੨੨ ਜੇਠ ੨੦੧੪ ਬਿਕ੍ਰਮੀ ਸਾਧੂ ਸਿੰਘ ਦੇ ਗ੍ਰਹਿ ਪਿੰਡੇ ਰੋਡੇ ਵਾਲ ਜ਼ਿਲਾ ਫਿਰੋਜ਼ਪੁਰ
ਪੁਰਖ ਅਬਿਨਾਸ਼ੀ ਸ੍ਰੀ ਭਗਵਾਨਾ, ਅਕਲ ਕਲਾ ਸਮਾਇਆ। ਖੇਲੇ ਖੇਲ ਦੋ ਜਹਾਨਾਂ, ਦਿਸ ਕਿਸੇ ਨਾ ਆਇਆ। ਜੋਤੀ ਨੂਰ ਹਰਿ ਮਹਾਨਾ, ਆਪਣਾ ਆਪ ਉਪਾਇਆ। ਸ਼ਬਦ ਜਣਾਏ ਸਚ ਤਰਾਨਾ, ਏਕਾ ਨਾਦ ਵਜਾਇਆ। ਧੁਨ ਅਨਾਦੀ ਗਾਏ ਗਾਨਾ, ਗਾਵਣਹਾਰ ਸਦਾ ਅਖਵਾਇਆ। ਸੰਤ ਸੁਹੇਲੇ ਗੁਰਮੁਖ ਵਿਰਲੇ ਸਾਚਾ ਮੇਲਾ ਮੇਲ ਮਿਲਾਨਾ, ਦਰ ਘਰ ਸਾਚਾ ਇਕ ਵਖਾਇਆ। ਮਨ ਮਤ ਬੁਧ ਹੋਏ ਹੈਰਾਨਾ ਭੇਵ ਨਾ ਪਾਏ ਚਤੁਰ ਸੁਘੜ ਸਿਆਨਾ, ਜੋਤ ਨਿਰੰਜਣ ਕਵਣ ਟਿਕਾਨਾ, ਆਪ ਆਪਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਆਪ ਅਖਵਾਇਆ। ਇਕ ਇਕੱਲਾ ਏਕੰਕਾਰਾ, ਏਕਾ ਧਾਰ ਵਹਾਈਆ। ਸ੍ਰਿਸ਼ਟ ਸਬਾਈ ਕਰ ਪਸਾਰਾ, ਹਰ ਘਟ ਬੈਠਾ ਆਸਣ ਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਬਖ਼ਸ਼ੇ ਸਚ ਸੱਚੀ ਸਰਨਾਈਆ। ਭੇਵ ਅਭੇਦਾ ਅਛਲ ਅਛੇਦਾ ਖੇਲੇ ਖੇਲ ਖੇਲਣਹਾਰਾ, ਜੁਗ ਜੁਗ ਆਪਣਾ ਭੇਖ ਵਟਾਈਆ। ਆਦਿ ਸ਼ਕਤ ਆਦਿ ਨਿਰੰਜਣ ਪੁਰਖ ਅਗੰਮਾ ਖੇਲ ਅਪਾਰਾ, ਵਿਚ ਸੰਸਾਰਾ ਆਪਣਾ ਆਪੇ ਰਿਹਾ ਕਰਾਈਆ। ਬ੍ਰਹਮਾ ਸ਼ਿਵ ਦੇਵਤ ਸੁਰ ਲਏ ਹੁਲਾਰਾ, ਸਾਚਾ ਝੂਲਾ ਆਪ ਝੁਲਾਈਆ। ਸੰਤ ਸੁਹੇਲੇ ਕਰ ਪਿਆਰਾ, ਮਿਲੇ ਮੇਲ ਗਿਰਵਰ ਗਿਰਧਾਰਾ, ਨਿਰਗੁਣ ਸਰਗੁਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਥਿਰ ਘਰ ਬੈਠਾ ਆਸਣ ਲਾਈਆ। ਨਿਰਗੁਣ ਰੂਪ ਹਰਿ ਸਮਾਇਆ, ਸਰਗੁਣ ਜੋਤ ਜਗਾਇੰਦਾ। ਸਰਗੁਣ ਸਾਚਾ ਜੋਗ ਕਮਾਇਆ, ਏਕਾ ਰਾਗ ਸੁਣਾਇੰਦਾ। ਏਕਾ ਰਾਗ ਨਾਦ ਵਜਾਇਆ, ਪੰਚਮ ਸੇਵਾ ਲਾਇੰਦਾ। ਪੰਚਮ ਸੇਵਕ ਸੇਵ ਕਮਾਇਆ, ਸਚ ਤਰਾਨਾ ਇਕ ਸੁਣਾਇੰਦਾ। ਅਲੱਖ ਅਭੇਵਾ ਵਡ ਵੱਡਾ ਦੇਵੀ ਦੇਵਾ, ਆਪ ਆਪਣਾ ਭੇਵ ਖੁਲ੍ਹਾਇੰਦਾ। ਗੁਰਮੁਖ ਵਿਰਲਾ ਗਾਏ ਰਸਨਾ ਜਿਹਵਾ, ਕੌਸਤਕ ਮਣੀਆ ਲਾਏ ਸਾਚਾ ਥੇਵਾ, ਔਖੀ ਘਾਟੀ ਪਾਰ ਕਰਾਇੰਦਾ। ਆਪ ਜਗਾਏ ਜੋਤ ਜਲਾਏ ਪਾਰ ਕਰਾਏ ਔਖੀ ਘਾਟੀ, ਸ਼ਬਦ ਸਹਾਰਾ ਹਰਿ ਨਿਰੰਕਾਰਾ ਏਕਾ ਏਕ ਸਿਖਾਇੰਦਾ। ਅੰਮ੍ਰਿਤ ਆਤਮ ਸਤਿ ਸਰੋਵਰ ਤੀਰਥ ਤਾਟੀ, ਏਕਾ ਏਕ ਵਖਾਇੰਦਾ। ਜੋਤ ਜਗਾਏ ਕਾਇਆ ਮਾਟੀ, ਅਗਿਆਨ ਅੰਧੇਰ ਮਿਟਾਇੰਦਾ। ਬਜਰ ਕਪਾਟੀ ਜਿਸ ਜਨ ਪਾਟੀ, ਸਾਚੀ ਹਾਟੀ ਇਕ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਭਗਤਨ ਮੀਤਾ ਇਕ ਅਤੀਤਾ, ਨਾਮ ਸੁਣਾਏ ਸਾਚੀ ਗੀਤਾ, ਸਾਚਾ ਸ਼ਬਦ ਜਣਾਇੰਦਾ। ਨਾਮ ਗੀਤਾ ਸਚ ਗਿਆਨ, ਗੁਰਮੁਖ ਵਿਰਲਾ ਪਾਇੰਦਾ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਆਪ ਆਪਣੀ ਬੂਝ ਬੁਝਾਇੰਦਾ। ਜੋਤ ਲਲਾਟੀ ਤੇਜ ਮਹਾਨ, ਕਾਇਆ ਮੰਦਰ ਅੰਦਰ ਇਕ ਟਿਕਾਇੰਦਾ। ਗੁਰਮੁਖ ਸਾਚੇ ਕਰ ਪਛਾਨ, ਮਾਇਆ ਜੰਦਰ ਆਪ ਤੁੜਾਇੰਦਾ। ਸਚ ਭੂਮਿਕਾ ਹਰਿ ਅਸਥਾਨ, ਦਸਮ ਦਵਾਰੀ ਇਕ ਸੁਹਾਇੰਦਾ। ਸ਼ਬਦ ਸਿੰਘਾਸਣ ਵੇਖ ਵਿਖਾਨ, ਆਤਮ ਸੇਜਾ ਆਸਣ ਲਾਇੰਦਾ। ਪੰਚਮ ਵਾਰੋ ਵਾਰ ਗਾਇਣ, ਸਾਚੀ ਸੇਵ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਤੇਰੇ ਆਤਮ ਦਰ, ਸਾਚੀ ਮੰਡਲ ਸਾਚੀ ਰਾਸ ਰਚਾਇੰਦਾ। ਸਾਚੇ ਮੰਡਲ ਸਾਚੀ ਰਾਸ, ਏਕਾ ਏਕ ਵਖਾਈਆ। ਖੇਲੇ ਖੇਲ ਪ੍ਰਿਥਮੀ ਆਕਾਸ਼, ਗਗਨ ਪਤਾਲਾਂ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤਾਂ ਦੀਪਾਂ ਆਪ ਉਪਾਏ, ਆਪੇ ਕਰੇ ਕਰਾਵਣਹਾਰਾ, ਮਾਸ ਥਿਤ ਵਾਰ ਰੁੱਤ ਆਪਣੇ ਹੱਥ ਰਖਾਈਆ। ਮਨਮੁਖ ਕਾਇਆ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਦਿਸੇ ਪਰਭਾਸ, ਸਤਿ ਸਰੂਪ ਨਾ ਨਜ਼ਰੀ ਆਈਆ। ਕਲਜੁਗ ਮਮਤਾ ਮਦਿਰਾ ਮਾਸ, ਰਸਨਾ ਰਸ ਕਰੇ ਹਲਕਾਈਆ। ਹਰਿਜਨ ਸਾਚਾ ਹਰਿ ਹਰਿ ਦਾਸ, ਹਰਿ ਗੁਣ ਸਾਚਾ ਰਿਹਾ ਗਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਲੇਖੇ ਲਾਏ ਦਸ ਦਸ ਮਾਸ, ਲੱਖ ਚੁਰਾਸੀ ਫੰਦ ਕਟਾਈਆ। ਜੁਗ ਜੁਗ ਜਨ ਭਗਤਾਂ ਪੂਰੀ ਕਰੇ ਆਸ, ਪੂਰਬ ਲਹਿਣਾ ਝੋਲੀ ਪਾਈਆ। ਆਪੇ ਹੋਇਆ ਦਾਸੀ ਦਾਸ, ਸੇਵਕ ਸੇਵਾ ਰਿਹਾ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਭੇਖ ਅਪਾਰ, ਭੇਵ ਕਿਸੇ ਨਾ ਪਾਇਆ। ਸ਼ਬਦ ਡੰਕ ਅਪਰ ਅਪਾਰ, ਚਾਰੋਂ ਕੁੰਟ ਰਿਹਾ ਵਜਾਇਆ। ਰਾਓ ਰੰਕ ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇਆ। ਕਲਜੁਗ ਤੇਰੀ ਅੰਤਮ ਵਾਰਾ, ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਚਾਰ ਵਰਨ ਸੁਹਾਏ ਇਕ ਦਵਾਰਾ, ਊਚਾਂ ਨੀਚਾਂ ਭੇਵ ਚੁਕਾਇਆ। ਸ਼ਬਦ ਖੰਡਾ ਤੇਜ ਕਟਾਰਾ, ਦੋ ਜਹਾਨੀ ਪਾਵੇ ਸਾਰਾ, ਲੋਆਂ ਪੁਰੀਆਂ ਵੇਖ ਕਿਨਾਰਾ, ਆਪ ਆਪਣਾ ਮੁਖ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਕਰ, ਕਲਜੁਗ ਵੇਲਾ ਵਕਤ ਸੁਹਾਇਆ। ਕਲਜੁਗ ਤੇਰੀ ਕਾਲੀ ਧਾਰ, ਚਾਰ ਕੁੰਟ ਅੰਧੇਰਾ ਛਾਇਆ। ਧਰਤਮਾਤ ਕਰੇ ਪੁਕਾਰ, ਨੇਤਰ ਰੋ ਰੋ ਨੀਰ ਵਹਾਇਆ। ਪ੍ਰਭ ਦਰ ਰੋਵੇ ਧਾਹਾਂ ਮਾਰ, ਦੋਏ ਜੋੜ ਸੀਸ ਝੁਕਾਇਆ। ਸੰਗ ਮੁਹੰਮਦ ਚਾਰ ਯਾਰ, ਅੱਲਾ ਰਾਣੀ ਗਲ ਵਿਚ ਪੱਲਾ ਪਾਇਆ। ਈਸਾ ਮੂਸਾ ਬਣ ਭਿਖਾਰ, ਕਾਲਾ ਸੂਸਾ ਤਨ ਛੁਹਾਇਆ। ਨਾਨਕ ਗੋਬਿੰਦ ਕਰ ਵਿਚਾਰ, ਦਰ ਦਵਾਰਾ ਮੰਗਣ ਆਇਆ। ਵੇਦ ਵਿਆਸਾ ਲੇਖ ਲਿਖਾਰ, ਲਿਖ ਲਿਖ ਲੇਖਾ ਆਪ ਸਮਝਾਇਆ। ਬ੍ਰਹਿਮਣ ਗੌੜ ਪੂਤ ਸਪੂਤਾ ਮੀਤ ਮੁਰਾਰ, ਪਰਗਟ ਹੋਏ ਵਿਚ ਸੰਸਾਰ, ਉਚ ਪਹਾੜੇ ਡੇਰਾ ਲਾਇਆ। ਬਜਰ ਕਪਾਟੀ ਸਿਲਾ ਪਾੜ, ਮੇਟ ਮਿਟਾਏ ਝੂਠੀ ਧਾੜ, ਏਕਾ ਵੇਖੇ ਸਚ ਅਖਾੜ, ਜੰਬੁ ਦੀਪ ਰੁਤ ਸੁਹਾਇਆ। ਖੇਲੇ ਖੇਲ ਸਤਾਰਾਂ ਹਾੜ, ਲੱਖ ਚੁਰਾਸੀ ਆਪ ਚਬਾਏ ਆਪਣੀ ਦਾੜ, ਨਾਲ ਰਲਾਏ ਮੌਤ ਲਾੜੀ ਕਾਲ ਮਹਾਂਕਾਲ, ਦਰ ਦਵਾਰੇ ਫੇਰਾ ਪਾਇਆ। ਧਰਮ ਰਾਏ ਅੱਖ ਰਿਹਾ ਉਘਾੜ, ਤੈਗੁਣ ਮਾਇਆ ਤੇਰਾ ਤਤ ਪ੍ਰਭ ਸਾਚਾ ਦੇਵੇ ਸਾੜ, ਪੰਜ ਤਤ ਨਾ ਉਬਲੇ ਰੱਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਵਿਚ ਸੰਸਾਰ। ਕਲਜੁਗ ਖੇਲ ਖੇਲਣਹਾਰਾ, ਪਾਰਬ੍ਰਹਮ ਬੇਅੰਤਾ। ਹਰਿਜਨ ਸਾਚੇ ਮੇਲਣਹਾਰਾ, ਮੇਲ ਮਿਲਾਏ ਸਾਚੇ ਸੰਤਾ। ਨਾਰੀ ਕੰਤ ਹੰਢਾਵਣਹਾਰਾ, ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ। ਅੰਮ੍ਰਿਤ ਆਤਮ ਧਾਰ ਇਕ ਵਹਾਵਣਹਾਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੀ ਗੰਗ ਵਹੰਤਾ। ਸਾਚੀ ਗੰਗਾ ਆਤਮ ਜਲ, ਏਕਾ ਧਾਰ ਵਹਾਈਆ। ਦੂਈ ਦਵੈਤੀ ਮੇਟੇ ਸੱਲ, ਸਾਂਤਕ ਸਤਿ ਵਰਤਾਈਆ। ਰਾਜਸ ਤਾਮਸ ਮੰਗੇ ਦਰ, ਬੈਠੇ ਝੋਲੀ ਡਾਹੀਆ। ਹਰਿ ਹਰਿ ਆਪਣੀ ਕਿਰਪਾ ਕਰ, ਰੋ ਰੋ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਜਾਮਾ ਭੇਖ ਵਟਾਈਆ। ਜੋਤੀ ਜਾਮਾ ਹਰਿ ਭਗਵਾਨਾ, ਏਕਾ ਜੋਤ ਜਗਾਈਆ। ਅਗਾਧ ਬੋਧੀ ਧੁਰ ਫ਼ਰਮਾਨਾ, ਸ਼ਬਦੀ ਸ਼ਬਦ ਜਣਾਈਆ। ਲੋਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਵੇਖੇ ਮਾਰ ਧਿਆਨਾ, ਉਤਭੁਜ ਸੇਤਜ ਜੇਰਜ ਅੰਡਾ ਵੇਖ ਵਖਾਈਆ। ਆਪੇ ਗੋਪੀ ਆਪੇ ਕਾਹਨਾ, ਆਪੇ ਆਪਣੀ ਰਾਸ ਰਚਾਈਆ। ਆਪੇ ਰਾਵਣ ਆਪੇ ਰਾਮਾ, ਲੰਕਾ ਗੜ੍ਹ ਆਪ ਤੁੜਾਈਆ। ਆਪ ਵਜਾਏ ਸ਼ਬਦ ਦਮਾਮਾ, ਸਾਚਾ ਡੰਕਾ ਇਕ ਰਖਾਈਆ। ਜੁਗ ਜੁਗ ਪੂਰ ਕਰਾਏ ਆਪਣਾ ਕਾਮਾ, ਦੂਸਰ ਕੋਇ ਨਾ ਸੰਗ ਰਖਾਈਆ। ਕਲਜੁਗ ਮਿਟੇ ਰੈਣ ਅੰਧੇਰੀ ਸ਼ਾਮਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਲੱਖ ਚੁਰਾਸੀ ਕਰੇ ਕਾਮਾ, ਸੋਹੰ ਏਕਾ ਬਾਜ ਉਡਾਈਆ। ਪੁਰਖ ਅਬਿਨਾਸ਼ੀ ਅੰਤਰਯਾਮਾ, ਹਰ ਘਟ ਅੰਦਰ ਮੰਦਰ ਵੇਖ ਵਖਾਈਆ। ਪੱਲੇ ਨਾ ਦਿਸੇ ਕਿਸੇ ਸੱਚਾ ਦਾਮਾ, ਸਾਧ ਸੰਤ ਜੀਵ ਜੰਤ ਮਾਇਆ ਮਮਤਾ ਲੋਭ ਹੰਕਾਰਾ ਬੈਠੇ ਝੋਲੀ ਭਰਾਈਆ। ਇਕ ਇਕੱਲਾ ਏਕੰਕਾਰਾ, ਸ੍ਰਿਸ਼ਟ ਸਬਾਈ ਪਾਵੇ ਸਾਰਾ, ਗੁਰਮੁਖਾਂ ਵੇਖੇ ਸਚ ਦਵਾਰਾ, ਕਵਣ ਵਸਤ ਮਿਲੀ ਦਸਤ ਗੁਰ ਪੂਰੇ ਹੱਥ ਫੜਾਈਆ। ਏਕਾ ਰੰਗ ਰੰਗਾਏ ਕੀਟ ਹਸਤ, ਊਚ ਨੀਚ ਰਾਓ ਰੰਕ, ਇਕ ਸੁਹਾਏ ਦਵਾਰ ਬੰਕ, ਬੰਕ ਦਵਾਰੀ ਆਪ ਅਖਵਾਈਆ। ਖੇਲੇ ਖੇਲ ਵਾਸੀ ਪੁਰੀ ਘਨਕ, ਗੁਰਮੁਖ ਸਾਚੇ ਅੰਗ ਲਗਾਏ ਜਿਉਂ ਜਨ ਜਨਕ, ਸੁਰਤ ਸਵਾਣੀ ਸਚ ਸਪੁਤਰੀ ਸੀਤਾ ਰਾਮਾ ਆਪ ਪਰਨਾਈਆ। ਕਲਜੁਗ ਤੇਰਾ ਜੂਠਾ ਝੂਠਾ ਧਨੁਖ, ਅੰਤਮ ਵਾਰ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸ੍ਰਿਸ਼ਟ ਸਬਾਈ ਵੇਖ ਵਖਾਈਆ। ਸ੍ਰਿਸ਼ਟ ਸਬਾਈ ਝੂਠਾ ਨਾਤਾ, ਕਲਜੁਗ ਸੰਗ ਰਲਾਇਆ। ਨਾ ਕੋਈ ਪਿਤਾ ਨਾ ਕੋਈ ਮਾਤਾ, ਪਿਤਾ ਪੂਤ ਨਾ ਕੋਈ ਅਖਵਾਇਆ। ਨਾ ਕੋਈ ਜ਼ਾਤ ਨਾ ਕੋਈ ਪਾਤ, ਨਾ ਕੋਈ ਜਗਤ ਜੁਗਤ ਸਾਚੀ ਦਾਤ, ਬਿਨ ਹਰਿ ਨਾਮੇ ਖਾਲੀ ਹੱਥ ਰਖਾਇਆ। ਗੁਰਮੁਖ ਵਿਰਲੇ ਮੇਲਾ ਕਮਲਾਪਾਤ, ਪਤਿਪਰਮੇਸ਼ਵਰ ਏਕਾ ਪਾਇਆ। ਵੇਲੇ ਅੰਤਮ ਪੁੱਛੇ ਵਾਤ, ਦਰ ਦਰਬਾਨ ਦਰ ਦਰ ਫੇਰਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਏਕਾ ਦੀਪਕ ਜੋਤੀ ਆਪਣਾ ਆਪ ਜਗਾਇਆ।