Granth 06 Likhat 025: 5 Assu 2013 Bikarmi Booa Singh de Greh Murad Nagar Jila Meeruth

੫ ਅੱਸੂ ੨੦੧੩ ਬਿਕ੍ਰਮੀ ਬੂਆ ਸਿੰਘ ਦੇ ਗ੍ਰਹਿ ਮੁਰਾਦ ਨਗਰ ਜ਼ਿਲਾ ਮੇਰਠ

ਸਾਜਨ ਸਾਹਿਬ ਸਾਖਿਆਤ, ਸਰਬ ਕਲ ਭਰਪੂਰਾ। ਗੁਰਸਿਖ ਬਣਾਏ ਪਾਰਜ਼ਾਤ, ਨਿਰਮਲ ਜੋਤੀ ਬਖ਼ਸ਼ੇ ਨੂਰਾ। ਮਿਟੇ ਰੈਣ ਅੰਧੇਰੀ ਰਾਤ, ਜਗਤ ਵਿਕਾਰਾ ਕਰੇ ਦੂਰਾ। ਚਰਨ ਪ੍ਰੀਤੀ ਬਖ਼ਸ਼ੇ ਦਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵੇ ਦਰਸ ਹਾਜ਼ਰ ਹਜ਼ੂਰਾ। ਹਰਿ ਦਰਸ਼ਨ ਜਨ ਸ਼ਾਂਤ, ਤ੍ਰਿਖਾ ਅਗਨ ਬੁਝਾਈਆ। ਨੇਤਰ ਪਰਸ ਇਕ ਇਕਾਂਤ, ਸੋਈ ਸੁਰਤ ਜਗਾਈਆ। ਆਤਮ ਦੇਵੇ ਬੂੰਦ ਸਵਾਂਤ, ਸੀਤਲ ਧਾਰ ਵਹਾਈਆ। ਸਾਚਾ ਮੇਲਾ ਕਮਲਾਪਾਤ, ਕਮਲੀ ਵਾਲਾ ਆਪ ਅਖਵਾਈਆ। ਗੁਰ ਸੰਗਤ ਬਣਾਏ ਸਚ ਬਰਾਤ, ਦਰ ਸਾਚੇ ਮੰਗਲ ਗਾਈਆ। ਗਊ ਗਰੀਬਾਂ ਆਪੇ ਪੁੱਛੇ ਵਾਤ, ਘਰ ਘਰ ਫੇਰਾ ਪਾਈਆ। ਆਪ ਨਿਭਾਏ ਆਪਣਾ ਸਾਥ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਆਏ ਬੇੜਾ ਪਾਰ ਕਰਾਈਆ। ਬੇੜਾ ਬੰਨੇ ਲਾਵਣਹਾਰ, ਸਰਬ ਜੀਆਂ ਪ੍ਰਭ ਦਾਤਾ। ਸਾਚੀ ਦਾਤ ਦੇਵੇ ਵਿਚ ਸੰਸਾਰ, ਚਰਨ ਪ੍ਰੀਤੀ ਨਾਤਾ। ਚਰਨ ਪ੍ਰੀਤੀ ਚਰਨ ਕਵਲ ਪਿਆਰ, ਉਤਮ ਹੋਏ ਜ਼ਾਤਾ। ਉਤਮ ਜ਼ਾਤਾ ਹਰਿ ਦਵਾਰ, ਹਰਿ ਹਰਿ ਆਪ ਪਛਾਤਾ। ਹਰਿ ਹਰਿ ਰਾਮ ਪਸਰ ਪਸਾਰ, ਸਰਬ ਜੀਆਂ ਕਾ ਗਿਆਤਾ। ਸਰਬ ਜੀਆਂ ਪ੍ਰਭ ਜਾਨਣਹਾਰ, ਜਨ ਭਗਤਾਂ ਦੇਵੇ ਸ਼ਬਦ ਸੁਗ਼ਾਤਾ। ਸ਼ਬਦ ਸੁਗ਼ਾਤੀ ਅਪਰ ਅਪਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਾਗ ਲਗਾਏ ਸਾਚੇ ਡਾਲ੍ਹ, ਮਿਟੇ ਰੈਣ ਅੰਧੇਰੀ ਰਾਤਾ।