Granth 06 Likhat 101: 22 Jeth 2014 Bikarmi Bagga Singh de Greh Pind Nathe wal Jila Ferozepur

੨੨ ਜੇਠ ੨੦੧੪ ਬਿਕ੍ਰਮੀ ਬੱਗਾ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲਾ ਜ਼ਿਲਾ ਫਿਰੋਜ਼ਪੁਰ

ਜਲ ਮੀਨਾ ਸਚ ਸਾਗਰਾ, ਸਰੋਵਰ ਸਤਿ ਸਮਾਏ। ਹਰਿਜਨ ਨੁਹਾਏ ਕਾਇਆ ਸਾਚੀ ਗਾਗਰਾ, ਅੰਮ੍ਰਿਤ ਆਤਮ ਤਾਲ ਸੁਹਾਏ। ਕਰੇ ਕਰਾਏ ਵਣਜ ਨਾਮ ਸੁਦਾਗਰਾ, ਵਣਜ ਵਪਾਰੀ ਆਪ ਅਖਵਾਏ। ਨਿਰਮਲ ਕਰਮ ਕਰੇ ਉਜਾਗਰਾ, ਦੁਰਮਤ ਮੈਲ ਗਵਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮਾਟੀ ਔਖੀ ਘਾਟੀ ਪਾਰ ਕਰਾਏ। ਕਾਇਆ ਮਾਟੀ ਪੰਜ ਤਤ, ਰੱਤੀ ਰੱਤ ਉਪਾਈਆ। ਆਪੇ ਜਾਣੇ ਬੁਧ ਮਤ, ਮਨ ਮਨਸਾ ਪੂਰ ਕਰਾਈਆ। ਬੀਜ ਬੀਜੇ ਸਾਚੇ ਵਤ, ਰਸਨਾ ਜਿਹਵਾ ਹਲ ਚਲਾਈਆ। ਫਲ ਲਗਾਏ ਸਾਚੀ ਵੱਥ, ਏਕਾ ਏਕਾ ਖਵਾਈਆ। ਮੋਹ ਵਿਕਾਰਾ ਦਏ ਮਥ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਸ਼ਬਦ ਜਣਾਏ ਅਕੱਥਨਾ ਅਕੱਥ, ਅਕੱਥ ਕਥਾ ਸੁਣਾਈਆ। ਸੋਹੰ ਚੜ੍ਹਾਏ ਸਾਚੇ ਰਥ, ਸੋ ਪੁਰਖ ਨਿਰੰਜਣ ਰਿਹਾ ਆਪ ਚਲਾਈਆ। ਸਗਲ ਵਸੂਰੇ ਜਾਇਣ ਲੱਥ, ਜੋ ਜਨ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਧਨ ਸਰਧਨ ਏਕਾ ਧਾਮ ਸੁਹਾਈਆ। ਨਿਰਧਨ ਹਰਿ ਚਰਨ ਦਵਾਰ, ਸਰਧਨ ਭੇਖ ਵਟਾਇਆ। ਸਰਧਨ ਮੰਗੇ ਬਣ ਭਿਖਾਰ, ਨਿਰਧਨ ਝੋਲੀ ਡਾਹਿਆ। ਵਸਤ ਗੁਣ ਹਰਿ ਇਕ ਅਪਾਰ, ਆਪਣੇ ਹੱਥ ਰਖਾਇਆ। ਕੋਟਨ ਕੋਟ ਮੰਗਣ ਦਰ ਦਵਾਰ, ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਸੀਸ ਝੁਕਾਇਆ। ਲੱਖ ਚੁਰਾਸੀ ਕਰੇ ਪੁਕਾਰ, ਦਿਵਸ ਰੈਣ ਰਹੀ ਬਿਲਲਾਇਆ। ਪੁਰਖ ਅਬਿਨਾਸ਼ੀ ਸੁੱਤਾ ਪੈਰ ਪਸਾਰ, ਆਪ ਆਪਣੀ ਸੇਜਾ ਆਸਣ ਲਾਇਆ। ਜੁਗ ਜੁਗ ਆਪਣਾ ਲੈ ਅਵਤਾਰ, ਨਿੱਤ ਨਵਿਤਾ ਖੇਲ ਖਿਲਾਇਆ। ਪਰਗਟ ਹੋਏ ਵਿਚ ਸੰਸਾਰ, ਮੀਤਨ ਮੀਤਾ ਮੀਤ ਹੋ ਆਇਆ। ਕਲਜੁਗ ਤੇਰੀ ਅੰਤਮ ਵਾਰ, ਅਚਰਜ ਰੀਤਾ ਰਿਹਾ ਚਲਾਇਆ। ਏਕਾ ਸ਼ਬਦ ਮਾਣ ਰਖਾਏ ਅਠਾਰਾਂ ਧਿਆਏ ਗੀਤਾ, ਸਤਿ ਪੁਰਖ ਨਿਰੰਜਣ ਆਪ ਅਲਾਇਆ। ਕਲਜੁਗ ਤੇਰਾ ਅੰਤਮ ਲਹਿਣਾ ਦੇਣਾ ਜੀਤਾ, ਲੇਖਾ ਲੇਖ ਰਿਹਾ ਮੁਕਾਇਆ। ਨੌ ਖੰਡ ਪ੍ਰਿਥਮੀ ਪਰਖੇ ਨੀਤਾ, ਹਰਿਜਨ ਸਾਚੇ ਵੇਖ ਵਖਾਇਆ। ਪਾਰਬ੍ਰਹਮ ਪੁਰਖ ਅਤੀਤਾ, ਘਰ ਮੰਦਰ ਬੈਠਾ ਆਸਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਜੋਗ ਏਕਾ ਏਕ ਕਮਾਇਆ। ਏਕਾ ਏਕ ਜੋਗ ਸਨਿਆਸ, ਇਕ ਵੈਰਾਗ ਰਖਾਇੰਦਾ। ਏਕਾ ਰਸਨ ਸ਼ਬਦ ਸਵਾਸ, ਏਕਾ ਜਾਪ ਜਪਾਇੰਦਾ। ਏਕਾ ਮੇਲਾ ਹਰਿ ਗੁਣ ਤਾਸ, ਗੁਣਵੰਤਾ ਵੇਖ ਵਖਾਇੰਦਾ। ਆਦਿ ਅੰਤ ਨਾ ਜਾਏ ਵਿਨਾਸ, ਅਬਿਨਾਸ਼ੀ ਕਰਤਾ ਆਪ ਹੋ ਜਾਇੰਦਾ। ਹਰਿਜਨ ਲੇਖਾ ਚੁੱਕੇ ਗਰਭਵਾਸ, ਦਸ ਦਸ ਮਾਸ ਲੇਖੇ ਲਾਇੰਦਾ। ਮੇਲਾ ਚੇਲਾ ਸ਼ਾਹੋ ਸ਼ਾਬਾਸ, ਸੱਜਣ ਸੁਹੇਲਾ ਵੇਖ ਵਖਾਇੰਦਾ। ਹਰਿਜਨ ਹੋਇਆ ਦਾਸੀ ਦਾਸ, ਦਾਸਨ ਦਾਸੀ ਸੇਵ ਕਮਾਇੰਦਾ। ਪ੍ਰਿਥਮੀ ਅਕਾਸ਼ ਸਾਚੀ ਰਾਸ, ਮੰਡਪ ਮਾੜੀ ਆਪੇ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗਰੀਬ ਨਿਮਾਣੇ ਲਏ ਵਰ, ਕੰਤ ਸੰਤ ਆਪ ਅਖਵਾਇੰਦਾ। ਕੰਤ ਸੰਤ ਹਰਿ ਗਿਰਧਾਰਾ, ਏਕਾ ਏਕ ਅਖਵਾਇਆ। ਗੁਰਮੁਖ ਨਾਰੀ ਕਰ ਪਿਆਰਾ, ਆਤਮ ਸੇਜ ਹੰਢਾਇੰਦਾ। ਸੋਲਾਂ ਕਲੀਆਂ ਸਚ ਸ਼ਿੰਗਾਰਾ, ਆਪਣਾ ਆਪ ਕਰਾਇਆ। ਆਪੇ ਵੇਖੇ ਵੇਖਣਹਾਰਾ, ਆਤਮ ਘਰ ਡੇਰਾ ਲਾਇਆ। ਸਈਆ ਮੰਗਲ ਗਾਇਣ ਵਾਰੋ ਵਾਰਾ, ਪੰਚਮ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦਏ ਵਰ, ਨੇਤਰ ਨੈਣਾ ਦਰਸ ਦਿਖਾਇਆ। ਲੋਚਨ ਨੇਤਰ ਨੈਣ, ਦਰਸ ਪਾਇਆ ਸਚ ਦਵਾਰਿਆ। ਰਸਨਾ ਕਿਸੇ ਨਾ ਸਕੇ ਕਹਿਣ, ਕਵਣ ਰੂਪ ਸ਼ਾਹੋ ਭੂਪ ਹਰਿ ਰੰਗ ਸੱਚੀ ਸਰਕਾਰਿਆ। ਆਪ ਚੁਕਾਏ ਲਹਿਣਾ ਦੇਣ, ਭਗਤ ਸੁਹੇਲਾ ਜੁਗ ਜੁਗ ਲਏ ਮਾਤ ਅਵਤਾਰਿਆ। ਲਾੜੀ ਮੌਤ ਨਾ ਖਾਏ ਡੈਣ, ਆਵਣ ਜਾਵਣ ਗੇੜ ਚੁਕਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਦਰ ਘਰ ਘਰ ਦਰ ਏਕਾ ਵੇਖ ਵਖਾ ਰਿਹਾ।

Leave a Reply

This site uses Akismet to reduce spam. Learn how your comment data is processed.