Granth 06 Likhat 100: 22 Jeth 2014 Bikarmi Juginder Singh de Greh Pind Nathe wal Jila Ferozepur

੨੨ ਜੇਠ ੨੦੧੪ ਬਿਕ੍ਰਮੀ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ

ਗ੍ਰਹਿ ਮੰਦਰ ਸੁਹੰਜਣਾ, ਮਿਲੇ ਮੇਲ ਗੋਪਾਲ। ਜਗੇ ਜੋਤ ਇਕ ਨਿਰੰਜਣਾ, ਗੁਰ ਗੋਬਿੰਦ ਸਾਚੇ ਲਾਲ। ਚਰਨ ਧੂੜੀ ਮਨ ਮਜਨਾ, ਸਚ ਸੁਹਾਵੇ ਤਾਲ। ਪੀ ਅੰਮ੍ਰਿਤ ਆਤਮ ਰੱਜਨਾ, ਫਲ ਲੱਗੇ ਕਾਇਆ ਡਾਲ੍ਹ। ਹਰਿ ਮੇਲਾ ਸਾਚੇ ਸਜਨਾ, ਦੇਵੇ ਨਾਮ ਸ਼ਬਦ ਦਲਾਲ। ਧਰਮ ਦਵਾਰੇ ਬਹਿ ਬਹਿ ਸਜਨਾ, ਨੇੜ ਨਾ ਆਏ ਕਾਲ ਮਹਾਂਕਾਲ। ਜਗਤ ਨਗਾਰਾ ਏਕਾ ਵੱਜਨਾ, ਆਪ ਵਜਾਏ ਏਕਾ ਤਾਲ। ਮੋਹ ਮਮਤਾ ਮਾਇਆ ਦੱਝਨਾ, ਪੰਜ ਵਿਕਾਰਾ ਦਏ ਉਛਾਲ। ਸਚ ਵਖਾਏ ਏਕਾ ਹੱਜਨਾ, ਦਰ ਮੰਦਰ ਸੱਚੀ ਧਰਮਸਾਲ। ਆਪੇ ਆਪ ਪੜਦਾ ਕੱਜਨਾ, ਸੋਹੰ ਦੇਵੇ ਸਚ ਦੁਸ਼ਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਫਲ ਲਗਾਇਆ ਕਾਇਆ ਡਾਲ। ਕਾਇਆ ਫਲ ਅੰਮ੍ਰਿਤ ਮੇਵਾ, ਏਕਾ ਏਕ ਰਖਾਇਆ। ਕਿਸੇ ਹੱਥ ਨਾ ਆਏ ਦੇਵੀ ਦੇਵਾ, ਕਰੋੜ ਤੇਤੀਸਾ ਰਿਹਾ ਕੁਰਲਾਇਆ। ਗੁਰਮੁਖ ਗੁਰ ਹਰਿ ਸਾਚੀ ਸੇਵਾ, ਦਰ ਘਰ ਸਾਚੇ ਰਿਹਾ ਕਮਾਇਆ। ਮਿਲੇ ਮੇਲ ਅਲਖ ਅਭੇਵਾ, ਵੇਦ ਕਿਤੇਬਾ ਭੇਵ ਨਾ ਰਾਇਆ। ਰਸਨਾ ਗਾਇਆ ਹਰਿ ਹਰਿ ਜਿਹਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਵਿਛੜੇ ਮੇਲ ਮਿਲਾਇਆ। ਜਗ ਵਿਛੜੇ ਜਗ ਮੇਲਿਆ, ਜਗਤ ਜੋਗ ਪ੍ਰਭ ਹੱਥ। ਲੇਖਾ ਲੇਖ ਗੁਰ ਗੁਰ ਚੇਲਿਆ, ਹੰਕਾਰ ਵਿਕਾਰਾ ਦੇਵੇ ਮੱਥ। ਪੁਰਖ ਅਬਿਨਾਸ਼ੀ ਸੱਜਣ ਸੁਹੇਲਿਆ, ਸ਼ਬਦ ਡੋਰੀ ਪਾਏ ਨੱਥ। ਕਲਜੁਗ ਤੇਰਾ ਅੰਤਮ ਵੇਲਿਆ, ਪਰਗਟ ਹੋਏ ਸਮਰਥ। ਆਪਣਾ ਖੇਲ ਆਪੇ ਖੇਲਿਆ, ਨਾਮ ਜਣਾਏ ਜਗਤ ਅਕੱਥ। ਸਦ ਵਸੇ ਰੰਗ ਨਵੇਲਿਆ, ਲੋਕਮਾਤ ਚਲਾਏ ਸਾਚਾ ਰਥ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲਾ ਸਚ ਦਰ, ਲੇਖ ਚੁਕਾਏ ਸਾਢੇ ਤਿੰਨ ਤਿੰਨ ਹੱਥ। ਲੇਖਾ ਲੇਖ ਕਰਮ ਚੁਕਾਉਣਾ, ਕਰਮ ਧਰਮ ਪ੍ਰਭ ਦਾਤਾ। ਏਕਾ ਮਾਰਗ ਸਾਚਾ ਲਾਉਣਾ, ਮਿਲੇ ਮੇਲ ਪੁਰਖ ਬਿਧਾਤਾ। ਕਲਜੁਗ ਕਾਇਆ ਦੇ ਮਤ ਆਪ ਸਮਝਾਉਣਾ, ਮਿਟੇ ਰੈਣ ਅੰਧੇਰੀ ਰਾਤਾ। ਬੰਕ ਦਵਾਰਾ ਇਕ ਸੁਹਾਉਣਾ, ਸਾਚੀ ਦੇਵੇ ਨਾਮ ਸੁਗ਼ਾਤਾ। ਭਰਮ ਭੁਲੇਖਾ ਦੂਰ ਕਰਾਉਣਾ, ਚਰਨ ਪ੍ਰੀਤ ਨਿਭਾਉਣਾ ਸਾਚਾ ਨਾਤਾ। ਪਵਣ ਪਵਣਾ ਸ਼ਬਦ ਚਲਾਉਣਾ, ਅਗੰਮ ਅਗੰਮੜਾ ਸਾਥਾ। ਆਪ ਚੁਕਾਏ ਆਉਣਾ ਜਾਣਾ, ਲੱਖ ਚੁਰਾਸੀ ਤੁੱਟੇ ਸਾਥਾ। ਬੰਕ ਦਵਾਰਾ ਇਕ ਵਖਾਉਣਾ, ਕਲ ਮੇਲ ਤ੍ਰੈਲੋਕੀ ਨਾਥਾ। ਧਰਮ ਰਾਏ ਮੁਖ ਭਵਾਉਣਾ, ਲੇਖਾ ਜਾਣੇ ਮਸਤਕ ਮਾਥਾ। ਚਰਨ ਕਵਲ ਜਨ ਇਕ ਵਖਾਉਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਚੜ੍ਹਾਏ ਸਾਚੇ ਰਾਥਾ। ਨਾਮ ਰਥ ਹਰਿ ਰਥਵਾਹੀ, ਏਕਾ ਏਕ ਚਲਾਇੰਦਾ। ਆਪੇ ਬੈਠ ਬੇਪਰਵਾਹੀ, ਸਾਚਾ ਮਾਰਗ ਲਾਇੰਦਾ। ਗੁਰਸਿਖ ਉਠਾਏ ਫੜ ਫੜ ਬਾਹੀਂ, ਅੰਤਮ ਮੇਲ ਮਿਲਾਇੰਦਾ। ਲੋਕਮਾਤ ਮਾਰ ਝਾਤ ਦਰ ਦਵਾਰ ਵੇਖੇ ਚਾਈਂ ਚਾਈਂ, ਆਵਣ ਜਾਵਣ ਖੇਲ ਖਿਲਾਇੰਦਾ। ਮਨਮੁਖ ਭੁੱਲੇ ਮਾਰਨ ਧਾਈਂ, ਹਰਿ ਗੋਬਿੰਦ ਦਿਸ ਨਾ ਆਇੰਦਾ। ਬਿਨ ਗੁਰ ਪੂਰੇ ਕੋਈ ਨਾ ਦੇਵੇ ਠੰਢੀਆਂ ਛਾਈਂ, ਦੋ ਜਹਾਨ ਕੋਈ ਨਾ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਤਮ ਦਰਸ ਦ੍ਰਿਸ਼ਟ ਖੁਲ੍ਹਾਇੰਦਾ। ਆਤਮ ਦਰ ਖੋਲ੍ਹ ਦਵਾਰਾ, ਦਰ ਘਰ ਇਕ ਬੁਝਾਇਆ। ਨੌ ਦਵਾਰੇ ਪਾਰ ਕਿਨਾਰਾ, ਪੰਚ ਵਿਕਾਰਾ ਨੇੜ ਨਾ ਆਇਆ। ਸ਼ਬਦ ਖੰਡਾ ਤੇਜ ਕਟਾਰਾ, ਤਨ ਸਾਚੇ ਆਪ ਪਹਿਨਾਇਆ। ਅੱਠੇ ਪਹਿਰ ਖ਼ਬਰਦਾਰਾ, ਦਿਵਸ ਰੈਣ ਰਿਹਾ ਜਗਾਇਆ। ਪਾਰਬ੍ਰਹਮ ਪਹਿਰੇਦਾਰਾ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਨੂਰ ਕਰ ਉਜਿਆਰਾ, ਦੀਪਕ ਰਿਹਾ ਜਗਾਇਆ। ਸ਼ਬਦ ਉਪਜਾਏ ਸੱਚੀ ਧੁਨਕਾਰਾ, ਧੁਨ ਨਾਦੀ ਰਿਹਾ ਵਜਾਇਆ। ਅਨਹਦ ਗਾਵੇ ਵਾਰੋ ਵਾਰਾ, ਪੰਚਮ ਸੇਵਾ ਲਾਇਆ। ਦਸਮ ਦਵਾਰੀ ਖੋਲ੍ਹ ਕਿਵਾੜਾ, ਏਕਾ ਧਾਮ ਸੁਹਾਇਆ। ਬਹੱਤਰ ਨਾੜੀ ਵੱਜੇ ਤਾੜਾ, ਪ੍ਰਭ ਏਕਾ ਰਾਗ ਅਲਾਇਆ। ਸਾਚੇ ਮੰਦਰ ਏਕਾ ਅੰਦਰ ਧਰਮ ਅਖਾੜਾ, ਆਪੇ ਵੇਖੇ ਵੇਖ ਵਖਾਇਆ। ਆਤਮ ਸੇਜਾ ਕਰ ਪਿਆਰਾ, ਨਾਮ ਸਿੰਘਾਸਣ ਇਕ ਵਿਛਾਇਆ। ਜੋਤ ਸਰੂਪੀ ਕਰ ਆਕਾਰਾ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਗੁਰਮੁਖ ਸਾਚਾ ਸਚ ਦੁਲਾਰਾ, ਆਪਣੀ ਗੋਦ ਉਠਾਇਆ। ਅੰਤ ਨਾ ਪਾਇਣ ਪਾਰਾਵਾਰਾ, ਪਾਰਬ੍ਰਹਮ ਅਖਵਾਇਆ। ਦਸਮ ਦਵਾਰੀ ਪਾਰ ਕਿਨਾਰਾ, ਏਕਾ ਧਾਮ ਸੁਹਾਇਆ। ਵੱਜੇ ਨਾਦ ਸਚ ਜੈਕਾਰਾ, ਏਕਾ ਰਾਗ ਅਲਾਇਆ। ਸੋਹੰ ਸ਼ਬਦ ਸੋ ਪੁਰਖ ਨਿਰੰਜਣ ਏਕਾ ਏਕੰਕਾਰਾ, ਰਿਹਾ ਵਜਾਇਆ। ਹੰ ਹੰਗਤਾ ਨਾ ਕੋਈ ਪਸਾਰਾ, ਹਰਿ ਹਰ ਰੂਪ ਸਮਾਇਆ। ਜੋਤੀ ਸ਼ਬਦੀ ਏਕਾ ਰੰਗਤਾ, ਏਕਾ ਰੰਗਣ ਰੰਗ ਚੜ੍ਹਾਇਆ। ਪੰਚਮ ਮੀਤਾ ਹੋਏ ਮੰਗਤਾ, ਗੁਰਮੁਖ ਸਾਚੇ ਲਏ ਜਗਾਇਆ। ਪੰਚਮ ਦਰ ਆਪ ਲਾਏ ਅੰਗਤਾ, ਅੰਗੀਕਾਰ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਮੇਲ, ਸਚ ਦਵਾਰੇ ਰਿਹਾ ਕਰਾਇਆ। ਸਚ ਦਵਾਰੇ ਸਾਚਾ ਮੇਲਾ, ਜੁਗ ਜੁਗ ਆਪ ਕਰਾਇਆ। ਆਪੇ ਗੁਰੂ ਗੁਰ ਚੇਲਾ, ਗੁਰ ਚੇਲਾ ਆਪ ਅਖਵਾਇਆ। ਆਪੇ ਵਸੇ ਇਕ ਇਕੇਲਾ, ਹਰ ਘਟ ਆਪ ਸਮਾਇਆ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਾ, ਤਤ ਮਤ ਨਾ ਕੋਈ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਸਾਚਾ ਦਰ, ਦਰ ਦਵਾਰਾ ਵੇਖ ਵਖਾਇਆ। ਗੁਰਮੁਖ ਤੇਰਾ ਸਚ ਦਵਾਰਾ, ਪ੍ਰਭ ਆਪਣੇ ਹੱਥ ਰਖਾਇਆ। ਮਨਮੁਖ ਭੁੱਲੇ ਜੀਵ ਗਵਾਰਾ, ਹੱਥ ਕਿਸੇ ਨਾ ਆਇਆ। ਸੁਰਤ ਸਵਾਣੀ ਰੋਵੇ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਇਆ। ਮਨਮਤ ਦਏ ਮਾਤ ਲਲਕਾਰਾ, ਬੁੱਧੀ ਬੈਠੀ ਮੁਖ ਛੁਪਾਇਆ। ਗੁਰ ਪੂਰਾ ਲਏ ਅੰਤ ਅਵਤਾਰਾ, ਗੁਰਮੁਖ ਸਾਚੇ ਲਏ ਜਗਾਇਆ। ਏਕਾ ਨਾਮ ਏਕਾ ਧੁਨ ਏਕਾ ਸ਼ਬਦ ਇਕ ਜੈਕਾਰਾ, ਸੁਨ ਮੁਨ ਦਏ ਤੁੜਾਇਆ। ਆਪੇ ਮੇਟੇ ਧੁੰਦੂਕਾਰਾ, ਦੀਪਕ ਜੋਤੀ ਸਾਚਾ ਚੰਨ ਚੜ੍ਹਾਇਆ। ਸੋਲਾਂ ਕਲੀਆਂ ਤਨ ਸ਼ਿੰਗਾਰਾ, ਸ਼ਬਦ ਸਿੰਘਾਸਣ ਲਾਇਆ। ਪੁਰਖ ਅਬਿਨਾਸ਼ੀ ਕਰ ਵਿਚਾਰਾ, ਜੁਗ ਜੁਗ ਆਪਣਾ ਭੇਖ ਵਟਾਇਆ। ਕਲਜੁਗ ਤੇਰੀ ਅੰਤਮ ਵਾਰਾ, ਨਿਹਕਲੰਕੀ ਜਾਮਾ ਪਾਇਆ। ਰਾਓ ਰੰਕਾਂ ਕਰੇ ਖ਼ਬਰਦਾਰਾ, ਏਕਾ ਡੰਕਾ ਨਾਮ ਵਜਾਇਆ। ਊਚਾਂ ਨੀਚਾਂ ਪਾਵੇ ਸਾਰਾ, ਰਾਓ ਰੰਕਾਂ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਰਿਹਾ ਸੁਣਾਇਆ। ਆਪ ਸੁਹਾਏ ਆਪਣਾ ਬੰਕ ਦਰ ਦਵਾਰਾ, ਘਰ ਸਾਚਾ ਵੇਖ ਵਖਾਇਆ। ਪਰਗਟ ਹੋਏ ਵਿਚ ਸੰਸਾਰਾ, ਹਰਿਜਨ ਸਾਚੇ ਮੇਲ ਮਿਲਾਇਆ। ਆਪ ਆਪਣੀ ਕਿਰਪਾ ਧਾਰਾ, ਜੋਤ ਨਿਰੰਜਣ ਤੇਲ ਚੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰਾ ਸੋਹੇ ਦਰ, ਦਰ ਘਰ ਘਰ ਦਰ ਏਕਾ ਏਕ ਵਖਾਇਆ। ਸਾਚਾ ਘਰ ਨਾਮ ਦਰਵਾਜ਼ਾ, ਸ਼ਬਦੀ ਬਣਤ ਬਣਾਈਆ। ਆਪੇ ਵਸੇ ਗਰੀਬ ਨਿਵਾਜਾ, ਦੀਪਕ ਜੋਤੀ ਦੀਪ ਜਗਾਈਆ। ਚਾਰ ਕੁੰਟ ਸਾਜਨ ਸਾਜਾ, ਦਹਿ ਦਿਸ਼ਾ ਵੇਖ ਵਖਾਈਆ। ਹਰਿਜਨ ਤੇਰਾ ਰਚਿਆ ਕਾਜਾ, ਸੁਰਤ ਸਵਾਣੀ ਲਏ ਪਰਨਾਈਆ। ਦਿਵਸ ਰੈਣ ਮਾਰੇ ਆਪੇ ਆਵਾਜਾ, ਆਪੇ ਰਿਹਾ ਜਗਾਈਆ। ਕਲਜੁਗ ਅੰਤਮ ਪਰਗਟ ਹੋਏ ਦੇਸ ਮਾਝਾ, ਗੁਰ ਗੋਬਿੰਦਾ ਸੰਗ ਨਿਭਾਈਆ। ਸ਼ਬਦ ਘੋੜਾ ਏਕਾ ਤਾਜਾ, ਵਾਗ ਆਪਣੇ ਹੱਥ ਰਖਾਈਆ। ਧੁਰਦਰਗਾਹੀ ਆਇਆ ਭਾਜਾ, ਲੋਆਂ ਪੁਰੀਆਂ ਪਾਰ ਕਰਾਈਆ। ਗੁਰਮੁਖਾਂ ਅੰਤਮ ਰੱਖੇ ਲਾਜਾ, ਬਖ਼ਸ਼ੇ ਚਰਨ ਸਰਨ ਸੱਚੀ ਸਰਨਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਜੁਗ ਜੁਗ ਆਪਣੀ ਰਚਨਾ ਆਪ ਰਚਾਈਆ।

Leave a Reply

This site uses Akismet to reduce spam. Learn how your comment data is processed.