੨ ਅਸੂ ੨੦੧੩ ਬਿਕ੍ਰਮੀ ਗੱਜਣ ਸਿੰਘ ਦੇ ਗ੍ਰਹਿ ਅੰਬਾਲਾ ਛਾਉਣੀ
ਹਰਿ ਸਾਜਣ ਜਗ ਮੀਤ, ਜੁਗ ਜੁਗ ਕਰਮ ਕਮਾਇੰਦਾ। ਜਨ ਭਗਤਾਂ ਦੱਸੇ ਸਾਚੀ ਰੀਤ, ਮਨਮੁਖ ਭਰਮ ਭੁਲਾਇੰਦਾ। ਸ਼ਬਦ ਸੁਣਾਏ ਸੁਹਾਗੀ ਗੀਤ, ਗੋਬਿੰਦ ਕਾਇਆ ਰੂਪ ਸਮਾਇੰਦਾ। ਆਪੇ ਕਰੇ ਪਤਤ ਪੁਨੀਤ, ਨੀਤ ਅਨੀਤੀ ਵੇਖ ਵਖਾਇੰਦਾ। ਅੰਮ੍ਰਿਤ ਧਾਰਾ ਕਾਇਆ ਕਰੇ ਠੰਢੀ ਸੀਤ, ਨਿਝਰ ਝਿਰਨਾ ਆਪ ਝਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਜੁਗ ਜੁਗ ਜਾਮਾ ਭੇਖ ਧਰ, ਹਰਿਜਨ ਸੋਏ ਆਪ ਜਗਾਇੰਦਾ। ਗੁਰਮੁਖ ਸੋਏ ਮਾਤ ਜਗਾਏ, ਬਖ਼ਸ਼ੇ ਚਰਨ ਪਿਆਰਾ। ਏਕਾ ਏਕ ਨਾਮ ਜਪਾਏ, ਕਾਇਆ ਤਨ ਭਰੇ ਭੰਡਾਰਾ। ਜਨਮ ਕਰਮ ਪ੍ਰਭ ਆਪਣੇ ਲੇਖੇ ਲਾਏ, ਦਰਸ ਦਿਖਾਏ ਅਗੰਮ ਅਪਾਰਾ। ਨੇਤਰ ਪੇਖੇ ਜੋ ਜਨ ਦਰਸ਼ਨ ਪਾਏ, ਲੱਖ ਚੁਰਾਸੀ ਉਤਰੇ ਪਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਅੰਤਮ ਲੋਕਮਾਤ ਲਏ ਅਵਤਾਰਾ। ਲੋਕਮਾਤ ਪ੍ਰਭ ਜਾਮਾ ਧਾਰ, ਨੂਰੀ ਜੋਤ ਜਗਾਈਆ। ਸ਼ਬਦ ਭਰਿਆ ਇਕ ਭੰਡਾਰ, ਗੁਰਮੁਖਾਂ ਰਿਹਾ ਵਰਤਾਈਆ। ਦੇਵਣਹਾਰਾ ਵਾਰੋ ਵਾਰ, ਆਪਣੀ ਰੀਤੀ ਆਪਣੇ ਹੱਥ ਰਖਾਈਆ। ਭਰਮੇ ਭੁੱਲੇ ਜੀਵ ਗਵਾਰ, ਪੁਰਖ ਅਬਿਨਾਸ਼ੀ ਸਾਰ ਨਾ ਪਾਈਆ। ਮਾਇਆ ਰੁੱਲੇ ਤਨ ਹੰਕਾਰ, ਕਾਮ ਕਰੋਧ ਅਗਨ ਜਲਾਈਆ। ਦਰ ਦਵਾਰਾ ਏਕਾ ਭੁੱਲੇ, ਪਰਗਟ ਹੋਏ ਹਰਿ ਗਿਰਧਾਰ, ਸ਼ਬਦ ਖੰਡਾ ਹੱਥ ਉਠਾਈਆ। ਨੌ ਖੰਡ ਪ੍ਰਿਥਮੀ ਪਾਵੇ ਸਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਕਰੋੜ ਤੇਤੀਸਾ ਦੇਵਤ ਸੁਰ ਕਰੇ ਪੁਕਾਰ, ਦੋਏ ਜੋੜ ਸਰਨ ਸਰਨਾਈਆ। ਬ੍ਰਹਮਾ ਸ਼ਿਵ ਰਹੇ ਵਿਚਾਰ, ਪ੍ਰਭ ਅਚਰਜ ਬਣਤ ਬਣਾਈਆ। ਅੰਤਮ ਵੇਲੇ ਆਏ ਹਾਰ, ਹਰਿ ਹਰਿ ਭੇਵ ਅਭੇਦ ਭੇਵ ਨਾ ਰਾਈਆ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰ, ਅਛਲ ਅਛੇਦ ਇਕ ਕਰਾਈਆ। ਲੱਖ ਚੁਰਾਸੀ ਮਾਰੇ ਮਾਰ, ਗੁਰਮੁਖ ਸਾਚੇ ਲਏ ਤਰਾਈਆ। ਕਲਜੁਗ ਅੰਤਮ ਕਰੇ ਵਿਹਾਰ, ਸੰਮਤ ਤੇਰਾਂ ਰੁੱਤ ਸੁਹਾਈਆ। ਨਾਨਕ ਤੇਰੀ ਤੇਰਾਂ ਧਾਰ, ਪਹਿਲੀ ਅੱਸੂ ਆਪ ਲਿਖਾਈਆ। ਸਿੰਘ ਰਾਮ ਤੇਰਾ ਵੇਖੇ ਦਰ ਦਰਬਾਰ, ਅੰਦਰ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਸੁਹੇਲੇ ਸ਼ਬਦ ਸਰੂਪੀ ਸਾਚੇ ਮੇਲੇ ਜੋਤੀ ਜੋਤ ਮਿਲਾਈਆ। ਸ਼ਬਦ ਮੇਲਾ ਸਚ ਦਵਾਰ, ਕਰੇ ਕਰਾਏ ਹਰਿ ਨਿਰੰਕਾਰਿਆ। ਗੁਰਮੁਖ ਵਿਰਲਾ ਹੋਵੇ ਸੇਵਾਦਾਰ, ਸੇਵਕ ਸੇਵਾ ਰਸਨ ਲਗਾ ਰਿਹਾ। ਸਾਚੀ ਸੇਵਾ ਦਰ ਦਰਬਾਰ, ਰਸਨਾ ਭੇਵ ਅਭੇਵ ਗਾ ਰਿਹਾ। ਮਿਲੇ ਮੇਲ ਹਰਿ ਪੁਰਖ ਭਤਾਰ, ਗੁਰਮੁਖ ਨਾਰੀ ਆਪ ਪਰਨਾ ਰਿਹਾ। ਆਤਮ ਸੇਜਾ ਸੁੱਤਾ ਪੈਰ ਪਸਾਰ, ਆਪ ਆਪਣਾ ਮੁਖ ਛੁਪਾ ਰਿਹਾ। ਗੁਰਮੁਖਾਂ ਸੁਹਾਏ ਸਾਚੀ ਰੁੱਤਾ, ਹਉਮੇ ਦੁੱਖਾਂ ਰੋਗ ਮਿਟਾ ਰਿਹਾ। ਸੁਫਲ ਕਰਾਏ ਮਾਤ ਕੁੱਖਾ, ਜਿਸ ਜਨ ਆਪਣੀ ਸਰਨ ਲਗਾ ਰਿਹਾ। ਦਰ ਦਵਾਰੇ ਜੋ ਜਨ ਆਏ ਦਰਸ਼ਨ ਭੁੱਖਾ, ਨੇਤਰ ਲੋਚਨ ਨੈਣ ਤੀਜੇ ਦਰਸ ਦਿਖਾ ਰਿਹਾ। ਮਾਤ ਗਰਭ ਨਾ ਆਏ ਉਲਟਾ ਰੁੱਖਾ, ਲੱਖ ਚੁਰਾਸੀ ਫੰਦ ਕਟਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਖ ਘਰ, ਹਰਿਜਨ ਸਾਚੇ ਮੇਲ ਮਿਲਾ ਰਿਹਾ। ਹਰਿਜਨ ਸਾਚਾ ਇਕ ਹੈ, ਜੁਗ ਜੁਗ ਅਵੱਲੜੀ ਕਾਰ। ਗੁਰਮੁਖਾਂ ਕਾਇਆ ਕਰੇ ਸਦਾ ਬਿਬੇਕ ਹੈ, ਦੇਵੇ ਸ਼ਬਦ ਅਧਾਰ। ਏਕਾ ਏਕ ਸਰਨ ਸਰਨਾਈ ਸਾਚੀ ਟੇਕ ਹੈ, ਚਰਨ ਕਵਲ ਅਧਾਰ। ਮਨਮੁਖ ਰਹੇ ਵੇਖੀ ਵੇਖ ਹੈ, ਕਲਜੁਗ ਅੰਤਮ ਆਈ ਹਾਰ। ਅੰਤਮ ਮਿਟਣੀ ਸਭ ਦੀ ਰੇਖ ਹੈ, ਨਾ ਕੋਈ ਦੀਸੇ ਵਿਚ ਸੰਸਾਰ। ਜੋਤੀ ਜਾਮਾ ਹਰਿ ਹਰਿ ਭੇਖ ਹੈ, ਗੁਰ ਗੋਬਿੰਦਾ ਪਾਵੇ ਸਾਰ। ਗੁਰਮੁਖ ਵਿਰਲਾ ਨੇਤਰ ਲਏ ਪੇਖ ਹੈ, ਜਿਸ ਜਨ ਆਪਣੀ ਕਿਰਪਾ ਦੇਵੇ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਮੇਲਾ ਇਕ ਦਰ, ਪੂਰਬ ਕਰਮਾਂ ਰਿਹਾ ਵਿਚਾਰ। ਜਨਮ ਕਰਮ ਪ੍ਰਭ ਹੱਥ, ਪੂਰਬ ਲਹਿਣਾ ਚੁਕਾਇੰਦਾ। ਸਰਬ ਕਲ ਸਮਰਥ, ਸਗਲ ਵਸੂਰੇ ਜਾਇਣ ਲੱਥ, ਜੋ ਜਨ ਆਤਮ ਦਰਸ਼ਨ ਪਾਇੰਦਾ। ਨਾਦ ਅਨਾਦਾ ਸ਼ਬਦ ਅਕੱਥ, ਪੰਚਮ ਪੰਚਾਂ ਰਾਗ ਅਲਾਇੰਦਾ। ਪੰਚ ਵਿਕਾਰਾ ਦੇਵੇ ਮਥ, ਸਾਚਾ ਤਾਲ ਵਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੰਤ ਦੁਲਾਰ, ਆਪਣੇ ਰੰਗ ਰੰਗਾਇੰਦਾ। ਸ਼ਬਦ ਰੰਗ ਗੁਰਮੁਖ ਮੰਗ, ਅੰਤਮ ਅੰਤ ਰੰਗਾਇੰਦਾ। ਸ਼ਬਦ ਘੋੜੇ ਕਸ ਤੰਗ, ਸਾਧ ਸੰਤ ਗੁਰ ਪੀਰ ਦਰ ਦਰ ਵੇਖ ਵਖਾਇੰਦਾ। ਦਸਮ ਦਵਾਰੀ ਕੋਈ ਨਾ ਬੈਠਾ ਅੱਗੇ ਲੰਘ, ਮਾਇਆ ਭਰਮੇ ਭਰਮ ਭੁਲਾਇੰਦਾ। ਸ਼ਬਦ ਸਰੂਪੀ ਇਕ ਪਲੰਘ, ਪ੍ਰਭ ਸਾਚੀ ਸੇਜ ਵਿਛਾਇੰਦਾ। ਨਾ ਕੋਈ ਭੁੱਖ ਨਾ ਕੋਈ ਨੰਗ, ਆਲਸ ਨਿੰਦਰਾ ਤ੍ਰਿਸ਼ਨਾ ਤ੍ਰਿਖ ਮਿਟਾਇੰਦਾ। ਸ਼ਬਦ ਵੱਜੇ ਇਕ ਮਰਦੰਗ, ਨਾਦ ਅਨਾਦਾ ਆਪ ਵਜਾਇੰਦਾ। ਗੁਰਮੁਖ ਵਿਰਲਾ ਹਰਿ ਸੰਤ ਸੁਹੇਲਾ ਚਰਨ ਦਵਾਰ ਪਾਰ ਜਾਏ ਲੰਘ, ਏਕਾ ਦਰ ਏਕਾ ਘਰ ਅੰਮ੍ਰਿਤ ਆਤਮ ਸਾਚਾ ਸਰ ਸਾਚੇ ਨੁਹਾਵਣ ਤੀਰਥ ਆਪ ਨੁਹਾਇੰਦਾ। ਨਾ ਜਨਮੇ ਨਾ ਜਾਏ ਮਰ, ਲੱਖ ਚੁਰਾਸੀ ਚੁੱਕੇ ਡਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਕਾਇਆ ਮਨ ਦੇਵੇ ਨਾਮ ਧਨ, ਭਰਮ ਭਉ ਕੱਢੇ ਜਨ, ਦਰਸ ਦਰਸੀ ਆਪ ਵਖਾਇੰਦਾ। ਦਰਸ ਅਮੋਘ ਧੁਰ ਸੰਜੋਗ, ਜੁਗ ਜੁਗ ਮੇਲ ਮਿਲਾਇੰਦਾ। ਰਸਨਾ ਦੇਵੇ ਸਾਚੀ ਚੋਗ, ਆਤਮ ਰਸ ਵਖਾਇੰਦਾ। ਨਾ ਕੋਈ ਹਰਖ ਨਾ ਕੋਈ ਸੋਗ, ਏਕਾ ਰੰਗ ਰੰਗਾਇੰਦਾ। ਧੁਰਦਰਗਾਹੀ ਬਖਸ਼ੇ ਸਾਚਾ ਜੋਗ, ਜੁਗਤ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਵਾਰੇ ਆਪੇ ਭੁਗਤ, ਭਗਤ ਭਗਵੰਤ ਕੰਤ ਸੰਤ ਏਕਾ ਸੇਜ ਹੰਢਾਇੰਦਾ। ਸੰਤ ਕੰਤ ਸ਼ਬਦੀ ਨਾਤਾ, ਜੋਤੀ ਮੇਲ ਮਿਲਾਈਆ। ਮਿਲੇ ਮੇਲ ਹਰਿ ਪੁਰਖ ਬਿਧਾਤਾ, ਜੋਤ ਨਿਰੰਜਣ ਤੇਲ ਚੜ੍ਹਾਈਆ। ਏਕਾ ਪਿਤਾ ਏਕਾ ਮਾਤਾ, ਜਨ ਭਗਤਾਂ ਦੇਵੇ ਸਾਚੀ ਦਾਤਾ, ਜੁਗ ਜੁਗ ਆਪਣਾ ਭੇਖ ਵਟਾਈਆ। ਕਲਜੁਗ ਵੇਖੇ ਰੈਣ ਅੰਧੇਰੀ ਰਾਤਾ, ਮਾਇਆ ਮਮਤਾ ਝੂਠਾ ਨਾਤਾ, ਭੁੱਲੀ ਸਰਬ ਲੁਕਾਈਆ। ਚਾਰ ਵਰਨ ਸੁਣਾਏ ਏਕਾ ਗਾਥਾ, ਪਰਗਟ ਹੋਏ ਤ੍ਰੈਲੋਕੀ ਨਾਥਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਾਏ ਜੋਤ ਸਭਨੀਂ ਥਾਈਂਆ। ਗੁਰਮੁਖ ਵਡਿਆਈ ਧੰਨ ਹੈ, ਧੰਨ ਪਾਇਆ ਹਰਿ ਹਰਿ ਨਾਮਾ। ਹਰਿ ਭਗਤ ਵਡਿਆਈ ਧੰਨ ਹੈ, ਜਨ ਮਿਲਿਆ ਗੋਬਿੰਦ ਰਾਮਾ। ਸਾਚਾ ਰਾਗ ਸੁਣਨਾ ਕੰਨ ਹੈ, ਮਿਟੇ ਰੈਣ ਅੰਧੇਰੀ ਸ਼ਾਮਾ। ਜਗੇ ਜੋਤ ਕਾਇਆ ਤਨ ਹੈ, ਵੱਜੇ ਅਨਹਦ ਸ਼ਬਦ ਦਮਾਮਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਗੁਰਮੁਖ ਬਾਲ ਅੰਞਾਣਿਆ। ਦੇਵੇ ਨਾਮ ਅੰਮ੍ਰਿਤ ਆਤਮ ਸੱਚਾ ਜਾਮ ਧੁਰ ਦਰਗਾਹੀ ਸੱਚਾ ਤਾਮਾ। ਨਾਮ ਤਾਮ ਜਗਤ ਧਰਵਾਸ, ਦੇਵਣਹਾਰ ਦਾਤਾਰਾ। ਨਿਝ ਘਰ ਆਤਮ ਰੱਖੇ ਵਾਸ, ਹਰ ਘਟ ਰੂਪ ਪਸਾਰਾ। ਵੇਖ ਵਖਾਣੇ ਪ੍ਰਿਥਮੀ ਆਕਾਸ਼, ਪੁਰਖ ਅਗੰਮ ਅਗੰਮੜੀ ਕਾਰਾ। ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਕਲਜੁਗ ਖੇਲੇ ਖੇਲ ਨਿਹਕਲੰਕ ਨਰਾਇਣ ਨਰ ਅਵਤਾਰਾ। ਚਾਰ ਕੁੰਟ ਦਹਿ ਦਿਸ਼ਾ, ਹਰਿ ਸਾਚਾ ਵੇਖ ਵਖਾਇੰਦਾ। ਕਲਜੁਗ ਅੰਤਮ ਪਾਏ ਹਿੱਸਾ, ਨੌ ਖੰਡ ਪ੍ਰਿਥਮੀ ਵੰਡ ਵੰਡਾਇੰਦਾ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਖਾਲੀ ਕਰੇ ਖੀਸਾ, ਦਰ ਦਰ ਘਰ ਘਰ ਅੰਤ ਫਿਰਾਇੰਦਾ। ਜੋਤੀ ਜੋਤ ਸਰੂਪ ਹਰਿ, ਲੋਕਮਾਤ ਹਰਿ ਜੋਤ ਧਰ, ਲੋਕਮਾਤ ਕਿਸੇ ਨਾ ਦਿਸਾ, ਆਪ ਆਪਣੇ ਰੰਗ ਸਮਾਇੰਦਾ। ਆਪ ਆਪਣੇ ਰੰਗ ਸਮਾਇਆ, ਗੋਬਿੰਦ ਰੂਪ ਅਕਾਲੀ। ਗੁਰਮੁਖ ਸਾਚਾ ਸੰਤ ਜਗਾਏ, ਦੇਵੇ ਸ਼ਬਦ ਦਲਾਲੀ। ਪਾਰਬ੍ਰਹਮ ਬ੍ਰਹਮ ਮੇਲ ਮਿਲਾਏ, ਦੀਪਕ ਜੋਤ ਜਗੇ ਮਸਤਕ ਗਗਨ ਸਾਚੀ ਥਾਲੀ। ਵਰਨ ਗੋਤ ਗੋਤ ਵਰਨ ਕਲ ਮੇਟ ਮਿਟਾਏ ਜਗਤ ਅਵੱਲੜੀ ਚਾਲੀ। ਏਕਾ ਓਟ ਹਰਿ ਰਘੁਰਾਏ, ਫਲ ਲਗਾਏ ਕਾਇਆ ਡਾਲ੍ਹੀ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਲ੍ਹਣਿਓ ਡਿੱਗੇ ਬੋਟ, ਲੋਕਮਾਤ ਨਾ ਕੋਇ ਉਠਾਏ। ਤੀਰਥ ਤੱਟਾਂ ਭੇਖਾਧਾਰੀ ਫਿਰਦੇ ਕੋਟਨ ਕੋਟ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸਾਚੇ ਮੰਦਰ ਅੰਦਰ ਕਿਸੇ ਦਿਸ ਨਾ ਆਏ। ਜੋਤੀ ਜਗੇ ਬੈਰਾਗ ਉਦਾਸੀ ਰਮਤਾ ਰਮਤਾ ਮਾਇਆ ਮਮਤਾ ਪੀਸਣ ਪੀਸ ਪਿਸਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਗੋਬਿੰਦ ਰੂਪ ਸਮਾਏ। ਗੋਬਿੰਦ ਕਾਇਆ ਸਚ ਘਰ, ਹਰਿ ਸਾਚੀ ਜੋਤ ਜਗਾਈਆ। ਆਪ ਖੁਲ੍ਹਾਇਆ ਆਤਮ ਦਰ, ਦਸਮ ਦਵਾਰੀ ਭੇਵ ਚੁਕਾਈਆ। ਜੋਤ ਅਕਾਰੀ ਇਕ ਕਰ, ਸ਼ਬਦ ਧਾਰਾ ਧਾਰ ਵਹਾਈਆ। ਅੰਮ੍ਰਿਤ ਆਤਮ ਨੁਹਾਏ ਸਾਚੇ ਸਰ, ਦਿਵਸ ਰੈਣ ਇਸ਼ਨਾਨ ਕਰਾਈਆ। ਪੰਚਾਂ ਤੋੜੇ ਹੰਕਾਰੀ ਗੜ੍ਹ, ਜੀਆ ਦਾਨ ਝੋਲੀ ਪਾਈਆ। ਸ਼ਬਦ ਸਰੂਪੀ ਅੰਦਰ ਵੜ, ਪੰਜ ਸ਼ੈਤਾਨਾਂ ਬੰਨ੍ਹ ਬੰਨ੍ਹਾਈਆ। ਦਰ ਦਵਾਰੇ ਅੱਗੇ ਖੜ੍ਹ, ਆਤਮ ਬ੍ਰਹਮ ਗਿਆਨ ਜਣਾਈਆ। ਸ਼ਬਦ ਘੋੜੇ ਸਾਚੇ ਚੜ੍ਹ, ਖੰਡ ਮੰਡਲ ਬ੍ਰਹਿਮੰਡ ਵਰਭੰਡ ਲੋਆਂ ਪੁਰੀਆਂ ਪਾਰ ਕਰਾਈਆ। ਆਪੇ ਵੇਖ ਜੇਰਜ ਅੰਡ, ਉਤਭੁਜ ਸੇਤਜ ਵੇਖ ਵਖਾਈਆ। ਲੱਖ ਚੁਰਾਸੀ ਤੇਰੀ ਵੰਡ, ਪ੍ਰਭ ਆਪੇ ਰਿਹਾ ਵੰਡਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਦੇਵੇ ਵੰਡ, ਸੋਹੰ ਖੰਡਾ ਹੱਥ ਉਠਾਈਆ। ਸ੍ਰਿਸ਼ਟ ਸਬਾਈ ਨਾਰ ਦੁਹਾਗਣ ਹੋਈ ਰੰਡ, ਸੰਤ ਕੰਤ ਨਾ ਕੋਈ ਹੰਢਾਈਆ। ਜਨ ਭਗਤਾਂ ਪੱਲੇ ਬੰਨ੍ਹੇ ਨਾਮ ਗੰਢ, ਦੋ ਜਹਾਨਾਂ ਸਦਾ ਸਹਾਈਆ। ਮੇਟ ਮਿਟਾਏ ਭੇਖ ਪਖੰਡ, ਸੰਮਤ ਤੇਰਾਂ ਵੀਹ ਸਦ ਅੱਸੂ ਤਿੰਨ ਵਾਲੀ ਹਿੰਦ ਕਰੇ ਜਣਾਈਆ। ਹੱਥ ਫੜੇ ਪ੍ਰਭ ਚੰਡ ਪਰਚੰਡ, ਨੌ ਖੰਡ ਪ੍ਰਿਥਮੀ ਖੰਡ ਖੰਡ, ਚਾਰੇ ਕੁੰਟਾਂ ਫਿਰੇ ਦੁਹਾਈਆ। ਰਾਜ ਰਾਜਾਨਾਂ ਲਾਹੇ ਘਮੰਡ, ਜੋਤੀ ਜੋਤ ਸਰੂਪ ਹਰਿ, ਜੋਤੀ ਜਾਮਾ ਭੇਖ ਧਰ, ਅਚਰਜ ਰੀਤੀ ਮਾਤ ਚਲਾਈਆ। ਵਾਲੀ ਹਿੰਦ ਸ਼ਬਦ ਜਣਾਈ, ਹਰਿ ਸਾਚੇ ਚਰਨ ਧਿਆਨਾ। ਅੰਤਮ ਵੇਲੇ ਹੋਏ ਜੁਦਾਈ, ਗੁਰਮੁਖ ਵਿਰਲੇ ਮੇਲ ਸ੍ਰੀ ਭਗਵਾਨਾ। ਮਾਇਆ ਮਮਤਾ ਰਾਜ ਜੋਗ ਕੁੜਮਾਈ, ਸਤਿ ਸੰਤੋਖੀ ਕੋਈ ਨਾ ਬੰਨ੍ਹੇ ਹੱਥੀਂ ਗਾਨਾ। ਨੌ ਦਰ ਵੱਜਦੀ ਰਹੇ ਵਧਾਈ, ਦਸਵੇਂ ਰਾਗ ਨਾ ਕੋਈ ਸੁਣਾਨਾ। ਪੰਡਤ ਪਾਂਧੇ ਰਹੇ ਭੁਲਾਈ, ਪੜ੍ਹ ਪੜ੍ਹ ਵਿਦਿਆ ਵੇਦ ਵਿਦਾਨਾ। ਹਰਿ ਅੰਤਰ ਬੁਝਾਏ ਬਸੰਤਰ ਸ਼ਬਦ ਜੋਤ ਪਰਗਟਾਈ, ਦੇਵੇ ਨਾਮ ਨਿਸ਼ਾਨਾ। ਆਵੇ ਜਾਵੇ ਫੇਰਾ ਪਾਈ, ਰਾਮ ਰਮਈਆ ਗੋਪੀ ਕਾਹਨਾ। ਸੰਬਲ ਨਗਰੀ ਧਰਮ ਸਨਵਾਈ, ਪਰਗਟ ਹੋਏ ਹਰਿ ਜਾਣੀ ਜਾਣਾ। ਗਊ ਗਰੀਬਾਂ ਪਕੜੇ ਬਾਂਹੀ, ਅਠ ਸਠ ਤੀਰਥ ਮੇਟ ਮਿਟਾਨਾ। ਚਾਰ ਵਰਨ ਦੇਵੇ ਠੰਢੀਆਂ ਛਾਈਂ, ਸਤਿ ਸਤਿਵਾਦੀ ਸਤਿ ਪੁਰਖ ਨਿਰੰਜਣ ਇਕ ਝੁਲਾਏ ਧਰਮ ਨਿਸ਼ਾਨਾ। ਗੁਰਮੁਖਾਂ ਨੇਤਰ ਪਾਏ ਅੰਜਨ, ਦਰ ਦਵਾਰੇ ਦੇਵੇ ਮਾਣਾ। ਚਰਨ ਧੂੜ ਕਲ ਸਾਚਾ ਮਜਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਰਾਗ ਜਗਤ ਹਦੀਸ ਭਗਤ ਸੁਣਾਏ ਸਾਚਾ ਗਾਨਾ। ਰਾਗ ਛਤੀਸ ਏਕਾ ਰੰਗ, ਏਕਾ ਸ਼ਬਦ ਜਣਾਈਆ। ਸਪਾਰਾ ਤੀਸ ਵੱਜੇ ਮਰਦੰਗ, ਬੀਸ ਇਕੀਸ ਮੁਖ ਛੁਪਾਈਆ। ਗੰਗਾ ਗੋਦਾਵਰੀ ਹੋਏ ਨੰਗ, ਤੀਰਥ ਤਟ ਕੋਈ ਰਹਿਣ ਨਾ ਪਾਈਆ। ਮੰਦਰ ਮਸਜਿਦ ਗੁਰਦਰ ਹੋਇਣ ਭੰਗ, ਕਲਜੁਗ ਅੰਗ ਅੰਗ ਭੰਨਾਈਆ। ਗੁਰਮੁਖ ਵਿਰਲਾ ਪਾਰ ਜਾਏ ਲੰਘ, ਜਿਸ ਪ੍ਰਭ ਸਾਚਾ ਸਰਨ ਲਗਾਈਆ। ਸ਼ਬਦ ਘੋੜੇ ਕਸ ਤੰਗ, ਨਾਮ ਮਰਦੰਗ ਇਕ ਵਜਾਈਆ। ਸੰਮਤ ਚੌਦਾਂ ਮਾਰੇ ਡੰਗ, ਮਨਮੁਖਾਂ ਕਾਇਆ ਦਏ ਜਲਾਈਆ। ਗੁਰਮੁਖਾਂ ਆਤਮ ਚਾੜ੍ਹੇ ਰੰਗ, ਵੱਜੇ ਨਾਮ ਵਧਾਈਆ। ਸਦਾ ਸੁਹੇਲਾ ਹੋਏ ਸੰਗ, ਜੋਤ ਨਿਰੰਜਣ ਨਾਉਂ ਰਖਾਈਆ। ਸ਼ਬਦ ਬੈਠ ਸਚ ਪਲੰਘ, ਦਸਮ ਦਵਾਰੀ ਨਰ ਨਿਰੰਕਾਰੀ ਆਤਮ ਸੇਜਾ ਆਸਣ ਲਾਈਆ। ਏਕਾ ਮੰਗੇ ਸਾਚੀ ਮੰਗ, ਚਰਨ ਪ੍ਰੀਤੀ ਸਾਚੀ ਨੀਤੀ ਜਨ ਭਗਤਾਂ ਝੋਲੀ ਪਾਈਆ। ਜੁਗ ਜੁਗ ਕਰਦਾ ਆਇਆ ਆਪਣੀ ਰੀਤੀ, ਜੁਗ ਜੁਗ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਚਰਨਾਂ ਹੇਠ ਰਿਹਾ ਪਿਸਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ, ਲੱਖ ਚੁਰਾਸੀ ਗੇੜਾ। ਮਾਇਆ ਮਮਤਾ ਪੀਸਣ ਰਿਹਾ ਪੀਸ, ਨਾ ਕੋਈ ਕਰੇ ਹੱਕ ਨਿਬੇੜਾ। ਅੰਤਮ ਲੇਖਾ ਚੁੱਕੇ ਬੀਸ ਇਕੀਸ, ਖੁੱਲ੍ਹਾ ਹੋਵੇ ਧਰਤ ਮਾਤ ਤੇਰਾ ਵਿਹੜਾ। ਏਕਾ ਛਤਰ ਝੁੱਲੇ ਪ੍ਰਭ ਸਾਚੇ ਸੀਸ, ਜ਼ਾਤ ਪਾਤੀ ਵਰਨ ਬਰਨ ਊਚ ਨੀਚ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਵਾਲੀ ਦੋ ਜਹਾਨਾਂ ਕਰੇ ਨਿਬੇੜਾ। ਜਗੇ ਜੋਤ ਜਗਤ ਜਗਦੀਸ਼, ਆਪ ਚੁਕਾਏ ਚੌਥੇ ਜੁਗ ਕਲਜੁਗ ਤੇਰਾ ਗੇੜਾ। ਹਰਿ ਸੰਗਤ ਸੇਵਾ ਪਰਵਾਨ, ਦਰ ਦਵਾਰ ਕਮਾਈਆ। ਅੰਮ੍ਰਿਤ ਆਤਮ ਮੇਵਾ ਸਾਚਾ ਖਾਣ, ਤੋਟ ਰਹੇ ਨਾ ਰਾਈਆ। ਰਸਨਾ ਜਿਹਵਾ ਸਾਚੀ ਗਾਣ, ਗੋਬਿੰਦ ਗੋਬਿੰਦ ਗੋਬਿੰਦ ਹਰਿ ਹਰਿ ਹਰਿ ਦਰਸ ਦਿਖਾਈਆ। ਬਜਰ ਕਪਟੀ ਵੱਜੇ ਬਾਣ, ਤੀਰ ਨਿਰਾਲਾ ਆਪ ਚਲਾਈਆ। ਔਖੀ ਘਾਟੀ ਮਾਤ ਚੜ੍ਹ ਜਾਣ, ਪ੍ਰਭ ਸਾਚਾ ਹੋਏ ਸਹਾਈਆ। ਸਾਚੇ ਮੰਦਰ ਅੰਦਰ ਅੰਤ ਵੜ ਜਾਣ, ਧਰਮ ਰਾਏ ਬੈਠਾ ਮੁਖ ਛੁਪਾਈਆ। ਪੁਰਖ ਅਬਿਨਾਸ਼ੀ ਕਰੇ ਪਛਾਣ, ਚਿਤਰ ਗੁਪਤ ਨਾ ਲੇਖ ਵਖਾਈਆ। ਦਰ ਦਵਾਰਾ ਏਕਾ ਪਾਣ, ਅੱਠੇ ਪਹਿਰ ਨੇਤਰ ਲੋਚਨ ਦਰਸ ਪੁਰਖ ਅਬਿਨਾਸ਼ੀ ਬੈਠਾ ਜੋਤ ਜਗਾਈਆ। ਏਕਾ ਰਾਗ ਜਗਤ ਤਿਆਗ ਸਾਚਾ ਨਾਦ ਧੁਨ ਧੁਨ ਨਾਦ ਤੇਰੀ ਵਡਿਆਈਆ। ਆਤਮ ਦੇਵੇ ਅੰਮ੍ਰਿਤ ਸਾਚਾ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਰਬ ਘਟਾਂ ਹਰਿ ਜਾਣੀ ਜਾਣ, ਨਾਮ ਚੋਗ ਸਾਚੀ ਮੁਖ ਰਖਾਈਆ। ਅੰਤਮ ਚੁੱਕੇ ਜਮ ਕੀ ਕਾਣ, ਲੱਖ ਚੁਰਾਸੀ ਫੰਦ ਕਟਾਈਆ। ਸ਼ਬਦ ਪੰਘੂੜਾ ਸਚ ਬਿਬਾਣ, ਪਾਰਖ ਪਾਰਖੀ ਆਪ ਉਠਾਈਆ। ਦਰਗਾਹ ਸਾਚੀ ਦੇਵੇ ਮਾਣ, ਮਹਾਂਸਾਰਥੀ ਨਾਮ ਰਖਾਈਆ। ਲੇਖਾ ਚੁੱਕੇ ਆਵਣ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਸ਼ਬਦ ਵਰ, ਸੇਵਕ ਸੇਵਾ ਲੇਖੇ ਲਾਈਆ।
