੧੫ ਕੱਤਕ ੨੦੧੪ ਬਿਕ੍ਰਮੀ ਸਕੇਤ ਗੁਰੂਦਵਾਰੇ ਲਿਖਤ ਕਰਵਾਈ
ਗੋਬਿੰਦ ਪੱਲਾ ਪਾ, ਏਕਾ ਰਾਹ ਵਖਾਨਿਆ। ਪੁਰਖ ਅਬਿਨਾਸ਼ੀ ਹੋ ਸਹਾ, ਮੰਗੇ ਵਰ ਹਰਿ ਪਰਧਾਨਿਆ। ਦਿਵਸ ਰੈਣ ਵੇਖਾਂ ਰਾਹ, ਏਕਾ ਓਟ ਰਖਾਨਿਆ। ਇਕਵੰਜਾ ਬਵੰਜਾ ਏਕਾ ਥਾਂ, ਮਿਲੇ ਮੇਲ ਗੁਣ ਨਿਧਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਵਰ ਸ੍ਰੀ ਭਗਵਾਨਿਆ। ਮਿਲਿਆ ਵਰ ਧੁਰ ਫ਼ਰਮਾਣਾ, ਅੰਤਮ ਵੱਜੇ ਵਧਾਈਆ। ਪਰਗਟ ਹੋਏ ਹਰਿ ਭਗਵਾਨਾ, ਲੋਕਮਾਤ ਜੋਤ ਜਗਾਈਆ। ਸ੍ਰਿਸ਼ਟ ਸਬਾਈ ਖੇਲੇ ਖੇਲ ਮਹਾਨਾ, ਖੇਲੇ ਖੇਲ ਹਰਿ ਰਘੁਰਾਈਆ। ਗੁਰਮੁਖ ਸਾਚੇ ਚਤੁਰ ਸੁਜਾਨਾ, ਲੋਕਮਾਤ ਉਠਾਈਆ। ਸੰਮਤ ਚੌਦਾਂ ਮਾਰ ਧਿਆਨਾ, ਪਹਿਲੀ ਚੇਤਰ ਥਿਤ ਵਖਾਈਆ। ਪੰਦਰਾਂ ਕੱਤਕ ਗੁਣ ਨਿਧਾਨਾ, ਗੋਬਿੰਦ ਸੰਗ ਨਿਭਾਈਆ। ਸ਼ਬਦ ਖੰਡਾ ਤੀਰ ਕਮਾਨਾ, ਆਪਣੇ ਕੰਧ ਉਠਾਈਆ। ਦਿਸ ਨਾ ਆਏ ਨੌਜਵਾਨਾ, ਚੜ੍ਹਦੀ ਕਲਾ ਸਵਾਈਆ। ਗਣ ਗਧੰਰਬ ਉਠਾਏ ਪਵਣ ਮਸਾਣਾ, ਸੁੰਞ ਮਸਾਣਾ ਵੇਖ ਵਖਾਈਆ। ਤੋੜੇ ਮਾਣ ਜਗਤ ਅਭਿਮਾਨਾ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਏਕਾ ਚਿੱਲਾ ਤੀਰ ਕਮਾਨਾ, ਨਾਮ ਨਿਧਾਨਾ ਰਿਹਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਮੇਲ ਮਿਲਾਈਆ। ਗੋਬਿੰਦ ਗੁਰ ਨੈਣ ਉਠਾ, ਚਾਰੋਂ ਕੁੰਟ ਲਏ ਅੰਗੜਾਈਆ। ਪੁਰਖ ਅਬਿਨਾਸ਼ੀ ਵੇਖੇ ਥਾਉਂ ਥਾਂ, ਹਰ ਘਟ ਰਿਹਾ ਸਮਾਈਆ। ਕਲਜੁਗ ਤੇਰਾ ਅੰਤਮ ਕਰੇ ਸਚ ਨਿਆਂ, ਵਡ ਦਾਤਾ ਬੇਪਰਵਾਹੀਆ। ਇਕ ਇਕੱਲਾ ਅਗੰਮ ਅਥਾਹ, ਅਗੰਮ ਅਗੰਮੜਾ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਵੇਖ ਵਖਾਈਆ। ਗੁਰ ਗੋਬਿੰਦੇ ਕਰ ਅਰਦਾਸ, ਇਕ ਜੈਕਾਰਾ ਲਾਇਆ। ਪੁਰਖ ਅਬਿਨਾਸ਼ੀ ਵਸਿਆ ਪਾਸ, ਸ਼ਬਦ ਹੁਲਾਰਾ ਇਕ ਰਖਾਇਆ। ਸੋਹੰ ਸੋ ਸਵਾਸ ਸਵਾਸ, ਗੁਰ ਮੰਤਰ ਨਾਮ ਦ੍ਰਿੜਾਇਆ। ਹੋਏ ਸਹਾਈ ਪ੍ਰਿਥਮੀ ਆਕਾਸ਼, ਗਗਨ ਪਾਤਾਲਾਂ ਵੇਖ ਵਖਾਇਆ। ਸਤਿਜੁਗ ਸਾਚੀ ਪਾਵੇ ਰਾਸ, ਵੇਲਾ ਅੰਤਮ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਕਾਇਆ ਦਿਤਾ ਵਰ, ਸੱਜਣ ਮੀਤਾ ਆਪ ਹੋ ਆਇਆ। ਗੁਰ ਗੋਬਿੰਦਾ ਵਰ ਘਰ ਪਾ, ਨੇਤਰ ਨੈਣ ਮੂੰਧਾਰਿਆ। ਅੰਤਰ ਮੰਤਰ ਏਕਾ ਗਾ, ਦਿਵਸ ਰੈਣ ਜੈ ਜੈ ਜੈਕਾਰਿਆ। ਆਪ ਆਪਣਾ ਭੇਟ ਚੜ੍ਹਾ, ਆਪਾ ਉਤੋਂ ਵਾਰਿਆ। ਏਕਾ ਪੱਲਾ ਹਰਿ ਫੜਾ, ਦੇਵੇ ਜਗਤ ਸਹਾਰਿਆ। ਵੇਲੇ ਅੰਤਮ ਪਕੜੇ ਬਾਂਹ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਕਾਇਆ ਸਾਚਾ ਵਰ, ਆਤਮ ਅੰਤਮ ਏਕਾ ਸੁਣਾ ਰਿਹਾ। ਗੋਬਿੰਦ ਗੁਰ ਸ਼ਬਦ ਸੁਣਿਆ ਰਾਗ, ਸਾਚੀ ਵੱਜੀ ਵਧਾਈਆ। ਪੁਰੀ ਅਨੰਦ ਜਾਣਾ ਤਿਆਗ, ਕੋਇ ਰਹਿਣ ਨਾ ਪਾਈਆ। ਕਾਇਆ ਸਕੇਤ ਜਗਤ ਸਕੇਤ ਲੱਗੇ ਭਾਗ, ਪ੍ਰਭ ਨੇਤਨ ਨੇਤ ਵੇਖ ਵਖਾਈਆ। ਸ਼ਬਦ ਜਣਾਈ ਜਿਨ ਪ੍ਰੇਤ, ਗਣ ਗਧੰਰਬ ਰਿਹਾ ਹਿਲਾਈਆ। ਦੋ ਜਹਾਨਾਂ ਖੇਵਟ ਖੇਟ, ਭਗਤਨ ਬੇੜਾ ਆਪ ਚਲਾਈਆ। ਗੁਰਮੁਖ ਸਾਚੇ ਕਲਜੁਗ ਅੰਤਮ ਲਏ ਲਪੇਟ, ਸ਼ਬਦ ਦੁਸ਼ਾਲਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਸੰਮਤ ਅਠਾਰਾਂ ਤੇਰੀ ਧਾਰ, ਆਪਣੇ ਹੱਥ ਰਖਾਈਆ। ਸੰਮਤ ਅਠਾਰਾਂ ਜਾਏ ਚੜ੍ਹ, ਚੜ੍ਹਦੀ ਧਾਰ ਵਹਾਈਆ। ਪੁਰਖ ਅਬਿਨਾਸ਼ੀ ਗਿਆ ਖੜ੍ਹ, ਆਪਣੀ ਦਇਆ ਕਮਾਈਆ। ਆਪ ਲਗਾਏ ਜਨ ਭਗਤਾਂ ਜੜ੍ਹ, ਚਰਨ ਸਾਚਾ ਇਕ ਟਿਕਾਈਆ। ਨਾ ਕੋਈ ਸੀਸ ਨਾ ਕੋਈ ਧੜ, ਵੇਖਣ ਵਿਚ ਕਿਸੇ ਨਾ ਆਈਆ। ਗੁਰਮੁਖ ਸਾਜਣ ਮੀਤ ਮੁਰਾਰ ਸਾਚੇ ਫੜ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ, ਸਕੇਤ ਗੁਰ ਗੋਬਿੰਦੇ ਕਰਿਆ ਹੇਤ, ਪ੍ਰਭ ਸਾਚਾ ਲੇਖੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੇ ਹੱਥ ਰੱਖੇ ਵਡਿਆਈਆ ।