Granth 09 Likhat 234: 28 Kattak 2017 Bikarmi Inder Singh de Ghar Pind Bandala

੨੮ ਕੱਤਕ ੨੦੧੭ ਬਿਕਰਮੀ ਇੰਦਰ ਸਿੰਘ ਦੇ ਘਰ ਪਿੰਡ ਬੰਡਾਲਾ

ਦੀਨ ਦਿਆਲ ਸਰਬ ਗੁਣ ਠਾਕਰ ਸਵਾਮੀ, ਨਿਰਗੁਣ ਨਿਰਵੈਰ ਆਪਣਾ ਨਾਉਂ ਧਰਾਇੰਦਾ। ਗ੍ਰਹਿ ਮੰਦਰ ਵਸੇ ਸਚ ਮੁਕਾਮੀ, ਸਚਖੰਡ ਦਵਾਰੇ ਸੋਭਾ ਪਾਇੰਦਾ। ਆਦਿ ਜੁਗਾਦਿ ਜੁਗਾ ਜੁਗੰਤਰ ਸਦਾ ਸਦ ਨੇਹਕਾਮੀ, ਨਰ ਨਰਾਇਣ ਆਪਣੀ ਧਾਰ ਚਲਾਇੰਦਾ। ਸ਼ਬਦ ਅਗੰਮ ਚਲਾਏ ਬਾਣੀ, ਬੋਧ ਅਗਾਧ ਸ਼ਬਦ ਅਲਾਇੰਦਾ। ਚਰਨ ਸਰੋਵਰ ਅੰਮ੍ਰਿਤ ਰਸ ਰੱਖੇ ਠੰਡਾ ਪਾਣੀ, ਨਿਝਰ ਆਪਣਾ ਰਸ ਆਪ ਪਰਗਟਾਇੰਦਾ। ਆਪੇ ਜਾਣੇ ਆਪਣੀ ਅਕਥ ਕਹਾਣੀ, ਰਸਨਾ ਜਿਹਵਾ ਕਥ ਨਾ ਕੋਈ ਸੁਣਾਇੰਦਾ। ਆਪੇ ਲੱਖ ਚੁਰਾਸੀ ਜੀਵ ਜੰਤ ਲੇਖਾ ਜਾਣੇ ਸਰਬ ਪੁਰਾਨੀ, ਘਟ ਘਟ ਮੰਦਰ ਜੋਤ ਜਗਾਇੰਦਾ। ਆਪੇ ਕਰੇ ਅਕਾਰ ਚਾਰੇ ਖਾਣੀ, ਈਸ਼ ਜੀਵ ਮੇਲ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਕਰਤਾ ਆਪੇ ਠਾਕਰ, ਆਪ ਆਪਣੀ ਖੇਲ ਖਿਲਾਇੰਦਾ। ਠਾਕਰ ਕਰਤਾ ਹਰਿ ਮਿਹਰਵਾਨਾ, ਹਰਿ ਜੂ ਹਰਿ ਹਰਿ ਮੰਦਰ ਸੋਭਾ ਪਾਇੰਦਾ। ਥਿਰ ਘਰ ਵਸੇ ਇਕ ਮਕਾਨਾ, ਘਰ ਮੰਦਰ ਆਪ ਦਰਸਾਇੰਦਾ। ਸਾਚਾ ਤਖ਼ਤ ਇਕ ਸੁਹਾਨਾ, ਆਸਣ ਸਿੰਘਾਸਣ ਸੋਭਾ ਪਾਇੰਦਾ। ਸ਼ਬਦ ਅਨਾਦੀ ਸਚ ਤਰਾਨਾ, ਨਾਦ ਅਨਾਦੀ ਨਾਦ ਵਜਾਇੰਦਾ। ਅਨਭਵ ਖੇਲ ਸ੍ਰੀ ਭਗਵਾਨਾ, ਭੇਵ ਅਭੇਦਾ ਭੇਵ ਛੁਪਾਇੰਦਾ। ਕਰ ਪਰਕਾਸ਼ ਦੋ ਜਹਾਨਾ, ਮੂਰਤ ਅਕਾਲ ਡਗਮਗਾਇੰਦਾ। ਕਰੇ ਖੇਲ ਗੁਣ ਨਿਧਾਨਾ, ਜੁਗਾ ਜੁਗੰਤਰ ਵੇਸ ਵਟਾਇੰਦਾ। ਆਪਣਾ ਰੂਪ ਆਪ ਪਛਾਣਾ, ਰੂਪ ਅਨੂਪ ਆਪ ਦਰਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਦਵਾਰਾ ਏਕੰਕਾਰਾ, ਕਲ ਆਪਣੀ ਆਪ ਪਰਗਟਾਇੰਦਾ। ਕਲ ਪ੍ਰਗਟੇ ਹਰਿ ਗੋਬਿੰਦ, ਮਹਿਮਾ ਅਕਥ ਕਥੀ ਨਾ ਜਾਈਆ। ਗਹਿਰ ਗੰਭੀਰ ਸਾਗਰ ਸਿੰਧ, ਅਲੱਖ ਅਗੋਚਰ ਬੇਪਰਵਾਹੀਆ। ਲੇਖਾ ਜਾਣੇ ਬ੍ਰਹਮਾ ਵਿਸ਼ਨ ਸ਼ਿਵ ਸੁਰਪਤ ਰਾਜਾ ਇੰਦ, ਕੋਟਨ ਕੋਟ ਰੂਪ ਧਰਾਈਆ। ਲੱਖ ਚੁਰਾਸੀ ਏਕਾ ਦਾਤਾ ਬਣ ਬਖ਼ਸ਼ਿੰਦ, ਬਖ਼ਸ਼ਿਸ਼ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੀਨ ਦਿਆਲਾ ਸਰਬ ਗੁਣ ਠਾਕਰ, ਰਤੀ ਨਾਮ ਇਕ ਰਤਨਾਗਰ, ਵਸਤ ਅਨਮੋਲ ਇਕ ਵਖਾਈਆ। ਨਾਮ ਵਸਤ ਅਨਮੋਲ ਹਰਿ ਕਰਤਾਰ, ਸਮਰਥ ਪੁਰਖ ਆਪਣੇ ਹੱਥ ਰਖਾਇੰਦਾ। ਜੁਗਾ ਜੁਗੰਤਰ ਹੋ ਉਜਿਆਰ, ਲੋਕਮਾਤ ਵੇਸ ਵਟਾਇੰਦਾ। ਏਕਾ ਬਾਣੀ ਬੋਲ ਜੈਕਾਰ, ਆਪਣਾ ਨਾਉਂ ਆਪ ਸਲਾਹਿੰਦਾ। ਆਪੇ ਗੁਰ ਗੁਰ ਦੇਵਣਹਾਰ ਧਾਰ, ਆਪੇ ਗੁਰ ਗੁਰ ਮੁਖ ਵਡਿਆਇੰਦਾ। ਆਪੇ ਭਗਤਨ ਦੇਵੇ ਸਚ ਭੰਡਾਰ, ਭਗਤੀ ਭਗਤ ਭਗਵੰਤ ਆਪ ਵਰਤਾਇੰਦਾ। ਆਪੇ ਸੰਤਨ ਦੇਵੇ ਨਾਮ ਅਧਾਰ, ਸਾਚੀ ਸੇਜਾ ਇਕ ਸੁਹਾਇੰਦਾ। ਆਪੇ ਗੁਰਮੁਖ ਸੱਜਣ ਲਏ ਉਭਾਰ, ਜਗਤ ਗੋਦੜੀ ਵੇਖ ਵਖਾਇੰਦਾ। ਆਪੇ ਗੁਰਮੁਖ ਵੇਖੇ ਸਾਚੇ ਲਾਲ, ਅਨਮੁਲੜਾ ਆਪਣੇ ਹੱਥ ਰਖਾਇੰਦਾ। ਆਪੇ ਲੇਖਾ ਜਾਣੇ ਕਾਲ ਮਹਾਂਕਾਲ, ਦੋ ਜਹਾਨ ਆਪਣੀ ਖੇਲ ਖਿਲਾਇੰਦਾ। ਆਪੇ ਲਹਿਣਾ ਦੇਣ ਚੁਕਾਏ ਸ਼ਾਹ ਕੰਗਾਲ, ਰਾਓ ਰੰਕਾਂ ਮੂਲ ਮੁਕਾਇੰਦਾ। ਆਪੇ ਸ਼ਬਦ ਅਨਾਦਿ ਵਜਾਏ ਸੱਚਾ ਤਾਲ, ਸਾਚੀ ਨਗਰੀ ਆਪ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਨਿਧ ਏਕਾ ਠਾਕਰ, ਆਦਿ ਜੁਗਾਦੀ ਨਾਮ ਸੁਦਾਗਰ, ਵਣਜ ਵਣਜਾਰਾ ਇਕੋ ਇਕ ਅਖਵਾਇੰਦਾ। ਵਣਜ ਵਣਜਾਰਾ ਸ੍ਰੀ ਭਗਵਾਨ, ਜੁਗ ਜੁਗ ਆਪਣਾ ਵਣਜ ਕਰਾਇੰਦਾ। ਚੌਦਾਂ ਲੋਕਾ ਵੇਖੇ ਮਾਰ ਧਿਆਨ, ਲੋਆਂ ਪੁਰੀਆਂ ਫੋਲ ਫੁਲਾਇੰਦਾ। ਤ੍ਰੈ ਤ੍ਰੈ ਦੇਵੇ ਇਕ ਗਿਆਨ, ਵਿਸ਼ਵ ਏਕਾ ਰੂਪ ਵਖਾਇੰਦਾ। ਏਕਾ ਮੰਤਰ ਧੁਰ ਫ਼ਰਮਾਣ, ਧੁਰ ਦੀ ਬਾਣੀ ਬਾਣ ਲਗਾਇੰਦਾ। ਏਕਾ ਮੰਦਰ ਇਕ ਮਕਾਨ, ਏਕਾ ਗ੍ਰਹਿ ਵਸਾਇੰਦਾ। ਏਕਾ ਲੇਖਾ ਜਾਣੇ ਜੀਵ ਜਹਾਨ, ਜੀਵ ਜੰਤ ਸਾਧ ਸੰਤ ਹਰਿ ਭਗਵੰਤ ਵੇਖ ਵਖਾਇੰਦਾ। ਏਕਾ ਚੁਕਾਏ ਜਮ ਕੀ ਕਾਨ, ਏਕਾ ਰਾਏ ਧਰਮ ਫੰਦਨ ਗਲ ਪਾਇੰਦਾ। ਏਕਾ ਬਖ਼ਸ਼ਣਹਾਰਾ ਮਾਣ, ਏਕਾ ਦਰ ਦਰਬਾਰ ਦੁਰਕਾਇੰਦਾ। ਏਕਾ ਦੇਵੇ ਪੀਣ ਖਾਣ, ਏਕਾ ਭੁਖਿਆਂ ਭੁੱਖ ਮਿਟਾਇੰਦਾ। ਏਕਾ ਗੁਰ ਹੋ ਮਿਹਰਵਾਨ, ਸਚ ਨਿਸ਼ਾਨਾ ਇਕ ਵਖਾਇੰਦਾ। ਚਰਨ ਕਵਲ ਬਖ਼ਸ਼ੇ ਮਾਣ, ਮੋਹ ਅਭਿਮਾਨ ਸਰਬ ਗਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਰਬ ਜੀਆਂ ਪ੍ਰਭ ਏਕਾ ਠਾਕਰ, ਦੂਸਰ ਅਵਰ ਨਾ ਕੋਇ ਜਣਾਇੰਦਾ। ਠਾਕਰ ਕਰਤਾ ਏਕੰਕਾਰਾ, ਆਪਣੀ ਰਚਨਾ ਆਪ ਰਚਾਇੰਦਾ। ਜਾਗਰਤ ਜੋਤ ਕਰ ਉਜਿਆਰਾ, ਘਰ ਘਰ ਆਪਣਾ ਵੇਸ ਵਟਾਇੰਦਾ। ਰਾਗੀ ਨਾਦੀ ਵਸੇ ਬਾਹਰਾ, ਰਾਗ ਰਾਗਨੀ ਭੇਵ ਨਾ ਆਇੰਦਾ। ਕਰਿਆ ਖੇਲ ਅਗੰਮ ਅਪਾਰਾ, ਅਲੱਖ ਅਗੋਚਰ ਹੋ ਉਜਿਆਰਾ, ਨਿਰਗੁਣ ਨਿਰਗੁਣ ਬੰਨ੍ਹੇ ਧਾਰਾ, ਜੋਤੀ ਜੋਤ ਪਰਗਟਾਇੰਦਾ। ਹਰਿਜਨ ਜਨ ਹਰਿ ਸ਼ਬਦ ਹੁਲਾਰਾ, ਕਰੇ ਖੇਲ ਵਿਚ ਸੰਸਾਰਾ, ਆਦਿ ਜੁਗਾਦੀ ਸਾਚੀ ਕਾਰਾ, ਕਰਤਾ ਪੁਰਖ ਆਪਣੀ ਖੇਲ ਆਪ ਖਲਾਇੰਦਾ। ਠਾਕਰ ਸੁਵਾਮੀ ਬਣ ਵਣਜਾਰਾ, ਦਰ ਦਰ ਮੰਗੇ ਬਣ ਭਿਖਾਰਾ, ਏਕਾ ਅਲਫ਼ੀ ਤਨ ਸ਼ੰਗਾਰਾ, ਵੇਸ ਅਨੇਕ ਆਪ ਵਟਾਇੰਦਾ। ਲੇਖਾ ਜਾਣੇ ਵਾਰੋ ਵਾਰਾ, ਬੈਠਾ ਰਹੇ ਧੁਰ ਦਰ ਦਰਬਾਰਾ, ਕਾਗਦ ਕਲਮ ਨਾ ਲਿਖਣਹਾਰਾ, ਲੇਖਾ ਲੇਖ ਨਾ ਕੋਈ ਜਣਾਇੰਦਾ। ਸਾਕਤ ਨਿੰਦਕ ਨਾ ਪਾਵੇ ਕੋਈ ਸਾਰਾ, ਜਿਸ ਜਨ ਸਾਚਾ ਨਾਮ ਅਧਾਰਾ, ਆਤਮ ਖੋਲ੍ਹੇ ਬੰਦ ਕਿਵਾੜਾ, ਦੂਈ ਦਵੈਤੀ ਪਰਦਾ ਲਾਹਿੰਦਾ। ਮੇਟੇ ਰੈਣ ਅੰਧੇਰ ਅੰਧਿਆਰਾ, ਸਾਚਾ ਚੰਨ ਕਰੇ ਉਜਿਆਰਾ, ਮਿਲੇ ਮੇਲ ਪੀਆ ਪ੍ਰੀਤਮ ਮੀਤ ਮੁਰਾਰਾ, ਪਿਰ ਕੰਤ ਏਕਾ ਰਾਗ ਨਾਦ ਅਨਾਦੀ ਆਪ ਸੁਣਾਇੰਦਾ। ਸਾਚੀ ਸਿਖ਼ਿਆ ਮੰਗਲਚਾਰਾ, ਵਾਹ ਵਾਹ ਹਰਿ ਹਰਿ ਪਾਇਆ ਸਚ ਦਰਬਾਰਾ, ਵਿਛੜ ਨਾ ਜਾਏ ਵਿਚ ਸੰਸਾਰਾ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਠਾਕਰ ਸੁਆਮੀ ਆਪ ਅਖਵਾਇੰਦਾ। ਠਾਕਰ ਸੁਆਮੀ ਸਰਬ ਗੁਣਵੰਤਾ, ਹਰਿ ਜੂ ਹਰਿ ਹਰਿ ਇਕ ਉਪਾਇੰਦਾ। ਆਪੇ ਜਾਣੇ ਆਪਣੀ ਰੀਤਾ, ਵੇਦ ਕਤੇਬ ਭੇਵ ਨਾ ਪਾਇੰਦਾ। ਜੁਗਾ ਜੁਗੰਤਰ ਠਾਂਡਾ ਸੀਤਾ, ਵਸਣਹਾਰਾ ਧਾਮ ਅਨਡੀਠਾ, ਆਪਣਾ ਰਸ ਜਾਣੇ ਮੀਠਾ, ਅੰਮ੍ਰਿਤ ਰਸ ਆਪ ਉਪਾਇੰਦਾ। ਲੇਖਾ ਜਾਣੇ ਹਸਤ ਕੀਟਾ, ਵਸਣਹਾਰਾ ਊਚਾਂ ਨੀਚਾਂ, ਆਪਣੇ ਰੰਗ ਆਪੇ ਭਿੰਚਾ, ਦੂਸਰ ਰੰਗ ਨਾ ਕੋਈ ਜਣਾਇੰਦਾ। ਨਾ ਕੋਈ ਮੰਦਰ ਨਾ ਮਸੀਤਾ, ਬੈਠਾ ਰਹੇ ਪਤਿਤ ਪੁਨੀਤਾ, ਗੁਰਮੁਖ ਵਸੇ ਸਦਾ ਚੀਤਾ, ਕਾਇਆ ਕੰਚਨ ਗੜ੍ਹ ਸੁਹਾਇੰਦਾ। ਮਿੱਠਾ ਕਰੇ ਕੌੜਾ ਰੀਠਾ, ਏਕਾ ਸ਼ਬਦ ਸੁਣਾਏ ਭਾਵ ਰਖਾਏ ਅਠਾਰਾਂ ਧਿਆਏ ਗੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਠਾਕਰ ਸੁਵਾਮੀ ਸਾਚਾ ਮੀਤ, ਜੁਗਾ ਜੁਗੰਤਰ ਲੱਖ ਚੁਰਾਸੀ ਪਰਖੇ ਨੀਤ, ਨਿਤ ਨਿਤ ਆਪਣਾ ਵੇਸ ਵਟਾਇੰਦਾ। ਵੇਸ ਅਵੱਲੜਾ ਇਕ ਅਕੱਲੜਾ, ਨਿਰਗੁਣ ਨਿਰਵੈਰ ਆਪ ਕਰਾਈਆ। ਸਚਖੰਡ ਦਵਾਰਾ ਸਚ ਸਿੰਘਾਸਣ ਏਕਾ ਮਲੜਾ, ਆਪਣੀ ਜੋਤੀ ਆਪੇ ਰਲੜਾ, ਨੂਰ ਨੂਰ ਵਿਚ ਟਿਕਾਈਆ। ਆਪ ਫੜਾਏ ਆਪਣਾ ਪੱਲੜਾ, ਆਪੇ ਮਾਰਗ ਲਾਏ ਸਤਿ ਸੁਖੱਲੜਾ, ਆਪੇ ਵੇਖੇ ਥਾਉਂ ਥਾਈਆ। ਸਚ ਸੰਦੇਸ਼ ਆਪੇ ਘਲੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਨਾਦ ਨਾਦ ਧੁਨਕਾਰਾ, ਆਪ ਵਜਾਏ ਵਜਾਵਣਹਾਰਾ, ਦੋ ਜਹਾਨਾਂ ਆਪ ਸੁਣਾਈਆ। ਦੋ ਜਹਾਨਾਂ ਸ਼ਬਦ ਨਾਦ, ਸਤਿ ਪੁਰਖ ਨਿਰੰਜਣ ਆਪ ਵਜਾਇਆ। ਗੀਤ ਗਾਏ ਬੋਧ ਅਗਾਧ, ਗੋਬਿੰਦ ਭੇਵ ਕਿਸੇ ਨਾ ਪਾਇਆ। ਲੇਖਾ ਜਾਣੇ ਅੰਤ ਆਦਿ, ਆਦਿ ਅੰਤ ਆਪਣੇ ਹੱਥ ਰਖਾਇਆ। ਰੂਪ ਦਰਸਾਏ ਬ੍ਰਹਮ ਬ੍ਰਹਿਮਾਦਿ, ਪਾਰਬ੍ਰਹਮ ਵੱਡੀ ਵਡਿਆਇਆ। ਗੁਰਮੁਖ ਸੱਜਣ ਲੱਖ ਚੁਰਾਸੀ ਵਿਚੋਂ ਕਾਢ, ਜੁਗ ਜੁਗ ਆਪਣੇ ਅੰਗ ਲਗਾਇਆ। ਦੇਵਣਹਾਰਾ ਸਾਚੀ ਦਾਦ, ਸਾਚੀ ਵਸਤ ਝੋਲੀ ਪਾਇਆ। ਸੰਤ ਸੁਹੇਲੇ ਆਪੇ ਲਾਧ, ਜਗਤ ਛਾਛ ਵਰੋਲ ਵਖਾਇਆ। ਲੇਖਾ ਜਾਣੇ ਮਾਧਵ ਮਾਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਠਾਕਰ ਸਵਾਮੀ ਵਸੇ ਏਕਾ ਦਰ, ਦਰ ਦਰਬਾਰਾ ਆਪ ਸੁਹਾਇਆ। ਦਰ ਦਰਬਾਰ ਸੁਹਾਵਣਾ, ਹਰਿ ਸਾਚਾ ਸੋਭਾ ਪਾਈਆ। ਜੁਗ ਜੁਗ ਵੇਸ ਵਟਾਵਣਾ, ਪਾਰਬ੍ਰਹਮ ਵੱਡੀ ਵਡਿਆਈਆ। ਬ੍ਰਹਮ ਲੇਖਾ ਬਹਿ ਸਮਝਾਵਣਾ, ਭੁੱਲ ਰਹੇ ਨਾ ਰਾਈਆ। ਜੋਤੀ ਬਾਤੀ ਏਕਾ ਡਗਮਗਾਵਣਾ, ਗ੍ਰਹਿ ਮੰਦਰ ਕਰ ਰੁਸ਼ਨਾਈਆ। ਸੁਰਤੀ ਸ਼ਬਦੀ ਮੇਲ ਮਿਲਾਵਣਾ, ਜਗਤ ਵਿਛੋੜਾ ਪੰਧ ਮੁਕਾਈਆ। ਏਕਾ ਪਕੜੇ ਪਕੜਾਏ ਸਾਚਾ ਦਾਮਨਾ, ਦਾਮਨਗੀਰ ਆਪ ਹੋ ਜਾਈਆ। ਏਥੇ ਉਥੇ ਹੋਏ ਜਾਮਨਾ, ਜ਼ੇਰ ਜ਼ਬਰ ਦਏ ਮਿਟਾਈਆ। ਲੇਖਾ ਜਾਣੇ ਰਾਮ ਰਾਮਨਾ, ਰਾਮ ਰਾਮਾ ਹਰਿ ਰਘਰਾਈਆ। ਮੇਟੇ ਰੈਣ ਅੰਧੇਰੀ ਸ਼ਾਮਨਾ, ਘਨੱਯਾ ਸ਼ਾਮਾਂ ਬੰਸਰੀ ਨਾਮ ਇਕ ਵਜਾਈਆ। ਨਾਤਾ ਤੋੜੇ ਤ੍ਰਿਸਨਾ ਤਾਮਨਾ, ਮਾਇਆ ਮਮਤਾ ਮੋਹ ਰਹਿਣ ਨਾ ਪਾਈਆ। ਇਕ ਵਸਾਏ ਨਗਰ ਗਰਾਮਨਾ, ਕਾਇਆ ਖੇੜਾ ਸਹਿਜ ਸੁਭਾਈਆ। ਅੰਮ੍ਰਿਤ ਪਿਆਏ ਸਾਚਾ ਜਾਮਨਾ, ਤ੍ਰਿਸਨਾ ਭੁੱਖ ਗਵਾਈਆ। ਨੇੜ ਨਾ ਆਏ ਕਾਮਨੀ ਕਾਮਨਾ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਫੜ, ਜਗਤ ਵਿਛੋੜਾ ਕੱਟੇ ਮਾਤ ਜੁਦਾਈਆ। ਜਿਸ ਜਨ ਸਤਿਗੁਰ ਪੂਰਾ ਪਾਇਆ, ਆਤਮ ਵੱਜੇ ਵਧਾਈਆ। ਕਾਇਆ ਨਗਰ ਖੇੜਾ ਇਕ ਵਸਾਇਆ, ਪੰਜ ਤਤ ਹੋਏ ਰੁਸ਼ਨਾਈਆ। ਮਨ ਮਤ ਬੁਧ ਨਾ ਚਲੇ ਕੋਇ ਚਤਰਾਇਆ, ਢਹਿ ਢਹਿ ਚਰਨ ਕਵਲ ਪੈਣ ਸਰਨਾਈਆ। ਅੰਧ ਅੰਧੇਰ ਰਹੇ ਨਾ ਰਾਇਆ, ਟੇਢੀ ਬੰਕ ਵੇਖਣਹਾਰਾ ਥਾਉਂ ਥਾਈਆ। ਨਿਰਗੁਣ ਜੋਤ ਇਕ ਜਗਾਇਆ, ਜੋਤ ਨਿਰੰਜਣ ਕਰ ਰੁਸ਼ਨਾਈਆ। ਅੰਮ੍ਰਿਤ ਸਰੋਵਰ ਸਚ ਨਹਾਵਣ ਇਕ ਨਹਾਇਆ, ਗੁਰਸਿਖ ਦੂਸਰ ਦਰ ਨਹਾਵਣ ਕੋਇ ਨਾ ਜਾਈਆ। ਕਾਗ ਹੰਸ ਆਪ ਬਣਾਇਆ, ਮਾਣਕ ਮੋਤੀ ਚੋਗ ਚੁਗਾਈਆ। ਬਜਰ ਕਪਾਟੀ ਪਰਦਾ ਆਪ ਤੁੜਾਇਆ, ਦੂਈ ਦਵੈਤੀ ਰਹੇ ਨਾ ਰਾਈਆ। ਤ੍ਰੈਗੁਣ ਅਗਨੀ ਸੜਦਾ ਆਪ ਬਚਾਇਆ, ਪੰਜਾਂ ਚੋਰਾਂ ਲਏ ਛੁਡਾਇਆ। ਕੰਚਨ ਗੜ੍ਹ ਇਕ ਵਖਾਇਆ, ਘਰ ਅਨਹਦ ਸ਼ਬਦ ਵਜਾਈਆ। ਧੁਨ ਨਾਦ ਆਪ ਸੁਣਾਇਆ, ਧੁਨ ਆਤਮਕ ਇਕ ਉਪਾਈਆ। ਮਿਲ ਸਖ਼ੀਆਂ ਮੰਗਲ ਗਾਇਆ, ਘਰ ਸਾਚੇ ਖ਼ੁਸ਼ੀ ਮਨਾਈਆ। ਆਤਮ ਸੇਜਾ ਵੇਖ ਵਖਾਇਆ, ਦਸਮ ਦਵਾਰੀ ਕੁੰਡਾ ਲਾਹੀਆ। ਨਿਰਗੁਣ ਆਪਣਾ ਆਸਣ ਸਚ ਸਿੰਘਾਸਣ ਆਪ ਸੁਹਾਇਆ, ਉਪਰ ਬੈਠਾ ਸੇਜ ਵਿਛਾਈਆ। ਬ੍ਰਹਮ ਰੂਪ ਕਰ ਰੁਸ਼ਨਾਇੰਦਾ, ਪਰਕਾਸ਼ ਪਰਕਾਸ਼ ਵਿਚ ਟਿਕਾਈਆ। ਰਵ ਸਸ ਰਹੇ ਸ਼ਰਮਾਇਆ, ਬਾਰਾਂ ਰਾਸੀ ਭੇਵ ਨਾ ਰਾਈਆ। ਇਕ ਇਕਾਦਸੀ ਖੇਲ ਖਿਲਾਇਆ, ਰੂਪ ਅਨੂਪ ਆਪ ਦਰਸਾਈਆ। ਗੁਰਮੁਖ ਸੁਰਤੀ ਸ਼ਬਦ ਸਮਾਇਆ, ਸੁਰਤੀ ਸ਼ਬਦ ਭੇਵ ਨਾ ਰਾਈਆ। ਅਕਾਲ ਮੂਰਤ ਨਜ਼ਰੀ ਆਇਆ, ਕਾਲ ਰਹਿਤ ਸਦਾ ਸੁਖਦਾਈਆ। ਗੁਰਮੁਖ ਸਾਚੇ ਆਪ ਆਪਣੀ ਗੋਦ ਬਹਾਇਆ, ਸਤਿਗੁਰ ਪੂਰੇ ਵਡ ਵਡਿਆਈਆ। ਰਾਏ ਧਰਮ ਨਾ ਦਏ ਸਜ਼ਾਇਆ, ਚਿਤਰ ਗੁਪਤ ਲੇਖਾ ਨਾ ਕੋਇ ਵਖਾਈਆ। ਹਰਿਜਨ ਸਾਚੇ ਦਰਗਹਿ ਸਾਚੀ ਆਪ ਬਹਾਇਆ, ਵੇਲੇ ਅੰਤ ਹੋਏ ਸਹਾਈਆ। ਜਮ ਕਾ ਡੰਡ ਨਾ ਸੀਸ ਰਖਾਇਆ, ਸ਼ਬਦ ਬਬਾਣੇ ਲਏ ਬਿਠਾਈਆ। ਔਦਾ ਜਾਂਦਾ ਕਿਸੇ ਦਿਸ ਨਾ ਆਇਆ, ਬ੍ਰਹਮਾ ਵਿਸ਼ਨ ਸ਼ਿਵ ਬੈਠੇ ਰਾਹ ਤਕਾਈਆ। ਸਤਿਗੁਰ ਪੂਰਾ ਹਾਜ਼ਰ ਹਜ਼ੂਰਾ ਨਾ ਮਰੇ ਨਾ ਜਾਇਆ, ਸ਼ਬਦ ਸ਼ਬਦੀ ਆਪਣਾ ਨਾਉਂ ਪਰਗਟਾਈਆ। ਚਾਰੇ ਵੇਦ ਭੇਵ ਨਾ ਰਾਇਆ, ਪੁਰਾਨ ਅਠਾਰਾਂ ਰਹੇ ਜਸ ਗਾਈਆ। ਸ਼ਾਸਤਰ ਸਿਮਰਤ ਦੇਣ ਦੁਹਾਇਆ, ਗੀਤਾ ਗਿਆਨ ਦਏ ਗਵਾਹੀਆ। ਅੰਜੀਲ ਕੁਰਾਨ ਕੂਕ ਕੂਕ ਰਹੇ ਸੁਣਾਇਆ, ਤੀਸ ਬਤੀਸ ਢੋਲਾ ਏਕਾ ਗਾਈਆ। ਨਾਨਕ ਨਿਰਗੁਣ ਬਾਣ ਚਲਾਇਆ, ਧੁਰ ਦੀ ਬਾਣੀ ਬਾਣ ਲਗਾਈਆ। ਚਾਰੇ ਖਾਣੀ ਵੇਖ ਵਖਾਇਆ, ਅੰਡਜ ਜੇਰਜ ਉਤਭੁਜ ਸੇਤਜ ਅੰਦਰ ਮੰਦਰ ਫੋਲ ਫੁਲਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦੀ ਏਕਾ ਹਰਿ, ਹਰਿਜਨ ਸੱਜਣ ਲਏ ਵਰ, ਨਾਰੀ ਕੰਤ ਆਪ ਪਰਨਾਈਆ। ਗੁਰਮੁਖ ਨਾਰੀ ਕੰਤ ਹਰਿ ਪਾਇਆ, ਵਿਛੜਿਆ ਸੰਸਾਰ। ਕਾਇਆ ਚੋਲੀ ਰੰਗ ਬਸੰਤ ਚੜ੍ਹਾਇਆ, ਚੜ੍ਹਿਆ ਰੂਪ ਅਗੰਮ ਅਪਾਰ। ਨੇਤਰ ਨੈਣਾਂ ਕੱਜਲ ਇਕ ਸੁਹਾਇਆ, ਨਾਮ ਨਿਧਾਨਾ ਹਰਿ ਕਰਤਾਰ। ਜੋਬਨ ਸਾਚਾ ਵੇਖ ਵਖਾਇਆ, ਸ਼ਬਦ ਜਵਾਨੀ ਹੋ ਉਜਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਜੁਗਾਦਿ ਏਕਾ ਹਰਿ, ਹਰਿਜਨ ਸਾਚੇ ਲਏ ਮਿਲਾਇਆ। ਹਰਿਜਨ ਮੇਲ ਮਿਲੰਨਿਆ, ਸਤਿਗੁਰ ਮਿਲਿਆ ਬੇਪਰਵਾਹ। ਦੇਵੇ ਨਾਮ ਸੱਚਾ ਧਨ ਧਨਿਆ, ਅਤੋਟ ਅਤੁਟ ਭੰਡਾਰਾ ਦਏ ਵਰਤਾ। ਗੁਰਸਿਖਾਂ ਦਵਾਰੇ ਫਿਰੇ ਭੰਨਿਆ, ਜੁਗ ਜੁਗ ਆਪਣਾ ਵੇਸ ਵਟਾ। ਨੇਤਰ ਦਿਸੇ ਨਾ ਆਤਮ ਅੰਨ੍ਹਿਆਂ, ਦੂਈ ਦਵੈਤੀ ਪਰਦਾ ਬੈਠੇ ਮੁਖ ਛੁਪਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖਾਂ ਫੜਾਏ ਏਕਾ ਲੜ, ਲੱਖ ਚੁਰਾਸੀ ਦੇਵੇ ਡੰਨਿਆ। ਗੁਰਸਿਖ ਸਾਚੇ ਲੜ ਫੜੌਣਾ, ਗੁਰ ਸ਼ਬਦੀ ਖੇਲ ਖਿਲਾਇੰਦਾ। ਸਾਚੇ ਪੌੜੇ ਆਪ ਚੜ੍ਹੌਣਾ, ਦੋ ਜਹਾਨਾਂ ਪੰਧ ਮੁਕਾਇੰਦਾ। ਏਕਾ ਦੂਜਾ ਭੇਵ ਚੁਕੌਣਾ, ਤੀਜਾ ਨੇਤਰ ਨੈਣ ਖੁਲਾਇੰਦਾ। ਚੌਥੇ ਪਦ ਮੇਲ ਮਿਲੌਣਾ, ਘਰ ਚੌਥਾ ਆਪ ਸੁਹਾਇੰਦਾ। ਪੰਚਮ ਮੇਲਾ ਇਕ ਕਰੌਣਾ, ਪੰਚਮ ਪੰਚਮ ਰੂਪ ਸਮਾਇੰਦਾ। ਛੇਵੇਂ ਛੱਪਰ ਛੰਨ ਨਾ ਕੋਈ ਰਖੌਣਾ, ਸਚ ਦੁਆਰੇ ਆਪ ਬਹਾਇੰਦਾ। ਸਤਵੇਂ ਸਤਿ ਪੁਰਖ ਨਿਰੰਜਣ ਸੀਸ ਹੱਥ ਟਿਕੌਣਾ, ਜਗਦੀਸ਼ ਵੇਖ ਵਖਾਇੰਦਾ। ਅੱਠਾਂ ਤੱਤਾਂ ਨਾਤਾ ਜੋੜ ਜੁੜੌਣਾ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁਧ ਨਾ ਕੋਈ ਰਖਾਇੰਦਾ। ਨੌਂ ਦਵਾਰੇ ਪੰਧ ਮੁਕੌਣਾ, ਜਗਤ ਵਾਸਨਾ ਬਾਹਰ ਕਢਾਇੰਦਾ। ਦਸਮ ਦੁਆਰੀ ਮੇਲ ਮਿਲੌਣਾ, ਘਰ ਘਰ ਵਿਚ ਆਪ ਬਹਾਇੰਦਾ। ਸਾਚੀ ਨਾਰੀ ਹਰਿ ਕੰਤ ਮਿਲੌਣਾ, ਸਾਚੀ ਸੇਜ ਇਕ ਸੁਹਾਇੰਦਾ। ਇਕ ਦੂਜੇ ਦਾ ਪੱਲੂ ਆਪ ਫੜੌਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਾਏ ਲੜ, ਏਕਾ ਪੱਲੂ ਨਾਮ ਫੜਾਇੰਦਾ। ਗੁਰਮੁਖ ਸਾਚੇ ਪੱਲੂ ਫੜਿਆ, ਸਤਿਗੁਰ ਪੂਰੇ ਦਇਆ ਕਮਾਈਆ। ਆਪਣੇ ਅੰਦਰ ਆਪੇ ਵੜਿਆ, ਦੂਜੇ ਦਰ ਨਾ ਮੰਗਨ ਜਾਈਆ। ਪੰਚ ਵਿਕਾਰਾ ਆਪੇ ਚੜ੍ਹਿਆ, ਢਹਿ ਢਹਿ ਸੱਥਰ ਢੇਰ ਕਰਾਈਆ। ਸਤਿਗੁਰ ਪੂਰਾ ਗੁਰਮੁਖ ਦਵਾਰੇ ਆਪੇ ਖੜਿਆ, ਆਪਣੀ ਸੇਵਾ ਆਪ ਕਮਾਈਆ। ਆਪਣੀ ਵਿਦਿਆ ਆਪੇ ਪੜ੍ਹਿਆ, ਗੁਰਮੁਖਾਂ ਕਰੇ ਸਤਿ ਪੜ੍ਹਾਈਆ। ਕਿਲਾ ਕੋਟ ਹੰਕਾਰੀ ਤੋੜੇ ਗੜ੍ਹਿਆ, ਸਚ ਮਕਾਨਾ ਦਏ ਵਸਾਈਆ। ਨਾ ਕੋਈ ਸੀਸ ਨਾ ਕੋਈ ਧੜਿਆ, ਰੂਪ ਰੰਗ ਰੇਖ ਨਾ ਕੋਈ ਜਣਾਈਆ। ਗੁਰਮੁਖਾਂ ਅੰਦਰ ਆਪੇ ਵੜਿਆ, ਭੇਵ ਅਭੇਦਾ ਭੇਵ ਛੁਪਾਈਆ। ਅਗਨੀ ਹਵਨ ਕਦੇ ਨਾ ਸੜਿਆ, ਮੜੀ ਗੋਰ ਨਾ ਕੋਈ ਦਬਾਈਆ। ਕਰੇ ਪਰਕਾਸ਼ ਬਹੱਤਰ ਨੜਿਆ, ਗੁਰਮੁਖ ਰੋਮ ਰੋਮ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਸੇਵਾ ਆਪ ਲਗਾਈਆ। ਆਪੇ ਦੇਵੇ ਨਾਮ ਰਤੀ ਰਤਨਾਗਰ, ਰਤੀ ਰਤ ਆਪਣੇ ਲੇਖੇ ਆਪੇ ਲਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਮੁਖਾਂ ਉਤੋਂ ਹੋਇਆ ਕੁਰਬਾਨ, ਗੁਰਮੁਖ ਕਰਬਲਾ ਵੇਖੇ ਨਾ ਕੋਇ, ਘਰ ਵੱਜਦੀ ਰਹੇ ਵਧਾਈਆ।