੨੦ ਭਾਦਰੋਂ ੨੦੧੪ ਬਿਕ੍ਰਮੀ ਦਿੱਲੀ ਬਿਰਲਾ ਮੰਦਰ ਵਿਚ ਜੁਗਲ ਕਿਸ਼ੋਰ ਬਿਰਲਾ ਸੇਠ ਨਾਲ ਬਚਨ ਹੋਏ
ਬਿਰਲਾ ਸੇਠ ਮੁੱਕਿਆ ਪੰਧ, ਵੇਲਾ ਅੰਤਮ ਆਇੰਦਾ। ਕਾਇਆ ਮੰਦਰ ਅੰਦਰ ਚੜ੍ਹਿਆ ਚੰਦ, ਧੂਪ ਦੀਪ ਹਵਨ ਨਾ ਕੋਇ ਕਰਾਇੰਦਾ। ਮਾਨਸ ਮਾਨਸ ਨਾ ਮਿਲੀ ਸੁਗੰਧ, ਆਲਸ ਤ੍ਰਿਸ਼ਨਾ ਨਾ ਕੋਇ ਮਿਟਾਇੰਦਾ। ਗਾ ਗਾ ਥੱਕੇ ਬੱਤੀ ਦੰਦ, ਹਰਿਜਨ ਨਾ ਕੋਈ ਮਿਲਾਇੰਦਾ। ਬੁਰਜ ਮੁਨਾਰਾ ਦੂਈ ਦਵੈਤੀ ਕੰਧ, ਉਚਾ ਮੰਦਰ ਅੰਦਰ ਨਾ ਕੋਈ ਢਾਇੰਦਾ। ਪੁਰਖ ਅਬਿਨਾਸ਼ੀ ਸਦਾ ਬਖ਼ਸ਼ੰਦ, ਦੇ ਦਰਸ ਕਰ ਤਰਸ ਜਨਮ ਮਰਨ ਕਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਨੇਤਰ ਨੈਣਾਂ ਜੁਗ ਜੁਗ ਆਪ ਚੁਕਾਇੰਦਾ। ਲਹਿਣਾ ਦੇਣਾ ਜਾਏ ਚੁੱਕ, ਜੁਗ ਜੁਗ ਆਪ ਚੁਕਾਇਆ। ਹਰਿ ਕਾ ਭਾਣਾ ਨਾ ਜਾਏ ਰੁਕ, ਨਾ ਕੋਈ ਮੇਟ ਮਿਟਾਇਆ। ਕਾਇਆ ਬੂਟਾ ਰਿਹਾ ਸੁੱਕ, ਅੰਮ੍ਰਿਤ ਆਤਮ ਠੰਢਾ ਜਲ ਨੀਰ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਤੇਰਾ ਘਰ, ਕਵਣ ਦਰ ਡੇਰਾ ਲਾਇਆ। ਕਵਣ ਘਰ ਕਵਣ ਦਵਾਰ, ਕਵਣ ਸੇਜ ਵਿਛਾਈਆ। ਕਵਣ ਨਾਮ ਕਵਣ ਅਧਾਰ, ਕਵਣ ਮੂਰਤ ਧਿਆਨ ਲਗਾਈਆ। ਕਵਣ ਰਾਮ ਕਵਣ ਸ਼ਾਮ, ਕਵਣ ਗਣੇਸ਼ ਮਨਾਈਆ। ਕਵਣ ਕਾਇਆ ਕਵਣ ਚਾਮ, ਕਵਣ ਪਤਿਪਰਮੇਸ਼ਵਰ ਪਾਈਆ। ਕਵਣ ਮਾਇਆ ਕਵਣ ਸਾਇਆ ਪੱਲੇ ਬੱਧਾ ਧਨ ਦਾਮ, ਕਵਣ ਸੰਗ ਨਿਭਾਈਆ। ਮੰਦਰ ਅੰਦਰ ਕਾਇਆ ਅੰਧੇਰੀ ਸ਼ਾਮ, ਦੀਵਾ ਬੱਤੀ ਨਾ ਕੋਈ ਜਗਾਈਆ। ਬਿਨ ਹਰਿ ਨਾਮੇ ਝੂਠਾ ਤਾਮ, ਭੁੱਖਿਆਂ ਭੁੱਖ ਨਾ ਕੋਈ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਣੇ ਆਤਮ ਘਰ, ਕਵਣ ਦਵਾਰਾ ਰਿਹਾ ਸੁਹਾਈਆ। ਕਵਣ ਮੰਦਰ ਹਰਿ ਅਟੱਲ, ਕਵਣ ਚਾਰ ਦਿਵਾਰਿਆ। ਕਵਣ ਜੋਤੀ ਰਹੀ ਬਲ, ਦਿਵਸ ਰੈਣ ਕਰੇ ਉਜਿਆਰਿਆ। ਕਵਣ ਵਹੇ ਧਾਰਾ ਜਲ, ਅੱਠੇ ਪਹਿਰ ਠੰਢੀ ਠਾਰਿਆ। ਕਵਣ ਦਰਵਾਜ਼ਾ ਲਿਆ ਮੱਲ, ਮਿਲਿਆ ਮੇਲ ਰਾਮ ਕ੍ਰਿਸ਼ਨ ਅਵਤਾਰਿਆ। ਕਵਣ ਮੇਟੇ ਦੂਈ ਦਵੈਤੀ ਸਲ, ਸ਼ਿਵ ਸ਼ੰਭੂ ਪਾਏ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣਾ ਵੇਸ ਕਰ, ਦਰ ਦਰਵੇਸ਼ ਆਪ ਅਖਵਾ ਰਿਹਾ। ਸਰਬ ਗਿਆਨ ਸਰਬਤ੍ਰ ਪੂਰਨਾ ਪਰਮ ਪੁਰਖ ਦਿਆਲ। ਸਦ ਵਸੇ ਨੇੜੇ ਦੂਰ ਦੂਰਨਾ, ਦੀਨਾਂ ਬੰਧਪ ਦੀਨ ਦਿਆਲ। ਆਸਾ ਮਨਸਾ ਜਨ ਭਗਤਾਂ ਜੁਗ ਜੁਗ ਪੂਰਨਾ, ਸਦਾ ਸਹਾਈ ਅਕਲ ਅਕਾਲ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਮੇਲਾ ਮੇਲ ਕਰ, ਨਾਮ ਭਗਤੀ ਜਗਤ ਭਰ, ਦੇਵੇ ਜੀਆ ਦਾਨ। ਜੀਆ ਦਾਨ ਜਗਤ ਜੋਗ, ਏਕਾ ਨਾਮ ਰਖਾਇਆ। ਆਤਮ ਰਸ ਸਾਚਾ ਭੋਗ, ਮੰਦਰ ਅੰਦਰ ਰਿਹਾ ਕਰਾਇਆ। ਮਿਲੇ ਮੇਲ ਧੁਰ ਸੰਜੋਗ, ਹਰਿ ਸੰਜੋਗੀ ਮੇਲ ਮਿਲਾਇਆ। ਆਤਮ ਦਰਸੀ ਦਰਸ ਅਮੋਘ, ਦਰ ਦਵਾਰਕਾ ਰੂਪ ਵਖਾਇਆ। ਦੂਈ ਦਵੈਤੀ ਹਉਮੇ ਕਟੇ ਰੋਗ, ਏਕਾ ਰੰਗ ਰੰਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਲਹਿਣਾ ਸ਼ਬਦ ਗਹਿਣਾ ਤਨ ਬਸਤਰ ਇਕ ਪਹਿਨਾਇਆ। ਜੁਗ ਜੁਗ ਮੇਲ ਮਿਲਾਏ, ਭਗਤ ਭਗਵੰਤਿਆ। ਜੋਤ ਨਿਰੰਜਣ ਵੇਖ ਵਖਾਏ, ਆਦਿ ਸ਼ਕਤ ਆਦਿਨ ਅੰਤਿਆ। ਏਕਾ ਬੰਕ ਦਰ ਦਵਾਰ ਸੁਹਾਏ, ਪਾਰਬ੍ਰਹਮ ਪਤ ਪਤਵੰਤਿਆ। ਅੰਮ੍ਰਿਤ ਆਤਮ ਧਾਰਾ ਗੰਗ ਵਹਾਏ, ਸੁਰਸਤੀ ਸਾਚੀ ਸੇਵ ਕਮਾਏ, ਅੰਗਨ ਆਪਣੇ ਆਪ ਰਖੰਤਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰਾ ਵੇਖ ਘਰ, ਵੇਖੇ ਖੇਲ ਜੀਵ ਜੰਤਿਆ। ਜੀਵ ਜੰਤ ਜਗਤ ਨਾਦਾਨ, ਰੈਣ ਅੰਧੇਰੀ ਛਾਈਆ। ਹਰਿਜਨ ਮੇਲਾ ਮੇਲ ਮਿਲਾ ਸ੍ਰੀ ਭਗਵਾਨ, ਭਗਤ ਭਗਵਾਨ ਰੂਪ ਸਮਾਈਆ। ਏਕਾ ਰੂਪ ਗੋਪੀ ਕਾਹਨ, ਕਾਹਨਾ ਕ੍ਰਿਸ਼ਨਾ ਆਪ ਅਖਵਾਈਆ। ਸੀਤਾ ਸੁਰਤੀ ਸ਼ਬਦੀ ਰਾਮ, ਰਾਮ ਰਾਮਾ ਆਪ ਹੋ ਜਾਈਆ। ਜਨ ਭਗਤਾਂ ਦੇਵੇ ਨਾਮ ਕਾਮ, ਆਤਮ ਤ੍ਰਿਸ਼ਨਾ ਭੁੱਖ ਮਿਟਾਈਆ। ਪੱਲੇ ਬੰਨ੍ਹੇ ਸਾਚਾ ਦਾਮ, ਇਕ ਖ਼ਜ਼ੀਨਾ ਹੱਥ ਰਘੁਰਾਈਆ। ਲੇਖੇ ਲਾਏ ਕਾਇਆ ਚਾਮ, ਜੋ ਜਨ ਰਸਨਾ ਰਹੇ ਧਿਆਈਆ। ਭਾਗ ਲਗਾਏ ਕਾਇਆ ਖੇੜਾ ਸਾਚਾ ਨਗਰ ਗਰਾਮ, ਮੰਡਲ ਮੰਡਪ ਦਏ ਵਸਾਈਆ। ਉਚ ਅਟੱਲਾ ਅਗੰਮਾ ਧਾਮ, ਹਰਿ ਸਾਚਾ ਇਕ ਵਿਖਾਈਆ। ਅਛਲ ਅਛੱਲਾ ਕਰੇ ਕਾਮ, ਭੇਖਾਧਾਰੀ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਘਰ ਵੇਖੇ ਏਕਾ ਘਰ, ਜਗ ਮੰਦਰ ਵੇਖ ਵਖਾਈਆ। ਕਾਇਆ ਮੰਦਰ ਸਚ ਦਵਾਰਾ, ਹਰਿ ਸਾਚਾ ਆਪ ਸੁਹਾਇੰਦਾ। ਦੀਪਕ ਜੋਤੀ ਕਰ ਉਜਿਆਰਾ, ਨੂਰੋ ਨੂਰ ਵਖਾਇੰਦਾ। ਅੰਮ੍ਰਿਤ ਆਤਮ ਠੰਢੀ ਧਾਰਾ, ਚਾਰੋਂ ਕੁੰਟ ਵਹਾਇੰਦਾ। ਹਰਿਜਨ ਸਾਚੇ ਕਰ ਪਿਆਰਾ, ਆਪ ਆਪਣੀ ਹੱਥੀਂ ਮੁਖ ਚੁਆਇੰਦਾ। ਏਕਾ ਦੂਜਾ ਭਉ ਨਿਵਾਰਾ, ਤੀਜੇ ਨੇਤਰ ਵਖਾਇੰਦਾ। ਤੁਲਸੀ ਬਣਿਆ ਲੇਖ ਲਿਖਾਰਾ, ਧੁਰ ਫ਼ਰਮਾਣ ਜਣਾਇੰਦਾ। ਵੇਦ ਵਿਆਸਾ ਕਰੇ ਪੁਕਾਰਾ, ਪੁਰਾਨ ਅਠਾਰਾਂ ਗਿਆਨ ਗੋਝ ਜਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਦਰ ਦਵਾਰਾ ਇਕ ਸੁਹਾਇੰਦਾ। ਸਾਚਾ ਸ਼ਬਦ ਸੱਜਣ ਸ਼ਾਹ, ਏਕਾ ਏਕ ਅਖਵਾਇੰਦਾ। ਹਰਿ ਨਾਮ ਬਣਾਏ ਜਗਤ ਮਲਾਹ, ਅੰਤਮ ਬੇੜਾ ਬੰਨੇ ਲਾਇੰਦਾ। ਆਵਣ ਜਾਵਣ ਲੱਖ ਚੁਰਾਸੀ ਕਟੇ ਫਾਹ, ਰਾਏ ਧਰਮ ਨੇੜ ਨਾ ਆਇੰਦਾ। ਏਕਾ ਵੱਖਰ ਨਾਮ ਰਖਾਏ ਸਾਚਾ ਨਾਂ, ਕਿਸੇ ਹੱਟ ਨਾ ਮਾਤ ਵਕਾਇੰਦਾ। ਬਜਰ ਕਪਾਟੀ ਪਾੜੇ ਪੱਥਰ, ਮਾਇਆ ਪੜਦਾ ਪਰੇ ਹਟਾਇੰਦਾ। ਨੇਤਰ ਨੀਰ ਵਰੋਲੇ ਅੱਥਰ, ਨਿਝਰ ਧਾਰ ਵਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਸਾਚੇ ਲਏ ਵਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਭੇਖਾਧਾਰੀ ਜੋਤ ਅਕਾਰ, ਏਕਾ ਏਕ ਅਖਵਾਈਆ। ਸ਼ਬਦ ਸਰੂਪੀ ਜੈ ਜੈਕਾਰ, ਜਨ ਭਗਤਾਂ ਮੰਦਰ ਅੰਦਰ ਆਪ ਕਰਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਜੇਰਜ ਅੰਡਾਂ ਆਪ ਸਮਾਈਆ। ਨੌ ਖੰਡ ਪ੍ਰਿਥਮੀ ਬੰਨ੍ਹੇ ਧਾਰ, ਸੱਤਾਂ ਦੀਪਾਂ ਇਕ ਜਣਾਈਆ। ਲੋਆਂ ਪੁਰੀਆਂ ਖ਼ਬਰਦਾਰ, ਬ੍ਰਹਮਾ ਵਿਸ਼ਨ ਸ਼ਿਵ ਸੋਇਆ ਰਿਹਾ ਜਗਾਈਆ। ਸ਼ਿਵ ਸ਼ੰਕਰ ਹੋਇਆ ਪਹਿਰੇਦਾਰ, ਨਾਮ ਤ੍ਰਿਸ਼ੂਲ ਹੱਥ ਉਠਾਈਆ। ਪੁਰਖ ਅਬਿਨਾਸ਼ੀ ਭੇਖ ਅਪਾਰ, ਇਕ ਇਕੱਲਾ ਰਿਹਾ ਵਖਾਈਆ। ਕਲਜੁਗ ਤੇਰੀ ਕਾਲੀ ਧਾਰ, ਜੂਠ ਝੂਠ ਕਰੀ ਕੁੜਮਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਸੁੱਤੇ ਪੈਰ ਪਸਾਰ, ਚਾਰੋਂ ਕੁੰਟ ਤ੍ਰੈਗੁਣ ਮਾਇਆ ਤੇਰੀ ਪਈ ਲੜਾਈਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਸਾਧ ਸੰਤ ਲਏ ਉਭਾਰ, ਜਮਨ ਕਿਨਾਰਾ ਵੇਖ ਵਖਾਈਆ। ਸੰਮਤ ਚੌਦਾਂ ਸਦ ਬੀਸ ਬਿਕ੍ਰਮੀ ਤੇਰੀ ਧਾਰ, ਲੋਕਮਾਤ ਹਰਿ ਕਰ ਵਿਚਾਰ, ਆਏ ਵੇਖ ਦਰ ਦਰਬਾਰ, ਸਾਜਣ ਸਾਚੇ ਮੇਲ ਮਿਲਾਈਆ। ਰਾਜਨ ਰਾਜ ਇਕ ਸਿਕਦਾਰ, ਸ਼ਾਹੋ ਭੂਪ ਸੱਚੀ ਸਰਕਾਰ, ਨਰ ਨਿਰੰਕਾਰਾ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਾਚਾ ਦਰ, ਦਰ ਦਵਾਰਾ ਵੇਖ ਵਖਾਈਆ। ਜਗਤ ਸੇਠ ਸ਼ਬਦ ਲੇਖ, ਪ੍ਰਭ ਆਪਣੇ ਹੱਥ ਰਖਾਇਆ। ਕਵਣ ਰੱਖੇ ਸਾਇਆ ਹੇਠ, ਕਵਣ ਪਾਰ ਕਰਾਇਆ। ਕਵਣ ਦੇਵੇ ਨਾਮ ਅਨਡੀਠ, ਕਵਣ ਤ੍ਰਿਸ਼ਨ ਬੁਝਾਇਆ। ਕਵਣ ਸੁੱਤਾ ਦੇ ਕਰ ਪੀਠ, ਕਵਣ ਮੁਖੜਾ ਰਿਹਾ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖ ਵਖਾਏ ਸਾਚਾ ਘਰ, ਲਿਖਿਆ ਲੇਖ ਰਿਹਾ ਜਣਾਇਆ। ਤੇਰਾਂ ਅਰਬਾਂ ਤੇਰੀ ਧਾਰ, ਤੇਰਾਂ ਕਰੋੜ ਚਲਾਈਆ। ਤੇਰਾਂ ਲੱਖ ਕਰ ਅਧਾਰ, ਤੇਰਾਂ ਵਿਚ ਸਮਾਈਆ। ਤੇਰਾਂ ਰੂਪ ਆਪ ਕਰਤਾਰ, ਤੇਰਾਂ ਬਣਤ ਬਣਾਈਆ। ਲਿਖਿਆ ਲੇਖ ਨਾਨਕ ਅਪਰ ਅਪਾਰ, ਪ੍ਰਭ ਪੂਰਾ ਪੂਰ ਕਰਾਈਆ। ਮਿਲਿਆ ਮੇਲ ਪੁਰਖ ਅਬਿਨਾਸ਼ੀ ਸਾਚੇ ਯਾਰ, ਕਲਜੁਗ ਵਿਛੋੜਾ ਰਿਹਾ ਕਟਾਈਆ। ਦੇਵੇ ਦਰਸ ਅਗੰਮ ਅਪਾਰ, ਅੰਦਰ ਮੰਦਰ ਸੇਜ ਵਿਛਾਈਆ। ਜੋਤ ਸਰੂਪੀ ਸੁੱਤਾ ਪੈਰ ਪਸਾਰ, ਅੱਠੇ ਪਹਿਰ ਰੰਗ ਰੰਗਾਈਆ। ਧੁਨ ਆਤਮਕ ਨਾਦ ਅਨਾਹਦ ਵਜਾਏ ਇਕ ਸਿਤਾਰ, ਪੰਚਮ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੀ ਦੇਵਾ ਅਲਖ ਅਭੇਵਾ ਏਕਾ ਏਕ ਅਖਵਾਈਆ।
