੧੬ ਕੱਤਕ ੨੦੧੪ ਬਿਕ੍ਰਮੀ ਰਵਾਲ ਸਰ ਗੁਰਦਵਾਰੇ ਮੰਡੀ ਸਕੇਤ ਤੋਂ ਬਚਨ ਲਿਖਾਏ ਅਤੇ ਹਜੂਰ ਸਾਹਿਬ ਭੇਜੇ ਗਏ
ਹਜ਼ੂਰ ਸਾਹਿਬ ਆਇਆ ਹਜ਼ੂਰ, ਹਾਜ਼ਰ ਜੋਤ ਜਗਾਈਆ। ਕਲਜੁਗ ਵੇਲਾ ਅੰਤਮ ਨੇੜ ਨਾ ਜਾਣੋ ਦੂਰ, ਗੋਬਿੰਦ ਰਿਹਾ ਡੰਕ ਵਜਾਈਆ। ਭੇਖ ਪਖੰਡਾ ਕਰੇ ਚੂਰੋ ਚੂਰ, ਠੱਗ ਚੋਰ ਯਾਰ ਗੁਰ ਦਰ ਅੰਦਰ ਮੰਦਰ ਰਹਿਣ ਨਾ ਪਾਈਆ। ਏਕਾ ਨੂਰ ਸਤਿ ਸਰੂਰ ਸਰਬ ਕਲਾ ਭਰਪੂਰ, ਦਿਵਸ ਰੈਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੇ ਖੇਲ ਥਾਉਂ ਥਾਈਂਆ। ਕਰੇ ਖੇਲ ਹੱਕ ਨਿਬੇੜਾ, ਹਰਿ ਗੋਬਿੰਦ ਜੋਤ ਜਗਾਈਆ। ਸੰਬਲ ਨਗਰ ਵਸੇ ਖੇੜਾ, ਹਰਿ ਸਾਚੇ ਬਣਤ ਬਣਾਈਆ। ਜੂਠਾ ਝੂਠਾ ਕਰੇ ਨਿਬੇੜਾ, ਚਾਰੋਂ ਕੁੰਟ ਵੇਖ ਵਖਾਈਆ। ਦੇਵਣ ਆਇਆ ਅੰਤਮ ਗੇੜਾ, ਸ੍ਰਿਸ਼ਟ ਸਬਾਈ ਦਏ ਦੁਹਾਈਆ। ਚਰਨ ਦਵਾਰ ਰੱਖੇ ਖੁਲ੍ਹਾ ਵਿਹੜਾ, ਗੁਰਮੁਖ ਸਾਚੇ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਹਰਿ, ਧਾਮ ਅਵੱਲਾ ਇਕ ਸੁਹਾਈਆ। ਧਾਮ ਅਵੱਲਾ ਉਚ ਮਹੱਲਾ, ਸੰਬਲ ਨਗਰ ਗਰਾਇਆ। ਗੁਰ ਗੋਬਿੰਦਾ ਇਕ ਇਕੱਲਾ, ਬੈਠਾ ਆਸਣ ਲਾਇਆ। ਕਿਸੇ ਹੱਥ ਨਾ ਆਏ ਜਲ ਥਲਾ, ਤੀਰਥ ਤੱਟਾਂ ਨਾ ਵੇਖ ਵਖਾਇਆ। ਗੁਰ ਦਰ ਮੰਦਰ ਅੰਦਰ ਪਏ ਤਰਥੱਲਾ, ਗੁਰ ਗੋਬਿੰਦ ਮੁਖ ਛੁਪਾਇਆ। ਦੀਪਕ ਜੋਤੀ ਕਿਸੇ ਘਰ ਨਾ ਬਲਾ, ਪਾਠ ਅਖੰਡ ਕੋਟੀ ਕੋਟ ਹਵਨ ਕਰਾਇਆ। ਦੂਈ ਦਵੈਤੀ ਨਾ ਮਿਟਿਆ ਸੱਲਾ, ਤੀਰ ਨਿਰਾਲਾ ਏਕਾ ਲਾਇਆ। ਕਲਜੁਗ ਅੰਤਮ ਜੋਤ ਪਰਗਟਾਏ ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲਾ, ਨਿਹਕਲੰਕਾ ਨਾਉਂ ਰਖਾਇਆ। ਸੰਮਤ ਚੌਦਾਂ ਸੋਲਾਂ ਕੱਤਕ ਸ੍ਰਿਸ਼ਟ ਸਬਾਈ ਬੋਲਣ ਵਾਲਾ ਹੱਲਾ, ਉਚੇ ਪਰਬਤ ਉਚੇ ਟਿੱਲੇ ਚੜ੍ਹ ਚੜ੍ਹ ਵੇਖਣਹਾਰ ਪੰਥ ਖਾਲਸਾ ਹੋਇਆ ਝੱਲਾ, ਗੁਰ ਸਤਿਗੁਰ ਗੁਰ ਗੋਬਿੰਦ ਦਿਸ ਨਾ ਆਇਆ। ਮਨ ਮਤ ਮਨ ਮਤੀ ਰਲਾ, ਮਾਇਆ ਮੋਹ ਵਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੰਦੇੜ ਅੰਧੇਰ ਰਿਹਾ ਵਖਾਇਆ। ਆਪਣਾ ਆਪ ਅੰਤਮ ਤਜ, ਨੰਦੇੜ ਦਇਆ ਕਮਾਈਆ। ਸੰਬਲ ਨਗਰੀ ਆਇਆ ਭੱਜ, ਕਲਜੁਗ ਅੰਤਮ ਵੱਜੀ ਵਧਾਈਆ। ਸ੍ਰਿਸ਼ਟ ਸਬਾਈ ਇਕ ਨਗਾਰਾ ਰਿਹਾ ਵੱਜ, ਚਾਰੋਂ ਕੁੰਟ ਕਾਲ ਦੁਹਾਈਆ। ਗੁਰਮੁਖਾਂ ਪੜਦੇ ਲਏ ਕੱਜ, ਏਕਾ ਪੜਦਾ ਨਾਮ ਪਾਈਆ। ਅੰਮ੍ਰਿਤ ਆਤਮ ਪਿਆਏ ਰੱਜ, ਤ੍ਰਿਸਨਾ ਭੁੱਖ ਮਿਟਾਈਆ। ਅਗਨੀ ਹਵਨ ਨਾ ਗਿਆ ਦਝ, ਪੰਜ ਤਤ ਨਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਲਿਆ ਪਰਗਟਾਈਆ। ਆਪ ਆਪਣੀ ਜੋਤ ਜਗਾ, ਗੋਬਿੰਦ ਰੰਗ ਰੰਗਾਇਆ। ਸੰਬਲ ਨਗਰ ਭਾਗ ਲਗਾ, ਮਾਝਾ ਦੇਸ ਸੁਹਾਇਆ। ਅੰਮ੍ਰਿਤਸਰ ਲੇਖ ਲਿਖਾ, ਅਕਾਲ ਤਖ਼ਤ ਸੁਹਾਇਆ। ਪੁਰੀ ਅਨੰਦ ਰਿਹਾ ਬੁਲਾ, ਅਨੰਦ ਪੁਰ ਵਾਸੀ ਆਇਆ। ਨੰਦੇੜ ਨਿਬੇੜਾ ਰਿਹਾ ਕਰਾ, ਅੰਤਮ ਗਿਆ ਤਜਾਇਆ। ਆਦਿ ਪੁਰਖ ਨਿਰੰਜਣ ਖੇਲ ਰਚਾ, ਕਲਜੁਗ ਵੇਖਣ ਆਇਆ। ਸ਼ਬਦ ਘੋੜਾ ਰਿਹਾ ਨਠਾ, ਲੋਆਂ ਪੁਰੀਆਂ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਨਮੁਖਾਂ ਦਏ ਸਜ਼ਾ, ਜਿਨ੍ਹਾਂ ਅੰਗੀਠਾ ਫੋਲ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੋਬਿੰਦ ਕਾਇਆ ਮੰਦਰ ਅੰਦਰ ਸਚ ਸਿੰਘਾਸਣ ਡੇਰਾ ਲਾਇਆ।