Granth 06 Likhat 011: Pahili Assu 2013 Bikarmi Delhi Jan same Har Bhagat Dwar Jethuwal wich Shabad Ucharia gia

ਪਹਿਲੀ ਅੱਸੂ ੨੦੧੩ ਬਿਕ੍ਰਮੀ ਦਿੱਲੀ ਜਾਣ ਸਮੇਂ ਹਰਿ ਭਗਤ ਦਵਾਰ ਜੇਠੂਵਾਲ ਵਿਚ ਸ਼ਬਦ ਉਚਾਰਿਆ ਗਿਆ

ਇਕ ਇਕੱਲਾ ਕਰ ਆਕਾਰ, ਏਕਾ ਏਕੰਕਾਰਿਆ। ਦੂਜੀ ਬੰਨ੍ਹੇ ਸ਼ਬਦ ਧਾਰ, ਪਰਗਟ ਹੋ ਵਿਚ ਸੰਸਾਰਿਆ। ਤੀਜੇ ਖੇਲ ਅਪਰ ਅਪਾਰ, ਜੋਤੀ ਜਾਮਾ ਭੇਖ ਨਿਆਰਿਆ। ਚੌਥੇ ਘਰ ਰਿਹਾ ਵੇਖ, ਸਾਧ ਸੰਤ ਗੁਰ ਪੀਰ ਅਵਤਾਰਿਆ। ਪੰਚਮ ਲਾਵਣ ਆਇਆ ਮੇਖ, ਪੰਚਮ ਮੀਤਾ ਪੰਚ ਪਿਆਰਿਆ। ਛੇਵੇਂ ਮੇਟ ਮਿਟਾਏ ਔਲੀਏ ਪੀਰ ਸ਼ੇਖ਼, ਕਲਜੁਗ ਮਿਟੇ ਰੈਣ ਅੰਧ ਅੰਧਿਆਰਿਆ। ਸਤਵੇਂ ਸੱਤਾਂ ਦੀਪਾਂ ਰਿਹਾ ਵੇਖ, ਸੱਤ ਰੰਗ ਨਿਸ਼ਾਨ ਆਪ ਬਣਾ ਰਿਹਾ। ਅੱਠਵੇਂ ਅੱਠਾਂ ਤਤਾਂ ਲਿਖੇ ਲੇਖ, ਲੱਖ ਚੁਰਾਸੀ ਜੂਨ ਉਪਾ ਰਿਹਾ। ਨਾਵੇਂ ਨੌ ਖੰਡ ਨੌ ਦਰ ਜੂਠਾ ਝੂਠਾ ਭੇਖ, ਭੇਖਾਧਾਰੀ ਭਰਮ ਭੁਲਾ ਰਿਹਾ। ਦਸਵੇਂ ਵੇਖੇ ਦਸ ਦਸਮੇਸ਼, ਗੋਬਿੰਦ ਕਾਇਆ ਜੋਤ ਸਮਾ ਰਿਹਾ। ਗਿਆਰਵੇਂ ਗੁਪਤ ਰਖਾਇਆ ਆਪਣਾ ਏਕਾ ਏਕ, ਨੌ ਦਵਾਰੇ ਮਾਤ ਦਿਸਾ ਰਿਹਾ। ਸੰਮਤ ਬਾਰਾਂ ਸੰਤ ਸੁਹੇਲੇ ਆਪੇ ਵੇਖ, ਸਤਾਰਾਂ ਹਾੜੀ ਜੋੜ ਜੁੜਾ ਰਿਹਾ। ਸੰਮਤ ਤੇਰਾਂ ਨੇਤਰ ਲੋਚਨ ਲੈਣਾ ਪੇਖ, ਨਾਨਕ ਤੇਰੀ ਤੇਰਾਂ ਧਾਰ, ਆਪਣੀ ਹੱਥੀਂ ਕੁੰਡਾ ਲਾ ਰਿਹਾ। ਚੌਦਵੇਂ ਗੁਰਮੁਖਾਂ ਲਾਏ ਮਸਤਕ ਮੇਖ, ਲਹਿਣਾ ਦੇਣਾ ਮੂਲ ਚੁਕਾ ਰਿਹਾ। ਪੰਦਰਵੇਂ ਵਸੇ ਆਪ ਵਿਸੇਖ, ਅਭੇਵ ਭੇਦਾ ਭੇਵ ਛੁਪਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਮਤ ਸੋਲਾਂ ਸੋਲਾਂ ਕਲ ਆਪ ਆਪਣਾ ਭੇਖ ਧਰ, ਸ੍ਰਿਸ਼ਟ ਸਬਾਈ ਕਲਜੁਗ ਝੋਲੀ ਪਾ ਰਿਹਾ। ਨਾਨਕ ਤੇਰੀ ਤੇਰਾਂ ਧਾਰ, ਪ੍ਰਭ ਤੇਰਾਂ ਲਏ ਤੁਲਾਈਆ। ਪਰਗਟ ਹੋ ਵਿਚ ਸੰਸਾਰ, ਨਿਹਕਲੰਕਾ ਨਾਉਂ ਰਖਾਈਆ। ਸ਼ਬਦ ਕੰਡਾ ਅਪਰ ਅਪਾਰ, ਸੋਹੰ ਡੰਡਾ ਨਾਲ ਲਗਾਈਆ। ਲੱਖ ਚੁਰਾਸੀ ਪਾਵੇ ਵੰਡਾਂ, ਨੌ ਖੰਡਾਂ ਥਾਉਂ ਥਾਈਂਆ। ਵੇਖ ਵਖਾਣੇ ਜੇਰਜ ਅੰਡਾਂ, ਉਤਭੁਜ ਸੇਤਜ ਫੋਲ ਫੁਲਾਈਆ। ਭੇਵ ਚੁਕਾਏ ਵਿਚ ਬ੍ਰਹਿਮੰਡਾਂ, ਰੂਪ ਅਨੂਪਾ ਹਰਿ ਰਘੁਰਾਈਆ। ਜੋਤ ਨਿਰੰਜਣ ਏਕਾ ਫੜਿਆ ਕੰਡਾ, ਕਲਜੁਗ ਅੰਤਮ ਦਏ ਦੁਹਾਈਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਅੰਤਮ ਵੱਢਣ ਚਲਿਆ ਕੰਡਾਂ, ਆਪ ਆਪਣਾ ਭੇਵ ਚੁਕਾਈਆ। ਗੁਰਮੁਖ ਸਾਚੇ ਸੰਤ ਜਨਾਂ ਆਤਮ ਦਰ ਪਾਵੇ ਠੰਢਾਂ, ਅੰਮ੍ਰਿਤ ਧਾਰ ਸ਼ਬਦ ਜਣਾਈਆ। ਆਪਣੀ ਹੱਥੀਂ ਦੇਵੇ ਗੰਢਾਂ, ਸਚ ਵਸਤ ਹਰਿ ਝੋਲੀ ਪਾਈਆ। ਮਨਮੁਖਾਂ ਆਤਮ ਹੋਈ ਰੰਡਾ, ਕੰਤ ਸੁਹਾਗ ਨਾ ਕੋਈ ਹੰਢਾਈਆ। ਦਰ ਦਰ ਘਰ ਘਰ ਭੇਖ ਪਖੰਡਾ, ਗੁਰ ਪੀਰਾਂ ਸਾਰ ਨਾ ਰਾਈਆ। ਲੋਕਮਾਤ ਪਾਇਣ ਵੰਡਾਂ, ਝੂਠੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਵੇਖੇ ਥਿਤ, ਭਗਤ ਸੁਹੇਲਾ ਨਿਤ ਨਵਿਤ, ਸੰਮਤ ਤੇਰਾਂ ਤੇਰੀ ਰੁੱਤ ਸੁਹਾਈਆ। ਰਸਨਾ ਗਾਇਆ ਨਾਨਕ ਗੁਰ, ਹਰਿ ਹਰਿ ਸਾਜਨ ਮੀਤਾ। ਮਿਲਿਆ ਮੇਲ ਗੋਬਿੰਦ ਧੁਰ, ਅਚਰਜ ਕਲਜੁਗ ਰੀਤਾ। ਸ਼ਬਦ ਜੋਤੀ ਜੋੜੀ ਗਈ ਜੁੜ, ਸ੍ਰਿਸ਼ਟ ਸਬਾਈ ਆਪੇ ਜੀਤਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪੇ ਜਾਣੇ ਵੇਖ ਵਖਾਣੇ ਗੁਰ ਦਰ ਮੰਦਰ ਅੰਦਰ ਜਗਤ ਮਸੀਤਾ। ਪਹਿਲੀ ਅੱਸੂ ਭਗਤ ਵਿਹਾਰ, ਜਗਤ ਕਰੇ ਰਘੁਰਾਈਆ। ਅੰਮ੍ਰਿਤ ਵੇਲਾ ਸਵਾ ਚਾਰ, ਨੌ ਖੰਡ ਪ੍ਰਿਥਮੀ ਲੇਖ ਲਿਖਾਈਆ। ਖੇਲੇ ਖੇਲ ਖੇਲਣਹਾਰ, ਜੀਵ ਜੰਤ ਭੇਵ ਨਾ ਰਾਈਆ। ਸ਼ਬਦ ਸੁਨੇਹੜਾ ਭਗਤ ਦਵਾਰ, ਦੇਵਣਹਾਰ ਆਪ ਅਖਵਾਈਆ। ਆਪੇ ਅੰਦਰ ਆਪੇ ਬਾਹਰ, ਗੁਪਤ ਜਾਹਿਰ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਆਸਣ ਆਸ ਪੁਜਾਈਆ।

Leave a Reply

This site uses Akismet to reduce spam. Learn how your comment data is processed.