Granth 06 Likhat 023: 5 Assu 2013 Bikarmi Delhi Darbar wich Har Sangat nu Wadiaaee ditti

੫ ਅੱਸੂ ੨੦੧੩ ਬਿਕ੍ਰਮੀ ਦਿੱਲੀ ਦਰਬਾਰ ਵਿਚ ਹਰਿ ਸੰਗਤ ਨੂੰ ਵਡਿਆਈ ਦਿਤੀ

ਹਰਿ ਸੰਗਤ ਤੇਰੀ ਸਾਚੀ ਭੇਟ, ਪ੍ਰਭ ਆਪਣਾ ਸੀਸ ਲਗਾਇਆ। ਸ਼ਬਦ ਸਰੂਪੀ ਬਣਿਆ ਖੇਵਟ ਖੇਟ, ਜਗਤ ਜਗਦੀਸ ਅਖਵਾਇਆ। ਮਾਤ ਪਿਤ ਜਨ ਬਣਾਏ ਸਾਚੇ ਬੇਟ, ਤ੍ਰਿਸ਼ਨਾ ਪਿਆਸ ਬੁਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਸ਼ਬਦੀ ਰੰਗ ਰੰਗਾਇਆ। ਸੀਸ ਭੇਟ ਅਗਨੀ ਧਰ, ਅਗਨੀ ਵਿਚ ਸਮਾਈਆ। ਅਗਨੀ ਜੋਤੀ ਨੂਰ ਕਰ, ਸ਼ਬਦੀ ਬਣਤ ਬਣਾਈਆ। ਸ਼ਬਦ ਸਰਬ ਭਰਪੂਰ ਕਰ, ਕਲ ਆਪਣੇ ਹੱਥ ਰਖਾਈਆ। ਆਪ ਆਪਣਾ ਹਰਿ ਹਜ਼ੂਰ ਕਰ, ਹਰਿ ਕੀ ਪੌੜੀ ਇਕ ਵਖਾਈਆ। ਆਉਣਾ ਜਾਣਾ ਦਰ ਦਵਾਰ ਮਨਜ਼ੂਰ ਕਰ, ਦਿੱਲੀ ਤਖ਼ਤ ਤੇਰੀ ਮੇਟੇ ਮਾਤ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਸੰਗਤ ਤੇਰੀ ਤੀਜੀ ਭੇਟ, ਆਪਣੀ ਹੱਥੀਂ ਆਪ ਭੇਟ ਕਰਾਈਆ। ਚੌਥੀ ਵਾਰ ਕਰ ਅਰਦਾਸ, ਦਾਸ ਦਾਸਾਂ ਦਏ ਉਠਾਇਆ। ਆਪੇ ਵਸੇ ਰਸਨ ਸਵਾਸ, ਆਪਣਾ ਰੂਪ ਦਏ ਵਖਾਇਆ। ਕਾਇਆ ਮੰਡਲ ਵਖਾਏ ਪ੍ਰਿਥਮੀ ਆਕਾਸ਼, ਬਰਾਟ ਬਰਾਟੀ ਰੂਪ ਸਮਾਇਆ। ਹਰਿ ਸਾਜਣ ਦਾਤਾ ਸ਼ਾਹੋ ਸ਼ਾਬਾਸ, ਗੁਰਮੁਖ ਸਾਚਾ ਸਾਚੇ ਹਟ ਵਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਸੇਵਾ ਆਪੇ ਲਾਇਆ।