੨੨ ਜੇਠ ੨੦੧੪ ਬਿਕ੍ਰਮੀ ਬਲਵੰਤ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ
ਘਰ ਮੰਦਰ ਮੰਗਲਾਚਾਰ, ਦਿਵਸ ਰੈਣ ਕਰਾਈਆ। ਹਰਿਜਨ ਸਾਚੇ ਮੀਤ ਮੁਰਾਰ, ਦਿਵਸ ਰੈਣ ਰਹੇ ਗਾਈਆ। ਗਾਵਤ ਗਾਵਤ ਗਾਵਤ ਤਨ ਅਹਾਰ, ਕਾਇਆ ਤ੍ਰਿਪਤ ਕਰਾਈਆ। ਤ੍ਰਿਸ਼ਨਾ ਭੁੱਖ ਦਏ ਨਿਵਾਰ, ਮਾਇਆ ਮਮਤਾ ਪੇਟ ਕਟਾਈਆ। ਨਾਮ ਖੰਡਾ ਮਾਰ ਕਟਾਰ, ਦੋ ਧਾਰੀ ਧਾਰ ਚਲਾਈਆ। ਉਚ ਅਟਾਰੀ ਕਰ ਪਸਾਰ, ਸਚ ਮਹੱਲਾ ਰਿਹਾ ਵਸਾਈਆ। ਨਾ ਕੋਈ ਦੀਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਛਾਈਆ। ਚੰਨ ਸੂਰਜ ਨਾ ਕੋਈ ਚਮਤਕਾਰ, ਤਾਰ ਸਿਤਾਰ ਦਿਸ ਨਾ ਆਈਆ। ਗੁਰਮੁਖ ਵਿਰਲਾ ਹਰਿ ਦਵਾਰ, ਬੈਠਾ ਸੀਸ ਝੁਕਾਈਆ। ਸਾਚਾ ਮੇਲਾ ਵਿਚ ਸੰਸਾਰ, ਜੁਗ ਜੁਗ ਆਪ ਕਰਾਈਆ। ਕਲਜੁਗ ਤੇਰੀ ਕਾਲੀ ਧਾਰ, ਲੱਖ ਚੁਰਾਸੀ ਰਹੀ ਰੁੜ੍ਹਾਈਆ। ਮਨਮੁਖ ਭੁੱਲੇ ਜੀਵ ਗਵਾਰ, ਜਮ ਕੀ ਫਾਸੀ ਗਲ ਲਗਾਈਆ। ਮਦਿਰਾ ਮਾਸੀ ਨਾਰ ਵਿਭਚਾਰ, ਕੰਤ ਕੰਤੂਹਲ ਨਾ ਕੋਇ ਹੰਢਾਈਆ। ਰਸਨ ਸਵਾਸੀ ਸ਼ਬਦ ਪਿਆਰ, ਹਰਿ ਸਾਚਾ ਵਿਸਰ ਨਾ ਜਾਈਆ। ਆਪੇ ਬਖ਼ਸ਼ੇ ਬਖ਼ਸ਼ਣਹਾਰ, ਸਦ ਬਖ਼ਸ਼ਿੰਦਾ ਆਪ ਅਖਵਾਈਆ। ਜਨ ਹਰਿ ਹਰਿਜਨ ਢਹਿ ਪਿਆ ਦਵਾਰ, ਫੜ ਬਾਹੋਂ ਲਏ ਉਠਾਈਆ। ਮੰਗੇ ਮੰਗ ਬਣ ਭਿਖਾਰ, ਆਤਮ ਇਛਿਆ ਪਾਏ ਭਿੱਛਿਆ, ਕਾਇਆ ਚੋਲੀ ਇਕ ਭਰਾਈਆ। ਨਰ ਨਰਾਇਣ ਨੌ ਦਵਾਰ ਕਿਸੇ ਨਾ ਦਿਸਿਆ, ਸ੍ਰਿਸ਼ਟ ਸਬਾਈ ਫਿਰੇ ਹਲਕਾਈਆ। ਸਾਧਾਂ ਸੰਤਾਂ ਮਾਇਆ ਮਮਤਾ ਲੱਗੀ ਵਿਸਿਆ, ਅੱਠੇ ਪਹਿਰ ਰਹੇ ਸਤਾਈਆ। ਗੁਰਸਿਖ ਵੰਡਾਏ ਸਾਚਾ ਹਿਸਿਆ, ਕਲਜੁਗ ਅੰਤਮ ਵੰਡ ਵੰਡਾਈਆ। ਪੁਰਖ ਅਬਿਨਾਸ਼ੀ ਕਰ ਪਰੀਖਿਆ, ਨਾਮ ਸੋਟੀ ਏਕਾ ਲਾਈਆ। ਆਪੇ ਦੇਵਣਹਾਰਾ ਸਾਚੀ ਸਿਖਿਆ, ਦੀਵਾ ਬੱਤੀ ਇਕ ਜਗਾਈਆ। ਧੁਰਦਰਗਾਹੀ ਲੇਖਾ ਲਿਖਿਅ, ਲੋਕਮਾਤ ਮੇਟ ਨਾ ਸਕੇ ਰਾਈਆ। ਸ੍ਰਿਸ਼ਟ ਸਬਾਈ ਦੀਸੇ ਮਿਥਿਆ, ਥਿਰ ਕੋਈ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਮੇਲਾ ਇਕ ਦਰ, ਦਰ ਦਵਾਰੇ ਰਿਹਾ ਕਰਾਈਆ। ਦਰ ਦਵਾਰਾ ਉਚ ਅਗੰਮਾ, ਏਕਾ ਏਕ ਰਖਾਇਆ। ਨਾ ਮਰਿਆ ਨਾ ਕਦੇ ਜੰਮਾ, ਆਵਣ ਜਾਵਣ ਵਿਚ ਨਾ ਆਇਆ। ਗਗਨ ਪਾਤਾਲ ਰਹਾਏ ਬਿਨ ਬਿਨ ਥੰਮਾ, ਅਕਾਸ਼ ਪਰਕਾਸ਼ ਸਮਾਇਆ। ਜੋਤੀ ਨੂਰ ਚੜ੍ਹਾਏ ਸਾਚਾ ਚੰਨਾ, ਚੰਨ ਸੂਰਜ ਰਹੇ ਸ਼ਰਮਾਇਆ। ਆਪ ਆਪਣਾ ਜਾਣੇ ਬੰਨਾ, ਚਾਰ ਕੁੰਟ ਭੇਵ ਨਾ ਰਾਇਆ। ਨਾ ਕੋਈ ਛੱਪਰ ਨਾ ਛੰਨਾ, ਗੁਰਦਵਾਰਾ ਮੰਦਰ ਮਸਜਿਦ ਦਿਹੁਰਾ ਮਸੀਤ ਨਾ ਕੋਈ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਏਕ ਬੈਠ ਅਤੀਤ, ਲੱਖ ਚੁਰਾਸੀ ਪਰਖੇ ਨੀਤ, ਹਰਿਜਨ ਮੇਲਾ ਸਾਚੇ ਮੀਤ, ਜੁਗ ਜੁਗ ਵਿਛੜੇ ਰਿਹਾ ਮਿਲਾਇਆ। ਮੇਲ ਵਿਛੋੜੇ ਜੁਗ ਜੁਗ ਰੀਤਾ, ਆਪਣੀ ਕਲ ਵਰਤਾਇੰਦਾ। ਆਪੇ ਸਾਜਣ ਸਾਚਾ ਮੀਤਾ, ਗੀਤ ਸੁਹਾਗੀ ਇਕ ਸੁਣਾਇੰਦਾ। ਏਕਾ ਰੰਗ ਰੰਗਾਏ ਹਸਤ ਕੀਟਾ, ਊਚਾਂ ਨੀਚਾਂ ਏਕਾ ਧਾਮ ਸੁਹਾਇੰਦਾ। ਦੇਵੇ ਨਾਮ ਸ਼ਬਦ ਅਨਡੀਠਾ, ਲਿਖਣ ਪੜ੍ਹਨ ਵਿਚ ਨਾ ਆਇੰਦਾ। ਮਿੱਠਾ ਕਰੇ ਕਾਇਆ ਕੌੜਾ ਰੀਠਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਮਜੀਠਾ, ਰੰਗ ਮਜੀਠੀ ਇਕ ਚੜ੍ਹਾਇੰਦਾ। ਤ੍ਰੈਗੁਣ ਮਾਇਆ ਜੂਠਾ ਝੂਠਾ ਪੀਸਣ ਪੀਠਾ, ਕਲਜੁਗ ਚੱਕੀ ਆਪ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਿਖਿਆ ਲੇਖ ਧੁਰ ਮਸਤਕ ਵੇਖ, ਲਹਿਣਾ ਦੇਣਾ ਮੂਲ ਚੁਕਾਇੰਦਾ। ਲਿਖਿਆ ਲੇਖ ਪੂਰਬ ਕਰਮਾਂ, ਪ੍ਰਭ ਸਾਚੇ ਆਪ ਵਿਚਾਰਿਆ। ਮਾਨਸ ਮਾਨੁਖ ਮਿਲਿਆ ਜਨਮਾ, ਜਨਮੀ ਜਨਮ ਸੁਧਾਰਿਆ। ਇਕ ਵਖਾਏ ਸਾਚਾ ਧਰਮਾ, ਧਰਮੀ ਧਰਮ ਕਮਾ ਰਿਹਾ। ਸਰਨ ਪੜੇ ਦੀ ਰੱਖੇ ਸਰਨਾ, ਲਜ ਪਤ ਆਪਣੇ ਹੱਥ ਰਖਾ ਰਿਹਾ। ਆਪ ਚੁਕਾਏ ਮਰਨਾ ਡਰਨਾ, ਧਰਮ ਰਾਏ ਦਰ ਦੁਰਕਾਰਿਆ। ਨੇਤਰ ਖੋਲ੍ਹੇ ਹਰਨਾ ਫਰਨਾ, ਤੀਜਾ ਲੋਚਨ ਵੇਖ ਉਘਾੜਿਆ। ਆਪੇ ਦਾਤਾ ਕਰਨੀ ਕਰਨਾ, ਕਰਨ ਕਰਾਵਣ ਕਰਮ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਨਾਰੀ ਕੰਤ ਰੂਪ ਵਟਾ ਲਿਆ। ਨਾਰੀ ਕੰਤ ਸ਼ਬਦ ਸੁਹਾਗ, ਏਕਾ ਏਕ ਉਠਾਇੰਦਾ। ਆਪੇ ਸੋਇਆ ਆਪੇ ਗਿਆ ਜਾਗ, ਆਪ ਆਪਣੀ ਆਲਸ ਨਿੰਦਰਾ ਲਾਹਿੰਦਾ। ਆਪੇ ਲਾਹਵਣਹਾਰਾ ਭਾਗ, ਆਪ ਉਪਜਾਏ ਇਕ ਵੈਰਾਗ, ਵੈਰਾਗੀ ਆਪ ਅਖਵਾਇੰਦਾ। ਹਰਿਜਨ ਚਰਨ ਕਵਲ ਜਨ ਗਿਆ ਲਾਗ, ਪ੍ਰਭ ਸਾਚੀ ਦਇਆ ਕਮਾਇੰਦਾ। ਜਗਤ ਬੁਝਾਏ ਤ੍ਰਿਸ਼ਨਾ ਆਗ, ਮਾਇਆ ਮੋਹ ਤਜਾਇੰਦਾ। ਆਪ ਆਪਣੇ ਹੱਥ ਰੱਖੇ ਵਾਗ, ਚਾਰੋਂ ਕੁੰਟ ਵੇਖ ਵਖਾਇੰਦਾ। ਹੰਸ ਬਣਾਏ ਫੜ ਫੜ ਕਾਗ, ਸੋਹੰ ਸਾਚੀ ਚੋਗ ਚੁਗਾਇੰਦਾ। ਚਰਨ ਧੂੜੀ ਸਾਚਾ ਮਜਨ ਮਾਘ, ਸੰਤ ਸੁਹੇਲੇ ਫੜ ਲਿਆਇੰਦਾ। ਦੁਰਮਤ ਮੈਲ ਧੋਵੇ ਦਾਗ਼, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੀਪਕ ਜੋਤੀ ਜਗੇ ਚਿਰਾਗ, ਅੰਧ ਅੰਧੇਰ ਮਿਟਾਇੰਦਾ। ਦੀਪਕ ਜੋਤੀ ਕਰ ਉਜਾਲਾ, ਅਗਿਆਨ ਅੰਧੇਰ ਮਿਟਾਇਆ। ਪਰਗਟ ਹੋਏ ਗੁਰ ਗੋਪਾਲਾ, ਗੁਰਮੁਖ ਮੇਲ ਮਿਲਾਇਆ। ਕਾਇਆ ਮੰਦਰ ਅੰਦਰ ਬੈਠ ਸੱਚੀ ਧਰਮਸਾਲਾ, ਸਚ ਸਿੰਘਾਸਣ ਇਕ ਵਿਛਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਗੁਰਸਿਖ ਏਕਾ ਦਰ, ਦਰ ਘਰ ਘਰ ਦਰ ਵਰ ਸਾਚਾ ਜੀਓ ਪਿੰਡ ਤਨ ਕਾਚਾ ਕੰਚਨ ਗੜ੍ਹ, ਪੁਰਖ ਅਬਿਨਾਸ਼ੀ ਉਪਰ ਚੜ੍ਹ, ਆਪ ਫੜਾਇਆ ਆਪਣਾ ਲੜ, ਬੰਦ ਕਿਵਾੜੀ ਕੁੰਡਾ ਲਾਹਿਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਅਬਿਨਾਸ਼ੀ ਕਰਤਾ ਜੋਤ ਨਿਰੰਜਣ ਆਵਣ ਜਾਵਣ ਪਤਤ ਪਾਵਨ ਭੇਖ ਬਾਵਨ ਰੂਪ ਵਟਾਇਆ।