Granth 06 Likhat 063: 5 Chet 2014 Bikarmi Kehar Singh de Greh Pind Rajiwal Jila Ferozepur

੫ ਚੇਤ ੨੦੧੪ ਬਿਕ੍ਰਮੀ ਕੇਹਰ ਸਿੰਘ ਦੇ ਗ੍ਰਹਿ ਪਿੰਡ ਰਜੀਵਾਲ ਜ਼ਿਲਾ ਫਿਰੋਜ਼ਪੁਰ

ਤ੍ਰਿਸ਼ਨਾ ਅੱਗ ਜਲਾਏ, ਨਾ ਕੋਈ ਹੋਏ ਸਹਾਇਆ। ਸੂਰਾ ਸਰਬੰਗ ਨਾ ਕੋਈ ਦਿਸਾਏ, ਚਾਰੇ ਕੁੰਟਾਂ ਵੇਖ ਵਖਾਇਆ। ਕਲਜੁਗ ਮਾਇਆ ਜਗ ਵਰਤਾਏ, ਜੂਠ ਝੂਠ ਝੋਲੀ ਰਿਹਾ ਭਰਾਇਆ। ਗੁਰਮੁਖ ਵਿਰਲਾ ਪਗ ਲਗਾਏ, ਰਸ ਅਨੂਠ ਇਕ ਵਖਾਇਆ। ਹੰਸ ਬਗੜੇ ਬਪ ਬਣਾਏ, ਸਾਚੀ ਚੋਗ ਚੁਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਘਰ, ਆਪਣਾ ਆਪ ਮਿਲਾਇਆ। ਕਲਜੁਗ ਮਾਇਆ ਜੁਗਤੀ ਜਾਲ, ਏਕਾ ਏਕ ਰਖਾਇਆ। ਲੱਖ ਚੁਰਾਸੀ ਰਿਹਾ ਭਾਲ, ਵੇਖਣਹਾਰਾ ਆਪ ਅਖਵਾਇਆ। ਗੁਰਮੁਖ ਸਾਚੇ ਸਾਚੇ ਲਾਲ, ਆਪ ਆਪਣੇ ਅੰਗ ਲਗਾਇਆ। ਵਰਨ ਬਰਨ ਹੋਏ ਕੰਗਾਲ, ਸਾਚੀ ਸਰਨਾ ਨਾ ਕੋਈ ਰਖਾਇਆ। ਫਲ ਨਾ ਦਿਸੇ ਕਿਸੇ ਡਾਲ, ਅੰਮ੍ਰਿਤ ਮੇਵਾ ਨਾ ਕੋਈ ਖਵਾਇਆ। ਦਰ ਦਰ ਘਰ ਘਰ ਕੂਕ ਪੁਕਾਰੇ ਕਲਜੁਗ ਕਾਲ, ਅਵੱਲੜੀ ਚਾਲ ਰਖਾਇਆ। ਪੱਲੇ ਦਿਸੇ ਨਾ ਕਿਸੇ ਧਨ ਮਾਲ, ਨਾਮ ਖਜ਼ਾਨਾ ਕਿਸੇ ਹੱਥ ਨਾ ਆਇਆ। ਗੁਰ ਪੂਰਾ ਨਾ ਮਿਲਿਆ ਮਾਤ ਦਲਾਲ, ਰਾਹ ਸਾਚਾ ਦਏ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਜਨ ਆਪੇ ਭਾਲ, ਆਪ ਆਪਣੀ ਸਰਨ ਲਗਾਇਆ। ਗੁਰਮੁਖ ਸਾਚਾ ਲਾਲ ਅਨਮੁੱਲਾ, ਹਰਿ ਆਪੇ ਵੇਖ ਵਖਾਇੰਦਾ। ਭਾਗ ਲਗਾਏ ਸਾਚੀ ਕੁੱਲਾ, ਕਲ ਕਲਵੰਤ ਆਪ ਹੋ ਜਾਇੰਦਾ। ਪੂਰੇ ਤੋਲ ਰਿਹਾ ਤੋਲਾ, ਤੋਲਣਹਾਰ ਆਪ ਅਖਵਾਇੰਦਾ। ਚਰਨ ਦਵਾਰੇ ਕਰੇ ਗੋਲਾ, ਧੂੜੀ ਮਸਤਕ ਖ਼ਾਕ ਰਮਾਇੰਦਾ। ਸੁਣੇ ਸੁਣਾਏ ਸਾਚਾ ਢੋਲਾ, ਪੁਰੀ ਅਨੰਦ ਮੇਲ ਮਿਲਾਇੰਦਾ। ਪੁਰੀ ਅਨੰਦ ਕਾਇਆ ਚੋਲਾ, ਪੰਚ ਅੱਖਰ ਆਪ ਵਿਖਾਇੰਦਾ। ਪੰਚਮ ਗਾਇਣ ਏਕਾ ਬੋਲਾ, ਹਰਿ ਸਾਚੀ ਸੇਵਾ ਲਾਇੰਦਾ। ਦਰ ਦਵਾਰੇ ਸਾਚੇ ਹੋਲਾ, ਮਿਲ ਸਖੀਆਂ ਆਪ ਖਿਲਾਇੰਦਾ। ਧਰਮ ਦਵਾਰਾ ਏਕਾ ਖੋਲ੍ਹਾ, ਸ਼ਬਦ ਸਿੰਘਾਸਣ ਇਕ ਵਿਛਾਇੰਦਾ। ਆਪਣੀ ਸੇਜੇ ਆਪੇ ਮੌਲਾ, ਆਪਣਾ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਏਕਾ ਦਰ, ਦਰ ਦਵਾਰਾ ਆਪ ਸੁਹਾਇੰਦਾ। ਗੁਰਮੁਖ ਗੋਬਿੰਦ ਕਾਇਆ ਰੰਗ, ਸਗਲੀ ਬਣਤ ਬਣਾਈਆ। ਨਾਮ ਡੋਰੀ ਚਾੜ੍ਹ ਪਤੰਗ, ਆਕਾਸ਼ ਆਕਾਸ਼ਾਂ ਪਾਰ ਕਰਾਈਆ। ਚਿੱਟੇ ਅਸਵ ਕਸਿਆ ਤੰਗ, ਦੂਰ ਦੁਰਾਡਾ ਵੇਖੇ ਫੇਰੀ ਪਾਈਆ। ਆਪ ਲਗਾਏ ਆਪਣੇ ਅੰਗ, ਅੰਗੀਕਾਰ ਆਪ ਹੋ ਜਾਈਆ। ਦਾਤਾ ਜੋਧਾ ਸੂਰਾ ਸਰਬੰਗ, ਸਗਲਾ ਸਾਥ ਨਿਭਾਈਆ। ਕੱਟਣਹਾਰਾ ਭੁੱਖ ਨੰਗ, ਜੁਗ ਜੁਗ ਵਿਛੜੇ ਮੇਲ ਮਿਲਾਈਆ। ਮਾਇਆ ਮਮਤਾ ਮੋਹ ਵਿਕਾਰਾ ਹਉਮੇ ਤ੍ਰਿਸ਼ਨਾ ਨਾ ਮਾਰੇ ਡੰਗ, ਸਾਂਤਕ ਸਤਿ ਵਰਤਾਈਆ। ਸਤਿ ਸੁਹੰਜਣੀ ਸ਼ਬਦ ਰੰਗੀਲਾ ਇਕ ਵਖਾਏ ਪਲੰਘ, ਬੈਠਾ ਆਸਣ ਲਾਈਆ। ਸੋਹੰ ਚੂੜਾ ਸਾਚਾ ਨਾਮ ਤੰਦਨ, ਏਕਾ ਵੰਗ ਰਿਹਾ ਤਨ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਨ ਭਗਤਾਂ ਦੇਵਣਹਾਰਾ ਵਰ, ਏਕਾ ਸਾਚਾ ਮਾਹੀਆ। ਵਰ ਪਾਇਆ ਪੁਰਖ ਅਪਾਰ, ਘਰ ਸੁਹੰਜਣਾ। ਮਿਲਿਆ ਮੇਲ ਪੁਰਖ ਭਤਾਰ, ਜਗੇ ਜੋਤ ਨਿਰੰਜਣਾ। ਵੇਖੇ ਦਰ ਸੱਚਾ ਦਰਬਾਰ, ਬੈਠਾ ਹਰਿ ਸ਼ਾਹੋ ਦਰਦ ਦੁੱਖ ਭੈ ਭੰਜਨਾ। ਲਹਿਣਾ ਦੇਣ ਮੂਲ ਚੁਕਾਏ ਨਾ ਕਰੇ ਕੋਈ ਹੁਦਾਰ, ਏਕਾ ਚਾੜ੍ਹੇ ਨਾਮ ਰੰਗਣਾ। ਪੂਰਬ ਕਰਮ ਕਰਜ਼ ਉਤਾਰ ਆਪ ਲਗਾਏ ਆਪਣੇ ਅੰਗਣਾ। ਸੋਹੰ ਸ਼ਬਦ ਤਿੱਖੀ ਧਾਰ, ਗੁਰਮੁਖ ਵਿਰਲੇ ਪਾਰ ਲੰਘਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਇਕ ਦਰ, ਦਰ ਦਵਾਰਾ ਆਪੇ ਮੰਗਣਾ। ਦਰ ਦਵਾਰੇ ਸ਼ਬਦ ਭੰਡਾਰਾ, ਏਕਾ ਏਕ ਵਰਤਾਇੰਦਾ। ਪਾਰਬ੍ਰਹਮ ਪ੍ਰਭ ਪੁਰਖ ਅਪਾਰਾ, ਗੋਬਿੰਦ ਰੂਪ ਵਟਾਇੰਦਾ। ਗੋਬਿੰਦ ਗੁਰ ਸੇਵਕ ਸੇਵਾਦਾਰਾ, ਹਰਿ ਸਾਚੀ ਸੇਵਾ ਲਾਇੰਦਾ। ਸ਼ਬਦ ਵਜਾਏ ਤਨ ਨਗਾਰਾ, ਆਪਣੀ ਬਣਤ ਬਣਾਇੰਦਾ। ਜੋਤੀ ਨੂਰ ਕਰ ਅਕਾਰਾ, ਅੰਦਰ ਮੰਦਰ ਮੁਖ ਛੁਪਾਇੰਦਾ। ਆਵੇ ਜਾਵੇ ਵਾਰੋ ਵਾਰਾ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਪਾਵੇ ਸਾਰਾ, ਲੋਆਂ ਪੁਰੀਆਂ ਫੋਲ ਫੁਲਾਇੰਦਾ। ਗੁਰਮੁਖਾਂ ਕਰੇ ਸਚ ਪਿਆਰਾ, ਸਾਚਾ ਰਾਹ ਵਖਾਇੰਦਾ। ਆਦਿ ਸ਼ਕਤ ਪ੍ਰਭ ਏਕੰਕਾਰਾ, ਅੰਤ ਕੰਤ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਗੁਰ ਸਾਜਣ ਸਾਚਾ ਸ਼ਬਦੀ ਬਣਤ ਬਣਾਇੰਦਾ। ਸਾਜਣ ਮੀਤਾ ਹਰਿ ਬਨਵਾਰੀ, ਏਕਾ ਏਕ ਅਖਵਾਇਆ। ਗੁਰਮੁਖਾਂ ਪੈਜ ਰਿਹਾ ਸਵਾਰੀ, ਦਰ ਦਰ ਘਰ ਘਰ ਫੇਰਾ ਪਾਇਆ। ਕਲਜੁਗ ਤੇਰੀ ਅੰਤਮ ਵਾਰੀ, ਅੰਧ ਅੰਧੇਰ ਰਿਹਾ ਮਿਟਾਇਆ। ਸਤਿਜੁਗ ਤੇਰੀ ਬੰਨ੍ਹੇ ਧਾਰੀ, ਸਤਿ ਪੁਰਖ ਨਿਰੰਜਣ ਜੋਤ ਜਗਾਇਆ। ਭਰਮੇ ਭੁੱਲੇ ਜੀਵ ਗਵਾਰੀ, ਲੱਖ ਚੁਰਾਸੀ ਦਿਸ ਨਾ ਆਇਆ। ਸ਼ਬਦ ਖੰਡਾ ਤੇਜ ਕਟਾਰੀ, ਆਪ ਆਪਣੇ ਹੱਥ ਉਠਾਇਆ। ਪਹਿਲੀ ਚੇਤਰ ਕਰ ਤਿਆਰੀ, ਸੰਮਤ ਚੌਦਾਂ ਲੇਖ ਲਿਖਾਇਆ। ਏਕਾ ਦੂਜਾ ਪਾਵੇ ਸਾਰੀ, ਤੀਜੇ ਤੀਜਾ ਮੇਲ ਮਿਲਾਇਆ। ਚੌਥੇ ਘਰ ਖੋਲ੍ਹ ਕਿਵਾੜੀ, ਸੰਤ ਜਨਾਂ ਹਰਿ ਰਾਹ ਵਿਖਾਇਆ। ਪੰਚਮ ਹੋਵੇ ਸਚ ਦਰਬਾਰੀ, ਪੰਚਮ ਮੇਲਾ ਮੇਲ ਮਿਲਾਇਆ। ਗੁਰਮੁਖਾਂ ਕਰੇ ਖ਼ਬਰਦਾਰੀ, ਬਿਆਸ ਕਿਨਾਰਾ ਵੇਖ ਵਖਾਇਆ। ਗੁਰ ਗੋਬਿੰਦਾ ਖੇਲ ਨਿਆਰੀ, ਆਪ ਆਪਣਾ ਰਾਹ ਤਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਮਲਾਹ ਬੇਪਰਵਾਹ ਏਕਾ ਏਕ ਏਕ ਹੋ ਆਇਆ। ਏਕਾ ਏਕ ਸ਼ਬਦ ਵਣਜਾਰਾ, ਨਰ ਨਰਾਇਣ ਆਪ ਅਖਵਾਇੰਦਾ। ਗੁਰਮੁਖਾਂ ਕਰੇ ਜਗਤ ਵਪਾਰਾ, ਸਾਚੀ ਵਸਤ ਲਿਆਇੰਦਾ। ਦਰ ਦਰ ਘਰ ਘਰ ਭਰਦਾ ਜਾਏ ਨਾਮ ਭੰਡਾਰਾ, ਅਤੋਟ ਅਤੁਟ ਰਖਾਇੰਦਾ। ਆਪੇ ਬਣਿਆ ਕਲ ਵਰਤਾਰਾ, ਦਿਸ ਕਿਸੇ ਨਾ ਆਇੰਦਾ। ਜੋਤ ਸਰੂਪੀ ਕਰ ਆਕਾਰਾ, ਸ਼ਬਦੀ ਧਾਰ ਚਲਾਇੰਦਾ। ਸ਼ਬਦ ਸਰੂਪੀ ਡੰਕ ਅਪਾਰਾ, ਜੋਤੀ ਸੇਵਾ ਲਾਇੰਦਾ। ਪਵਣ ਪਵਣ ਗਾਏ ਵਾਰੋ ਵਾਰਾ, ਲੋਆਂ ਪੁਰੀਆਂ ਆਪ ਜਣਾਇੰਦਾ। ਨੌ ਖੰਡ ਪ੍ਰਿਥਮੀ ਇਕ ਹੁਲਾਰਾ, ਸੱਤਾਂ ਦੀਪਾਂ ਰਾਗ ਸੁਣਾਇੰਦਾ। ਗੁਰਮੁਖ ਅੰਦਰ ਵੇਖੇ ਸਚ ਦਵਾਰਾ, ਹਰਿ ਆਪਣਾ ਆਸਣ ਲਾਇੰਦਾ। ਜੋਤ ਜਗਾਏ ਅਗੰਮ ਅਪਾਰਾ, ਮੇਲ ਮਿਲਾਏ ਮੇਲਣਹਾਰਾ, ਆਪ ਆਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਲੇਖ ਸਚ ਘਰ ਪੰਚਮ ਚੇਤਰ ਨੇਤਨ ਨੇਤ ਦਰਸ ਵਿਖਾਇੰਦਾ।

Leave a Reply

This site uses Akismet to reduce spam. Learn how your comment data is processed.