Granth 06 Likhat 148: 23 Maghar 2014 Bikarmi Gulzar Singh de Greh Pind Nathewal Jila Ferozepur

੨੩ ਮੱਘਰ ੨੦੧੪ ਬਿਕ੍ਰਮੀ ਗੁਲਜਾਰ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫਿਰੋਜ਼ਪੁਰ

ਨਿਰਗੁਣ ਸ਼ਬਦ ਬਿਬਾਨ, ਭੇਵ ਨਾ ਭੇਦਿਆ। ਨਿਰਗੁਣ ਖੇਲ ਮਹਾਨ, ਅਛਲ ਅਛੇਦਿਆ। ਨਿਰਗੁਣ ਪਦ ਨਿਰਬਾਨ, ਲੇਖ ਨਾ ਜਾਣੇ ਵੇਦ ਕਿਤੇਬਿਆ। ਨਿਰਗੁਣ ਗੁਣ ਨਿਧਾਨ, ਜਾਣੇ ਗੁਣ ਨਾ ਰਸਨਾ ਜਿਹਵਿਆ। ਨਿਰਗੁਣ ਖੇਲ ਦੋ ਜਹਾਨ, ਭੇਵ ਨਾ ਪਾਇਣ ਦੇਵੀ ਦੇਵਿਆ। ਨਿਰਗੁਣ ਆਪ ਭਗਵਾਨ, ਆਪ ਆਪਣਾ ਆਪੇ ਸੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਹੋਏ ਅਲਖ ਅਭੇਵਿਆ। ਨਿਰਗੁਣ ਰੂਪ ਅਨ ਰੰਗ ਰਾਤਾ, ਹਰਿ ਹਰਿ ਆਪ ਅਖਵਾਇਆ। ਪਾਰਬ੍ਰਹਮ ਪ੍ਰਭ ਪੁਰਖ ਬਿਧਾਤਾ, ਪੂਰਨ ਜੋਤ ਸਮਾਇਆ। ਦਿਵਸ ਰੈਣ ਇਕ ਇਕਾਂਤਾ, ਏਕਾ ਧਾਮ ਸੁਹਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਭੈਣ ਭਰਾਤਾ ਨਾ ਕੋਈ ਜਣਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤਾ, ਗ੍ਰੰਥ ਪੰਥ ਨਾ ਕੋਈ ਰਖਾਇਆ। ਸਰਬ ਜੀਆਂ ਪ੍ਰਭ ਆਪੇ ਦਾਤਾ, ਆਪ ਆਪਣਾ ਰਿਹਾ ਜਣਾਇਆ। ਜੁਗ ਜੁਗ ਜਾਣੇ ਆਪਣੀ ਗਾਥਾ, ਗਾਵਣਹਾਰ ਆਪ ਅਖਵਾਇਆ। ਸ਼ਬਦ ਚਲਾਏ ਸਾਚਾ ਰਾਥਾ, ਰਥ ਰਥਵਾਹੀ ਹਰਿ ਰਘੁਰਾਇਆ। ਭਗਤ ਜਨਾਂ ਹਰਿ ਸਗਲਾ ਸਾਥਾ, ਸਾਚਾ ਸੰਗ ਨਿਭਾਇਆ। ਲਹਿਣ ਦੇਣ ਚੁਕਾਏ ਮਸਤਕ ਮਾਥਾ, ਧੁਰ ਮਸਤਕ ਲੇਖ ਲਿਖਾਇਆ। ਲੇਖ ਚੁਕਾਏ ਅੱਠ ਸਾਠਾ, ਤਿੰਨ ਸੌ ਸੱਠ ਵੇਖ ਵਖਾਇਆ। ਸਰ ਸਰੋਵਰ ਮਾਰੇ ਠਾਠਾਂ, ਹਰਿ ਅੰਮ੍ਰਿਤ ਜਲ ਭਰਾਇਆ। ਏਕਾ ਮੰਤਰ ਪੂਜਾ ਪਾਠਾ, ਏਕਾ ਨਾਮ ਦ੍ਰਿੜਾਇਆ। ਜੁਗ ਜੁਗ ਗੇੜੇ ਉਲਟੀ ਲਾਠਾ, ਗੇੜਨਹਾਰ ਆਪ ਅਖਵਾਇਆ। ਸਰਬ ਕਲ ਆਪੇ ਸਮਰਾਥਾ, ਸਤਿ ਪੁਰਖ ਨਿਰੰਜਣ ਆਇਆ। ਵੇਖ ਵਖਾਏ ਰਾਮਾ ਘਰ ਦਸਰਾਥਾ, ਰਾਵਣ ਲੰਕਾ ਗੜ੍ਹ ਤੁੜਾਇਆ। ਕਾਹਨਾ ਕ੍ਰਿਸ਼ਨਾ ਸਗਲਾ ਸਾਥਾ, ਤ੍ਰੈਲੋਕੀ ਨਾਥ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਸਮਾਇਆ। ਨਿਰਗੁਣ ਹਰਿ ਨਿਰੰਕਾਰ, ਥਿਰ ਘਰ ਡੇਰਾ ਲਾਇਆ। ਨਾ ਕੋਈ ਮੰਦਰ ਗੁਰੂਦਵਾਰ, ਮਸਜਿਦ ਕਾਅਬਾ ਨਾ ਕੋਈ ਰਖਾਇਆ। ਮਠ ਭਠ ਨਾ ਕਰ ਤਿਆਰ, ਦਰ ਦਰਵਾਜ਼ਾ ਨਾ ਕੋਈ ਖੁਲ੍ਹਾਇਆ। ਵੇਦ ਪਾਠ ਨਾ ਕੋਈ ਪੁਰਾਨ, ਗੀਤਾ ਗਿਆਨ ਨਾ ਕੋਈ ਜਣਾਇਆ। ਸ਼ਰਅ ਹਦੀਸ ਅੰਜੀਲ ਕੁਰਾਨ, ਮੁਸੱਲਾ ਹੱਥ ਨਾ ਕੋਈ ਰਖਾਇਆ। ਖਾਣੀ ਬਾਣੀ ਨਾ ਕੋਇ ਗਿਆਨ, ਰਾਗ ਛਤੀਸ ਨਾ ਕੋਇ ਅਲਾਇਆ। ਨਿਰਗੁਣ ਰੂਪ ਸ੍ਰੀ ਭਗਵਾਨ, ਹਰਿ ਆਪਣੇ ਵਿਚ ਸਮਾਇਆ। ਨਿਰਗੁਣ ਰੂਪ ਅਪਰ ਅਪਾਰਾ, ਆਪੇ ਕਲ ਵਰਤਾਈਆ। ਆਪੇ ਦੀਪਕ ਜੋਤੀ ਕਰ ਉਜਿਆਰਾ, ਆਪ ਆਪਣਾ ਅੰਧੇਰ ਮਿਟਾਈਆ। ਆਪੇ ਸੁਹਾਏ ਬੰਕ ਦਵਾਰਾ, ਆਪ ਆਪਣਾ ਦਰ ਵਖਾਈਆ। ਆਪੇ ਹੋਏ ਰਾਓ ਰੰਕ ਰਾਜ ਰਾਜਾਨ ਸ਼ਾਹ ਸੁਲਤਾਨ ਸਿਕਦਾਰਾ, ਤਖ਼ਤ ਤਾਜ ਨਾ ਆਪ ਹੰਢਾਈਆ। ਆਪੇ ਹੋਏ ਬੇਐਬ ਪਰਵਰਦਿਗਾਰਾ, ਆਪ ਆਪਣਾ ਨਾਅਰਾ ਲਾਈਆ। ਆਪ ਆਪਣਾ ਕਰੇ ਤਨ ਸ਼ਿੰਗਾਰਾ, ਬਸਤਰ ਆਪਣਾ ਤਨ ਹੰਢਾਈਆ। ਆਪ ਆਪਣਾ ਬਣੇ ਮੀਤ ਮੁਰਾਰਾ, ਆਪ ਆਪਣਾ ਸੰਗ ਨਿਭਾਈਆ। ਆਪ ਆਪਣਾ ਕਰੇ ਬੰਦ ਕਿਵਾੜਾ, ਆਪ ਆਪਣਾ ਰਿਹਾ ਖੁਲ੍ਹਾਈਆ। ਆਪ ਆਪਣਾ ਵੇਖੇ ਸਚ ਅਖਾੜਾ, ਆਪ ਆਪਣਾ ਰਾਗ ਅਲਾਈਆ। ਆਪ ਆਪਣਾ ਸੁਹਾਏ ਗੜ੍ਹ ਅਪਰ ਅਪਾਰਾ, ਉਪਰ ਚੜ੍ਹ ਆਸਣ ਲਾਈਆ। ਨਾ ਕੋਈ ਸੀਸ ਨਾ ਕੋਈ ਧੜ ਨਾ ਬੰਨ੍ਹੇ ਦਸਤਾਰਾ, ਕਲਗੀ ਤੋੜਾ ਨਾ ਵੇਖ ਵਖਾਈਆ। ਨਾ ਕੋਈ ਘੋੜਾ ਨਾ ਕੋਈ ਜੋੜਾ, ਦਰ ਦਰਬਾਨ ਨਾ ਕੋਈ ਸਹਾਈਆ। ਸੱਸੇ ਉਪਰ ਏਕਾ ਹੋੜਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਸਾਚੇ ਮੰਦਰ ਆਪੇ ਲਾਇਆ ਪੌੜਾ, ਥਿਰ ਘਰ ਬੈਠਾ ਸੇਜ ਵਿਛਾਈਆ। ਦਰ ਦਵਾਰੇ ਆਪਣੇ ਆਪੇ ਬਹੁੜਾ, ਆਪ ਆਪਣਾ ਵੇਖ ਵਖਾਈਆ। ਆਪੇ ਹੋਏ ਮਿੱਠਾ ਕੌੜਾ, ਰਸ ਰਸੀਆ ਹਰਿ ਰਘੁਰਾਈਆ। ਆਪੇ ਹੋਏ ਲੰਮਾ ਚੌੜਾ, ਆਪਣਾ ਲੇਖਾ ਆਪ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਈਆ। ਨਿਰਗੁਣ ਨਰਾਇਣ ਨਰ ਹਰਿ ਖੇਲ ਅਵੱਲਾ, ਆਪਣਾ ਆਪ ਕਰਾਇਆ। ਥਿਰ ਘਰ ਵਸਾਏ ਸਚ ਮਹੱਲਾ, ਸਚ ਸਮਗਰੀ ਇਕ ਰਖਾਇਆ। ਦਰ ਦਵਾਰ ਆਪਣਾ ਆਪੇ ਮੱਲਾ, ਆਪ ਆਪਣਾ ਵੇਖ ਵਖਾਇਆ। ਆਦਿ ਜੁਗਾਦੀ ਇਕ ਇਕੱਲਾ, ਅਕਲ ਕਲਾ ਅਖਵਾਇਆ। ਨਾ ਕੋਈ ਦੂਈ ਦਵੈਤੀ ਮੇਟੇ ਸੱਲਾ, ਵਰਨ ਬਰਨ ਨਾ ਕੋਈ ਜਣਾਇਆ। ਆਪਣੀ ਜੋਤੀ ਆਪੇ ਰਲਾ, ਆਪ ਆਪਣਾ ਦਏ ਉਪਾਇਆ। ਆਪੇ ਫਲਿਆ ਆਪੇ ਫੁਲਾ, ਆਪ ਆਪਣੀ ਫੁਲ ਫੁਲਵਾੜੀ ਵੇਖ ਵਖਾਇਆ। ਆਪ ਆਪਣਾ ਪਾਏ ਮੁੱਲਾ, ਆਪ ਆਪਣਾ ਤੋਲ ਤੁਲਾਇਆ। ਆਪੇ ਹੋਏ ਭੁਲ ਅਨਭੁਲਾ, ਅਨਭੁਲ ਅਨਭੁਲ ਆਪ ਅਖਵਾਇਆ। ਆਪੇ ਜਾਣੇ ਆਪਣੀ ਕੁੱਲਾ, ਕੁਲਾਵੰਤ ਹਰਿ ਰਘੁਰਾਇਆ। ਆਪ ਆਪਣੀ ਪ੍ਰੀਤੀ ਘੋਲ ਘੁਲਾ, ਆਪ ਆਪਣੀ ਸੇਵ ਕਮਾਇਆ। ਆਪੇ ਫਲਿਆ ਆਪੇ ਫੁੱਲਾ, ਆਪ ਆਪਣਾ ਦਏ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਆਦਿ ਨਿਰੰਜਣ, ਆਦਿ ਪੁਰਖ ਅਬਿਨਾਸ਼ਾ। ਆਪੇ ਜਾਣੇ ਆਪਣਾ ਮਜਨ, ਆਪ ਆਪਣਾ ਦਏ ਭਰਵਾਸਾ। ਆਪ ਆਪਣਾ ਹੋਇਆ ਸੱਜਣ, ਆਪ ਆਪਣਾ ਦਾਸੀ ਦਾਸਾ। ਆਪ ਆਪਣਾ ਪੜਦਾ ਆਪੇ ਕੱਜਣ, ਆਪੇ ਪਾਏ ਮੰਡਲ ਰਾਸਾ। ਆਪਣੇ ਤਾਲ ਘਰ ਆਪਣੇ ਵੱਜਣ, ਸੁਣੇ ਸੁਣਾਏ ਸ਼ਾਹੋ ਸ਼ਾਬਾਸ਼ਾ। ਆਪ ਆਪਣੀ ਰੱਖੇ ਲਜਣ, ਗੁਣਵੰਤ ਹਰਿ ਗੁਣਤਾਸਾ। ਨਾ ਘੜਿਆ ਨਾ ਕਦੇ ਭੱਜਣ, ਮਾਤ ਗਰਭ ਨਾ ਹੋਏ ਵਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਵੇਖੇ ਖੇਲ ਤਮਾਸ਼ਾ । ਨਿਰਗੁਣ ਰੂਪ ਹਰਿ ਅਗੰਮ, ਆਦਿ ਅੰਤ ਏਕੰਕਾਰਾ। ਨਾ ਮਰੇ ਨਾ ਪਏ ਜੰਮ, ਨਿਰਮਲ ਜੋਤੀ ਜੋਤ ਉਜਿਆਰਾ। ਆਪ ਸਵਾਰੇ ਆਪਣਾ ਕੰਮ, ਨਾ ਕੋਈ ਮੰਗੇ ਹੋਰ ਸਹਾਰਾ। ਆਪੇ ਜਾਣੇ ਆਪਣਾ ਦਮ, ਆਪੇ ਦੇਵੇ ਪਵਣ ਹੁਲਾਰਾ। ਆਪੇ ਜਾਣੇ ਆਪਣਾ ਚੰਮ, ਪੰਜ ਤਤ ਨਾ ਕੋਈ ਆਕਾਰਾ। ਆਪ ਆਪਣਾ ਬੇੜਾ ਬੰਨ੍ਹ, ਆਪ ਆਪਣਾ ਵੇਖੇ ਮੰਝਧਾਰਾ। ਆਪ ਆਪਣੀ ਵਸਿਆ ਛਪਰ ਛੰਨ, ਨਾ ਕੋਈ ਮੰਦਰ ਗੁਰੂਦਵਾਰਾ। ਨਿਰਗੁਣ ਰੂਪ ਤੇਰਾ ਖੇਲ ਧੰਨ, ਥਿਰ ਘਰ ਕੋਈ ਨਾ ਲਾਇਆ ਇੱਟਾਂ ਗਾਰਾ । ਨਾ ਕੋਈ ਸੂਰਜ ਨਾ ਕੋਈ ਚੰਨ, ਨਾ ਕੋਈ ਚੰਦ ਸਿਤਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲੇ ਖੇਲ ਨਿਆਰਾ। ਨਿਰਗੁਣ ਰੂਪ ਹਰਿ ਅਕਾਲ, ਆਪਣੇ ਰੂਪ ਸਮਾਇਆ। ਆਪੇ ਦੀਨਾ ਬੰਧਪ ਦੀਨ ਦਿਆਲ, ਸ਼ਾਹੋ ਭੂਪ ਅਖਵਾਇਆ। ਆਪੇ ਹੋਏ ਅਨਮੁਲੜਾ ਲਾਲ, ਆਪ ਆਪਣੀ ਗੋਦ ਉਠਾਇਆ। ਆਪ ਆਪਣਾ ਲਏ ਭਾਲ, ਆਪ ਆਪਣਾ ਬਾਹਰ ਕਢਾਇਆ। ਆਪ ਆਪਣਾ ਮਾਰ ਉਛਾਲ, ਆਪ ਆਪਣੀ ਬਣਤ ਬਣਾਇਆ। ਆਪ ਆਪਣਾ ਹੋਏ ਦਲਾਲ, ਆਪ ਆਪਣੀ ਰਚਨ ਰਚਾਇਆ। ਆਪ ਆਪਣਾ ਪਾਏ ਜੰਜਾਲ, ਤੋੜਨਹਾਰ ਆਪ ਅਖਵਾਇਆ। ਆਪੇ ਸ਼ਾਹ ਆਪੇ ਕੰਗਾਲ, ਧਨ ਧਨਵੰਤ ਆਪ ਹੋ ਜਾਇਆ। ਆਪੇ ਚਲੇ ਆਪਣੇ ਨਾਲ, ਆਪ ਆਪਣਾ ਬੈਠਾ ਮੁਖ ਛੁਪਾਇਆ। ਆਪ ਆਪਣੀ ਕਰੇ ਸੰਭਾਲ, ਅੱਠੇ ਪਹਿਰ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਸਤਿ ਕਰਤਾਰ, ਸਤਿ ਸਤਿ ਸਮਾਇਆ। ਅਠ ਸਠ ਨਾ ਕਰੇ ਵਿਚਾਰ, ਗੰਗਾ ਗੋਦਾਵਰੀ ਦਿਸ ਨਾ ਆਇਆ । ਪਾਰਬ੍ਰਹਮ ਪੁਰਖ ਅਪਾਰ, ਆਪ ਆਪਣੀ ਧਾਰ ਚਲਾਇਆ। ਆਪ ਆਪਣੀ ਜਾਣੇ ਸਾਰ, ਸਚ ਸਾਰਥੀ ਆਪ ਅਖਵਾਇਆ। ਆਪੇ ਜਾਣੇ ਆਪਣੀ ਕਾਰ, ਕਰਨਹਾਰ ਹਰਿ ਰਘੁਰਾਇਆ। ਆਪੇ ਬੈਠ ਸਚ ਤਖ਼ਤ ਸੱਚੇ ਦਰਬਾਰ, ਆਪ ਆਪਣਾ ਹੁਕਮ ਚਲਾਇਆ। ਆਪੇ ਹੋਏ ਚੋਬਦਾਰ, ਆਪੇ ਸ਼ਾਹੋ ਭੂਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਹਰਿ ਨਿਰੰਕਾਰ, ਨਿਰਗੁਣ ਵਿਚ ਸਮਾਇਆ। ਨਿਰਗੁਣ ਰੂਪ ਹਰਿ ਭਗਵੰਤਾ, ਭੇਵ ਨਾ ਕੋਈ ਭੇਦਿਆ। ਆਪੇ ਜਾਣੇ ਆਦਿਨ ਅੰਤਾ, ਆਪ ਆਪਣੀ ਕਰੇ ਸੇਵਿਆ। ਖੇਲੇ ਖੇਲ ਜੁਗਾ ਜੁਗੰਤਾ, ਵਡ ਦਾਤਾ ਦੇਵੀ ਦੇਵਿਆ। ਆਪ ਬਣਾਏ ਆਪਣੀ ਬਣਤਾ, ਆਪੇ ਖਾਏ ਆਪਣਾ ਫਲ ਸਾਚਾ ਮੇਵਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਾ ਕੋਈ ਰਸਨਾ ਨਾ ਕੋਈ ਜਿਹਵਿਆ। ਨਿਰਗੁਣ ਰੂਪ ਹਰਿ ਨਿਧਾਨਾ, ਆਦਿ ਪੁਰਖ ਅਖਵਾਇਆ। ਆਪ ਆਪਣਾ ਕਰ ਪਰਵਾਨਾ, ਆਪਣਾ ਘਰ ਸੁਹਾਇਆ। ਆਪ ਆਪਣਾ ਬਣ ਮਰਦਾਨਾ, ਪਰਮ ਪੁਰਖ ਆਪ ਹੋ ਜਾਇਆ। ਆਪ ਆਪਣਾ ਕਰੇ ਖੇਲ ਮਹਾਨਾ, ਆਪ ਆਪਣਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨਿਰਗੁਣ ਰੂਪ ਉਪਾਇਆ। ਨਿਰਗੁਣ ਰੂਪ ਸਚ ਤਖ਼ਤ ਸੁਲਤਾਨ, ਹਰਿ ਸਾਚਾ ਆਪ ਬਰਾਜਿਆ। ਆਪੇ ਹੋਏ ਮਿਹਰਵਾਨ, ਆਪ ਆਪਣਾ ਰਚਿਆ ਕਾਜਿਆ। ਆਪ ਆਪਣਾ ਵੇਖੇ ਮਾਰ ਧਿਆਨ, ਨਾ ਕੋਈ ਦੂਸਰ ਸਾਜਨ ਸਾਜਿਆ। ਨਾ ਕੋਈ ਦੀਸੇ ਹੋਰ ਨਿਸ਼ਾਨ, ਨਾ ਕੋਈ ਮਾਰੇ ਆਵਾਜ਼ਿਆ। ਇਕ ਇਕੱਲਾ ਹਰਿ ਭਗਵਾਨ, ਆਪ ਆਪਣੀ ਰੱਖੇ ਲੱਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਸਾਜਨ ਸਾਜਿਆ। ਆਪ ਆਪਣਾ ਸਾਜਨ ਸਾਜ, ਹਰਿ ਸਾਚੇ ਰਚਨ ਰਚਾਈਆ। ਆਪੇ ਹੋਇਆ ਗਰੀਬ ਨਿਵਾਜ, ਆਪ ਆਪਣੀ ਦਇਆ ਕਮਾਈਆ। ਆਦਿ ਸ਼ਕਤ ਪ੍ਰਭ ਮਾਰੇ ਆਵਾਜ਼, ਆਪ ਆਪਣੇ ਅੰਗ ਸਮਾਈਆ। ਥਿਰ ਘਰ ਰਚਿਆ ਸਾਚਾ ਕਾਜ, ਏਕਾ ਸੇਜ ਸੁਹਾਈਆ। ਪੁਰਖ ਅਬਿਨਾਸ਼ੀ ਆਪ ਆਪਣਾ ਦੇਵੇ ਤਾਜ, ਸੀਸ ਆਪਣੇ ਹੱਥ ਰਖਾਈਆ। ਏਕਾ ਸ਼ਬਦ ਸੁਤ ਮਾਰ ਆਵਾਜ਼, ਆਪ ਆਪਣਾ ਰਿਹਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਆਪਣਾ ਅੰਗ ਕਟਾਈਆ। ਨਿਰਗੁਣ ਆਪਣਾ ਆਪ ਉਪਾ, ਸ਼ਬਦੀ ਸੁਤ ਉਪਾਇਆ। ਆਪ ਆਪਣਾ ਦਏ ਜਣਾ, ਅਬਿਨਾਸ਼ੀ ਅਚੁੱਤ ਆਪ ਅਖਵਾਇਆ। ਆਪ ਆਪਣਾ ਰਾਗ ਅਲਾ, ਅਨਾਦੀ ਧੁਨ ਉਪਜਾਇਆ। ਬ੍ਰਹਿਮਾਦੀ ਸਾਚੀ ਖੋਜ ਖੁਜਾ, ਏਕਾ ਵੰਡਨ ਵੰਡ ਵੰਡਾਇਆ। ਆਦਿ ਜੁਗਾਦੀ ਝੋਲੀ ਪਾ, ਸਾਚਾ ਪੱਲਾ ਆਪ ਫਿਰਾਇਆ। ਆਪੇ ਦਾਤਾ ਰਿਹਾ ਵਰਤਾ, ਨਿਖੁੱਟ ਕਦੇ ਨਾ ਜਾਇਆ। ਉਤਮ ਜ਼ਾਤਾ ਇਕ ਰਖਾ, ਪਿਤਾ ਮਾਤ ਨਾ ਮੋਹ ਵਧਾਇਆ। ਸਾਚੀ ਸਿਖਿਆ ਇਕ ਸੁਣਾ, ਸਾਚਾ ਸੁਤ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੁਤ ਦਿਤਾ ਵਰ, ਸਾਚਾ ਘਰ ਆਪ ਸੁਹਾਇਆ। ਸਾਚਾ ਘਰ ਹਰਿ ਸੁਹਜੰਣਾ, ਆਪਣਾ ਆਪ ਉਪਾਇਆ। ਜਗੇ ਜੋਤ ਇਕ ਨਿਰੰਜਣਾ, ਅੱਠੇ ਪਹਿਰ ਰੁਸ਼ਨਾਇਆ। ਆਪੇ ਹੋਏ ਦਰਦ ਦੁੱਖ ਭੈ ਭੰਜਣਾ, ਆਪ ਆਪਣਾ ਸੰਗ ਨਿਭਾਇਆ। ਆਪ ਆਪਣਾ ਬਖ਼ਸ਼ੇ ਸਾਚਾ ਮਜਨਾ, ਆਪ ਆਪਣਾ ਰੰਗ ਚੜ੍ਹਾਇਆ। ਆਪੇ ਹੋਇਆ ਪੜਦੇ ਕੱਜਨਾ, ਆਪ ਆਪਣੀ ਗੋਦ ਉਠਾਇਆ। ਆਪੇ ਬਣਿਆ ਸਾਚਾ ਸੱਜਣਾ, ਦੇ ਮਤ ਰਿਹਾ ਸਮਝਾਇਆ। ਬ੍ਰਹਿਮੰਡ ਖੰਡ ਤੇਰਾ ਤਾਲ ਨਗਾਰਾ ਵੱਜਣਾ, ਪ੍ਰਭ ਸਾਚਾ ਰਿਹਾ ਵਜਾਇਆ। ਹਰਿ ਘੜਿਆ ਫਿਰ ਨਾ ਭੱਜਣਾ, ਜੁਗ ਜੁਗ ਵੇਸ ਵਟਾਇਆ। ਤ੍ਰੈਲੋਕ ਤੇਰਾ ਆਪ ਚਲਾਏ ਜਹਾਜ਼ਨਾ, ਲੋਆਂ ਪੁਰੀਆਂ ਫੇਰਾ ਪਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਉਠਾਏ ਮਾਰ ਮਾਰ ਆਵਾਜ਼ਨਾ, ਪ੍ਰਭ ਸਾਚਾ ਸੇਵਾ ਲਾਇਆ। ਲੱਖ ਚੁਰਾਸੀ ਰਚਿਆ ਕਾਜਨਾ, ਤ੍ਰੈਗੁਣ ਮਾਇਆ ਬਣਤ ਬਣਾਇਆ। ਪੰਜ ਤਤ ਧਾਰੇ ਸਾਜਨਾ, ਤ੍ਰੈਗੁਣ ਵੇਖ ਵਖਾਇਆ। ਨਿਰਗੁਣ ਰੂਪ ਗਰੀਬ ਨਿਵਾਜਨਾ, ਆਪ ਆਪਣਾ ਲਏ ਉਪਾਇਆ। ਸ਼ਬਦ ਸੁਤ ਦੇਵੇ ਵਰ ਹਰਿ ਸ਼ਾਹੋ ਸ਼ਬਾਸ਼ਨਾ, ਆਪ ਆਪਣਾ ਵਿਚ ਟਿਕਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਨਾ, ਪਾਰਬ੍ਰਹਮ ਇਕ ਸਰਨਾਇਆ। ਆਪੇ ਜਾਣੇ ਆਪਣੀ ਵਾਸ਼ਨਾ, ਆਪ ਆਪਣੇ ਫੁਰਨੇ ਵਿਚ ਸਮਾਇਆ। ਆਪ ਉਪਾਏ ਸ਼ੇਸ਼ ਬਾਸ਼ਕ, ਸਾਂਗੋ ਪਾਂਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਤ ਸਪੂਤੇ ਦਿਤਾ ਵਰ, ਆਪ ਆਪਣੀ ਦਇਆ ਕਮਾਇਆ। ਸਾਚਾ ਸੁਤ ਹੋ ਤਿਆਰ, ਦਰ ਕਰੇ ਹਰਿ ਨਿਮਸਕਾਰਿਆ । ਪੁਰਖ ਅਬਿਨਾਸ਼ੀ ਕਿਰਪਾ ਕਰ, ਢਹਿ ਪਏ ਚਰਨ ਦਵਾਰਿਆ। ਛੱਡਣਾ ਨਾ ਪਏ ਤੇਰਾ ਥਿਰ ਘਰ, ਆਵਾਂ ਜਾਵਾਂ ਵਾਰੋ ਵਾਰਿਆ। ਆਪਣੀ ਕਿਰਪਾ ਆਪੇ ਕਰ, ਮੇਰਾ ਤੇਰਾ ਭੇਵ ਨਿਵਾਰਿਆ। ਸੋ ਪੁਰਖ ਨਿਰੰਜਣ ਸਿਰ ਹੱਥ ਧਰ, ਆਪ ਆਪਣਾ ਦਏ ਸਹਾਰਿਆ। ਆਪ ਆਪਣਾ ਅੰਗ ਵੱਖ ਕਰ, ਸੁਤ ਸ਼ਬਦ ਝੋਲੀ ਪਾ ਰਿਹਾ । ਲੱਖ ਚੁਰਾਸੀ ਦਏ ਵਰ, ਆਪ ਆਪਣਾ ਵਿਚ ਧਰ, ਹੰ ਹੰਗਤਾ ਨਾਮ ਉਪਾ ਲਿਆ। ਭੇਵ ਨਾ ਜਾਣੇ ਸੁਰ ਨਰ, ਵੇਦ ਕਿਤੇਬ ਨਾ ਕਿਸੇ ਲਿਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਸਾਚਾ ਸੁਤ ਪਰਗਟ ਕਰ ਅਬਿਨਾਸ਼ੀ ਅਚੁੱਤ, ਬ੍ਰਹਿਮੰਡ ਖੰਡ ਰਚਨ ਰਚਾ ਲਿਆ। ਸ਼ਬਦ ਸੁਤ ਵੱਡ ਸਿਕਦਾਰ, ਤ੍ਰੈਲੋਕ ਕਰੇ ਧਿਆਨਿਆ। ਪੁਰਖ ਅਬਿਨਾਸ਼ੀ ਕਰੇ ਖ਼ਬਰਦਾਰ, ਸੋ ਪੁਰਖ ਨਿਰੰਜਣ ਦੇਵੇ ਧੁਰ ਫ਼ਰਮਾਨਿਆ। ਲੋਆਂ ਪੁਰੀਆਂ ਪਾਵੇ ਸਾਰ, ਗਗਨ ਪਾਤਾਲਾਂ ਦੋ ਜਹਾਨਿਆ। ਲੱਖ ਚੁਰਾਸੀ ਦਏ ਅਧਾਰ, ਆਪ ਆਪਣਾ ਅੰਗ ਕਟਾਨਿਆ। ਦਿਸ ਨਾ ਆਏ ਵਿਚ ਸੰਸਾਰ, ਮਨ ਮਤ ਬੁਧ ਹੋਈ ਹੈਰਾਨਿਆ। ਆਪ ਉਪਾਏ ਆਪੇ ਲਏ ਸੰਘਾਰ, ਆਪ ਵਿਛੋੜੇ ਆਪੇ ਮੇਲ ਮਿਲਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਆਪ ਵਖਾਨਿਆ। ਆਪ ਆਪਣਾ ਵੇਖ ਵਖਾ, ਸੋ ਪੁਰਖ ਨਿਰੰਜਣ ਦਇਆ ਕਮਾਈਆ। ਸਤਿਗੁਰ ਸ਼ਬਦ ਇਕ ਸੁਣਾ, ਲੋਆਂ ਪੁਰੀਆਂ ਰਿਹਾ ਜਗਾਈਆ। ਲੇਖਾ ਲਿਖਿਆ ਨਾ ਸਕੇ ਕੋਈ ਮਿਟਾ, ਬ੍ਰਹਮਾ ਵੇਤਾ ਮੁਖ ਸ਼ਰਮਾਈਆ। ਆਪੇ ਜਾਣੇ ਆਪਣਾ ਥਾਂ, ਹਰ ਘਟ ਵਸਿਆ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੰ ਹੰ ਰੂਪ ਅਖਵਾਈਆ । ਹੰ ਰੂਪ ਆਪ ਅਖਵਾ, ਆਪਣਾ ਅੰਗ ਕਟਾਇੰਦਾ। ਲੱਖ ਚੁਰਾਸੀ ਵਿਚ ਸਮਾ, ਆਪ ਆਪਣਾ ਮੁਖ ਛੁਪਾਇੰਦਾ। ਜੋਗ ਜੁਗਤ ਜਗਤ ਬਣਾ, ਵੇਦ ਕਿਤੇਬ ਅਲਾਇੰਦਾ। ਭਗਤ ਸ਼ਕਤ ਇਕ ਵਖਾ, ਅਕਲ ਕਲਾ ਦਰਸਾਇੰਦਾ। ਸਾਧ ਸੰਤ ਲਏ ਉਪਾ, ਆਪ ਆਪਣਾ ਨਾਮ ਜਣਾਇੰਦਾ। ਗੁਰ ਪੀਰ ਅਵਤਾਰ ਧਰਾ, ਲਹਿਣਾ ਦੇਣਾ ਜਗਤ ਚੁਕਾਇੰਦਾ। ਆਪ ਆਪਣੀ ਵੰਡ ਵੰਡਾ, ਸਤਿਜੁਗ ਤ੍ਰੇਤਾ ਰੂਪ ਵਟਾਇੰਦਾ। ਦੁਆਪਰ ਵੇਖੇ ਸਾਚਾ ਥਾਂ, ਰਾਮਾ ਕ੍ਰਿਸ਼ਨਾ ਭੇਵ ਨਾ ਪਾਇੰਦਾ। ਕਲਜੁਗ ਸਾਚੇ ਬਲ ਬਲ ਜਾਂ, ਆਪਣੀ ਵਿਦਿਆ ਆਪ ਪੜ੍ਹਾਇੰਦਾ। ਐੜਾ ਅੱਖ ਇਕ ਖੁਲ੍ਹਾ, ਅੱਲਾ ਰਾਣੀ ਸੰਗ ਰਲਾਇੰਦਾ। ਏਕਾ ਨਾਅਰਾ ਨਾਉਂ ਲਗਾ, ਲਾਸ਼ਰੀਕ ਆਪ ਹੋ ਜਾਇੰਦਾ । ਅਗੈਬ ਅਗੈਬੀ ਹਰਿ ਖ਼ੁਦਾ, ਖ਼ੁਦੀ ਤਕਬਰੀ ਵਿਚ ਸਮਾਇੰਦਾ। ਆਪੇ ਅੰਦਰ ਆਪੇ ਹੋਏ ਜੁਦਾ, ਆਪੇ ਦਿਸ ਨਾ ਆਇੰਦਾ। ਆਪ ਆਪਣਾ ਕਰੇ ਫਿਦਾ, ਆਪ ਆਪਣਾ ਮੂਲ ਚੁਕਾਇੰਦਾ। ਕਲਜੁਗ ਅੰਤਮ ਗਹਿਣਾ ਪਾ, ਸਚ ਸ਼ਿੰਗਾਰ ਕਰਾਇੰਦਾ। ਨਾਨਕ ਗੁਰ ਲਿਆ ਉਪਾ, ਨਾਮ ਸਤਿ ਝੋਲੀ ਪਾਇੰਦਾ। ਦੋਏ ਜੋੜ ਬੈਠਾ ਸੀਸ ਝੁਕਾ, ਨੇਤਰ ਨੀਰ ਵਹਾਇੰਦਾ। ਪ੍ਰਭ ਅਬਿਨਾਸ਼ੀ ਬੇਪਰਵਾਹ, ਆਪ ਆਪਣੇ ਗਲੇ ਲਗਾਇੰਦਾ। ਏਕਾ ਦੇਵੇ ਸਿਫ਼ਤ ਸਲਾਹ, ਨਿਰਗੁਣ ਨਿਰਗੁਣ ਵਿਚ ਸਮਾਇੰਦਾ। ਇਕ ਉਪਾਏ ਸਾਚਾ ਨਾਂ, ਏਕਾ ਰਸਨ ਚਲਾਇੰਦਾ। ਨਾਨਕ ਨਿਰਗੁਣ ਕਰੇ ਸਚ ਨਿਆਂ, ਲੋਕਮਾਤੀ ਫੇਰਾ ਪਾਇੰਦਾ। ਦਹਿ ਦਿਸ਼ਾ ਵਖਾਣੇੇ ਸਾਚਾ ਥਾਂ, ਗਊ ਗਰੀਬਾਂ ਗਲੇ ਲਗਾਇੰਦਾ। ਆਪਣਾ ਲੇਖਾ ਆਪ ਜਣਾ, ਆਪ ਆਪਣਾ ਰਾਗ ਸੁਣਾਇੰਦਾ। ਸਾਰੰਗ ਹੱਥ ਮਰਦਾਨੇ ਫੜਾ, ਏਕਾ ਤਾਲ ਵਜਾਇੰਦਾ। ਆਪ ਆਪਣਾ ਥਿਰ ਘਰ ਬਹਾ, ਸਚ ਮਹੱਲ ਅਟੱਲ ਸੁਹਾਇੰਦਾ। ਏਕਾ ਏਕ ਜਣਾਏ ਸਾਚਾ ਨਾਂ, ਸਾਚਾ ਲੇਖਾ ਇਕ ਜਣਾਇੰਦਾ। ਨਿਰਗੁਣ ਨਾਨਕ ਰਸਨਾ ਰਿਹਾ ਗਾ, ਨਿਰੰਕਾਰ ਨਿਰੰਕਾਰ ਨਿਰੰਕਾਰ ਅਲਾਇੰਦਾ। ਏਕਾ ਦੂਜਾ ਭਓ ਮਿਟਾ, ਪ੍ਰਭ ਸਾਚਾ ਦਰ ਸੁਹਾਇੰਦਾ। ਪ੍ਰਭ ਅਬਿਨਾਸ਼ੀ ਦਇਆ ਕਮਾ, ਲੋਕਮਾਤੀ ਸੇਵਾ ਲਾਇੰਦਾ। ਨਾਨਕ ਸਾਚੀ ਸੇਵ ਕਮਾ, ਸਾਚਾ ਮਾਰਗ ਇਕ ਵਖਾਇੰਦਾ। ਜੀਵ ਜੰਤ ਕੋਈ ਜਾਣੇ ਨਾ, ਭੁੱਲ ਭੁੱਲ ਵਕਤ ਗਵਾਇੰਦਾ। ਆਪ ਆਪਣਾ ਦਏ ਤਜਾ, ਅੰਗਣ ਅੰਗ ਲਗਾਇੰਦਾ। ਪੁਰਖ ਅਬਿਨਾਸ਼ੀ ਅੱਗੇ ਏਕਾ ਏਕ ਰਿਹਾ ਜਣਾ, ਤੇਰਾ ਭੇਵ ਕੋਈ ਨਾ ਪਾਇੰਦਾ। ਪਾਰਬ੍ਰਹਮ ਪ੍ਰਭ ਦਏ ਸੁਣਾ, ਨਾਨਕ ਗੁਰ ਜਣਾਇੰਦਾ। ਕਲਜੁਗ ਵੇਲਾ ਅੰਤਮ ਜਾਏ ਆ, ਤੇਰਾਂ ਤੇਰਾਂ ਪੂਰਾ ਤੋਲ ਕਰਾਇੰਦਾ। ਨਿਹਕਲੰਕਾ ਜਾਮਾ ਪਾ, ਸ਼ਬਦੀ ਡੰਕ ਇਕ ਵਜਾਇੰਦਾ। ਸੋਹੰ ਸੋ ਸਤਿਗੁਰ ਨਾਨਕ ਆਪਣੀ ਰਸਨਾ ਗਿਆ ਗਾ, ਜੀਵਾਂ ਜੰਤਾਂ ਭੇਵ ਛੁਪਾਇੰਦਾ। ਬਿਨ ਗੁਰ ਪੂਰੇ ਜੁਗ ਜੁਗ ਕੋਈ ਨਾ ਪਕੜੇ ਬਾਂਹ, ਆਪ ਆਪਣਾ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਗੁਣ ਰੂਪ ਨਰ ਨਿਰੰਕਾਰ, ਨਿਰਗੁਣ ਨਿਰਗੁਣ ਨਿਰਗੁਣ ਵਿਚ ਸਮਾਇੰਦਾ।

Leave a Reply

This site uses Akismet to reduce spam. Learn how your comment data is processed.