Granth 07 Likhat 079: 27 Assu 2015 Bikarmi Tribaini Sangam Illahabad

੨੭ ਅੱਸੂ ੨੦੧੫ ਬਿਕ੍ਰਮੀ ਤ੍ਰਬੈਣੀ ਸੰਗਮ ਇਲਾਹਬਾਦ

ਕੈਲਾਸ਼ ਪਰਬਤ, ਕੇਸ਼ੋ ਧਾਰ ਬਹਾਈਆ। ਭੋਲੇ ਨਾਥ ਸਗਲਾ ਸਾਥ, ਜਟਾ ਜੂਟ ਅਖਵਾਈਆ। ਸਤਿ ਸੁਰਸਤੀ ਮਾਰ ਠਾਠ, ਚਰਨ ਕਵਲ ਉਠ ਧਾਈਆ। ਸਾਗਰ ਸਪੁਤਰੀ ਜਮਨਾ ਨਾਥ, ਜਮ ਪੁਰ ਰਹੀ ਤਜਾਈਆ। ਸਾਚਾ ਮੇਲਾ ਲੋਕਮਾਤ, ਹਰਿ ਸਾਚਾ ਆਪ ਕਰਾਈਆ। ਰਜੋ ਤਮੋ ਸਤੋ ਤ੍ਰੈਗੁਣ ਧਾਰ ਏਕਾ ਘਾਟ, ਏਕਾ ਰੂਪ ਦਰਸਾਈਆ। ਏਕਾ ਬ੍ਰਹਮ ਵਿਕੀ ਹਾਟ, ਕੀਮਤ ਕਰਤੇ ਪਾਈਆ। ਏਕਾ ਜੋਬਨ ਮਾਰੇ ਠਾਠ, ਏਕਾ ਲਏ ਅੰਗੜਾਈਆ। ਏਕਾ ਗਾਏ ਹਰਿ ਹਰਿ ਪਾਠ, ਏਕਾ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਧਾਰ ਵਹਾਈਆ। ਅੰਮ੍ਰਿਤ ਧਾਰ ਸਾਚਾ ਰਸ, ਗਰੜ ਚੁੰਜ ਭਰਾਇੰਦਾ । ਲੋਕਮਾਤ ਆਇਆ ਨੱਸ, ਦੇਵਤਿਆਂ ਤੜਫਾਇੰਦਾ। ਇੰਦ ਇੰਦਰਾਸਨ ਰਹੇ ਨੱਸ, ਰਾਹ ਖੇੜਾ ਦਿਸ ਨਾ ਆਇੰਦਾ। ਪਾਰਬ੍ਰਹਮ ਪ੍ਰਭ ਰਾਹ ਰਿਹਾ ਦੱਸ, ਲੋਕਮਾਤ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਧਾਰ ਵਹਾਇੰਦਾ। ਗੰਗਾ ਜਲ ਉਜਲ ਨੀਰ, ਨਿਰਮਲ ਆਪ ਕਰਾਇਆ। ਭਗਤ ਵਛਲ ਗਹਿਰ ਗੰਭੀਰ, ਗੁਰ ਮੰਤਰ ਵਿਚ ਸਮਾਇਆ। ਸਾਂਤਕ ਕਰੇ ਸਤਿ ਸਰੀਰ, ਦੁਰਮਤ ਮੈਲ ਗਵਾਇਆ। ਭਗਤੀ ਕੱਢੇ ਜਗਤ ਪੀੜ, ਏਕਾ ਮਾਰਗ ਲਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਇਆ। ਸਚ ਸੁਰਸਤੀ ਸਾਚੀ ਧਾਰ, ਸਚ ਸਚ ਆਪ ਵਹਾਈਆ। ਛੱਤੀ ਰਾਗਾਂ ਰਹੀ ਉਚਾਰ, ਆਪਣਾ ਮੁਖ ਸਾਲਾਹੀਆ। ਨੇਤਰ ਰੋਵੇ ਜ਼ਾਰੋ ਜ਼ਾਰ, ਹਰਿ ਵਿਛੋੜਾ ਬੇਪਰਵਾਹੀਆ। ਖੁਲ੍ਹੀ ਮੈਂਹਡੀ ਛੁਟਾ ਸ਼ਿੰਗਾਰ, ਸਚ ਸ਼ਿੰਗਾਰ ਨਾ ਕੋਈ ਵਖਾਈਆ। ਜੰਗਲ ਜੂਹ ਉਜਾੜ ਪਹਾੜ, ਵੈਂਹਦੀ ਆਏ ਡੂੰਘੀ ਗਾਰ, ਜਲ ਧਾਰ ਨਾਮ ਰਖਾਈਆ। ਜਮਨ ਸਪੁਤਰੀ ਹੋ ਤਿਆਰ, ਆਪ ਆਪਣੀ ਲਏ ਅੰਗੜਾਈਆ । ਮੰਗੇ ਮੰਗ ਵਰ ਭਤਾਰ, ਪ੍ਰਭ ਆਏ ਝੋਲੀ ਪਾਈਆ। ਵੇਖਿਆ ਲੋਕਮਾਤ ਸੰਸਾਰ, ਧਰਤ ਧਵਲ ਸੁਹਾਈਆ। ਸੰਤ ਸੁਹੇਲੇ ਮੀਤ ਮੁਰਾਰ, ਦਰ ਦਰ ਮੁਖ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰਾਹ ਵਿਖਾਈਆ। ਗੰਗਾ ਉਠੀ ਬਾਲ ਨਿਧਾਨ, ਨੇਤਰ ਨੈਣ ਉਘਾੜਿਆ। ਸੁਰਸਤੀ ਕਰ ਹਰਿ ਪਛਾਣ, ਰੋਵੇ ਜ਼ਾਰੋ ਜ਼ਾਰਿਆ। ਜਮਨਾ ਢਹਿ ਪਈ ਦਵਾਰ, ਕਰ ਕਿਰਪਾ ਹਰਿ ਕਰਤਾਰਿਆ। ਤੇਰਾ ਦਰ ਸੋਹੇ ਇਕ ਦਵਾਰ, ਸਾਚਾ ਬੰਕ ਇਕ ਸੁਹਾ ਰਿਹਾ। ਲੋਕਮਾਤ ਆਵੇ ਡਰ, ਪੰਜ ਤਤ ਜੀਵ ਹੰਕਾਰਿਆ। ਦੁਰਮਤ ਮੈਲ ਦੇਵਣ ਭਰ, ਅੰਮ੍ਰਿਤ ਜਲ ਨਾ ਕੋਈ ਵਖਾ ਰਿਹਾ। ਜਗਤ ਵਿਭਚਾਰਨ ਨਾਰੀ ਨਰ, ਨਰ ਨਰਾਇਣ ਨਾ ਸੰਗ ਰਖਾ ਲਿਆ। ਆਪਣੀ ਕਿਰਪਾ ਕਰ, ਆਪਣਾ ਮੰਤਰ ਆਪ ਦ੍ਰਿੜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾ ਰਿਹਾ। ਸੋ ਪੁਰਖ ਨਿਰੰਜਣ ਦੇਵੇ ਵਰ, ਆਪਣੀ ਦਇਆ ਕਮਾਈਆ। ਧਰਨੀ ਧਰਤ ਧਵਲ ਉਪਰ ਧਰ, ਧਰਤ ਧਵਲ ਸੁਹਾਈਆ। ਜਲਧਾਰਾ ਨਾਮ ਸਾਚੇ ਭਰ, ਏਕਾ ਵੰਡ ਵੰਡਾਈਆ। ਬ੍ਰਹਮਾ ਵਿਸ਼ਨ ਵੇਖੇ ਖੜ, ਵਿਸ਼ਨੂੰ ਹੱਥ ਵਡਿਆਈਆ। ਚਤੁਰਭੁਜ ਰਿਹਾ ਲੜ, ਚੱਕਰ ਗਦਾ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਈਆ। ਜਮਨਾ ਤੇਰਾ ਸਾਚਾ ਰੂਪ, ਹਰਿ ਹਰਿ ਆਪ ਉਪਾਇਆ। ਸੁਰਸਤੀ ਤੇਰਾ ਕੂਟ, ਦਿਸ ਕਿਸੇ ਨਾ ਆਇਆ। ਗੰਗਾ ਧਾਰ ਰਹੀ ਲੂਟ, ਬੇਮੁਖ ਰਹੀ ਰੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੈ ਤ੍ਰੈ ਬੰਧਨ ਏਕਾ ਪਾਇਆ । ਤ੍ਰੈ ਤ੍ਰੈ ਬੰਧਨ ਏਕਾ ਪਾ, ਏਕਾ ਰੰਗ ਰੰਗਾਈਆ। ਤ੍ਰੈਗੁਣ ਵੇਸ ਰਿਹਾ ਵਟਾ, ਏਕਾ ਥਾਨ ਸੁਹਾਈਆ। ਰਵ ਸਸ ਵਿਚ ਗਿਆ ਸਮਾ, ਸਾਂਤਕ ਸਤਿ ਵਰਤਾਈਆ। ਜਲ ਜਲਧਾਰਾ ਜਾਏ ਆਪ ਲਟਕਾ, ਜਲ ਜਲ ਨੀਰ ਵਹਾਈਆ। ਜਲ ਥਲ ਪਾਰ ਕਿਨਾਰਾ ਆਪ ਕਰਾ, ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਈਆ। ਸਾਚੀ ਖੇਲ ਹਰਿ ਖਿਲੰਦਾ, ਆਦਿ ਅੰਤ ਏਕੰਕਾਰਾ। ਮੇਲ ਮਿਲਾਏ ਜੁਗਾ ਜੁਗੰਤਾ, ਜੁਗ ਜੁਗ ਵੇਖ ਕਿਨਾਰਾ । ਸਾਚਾ ਭੋਗੀ ਭੋਗ ਭੁਗੰਤਾ, ਸਾਚਾ ਘਰ ਕਰ ਪਿਆਰਾ। ਸਾਚਾ ਬਾਲਕ ਇਕ ਉਪਜੰਤਾ, ਨਾਰਦ ਸੁਤ ਦੁਲਾਰਾ। ਬ੍ਰਹਮਾ ਵੇਤਾ ਵੇਖ ਵਖੰਤਾ, ਹੋਏ ਮਾਤ ਉਜਿਆਰਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਦੇਵਣਹਾਰ ਭੰਡਾਰਾ। ਗੰਗਾ ਗੰਗੋਤਰੀ ਭਰ ਭੰਡਾਰਾ, ਏਕਾ ਧਾਰ ਚਲਾਈਆ। ਸਚ ਸਪੁਤਰੀ ਕਰ ਤਿਆਰ, ਜਮਨਾ ਡੇਰਾ ਲਾਈਆ। ਸੁਰਸਤੀ ਉਠੇ ਅੱਧਵਿਚਕਾਰ, ਨੇਤਰ ਨੈਣ ਰਹੇ ਸ਼ਰਮਾਈਆ। ਵਿਸ਼ਨੂੰ ਵੰਸੀ ਕਰ ਪਿਆਰ, ਆਪਣਾ ਵੇਸ ਵਟਾਈਆ। ਲਛਮੀ ਸੋਹੇ ਦਰ ਦਵਾਰ, ਬਸਤਰ ਭੂਸ਼ਨ ਲਾਲ ਰੰਗਾਈਆ। ਨੇਤਰ ਨੈਣਾਂ ਕਰ ਸ਼ਿੰਗਾਰ, ਕੱਜਲ ਰਹੀ ਪਾਈਆ। ਦੂਰ ਦੁਰਾਡੀ ਆਵੇ ਵਾਰੋ ਵਾਰ, ਵਹਿੰਦੀ ਧਾਰ ਵਹਾਈਆ। ਅੰਤਮ ਮੇਲਾ ਵਿਚ ਸੰਸਾਰ, ਏਕਾ ਸੰਗਮ ਰਹੀ ਬਣਾਈਆ। ਜੋਗੀ ਜਤੀ ਜੰਗਮ ਗਏ ਹਾਰ, ਸਨਿਆਸੀ ਬੈਰਾਗੀ ਤਿਆਗੀ ਕਰ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਭਿਛਿਆ ਆਪੇ ਪਾਈਆ। ਸਾਚੀ ਭਿਛਿਆ ਹਰਿ ਹਰਿ ਪਾ, ਲੋਕਮਾਤ ਵਡਿਆਇਆ। ਪੂਰਨ ਇਛਿਆ ਆਪ ਕਰਾ, ਸਤਿਜੁਗ ਵੇਖ ਵਖਾਇਆ। ਹੰਸ ਰੂਪ ਡੇਰਾ ਲਾ, ਸੰਗਮ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਦਰ ਸੁਹਾਇਆ। ਤ੍ਰੈ ਤ੍ਰੈ ਤੇਰੀ ਤਿਰਿਆ ਧਾਰ, ਹਰਿ ਸਾਚੇ ਆਪ ਚਲਾਈਆ। ਰਾਮ ਰਾਮਾ ਹੋ ਅਵਤਾਰ, ਗਿਆ ਫੇਰੀ ਪਾਈਆ। ਵਸ਼ਿਸ਼ਟ ਗੁਰ ਨਾਲ ਪਿਆਰ, ਬੈਠਾ ਸੀਸ ਝੁਕਾਈਆ। ਹੱਥ ਫੜ ਤੀਰ ਕਮਾਨ, ਸ਼ਸਤਰ ਵਿਦਿਆ ਇਕ ਜਣਾਈਆ। ਜੋਧਾ ਸੂਰ ਹੋਏ ਬਲਵਾਨ, ਸੀਤਾ ਸਵਾਣੀ ਲਏ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵੇਖੇ ਥਾਉਂ ਥਾਈਂਆ। ਰਾਮ ਰਾਮਾ ਹੋ ਤਿਆਰ, ਸੰਗਮ ਡੇਰਾ ਲਾਇੰਦਾ। ਆਇਆ ਆਪਾ ਕਰ ਪਿਆਰ, ਆਪਾ ਵੇਖ ਵਖਾਇੰਦਾ। ਥਾਪਨ ਥਾਪਾ ਕਰ ਅਪਾਰ, ਥਾਪਣਹਾਰਾ ਭੇਵ ਨਾ ਪਾਇੰਦਾ। ਰਾਮਾ ਵੇਖੇ ਗੜ੍ਹ ਹੰਕਾਰ, ਲੰਕਾ ਰੂਪ ਵਟਾਇੰਦਾ। ਰਾਮਾ ਬੋਲੇ ਇਕ ਜੈਕਾਰ, ਸ਼ਾਸਤਰ ਵੇਦ ਭੇਵ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਵਿਕਾਰਾ ਦੇਵੇ ਹਰ, ਰਾਮ ਰਾਮਾ ਇਕ ਜਣਾਇੰਦਾ। ਰਾਮ ਜਣਾਈ ਹਰਿ ਕਰਤਾਰ, ਆਪਣੀ ਆਪ ਜਣਾਈਆ। ਚੌਦਾਂ ਚੌਦਾਂ ਵਸਣ ਬਾਹਰ, ਚੌਦਾਂ ਘਰ ਤਜਾਈਆ। ਹਨਵੰਤਾ ਮੇਲਾ ਮੀਤ ਮੁਰਾਰ, ਆਪੇ ਦਏ ਤਰਾਈਆ। ਬਾਲੀ ਬਨਸਾ ਕਰ ਖਵਾਰ, ਅੰਗਦ ਅੰਗ ਸਮਾਈਆ। ਸੀਤਾ ਸਪੁਤਰੀ ਲਏ ਉਧਾਲ, ਰਾਵਣ ਹੱਥ ਵਡਿਆਈਆ। ਜਟਾ ਜਟਾਓ ਹੋਏ ਕੰਗਾਲ, ਆਪਣਾ ਬਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਛਲ ਅਛੱਲ ਖੇਲ ਖਿਲਾਈਆ। ਗੰਗਾ ਜਮਨਾ ਸੁਰਸਤੀ ਧਾਰ, ਰਾਮਾ ਚਰਨ ਛੁਹਾਇਆ। ਆਪ ਆਪਣਾ ਕਰ ਪਿਆਰ, ਆਪਣੇ ਰੰਗ ਰੰਗਾਇਆ। ਤੋੜਣਹਾਰਾ ਜਗਤ ਜੰਜਾਲ, ਰੂਪ ਅਨੂਪ ਵਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰੈ ਤ੍ਰੈ ਤੇਰਾ ਅੰਤਮ ਖੇਲ, ਆਪਣੇ ਹੱਥ ਰਖਾਇਆ। ਜਮਨਾ ਜਾਗੀ ਸਾਰੀ ਰੈਣ, ਨੇਤਰ ਨੈਣ ਖੁਲ੍ਹਾਈਆ। ਨਾਲ ਰਲਾਈ ਸੁਰਸਤੀ ਭੈਣ, ਆਪਣੇ ਅੰਗ ਉਠਾਈਆ। ਗੰਗਾ ਚੁੱਕੇ ਲਹਿਣ ਦੇਣ, ਸਾਚਾ ਦਰ ਸੁਹਾਈਆ। ਸੰਤ ਸਾਧ ਸਾਰੇ ਕਹਿਣ, ਨੇਤਰ ਨੈਣਾਂ ਦਿਸ ਨਾ ਆਈਆ। ਨਹਾ ਨਹਾ ਥੱਕੇ ਆਪਣੇ ਵਹਿਣ, ਡੂੰਘਾ ਵਹਿਣ ਪਾਰ ਨਾ ਕੋਈ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਈਆ। ਸੁਰਸਤੀ ਤੇਰਾ ਸਚ ਪਿਆਰ, ਹਰਿ ਸਾਚੇ ਮੰਨ ਭਾਇੰਦਾ। ਕਾਹਨਾ ਕ੍ਰਿਸ਼ਨਾ ਰੂਪ ਅਪਾਰ, ਸੰਗ ਰੁਕਮਣੀ ਫੇਰਾ ਪਾਇੰਦਾ। ਜਮਨਾ ਮੇਲਾ ਪਹਿਲੀ ਵਾਰ, ਚਰਨ ਕਵਲ ਛੁਹਾਇੰਦਾ। ਤੀਜੇ ਘਾਟ ਉਤਰੀ ਪਾਰ, ਗੰਗਾ ਧੀਰ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰਬੈਣੀ ਵੇਖ ਵਖਾਇੰਦਾ। ਤ੍ਰਬੈਣੀ ਤੇਰਾ ਨੇਤਰ ਖੋਲ੍ਹ, ਰੂਪ ਵਰਾਟ ਵਟਾਇਆ। ਅਰਜਨ ਗੀਤਾ ਏਕਾ ਬੋਲ, ਨਾਮ ਗਿਆਨ ਦ੍ਰਿੜਾਇਆ। ਸਚ ਵਜਾਏ ਏਕਾ ਢੋਲ, ਕੌਰੋਂ ਰਿਹਾ ਉਠਾਇਆ। ਸ੍ਰਿਸ਼ਟ ਸਬਾਈ ਕਰਿਆ ਘੋਲ, ਛੁਪਿਆ ਕੋਈ ਰਹਿਣ ਨਾ ਪਾਇਆ। ਆਪਣੇ ਕੰਡੇ ਤੋਲਿਆ ਤੋਲ, ਤੋਲਣਹਾਰਾ ਇਕ ਅਖਵਾਇਆ। ਰਥ ਰਥਵਾਹੀ ਬੈਠ ਅਡੋਲ, ਏਕਾ ਰਥ ਚਲਾਇਆ। ਲੱਖ ਚੁਰਾਸੀ ਰਹੀ ਅਨਭੋਲ, ਭੇਵ ਕਿਸੇ ਨਾ ਪਾਇਆ। ਪੰਚਮ ਮੀਤਾ ਪੰਚਮ ਵਸਿਆ ਕੋਲ, ਦਿਵਸ ਰੈਣ ਕਰੇ ਰੁਸ਼ਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਪਰਦਾ ਉਪਰ ਪਾਇਆ। ਸੁਤ ਦ੍ਰੋਪਦ ਕਰ ਪਿਆਰ, ਦਰੋਪਤੀ ਲਾਜ ਰਖਾਈਆ। ਕਪੜ ਤਨ ਹੋਏ ਸ਼ਿੰਗਾਰ, ਜਗਤ ਲਾਜ ਰਖਾਈਆ। ਕਰ ਕਿਰਪਾ ਜਗ ਜਾਏ ਤਾਰ, ਹਰਿ ਸਾਚੇ ਹੱਥ ਵਡਿਆਈਆ। ਸਚ ਸੁਰਸਤੀ ਸਾਚੀ ਮਾਰ, ਤ੍ਰੀਆ ਵੇਸ ਵਟਾਈਆ। ਲਿਖਿਆ ਲੇਖ ਵੇਦ ਵਿਆਸ, ਵਾਕ ਭਵਿਖਤ ਗਿਆ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਖੇਲ ਖਿਲਾਈਆ। ਖੇਲਣਹਾਰ ਹਰਿ ਭਗਵਾਨਾ, ਹਰਿ ਹਰਿ ਰੂਪ ਸਮਾਇਆ। ਗੰਗਾ ਬੰਨੇ ਹੱਥੀਂ ਗਾਨਾ, ਜਮਨਾ ਸਗਨ ਮਨਾਇਆ। ਸੁਰਸਤੀ ਮੇਲਾ ਵਿਚ ਜਹਾਨਾ, ਅੱਧਵਿਚਕਾਰੇ ਡੇਰਾ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰਾਹ ਤਕਾਇਆ। ਹੱਥੀਂ ਬੰਨ੍ਹ ਗਾਨਾ, ਗੰਗਾ ਖ਼ੁਸ਼ੀ ਮਨਾਈਆ। ਜਮਨਾ ਆਪਣਾ ਆਪ ਪਛਾਣਾ, ਰੂਪ ਰੰਗ ਸੁਹਾਈਆ। ਸੁਰਸਤੀ ਵੇਖ ਮਾਰ ਧਿਆਨਾ, ਏਕਾ ਵੇਖ ਵਖਾਈਆ। ਕਰੇ ਖੇਲ ਹਰਿ ਭਗਵਾਨਾ, ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਖ਼ੁਸ਼ੀ ਮਨਾਈਆ। ਕਲਜੁਗ ਅੰਤਮ ਸਾਚੀ ਧਾਰ, ਹਰਿ ਸਾਚਾ ਆਪ ਵਹਾਇੰਦਾ। ਜੋਤ ਸਰੂਪੀ ਖੇਲ ਅਪਾਰ, ਨਿਰਗੁਣ ਵੇਸ ਵਟਾਇੰਦਾ। ਸ਼ਬਦ ਡੰਕਾ ਅਪਰ ਅਪਾਰ, ਆਪਣਾ ਸਾਜ ਰਖਾਇੰਦਾ। ਸਾਚਾ ਲਾੜਾ ਹੋ ਤਿਆਰ, ਲੋਆਂ ਪੁਰੀਆਂ ਪਾਰ ਕਰਾਇੰਦਾ। ਧਰਤ ਮਾਤ ਵੇਖ ਵਿਚਾਰ, ਆਪ ਆਪਣਾ ਰੂਪ ਵਟਾਇੰਦਾ। ਸੰਤ ਸੁਹੇਲੇ ਮੀਤ ਮੁਰਾਰ, ਸਾਚਾ ਸੰਗ ਨਿਭਾਇੰਦਾ। ਗੁਰ ਗੋਬਿੰਦਾ ਕਰ ਪਿਆਰ, ਲੋਕਮਾਤੀ ਸਗਨ ਮਨਾਇੰਦਾ। ਛੋਟਾ ਬਾਲਾ ਬਣ ਸਰਬਾਲਾ ਹੋਇਆ ਨਾਲ ਤਿਆਰ, ਸਾਚਾ ਮੰਗਲ ਏਕਾ ਗਾਇੰਦਾ। ਸਾਚੇ ਘੋੜੇ ਚੜ੍ਹਿਆ ਸ਼ਾਹ ਅਸਵਾਰ, ਸਚ ਸਿੰਘਾਸਣ ਆਸਣ ਲਾਇੰਦਾ। ਜੋਤੀ ਜੋੜੇ ਮੇਲ ਨਿਰੰਕਾਰ, ਪੁਰਖ ਅਬਿਨਾਸ਼ੀ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਇੰਦਾ। ਸਾਚਾ ਲਾੜਾ ਹਰਿ ਜਗਦੀਸ਼, ਏਕਾ ਏਕ ਅਖਵਾਇੰਦਾ। ਨਾਮ ਦਸਤਾਰ ਬੰਨ੍ਹੇ ਸੀਸ, ਸਾਚਾ ਰੂਪ ਸੁਹਾਇੰਦਾ। ਭਗਤ ਪਿਆਰ ਸਿਹਰਾ ਬੀਸ ਇਕੀਸ, ਆਪਣਾ ਮੁਖ ਲਟਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਕਰਮ ਕਮਾਇੰਦਾ। ਸਾਚਾ ਸਿਹਰਾ ਸਾਚੇ ਹੱਥ, ਹਰਿ ਸਾਚੇ ਖ਼ੁਸ਼ੀ ਮਨਾਈਆ। ਆਦਿ ਨਿਰੰਜਣ ਚੜ੍ਹਿਆ ਚੰਨ, ਜੋਤ ਨਿਰੰਜਣ ਕਰੇ ਰੁਸ਼ਨਾਈਆ। ਸਗਨ ਮਨਾਇਆ ਸਾਚੇ ਤਨ, ਨਾਮ ਵਟਨਾ ਏਕਾ ਲਾਈਆ। ਰਾਗ ਸੁਣਾਇਆ ਅਨਾਦੀ ਕੰਨ, ਸਾਚੀ ਸਈਆਂ ਨਾਲ ਸੁਹਾਈਆ। ਆਪਣਾ ਬਿਸਤਰ ਆਪੇ ਬੰਨ੍ਹ, ਆਪੇ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸਾਚੀ ਰਚਨ ਰਚਾਈਆ। ਸਾਚਾ ਲਾੜਾ ਹੋ ਤਿਆਰ, ਲੋਕਮਾਤ ਵੇਖ ਵਖਾਇੰਦਾ। ਸ਼ਬਦ ਘੋੜਾ ਇਕ ਅਪਾਰ, ਸੋਲਾਂ ਕਲੀਆਂ ਆਸਣ ਲਾਇੰਦਾ। ਮਂੇਢੀ ਗੁੰਦੇ ਵਿਚ ਸੰਸਾਰ, ਆਪ ਆਪਣੀ ਸੇਵ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਗਨ ਵੇਖ ਵਿਖਾਇੰਦਾ। ਸਾਚਾ ਸਗਨ ਕਰ ਕਰ ਚਾਈਂ, ਆਪਣੀ ਖ਼ੁਸ਼ੀ ਮਨਾਈਆ। ਗੁਰਮੁਖ ਉਠਾਏ ਥਾਉਂ ਥਾਈਂ, ਆਪਣੇ ਦਰ ਬਹਾਈਆ। ਆਪੇ ਜਾਣੇ ਆਪਣਾ ਨਾਈਂ, ਆਪ ਆਪਣੀ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਜੰਞ ਸੁਹਾਈਆ। ਗੁਰਮੁਖ ਸਾਜਣ ਕਰ ਤਿਆਰ, ਸਾਚਾ ਰੂਪ ਦਰਸਾਇਆ। ਚਿੱਟੇ ਬਸਤਰ ਕਰ ਪਿਆਰ, ਦੁਰਮਤ਼ ਮੈਲ ਗਵਾਇਆ। ਪੁਰਖ ਅਬਿਨਾਸ਼ੀ ਪਾਏ ਸਾਰ, ਇਕ ਇਕੱਲਾ ਸੰਗ ਰਖਾਇਆ। ਘਟ ਘਟ ਵਾਸੀ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਮ ਧਰਾਇਆ । ਵਿਸ਼ਨੂੰ ਰੂਪ ਹਰਿ ਕਰਤਾਰ, ਆਪਣੀ ਕਲ ਵਰਤਾਈਆ। ਦਾਤਾ ਭੰਡਾਰੀ ਖ਼ਬਰਦਾਰ, ਦੇਵੇ ਰਿਜ਼ਕ ਸਬਾਈਆ। ਭਗਤ ਭਗਵੰਤ ਮੇਲ ਸੰਸਾਰ, ਆਪੇ ਰਿਹਾ ਕਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਲੜ ਬੰਧਾਈਆ। ਵਿਸ਼ਨੂੰ ਵੰਸੀ ਹਰੀ ਹਰਿ, ਹਰਿ ਹਰਿ ਰੂਪ ਸਮਾਇਆ। ਆਪਣੀ ਕਿਰਪਾ ਆਪੇ ਕਰ, ਏਕਾ ਦੂਜਾ ਵੇਸ ਵਟਾਇਆ। ਆਪਣੀ ਨਾਰੀ ਆਪੇ ਲਏ ਵਰ, ਆਪਣਾ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਭੇਵ ਕਿਸੇ ਨਾ ਪਾਇਆ। ਸਾਚਾ ਦੂਲਾ ਹੋ ਤਿਆਰ, ਗੁਰਮੁਖ ਸੰਗ ਰਖਾਈਆ। ਫਲਿਆ ਫੁਲਾ ਅਪਰ ਅਪਾਰ, ਫਲ ਫੁਲਵਾੜੀ ਰਹੀ ਮਹਿਕਾਈਆ। ਨਾਮ ਝੂਲਾ ਅਪਰ ਅਪਾਰ, ਗੁਰਸਿਖਾਂ ਸੀਸ ਉਠਾਈਆ। ਕੰਤ ਕੰਤੂਹਲਾ ਹਰਿ ਭਤਾਰ, ਨਾਰ ਸੁਹਾਗੀ ਵੇਖ ਵਿਖਾਈਆ। ਆਏ ਬੈਠਾ ਤੱਟ ਕਿਨਾਰ, ਦਰ ਆਪਣੇ ਡੇਰਾ ਲਾਈਆ। ਪਹਿਲਾਂ ਵਰੇ ਗੰਗਾ ਨਾਰ, ਜਮਨਾ ਫੇਰ ਵਿਆਹੀਆ। ਚਰਨ ਦਾਸ ਸੁਰਸਤੀ ਪਿਆਰ, ਸਾਚੀ ਸੇਵ ਕਮਾਈਆ। ਤਿੰਨਾਂ ਖਿਚ ਲਿਆਏ ਚਰਨ ਦਵਾਰ, ਚਰਨ ਚਰਨੋਦਕ ਆਪਣਾ ਚਰਨ ਰਖਾਈਆ। ਖ਼ਾਲੀ ਕਰਿਆ ਭਰਿਆ ਭੰਡਾਰ, ਨਾ ਫੇਰ ਕੋਈ ਭਰਾਈਆ। ਇਕੀ ਸਿਖ ਕਰ ਉਜਿਆਰ, ਆਪ ਆਪਣਾ ਦਏ ਜਣਾਈਆ। ਗੁਰਮੁਖਾਂ ਉਤੋਂ ਜਮਨਾ ਸੁਰਸਤੀ ਗੰਗਾ ਤਿੰਨੇ ਦੇਵੇ ਵਾਰ, ਚਰਨਾਂ ਵਿਚ ਬਹਾਈਆ। ਚਰਨ ਕਵਲ ਇਕ ਪਿਆਰ, ਏਕਾ ਏਕ ਵਖਾਈਆ। ਘਰੋਂ ਚਲੀ ਪੇਈਆ ਛੱਡੇ ਨੇਤਰ ਰੋਵੇ ਜ਼ਾਰੋ ਜ਼ਾਰ, ਭੈਣ ਭਾਈ ਮਾਤ ਪਿਤ ਨਾ ਕੋਈ ਸਹਾਈਆ। ਗੁਰਮੁਖਾਂ ਡੋਲੀ ਚੁੱਕਣੀ ਆਪਣੇ ਭਾਰ, ਲੈ ਚਲੇ ਕੰਧ ਉਠਾਈਆ। ਇਕੀ ਸਿਖ ਬਣੇ ਕਹਾਰ, ਲਾੜਾ ਸੋਹੇ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਨੈਣੀ ਆਪੇ ਲਏ ਪ੍ਰਨਾਈਆ। ਇਕੀ ਸਿਖ ਏਕਾ ਰੰਗ, ਹਰਿ ਹਰਿ ਆਪ ਰੰਗਾਇਆ। ਜਮਨਾ ਸੁਰਸਤੀ ਗੰਗਾ ਮੰਗੀ ਮੰਗ, ਪ੍ਰਭ ਦਰਸ ਤੇਰਾ ਅੰਤਮ ਪਾਇਆ। ਮੇਰਾ ਪਰਦਾ ਨਾ ਹੋਏ ਨੰਗ, ਨਾ ਦੂਸਰ ਕੋਈ ਵੇਖ ਵਿਖਾਇਆ। ਵਿਸ਼ਨੂੰ ਤੇਰੀ ਲੱਗੇ ਤੇਰੇ ਅੰਗ, ਕਲਜੁਗ ਸੇਜ ਨਾ ਕੋਈ ਹੰਢਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਲੇ ਅੰਤਮ ਮੇਲ ਮਿਲਾਇਆ। ਤ੍ਰਬੈਣੀ ਨੈਣ ਰਹੀ ਉਘਾੜ, ਗੁਰਮੁਖਾਂ ਰਾਹ ਤਕਾਈਆ। ਗੁਰ ਗੋਬਿੰਦ ਕਰ ਪਿਆਰ, ਮਾਤਾ ਗੁਜ਼ਰੀ ਕੁੱਖ ਸੁਹਾਈਆ। ਉਜਲ ਮੁਖ ਵਿਚ ਸੰਸਾਰ, ਹਰਿ ਸਾਚੀ ਸਿਖਿਆ ਸਿਖ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਰੱਖੀ ਧਾਰ ਤਿਖੀ, ਭੇਵ ਕੋਇ ਨਾ ਪਾਈਆ। ਸਾਚੇ ਸਿਖ ਏਕਾ ਇਕੀ, ਲੋਕਮਾਤ ਰਖਾਇੰਦਾ। ਆਪਣੇ ਦਰ ਆਪਣੀ ਕਿਰਪਾ ਕਰ ਆਪੇ ਰੱਖੇ ਨਿੱਕੀ, ਲੋਕਮਾਤ ਵਡਿਆਇੰਦਾ। ਜਾਣੇ ਲੇਖ ਜਨ ਹਰਿ ਜੀ ਕੀ, ਲੁਕਿਆ ਕੋਈ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਲੇਖਾ ਆਪਣੇ ਹੱਥ ਰਖਾਇੰਦਾ। ਤੱਟ ਕਿਨਾਰਾ ਤੀਰਥ ਘਾਟ, ਹਰਿ ਹਰਿ ਵੇਖ ਵਖਾਇੰਦਾ। ਗੁਰਮੁਖਾਂ ਮਸਤਕ ਜੋਤ ਜਗਾਏ ਲਲਾਟ, ਨੇਤਰ ਨੈਣ ਖੁਲ੍ਹਾਇਆ। ਅੱਗੇ ਨੇੜੇ ਦਿਸੇ ਵਾਟ, ਪਿਛਾ ਦੂਰ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਸਤਿਗੁਰ ਆਪ ਅਖਵਾਇਆ। ਵਿਸ਼ਨੂੰ ਭਗਵਾਨ ਖੇਲ ਅਪਾਰੀ, ਆਪਣਾ ਖੇਲ ਖਿਲਾਇਆ। ਨਿਹਕਲੰਕ ਜੋਤ ਨਿਰੰਕਾਰੀ, ਲੋਕਮਾਤ ਵੇਖ ਵਖਾਇਆ। ਤੀਰਥ ਤੱਟਾਂ ਪਾਵੇ ਸਾਰੀ, ਤੱਟ ਕਿਨਾਰਾ ਡੇਰਾ ਲਾਇਆ। ਸਿੰਘ ਦਰਸ਼ਨ ਬਣ ਲਿਖਾਰੀ, ਪਿਛਲਾ ਮੂਲ ਚੁਕਾਇਆ। ਪੰਜ ਪਿਆਰੇ ਬਖ਼ਸ਼ੇ ਸੱਚੀ ਸਿਕਦਾਰੀ, ਸਾਚਾ ਤਾਜ ਸੀਸ ਟਿਕਾਇਆ। ਸਤਿਜੁਗ ਤੇਰੀ ਏਕਾ ਇਕੀ ਆਈ ਵਾਰੀ, ਇਕੀ ਸਿਖਾਂ ਬੇੜਾ ਬੰਨੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣਾ ਝੇੜਾ ਆਪੇ ਮਾਤ ਚੁਕਾਇਆ। ਆਪੇ ਜਗਤ ਪਸਾਰਾ ਕਰ, ਆਪੇ ਵੇਖ ਵਖਾਈਆ। ਆਪੇ ਜੋਤ ਜਲ ਧਾਰਾ ਧਰ, ਆਪੇ ਖਿਚ ਵਿਖਾਈਆ। ਆਪੇ ਤੀਰਥ ਤੱਟਾਂ ਉਤੇ ਵੇਖੇ ਖੜ੍ਹ, ਆਪੇ ਮੁਖ ਭਵਾਈਆ। ਆਪੇ ਗੰਗਾ ਜਮਨਾ ਸੁਰਸਤੀ ਅੰਦਰ ਬੈਠਾ ਵੜ, ਆਪੇ ਬਾਹਰ ਨਿਕਲ ਨੱਠ ਜਾਈਆ। ਆਪੇ ਦੁਰਗਾ ਮੰਤਰ ਰਿਹਾ ਪੜ੍ਹ, ਆਪੇ ਇਸ਼ਟ ਦੇਵ ਅਖਵਾਈਆ। ਆਪੇ ਹਵਨ ਪਵਨ ਰਿਹਾ ਸੜ, ਆਪੇ ਸੁਗੰਧ ਰੂਪ ਹੋ ਜਾਈਆ। ਆਪੇ ਵੇਦ ਸ਼ਾਸਤਰ ਰਿਹਾ ਲੜ, ਆਪੇ ਰਾਵਣ ਲੰਕਾ ਗੜ੍ਹ ਤੁੜਾਈਆ। ਆਪੇ ਬੀਰ ਬੈਤਾਲੇ ਰਿਹਾ ਫੜ, ਆਪੇ ਰੱਖੇ ਹੱਥ ਵਡਿਆਈਆ। ਆਪ ਭਗਤਨ ਲਾਏ ਧੁਰਦਰਗਾਹ ਜੜ੍ਹ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਗੋਬਿੰਦ ਲਿਖਿਆ ਲੇਖ ਸਤਿਜੁਗ ਇਕੀ ਸਿਖ ਲਏ ਫੜ, ਭਾਰਤ ਖੰਡ ਵੱਜੇ ਵਧਾਈਆ। ਚਾਰੋਂ ਕੁੰਟ ਉਖੇੜੇ ਜੜ੍ਹ, ਬੂਟਾ ਕੋਈ ਰਹਿਣ ਨਾ ਪਾਈਆ। ਕੋਈ ਨਾ ਸਕੇ ਅੱਗੇ ਅੜ੍ਹ, ਸ਼ਸਤਰ ਸ਼ਬਦ ਨਾ ਕੋਈ ਉਠਾਈਆ। ਆਦਿ ਗੁਰ ਜੁਗਾਦਿ ਗੁਰ ਜੁਗ ਜੁਗ ਆਪਣਾ ਘਾੜਣ ਆਪੇ ਘੜ, ਆਪੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤ੍ਰਬੈਣੀ ਨੈਣੀ ਆਪਣੀ ਵਸਤ ਆਪਣੇ ਵਿਚ ਰਖਾਈਆ। ਆਪਣੀ ਵਸਤ ਆਪੇ ਰੱਖ, ਆਪੇ ਲਏ ਕਢਾਈਆ। ਆਪੇ ਕਰਣਹਾਰਾ ਵੱਖ, ਨਾ ਦੂਸਰ ਸੰਗ ਰਖਾਈਆ। ਰਵਦਾਸ ਕਬੀਰਾ ਨਾ ਹੋਏ ਲੱਖ, ਨਾ ਕੱਖੋਂ ਲੱਖ ਬਣਾਈਆ। ਕਬੀਰ ਜੰਜ਼ੀਰ ਨਾ ਕੋਇ ਕਟੇ ਹੋ ਪ੍ਰਤੱਖ, ਗੰਗਾ ਸੀਰ ਨਾ ਰਹੇ ਵਡਿਆਈਆ। ਹਰਿ ਭਾਂਡੇ ਕਰਕੇ ਚਲਿਆ ਸਖ, ਚਰਨ ਚਰਨੋਦਕ ਵਿਚ ਵਹਾਈਆ। ਭਗਤ ਭਗਵੰਤ ਭਗਤੀ ਕਰੇ ਭੱਖ, ਭਗਵਤ ਗੀਤਾ ਰਹੀ ਜਣਾਈਆ। ਪੰਡਤ ਪਾਂਧੇ ਮਾਰਨ ਝੱਖ, ਗਊ ਮੂਤਰ ਰਹੇ ਪਿਆਈਆ। ਗੁਰ ਸੰਜਮ ਰਹੇ ਰੱਖ, ਗਿਆਨ ਗੋਹਝ ਨਾ ਕੋਈ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਦਾਤ ਜਗਤ ਕਰਾਮਾਤ, ਆਪਣੇ ਹੱਥ ਆਪੇ ਰਹੇ ਖਿਚਾਈਆ।