Granth 06 Likhat 155: 27 Maghar 2014 Bikarmi Hira Nand de Greh Pind Chambal Jila Amritsar

੨੭ ਮੱਘਰ ੨੦੧੪ ਬਿਕ੍ਰਮੀ ਹੀਰਾ ਨੰਦ ਦੇ ਗ੍ਰਹਿ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਹਰਿ ਸ਼ਬਦ ਹਰਿ ਗਿਆਨ, ਹਰਿ ਹਰਿ ਆਪ ਉਪਾਇਆ। ਹਰਿ ਸ਼ਬਦ ਬਿਬਾਣ, ਹਰਿ ਹਰਿ ਆਪ ਉਡਾਇਆ। ਹਰਿ ਸ਼ਬਦ ਨਿਸ਼ਾਨ, ਹਰਿ ਹਰਿ ਆਪ ਵਖਾਇਆ। ਹਰਿ ਸ਼ਬਦ ਮਿਹਰਵਾਨ, ਹਰਿ ਹਰਿ ਆਪ ਉਪਾਇਆ। ਹਰਿ ਸ਼ਬਦ ਪਰਧਾਨ, ਹਰਿ ਹਰਿ ਆਪ ਕਰਾਇਆ। ਹਰਿ ਸ਼ਬਦ ਜੀਆ ਜਹਾਨ, ਹਰਿ ਹਰਿ ਆਪ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਜੋੜ ਜੁੜਾਇਆ। ਹਰਿ ਸ਼ਬਦ ਸੰਗ ਸੁਹੇਲਾ, ਹਰਿ ਹਰਿ ਆਪ ਕਰਾਇਆ। ਹਰਿ ਸ਼ਬਦ ਲੱਖ ਚੁਰਾਸੀ ਮੇਲਾ, ਹਰਿ ਹਰਿ ਮੇਲ ਮਿਲਾਇਆ। ਹਰਿ ਸ਼ਬਦ ਹਰੀ ਗੁਰ ਚੇਲਾ, ਚੇਲਾ ਗੁਰ ਹਰਿ ਆਪ ਅਖਵਾਇਆ। ਹਰਿ ਸ਼ਬਦ ਇਕ ਇਕੇਲਾ, ਇਕ ਇਕੇਲੇ ਧਾਮ ਸੁਹਾਇਆ। ਹਰਿ ਸ਼ਬਦ ਸਦ ਨਵੇਲਾ, ਭੇਵ ਕਿਸੇ ਨਾ ਪਾਇਆ। ਹਰਿ ਸ਼ਬਦ ਸ੍ਰਿਸ਼ਟ ਸਬਾਈ ਸੱਜਣ ਸੁਹੇਲਾ, ਹਰ ਘਟ ਬੈਠਾ ਆਸਣ ਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਤਰਾਇਆ। ਹਰਿ ਸ਼ਬਦ ਹਰਿ ਆਪ ਤਰਾ, ਆਪਣਾ ਨਾਉਂ ਉਜਾਰਿਆ। ਇਕ ਜੈਕਾਰਾ ਆਪੇ ਲਾ, ਲੋਆਂ ਪੁਰੀਆਂ ਆਪ ਸੁਣਾ ਰਿਹਾ। ਵੇਖ ਵਖਾਏ ਥਾਉਂ ਥਾਂ, ਵੇਖਣਹਾਰ ਆਪ ਅਖਵਾ ਰਿਹਾ। ਲੋਕਮਾਤੀ ਹਰਿ ਆਪ ਟਿਕਾ, ਪੁਰਖ ਬਿਧਾਤੀ ਦਇਆ ਕਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਜੋਗ ਕਮਾ ਰਿਹਾ। ਹਰਿ ਸ਼ਬਦ ਹਰਿ ਸਾਚਾ ਜੋਗ, ਏਕਾ ਏਕ ਰਖਾਇਆ। ਹਰਿਜਨ ਸਾਚਾ ਆਤਮ ਭੋਗ, ਸਾਚੀ ਸੇਜਾ ਇਕ ਸੁਹਾਇਆ। ਹਰਿ ਸਾਜਨ ਕਰਨਾ ਸਚ ਸੰਜੋਗ, ਹਰਿ ਹਰਿ ਆਪ ਸਮਝਾਇਆ। ਹਰਿਜਨ ਦੇਣਾ ਦਰਸ ਅਮੋਘ, ਹਰਿ ਹਰਿ ਰੂਪ ਵਟਾਇਆ। ਜਨ ਭਗਤਾਂ ਕੱਟਣਾ ਹਉਮੇ ਰੋਗ, ਸਾਚੀ ਸਿਖਿਆ ਇਕ ਰਖਾਇਆ। ਵੇਖ ਵਖਾਏ ਤੀਨੋ ਲੋਕ, ਦੋ ਜਹਾਨਾਂ ਫੇਰਾ ਪਾਇਆ। ਆਪਣੀ ਕਰੇ ਜਣਾਈ ਸਚ ਸਲੋਕ, ਜੁਗ ਜੁਗ ਆਪਣਾ ਨਾਮ ਉਪਾਇਆ। ਲੱਖ ਚੁਰਾਸੀ ਦੇਵੇ ਮੋਖ, ਮੁਕਤ ਦਾਤਾ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਗ ਜੁਗਤ ਇਕ ਜਣਾਇਆ। ਹਰਿ ਸ਼ਬਦ ਸਚ ਸਚ ਸੁਲਤਾਨਾ, ਹਰਿ ਸਾਚੇ ਤਖ਼ਤ ਬਿਰਾਜਿਆ। ਸ੍ਰਿਸ਼ਟ ਸਬਾਈ ਖੇਲ ਮਹਾਨਾ, ਖੇਲੇ ਖੇਲ ਰਾਜਨ ਰਾਜਿਆ। ਲੋਆਂ ਪੁਰੀਆਂ ਇਕ ਤਰਾਨਾ, ਏਕਾ ਮਾਰੇ ਆਵਾਜ਼ਿਆ। ਗੁਰ ਪੀਰ ਸਾਧ ਸੰਤ ਮੰਗਣ ਦਰ ਦਰਬਾਨਾ, ਦੇਵਣਹਾਰ ਹਰਿ ਭਗਵਾਨਿਆ। ਆਪ ਸੁਣਾਏ ਆਪਣਾ ਗਾਨਾ, ਏਕਾ ਨਾਦੀ ਧੁਨ ਉਪਜਾਨਿਆ। ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਨਾ, ਹਰਿਜਨ ਸਾਚੇ ਵੇਖ ਵਖਾਨਿਆ। ਅੰਦਰ ਮੰਦਰ ਮੇਲ ਮਿਲਾਨਾ, ਆਪ ਆਪਣਾ ਰੰਗ ਚੜ੍ਹਾਨਿਆ। ਜੋਤੀ ਨੂਰ ਹਰਿ ਮਹਾਨਾ, ਕੋਟਨ ਭਾਨਾ ਕਰੇ ਰੁਸ਼ਨਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਖੇਲ ਖਿਲਾਨਿਆ। ਸ਼ਬਦ ਖਿਲਾੜੀ ਹਰਿ ਆਪ ਪ੍ਰਭ, ਜੁਗ ਜੁਗ ਖੇਲ ਖਿਲਾਇਆ। ਸੰਤ ਸੁਹੇਲੇ ਸਾਚੇ ਮੀਤ ਆਪੇ ਲੱਭ, ਆਪ ਆਪਣਾ ਮੇਲ ਮਿਲਾਇਆ। ਅੰਮ੍ਰਿਤ ਆਤਮ ਮੁਖ ਚਵਾਏ ਕਵਲ ਨਭ, ਏਕਾ ਝਿਰਨਾ ਨਿਝਰ ਝਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸ਼ਬਦੀ ਜੋੜ ਜੁੜਾਇਆ। ਹਰਿ ਸ਼ਬਦ ਹਰਿ ਨਾਤਾ ਜੋੜ, ਆਪਣੇ ਅੰਗ ਲਗਾਇੰਦਾ। ਇਕ ਚੜ੍ਹਾਏ ਸਾਚੇ ਘੋੜ, ਦਿਸ ਕਿਸੇ ਨਾ ਆਇੰਦਾ। ਦੋ ਜਹਾਨੀ ਰਿਹਾ ਦੌੜ, ਜੁਗ ਜਗ ਵੇਸ ਵਟਾਇੰਦਾ। ਲੱਖ ਚੁਰਾਸੀ ਵੇਖੇ ਪਰਖੇ ਮਿੱਠਾ ਕੌੜ, ਹਰ ਘਟ ਬੈਠਾ ਵੇਖ ਵਖਾਇੰਦਾ। ਕਲਜੁਗ ਅੰਤਮ ਲਾਇਆ ਆਪਣਾ ਪੌੜ, ਆਪ ਆਪਣਾ ਨਾਉਂ ਉਪਾਇੰਦਾ। ਪੂਤ ਸਪੂਤਾ ਬ੍ਰਹਿਮਣ ਗੌੜ, ਏਕਾ ਧਾਮ ਸੁਹਾਇੰਦਾ। ਧੁਰਦਰਗਾਹੀ ਆਇਆ ਦੌੜ, ਭੇਵ ਕੋਈ ਨਾ ਪਾਇੰਦਾ। ਹਰਿਜਨ ਸਾਚੇ ਜਾਏ ਬਹੁੜ, ਆਪ ਆਪਣਾ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਅਲ੍ਹਾਇੰਦਾ। ਹਰਿ ਸ਼ਬਦ ਹਰਿ ਆਪ ਅਲ੍ਹਾ, ਏਕਾ ਨਾਦ ਵਜਾਇਆ। ਸਚ ਤਖ਼ਤ ਸੁਲਤਾਨ ਬੈਠ ਬੇਪਰਵਾਹ, ਆਦਿ ਜੁਗਾਦੀ ਖੇਲ ਖਿਲਾਇਆ। ਸਾਧਾਂ ਸੰਤਾਂ ਜੁਗ ਜੁਗ ਪਕੜੇ ਬਾਂਹ, ਸਿਰ ਆਪਣਾ ਹੱਥ ਟਿਕਾਇਆ। ਗੁਰਸਿਖ ਬਾਲ ਅੰਞਾਣੇ ਫੜ ਫੜ ਹੰਸ ਬਣਾਏ ਕਾਂ, ਏਕਾ ਸਾਚੀ ਚੋਗ ਚੁਗਾਇਆ। ਆਪ ਜਪਾਏ ਆਪਣਾ ਨਾਂ, ਏਕਾ ਅੱਖਰ ਆਪ ਪੜ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਹਰਿ ਸ਼ਬਦ ਗੁਰ ਸਾਚਾ ਵੇਸ ਵਟਾਇਆ। ਸ਼ਬਦ ਗੁਰ ਗੁਰ ਸਾਚਾ ਵੇਸਾ, ਆਪਣਾ ਆਪ ਕਰਾਇੰਦਾ। ਆਪੇ ਦਾਤਾ ਨਰ ਨਰੇਸ਼ਾ, ਨਰ ਨਰਾਇਣ ਆਪ ਅਖਵਾਇੰਦਾ। ਵੇਖ ਵਖਾਣੇ ਬ੍ਰਹਮਾ ਵਿਸ਼ਨ ਸ਼ਿਵ ਮਹੇਸ਼ ਗਨੇਸ਼ਾ, ਦਰ ਦਰਵੇਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਸ਼ਬਦ ਨਾਉਂ, ਲੋਕਮਾਤੀ ਆਪ ਧਰਾਇੰਦਾ। ਲੋਕਮਾਤ ਸ਼ਬਦ ਬਲਕਾਰੀ, ਏਕਾ ਗੁਰ ਅਖਵਾਇਆ। ਆਵੇ ਜਾਵੇ ਵਾਰੋ ਵਾਰੀ, ਦਿਸ ਕਿਸੇ ਨਾ ਆਇਆ। ਸਤਿਜੁਗ ਤ੍ਰੇਤਾ ਦੁਆਪਰ ਬੰਨ੍ਹੇ ਧਾਰੀ, ਕਲਜੁਗ ਵੇਲਾ ਅੰਤਮ ਆਇਆ। ਪੁਰਖ ਅਬਿਨਾਸ਼ੀ ਕਰੇ ਕਰਾਏ ਆਪਣੀ ਕਾਰੀ, ਜੁਗ ਜੁਗ ਕਰਦਾ ਆਇਆ। ਲੱਖ ਚੁਰਾਸੀ ਤੇਰੀ ਪਾਵੇ ਸਾਰੀ, ਨਾ ਕੋਈ ਸਕੇ ਭੇਵ ਛੁਪਾਇਆ। ਕਾਇਆ ਮੰਦਰ ਅੰਦਰ ਬੈਠਾ ਸਚ ਮਹੱਲ ਅਟਾਰੀ, ਉਚੇ ਟਿੱਲੇ ਡੇਰਾ ਲਾਇਆ। ਆਪੇ ਵੇਖੇ ਕਾਇਆ ਗੜ੍ਹ ਹੰਕਾਰੀ, ਚਾਰ ਦਿਵਾਰੀ ਵੇਖ ਵਖਾਇਆ। ਨਿਰਮਲ ਜੋਤੀ ਨੂਰੋ ਨੂਰ ਕਰ ਉਜਿਆਰੀ, ਦਸਮ ਦਵਾਰੀ ਧਾਮ ਸੁਹਾਇਆ। ਅਨਹਦ ਤਾਲ ਵਜਾਏ ਵਾਰੋ ਵਾਰੀ, ਪੰਚਮ ਸੇਵਾ ਰਿਹਾ ਕਮਾਇਆ। ਅਗੰਮ ਅਗੰਮੜਾ ਆਪਣੀ ਸੇਜਾ ਬੈਠਾ ਨਰ ਨਿਰੰਕਾਰੀ, ਸ਼ਬਦ ਸਿੰਘਾਸਣ ਇਕ ਵਛਾਇਆ। ਗੁਰਮੁਖਾਂ ਵੇਖੇ ਮਾਰ ਧਿਆਨ ਦੋ ਜਹਾਨਾਂ ਵਾਰੋ ਵਾਰੀ, ਨਿਜ ਘਰ ਆਤਮ ਮੇਲ ਮਿਲਾਇਆ। ਪਾਰਬ੍ਰਹਮ ਬ੍ਰਹਮ ਦੇਵੇ ਸਿਕਦਾਰੀ, ਆਪ ਆਪਣੇ ਵਿਚ ਸਮਾਇਆ। ਏਕਾ ਸ਼ਬਦ ਇਕ ਜੈਕਾਰੀ, ਏਕਾ ਨਾਅਰਾ ਦੇਵੇ ਲਾਇਆ। ਇਕ ਇਕੱਲਾ ਏਕੰਕਾਰੀ, ਓਅੰਕਾਰ ਰੂਪ ਸਮਾਇਆ। ਅਲਖ ਨਿਰੰਜਣ ਆਦਿ ਪੁਰਖ ਜੋਧਾ ਸੂਰ ਵਡ ਬਲਕਾਰੀ, ਦਾਤਾ ਦਾਨੀ ਆਪ ਅਖਵਾਇਆ। ਕਲਜੁਗ ਤੇਰੀ ਅੰਤਮ ਵਾਰੀ, ਸਤਿਜੁਗ ਦੇਵੇ ਸਚ ਨਿਸ਼ਾਨੀ, ਸੋਹੰ ਸਾਚਾ ਜਾਪ ਜਪਾਇਆ। ਜਨ ਭਗਤਾਂ ਦੇਵੇ ਪਦ ਨਿਰਬਾਨੀ, ਆਵਣ ਜਾਵਣ ਚੁੱਕੇ ਕਾਨੀ, ਲੱਖ ਚੁਰਾਸੀ ਫੰਦ ਕਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਖੇਲ ਖਿਲਾਇਆ। ਸ਼ਬਦੀ ਖੇਲ ਜੁਗੋ ਜੁਗ ਮੇਲਾ, ਆਦਿ ਪੁਰਖ ਅਵਤਾਰਾ। ਆਪੇ ਵਸੇ ਰੰਗ ਨਵੇਲਾ, ਹਰ ਘਟ ਕਰਿਆ ਆਪ ਪਸਾਰਾ। ਆਪੇ ਗੁਰ ਗੁਰੂ ਗੁਰ ਚੇਲਾ, ਆਪੇ ਦੋਏ ਜੋੜ ਕਰੇ ਨਿਮਸਕਾਰਾ। ਆਪੇ ਸਾਜਣ ਸੱਜਣ ਸੁਹੇਲਾ, ਆਪੇ ਢਹਿ ਪਏ ਦਵਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੀ ਸ਼ਬਦ ਭਰੇ ਭੰਡਾਰਾ। ਸ਼ਬਦ ਭੰਡਾਰਾ ਹਰਿ ਭਰਪੂਰਾ, ਆਪਣਾ ਆਪ ਕਰਾਇਆ। ਆਪ ਉਪਜਾਏ ਦਇਆ ਕਮਾਏ ਅਨਹਦ ਸਾਚੀ ਤੂਰਾ, ਏਕਾ ਰਾਗ ਅਲਾਇਆ। ਹਰਿਜਨ ਸਾਚੇ ਆਪ ਉਠਾਏ ਨਾਤਾ ਤੋੜੇ ਕੂੜੋ ਕੂੜਾ, ਦਰ ਦਵਾਰਾ ਇਕ ਸੁਹਾਇਆ। ਮੂਰਖ ਮੁਗਧ ਅੰਞਾਣ ਕਾਇਆ ਚੋਲੀ ਰੰਗ ਚੜ੍ਹਾਏ ਗੂੜ੍ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਬਣਾਏ ਸਾਚਾ ਸੂਰਾ। ਹਰਿ ਸ਼ਬਦ ਵਡ ਬਲਵਾਨ, ਲੋਕਮਾਤ ਵੱਡੀ ਵਡਿਆਈਆ। ਜੁਗ ਜੁਗ ਉਠੇ ਨੌਜਵਾਨ, ਜਗਤ ਕਰੇ ਲੜਾਈਆ। ਭਗਤਾਂ ਕਰੇ ਦਰ ਪਰਵਾਨ, ਮਨਮੁਖਾਂ ਕਰੇ ਜੁਦਾਈਆ। ਮਾਰੇ ਤੀਰ ਇਕ ਨਿਸ਼ਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਲੋਆਂ ਪੁਰੀਆਂ ਸਰਬ ਕੁਰਲਾਨ, ਚੌਦਾਂ ਲੋਕ ਪਏ ਦੁਹਾਈਆ। ਧਰਤ ਧਵਲ ਹੋਏ ਹੈਰਾਨ, ਆਕਾਸ਼ ਆਕਾਸ਼ਾ ਵੇਖ ਵਖਾਈਆ। ਲੱਖ ਚੁਰਾਸੀ ਪੁਣ ਛਾਨ, ਇਕ ਬਿਬਾਣ ਲਗਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਚਰਨ ਪ੍ਰੀਤੀ ਇਕ ਸਿਖਾਈਆ। ਦੋ ਜਹਾਨਾਂ ਦੇਵੇ ਮਾਣ, ਦਰਗਾਹ ਸਾਚੀ ਲਏ ਸੁਹਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਦਰ ਘਰ ਸਾਚਾ ਏਕਾ ਪਾਣ, ਵਿਛੜ ਕਦੇ ਨਾ ਜਾਈਆ। ਹਰਿਜਨ ਮੇਲਾ ਹਰਿ ਹਰਿ ਮਿਹਰਵਾਨ, ਮਿਹਰਵਾਨਾ ਦਇਆ ਕਮਾਈਆ। ਧਰਮ ਵਖਾਏ ਇਕ ਨਿਸ਼ਾਨ, ਸਾਚੇ ਮੰਦਰ ਆਪ ਝੁਲਾਈਆ। ਨੌਂ ਖੰਡ ਪ੍ਰਿਥਮੀ ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵਸੇ ਬੀਆਬਾਨ, ਸਤਿ ਵਸਤ ਨਾ ਕੋਈ ਦਿਸਾਈਆ। ਕਲਜੁਗ ਵੇਖੇ ਉਠੇ ਮਾਰ ਧਿਆਨ, ਚਾਰੋਂ ਕੁੰਟ ਪਏ ਦੁਹਾਈਆ। ਜੀਵ ਜੰਤ ਸਰਬ ਕੁਰਲਾਨ, ਸਾਧਾਂ ਸੰਤਾਂ ਪਤ ਗਵਾਈਆ। ਪੁਰਖ ਅਬਿਨਾਸ਼ੀ ਹਰਿ ਭਗਵਾਨ, ਇਕ ਇਕੱਲਾ ਲੈ ਅੰਗੜਾਈਆ। ਸ਼ਬਦ ਗੁਰ ਵਡ ਬਲਵਾਨ, ਵਿਚ ਮੈਦਾਨ ਆਪ ਲਿਆਈਆ। ਰਸਨਾ ਚਿੱਲੇ ਚਾੜ੍ਹੇ ਤੀਰ ਕਮਾਨ, ਸੋਹੰ ਮੁਖੀ ਉਪਰ ਲਾਈਆ। ਲੋਆਂ ਪੁਰੀਆਂ ਤੋੜੇ ਮਾਣ ਅਭਿਮਾਨ, ਵਰਭੰਡੀ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਹਰਿ ਹਰਿ ਨਾਉਂ ਉਪਾਈਆ। ਨਾਮ ਸ਼ਬਦ ਸਚ ਜਗ ਪੂਜਾ, ਹਰਿ ਏਕਾ ਏਕ ਜਣਾਈਆ। ਭੌ ਚੁਕਾਏ ਏਕਾ ਦੂਜਾ, ਏਕਾ ਘਰ ਸੁਹਾਈਆ। ਨੇਤਰ ਖੋਲ੍ਹੇ ਨੈਣ ਤੀਜਾ, ਅਗਿਆਨ ਅੰਧੇਰ ਮਿਟਾਈਆ। ਚੌਥੇ ਘਰ ਇਕ ਵਖਾਏ ਸਚ ਦਹਿਲੀਜ਼ਾ, ਮਿਲੇ ਮੇਲ ਹਰਿ ਰਘੁਰਾਈਆ। ਪੰਚਮ ਕਰੇ ਆਪੇ ਰੀਝਾ, ਦਰ ਘਰ ਸਾਚਾ ਬੰਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦੇ ਸ਼ਬਦ ਚਲਾਈਆ। ਸ਼ਬਦ ਚਲਾਏ ਸ਼ਬਦ ਗੁਣਵੰਤਾ, ਸ਼ਬਦੇ ਸ਼ਬਦ ਸਮਾਈਆ। ਸ਼ਬਦੀ ਸ਼ਬਦ ਸ਼ਬਦ ਹੋਏ ਸੰਤਾ, ਹਰਿ ਸੰਤਾ ਸ਼ਬਦ ਅਖਵਾਈਆ। ਸ਼ਬਦੀ ਸ਼ਬਦ ਹਰਿ ਸੱਚਾ ਕੰਤਾ, ਹਰਿ ਸ਼ਬਦੀ ਨਾਰ ਪਰਨਾਈਆ। ਸ਼ਬਦੀ ਸ਼ਬਦ ਹਰਿ ਜੀਆਂ ਜੰਤਾਂ, ਜੀਆਂ ਜੰਤਾਂ ਸ਼ਬਦ ਟਿਕਾਈਆ। ਸ਼ਬਦੀ ਸ਼ਬਦ ਹਰਿ ਬੇਅੰਤ ਬੇਅੰਤਾ, ਬੇਅੰਤ ਸ਼ਬਦ ਵਡਿਆਈਆ। ਸ਼ਬਦ ਸ਼ਬਦ ਹਰਿ ਦਾਤਾ ਗੁਣੀ ਗੁਣਵੰਤਾ, ਗੁਣਵੰਤ ਸ਼ਬਦ ਅਖਵਾਈਆ। ਸ਼ਬਦੀ ਸ਼ਬਦ ਹਰਿ ਸਾਚਾ ਧਾਮ ਸੁਹੰਤਾ, ਹਰਿ ਸ਼ਬਦੀ ਸ਼ਬਦ ਮਰਦੰਗ ਵਜਾਈਆ। ਸ਼ਬਦੀ ਸ਼ਬਦ ਮਹਿੰਮਾ ਗਣਤ ਅਗਣਤਾ, ਲੇਖਾ ਕੋਈ ਨਾ ਕਿਸੇ ਵਖਾਈਆ। ਸ਼ਬਦੀ ਸ਼ਬਦ ਗੁਰ ਆਦਿਨ ਅੰਤਾ, ਜੁਗ ਜੁਗ ਲੋਕਮਾਤ ਕਰੇ ਰੁਸ਼ਨਾਈਆ। ਕਲਜੁਗ ਅੰਤਮ ਖੇਲ ਖਿਲੰਤਾ, ਹਰਿ ਸ਼ਬਦੀ ਸ਼ਬਦ ਉਪਾਈਆ। ਨਿਹਕਲੰਕਾ ਨਾਉਂ ਰਖੰਤਾ, ਦਿਸ ਕਿਸੇ ਨਾ ਆਈਆ। ਪੂਰਨ ਜੋਤ ਹਰਿ ਭਗਵੰਤਾ, ਨਿਰਗੁਣ ਰੂਪ ਸਮਾਈਆ। ਗੁਰਮੁਖ ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਈਆ। ਮਨਮੁਖ ਜੀਆਂ ਤੋੜੇ ਹਉਮੇ ਹੰਗਤਾ, ਗੜ੍ਹ ਹੰਕਾਰ ਰਹਿਣ ਨਾ ਪਾਈਆ। ਹਰਿਜਨ ਦਵਾਰੇ ਹੋਏ ਮੰਗਤਾ, ਬਲ ਬਾਵਨ ਭੇਖ ਵਟਾਈਆ। ਆਪੇ ਹੋਏ ਨਾਨਕ ਅੰਗਦਾ, ਆਪੇ ਰਾਮ ਰਾਮਾ ਰਾਵਣ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਪੌੜੇ ਚੜ੍ਹ, ਦੋ ਜਹਾਨੀ ਵੇਖੇ ਘਰ, ਮਹੱਲ ਅਟੱਲਾ ਏਕਾ ਧਾਮ ਸੁਹਾਈਆ। ਸ਼ਬਦ ਗੁਰ ਸਚ ਪੌੜੇ ਚੜ੍ਹਿਆ, ਉਚ ਮਹੱਲ ਮੁਨਾਰਾ। ਲੋਕਮਾਤ ਨਾ ਮਰਿਆ ਨਾ ਕਦੇ ਸੜਿਆ, ਆਵਣ ਜਾਵਣ ਖੇਲ ਨਿਆਰਾ। ਨਾ ਕੋਈ ਸੀਸ ਨਾ ਕੋਈ ਧੜਿਆ, ਪੰਜ ਤਤ ਨਾ ਕੋਈ ਆਕਾਰਾ। ਨਾ ਕੋਈ ਦੂਜਾ ਅੱਖਰ ਪੜ੍ਹਿਆ,  ਆਪਣਾ ਆਪ ਕਰੇ ਜੈਕਾਰਾ। ਨਾ ਭੰਨੇ ਨਾ ਕੋਈ ਘੜਿਆ, ਨਾ ਕੋਈ ਪੰਚ ਘੁਮਾਰਾ। ਨਾ ਕੋਈ ਚੋਟੀ ਨਾ ਕੋਈ ਜੜ੍ਹਿਆ, ਦਿਸ ਨਾ ਆਏ ਅਧਵਿਚਕਾਰਾ। ਨਾ ਕੋਈ ਖੰਡਾ ਤੇਜ਼ ਕਟਾਰ ਸ਼ਸਤਰ ਹੱਥੀਂ ਫੜਿਆ, ਨਾ ਕੋਈ ਰਸਨਾ ਤੀਰ ਅਪਾਰਾ। ਸਾਗਰ ਨੀਰ ਧਾਰ ਕਦੇ ਨਾ ਹੜ੍ਹਿਆ, ਨਾ ਕੋਈ ਸੁਟਾਏ ਡੂੰਘੀ ਗਾਰਾ। ਆਪਣੇ ਮੰਦਰ ਸਾਚੇ ਅੰਦਰ ਆਪੇ ਵੜ੍ਹਿਆ, ਨਾ ਕੋਈ ਦੀਸੇ ਚਾਰ ਦਿਵਾਰਾ। ਜੁਗ ਜੁਗ ਲੱਖ ਚੁਰਾਸੀ ਨਾਲ ਆਪੇ ਲੜਿਆ, ਆਪੇ ਕਰੇ ਪਿਆਰਾ। ਕਲਜੁਗ ਆਪਣਾ ਘਾੜਨ ਹਰਿ ਹਰਿ ਆਪੇ ਘੜਿਆ, ਸੋ ਪੁਰਖ ਨਿਰੰਜਣ ਅਪਰ ਅਪਾਰਾ। ਆਪਣਾ ਰਾਗ ਆਪਣਾ ਵੇਦ ਆਪੇ ਪੜ੍ਹਿਆ, ਸੋਹੰ ਸ਼ਬਦ ਜੈ ਜੈਕਾਰਾ। ਜਨ ਭਗਤਾਂ ਦਵਾਰੇ ਅੱਗੇ ਖੜ੍ਹਿਆ, ਮੇਟ ਮਿਟਾਏ ਧੁੰਦੂਕਾਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸ਼ਬਦ ਲੋਕਮਾਤ ਲਏ ਅਵਤਾਰਾ। ਹਰਿ ਸ਼ਬਦ ਸਚ ਜੈਕਾਰਾ, ਹਰਿ ਹਰਿ ਆਪ ਲਗਾਇਆ। ਨਿਰਗੁਣ ਰੂਪ ਲਏ ਅਵਤਾਰਾ, ਸਰਗੁਣ ਮੇਲ ਮਿਲਾਇਆ। ਸਾਜਣ ਮੀਤ ਇਕ ਨਿਰੰਕਾਰਾ, ਸਖਾ ਸੁਹੇਲ ਅਖਵਾਇਆ। ਕਲਜੁਗ ਤੇਰਾ ਕਰਮ ਵਿਚਾਰਾ, ਕਰਮੀ ਕਰਮ ਵੇਖ ਵਖਾਇਆ। ਧਰਤ ਮਾਤ ਦੀ ਸੁਣ ਪੁਕਾਰਾ, ਧੀਰਜ ਧੀਰ ਆਪ ਧਰਾਇਆ। ਲਹਿਣਾ ਦੇਣਾ ਮੁਕਾਏ ਸੰਗ ਮੁਹੰਮਦ ਚਾਰ ਯਾਰਾ, ਅੱਲਾ ਰਾਣੀ ਨੀਰ ਵਹਾਇਆ। ਵੇਦ ਵਿਆਸਾ ਲੇਖ ਅਪਾਰਾ, ਪੂਤ ਸਪੂਤਾ ਆਪ ਕਰਾਇਆ। ਸੰਬਲ ਨਗਰੀ ਧਾਮ ਨਿਆਰਾ, ਹਰਿ ਸਾਚੀ ਜੋਤ ਜਗਾਇਆ। ਗੁਰ ਗੋਬਿੰਦ ਖੇਲ ਅਪਾਰਾ, ਲੋਕਮਾਤੀ ਆਪ ਕਰਾਇਆ । ਗੁਣੀ ਗਹਿੰਦਾ ਹਰਿ ਨਿਰੰਕਾਰਾ, ਹਰਿਜਨ ਸਾਚੇ ਵੇਖ ਵਖਾਇਆ। ਨਾਮ ਵਸਤ ਹਰਿ ਸਾਚੀ ਏਕਾ ਦਿੰਦਾ, ਦੇਵਣਹਾਰ ਸ੍ਰਿਸ਼ਟ ਸਬਾਇਆ। ਇਕ ਜੈਕਾਰ ਸੋਹੰ ਰਸਨਾ ਕਹਿੰਦਾ, ਲੋਆਂ ਪੁਰੀਆਂ ਆਪ ਸੁਣਾਇਆ। ਥਿਰ ਘਰ ਵਾਸੀ ਥਿਰ ਘਰ ਆਪੇ ਬਹਿੰਦਾ, ਸਚ ਸਿੰਘਾਸਣ ਆਸਣ ਲਾਇਆ। ਆਪਣਾ ਭਾਣਾ ਜੁਗ ਜੁਗ ਆਪੇ ਸਹਿੰਦਾ, ਆਪਣੇ ਭਾਣੇ ਆਪ ਸਮਾਇਆ। ਇਕ ਇਕੱਲਾ ਆਪੇ ਰਹਿੰਦਾ, ਅਕਲ ਕਲ ਵਰਤਾਇਆ। ਲੱਖ ਚੁਰਾਸੀ ਰਸਨਾ ਕਹਿੰਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸਾਜਨ ਲਏ ਤਰਾਇਆ। ਹਰਿ ਸਾਜਨ ਹਰਿ ਮੇਲ ਮਿਲਾਵਾ, ਆਦਿ ਅੰਤ ਕਰਾਇਆ। ਦੇਵੇ ਮਾਣ ਨਿਮਾਣਿਆਂ ਥਾਵਾਂ, ਗਰੀਬ ਨਿਮਾਣੇ ਗਲੇ ਲਗਾਇਆ। ਹਰਿਜਨ ਉਠਾਏ ਪਕੜ ਉਠਾਵੇ ਬਾਹਵਾਂ, ਆਪ ਆਪਣੀ ਦਇਆ ਕਮਾਇਆ। ਆਪੇ ਦੇਵਣਹਾਰਾ ਠੰਡੀਆਂ ਛਾਵਾਂ, ਜੁਗ ਜੁਗ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਜੂਨੀ ਰਹਿਤ ਅਖਵਾਇਆ। ਹਰਿਜਨ ਸਾਜਨ ਸੱਜਣ ਸੁਹੇਲਾ, ਸਤਿ ਸਤਿਵਾਦ ਅਖਵਾਇਆ। ਪਾਰਬ੍ਰਹਮ ਪ੍ਰਭ ਰੰਗ ਨਵੇਲਾ, ਏਕਾ ਏਕ ਹੋ ਜਾਇਆ। ਸਾਚੇ ਸ਼ਬਦ ਹਰਿ ਆਪ ਬਣਾਏ ਆਪਣਾ ਚੇਲਾ, ਚੇਲਾ ਗੁਰ ਆਪ ਅਖਵਾਇਆ। ਜੋਤ ਨਿਰਗੁਣ ਚਾੜ੍ਹੇ ਤੇਲਾ, ਘਰ ਸਾਚੇ ਸਗਨ ਮਨਾਇਆ। ਪੰਚਮ ਸਖੀਆਂ ਮਿਲ ਮਿਲ ਪਾਇਣ ਵੇਲਾ, ਕੰਤ ਸੁਹਾਗੀ ਏਕਾ ਰਾਗ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾਇਆ। ਕਲਜੁਗ ਅੰਤਮ ਆਪਣਾ ਨਾਉਂ ਧਰਾ, ਨਿਹਕਲੰਕਾ ਡੰਕ ਵਜਾਈਆ। ਰਾਓ ਰੰਕਾਂ ਰਿਹਾ ਜਗਾ, ਸ਼ਾਹ ਸੁਲਤਾਨ ਰਿਹਾ ਉਠਾਈਆ। ਸਾਧਾਂ ਸੰਤਾਂ ਰਿਹਾ ਹਿਲਾ, ਏਕਾ ਨਾਮ ਹਲੂਣਾ ਲਾਈਆ। ਜੂਠ ਝੂਠ ਹਰਿ ਆਪ ਮਿਟਾ, ਭੇਖ ਪਖੰਡ ਮੇਟ ਮਿਟਾਈਆ। ਖੇਵਟ ਖੇਟਾ ਬਣ ਮਲਾਹ, ਹਰਿਜਨ ਸਾਚੇ ਰਿਹਾ ਤਰਾਈਆ। ਪੁਰਖ ਅਬਿਨਾਸ਼ੀ ਬੇਪਰਵਾਹ, ਨੈਨਣ ਨੈਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨਾਮ ਦਏ ਵਡਿਆਈਆ। ਨਾਮ ਸ਼ਬਦ ਸਚ ਜੈਕਾਰਾ, ਸੋਹੰ ਸੋ ਲਗਾਇਆ। ਪਾਰਬ੍ਰਹਮ ਪ੍ਰਭ ਲਏ ਅਵਤਾਰਾ, ਜੋਤੀ ਜਾਮਾ ਭੇਖ ਵਟਾਇਆ। ਸ਼ਬਦ ਡੰਕ ਅਪਰ ਅਪਾਰਾ, ਚਾਰੋਂ ਕੁੰਟ ਰਿਹਾ ਵਜਾਇਆ। ਕਲਜੁਗ ਕਾਲ ਫੜ ਨਗਾਰਾ, ਆਪਣਾ ਡੌਰੂ ਰਿਹਾ ਵਾਹਿਆ। ਧਰਤ ਮਾਤ ਰੋਵੇ ਜ਼ਾਰੋ ਜ਼ਾਰਾ, ਨੇਤਰ ਨੈਣ ਨੀਰ ਵਹਾਇਆ। ਧਰਮ ਰਾਏ ਮੰਗ ਮੰਗੇ ਦਵਾਰਾ, ਦੋਏ ਬੈਠਾ ਸੀਸ ਝੁਕਾਇਆ। ਲਾੜੀ ਮੌਤ ਕਰੇ ਸ਼ਿੰਗਾਰਾ, ਨੇਤਰ ਕੱਜਲ ਏਕਾ ਪਾਇਆ। ਲੱਖ ਚੁਰਾਸੀ ਮੰਗੇ ਵਰ ਏਕਾ ਕੰਤ ਭਤਾਰਾ, ਜੂਠ ਝੂਠ ਲਏ ਪਰਨਾਇਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣ ਜੁਗ ਜੁਗ ਖੇਲ ਖੇਲਣਹਾਰਾ, ਦੇ ਮਤ ਰਿਹਾ ਸਮਝਾਇਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪੇ ਜਾਣੇ ਆਪਣੀ ਧਾਰਾ, ਧਾਰ ਆਪਣੀ ਆਪ ਚਲਾਇਆ। ਬ੍ਰਹਮਾ ਨੇਤਰ ਰਿਹਾ ਉਘਾੜਾ, ਅੱਠੇ ਨੈਣ ਵੇਖ ਵਖਾਇਆ। ਸ਼ਿਵ ਸ਼ੰਕਰ ਰੋਵੇ ਜ਼ਾਰੋ ਜ਼ਾਰਾ, ਬਾਸਕ ਤਸ਼ਕਾ ਗਲ ਲਟਕਾਇਆ। ਇੰਦ ਇੰਦਰਾਸਨ ਪਾਰ ਕਿਨਾਰਾ, ਕਰੋੜ ਤੇਤੀਸਾ ਦਏ ਦੁਹਾਇਆ। ਸ਼ਿਵ ਸ਼ੰਕਰ ਵੇਖੇ ਕਰ ਆਕਾਰਾ, ਵਿਸ਼ਨੂੰ ਵੰਸੀ ਰੂਪ ਸਮਾਇਆ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਜੋਤੀ ਜਾਮਾ ਪਾਇਆ। ਨਿਹਕਲੰਕ ਨਰਾਇਣ ਨਰ ਇਕ ਇਕੱਲਾ ਏਕੰਕਾਰਾ, ਲੇਖਾ ਲੇਖ ਨਾ ਕੋਈ ਲਿਖਾਇਆ। ਸ਼ਬਦ ਮਹੱਲਾ ਸਚ ਉਸਾਰਾ, ਆਪ ਆਪਣਾ ਆਸਣ ਲਾਇਆ। ਕਿਸੇ ਹੱਥ ਨਾ ਆਏ ਜਲ ਥਲਾ ਡੂੰਘੀ ਗਾਰਾ, ਗੁਰਮੁਖ ਹਿਰਦੇ ਵਿਚ ਵਸਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਤਿ ਪੁਰਖ ਨਿਰੰਜਣ ਏਕਾ ਨਾਅਰਾ ਲਾਇਆ। ਏਕਾ ਨਾਅਰਾ ਹਰਿ ਜੈ ਦੇਵਾ, ਹਰਿ ਜੂ ਆਪ ਲਗਾਇਆ। ਲੱਖ ਚੁਰਾਸੀ ਅੰਮ੍ਰਿਤ ਆਤਮ ਦੇਵੇ ਏਕਾ ਮੇਵਾ, ਸਤਿ ਸਤਿਵਾਦੀ ਫਲ ਖਵਾਇਆ। ਸੇਵ ਲਗਾਏ ਦੇਵੀ ਦੇਵਾ, ਅਲਖ ਅਭੇਵ ਦਇਆ ਕਮਾਇਆ। ਚਾਰ ਵਰਨ ਨੌਂ ਖੰਡ ਸੱਤ ਦੀਪ ਲੱਖ ਚੁਰਾਸੀ ਰਸਨਾ ਗਾਏ ਜੇਹਵਾ, ਜੇਹਵਾ ਗੁਣ ਹਰਿ ਜਣਾਇਆ। ਕੌਸਤਕ ਮਣੀਆ ਮਸਤਕ ਲਾਏ ਥੇਵਾ, ਲਾਟ ਲਿਲਾਟੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਮੰਤਰ ਸਚ ਨਾਮ ਦ੍ਰਿੜਾਇਆ। ਸਾਚਾ ਮੰਤਰ ਨਾਮ ਨਿਧਾਨਾ, ਨਿਰਗੁਣ ਆਪ ਉਪਾਇਆ। ਸਤਿਜੁਗ ਦੇਵੇ ਧੁਰ ਫ਼ਰਮਾਣਾ, ਧੁਰ ਦਰਗਾਹੀ ਲੈ ਕੇ ਆਇਆ। ਚਾਰ ਵਰਨਾਂ ਇਕ ਗਿਆਨਾ, ਏਕਾ ਮਾਰਗ ਲਾਇਆ। ਏਕਾ ਸ਼ਬਦ ਇਕ ਬਿਬਾਨਾ, ਏਕਾ ਰਿਹਾ ਉਡਾਇਆ। ਏਕਾ ਰਾਗ ਇਕ ਤਰਾਨਾ, ਏਕਾ ਤਾਲ ਵਜਾਇਆ। ਏਕਾ ਮੰਦਰ ਏਕਾ ਗਾਣਾ, ਏਕਾ ਰਿਹਾ ਸੁਣਾਇਆ। ਏਕਾ ਦਰ ਏਕਾ ਘਰ ਏਕਾ ਹਰਿ, ਏਕਾ ਨਰ ਨਰਾਇਣ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸ਼ਬਦ ਲਏ ਵਰ, ਸੋਹੰ ਸੋ ਨਾਮ ਦ੍ਰਿੜਾਇਆ। ਸੋਹੰ ਨਾਮ ਸ਼ਬਦ ਸਹੰਸਾ, ਸਤਿਜੁਗ ਝੋਲੀ ਪਾਇੰਦਾ। ਚਾਰ ਵਰਨ ਬਣਾਏ ਏਕਾ ਬੰਸਾ, ਏਕਾ ਰੰਗ ਰੰਗਾਇੰਦਾ। ਪੰਜ ਦੁਸ਼ਟ ਸੰਘਾਰੇ ਜਿਉਂ ਕਾਹਨਾ ਕੰਸਾ, ਦੂਈ ਦੁਸ਼ਟ ਰਹਿਣ ਨਾ ਪਾਇੰਦਾ। ਹਰਿਜਨ ਸਾਚੇ ਆਪ ਮਿਟਾਏ ਆਤਮ ਸਹਿੰਸਾ, ਸਹਿੰਸਾ ਰੋਗ ਨਾ ਕੋਈ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਜਪਾਇੰਦਾ। ਨਾਮ ਜਪਾਏ ਆਪਣਾ ਆਪ, ਆਪਣੇ ਹੱਥ ਰੱਖੇ ਵਡਿਆਈਆ। ਮੇਟ ਮਿਟਾਏ ਤੀਨੋ ਤਾਪ, ਤ੍ਰੈਗੁਣ ਮਾਇਆ ਮੁਖ ਸ਼ਰਮਾਈਆ। ਮੇਲ ਮਿਲਾਵਾ ਸੰਤ ਸਾਧ, ਸਾਜਨ ਮੀਤ ਆਪ ਅਖਵਾਈਆ। ਦਿਵਸ ਰੈਣ ਜਨ ਰਹੇ ਅਰਾਧ, ਘਰ ਸਾਚੇ ਵੇਖ ਵਖਾਈਆ। ਮੇਲ ਮਿਲਾਏ ਮੋਹਣ ਮਾਧਵ ਮਾਧ, ਮਨ ਮਨਸਾ ਪੂਰ ਕਰਾਈਆ। ਧੁਰ ਦਰਬਾਰੀ ਦੇਵੇ ਸਾਚੀ ਦਾਦ, ਨਾਮ ਖ਼ਜ਼ਾਨਾ ਝੋਲੀ ਪਾਈਆ। ਮੇਲ ਮਿਲਾਵਾ ਆਦਿ ਜੁਗਾਦਿ, ਹਰਿ ਦਾਤਾ ਬੇਪਰਵਾਹੀਆ। ਸ਼ਬਦ ਜਣਾਈ ਬੋਧ ਅਗਾਧ, ਲੇਖਾ ਲੇਖ ਨਾ ਜਾਣੇ ਕੋਈ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਜੋਤੀ ਨੂਰ ਕਰੇ ਰੁਸ਼ਨਾਈਆ। ਨੂਰ ਉਜਾਲਾ ਗੁਰ ਗੋਪਾਲਾ, ਆਪਣਾ ਆਪ ਕਰਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਦਇਆ ਨਿਧ ਅਖਵਾਇੰਦਾ। ਨੌਂ ਖੰਡ ਪ੍ਰਿਥਮੀ ਇਕ ਵਖਾਏ ਸਚ ਸੱਚੀ ਧਰਮਸਾਲਾ, ਸਤਿਗੁਰ ਪੂਰਾ ਆਪ ਬਣਾਇੰਦਾ। ਨੇੜ ਨਾ ਆਏ ਕਾਲ ਮਹਾਂਕਾਲਾ, ਰਾਏ ਧਰਮ ਨਾ ਫੇਰਾ ਪਾਇੰਦਾ। ਜਨ ਭਗਤਾਂ ਜੁਗ ਜੁਗ ਤੋੜੇ ਜਗਤ ਜ਼ੰਜਾਲਾ, ਆਪ ਆਪਣਾ ਬਿਰਧ ਰਖਾਇੰਦਾ। ਦੇਵੇ ਨਾਮ ਸੱਚਾ ਧੰਨ ਮਾਲਾ, ਠੱਗ ਚੋਰ ਯਾਰ ਲੁੱਟ ਨਾ ਕੋਈ ਲਿਜਾਇੰਦਾ। ਤਨ ਪਹਿਨਾਏ ਸੋਹੰ ਸ਼ਬਦ ਸਾਚੀ ਮਾਲਾ, ਸੋ ਮਣੀਆ ਮਣਤ ਆਪ ਕਰਾਇੰਦਾ। ਭਗਤ ਵਛਲ ਆਪ ਕਿਰਪਾਲਾ, ਅਛਲ ਅਛੱਲ ਕਰਾਇੰਦਾ। ਹਰਿਜਨ ਉਠਾਏ ਅੰਞਾਣੇ ਅਨਮੁਲੜੇ ਲਾਲਾ, ਜਗਤ ਹੱਟ ਨਾ ਕੋਈ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਜੋਗ ਜੁਗਤ ਜਗ ਮੇਲ ਆਪ ਮਿਲਾਇੰਦਾ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਮ ਨਿਸ਼ਾਨ ਦੋ ਜਹਾਨ ਇਕ ਝੁਲਾਇੰਦਾ।

Leave a Reply

This site uses Akismet to reduce spam. Learn how your comment data is processed.