ਗਿਆਨ ਗੋਝ ਗੋਝ ਗਿਆਨ ਮਾਰ ਧਿਆਨਾ ਜੀਆ ਦਾਨਾ ਝੋਲੀ ਪਾਈਆ। ਜੀਆ ਦਾਨ ਭਗਤ ਗੁਰ ਦੀਆ, ਦੇਵਣਹਾਰ ਸਵਾਮੀ। ਆਪ ਰਖਾਈ ਸਾਚੀ ਨੀਹਾ, ਥਿਰ ਘਰ ਨਰ ਵਸੇ ਨਿਹਚਲ ਧਾਮ ਅਟੱਲ ਸ਼ਬਦ ਨਿਹਕਾਮੀ। ਆਪੇ ਜਾਣੇ ਆਪਣਾ ਦਰ, ਕਿਲ੍ਹਾ ਕੋਟ ਪ੍ਰਭ ਰਿਹਾ ਵੇਖ, ਆਪੇ ਵਸੇ ਨਗਰ ਸ਼ਹਿਰ ਸਚ ਗਰਾਮੀ। ਆਪੇ ਅੰਦਰ ਜਾਏ ਵੜ, ਸਾਚੀ ਚੋਟੀ ਵੇਖੇ ਜਾਏ ਚੜ੍ਹ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਸ਼ਬਦ ਡੰਡਾ ਸਾਚਾ ਫੜ, ਪੰਚਾਂ ਨਾਲ ਜਾਏ ਲੜ, ਪੰਚਾਂ ਰਿਹਾ ਜਗਾਈਆ। ਜੋਤ ਨਿਰੰਜਣ ਅੱਗੇ ਖੜ੍ਹ, ਭਗਤ ਜਨਾਂ ਦਾ ਪਕੜੇ ਲੜ, ਸਾਚੀ ਲਾਏ ਆਪੇ ਜੜ੍ਹ, ਸਾਚਾ ਮਾਰਗ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਭੇਖ ਧਰ, ਸ਼ਬਦੀ ਗੁਰ ਵੇਖ ਘਰ, ਮੰਦਰ ਅੰਦਰ ਡੂੰਘੀ ਕੰਦਰ ਹੋਏ ਆਪ ਸਹਾਈਆ।