੧੩ ਚੇਤ ੨੦੧੪ ਬਿਕ੍ਰਮੀ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਆਲੋ ਵਾਲ ਹੁਸ਼ਿਆਰ ਪੁਰ
ਆਪ ਸੁਹਾਏ ਥਾਨ, ਚਰਨ ਛੁਹਾਇਆ। ਵਡ ਦਾਤਾ ਮਿਹਰਬਾਨ, ਦੇਵੇ ਰਿਜਕ ਸਬਾਇਆ। ਚਰਨ ਕਵਲ ਬਖ਼ਸ਼ੇ ਇਕ ਧਿਆਨ, ਲੇਖਾ ਲੇਖੇ ਰਿਹਾ ਲਾਇਆ। ਸਾਚਾ ਮੇਲਾ ਸ੍ਰੀ ਭਗਵਾਨ, ਸਤਿ ਪੁਰਖ ਨਿਰੰਜਣ ਆਪ ਮਿਲਾਇਆ। ਏਕਾ ਸ਼ਬਦ ਸਚ ਨਿਸ਼ਾਨ, ਘਰ ਮੰਦਰ ਆਪ ਟਿਕਾਇਆ। ਦੇਵਣਹਾਰ ਵਿਚ ਜਹਾਨ, ਜਗ ਜੀਵਣ ਦਾਤਾ ਆਪ ਅਖਵਾਇਆ। ਕਰੇ ਕਰਾਏ ਜਾਣ ਪਛਾਣ, ਗਊ ਗਰੀਬਾਂ ਆਪ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰੋਗ ਸੋਗ ਚਿੰਤ ਵੈਰਾਗ ਅੰਤਮ ਮੇਟ ਮਿਟਾਇਆ। ਕਰਤਾ ਪੁਰਖ ਹਰਿ ਅਬਿਨਾਸ਼, ਆਪਣੀ ਦਇਆ ਕਮਾਇਆ। ਹਰਿਜਨ ਹੋਇਆ ਦਾਸਨ ਦਾਸ, ਨੇਤਰ ਨੈਣ ਨੀਰ ਵਹਾਇਆ। ਸਚ ਵਸਤ ਹਰਿ ਸਾਚੇ ਪਾਸ, ਝੋਲੀ ਨਾਮ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਦਾਮ ਘਰ ਸਾਚੇ ਆਪ ਟਿਕਾਇਆ। ਗੁਰਮੁਖ ਆਤਮ ਬੁਧ ਬਿਬੇਕ, ਏਕਾ ਏਕ ਰਖਾਈਆ। ਆਪੇ ਬੈਠਾ ਰਿਹਾ ਵੇਖ, ਏਕਾ ਟੇਕ ਸਿਖਾਈਆ। ਮੇਟਣਹਾਰਾ ਲਿਖਿਆ ਲੇਖ, ਲਿਖਿਆ ਲੇਖ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਗੋਬਿੰਦ ਦਰਸ ਦਿਖਾਈਆ। ਗੁਰਮੁਖ ਆਸ ਪਿਆਸ ਤ੍ਰਿਸ਼ਨਾ, ਦਿਵਸ ਰੈਣ ਬਿਲਲਾਏ। ਕਿਰਪਾ ਕਰੇ ਭਗਵਾਨ ਵਿਸ਼ਨਾ, ਵਿਸ਼ਨੂੰ ਰੂਪ ਵਟਾਏ। ਨੇਤਰ ਨੈਣ ਕਿਸੇ ਨਾ ਦਿਸਨਾ, ਸ੍ਰਿਸ਼ਟ ਸਬਾਈ ਰਿਜਕ ਸਬਾਏ। ਕਲਜੁਗ ਅੰਤਮ ਜਨ ਭਗਤਾਂ ਵੰਡਾਏ ਸਾਚਾ ਹਿੱਸਨਾ, ਆਪ ਆਪਣੀ ਵੰਡ ਕਰਾਏ। ਮੇਟ ਮਿਟਾਏ ਜਗਤ ਤ੍ਰਿਸ਼ਨਾ, ਭੁੱਖ ਰਹਿਣ ਨਾ ਪਾਏ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਤਮ ਸੁਖ ਸੁਖ ਸਹਿਜੇ ਸਹਿਜ ਉਪਜਾਏ। ਆਤਮ ਸੁਖ ਆਤਮ ਰਸ, ਆਤਮ ਦਰ ਪਰਵਾਨਿਆ। ਮੇਲ ਮਿਲਾਏ ਨੱਸ ਨੱਸ, ਖੇਲੇ ਖੇਲ ਵਿਚ ਜਹਾਨਿਆ। ਤੀਰ ਨਿਰਾਲਾ ਕਸ ਕਸ, ਮਾਰੇ ਸ਼ਬਦ ਨਿਸ਼ਾਨਿਆ। ਆਪੇ ਹੋਇਆ ਭਗਤਾਂ ਵਸ, ਭਗਤ ਅਧੀਨ ਸ੍ਰੀ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰ ਕਰੇ ਪਰਵਾਨਿਆ। ਦਰ ਪਰਵਾਨਾ ਹਰਿ ਭਗਵਾਨਾ, ਏਕਾ ਏਕ ਕਰਾਇਆ। ਆਪੇ ਦੇਵੇ ਜੀਆ ਦਾਨਾ, ਜੀਵਣ ਦਾਤਾ ਆਪ ਅਖਵਾਇਆ। ਆਪੇ ਹੋਏ ਬੀਨਾ ਦਾਨਾ, ਦਾਨਾ ਬੀਨਾ ਹਰਿ ਰਘੁਰਾਇਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਅੰਮ੍ਰਿਤ ਨਾਮ ਮੁਖ ਚੁਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਰ ਦਵਾਰੇ ਦਰਸ ਦਿਖਾਇਆ।