Granth 06 Likhat 128: 10 Kattak 2014 Bikarmi Kishan Singh de Greh Pind AllarhPindi Jila Gurdaspur

੧੦ ਕੱਤਕ ੨੦੧੪ ਬਿਕ੍ਰਮੀ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅੱਲੜਪਿੰਡੀ ਜ਼ਿਲਾ ਗੁਰਦਾਸ ਪੁਰ

ਗੁਰਸਿੱਖ ਲਾਲ ਅਨਮੁਲੜਾ, ਸਤਿਗੁਰ ਹੱਟ ਵਿਕਾਏ। ਲੋਕਮਾਤ ਫਲਿਆ ਫੁਲੜਾ, ਫਲ ਫੁਲਵਾੜੀ ਵੇਖ ਵਖਾਏ। ਤ੍ਰੈਗੁਣ ਮਾਇਆ ਵਿਚ ਨਾ ਰੁਲੜਾ, ਪੰਜ ਤਤ ਨਾ ਅਗਨ ਸਤਾਏ। ਦਰ ਵੇਖੇ ਇਕ ਅਨਭੁਲੜਾ, ਪਾਰਬ੍ਰਹਮ ਸਰਨਾਏ। ਭਾਗ ਲਗਾਏ ਸਾਚੀ ਕੁਲੜਾ, ਕੁਲਵੰਤਾ ਦਇਆ ਕਮਾਏ। ਜਗਤ ਦਵਾਰਾ ਏਕਾ ਖੁਲ੍ਹੜਾ, ਪੁਰਖ ਅਬਿਨਾਸ਼ੀ ਆਪ ਖੁਲ੍ਹਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਨਕ ਤੇਰਾ ਲਿਖਿਆ ਲੇਖ, ਧੁਰ ਮਸਤਕ ਵੇਖੀ ਸਾਚੀ ਮੇਖ, ਹਰਿ ਸੋਇਆ ਮਾਤ ਜਗਾਏ। ਲਿਖਿਆ ਲੇਖ ਨਾਨਕ ਰਾਏ, ਆਪਣੀ ਦਇਆ ਕਮਾਈਆ। ਭਾਈ ਲਾਲੋ ਗਿਆ ਤੇਰਾ ਲੇਖਾ ਵੇਖ ਵਖਾਈਆ। ਸਚ ਭੰਡਾਰਾ ਇਕ ਵਰਤਾ, ਅਤੋਟ ਅਤੁਟ ਰਖਾਈਆ। ਹੰਕਾਰੀਆਂ ਵਿਕਾਰੀਆਂ ਮਾਣ ਗਵਾ, ਹਉਮੇ ਗੜ੍ਹ ਤੁੜਾਈਆ। ਏਕਾ ਅੱਖਰ ਆਪਣਾ ਆਪ ਪੜ੍ਹਾ, ਸਾਚੀ ਬੂਝ ਬੁਝਾਈਆ। ਦਾਸੀ ਦਾਸ ਢਹਿ ਪਿਆ ਸਰਨਾ, ਦੋਏ ਜੋੜ ਸੀਸ ਝੁਕਾਈਆ। ਮੰਗੇ ਮੰਗ ਅੱਗੇ ਬੇਪਰਵਾਹ, ਗੁਰ ਪੂਰਾ ਝੋਲੀ ਪਾਈਆ। ਬੇੜਾ ਅੰਤਮ ਬੰਨੇ ਦੇਵੇ ਲਾ, ਕੁਲਾਵੰਤ ਆਪ ਹੋ ਜਾਈਆ। ਸਾਚੀ ਸੇਵਕ ਸੇਵਾ ਰਿਹਾ ਕਮਾ, ਦਸ ਜਾਮੇ ਸੰਗ ਨਿਭਾਈਆ। ਸੰਗ ਅੰਗ ਆਪਣੇ ਆਪ ਲਗਾ, ਏਕਾ ਲੇਖਾ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਘਟ ਘਟ ਵੇਖੇ ਥਾਉਂ ਥਾਈਂਆ। ਭਾਈ ਲਾਲੋ ਸਾਚਾ ਲਾਲ, ਅਨਮੁਲੜਾ ਆਪ ਰਖਾਇਆ। ਪਾਇਆ ਵਰ ਗੋਬਿੰਦ ਗੋਪਾਲ, ਭੁੱਲ ਰਹੇ ਨਾ ਰਾਇਆ। ਨਾਮ ਸਤਿ ਵਿਚ ਦਲਾਲ, ਪੰਚਮ ਤਤ ਤਰਾਇਆ। ਦੇ ਮਤ ਆਪ ਅਕਾਲ, ਅਕਲ ਕਲਾ ਸਮਝਾਇਆ। ਜੁਗ ਰੁਲੜਾ ਜਗ ਲਏ ਭਾਲ, ਵੇਖਣਹਾਰ ਅਖਵਾਇਆ। ਫਲ ਲਗਾਏ ਸਾਚੇ ਡਾਲ੍ਹ, ਅੰਮ੍ਰਿਤ ਆਤਮ ਫਲ ਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਸੇਵਾ ਲਾਇਆ। ਸੇਵਕ ਸੇਵਾ ਕਰ ਪਰਵਾਨ, ਏਕਾ ਰਾਹ ਚਲਾਈਆ। ਦੀਨਾ ਬੰਧਪ ਦਇਆਵਾਨ, ਦੀਨਾ ਨਾਥ ਆਪ ਹੋ ਜਾਈਆ। ਦੋ ਜਹਾਨੀ ਦੇਵੇ ਮਾਣ, ਏਕਾ ਚਰਨ ਧਿਆਨ ਲਗਾਈਆ। ਏਕਾ ਨਾਮ ਨਿਧਾਨ ਸਾਚਾ ਗਾਣ, ਜਿਸ ਮਿਲਿਆ ਬੇਪਰਵਾਹੀਆ। ਕਲਜੁਗ ਤੇਰੀ ਵੇਖ ਦੁਕਾਨ, ਜੂਠ ਝੂਠ ਰਹੀ ਸ਼ਰਮਾਈਆ। ਪੰਚ ਵਿਕਾਰਾ ਨਾਲ ਸ਼ੈਤਾਨ, ਏਕਾ ਕੰਡੇ ਰਿਹਾ ਤੁਲਾਈਆ। ਮਾਇਆ ਰਾਣੀ ਹੋ ਪਰਧਾਨ, ਅੱਗੇ ਬੈਠੀ ਪੱਲੂ ਡਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਨਿਧਾਨ, ਗਲ ਬੈਠੇ ਵਕੜੀ ਪਾਈਆ। ਗੁਰਮੁਖ ਸਾਚਾ ਚਤੁਰ ਸੁਜਾਨ, ਪ੍ਰਭ ਚਰਨ ਧਿਆਨ ਲਗਾਈਆ। ਗੁਰ ਸਤਿਗੁਰ ਪੂਰਾ ਮਿਹਰਵਾਨ, ਨਿਜ ਆਤਮ ਵੇਖ ਵਖਾਈਆ। ਆਤਮ ਅੰਤਰ ਦੇਵੇ ਇਕ ਗਿਆਨ, ਸਚ ਸੁੱਚ ਮਤ ਸਮਝਾਈਆ। ਗੁਰਮਤ ਕਰ ਸ਼ਬਦ ਪਰਧਾਨ, ਨਾਮ ਨਾਮੇ ਕਰ ਕੁੜਮਾਈਆ। ਦਸਵੇਂ ਜਾਮੇ ਮੇਲ ਗੋਬਿੰਦ ਗੋਬਿੰਦ ਜਾਣੀ ਜਾਣ, ਆਪ ਅਖਵਾਈਆ। ਮਿਲਿਆ ਵਰ ਦੇਵੇ ਦਾਨੀ ਦਾਨ, ਆਤਮ ਝੋਲੀ ਗਿਆ ਭਰਾਈਆ। ਅੰਤਮ ਮੇਲਾ ਵਿਚ ਜਹਾਨ, ਨਿਹਕਲੰਕ ਸਚ ਸਰਨਾਈਆ। ਆਤਮ ਦੇਵੇ ਜੀਆ ਦਾਨ, ਜੋਤੀ ਨੂਰ ਸਵਾਈਆ। ਤੀਰ ਨਿਰਾਲਾ ਮਾਰੇ ਬਾਣ, ਏਕਾ ਸ਼ਬਦ ਰਖਾਈਆ। ਰਸਨਾ ਚਿੱਲਾ ਤੀਰ ਕਮਾਨ, ਆਪ ਆਪਣਾ ਰਿਹਾ ਚੜ੍ਹਾਈਆ। ਜੋਧਾ ਸੂਰ ਬਲੀ ਬਲਵਾਨ, ਨਰ ਨਰੇਸ਼ ਆਪ ਅਖਵਾਈਆ। ਉਪਰ ਬੈਠ ਸਚ ਸੱਚਾ ਸੁਲਤਾਨ, ਸ਼ਾਹੋ ਭੂਪ ਰੂਪ ਵਟਾਈਆ। ਦਰ ਦਵਾਰੇ ਦੇਵੇ ਮਾਣ, ਸਿਰ ਆਪਣਾ ਹੱਥ ਰਖਾਈਆ। ਨਾਤਾ ਤੁਟੇ ਪੀਣ ਖਾਣ, ਜਗਤ ਲੱਜਿਆ ਨੇੜ ਨਾ ਆਈਆ। ਭਾਈ ਭੈਣ ਸਾਕ ਸੱਜਣ ਸੈਣ ਸਰਬ ਤਜ ਜਾਣ, ਨਾਤਾ ਛੁੱਟੇ ਨਾ ਹਰਿ ਰਘੁਰਾਈਆ। ਆਪੇ ਮੇਲੇ ਮੇਲਣਹਾਰ, ਆਪੇ ਭਗਤਾਂ ਜਗਤ ਵਿਛੋੜਾ ਫੰਦ ਕਟਾਈਆ। ਦਰ ਦਵਾਰੇ ਕਰੇ ਪਰਵਾਨ, ਪਰਮ ਪੁਰਖ ਵਡ ਵਡਿਆਈਆ। ਏਕਾ ਪਾਇਆ ਲਾਲੋ ਲਾਲ ਗਿਆਨ, ਲਾਲ ਅਨਮੁਲੜਾ ਗੁਰ ਚਰਨ ਸੱਚੀ ਸਰਨਾਈਆ। ਚਰਨ ਚਰਨੋਦਕ ਸਾਚਾ ਮੁਖ, ਨਾਨਕ ਰਸਨ ਲਗਾਇਆ। ਆਤਮ ਇਛਿਆ ਸਾਚਾ ਸੁੱਖ, ਹਉਮੇ ਰੋਗ ਚਲਾਇਆ। ਸੁਫਲ ਕਰਾਈ ਮਾਤ ਕੁੱਖ, ਆਪ ਆਪਣਾ ਸ਼ਬਦ ਸੁਣਾਇਆ। ਉਜਲ ਹੋਏ ਜਗਤ ਮੁਖ, ਗੋਬਿੰਦ ਸੇਵਾ ਲਾਇਆ। ਗੋਬਿੰਦ ਸੁੱਖਣਾ ਰਿਹਾ ਸੁੱਖ, ਨਿਹਕਲੰਕਾ ਰਾਹ ਤਕਾਇਆ। ਨਿਹਕਲੰਕ ਗੁਰਮੁਖ ਸਾਚੇ ਆਪਣੀ ਗੋਦੀ ਲਏ ਚੁੱਕ, ਜੋਤੀ ਜਾਮਾ ਭੇਖ ਵਟਾਇਆ। ਕਲਜੁਗ ਅੰਤਮ ਰਿਹਾ ਢੁੱਕ, ਨਾ ਸਕੇ ਕੋਈ ਬਚਾਇਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਰੋਕੇ ਸ੍ਰਿਸ਼ਟ ਸਬਾਇਆ। ਮਨਮੁਖਾਂ ਮੁਖ ਪੈਣਾ ਥੁੱਕ, ਰਾਏ ਧਰਮ ਦਏ ਸਜ਼ਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿੱਖ ਤੇਰਾ ਵੇਖ ਦਰ, ਪੂਰਬ ਲਹਿਣਾ ਦਏ ਚੁਕਾਇਆ। ਜਗ ਜਨਣੀ ਜੁਗ ਏਕ ਹੈ, ਏਕਾ ਏਕ ਅਖਵਾਏ। ਸ੍ਰਿਸ਼ਟ ਸਬਾਈ ਦੇਵੇ ਸਾਚੀ ਟੇਕ ਹੈ, ਸਾਚਾ ਲੇਖਾ ਲੇਖ ਲਿਖਾਏ। ਨਿਜ ਨੇਤਰ ਆਪੇ ਰਿਹਾ ਵੇਖ ਹੈ, ਜਗ ਲੋਚਨ ਵੇਖ ਨਾ ਪਾਏ। ਆਪ ਆਪਣਾ ਕਰ ਪਰਵੇਸ਼ ਹੈ, ਪੂਤ ਸਪੂਤਾ ਸੁਤ ਜਗਾਏ। ਆਪੇ ਹੋਏ ਦਰ ਦਰਵੇਸ਼ ਹੈ, ਘਰ ਘਰ ਬੈਠੀ ਅਲਖ ਜਗਾਏ। ਸੇਵਕ ਸੇਵਾਦਾਰ ਬ੍ਰਹਮਾ ਵਿਸ਼ਨ ਮਹੇਸ਼ ਹੈ, ਦੋਏ ਦੋਏ ਬੈਠੇ ਸੀਸ ਝੁਕਾਏ। ਜਨ ਭਗਤਾਂ ਸੰਗ ਹਮੇਸ਼ ਹੈ, ਅੰਗੀਕਾਰ ਅਖਵਾਏ। ਆਪੇ ਮੇਲ ਮਿਲਾਇਆ ਦਾਤਾ ਦਸ ਦਸਮੇਸ਼ ਹੈ, ਨੈਣੀ ਨੈਣਾ ਦਰਸ ਦਿਖਾਏ। ਰੂਪ ਵਟਾਇਆ ਧਾਰੀ ਕੇਸ ਹੈ, ਧਾਰਾ ਸ਼ਸਤਰ ਇਕ ਜਣਾਏ। ਜਗਤ ਅਗੰਮਾ ਅਵੱਲੜਾ ਭੇਸ ਹੈ, ਲੇਖਾ ਲਿਖ ਨਾ ਸਕੇ ਰਾਏ। ਮਸਤਕ ਲਾਏ ਸਾਚੀ ਮੇਖ ਹੈ, ਜੋਤ ਲਿਲਾਟੀ ਆਪ ਟਿਕਾਏ। ਹਰਿਜਨ ਸਾਚਾ ਬੁਧ ਬਿਬੇਕ ਹੈ, ਗੁਰਮਤ ਇਕ ਸਰਨਾਏ। ਜਗ ਮਾਇਆ ਨਾ ਲਾਏ ਸੇਕ ਹੈ, ਸਤਿ ਤਤ ਰਹੇ ਨਾ ਰਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਜਨਣੀ ਸੇਵਾ ਲਾਏ। ਜਨ ਜਨਣੀ ਜਗ ਜਾਣਿਆ, ਲੱਖ ਚੁਰਾਸੀ ਸੁੱਤ। ਕੰਤ ਭਤਾਰੀ ਏਕਾ ਮਾਣਿਆ, ਪਾਰਬ੍ਰਹਮ ਅਬਿਨਾਸ਼ੀ ਅਚੁਤ। ਸਾਚੀ ਸੇਜਾ ਇਕ ਹੰਢਾਨਿਆ, ਇਕ ਸੁਹਾਏ ਸਾਚੀ ਰੁੱਤ। ਆਪੇ ਚਲੇ ਆਪਣੇ ਭਾਣਿਆ, ਆਪਣੇ ਭਾਣੇ ਆਪੇ ਰਿਹਾ ਛੁੱਟ। ਆਪਣਾ ਨਾਉਂ ਆਪ ਵਖਾਨਿਆ, ਆਪੇ ਲਾਹਾ ਰਿਹਾ ਲੁੱਟ। ਆਪੇ ਜੋਧਾ ਸੂਰਬੀਰ ਬਲਵਾਨਿਆ, ਆਪੇ ਜੜ੍ਹਾਂ ਰਿਹਾ ਪੁੱਟ। ਆਪੇ ਸ਼ਬਦ ਤੀਰ ਨਿਸ਼ਾਨਿਆ, ਆਪੇ ਫੜ ਫੜ ਰਿਹਾ ਕੁੱਟ। ਆਪੇ ਗਾਏ ਅਨਹਦ ਬਾਣੀਆ, ਆਪ ਪਿਆਏ ਅੰਮ੍ਰਿਤ ਘੁੱਟ। ਆਪੇ ਦਾਤਾ ਹੋਏ ਦਾਨੀਆ, ਆਪੇ ਮੁਖ ਭਵਾਏ ਬੈਠਾ ਰੁੱਠ। ਆਪੇ ਦੇਵਣਹਾਰ ਧੁਰ ਨਿਸ਼ਾਨਿਆ, ਨਾਮ ਨਿਧਾਨਾ ਏਕਾ ਮੁੱਠ। ਆਪੇ ਮਾਰੇ ਅੰਤਰ ਕਾਨੀਆ, ਆਪੇ ਖੋਲ੍ਹੇ ਦ੍ਰਿਸ਼ਟ ਕੂਟ। ਆਪੇ ਦੀਪਕ ਜੋਤ ਜਗਾਏ ਮਹਾਨਿਆ, ਬਜਰ ਕਪਾਟੀ ਜਾਏ ਤੁਟ। ਆਪੇ ਤਖ਼ਤ ਬਿਰਾਜੇ ਸਚ ਸੁਲਤਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਣੀ ਜਨ ਹਰਿ ਸੇਵਾ ਲਾਏ, ਹਰਿ ਸਾਚੇ ਦਇਆ ਕਮਾਨਿਆ। ਆਪੇ ਅੰਗਨ ਲਿਆ ਵਖਾ, ਆਪ ਆਪਣੇ ਰੰਗ ਰੰਗਾਈਆ। ਸਾਚਾ ਸਗਨ ਲਿਆ ਮਨਾ, ਏਕਾ ਮੰਗਲ ਰਾਗ ਅਲਾਈਆ। ਗਗਨ ਪਾਤਾਲਾਂ ਖੇਲ ਖਿਲਾ, ਬ੍ਰਹਿਮੰਡਾਂ ਖੋਜ ਖੁਜਾਈਆ। ਆਕਾਸ਼ ਪਰਕਾਸ਼ ਗਿਆ ਸਮਾ, ਦਿਸ ਕਿਸੇ ਨਾ ਆਈਆ। ਆਪਣੀ ਰਾਸਾ ਆਪੇ ਪਾ, ਆਪੇ ਨਾਚ ਕਰਾਈਆ। ਗੋਪੀ ਕਾਹਨ ਖੇਲ ਖਿਲਾ, ਖੇਲਣਹਾਰ ਹਰ ਘਟ ਥਾਈਂਆ। ਸੰਤ ਸੁਹੇਲੇ ਮਾਤ ਜਗਾ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਇਕ ਵਖਾ, ਨਿਰਮਲ ਬਾਤੀ ਰਿਹਾ ਜਗਾਈਆ । ਵਰਨ ਗੋਤੀ ਨਾ ਕੋਈ ਜਣਾ, ਊਚ ਨੀਚ ਨਾ ਕੋਈ ਜਣਾਈਆ। ਮਾਤ ਪਿਤ ਨਾ ਕੋਈ ਭੈਣ ਭਰਾ, ਸਾਕ ਸੈਣ ਨਾ ਕੋਈ ਅਖਵਾਈਆ। ਮਹੱਲ ਅਟੱਲ ਨਾ ਕੋਈ ਥਾਂ, ਨਗਰ ਗਰਾਂ ਨਾ ਕੋਈ ਦਿਸਾਈਆ। ਮਾਨਸ ਬਿਰਖ ਨਾ ਦੇਵੇ ਠੰਡੀ ਛਾਂ, ਪਵਣੀ ਪਵਣ ਨਾ ਸੇਵ ਕਮਾਈਆ। ਗੁਰ ਪੀਰ ਨਾ ਜਪਾਏ ਕੋਈ ਨਾਂ, ਨਾ ਕੋਈ ਵਿਦਿਆ ਰਿਹਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਣੀ ਜਨ ਦਿਤਾ ਵਰ, ਏਕਾ ਸੁਤ ਲਿਆ ਉਪਾਈਆ। ਜਨਣੀ ਜਨ ਸੁਤ ਉਪਾਇਆ, ਹਰਿ ਸਾਚੀ ਖ਼ੁਸ਼ੀ ਮਨਾਈਆ। ਥਿਰ ਘਰ ਬੈਠ ਆਪ ਖੁਲ੍ਹਾਇਆ, ਦੇ ਮਤ ਰਿਹਾ ਸਮਝਾਈਆ। ਨਾ ਕੋਈ ਦੂਸਰ ਸੰਗ ਰਲਾਇਆ, ਨਾ ਕੋਈ ਤੀਜਾ ਵੇਖ ਵਖਾਈਆ। ਚੌਥੇ ਘਰ ਨਾ ਆਸਣ ਲਾਇਆ, ਨਾ ਆਤਮ ਸੇਜ ਵਿਛਾਈਆ। ਸ਼ਬਦ ਧੁਨ ਨਾ ਕੋਈ ਅਲਾਇਆ, ਨਾ ਕੋਈ ਰਾਗ ਸੁਣਾਈਆ। ਤਾਲ ਤਲਵਾੜਾ ਨਾ ਕੋਈ ਵਜਾਇਆ, ਨਾ ਕੋਈ ਕੀਰਤ ਕਰਾਈਆ। ਸ਼ਬਦ ਸਿੰਘਾਸਣ ਇਕ ਵਛਾਇਆ, ਹਰਿ ਬੈਠਾ ਬੇਪਰਵਾਹੀਆ। ਜਨਣੀ ਜਨ ਪੂਤ ਸਪੂਤਾ ਗੋਦ ਉਠਾਇਆ, ਅੱਗੇ ਬੈਠੀ ਝੋਲੀ ਡਾਹੀਆ। ਨੇਤਰ ਨੈਣ ਨਾ ਕੋਈ ਵਖਾਇਆ, ਨਾ ਕੋਈ ਬਣਤ ਬਣਾਈਆ। ਨੱਕ ਮੂੰਹ ਹੱਥ ਨਾ ਕੰਨ ਲਗਾਇਆ, ਪੰਜ ਤਤ ਨਾ ਰਕਤ ਰਖਾਈਆ। ਸ਼ਬਦ ਗਹਿਣਾ ਨਾ ਤਨ ਪਹਿਨਾਇਆ, ਨਾ ਕੋਈ ਛੱਪਰ ਛਾਈਆ। ਪੁਰਖ ਅਬਿਨਾਸ਼ੀ ਵੇਖ ਵਖਾਇਆ, ਆਪ ਆਪਣੀ ਜੋਤ ਜਗਾਈਆ। ਅੰਧ ਅੰਧੇਰ ਕੋਈ ਦਿਸ ਨਾ ਆਇਆ, ਸਾਚਾ ਦੀਪ ਕਰੇ ਰੁਸ਼ਨਾਈਆ। ਥਿਰ ਘਰ ਸਾਚਾ ਧਾਮ ਸੁਹਾਇਆ, ਪ੍ਰਭ ਸਾਚੇ ਖ਼ੁਸ਼ੀ ਮਨਾਈਆ। ਪੂਤ ਸਪੂਤਾ ਵੇਖ ਵਖਾਇਆ, ਸੋਹਣੀ ਬਣਤ ਬਣਾਈਆ। ਚਾਰੇ ਕੂਟਾਂ ਆਪ ਦੁੜਾਇਆ, ਦਹਿ ਦਿਸ਼ਾ ਰਿਹਾ ਭਵਾਈਆ। ਲੋਆਂ ਪੁਰੀਆਂ ਲਏ ਉਪਾਇਆ, ਗਗਨ ਪਾਤਾਲਾਂ ਰਚਨ ਰਚਾਈਆ। ਆਪ ਆਪਣਾ ਹੁਕਮ ਜਣਾਇਆ, ਅੱਠੇ ਪਹਿਰ ਸੇਵਾ ਲਾਈਆ। ਬ੍ਰਹਿਮੰਡ ਖੰਡ ਹਰਿ ਵੰਡ ਵੰਡਾਇਆ, ਵੰਡਣਹਾਰ ਆਪ ਹੋ ਜਾਈਆ। ਤੇਜ ਪ੍ਰਚੰਡ ਹੱਥ ਫੜਾਇਆ, ਦਿਸ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਖ ਘਰ, ਪੂਤ ਸਪੂਤਾ ਸਾਚੇ ਦਰ, ਘਰ ਸਾਚਾ ਇਕ ਸੁਹਾਈਆ। ਪੂਤ ਸਪੂਤਾ ਮੰਨ ਸਲਾਹ, ਪ੍ਰਭ ਅੱਗੇ ਕਰੇ ਨਿਮਸਕਾਰਿਆ। ਪਾਰਬ੍ਰਹਮ ਬੇਪਰਵਾਹ, ਤੇਰਾ ਅੰਤ ਨਾ ਪਾਰਾਵਾਰਿਆ। ਏਕਾ ਹੁਕਮ ਦਿਤਾ ਜਣਾ, ਅੱਠੇ ਪਹਿਰ ਖ਼ਬਰਦਾਰਿਆ। ਲੋਆਂ ਪੁਰੀਆਂ ਰਿਹਾ ਰਾਹ ਤਕਾ, ਆਵਾਂ ਜਾਵਾਂ ਵਾਰੋ ਵਾਰਿਆ। ਤੇਰਾ ਦਰ ਏਕਾ ਲਿਆ ਖੁਲ੍ਹਾ, ਨਾ ਹੋਏ ਬੰਦ ਭੰਡਾਰਿਆ। ਜੋਤੀ ਮਾਤਾ ਤੱਕੇ ਰਾਹ, ਨੇਤਰ ਨੈਣ ਉਘਾੜਿਆ। ਸਾਚਾ ਸੁਤ ਪਕੜ ਉਠਾਏ ਬਾਂਹ, ਹਰਿ ਸ਼ਬਦੀ ਨਾਉਂ ਉਚਾਰਿਆ। ਵੇਖ ਵਖਾਏ ਥਾਉਂ ਥਾਂ, ਨਰ ਨਰਾਇਣ ਹਰਿ ਨਿਰੰਕਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤਾ ਦਿਤਾ ਵਰ, ਆਪ ਆਪਣੀ ਕਿਰਪਾ ਧਾਰਿਆ। ਪੂਤ ਸਪੂਤੇ ਚੜ੍ਹਿਆ ਚਾਅ, ਘਰ ਸਾਚੇ ਵੱਜੀ ਵਧਾਈਆ। ਥਿਰ ਘਰ ਮੰਗਲ ਰਿਹਾ ਗਾ, ਏਕਾ ਖ਼ੁਸ਼ੀ ਮਨਾਈਆ। ਏਕਾ ਮਿਲੀ ਸੱਚੀ ਸਰਨਾ, ਸਰਨਗਤ ਇਕ ਹੋ ਜਾਈਆ। ਦੋ ਜਹਾਨਾਂ ਹਰਿ ਮਲਾਹ, ਬੇੜਾ ਆਪਣਾ ਆਪ ਚਲਾਈਆ। ਗਲ ਵਿਚ ਪੱਲੂ ਬੈਠਾ ਪਾ, ਪ੍ਰਭ ਅੱਗੇ ਸੀਸ ਝੁਕਾਈਆ। ਸੰਗੀ ਸਾਥੀ ਲਏ ਉਪਾ, ਰਚਨ ਆਪਣੀ ਆਪ ਰਚਾਈਆ। ਬ੍ਰਹਮਾ ਵਿਸ਼ਨ ਮਾਤ ਟਿਕਾ, ਤ੍ਰੈਗੁਣ ਮਾਇਆ ਝੋਲੀ ਪਾਈਆ। ਪੰਜ ਤਤ ਬਣਤ ਬਣਾ, ਨਿਰਗੁਣ ਆਪੇ ਵੇਖ ਵਖਾਈਆ। ਸਰਗੁਣ ਸਾਚਾ ਰਥ ਚਲਾ, ਰਥ ਰਥਵਾਹੀ ਬੇਪਰਵਾਹੀਆ। ਸੰਤ ਦੁਲਾਰੇ ਸੇਵਾ ਲਾ, ਸਾਚੀ ਰਾਸਾ ਹੱਥ ਫੜਾਈਆ। ਆਤਮ ਬ੍ਰਹਮ ਬ੍ਰਹਮ ਜਣਾ, ਏਕਾ ਮਾਰਗ ਰਿਹਾ ਵਖਾਈਆ। ਅੱਠੇ ਨੇਤਰ ਰਿਹਾ ਉਠਾ, ਚਾਰੇ ਮੁਖ ਚਲਾਈਆ। ਪ੍ਰਭ ਅਬਿਨਾਸ਼ੀ ਬੇਪਰਵਾਹ, ਏਕਾ ਸ਼ਬਦ ਕਰੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੇ ਵਸਿਆ ਘਰ, ਸੁਤ ਦੁਲਾਰਾ ਕਰ ਪਿਆਰਾ ਸੇਵਕ ਸੇਵਾ ਸਾਚੀ ਲਾਈਆ। ਸਾਚਾ ਸੁਤ ਹੋ ਤਿਆਰ, ਘਰ ਸਾਚੇ ਖ਼ੁਸ਼ੀ ਮਨਾਇੰਦਾ। ਪੁਰਖ ਅਬਿਨਾਸ਼ੀ ਕਰ ਪਿਆਰ, ਲੋਕਮਾਤੀ ਰਾਹ ਤਕਾਇੰਦਾ। ਲੱਖ ਚੁਰਾਸੀ ਮੀਤ ਮੁਰਾਰ, ਆਤਮ ਸੇਜਾ ਇਕ ਵਿਛਾਇੰਦਾ। ਮਹੱਲ ਅਟੱਲ ਉਚ ਮਿਨਾਰ, ਦਸਮ ਦਵਾਰੀ ਆਪ ਬਣਾਇੰਦਾ। ਨਾ ਕੋਈ ਖੋਲ੍ਹੇ ਬੰਦ ਕਿਵਾੜ, ਬਜਰ ਕਪਾਟੀ ਸਿਲ੍ਹਾ ਲਾਇੰਦਾ। ਪੰਚਮ ਰੱਖੇ ਮਗਰ ਧਾੜ, ਅੱਠੇ ਪਹਿਰ ਡਰਾਇੰਦਾ। ਵਾ ਲੱਗੇ ਤਤੀ ਹਾੜ, ਸਾਂਤਕ ਸਤਿ ਨਾ ਕੋਇ ਵਰਤਾਇੰਦਾ। ਲੱਗੇ ਅੱਗ ਬਹੱਤਰ ਨਾੜ, ਨਾੜੀ ਨਾੜੀ ਆਪ ਜਲਾਇੰਦਾ। ਸੁਤ ਸ਼ਬਦ ਵੇਖੇ ਸਚ ਅਖਾੜ, ਦਰ ਸਾਚਾ ਇਕ ਸੁਹਾਇੰਦਾ। ਪੁਰਖ ਅਬਿਨਾਸ਼ੀ ਅੰਦਰ ਵਾੜ, ਆਪੇ ਕੁੰਡਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੁਤ ਦੁਲਾਰੇ ਦਿਤਾ ਵਰ, ਸਾਚਾ ਮਾਰਗ ਇਕ ਜਣਾਇੰਦਾ। ਸੁਤ ਦੁਲਾਰੇ ਸੁਣ ਫਰਿਆਦ, ਹਰਿ ਸਾਚਾ ਕਰੇ ਜਣਾਈਆ। ਏਕਾ ਦੇਵੇ ਜਗਤ ਦਾਦ, ਚੋਰ ਯਾਰ ਕੋਇ ਲੁੱਟ ਨਾ ਜਾਈਆ। ਜਨ ਭਗਤਾਂ ਦੇਵੇ ਏਕਾ ਦਾਦ, ਨਾਮ ਵਸਤ ਝੋਲੀ ਪਾਈਆ। ਸਦਾ ਅਟੱਲ ਅਡੋਲ ਰਹੇ ਆਦਿ ਜੁਗਾਦਿ, ਜੁਗ ਜੁਗ ਭੰਡਾਰ ਚਲਾਈਆ। ਖੋਜੇ ਖੋਜ ਹਰਿ ਬ੍ਰਹਿਮਾਦ, ਖੋਜਣਹਾਰ ਸ੍ਰਿਸ਼ਟ ਸਬਾਈਆ। ਧੁਨ ਆਤਮਕ ਵਜਾਏ ਨਾਦ, ਸਾਚਾ ਨਾਦ ਸੁਰਤ ਸਵਾਣੀ ਲਏ ਜਗਾਈਆ। ਹਰਿ ਜਣਾਈ ਬੋਧ ਅਗਾਧ, ਬੋਧ ਅਗਾਧਾ ਭੇਵ ਖੁਲ੍ਹਾਈਆ। ਜੋ ਜਨ ਲੋਕਮਾਤ ਪਾਰਬ੍ਰਹਮ ਰਹੇ ਰਸਨਾ ਅਰਾਧ, ਤਿਨ੍ਹਾਂ ਸੇਵਕ ਸੇਵਾ ਰਿਹਾ ਕਮਾਈਆ। ਨਾਮ ਉਪਾਏ ਸੰਤ ਸਾਧ, ਏਕਾ ਦੂਜਾ ਗਏ ਤਜਾਈਆ। ਤੀਜੇ ਨੇਤਰ ਲਿਆ ਲਾਧ, ਪਰਦਾ ਮਾਇਆ ਪਰ੍ਹੇ ਹਟਾਈਆ। ਚੌਥਾ ਘਰ ਸੁਣ ਫਰਿਆਦ, ਮੋਹਣ ਮਾਧਵ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਹਰਿ ਸ਼ਬਦ ਪੜੇ ਸਰਨਾਈਆ। ਹਰਿ ਸ਼ਬਦ ਕਰ ਪਰਵਾਨ, ਨੇਤਰ ਨੀਰ ਵਹਾਇੰਦਾ। ਭਗਤਾਂ ਦੀਨਾ ਭਗਤੀ ਦਾਨ, ਦਾਨੀ ਦਾਨ ਆਪ ਕਰਾਇੰਦਾ। ਚਰਨ ਮਜਨ ਧੂੜ ਸਚ ਇਸ਼ਨਾਨ, ਦੁਰਮਤ ਮੈਲ ਗਵਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਇਕ ਨੁਹਾਇੰਦਾ। ਹੰਸ ਕਾਗ ਕਾਗ ਹੰਸ ਸਰਬ ਬਣ ਜਾਣ, ਜੋ ਰਸਨਾ ਗਾਇੰਦਾ। ਮਿਲੇ ਮੇਲ ਸ੍ਰੀ ਭਗਵਾਨ, ਵਿਛੜ ਕਦੇ ਨਾ ਜਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨ, ਖੇਲਣਹਾਰ ਆਪ ਹੋ ਆਇੰਦਾ। ਸਤਿਜੁਗ ਤ੍ਰੇਤਾ ਲਿਆ ਮਾਣ, ਦੁਆਪਰ ਰਸਨ ਰਚਾਇੰਦਾ। ਵੇਖੇ ਮਾਰ ਧਿਆਨ, ਗੋਬਿੰਦ ਨਾਨਕ ਸੇਵਾ ਲਾਇੰਦਾ। ਸੰਗ ਮੁਹੰਮਦ ਚਾਰ ਯਾਰ ਨੌਜਵਾਨ, ਈਸਾ ਮੂਸਾ ਵੇਖ ਵਖਾਇੰਦਾ। ਗੁਰਮੁਖ ਸਾਚੇ ਚਤੁਰ ਸੁਜਾਨ, ਘਰ ਸਾਚੇ ਆਪ ਜਗਾਇੰਦਾ। ਜਗਤ ਭਗਤੀ ਜੀਆ ਦਾਨ, ਜੋਗ ਜੁਗਤ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸ਼ਬਦ ਲਿਆ ਵਰ, ਵਰ ਆਪਣਾ ਆਪ ਹੰਢਾਇੰਦਾ। ਸਾਚਾ ਸ਼ਬਦ ਕਰ ਤਿਆਰੀ, ਆਦਿ ਅੰਤ ਸਮਾਇਆ। ਜਨ ਭਗਤਾਂ ਮੇਲੇ ਮੇਲ ਵਿਚ ਸੰਸਾਰੀ, ਮੇਲਣਹਾਰ ਆਪ ਅਖਵਾਇਆ। ਲਾਲੋ ਲਾਲਨ ਪੈਜ ਸਵਾਰੀ, ਲਾਲ ਅਨਮੁਲੜਾ ਇਕ ਰਖਾਇਆ। ਇਕ ਕਰਾਇਆ ਵਣਜ ਵਪਾਰੀ, ਏਕਾ ਹੱਟ ਵਖਾਇਆ। ਰੋ ਰੋ ਨੇਤਰ ਨੈਣ ਨੀਰ ਵਹਾਇਆ ਰੋਵਣ ਜ਼ਾਰੋ ਜ਼ਾਰੀ, ਦਰ ਘਰ ਸਾਚੇ ਦਰਸ਼ਨ ਪਾਇਆ। ਗਲ ਪਲੜਾ ਚਰਨ ਸਰਨ ਜਾਏ ਬਲਿਹਾਰੀ, ਆਵਣ ਜਾਵਣ ਵੇਖ ਵਖਾਇਆ। ਨਾਨਕ ਬੋਲੇ ਸ਼ਬਦ ਨਿਰੰਕਾਰੀ, ਨਿਰਗੁਣ ਤਾਰ ਰਿਹਾ ਹਿਲਾਇਆ। ਸਰਗੁਣ ਜਾਏ ਪੈਜ ਸਵਾਰੀ, ਭੇਵ ਕਿਸੇ ਨਾ ਪਾਇਆ। ਲੋਕਮਾਤ ਤੇਰਾ ਸਚ ਪਿਆਰੀ, ਸੇਵਕ ਸੇਵਾ ਕਰਦਾ ਆਇਆ। ਅੰਤਮ ਮੇਲਾ ਵਡ ਜੋਧਾ ਸੂਰਬੀਰ ਬਲਕਾਰੀ, ਸ਼ਹਿਨਸ਼ਾਹ ਆਪ ਹੋ ਆਇਆ। ਦੇਵੇ ਨਾਮ ਸ਼ਬਦ ਅਪਰ ਅਪਾਰੀ, ਸੋ ਪੁਰਖ ਨਿਰੰਜਣ ਮੇਲ ਮਿਲਾਇਆ। ਹੰ ਹੰਗਤਾ ਦਏ ਨਿਵਾਰੀ, ਸਾਚੀ ਸੰਗਤਾ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਬਾਲ ਅੰਞਾਣਾ ਮਾਤ ਉਪਾਇਆ। ਬਾਲ ਅੰਞਾਣੇ ਜੋਤ ਜਗਾ, ਜੋਤੀ ਨੂਰ ਸਵਾਈਆ। ਸ਼ਬਦ ਅਨਾਦੀ ਧੁਨ ਵਜਾ, ਆਪ ਆਪਣੀ ਬੂਝ ਬੁਝਾਈਆ। ਨੇਤਰ ਨੈਣਾ ਦਰਸ ਦਿਖਾ, ਤ੍ਰਿਸ਼ਨਾ ਭੁੱਖ ਮਿਟਾਈਆ। ਸਾਚੀ ਸਿਖਿਆ ਇਕ ਸਿਖਾ, ਸਾਚੇ ਮਾਰਗ ਲਾਈਆ। ਜੋ ਲਿਖਿਆ ਧੁਰ ਸੋ ਦਏ ਫ਼ਰਮਾ, ਨਾ ਕੋਈ ਮੇਟੇ ਮੇਟ ਮਿਟਾਈਆ। ਜੁਗ ਜੁਗ ਲਹਿਣਾ ਦੇਣਾ ਰਿਹਾ ਚੁਕਾ, ਜਨ ਭਗਤਾਂ ਵੇਖ ਵਖਾਈਆ। ਬਸਤਰ ਗਹਿਣਾ ਤਨ ਪਹਿਨਾ, ਨੇਤਰ ਨੈਣਾ ਨਾਮ ਰਖਾਈਆ। ਭਾਣਾ ਸਹਿਣਾ ਆਪ ਜਣਾ, ਆਪਣੇ ਹੱਥ ਰੱਖੇ ਵਡਿਆਈਆ। ਮਨ ਕਾ ਮਣਕਾ ਦਏ ਭੁਆ, ਗੜ੍ਹ ਹੰਕਾਰ ਤੁੜਾਈਆ। ਜਨਣੀ ਜਨ ਜਨਕਾ ਦਏ ਮਿਟਾ, ਸੀਤਾ ਸੁਰਤੀ ਲਏ ਪਰਨਾਈਆ। ਰਾਮ ਰਾਮਾ ਆਪ ਅਖਵਾ, ਕਲਜੁਗ ਧਨੁਖ ਕਰੇ ਲੜਾਈਆ। ਕਾਹਨਾ ਕ੍ਰਿਸ਼ਨਾ ਰੂਪ ਵਟਾ, ਆਪੇ ਹੋਏ ਰਥ ਰਥਵਾਹੀਆ। ਅਰਜਨ ਗੀਤਾ ਗਿਆਨ ਸੁਣਾ, ਅਠਾਰਾਂ ਧਿਆਏ ਦਿਵਸ ਅਠਾਰਾਂ ਮਾਰਗ ਪਾਈਆ। ਆਪ ਆਪਣਾ ਭੇਖ ਵਟਾ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਈਸਾ ਮੂਸਾ ਕਾਰੇ ਲਾ, ਸੰਗ ਮੁਹੰਮਦ ਚਾਰ ਯਾਰ ਮਸਤਕ ਲਾਈ ਸ਼ਾਹੀਆ। ਅੱਲਾ ਰਾਣੀ ਸੰਗ ਉਪਾ, ਏਕਾ ਨੂਰ ਸਰੂਰ ਵਖਾਈਆ। ਨਾਨਕ ਗੋਬਿੰਦ ਜੋਤ ਜਗਾ, ਜੋਗ ਜੁਗੀਸ਼ਰ ਦਇਆ ਕਮਾਈਆ। ਸਾਚਾ ਖੰਡਾ ਹੱਥ ਫੜਾ, ਤੇਜ ਪਰਚੰਡਾ ਰਿਹਾ ਚਮਕਾਈਆ। ਅੰਤਮ ਪੁਰੀ ਅਨੰਦ ਗਿਆ ਤਜਾ, ਗੁਰਮੁਖ ਸਾਚੇ ਸਰਸੇ ਭੇਟ ਚੜ੍ਹਾਈਆ। ਏਕਾ ਸਿਖਿਆ ਗਿਆ ਸਿਖਾ, ਵੇਲਾ ਅੰਤਮ ਦਏ ਦੁਹਾਈਆ। ਪ੍ਰਭ ਨਿਹਕਲੰਕਾ ਜੋਤੀ ਜਾਮਾ ਪਾ, ਗੁਰ ਗੋਬਿੰਦ ਸੰਗ ਰਖਾਈਆ। ਗੁਰਮੁਖ ਸਾਚੇ ਲਏ ਉਪਾ, ਜੋ ਸਰਸੇ ਗਿਆ ਰੁੜ੍ਹਾਈਆ। ਲੋਕਮਾਤੀ ਜਨਮ ਦਵਾ, ਗ਼ਰੀਬ ਨਿਮਾਣੇ ਲਏ ਤਰਾਈਆ। ਤਨ ਗਾਤਰਾ ਇਕ ਵਖਾ, ਸ਼ਬਦ ਖੰਡਾ ਇਕ ਵਖਾਈਆ। ਲੇਖਾ ਆਪਣੇ ਹੱਥ ਰਖਾ, ਨਾ ਦੂਸਰ ਕਿਸੇ ਵਖਾਈਆ। ਦੋ ਜਹਾਨੀ ਰਿਹਾ ਆਪ ਚਮਕਾ, ਏਕਾ ਚਮਕ ਚਮਕਾਈਆ। ਸਾਚੀ ਦਮਕ ਰਿਹਾ ਦਮਕਾ, ਜ਼ਿਮੀ ਅਸਮਾਨਾਂ ਰਿਹਾ ਹਿਲਾਈਆ। ਗਗਨ ਪਤਾਲ ਰੋਵਣ ਮਾਰਨ ਧਾਹ, ਰਵ ਸਸ ਦੇਣ ਦੁਹਾਈਆ। ਬ੍ਰਹਮਾ ਸ਼ਿਵ ਬੈਠੇ ਮੁਖ ਛੁਪਾ, ਨੇਤਰ ਨੀਰ ਰਹੇ ਵਹਾਈਆ। ਕਰੋੜ ਤੇਤੀਸਾ ਰਿਹਾ ਕੁਰਲਾ, ਸੁਰਪਤ ਰਾਜਾ ਇੰਦ ਚਾਰੋਂ ਕੁੰਟ ਫਿਰਦਾ ਵਾਹੋ ਦਾਹੀਆ। ਨੌਂ ਖੰਡ ਪ੍ਰਿਥਮੀ ਪ੍ਰਭ ਵੇਖ ਵਖਾ, ਲੱਖ ਚੁਰਾਸੀ ਫੇਰਾ ਪਾਈਆ। ਲੱਖ ਚੁਰਾਸੀ ਹੋਈ ਹਲਕਾ, ਮਨ ਮਤ ਬੁਧ ਨਾ ਧੀਰ ਧਰਾਈਆ। ਵੇਲੇ ਅੰਤ ਨਾ ਹੋਏ ਕੋਈ ਸਹਾ, ਅਠਸਠ ਨਾ ਨੀਰ ਕੋਈ ਪਿਲਾਈਆ। ਮੰਦਰ ਮਸਜਿਦ ਗੁਰੂਦਵਾਰਾ ਨਾ ਪਕੜੇ ਕੋਈ ਬਾਂਹ, ਇੱਟ ਗਾਰਾ ਰਹਿਣ ਨਾ ਪਾਈਆ। ਅਕਾਲ ਪੁਰਖ ਤੇਰਾ ਏਕਾ ਏਕ ਸੱਚਾ ਨਾਂ, ਜਨ ਭਗਤਾਂ ਲਏ ਤਰਾਈਆ। ਚਾਰੋਂ ਕੁੰਟ ਏਕਾ ਏਕ ਵਖਾਏ ਫੜ ਫੜ ਬਾਂਹ, ਆਪ ਆਪਣੀ ਸੇਵਾ ਲਾਈਆ। ਆਪੇ ਪਿਤਾ ਆਪੇ ਮਾਂ, ਭਾਈ ਭੈਣ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲਾ ਸਾਚੇ ਘਰ, ਘਰ ਸਾਚਾ ਸਹਿਜ ਸੁਭਾਈਆ। ਗੁਰਮੁਖ ਸਾਚਾ ਸੰਤ ਦੁਲਾਰ, ਦਰ ਘਰ ਸਚ ਕਰੇ ਪਰਵਾਨਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦੇਵੇ ਨਾਮ ਨਿਸ਼ਾਨੀਆ। ਗੁਰ ਗੋਬਿੰਦਾ ਸ਼ਾਹ ਅਸਵਾਰ, ਮਾਰੇ ਕਲਜੁਗ ਪੰਚ ਦੁਰਾਨੀਆ। ਨੇਜਾ ਸ਼ਸਤਰ ਤੇਜ ਕਟਾਰ, ਬ੍ਰਹਿਮੰਡਾਂ ਖੰਡਾਂ ਵੇਖ ਵਖਾਨੀਆ । ਅਸਤਰ ਬਸਤਰ ਸ਼ਸਤਰ ਅਪਾਰ, ਸੋਲਾਂ ਕਲੀਆਂ ਆਸਣ ਇਕ ਰਖਾਨੀਆ। ਚਰਨ ਰਕਾਬੇ ਹੋ ਤਿਆਰ, ਨੀਲੀ ਛੱਤੋਂ ਆਏ ਬਾਹਰ, ਹਰਿ ਵਾਲੀ ਦੋ ਜਹਾਨਿਆ। ਲੋਕਮਾਤ ਲਏ ਅਵਤਾਰ, ਸੰਬਲ ਨਗਰੀ ਧਾਮ ਸੁਹਾਨਿਆ। ਕਿਸੇ ਹੱਥ ਨਾ ਆਏ ਵਿਚ ਸੰਸਾਰ, ਪੜ੍ਹ ਪੜ੍ਹ ਥੱਕੇ ਜਗਤ ਵਿਦਵਾਨਿਆ। ਨਾ ਕੋਈ ਜਾਣੇ ਆਰ ਪਾਰ ਕਿਨਾਰ, ਬੇੜਾ ਡੁੱਬਾ ਜਗਤ ਮੰਝਧਾਰ, ਨਾ ਕੋਈ ਵੇਖੇ ਵੰਞ ਮੁਹਾਨਿਆ। ਗੁਰਮੁਖ ਸਾਚੇ ਕਰ ਪਿਆਰ, ਆਪ ਆਪਣੀ ਕਿਰਪਾ ਧਾਰ, ਦੇਵੇ ਦਰਸ ਅਗੰਮ ਅਪਾਰ, ਅੱਠੇ ਪਹਿਰ ਕਰੇ ਮਿਹਰਬਾਨੀਆ। ਆਵਣ ਜਾਵਣ ਭੇਖ ਨਿਆਰ, ਖੇਲੇ ਖੇਲ ਹਰਿ ਨਿਰੰਕਾਰ, ਗੁਰ ਸ਼ਬਦ ਮੇਲ ਵਿਚ ਸੰਸਾਰ, ਮੇਲਣਹਾਰ ਆਪ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚਾ ਮੇਲ ਦਰ, ਦਰ ਦਵਾਰ ਕਰੇ ਪਰਵਾਨਿਆ। ਗੁਰਮੁਖ ਸਾਚੇ ਸਚਖੰਡ, ਹਰਿ ਸਾਚੇ ਜੋਤ ਜਗਾਈਆ। ਕਿਸੇ ਹੱਥ ਨਾ ਆਏ ਵਿਚ ਬ੍ਰਹਿਮੰਡ, ਸਾਧ ਸੰਤ ਬੈਠੇ ਧੂਣੀਆਂ ਤਾਈਆ। ਆਤਮ ਸਭ ਦੀ ਹੋਈ ਰੰਡ, ਕੰਤ ਸੁਹਾਗ ਨਾ ਕੋਈ ਹੰਢਾਈਆ। ਮਾਇਆ ਰਾਣੀ ਸਿਰ ਚੁੱਕੀ ਪੰਡ, ਗੁਰ ਅਰਜਨ ਤੇਰਾ ਹੱਟੋ ਹੱਟ ਹੱਟ ਵਿਕਾਈਆ। ਅੰਤਮ ਹੋਣਾ ਖੰਡ ਖੰਡ, ਪ੍ਰਭ ਸਾਚਾ ਰਿਹਾ ਕਰਾਈਆ। ਸ਼ਬਦ ਫੜ ਤੇਜ ਚੰਡ ਪਰਚੰਡ, ਖੇਲੇ ਖੇਲ ਸ੍ਰਿਸ਼ਟ ਸਬਾਈਆ। ਮੇਟ ਮਿਟਾਏ ਭੇਖ ਪਖੰਡ, ਜੂਠ ਝੂਠ ਰਹਿਣ ਨਾ ਪਾਈਆ। ਜਨ ਭਗਤਾਂ ਨਾਮ ਏਕਾ ਵੰਡ, ਏਕਾ ਬਖ਼ਸ਼ੇ ਸਚ ਸੱਚੀ ਸਰਨਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਦੇਵੇ ਦੰਡ, ਗਊ ਗਰੀਬਾਂ ਗਲੇ ਲਗਾਈਆ। ਵੇਖ ਵਖਾਣੇ ਜੇਰਜ ਅੰਡ, ਉਤਭੁਜ ਸੇਤਜ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸੁਹਾਏ ਇਕ ਘਰ, ਘਰ ਸਾਚਾ ਨਾਉਂ ਰਖਾਈਆ। ਗੁਰਮੁਖ ਸਾਚੇ ਸਚ ਦਲੀਲ, ਰਸਨਾ ਰਸ ਪੁਕਾਰਿਆ। ਹਰਿ ਕਾ ਸ਼ਬਦ ਜਗਤ ਵਕੀਲ, ਲਾਏ ਪਾਰ ਕਿਨਾਰਿਆ। ਮੇਲ ਮਿਲਾਏ ਸ਼ਾਹੋ ਛੈਲ ਛਬੀਲ, ਚਿੱਟੇ ਅਸਵ ਹਰਿ ਅਸਵਾਰਿਆ। ਤਨ ਵਖਾਏ ਬਸਤਰ ਨੀਲ, ਰੁੱਤ ਬਸੰਤੀ ਇਕ ਸੁਹਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਸਾਚਾ ਦਰ, ਹਰਿ ਸੰਗਤ ਮੇਲ ਮਿਲਾ ਲਿਆ। ਗੁਰਸਿਖ ਜਗ ਜੋਤ ਜਗਾ, ਜਾਗਰਤ ਦਿਸ਼ਾ ਵਖਾਈਆ। ਨੇਤਰ ਅੰਜਨ ਏਕਾ ਪਾ, ਅਗਿਆਨ ਅੰਧੇਰ ਮਿਟਾਈਆ। ਧੂੜ ਮਜਨ ਇਸ਼ਨਾਨ ਇਕ ਕਰਾ, ਦੁਰਮਤ ਮੈਲ ਗਵਾਈਆ। ਸਾਚਾ ਸੱਜਣ ਆਪ ਅਖਵਾ, ਦੋ ਜਹਾਨਾਂ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਮੇਲਾ ਸਚ ਦਰ, ਦਰ ਦਹਿਲੀਜ ਸੁਹਾਇਆ। ਹਰਿ ਮੰਦਰ ਹਰ ਘਟ, ਹਰ ਘਟ ਆਪ ਸਮਾਇਆ। ਦੀਪਕ ਜੋਤੀ ਕਾਇਆ ਮਟ, ਗੁਰ ਗੋਪਾਲਾ ਰਿਹਾ ਜਗਾਇਆ। ਚੌਦਾਂ ਲੋਕ ਵਖਾਏ ਏਕਾ ਹੱਟ, ਹੱਟ ਹਟਵਾਣਾ ਆਪ ਅਖਵਾਇਆ। ਲੇਖ ਚੁਕਾਏ ਅੱਠ ਸੱਠ, ਤਟ ਕਿਨਾਰ ਫੇਰਾ ਪਾਇਆ। ਕਾਇਆ ਮੰਦਰ ਅੰਦਰ ਆਪ ਸੁਹਾਏ ਸੱਚ, ਦਰ ਦਵਾਰਾ ਗੁਰ ਸਾਚਾ ਬੈਠਾ ਆਸਣ ਲਾਇਆ। ਗੁਰਮੁਖ ਮੇਲਾ ਮੇਲਾ ਨੱਠ ਨੱਠ, ਕਲਜੁਗ ਅੰਤਮ ਰਿਹਾ ਕਰਾਇਆ। ਪੰਜ ਤਤ ਮੁਨਾਰਾ ਜਾਏ ਢੱਠ, ਥਿਰ ਕੋਈ ਰਹਿਣ ਨਾ ਪਾਇਆ। ਪ੍ਰਭ ਚਰਨ ਦਵਾਰੇ ਇਕ ਇਕੱਠ, ਏਕਾ ਧਾਮ ਸੁਹਾਇਆ। ਕਲਜੁਗ ਗੇੜੇ ਉਲਟੀ ਲੱਠ, ਏਕਾ ਗੇੜ ਚਲਾਇਆ। ਲੱਖ ਚੁਰਾਸੀ ਪਾਏ ਭੱਠ, ਰਾਏ ਧਰਮ ਕੁੰਡਾ ਲਾਹਿਆ। ਸੰਤ ਸੁਹੇਲੇ ਲਏ ਰੱਖ, ਆਪ ਆਪਣੀ ਦਇਆ ਕਮਾਇਆ। ਜਨ ਭਗਤਾਂ ਦਰਸ ਦਿਖਾਏ ਹੋਏ ਪਰਤੱਖ, ਜਗਤ ਪਰੀਖਿਆ ਵਿਚ ਨਾ ਆਇਆ। ਚਾਰੋਂ ਕੁੰਟ ਫਿਰ ਫਿਰ ਥੱਕੇ ਮੁਨ ਰਿਖ, ਰਿਖੀ ਕੇਸ਼ ਗਵਰਧਨ ਧਾਰ ਨਾ ਵੇਖ ਵਖਾਇਆ। ਸਾਧ ਸੰਤ ਦਰ ਦਰ ਮੰਗਣ ਭਿਖ, ਤ੍ਰਿਸ਼ਨਾ ਭੁੱਖ ਨਾ ਕੋਈ ਮਿਟਾਇਆ। ਪੰਡਤ ਪਾਂਧੇ ਬਹਿ ਬਹਿ ਲੇਖਾ ਰਹੇ ਲਿਖ, ਲੇਖਾ ਆਪਣਾ ਨਾ ਮੂਲ ਚੁਕਾਇਆ। ਗੁਰਮੁਖ ਸਾਚੇ ਸਾਚੀ ਸਿਖਿਆ ਲੈਣ ਸਿਖ, ਪ੍ਰਭ ਸਾਚਾ ਰਿਹਾ ਸਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸਾਜਨ ਹਰ ਘਟ ਆਪ ਮਿਲਾਇਆ। ਹਰ ਘਟ ਮੇਲਾ ਮੇਲਣਹਾਰ, ਮੇਲੇ ਧੁਰ ਸੰਜੋਗਿਆ। ਚੇਲਾ ਗੁਰ ਸੋਹਿਣ ਇਕ ਦਵਾਰ, ਰਸ ਏਕਾ ਆਤਮ ਭੋਗਿਆ। ਏਕਾ ਪੁਰਖ ਏਕਾ ਨਾਰ, ਏਕਾ ਜੋਗ ਕਮਾਇਆ ਜੋਗਿਆ। ਏਕਾ ਕੰਤ ਏਕ ਭਤਾਰ, ਰੰਗ ਬਸੰਤ ਸਾਚੀ ਚੋਗਿਆ। ਹਰਿਜਨ ਮੇਲਾ ਵਿਚ ਸੰਸਾਰ, ਦੇਵੇ ਦਰਸ ਅਮੋਘਿਆ। ਆਦਿ ਅੰਤ ਏਕੰਕਾਰ, ਜਗਤ ਵਿਛੋੜਾ ਕਟੇ ਜਗਤ ਵਿਜੋਗਿਆ। ਦੇਵੇ ਦਰਸ ਅਗੰਮ ਅਪਾਰ, ਹਉਮੇ ਕਟੇ ਰੋਗਿਆ। ਜੋ ਜਨ ਢਹਿ ਪਏ ਪ੍ਰਭ ਚਰਨ ਦਵਾਰ, ਆਤਮ ਸੇਜਾ ਏਕਾ ਭੋਗਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਨ ਇਕ ਦਰ, ਦਰ ਸਾਚਾ ਏਕਾ ਖੋਜਿਆ। ਸਾਚਾ ਦਰ ਹਰਿ ਖੁਜੰਤਾ, ਖੋਜਣਹਾਰ ਹਰਿ ਨਿਰੰਕਾਰਾ। ਗੁਰਮੁਖ ਸਾਚੇ ਬੂਝ ਬੁਝੰਤਾ, ਖੋਲ੍ਹੇ ਬੰਦ ਕਿਵਾੜਾ। ਅਨਹਦ ਤਾਲ ਇਕ ਵਜੰਤਾ, ਆਪ ਵਜਾਏ ਬਹੱਤਰ ਤਾੜਾ। ਧੁਨੀ ਧੁਨ ਆਪ ਸੁਨੰਤਾ, ਸੁਣੇ ਸੁਣਾਏ ਸੁਣਨੇਹਾਰਾ। ਸਾਚਾ ਧਾਮ ਹਰਿ ਸੁਹੰਤਾ, ਨਾ ਕੋਈ ਦਿਸੇ ਚਾਰ ਦਿਵਾਰਾ। ਮਹੱਲ ਅਟੱਲ ਉਚ ਰਖੰਤਾ, ਜਲ ਥਲ ਨਾ ਪਾਏ ਸਾਰਾ। ਪੁਰਖ ਅਬਿਨਾਸ਼ੀ ਬੈਠ ਸਾਚਾ ਕੰਤਾ, ਮੇਲ ਮਿਲਾਏ ਗੁਰਮੁਖ ਸਾਚੀ ਨਾਰਾ। ਜੁਗ ਜੁਗ ਮੇਲਾ ਆਦਿਨ ਅੰਤਾ, ਆਦਿ ਅੰਤ ਕਰ ਪਸਾਰਾ। ਪੂਰਨ ਜੋਤ ਸ੍ਰੀ ਭਗਵੰਤਾ, ਭਗਵਨ ਖੇਲੇ ਖੇਲ ਅਪਾਰਾ। ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਰੰਗਣਹਾਰ ਹਰਿ ਨਿਰੰਕਾਰਾ। ਲੇਖਾ ਲੇਖ ਧੁਰ ਮਸਤਕ ਆਪ ਲਿਖੰਤਾ, ਲੱਖ ਚੁਰਾਸੀ ਬਣ ਲਿਖਾਰਾ। ਵੇਖ ਵਖਾਏ ਜੀਵ ਜੰਤਾ, ਬ੍ਰਹਮਾ ਵਿਸ਼ਨ ਸ਼ਿਵ ਦਏ ਭੰਡਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਸਿਖ ਸੁਹਾਏ ਸਚ ਦਵਾਰਾ। ਗੁਰਸਿਖ ਸਚ ਦਵਾਰ, ਹਰਿ ਸ਼ਬਦ ਵੱਜੀ ਵਧਾਈਆ। ਕਰੋੜ ਤੇਤੀਸਾ ਦਰ ਫਿਰੇ ਭਿਖਾਰ, ਸਚ ਭਿਛਿਆ ਹੱਥ ਨਾ ਆਈਆ। ਬ੍ਰਹਮਾ ਨੇਤਰ ਰੋਵੇ ਜ਼ਾਰੋ ਜ਼ਾਰ, ਚਾਰੇ ਕੁੰਟਾਂ ਨੀਰ ਵਹਾਈਆ। ਸ਼ਿਵ ਸ਼ੰਕਰ ਬਾਸ਼ਕ ਤਸ਼ਕਾ ਪਾਏ ਹਾਰ, ਜਟਾ ਜੂਟ ਰਿਹਾ ਵਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਹੱਥੀ ਮਹਿੰਦੀ ਰਹੀ ਲਾਈਆ। ਕਰੋੜ ਤੇਤੀਸਾ ਗਿਰਿਆਜ਼ਾਰ, ਸੁਰਪਤ ਰਾਜਾ ਇੰਦ ਨਾ ਦਏ ਦੁਹਾਈਆ। ਲੋਕਮਾਤ ਹਰਿ ਰਿਹਾ ਵਿਚਾਰ, ਰਾਏ ਧਰਮ ਖ਼ੁਸ਼ੀ ਮਨਾਈਆ। ਚਿਤਰ ਗੁਪਤ ਵਡ ਸਿਕਦਾਰ, ਲਹਿਣਾ ਦੇਣਾ ਰਿਹਾ ਵਖਾਈਆ। ਲਾੜੀ ਮੌਤ ਕਰ ਸ਼ਿੰਗਾਰ, ਹੱਥੀਂ ਮਹਿੰਦੀ ਰਹੀ ਲਾਈਆ। ਧਰਮ ਰਾਏ ਦਾ ਇਕ ਪਿਆਰ, ਸਚ ਸਪੁੱਤਰੀ ਰਹੀ ਜਣਾਈਆ। ਲੱਖ ਚੁਰਾਸੀ ਵੇਖੇ ਵਿਚ ਸੰਸਾਰ, ਕਲਜੁਗ ਅੰਤਮ ਫੇਰੀ ਪਾਈਆ। ਮੇਲ ਮਿਲਾਏ ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਲੜ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਤੇਰਾ ਸਾਚਾ ਦਰ, ਘਰ ਸਾਚਾ ਇਕ ਸੁਹਾਈਆ। ਸਾਚਾ ਘਰ ਸਹਿਜ ਸੁੱਖ ਪਾਇਆ, ਆਤਮ ਵੱਜੀ ਵਧਾਈਆ। ਮਿਲਿਆ ਮੇਲ ਗੋਬਿੰਦ ਰਾਇਆ, ਹਰਿ ਗੋਬਿੰਦ ਵਿਚ ਸਮਾਈਆ। ਜੋਤੀ ਨੂਰ ਇਕ ਉਪਾਇਆ, ਸ਼ਬਦ ਕਰੀ ਕੁੜਮਾਈਆ। ਗੁਰਮੁਖ ਸਾਚੇ ਰਿਹਾ ਜਗਾਇਆ, ਪੂਤ ਸਪੂਤਾ ਦਏ ਵਡਿਆਈਆ। ਅੱਖਰ ਦੋ ਅੱਖਰ ਜਾਪ ਜਪਾਇਆ, ਸੋਹੰ ਨਾਉਂ ਧਰਾਈਆ। ਸੋ ਪੁਰਖ ਨਿਰੰਜਣ ਦਇਆ ਕਮਾਇਆ, ਸਤਿਗੁਰ ਸਾਚੀ ਸੇਵਾ ਲਾਈਆ। ਹੰ ਹੰਗਤਾ ਰੋਗ ਮਿਟਾਇਆ, ਆਪ ਆਪਣੇ ਅੰਕ ਲਗਾਈਆ। ਦਰ ਦਵਾਰੇ ਜੋ ਮੰਗਤਾ ਮੰਗਣ ਆਇਆ, ਦੇਵੇ ਨਾਮ ਵੱਡੀ ਵਡਿਆਈਆ। ਸਾਚੀ ਸੰਗਤ ਦਏ ਰਲਾਇਆ, ਆਤਮ ਜੋਤੀ ਨੂਰ ਸਵਾਈਆ। ਜਗਤ ਗਿਆਨੀ ਕਿਸੇ ਭੇਵ ਨਾ ਪਾਇਆ, ਪੜ੍ਹ ਪੜ੍ਹ ਥੱਕੀ ਸਰਬ ਲੋਕਾਈਆ। ਆਤਮ ਅੰਤਰ ਕੁੰਡਾ ਕਿਸੇ ਨਾ ਲਾਹਿਆ, ਪ੍ਰਭ ਬੈਠਾ ਮੁਖ ਛੁਪਾਈਆ। ਜਗਤ ਵਿਵਾਦ ਰਸਨ ਰਸਨ ਵਧਾਇਆ, ਆਤਮ ਰਸ ਨਾ ਕੋਈ ਵਖਾਈਆ। ਸਾਧ ਸੰਤ ਹੋਏ ਹਲਕਾਇਆ, ਤ੍ਰਿਖਾ ਤ੍ਰਿਸ਼ਨਾ ਨਾ ਕੋਇ ਬੁਝਾਈਆ। ਚਾਰੋਂ ਕੁੰਟ ਫੇਰਾ ਪਾਇਆ, ਕਲਜੁਗ ਮਾਇਆ ਵਡ ਵਡਿਆਈਆ। ਤ੍ਰੈਗੁਣ ਤੇਰਾ ਲੇਖ ਲਿਖਾਇਆ, ਪ੍ਰਭ ਤੇਰੀ ਝੋਲੀ ਪਾਈਆ। ਆਤਮ ਅੰਤ ਵੇਖ ਵਖਾਇਆ, ਸੰਮਤ ਚੌਦਾਂ ਥਿਤ ਸੁਹਾਈਆ। ਗੁਰਮੁਖ ਸਾਚੇ ਸੰਤ ਜਗਾਇਆ, ਏਕਾ ਸ਼ਬਦ ਕਰੇ ਜਣਾਈਆ। ਨਾਰੀ ਕੰਤ ਮੇਲ ਮਿਲਾਇਆ, ਆਤਮ ਸੇਜਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਤੇਰਾ ਵੇਖ ਘਰ, ਗ਼ਰੀਬ ਨਿਵਾਜਾ ਬੈਠਾ ਆਸਣ ਲਾਈਆ। ਗ਼ਰੀਬ ਨਿਵਾਜਾ ਪੜਦਾ ਖੋਲ੍ਹ, ਆਪਣੀ ਜੋਤ ਜਗਾਇੰਦਾ । ਸ਼ਬਦ ਅਨਾਦੀ ਏਕਾ ਬੋਲ, ਏਕਾ ਮਰਦੰਗਾ ਢੋਲ ਵਜਾਇੰਦਾ। ਆਦਿਨ ਅੰਤਾ ਵਸੇ ਕੋਲ, ਦੂਰ ਨੇੜਾ ਨਾ ਕੋਈ ਰਖਾਇੰਦਾ। ਕਰੇ ਜਣਾਈ ਹੌਲੀ ਹੌਲ, ਜੋ ਜਨ ਰਸਨ ਧਿਆਇੰਦਾ। ਕਾਇਆ ਧਰਤੀ ਜਾਏ ਮਵਲ, ਫਲ ਫੁਲਵਾੜੀ ਆਪ ਸੁਹਾਇੰਦਾ। ਅੰਮ੍ਰਿਤ ਆਤਮ ਭਰੇ ਕਵਲ, ਨਾਭੀ ਕਵਲ ਆਪ ਉਲਟਾਇੰਦਾ। ਬੂੰਦ ਸਵਾਂਤੀ ਦੇਵੇ ਸਾਚੀ ਪੌਲ, ਨਾਮ ਖੰਡਾ ਵਿਚ ਫਿਰਾਇੰਦਾ। ਗੁਰਮੁਖ ਸਦਾ ਰਹਿਣ ਅਡੋਲ, ਨਾ ਡੋਲੇ ਨਾ ਡੋਲ ਡੁਲਾਇੰਦਾ। ਭਾਗ ਲਗਾਏ ਕਾਇਆ ਚੋਲ, ਏਕਾ ਬਸਤਰ ਤਨ ਸੁਹਾਇੰਦਾ। ਬਜਰ ਕਪਾਟੀ ਪੜਦਾ ਖੋਲ੍ਹ, ਆਪ ਆਪਣਾ ਰੂਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿੰਘ ਕਿਸ਼ਨ ਕੇਸ਼ਵ ਰੂਪ ਵਟਾਇੰਦਾ । ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਤ ਭਗਵੰਤ ਸੰਤ ਕੰਤ ਅੰਤ ਬਣਤ ਬਣਾਇੰਦਾ। ਬਣਤ ਬਣਾਏ ਧੁਰ ਦਰਗਾਹ, ਦੋ ਜਹਾਨਾਂ ਵਾਲੀ। ਆਵਣ ਜਾਵਣ ਲੱਖ ਚੁਰਾਸੀ ਕਟੇ ਫਾਹ, ਬੰਸ ਸਰਬੰਸਾ ਪੈਜ ਰਖਾਲੀ। ਅਗੰਮ ਅਗੰਮੜਾ ਪਕੜੇ ਬਾਂਹ, ਜੁਗ ਜੁਗ ਚਲੇ ਚਾਲ ਨਿਰਾਲੀ। ਹੋਏ ਸਹਾਈ ਸਭਨੀ ਥਾਂ, ਜਨ ਭਗਤਾਂ ਬਣਿਆ ਰਹੇ  ਪਾਲੀ। ਜੋਤੀ ਜੋਤ ਸਰੂਪ ਹਰਿ, (ਆਪ ਆਪਣੀ ਕਿਰਪਾ ਕਰ,) ਹਰਿ ਭਗਤ ਹਰਿ ਸੰਗਤ ਸਾਚਾ ਥਾਂ, ਗੁਰਸਿਖ ਆਤਮਕ ਦੀਪਕ ਜੋਤ ਜਗੇ ਦੀਵਾਲੀ।

Leave a Reply

This site uses Akismet to reduce spam. Learn how your comment data is processed.