੪ ਅੱਸੂ ੨੦੧੩ ਬਿਕ੍ਰਮੀ ਮਲ ਸਿੰਘ ਦੇ ਗ੍ਰਹਿ ਦਿੱਲੀ
ਮੂਰਤ ਅਕਾਲ ਸਦਾ ਦਿਆਲ, ਸਦਾ ਸਦਾ ਪ੍ਰਿਤਪਾਲੀਆ। ਬਣੇ ਬਣਾਏ ਮਾਤ ਦਲਾਲ, ਦੋਵੇਂ ਹੱਥਾਂ ਰਹੇ ਖਾਲੀਆ। ਦੇਵੇ ਸ਼ਬਦ ਸੱਚਾ ਧਨ ਮਾਲ, ਧੁਰਦਰਗਾਹੀ ਵਾਲੀਆ। ਸਾਚਾ ਮੰਦਰ ਆਪ ਸੁਹਾਏ ਕਾਇਆ ਸੱਚੀ ਧਰਮਸਾਲ, ਜੋਤੀ ਦੀਪਕ ਏਕਾ ਬਾਲੀਆ। ਫਲ ਲਗਾਏ ਕਾਇਆ ਡਾਲ੍ਹ, ਤੋੜੇ ਜਗਤ ਜੰਜਾਲੀਆ। ਇਕ ਸੁਹਾਏ ਆਤਮ ਤਾਲ, ਅੰਮ੍ਰਿਤ ਧਾਰ ਨਿਰਾਲੀਆ। ਆਪੇ ਚਲੇ ਆਪਣੀ ਚਾਲ, ਬੇਹੰਗਮ ਰੂਪ ਵਟਾਲੀਆ। ਸੰਤ ਸੁਹੇਲੇ ਆਪੇ ਭਾਲ, ਗੋਦ ਉਠਾਏ ਸਾਚੇ ਲਾਲ, ਧੁਰਦਰਗਾਹੀ ਵਾਲੀਆ। ਸ਼ਬਦ ਵਜਾਏ ਸਾਚਾ ਤਾਲ, ਅਨਾਦੀ ਨਾਦ ਹਰਿ ਬਨਵਾਲੀਆ। ਨੇੜ ਨਾ ਆਏ ਕਾਲ ਮਹਾਂਕਾਲ, ਕਲਜੁਗ ਰੈਣ ਵਿਹਾਨੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਖ਼ਸ਼ੇ ਨਾਮ ਸੱਚਾ ਧਨ ਮਾਲੀਆ। ਨਾਮ ਖ਼ਜਾਨਾ ਸਦਾ ਅਤੁੱਟ, ਭਰਿਆ ਰਹੇ ਭੰਡਾਰ। ਪੁਰਖ ਅਬਿਨਾਸ਼ੀ ਆਪ ਨਿਖੁੱਟ, ਖੁੱਟ ਨਾ ਜਾਏ ਵਿਚ ਸੰਸਾਰ। ਹਰਿਜਨ ਲਾਹਾ ਲਏ ਲੁੱਟ, ਚਰਨ ਕਵਲ ਕਲ ਕਰ ਪਿਆਰ। ਨਿਰਮਲ ਜੀਆ ਆਤਮ ਪੀਏ ਘੁੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਚਲੇ ਨਾਲ ਨਾਲ। ਚਲਣਹਾਰਾ ਚਾਲ ਅਵੱਲੀ, ਜੁਗ ਜੁਗ ਚਲਾਇਆ। ਸ੍ਰਿਸ਼ਟ ਸਬਾਈ ਇਕ ਇਕੱਲੀ, ਦੂਜਾ ਸੰਗ ਨਾ ਕਿਸੇ ਨਿਭਾਇਆ। ਕਲਜੁਗ ਮਾਇਆ ਅੰਦਰ ਪਲੀ, ਮੋਹ ਮਮਤਾ ਪਿਆਰ ਰਖਾਇਆ। ਜੰਗਲ ਜੂਹ ਉਜਾੜ ਡੂੰਘੀ ਕੰਦਰ ਕਾਇਆ ਫਿਰੇ ਝੱਲੀ, ਸਾਚਾ ਰਾਹ ਦਿਸ ਨਾ ਆਇਆ। ਗੁਰ ਚਰਨ ਦਵਾਰ ਸਾਚੀ ਭੂਮਿਕਾ ਏਕਾ ਮੱਲੀ, ਪ੍ਰਭ ਹਉਮੇ ਪਰਦਾ ਲਾਹਿਆ। ਦੀਪਕ ਜੋਤ ਨਿਰਾਲੀ ਨਿਰੰਜਣ ਸਾਚੀ ਬਲੀ, ਅਗਿਆਨ ਅੰਧੇਰ ਮਿਟਾਇਆ। ਵੇਖਿਆ ਰਾਮ ਦੇਵੇ ਨਾਮ ਵਸੇ ਨਿਹਚਲ ਧਾਮ ਅਟੱਲੀ, ਮਹੱਲ ਅਟੱਲ ਇਕ ਰਖਾਇਆ। ਪਾਰ ਕਰਾਏ ਫੜ ਫੜ ਭੀੜੀ ਗਲੀ, ਸ਼ਬਦੀ ਰੂਪ ਵਟਾਇਆ। ਆਤਮ ਵਿਛੜੀ ਅੰਤ ਪਰਮਾਤਮਾ ਰਲੀ, ਸ਼ਬਦ ਦੂਤ ਨਾਲ ਰਲਾਇਆ। ਨਾ ਕੋਈ ਜਾਣੇ ਜਗਤ ਵਲੀ, ਪ੍ਰਭ ਅਬਿਨਾਸ਼ੀ ਭਾਣਾ ਆਪਣੇ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਰਿਹਾ ਕਮਾਇਆ। ਸੰਤਨ ਘਰ ਸਚ ਵਸੇਰਾ, ਸਾਚਾ ਥਾਨ ਸੁਹਾਇੰਦਾ। ਪੁਰਖ ਅਬਿਨਾਸ਼ੀ ਲੱਗਾ ਡੇਰਾ, ਜਾਣ ਪਛਾਣ ਕਰਾਇੰਦਾ। ਨੌ ਖੰਡ ਪ੍ਰਿਥਮੀ ਏਕਾ ਗੇੜਾ, ਜੀਆਂ ਜੰਤਾਂ ਦਾਨ ਦਵਾਇੰਦਾ। ਪੰਚ ਵਸਾਏ ਏਕਾ ਖੇੜਾ, ਪੰਚਾਂ ਮਾਣ ਦਵਾਇੰਦਾ। ਪੰਚਾਂ ਬੰਨ੍ਹਣਹਾਰਾ ਬੇੜਾ, ਪੰਚਾਂ ਆਪ ਡੁਬਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਗਰੀਬ ਨਿਵਾਜਿਆ। ਚਾਰੋਂ ਕੁੰਟ ਆਵੇ ਡਰ, ਮੱਕਾ ਕਾਅਬਾ ਛੁੱਟੇ ਨਾ ਕੋਈ ਹਾਜੀ ਕਰੇ ਹਾਜਿਆ। ਤੀਰ ਨਿਰਾਲਾ ਏਕਾ ਛੁੱਟੇ, ਵੇਖ ਵਖਾਣੇ ਸ਼ੇਖ਼ ਪੰਡਤ ਮੁੱਲਾਂ ਕਾਜੀਆ। ਮਨਮੁਖ ਜੀਵ ਕਲਜੁਗ ਮਾਇਆ ਰੁੱਲੇ, ਹਰਿ ਨਰ ਸੱਚਾ ਨਾ ਕਿਸੇ ਪਛਾਨਿਆਂ। ਜੋਤ ਸਰੂਪ ਹਰਿ ਸਾਚਾ ਤੁੱਠੇ, ਜਗ ਦੇਵੇ ਜੀਆ ਦਾਨਿਆ। ਪੰਚ ਵਿਕਾਰਾ ਫੜ ਫੜ ਕੁੱਠੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਾਰੇ ਸ਼ਬਦ ਤੀਰ ਕਮਾਨਿਆਂ। ਸ਼ਬਦ ਤੀਰ ਆਤਮ ਕਾਨੀ, ਗੁਰਮੁਖਾਂ ਪਾਰ ਕਰਾਇੰਦਾ। ਅੱਖਰ ਦੋ ਅੱਖਰ ਸਾਚੀ ਬਾਣੀ, ਸੋਹੰ ਨਾਮ ਧਰਾਇੰਦਾ। ਕਲਜੁਗ ਤੇਰੀ ਅੰਤਮ ਬਾਣੀ, ਸੋਹੰ ਸੋ ਗੁਰਮੁਖ ਵਿਰਲਾ ਗਾਇੰਦਾ। ਆਤਮ ਲੱਭਣਾ ਘਰ ਘਰ ਪਾਣੀ, ਪ੍ਰਭ ਘਰ ਘਰ ਆਪ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਆਪਣੀ ਸਰਨ ਲਗਾਇੰਦਾ। ਸਰਨ ਲਾਗ ਮਿਲੇ ਵਡਿਆਈ, ਦਰਸ ਨੈਣ ਕਵਲਾ। ਚਤਰਭੁਜ ਪ੍ਰਭ ਦਇਆ ਕਮਾਈ, ਮਾਣ ਰਖਾਏ ਉਪਰ ਧਵਲਾ। ਆਤਮ ਘਰ ਵੱਜੇ ਵਧਾਈ, ਪਰਗਟ ਹੋਏ ਸਾਵਲ ਸਵਲਾ। ਗੁਰਮੁਖ ਸਦ ਗਾਉਂਦੇ ਚਾਈਂ ਚਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਭ ਘਟ ਅੰਦਰ ਆਪੇ ਮਵਲਾ। ਸਰਬ ਘਟਾਂ ਘਟ ਆਪ ਆਪੇ, ਆਪਣਾ ਕਰਮ ਕਮਾਇੰਦਾ। ਸਦਾ ਸਦਾ ਸਦ ਵਡ ਪਰਤਾਪੇ, ਜਨਮ ਮਰਨ ਗੇੜ ਕਟਾਇੰਦਾ। ਮੇਟ ਮਿਟਾਏ ਤੀਨੋ ਤਾਪੇ, ਅਗਨੀ ਆਪ ਬੁਝਾਇੰਦਾ। ਨਾ ਕੋਈ ਪੁੰਨ ਨਾ ਕੋਈ ਪਾਪੇ, ਸ੍ਰਿਸ਼ਟ ਸਬਾਈ ਮਾਈ ਬਾਪੇ, ਗੁਰਮੁਖ ਸਾਚੇ ਆਪ ਤਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣਾ ਜਾਣੇ ਵਡ ਪਰਤਾਪੇ, ਵਡ ਪਰਤਾਪੀ ਆਪ ਅਖਵਾਇੰਦਾ। ਮੱਲ ਸਿੰਘ ਦਰ ਲੈਣਾ ਮਲ, ਪ੍ਰਭ ਚਰਨ ਸੱਚਾ ਦਵਾਰਾ। ਕਲਜੁਗ ਲੇਖਾ ਚੁੱਕਣਾ ਅੱਜ ਕੱਲ, ਢਹਿਣਾ ਮੰਦਰ ਮੁਨਾਰਾ। ਸਾਚਾ ਖੇਲ ਜਲ ਥਲ, ਉਪਰ ਜਮਨ ਕਿਨਾਰਾ। ਸਰਬ ਭੁਲਾਏ ਵਲ ਛਲ, ਵਸੇ ਸਭ ਤੋਂ ਬਾਹਰਾ। ਗੁਰਮੁਖਾਂ ਦਰਸ ਦਿਖਾਏ ਘੜੀ ਘੜੀ ਪਲ ਪਲ, ਪ੍ਰਭ ਸਾਚੇ ਦੀ ਸਾਚੀ ਧਾਰਾ। ਗੁਰ ਸੰਗਤ ਸੰਗ ਰਿਹਾ ਰਲ, ਮਿਲਿਆ ਮੇਲ ਏਕਾ ਏਕੰਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦੇਵੇ ਨਾਮ ਵਰ, ਜੋਤ ਨਿਰੰਜਣ ਵਿਚ ਸੰਸਾਰਾ। ਜੋਤ ਨਿਰੰਜਣ ਮਾਤ ਪਰਧਾਨ, ਪ੍ਰਭ ਸਾਚੇ ਆਪ ਰਖਾਈਆ। ਪਹਿਲਾ ਦੇਵੇ ਭੂਮਿਕਾ ਅਸਥਾਨ, ਸਾਚੀ ਜੋਤ ਜਗਾਈਆ। ਮਾਰਗ ਪਾਏ ਸਾਚੇ ਕਾਹਨ, ਸੱਜਾ ਹੱਥ ਉਠਾਈਆ। ਦਿਸ ਨਾ ਆਏ ਕੋਇ ਨਿਸ਼ਾਨ, ਸੱਜਾ ਖੱਬਾ ਅੱਗਾ ਪਿੱਛਾ ਰੂਪ ਅਨੂਪਾ ਨਾ ਕੋਈ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਜਨਾਂ ਦੇਵੇ ਦਰਸ ਦਾਤ ਜਗਤ ਵਡਿਆਈਆ।
