੨੦ ਭਾਦਰੋਂ ੨੦੧੪ ਬਿਕ੍ਰਮੀ ਬਿਸ਼ਨ ਸਿੰਘ ਦੇ ਗ੍ਰਹਿ ਗੁੜਗਾਉਂ
ਹਰਿਜਨ ਬਖ਼ਸ਼ੇ ਸਚ ਸਰਨਾ, ਸਰਨ ਸਰਨਾਈ ਇਕ ਰਖਾਇਆ। ਕਾਗੋਂ ਹੰਸ ਦਏ ਬਣਾ, ਰੂਪ ਅਨੂਪਾ ਦਏ ਵਟਾਇਆ। ਸਾਚੀ ਚੋਗ ਦਏ ਚੁਗਾ, ਮਾਣਕ ਮੋਤੀ ਨਾਮ ਰਖਾਇਆ। ਆਤਮ ਭੋਗ ਦਏ ਭੁਗਾ, ਰਸ ਆਤਮਕ ਇਕ ਚੁਆਇਆ। ਜਗਤ ਜੋਗੀ ਜੋਗ ਦਏ ਵਖਾ, ਜੁਗਤ ਆਪਣੇ ਹੱਥ ਰਖਾਇਆ। ਹਉਮੇ ਰੋਗ ਰੋਗੀ ਦਏ ਮਿਟਾ, ਹੰ ਹੰਗਤਾ ਰਹਿਣ ਨਾ ਪਾਇਆ। ਦਰਸ ਅਮੋਘੀ ਅਮੋਘ ਦਏ ਵਿਖਾ, ਤ੍ਰਿਸ਼ਨਾ ਭੁੱਖ ਗਵਾਇਆ। ਧੁਰ ਸੰਜੋਗੀ ਮੇਲ ਮਿਲਾ, ਜੁਗ ਜੁਗ ਪੈਜ ਰਖਾਇਆ। ਸੰਤ ਸੁਹੇਲੇ ਪਕੜੇ ਬਾਂਹ, ਆਪ ਆਪਣੇ ਕੰਧ ਉਠਾਇਆ। ਆਪੇ ਪਿਤਾ ਆਪੇ ਮਾਂ, ਪੂਤ ਸਪੂਤਾ ਗੋਦੀ ਜਾਇਆ। ਦੋ ਜਹਾਨੀ ਦੇਵੇ ਠੰਢੀ ਛਾਂ, ਸਚ ਵਸੇਰਾ ਇਕ ਕਰਾਇਆ। ਏਕਾ ਏਕ ਜਪਾਏ ਆਪਣਾ ਨਾਂ, ਦੂਸਰ ਕੋਈ ਨੇੜ ਨਾ ਆਇਆ। ਨੇਤਰ ਨੈਣ ਦਏ ਖੁਲ੍ਹਾ, ਦਰ ਤੀਜਾ ਵੇਖ ਵਿਖਾਇਆ। ਚੌਥੇ ਘਰ ਦਏ ਬਹਾ, ਪਦ ਨਿਰਬਾਨਾ ਰਿਹਾ ਸੁਹਾਇਆ। ਪੰਚਮ ਮੇਲਾ ਮੇਲ ਮਿਲਾ, ਰਾਗ ਅਨਾਦਾ ਰਿਹਾ ਅਲਾਇਆ। ਆਪ ਆਪਣੀ ਸੇਜ ਵਿਛਾ, ਉਪਰ ਆਸਣ ਲਾਇਆ। ਗੁਰਮੁਖ ਸਾਚੇ ਸੰਤ ਸੁਹੇਲੇ ਲਏ ਪਰਨਾ, ਨਾਰੀ ਕੰਤਾ ਆਪ ਅਖਵਾਇਆ। ਆਪ ਵਖਾਏ ਆਪਣਾ ਥਾਂ, ਰੁੱਤ ਬਸੰਤੀ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਦਇਆ ਕਮਾਇਆ। ਹਰਿਜਨ ਸਾਚੇ ਸਦ ਬਲਿਹਾਰ, ਦਿਵਸ ਰੈਣ ਵਧਾਈਆ। ਮਾਨਸ ਜਨਮ ਉਧਰੇ ਪਾਰ, ਆਵਣ ਜਾਵਣ ਫੰਦ ਕਟਾਈਆ। ਲਹਿਣਾ ਦੇਣਾ ਕਰਜ਼ ਉਤਾਰ, ਜਗ ਪਿਛਲਾ ਮੂਲ ਚੁਕਾਈਆ। ਭਾਣਾ ਸਹਿਣਾ ਵਿਚ ਸੰਸਾਰ, ਨੇਤਰ ਦਰਸ ਹਰਿ ਰਘੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖ ਏਕਾ ਦਰ, ਦਰ ਸਾਚਾ ਇਕ ਸੁਹਾਈਆ। ਸਾਚਾ ਘਰ ਸਚ ਦਰਬਾਰਾ, ਏਕ ਏਕ ਰਖਾਇੰਦਾ। ਇਕ ਇਕੱਲਾ ਏਕੰਕਾਰਾ, ਓਅੰਕਾਰ ਰੂਪ ਸਮਾਇੰਦਾ। ਸ਼ਬਦ ਸਰੂਪੀ ਬੰਨ੍ਹੇ ਧਾਰਾ, ਜੋਤ ਸਰੂਪੀ ਖੇਲ ਖਿਲਾਇੰਦਾ। ਅਗੰਮ ਅਗੰਮਾ ਨਾ ਕੋਈ ਪਾਵੇ ਸਾਰਾ, ਨਾੜੀ ਚੰਮ ਭੇਖ ਵਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਾਨਕ ਗੋਬਿੰਦ ਰਸਨਾ ਗਾਇੰਦਾ। ਨਾਨਕ ਮੰਗੇ ਨਾਮ ਭਿਖਾਰਾ, ਦਰ ਆਏ ਝੋਲੀ ਡਾਹਿੰਦਾ। ਗੋਬਿੰਦ ਦੋਏ ਜੋੜ ਕਰੇ ਨਿਮਸਕਾਰਾ, ਪੂਤ ਸਪੂਤਾ ਸੀਸ ਨਿਵਾਇੰਦਾ। ਪੁਰਖ ਅਬਿਨਾਸ਼ੀ ਬੈਠਾ ਅੱਧਵਿਚਕਾਰਾ, ਦੋਹਾਂ ਹੁਕਮ ਜਣਾਇੰਦਾ। ਦੋਹਾਂ ਦੇਵੇ ਨਾਮ ਅਧਾਰਾ, ਆਪ ਆਪਣੀ ਦਇਆ ਕਮਾਇੰਦਾ। ਆਪੇ ਵਸੇ ਅੰਦਰ ਬਾਹਰ ਗੁਪਤ ਜ਼ਾਹਿਰਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਕਲਜੁਗ ਤੇਰਾ ਕੂੜ ਕੁੜਿਆਰਾ, ਅੰਤਮ ਡੇਰਾ ਢਾਹਿੰਦਾ। ਪਰਗਟ ਹੋ ਵਿਚ ਸੰਸਾਰਾ, ਹਰਿ ਸਾਚੀ ਬਣਤ ਬਣਾਇੰਦਾ। ਗੋਬਿੰਦ ਕਾਇਆ ਕਰ ਪਿਆਰਾ, ਸਾਚਾ ਸੰਗ ਨਿਭਾਇੰਦਾ। ਦੋ ਅੱਖਰ ਨਾਮ ਰਖਾਏ ਨੌ ਖੰਡ ਪ੍ਰਿਥਮੀ ਪਾਵੇ ਸਾਰਾ, ਦੀਪਾਂ ਲੋਆਂ ਵੇਖ ਵਖਾਇੰਦਾ। ਸੂਰਜ ਚੰਨ ਰਵ ਸਸ ਕਰਨ ਨਿਮਸਕਾਰਾ, ਬ੍ਰਹਮਾ ਸ਼ਿਵ ਦੇਵਤ ਸੁਰ ਬੈਠੇ ਮੁਖ ਸ਼ਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਦੇਵੇ ਵਰ, ਧਾਮ ਅਟੱਲਾ ਇਕ ਅਵੱਲਾ ਗੁਰਮੁਖਾਂ ਆਪ ਵਖਾਇੰਦਾ। ਉਚ ਅਟੱਲਾ ਧਾਮ ਨਿਆਰ, ਹਰਿ ਸਾਚੀ ਜੋਤ ਜਗਾਈਆ। ਗੁਰਮੁਖ ਸਾਜਣ ਮੀਤ ਮੁਰਾਰ, ਏਕਾ ਵੇਖ ਵਖਾਈਆ। ਨਾ ਕੋਈ ਦਿਸੇ ਸੰਗ ਮਾਤ ਪਿਤ ਭਾਈ ਭੈਣ ਨਾਰ ਕੰਤ ਭਤਾਰ, ਨਾ ਕੋਈ ਮੇਲ ਮਿਲਾਈਆ। ਜੀਵ ਜੰਤ ਹੋਏ ਗਵਾਰ, ਸਾਧ ਸੰਤ ਭਰਮ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਵੇਖ ਘਰ, ਵੇਸ ਅਵੇਸਾ ਆਪ ਕਰਾਈਆ। ਹਰਿ ਕਾ ਨਾਉਂ ਸਚ ਵਪਾਰ, ਏਕਾ ਵਣਜ ਕਰਾਇੰਦਾ। ਸ਼ਬਦੀ ਸ਼ਬਦ ਗੁਰ ਸ਼ਬਦ ਅਧਾਰ, ਹਰਿ ਜੋਤੀ ਮੇਲ ਮਿਲਾਇੰਦਾ। ਜੋਤੀ ਮੇਲਾ ਅਪਰ ਅਪਾਰ, ਨੂਰੋ ਨੂਰ ਸਮਾਇੰਦਾ। ਨੂਰ ਨੁਰਾਨੀ ਕਰ ਉਜਿਆਰ, ਹਰਿਜਨ ਵੇਖ ਵਖਾਇੰਦਾ। ਹਰਿਜਨ ਮੇਲਾ ਸਚ ਦਰਬਾਰ, ਕਾਇਆ ਮੰਦਰ ਅੰਦਰ ਇਕ ਸੁਹਾਇੰਦਾ। ਬਜਰ ਕਪਾਟੀ ਦੇਵੇ ਪਾੜ, ਸਚ ਸਿੰਘਾਸਣ ਵੇਖ ਵਖਾਇੰਦਾ। ਆਤਮ ਸੇਜਾ ਰੰਗ ਕਰਤਾਰ, ਅਨਹਦ ਤਾਲ ਵਜਾਇੰਦਾ। ਪੰਚਮ ਗਾਇਣ ਵਾਰੋ ਵਾਰ, ਸੇਵਕ ਸੇਵਾ ਲਾਇੰਦਾ। ਗੁਰਮੁਖ ਮੰਗੇ ਨਾਮ ਭਿਖਾਰ, ਭਿਛਿਆ ਭਿਖਿਆ ਝੋਲੀ ਪਾਇੰਦਾ। ਸ਼ਬਦ ਸਿੰਘਾਸਣ ਬੈਠ ਸੱਚੀ ਸਰਕਾਰ, ਦਸਮ ਦਵਾਰੀ ਮੇਲ ਮਿਲਾਇੰਦਾ। ਅੰਮ੍ਰਿਤ ਆਤਮ ਠੰਢੀ ਠਾਰ, ਨਿਝਰ ਧਾਰਾ ਮੁਖ ਚੁਆਇੰਦਾ। ਨਿਰਮਲ ਜੋਤੀ ਕਰ ਅਕਾਰ, ਅੰਧ ਅਗਿਆਨ ਮਿਟਾਇੰਦਾ। ਏਕਾ ਸ਼ਬਦ ਇਕ ਧਿਆਨ, ਇਕ ਨਿਸ਼ਾਨ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਇੰਦਾ। ਨਾਮ ਵਸਤ ਜਗਤ ਅਮੋਲ, ਪ੍ਰਭ ਆਪਣੇ ਹੱਥ ਰਖਾਈਆ। ਆਪੇ ਤੋਲਣਹਾਰਾ ਸਾਚਾ ਤੋਲ, ਜੁਗ ਜੁਗ ਰਿਹਾ ਤੁਲਾਈਆ। ਜਨ ਭਗਤਾਂ ਅੱਖਰ ਵੱਖਰ ਦੱਸੇ ਬੋਲ, ਰਸਨਾ ਜਿਹਵਾ ਸੇਵਾ ਲਾਈਆ। ਪੰਚਮ ਵਜਾਏ ਸਾਚਾ ਢੋਲ, ਨਾਮ ਮਰਦੰਗਾ ਇਕ ਰਖਾਈਆ। ਆਪ ਆਪਣਾ ਪੜਦਾ ਖੋਲ੍ਹ, ਦੇਵੇ ਦਰਸ ਹਰਿ ਰਘੁਰਾਈਆ। ਕਾਇਆ ਮੰਦਰ ਰਿਹਾ ਮੌਲ, ਆਤਮ ਸੇਜਾ ਰੁੱਤ ਸੁਹਾਈਆ। ਉਲਟੀ ਕਰੇ ਨਾਭ ਕਵਲ, ਕਵਲ ਨਾਭੀ ਮੁਖ ਭਵਾਈਆ। ਹਰਿਜਨ ਵਡਿਆਈ ਉਪਰ ਧਵਲ, ਕਾਇਆ ਧਰਤ ਬਸੰਤ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਕੰਤ ਭਗਵੰਤ ਮੇਲ ਮਿਲਾਈਆ। ਹਰਿਜਨ ਮੇਲਾ ਸਾਚੇ ਕੰਤ, ਏਕਾ ਦਰ ਦਵਾਰਿਆ। ਨਾਮ ਬਹਾਰ ਰੁੱਤ ਬਸੰਤ, ਗੁਰ ਸ਼ਬਦ ਖਿੜੀ ਗੁਲਜਾਰਿਆ। ਰਸਨਾ ਜਿਹਵਾ ਮਣੀਆ ਮੰਤ, ਗੁਰ ਮੰਤਰ ਨਾਉਂ ਇਕ ਅਧਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਆਪ ਕਰਾਏ ਦੋ ਜਹਾਨੀ ਪਾਰ ਕਿਨਾਰਿਆ। ਹਰਿਜਨ ਮੰਗੇ ਏਕਾ ਮੰਗ, ਝੋਲੀ ਅੱਗੇ ਡਾਹੀਆ। ਪੁਰਖ ਅਬਿਨਾਸ਼ੀ ਕਾਇਆ ਚੋਲੀ ਚਾੜ੍ਹੇ ਰੰਗ, ਰੰਗਣਹਾਰ ਆਪ ਅਖਵਾਈਆ। ਅੰਮ੍ਰਿਤ ਆਤਮ ਧਾਰ ਵਹਾਏ ਗੰਗ, ਦੁਰਮਤ ਮੈਲ ਰੁੜ੍ਹਾਈਆ। ਆਪ ਲਗਾਏ ਆਪਣੇ ਅੰਕ, ਅੰਗੀਕਾਰ ਆਪ ਅਖਵਾਈਆ। ਨੌ ਦਵਾਰੇ ਪਾਰ ਲੰਘ, ਦਸਮ ਦਵਾਰੀ ਕੁੰਡਾ ਲਾਹੀਆ। ਸ਼ਬਦ ਰੰਗੀਲਾ ਵੇਖ ਪਲੰਘ, ਸਤਿ ਸਰੂਪੀ ਸੇਜ ਵਿਛਾਈਆ। ਹਰਿਜਨ ਹਰਿ ਹਰਿ ਏਕਾ ਸੰਗ, ਵਿਛੜ ਕਦੇ ਨਾ ਜਾਈਆ। ਦਰ ਦਰਵਾਜ਼ਾ ਜੋ ਜਨ ਰਹੇ ਮੰਗ, ਪ੍ਰਭ ਏਕਾ ਭਿਛਿਆ ਨਾਮ ਵਸਤ ਝੋਲੀ ਪਾਈਆ। ਨਾਮ ਵਸਤ ਸਚ ਨਾਮ ਧਨ, ਹਰਿ ਆਪਣੇ ਹੱਥ ਰਖਾਇੰਦਾ। ਏਕਾ ਰਾਗ ਸੁਣਾਏ ਕੰਨ, ਏਕਾ ਤਾਲ ਵਜਾਇੰਦਾ। ਅੰਦਰ ਮੰਦਰ ਬੇੜਾ ਦੇਵੇ ਬੰਨ੍ਹ, ਮਨ ਮਤ ਬੁੱਧ ਸਮਝਾਇੰਦਾ। ਥਿਰ ਘਰ ਵਸਾਏ ਨਾ ਕੋਈ ਛੱਪਰੀ ਛੰਨ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਗੜ੍ਹ ਹੰਕਾਰੀ ਕਿਲ੍ਹਾ ਦੇਵੇ ਭੰਨ, ਏਕਾ ਪ੍ਰੇਮ ਧਾਰ ਵਹਾਇੰਦਾ। ਗੁਰਮੁਖ ਜਨਣੀ ਜਣਿਆ ਜਨ, ਪੂਤ ਸਪੂਤਾ ਨਾਉਂ ਧਰਾਇੰਦਾ। ਲੋਕਮਾਤ ਚੜ੍ਹਿਆ ਚੰਨ, ਰਵ ਸਸ ਮੁਖ ਸ਼ਰਮਾਇੰਦਾ। ਗੁਰ ਕਾ ਸ਼ਬਦ ਜੋ ਜਨ ਲਏ ਮੰਨ, ਸੁਰਤ ਸਵਾਣੀ ਆਪ ਪਰਨਾਇੰਦਾ। ਭਾਗ ਲਗਾਏ ਕਾਇਆ ਤਨ, ਪੰਚਮ ਤਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਨਾਮ ਸਾਲਸ ਇਕ ਵਖਾਇੰਦਾ।
