Granth 06 Likhat 103: 22 Jeth 2014 Bikarmi Pritam Singh de Greh Pind Nathe wal Jila Ferozepur

੨੨ ਜੇਠ ੨੦੧੪ ਬਿਕ੍ਰਮੀ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਨਾਥੇ ਵਾਲ ਜ਼ਿਲਾ ਫਿਰੋਜ਼ਪੁਰ

ਚਰਨ ਕਵਲ ਜਨ ਧਿਆਨ, ਸਤਿ ਕਮਾਈਆ। ਚਰਨ ਕਵਲ ਜਨ ਧਿਆਨ, ਤਤ ਸਮਾਈਆ। ਚਰਨ ਕਵਲ ਜਨ ਧਿਆਨ, ਏਕਾ ਮਤ ਰਖਾਈਆ। ਚਰਨ ਕਵਲ ਜਨ ਧਿਆਨ, ਸਤਿ ਸੰਤੋਖ ਧੀਰਜ ਯਤ ਧਰਾਈਆ। ਚਰਨ ਕਵਲ ਜਨ ਧਿਆਨ, ਆਪੇ ਰੱਖਣਹਾਰਾ ਪਤ, ਹਰਿਜਨ ਸਾਚੇ ਲਏ ਤਰਾਈਆ। ਚਰਨ ਕਵਲ ਜਨ ਧਿਆਨ, ਸਚ ਪ੍ਰੀਤ ਬੰਧਾਏ ਨੱਤ, ਨਾ ਕੋਇ ਤੋੜ ਤੁੜਾਈਆ। ਚਰਨ ਕਵਲ ਜਨ ਧਿਆਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ,ਏਕਾ ਸ਼ਬਦ ਗਿਆਨ ਦਵਾਈਆ। ਸ਼ਬਦ ਗਿਆਨ ਜੋਤ ਪਰਕਾਸ਼ੇ, ਮਿਟੇ ਅੰਧ ਅੰਧੇਰਾ। ਮਿਲੇ ਮੇਲ ਹਰਿ ਸ਼ਾਹੋ ਸ਼ਾਬਾਸ਼ੇ, ਚੁੱਕੇ ਮੇਰਾ ਤੇਰਾ। ਨਿਝ ਘਰ ਮੰਦਰ ਨਿਝ ਆਤਮ ਕਰੇ ਵਾਸੇ, ਇਕ ਵਖਾਏ ਸੰਞ ਸਵੇਰਾ। ਰਸਨਾ ਰਸ ਸਵਾਸ ਸਵਾਸੇ, ਭਰਮਾਂ ਢਾਹੇ ਡੇਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਕਰਾਏ ਹੱਕ ਨਿਬੇੜਾ। ਹੱਕ ਨਿਬੇੜਾ ਸਚ ਸੁਲਤਾਨਾ, ਕਲਜੁਗ ਅੰਤ ਕਰਾਇਆ। ਗੁਰਮੁਖਾਂ ਬੰਨ੍ਹੇ ਹੱਥੀਂ ਗਾਨਾ, ਏਕਾ ਤੰਦ ਬੰਧਾਇਆ। ਆਤਮ ਮਾਰੇ ਤੀਰ ਨਿਸ਼ਾਨਾ, ਰਸਨਾ ਚਿਲ੍ਹਾ ਇਕ ਚੜ੍ਹਾਇਆ। ਹਰਿਜਨ ਸਾਚਾ ਹੋਏ ਹੈਰਾਨਾ, ਹੰਕਾਰੀ ਕਿਲ੍ਹਾ ਕਿਸ ਢਾਹਿਆ। ਅੰਦਰ ਬੈਠ ਸ੍ਰੀ ਭਗਵਾਨਾ, ਸਾਚਾ ਤਿਲਾ ਤਿਲਕ ਆਪ ਲਗਾਇਆ। ਵੇਖ ਵਖਾਣੇ ਦੋ ਜਹਾਨਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੀਵਣ ਦਾਤਾ ਆਪ ਹੋ ਆਇਆ। ਜੀਵਣ ਦਾਤਾ ਜਗਤ ਜੁਗੀਸ਼ਰ, ਏਕਾ ਏਕ ਅਖਵਾਇੰਦਾ। ਸ਼ਬਦ ਮਿਲਾਵਾ ਰਿਖੀ ਰਿਖੀਸ਼ਰ, ਏਕਾ ਧਾਮ ਸੁਹਾਇੰਦਾ। ਈਸ਼ਰ ਈਸ਼ਰ ਆਪ ਪਰਮੇਸ਼ਰ, ਰੂਪ ਅਨੂਪ ਰਖਾਇੰਦਾ। ਜਨ ਭਗਤਾਂ ਮਸਤਕ ਟਿੱਕਾ ਲਾਏ ਨਾਮ ਕੇਸਰ, ਰੱਤੀ ਰੱਤ ਰੰਗਾਇੰਦਾ। ਸਾਚਾ ਮੇਲਾ ਵਿਚ ਥਨੇਸਰ, ਧਾਮ ਸੁਹਾਵਾ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰਾ ਵੇਖ ਵਖਾਇੰਦਾ। ਜਗਤ ਥਨੇਸਰ ਧਾਮ ਅਵੱਲਾ, ਪ੍ਰਭ ਆਪਣਾ ਆਪ ਉਪਨਿਆ। ਪੰਜ ਤਤ ਯੁਧ ਕਰੇ ਇਕੱਲਾ, ਆਪੇ ਦੇਵਣਹਾਰਾ ਡੰਨ੍ਹਿਆ। ਏਕੰਕਾਰਾ ਏਕਾ ਵਾਰ ਪਾਏ ਤਰਥੱਲਾ, ਜੋ ਘੜਿਆ ਸੋ ਭੰਨਿਆ। ਆਪੇ ਆਪਣਾ ਬੋਲਣਹਾਰਾ ਹੱਲਾ, ਆਪ ਆਪਣਾ ਬੇੜਾ ਬੰਨ੍ਹਿਆ। ਗੁਰਮੁਖ ਵਿਰਲਾ ਚਰਨ ਦਵਾਰਾ ਸਾਚਾ ਮੱਲਾ, ਵੇਖ ਵਖਾਏ ਨਿਹਚਲ ਧਾਮ ਅਟੱਲਿਆ। ਪਵਣੀ ਜੋਤੀ ਸ਼ਬਦੀ ਰਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵੇ ਨਾਮ ਇਕ ਸੁਖਲਿਆ। ਦੇਵੇ ਨਾਮ ਸਾਚੀ ਧਾਰ, ਚਾਰ ਵਰਨ ਜਣਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਕਰਮੀ ਰਿਹਾ ਕਰਮ ਕਮਾਈਆ। ਜਗਤ ਜੁਗਤ ਜਗ ਸਾਚੀ ਕਾਰ, ਜੁਗ ਜੁਗ ਰਿਹਾ ਕਮਾਈਆ। ਭਗਤਨ ਮੀਤ ਕਰ ਪਿਆਰ, ਆਵਣ ਜਾਵਣ ਖੇਲ ਰਚਾਈਆ। ਧਰਤ ਧਵਲ ਸੁਣ ਪੁਕਾਰ, ਆਪ ਆਪਣੀ ਲਏ ਅੰਗੜਾਈਆ। ਲੱਖ ਚੁਰਾਸੀ ਰੋਵੇ ਜ਼ਾਰੋ ਜ਼ਾਰ, ਕਲਜੁਗ ਕਾਇਆ ਕਾਗ ਵਾਂਗ ਕੁਰਲਾਈਆ। ਸੰਤ ਸੁਹੇਲੇ ਗਏ ਹਾਰ, ਬੇੜਾ ਕੋਇ ਨਾ ਬੰਨੇ ਲਾਈਆ। ਵੰਞ ਮੁਹਾਣਾ ਦੀਸੇ ਵਿਚ ਮੰਝਧਾਰ, ਜੂਠੀ ਝੂਠੀ ਨਈਆ ਰਿਹਾ ਡੁਲਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਆਪ ਆਪਣੀ ਜੋਤ ਜਗਾਈਆ। ਜੋਤ ਸਰੂਪੀ ਕਰ ਆਕਾਰ, ਸ਼ਬਦੀ ਬਣਤ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਈਆ। ਸ਼ਬਦ ਧਾਰਾ ਜੋਤ ਨਿਰੰਜਣ, ਏਕਾ ਏਕ ਅਕਾਰਿਆ। ਲੱਖ ਚੁਰਾਸੀ ਵੇਖੇ ਸੱਜਣ, ਰਾਏ ਧਰਮ ਮੀਤ ਮੁਰਾਰਿਆ। ਗੁਰਮੁਖ ਵਿਰਲੇ ਸੰਤ ਸੁਹੇਲੇ ਇਕ ਇਕੇਲਾ ਆਪੇ ਪੜਦੇ ਕੱਜਣ, ਅੰਦਰ ਬਾਹਰ ਗੁਪਤ ਜਾਹਿਰ ਪਾਵੇ ਸਾਰਿਆ। ਕਾਇਆ ਮੰਦਰ ਅੰਦਰ ਡੂੰਘੀ ਕੰਦਰ ਸਚ ਦਵਾਰ ਕਰਾਏ ਸਾਚਾ ਹੱਜਨ, ਮੱਕਾ ਕਾਅਬਾ ਦੋ ਦੋ ਆਬਾ ਸ਼ਾਹ ਨਵਾਬਾ ਇਕ ਵਖਾ ਰਿਹਾ। ਜੋਤੀ ਨੂਰ ਨਾ ਕੋਈ ਝੱਲੇ ਤਾਬਾ, ਰਵ ਸਸ ਦਏ ਅਜ਼ਾਬਾ, ਬ੍ਰਹਮੇ ਉਲਟੀ ਕਵਲ ਨਾਭਾ, ਨਾਭ ਕਵਲੀ ਆਪ ਭਵਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸੰਤਨ ਮੇਲਾ ਏਕਾ ਦਰ, ਦਰ ਦਵਾਰਾ ਇਕ ਸੁਹਾ ਰਿਹਾ। ਹਰਿ ਸੰਤਨ ਸਾਚਾ ਜੋਗ, ਏਕਾ ਏਕ ਰਖਾਇੰਦਾ। ਰਸ ਰਸਨਾ ਸਾਚਾ ਭੋਗ, ਏਕਾ ਨਾਮ ਜਪਾਇੰਦਾ। ਆਪ ਕਰਾਏ ਰਖਾਏ ਦਰਸ ਅਮੋਘ, ਆਤਮ ਦਰਸੀ ਦਰਸ ਦਿਖਾਇੰਦਾ। ਸੋ ਪੁਰਖ ਨਿਰੰਜਣ ਚੁਗਾਏ ਸਾਚੀ ਚੋਗ, ਹੰ ਹੰਗਤਾ ਮੇਟ ਮਿਟਾਇੰਦਾ। ਦੂਈ ਦਵੈਤੀ ਕਟੇ ਰੋਗ, ਏਕਾ ਰੰਗਣ ਰੰਗ ਚੜ੍ਹਾਇੰਦਾ। ਮੇਲ ਵਿਛੋੜਾ ਸੰਜੋਗ ਵਿਜੋਗ, ਪ੍ਰਭ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਰਿਹਾ ਵਰ, ਵੇਖਣਹਾਰਾ ਦਰ ਘਰ, ਦਰ ਦਵਾਰਾ ਫੋਲ ਫੁਲਾਇੰਦਾ। ਆਤਮ ਦਰ ਸਚ ਮਹੱਲਾ, ਏਕਾ ਏਕ ਉਸਾਰਿਆ। ਪੁਰਖ ਅਬਿਨਾਸ਼ੀ ਬੈਠ ਇਕੱਲਾ, ਵੇਖੇ ਸਰਬ ਪਸਾਰਿਆ। ਹਰਿਜਨ ਦੇਵੇ ਨਾਮ ਸੁਖੱਲਾ, ਮੁਖ ਪੱਲਾ ਏਕਾ ਪਾ ਰਿਹਾ। ਸ਼ਬਦ ਫੜਾਏ ਤਿੱਖਾ ਭੱਲਾ, ਪੰਜਾਂ ਚੋਰਾਂ ਮੇਟ ਮਿਟਾ ਰਿਹਾ। ਧਾਮ ਸੁਹਾਏ ਇਕ ਅਟੱਲਾ, ਨਿਹਚਲ ਨਾਉਂ ਰਖਾ ਲਿਆ। ਵੇਖ ਵਖਾਏ ਜਲ ਥਲਾ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਧਾਮ ਸੁਹਾ ਰਿਹਾ। ਜਨ ਭਗਤਾਂ ਮੇਟੇ ਦੂਈ ਦਵੈਤੀ ਸੱਲਾ, ਸਚ ਸਮਗਰੀ ਝੋਲੀ ਪਾ ਰਿਹਾ। ਸ੍ਰਿਸ਼ਟ ਸਬਾਈ ਮਨਮੁਖ ਜੀਵ ਆਪ ਭੁਲਾਏ ਕਰ ਕਰ ਵਲ ਛਲਾ, ਅਛਲ ਛਲ ਕਰਾ ਰਿਹਾ। ਗਿਆਨੀ ਧਿਆਨੀ ਵਡ ਵਿਦਵਾਨੀ ਰਹੇ ਕੁਰਲਾਏ, ਪੜ੍ਹ ਪੜ੍ਹ ਵਾਦ ਵਧਾ ਰਿਹਾ। ਸਤਿਗੁਰ ਪੂਰਾ ਦਿਸ ਨਾ ਆਏ, ਨਾਨਕ ਗੋਬਿੰਦ ਨਾਮ ਧਿਆ ਲਿਆ। ਗੁਣ ਨਿਧਾਨਾ ਦਿਸ ਨਾ ਆਏ, ਦਸਮ ਦਵਾਰੀ ਕੁੰਡਾ ਲਾ ਲਿਆ। ਬਜਰ ਕਪਾਟੀ ਨਾ ਕੁੰਡਾ ਕੋਇ ਤੁੜਾਏ, ਹਉਮੇ ਹੰਗਤਾ ਸੰਗ ਨਿਭਾ ਲਿਆ। ਸਾਚਾ ਮੰਗਤਾ ਨਾ ਕੋਈ ਅਖਵਾਏ, ਨਾ ਭਿਛਿਆ ਝੋਲੀ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਨ ਸਾਚੇ ਘਰ ਸਚ ਮੇਲ ਲਿਆ। ਸਾਚਾ ਮੇਲਾ ਹਰਿ ਪਰਤੱਖ, ਏਕਾ ਏਕ ਕਰਾਇਆ। ਇਕ ਇਕੱਲਾ ਕਰੇ ਵੱਖ, ਏਕਾ ਅੱਖਰ ਰਿਹਾ ਪੜ੍ਹਾਇਆ। ਦੂਜਾ ਭਾਂਡਾ ਕਰੇ ਸੱਖ, ਸਹਿਜ ਜੋਗ ਕਮਾਇਆ। ਤੀਜੇ ਮੇਲ ਅਲੱਖਣਾ ਅਲੱਖ, ਲੇਖਾ ਲਿਖ ਨਾ ਸਕੇ ਰਾਇਆ। ਚੌਥੇ ਘਰ ਸਾਚੀ ਵੱਥ, ਹਰਿ ਸਮਰਥ ਭਗਤੀ ਝੋਲੀ ਪਾਇਆ। ਮਨਮੁਖ ਜੀਵਾਂ ਮਨਮਤ ਪਾਏ ਨੱਥ, ਚਾਰੋਂ ਕੁੰਟ ਰਿਹਾ ਫਿਰਾਇਆ। ਅੰਤਮ ਲਹਿਣਾ ਸੀਆਂ ਸਾਢੇ ਤਿੰਨ ਤਿੰਨ ਹੱਥ, ਰਾਏ ਧਰਮ ਲਿਖਾਇਆ। ਧਰਤ ਮਾਤ ਵਛਾਈ ਬੈਠੀ ਸੱਥ, ਮੰਗੇ ਮੰਗ ਦਿਵਸ ਰੈਣ ਸਬਾਇਆ। ਸਤਿਗੁਰ ਸਾਚਾ ਰੱਖੇ ਦੇ ਕਰ ਹੱਥ, ਸਮਰਥ ਪੁਰਖ ਅਖਵਾਇਆ। ਆਵਣ ਜਾਵਣ ਲੱਖ ਚੁਰਾਸੀ ਦੇਵੇ ਮਥ, ਆਪ ਆਪਣਾ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਵਰ ਘਰ ਹਰਿ ਨਰ ਏਕਾ ਗੁਰਮੁਖ ਪਾਇਆ। ਏਕਾ ਦਰ ਏਕਾ ਹਰਿ, ਏਕਾ ਨਰ ਕੰਤ ਸੁਹਾਗੀਆ। ਗੁਰਮੁਖ ਨਾਰੀ ਵਸੇ ਘਰ, ਦਿਵਸ ਰੈਣ ਰਹੇ ਵੈਰਾਗੀਆ। ਪੁਰਖ ਅਬਿਨਾਸ਼ੀ ਕਿਰਪਾ ਕਰ, ਹੰਸ ਬਣਾਏ ਫੜ ਫੜ ਕਾਗੀਆ। ਅੰਦਰ ਮੰਦਰ ਸਾਚੇ ਪੌੜੇ ਆਪੇ ਚੜ੍ਹ, ਕਿਲ੍ਹਾ ਤੋੜ ਹੰਕਾਰੀ ਗੜ੍ਹ, ਪੰਚ ਉਖੇੜੇ ਝੂਠੀ ਜੜ੍ਹ, ਗੀਤ ਸੁਣਾਏ ਪੰਚਮ ਰਾਗ ਇਕ ਅਨਾਦੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਾ ਸਾਚੇ ਘਰ, ਪਾਰਬ੍ਰਹਮ ਬ੍ਰਹਮ ਬ੍ਰਹਿਮਾਦੀਆਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਪੁਰਖ ਖੇਲੇ ਖੇਲ ਆਦਿ ਜੁਗਾਦੀਆ।

Leave a Reply

This site uses Akismet to reduce spam. Learn how your comment data is processed.