Granth 07 Likhat 085: 3 Kattak 2015 Bikarmi Maini Sahib Gurudwara Patna Sahib

੩ ਕੱਤਕ ੨੦੧੫ ਬਿਕ੍ਰਮੀ ਮੈਣੀ ਸਾਹਿਬ ਗੁਰਦਵਾਰਾ ਪਟਨਾ ਸਾਹਿਬ

ਪਰਮ ਪੁਰਖ ਹਰਿ ਕਰਤਾਰ, ਆਦਿ ਅੰਤ ਅਖਵਾਇੰਦਾ। ਜੋਤੀ ਨੂਰ ਕਰ ਉਜਿਆਰ, ਨਿਰਗੁਣ ਵੇਸ ਵਟਾਇੰਦਾ। ਅਗੰਮ ਅਗੰਮੜਾ ਅਗੰਮੜੀ ਕਾਰ, ਲੋਕਮਾਤ ਕਰਾਇੰਦਾ। ਨਾਮ ਵੰਡ ਅਪਰ ਅਪਾਰ, ਬ੍ਰਹਿਮੰਡ ਖੰਡ ਆਪ ਵੰਡਾਇੰਦਾ। ਜੇਰਜ ਅੰਡ ਵੇਖ ਵਿਚਾਰ, ਉਤਭੁਜ ਸੇਤਜ ਫੋਲ ਫੁਲਾਇੰਦਾ। ਸ਼ਬਦ ਅਨਾਦੀ ਬੋਲ ਜੈਕਾਰ, ਹਰਿਜਨ ਮਾਤ ਉਠਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਘਰ ਮੰਦਰ ਇਕ ਸੁਹਾਇੰਦਾ। ਘਰ ਮੰਦਰ ਹਰਿ ਨਿਰੰਕਾਰਾ, ਹਰਿ ਹਰਿ ਜੋਤ ਜਗਾਈਆ। ਦਿਵਸ ਰੈਣ ਕਰ ਉਜਿਆਰਾ, ਨੂਰੋ ਨੂਰ ਡਗਮਗਾਈਆ। ਮੇਟ ਮਿਟਾਏ ਅੰਧ ਅੰਧਿਆਰਾ, ਜਿਸ ਜਨ ਆਪਣੀ ਦਇਆ ਕਮਾਈਆ। ਨੌਂ ਦਵਾਰੇ ਪਾਰ ਕਿਨਾਰਾ, ਮਹੱਲ ਅਟੱਲ ਅਚੱਲ ਇਕ ਸੁਹਾਈਆ। ਅਨਹਦ ਸ਼ਬਦ ਸੱਚੀ ਧੁਨਕਾਰਾ, ਆਤਮ ਅੰਤਰ ਆਪ ਸੁਣਾਈਆ। ਅੰਮ੍ਰਿਤ ਆਤਮ ਠੰਡੀ ਧਾਰਾ, ਨਿਝਰ ਮੁਖ ਚੁਆਈਆ। ਬਜ਼ਰ ਕਪਾਟੀ ਖੋਲ੍ਹ ਕਿਵਾੜਾ, ਘਰ ਮੰਦਰ ਇਕ ਸੁਹਾਈਆ। ਦਸਮ ਦਵਾਰੀ ਖੇਲ ਨਿਰਾਲਾ, ਨਿਰਗੁਣ ਬੈਠਾ ਬੇਪਰਵਾਹੀਆ। ਆਤਮ ਸੇਜਾ ਕਰ ਸ਼ਿੰਗਾਰਾ, ਕਜਲ ਧਾਰ ਇਕ ਵਹਾਈਆ। ਅਲੱਖ ਅਗੋਚਰ ਅਗੰਮ ਅਪਾਰਾ, ਆਪ ਅਪਰੰਪਰ ਸਾਚਾ ਮਾਹੀਆ। ਹਰਿ ਸੱਜਣ ਵੇਖੇ ਮੀਤ ਮੁਰਾਰਾ, ਗੁਰਮੁਖਾਂ ਰਾਹ ਤਕਾਈਆ। ਭਰਮੇ ਭੁੱਲੇ ਭਰਮ ਸੰਸਾਰਾ, ਮਾਇਆ ਮਮਤਾ ਮੋਹ ਹਲਕਾਈਆ। ਬਿਨ ਸਤਿਗੁਰ ਪੂਰੇ ਕੋਇ ਨਾ ਕਰੇ ਪਾਰ ਕਿਨਾਰਾ, ਲੱਖ ਚੁਰਾਸੀ ਨਾ ਕੋਈ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਪੁਰਖ ਅਬਿਨਾਸ਼ੀ ਕਰਤਾ ਸਮਰਥ ਪੁਰਖ ਆਪ ਅਖਵਾਈਆ। ਸਮਰਥ ਪੁਰਖ ਆਪ ਕਰਤਾਰਾ, ਹਰਿ ਹਰਿ ਰੂਪ ਸਮਾਇੰਦਾ। ਹਰਿਜਨ ਰੱਖੇ ਦੇ ਕਰ ਹੱਥ ਵਿਚ ਸੰਸਾਰਾ, ਜਿਸ ਜਨ ਆਪਣੀ ਦਇਆ ਕਮਾਇੰਦਾ। ਲਹਿਣਾ ਦੇਣਾ ਚੁਕਾਏ ਮਸਤਕ ਮਾਥ ਜੋਤੀ ਨੂਰ ਕਰ ਉਜਿਆਰਾ, ਅੰਧ ਅੰਧੇਰ ਮਿਟਾਇੰਦਾ। ਨਾਮ ਚੜ੍ਹਾਏ ਸਾਚੇ ਰਥ ਆਪ ਕਰਾਏ ਪਾਰ ਕਿਨਾਰਾ, ਮੰਝਧਾਰ ਨਾ ਕੋਈ ਰੁੜ੍ਹਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਅਗੰਮ ਅਥਾਹ ਬੇਪਰਵਾਹ ਆਪ ਅਖਵਾਇੰਦਾ। ਬੇਪਰਵਾਹ ਪੁਰਖ ਅਬਿਨਾਸ਼ਾ, ਪਾਰਬ੍ਰਹਮ ਅਖਵਾਇਆ। ਜੁਗ ਜੁਗ ਵੇਖੇ ਜਗਤ ਤਮਾਸ਼ਾ, ਜੋਤੀ ਜਾਮਾ ਭੇਖ ਵਟਾਇਆ। ਮੰਡਲ ਮੰਡਪ ਪਾਵੇ ਰਾਸਾ, ਬ੍ਰਹਿਮੰਡ ਖੰਡ ਵੇਖ ਵਖਾਇਆ। ਵੇਖ ਵਖਾਏ ਪ੍ਰਿਥਮੀ ਆਕਾਸ਼ਾ, ਗਗਨ ਪਤਾਲਾਂ ਵਿਚ ਸਮਾਇਆ। ਗੁਰਮੁਖ ਸਾਚੇ ਬਲ ਬਲ ਜਾਸਾ, ਬਲਿਹਾਰੀ ਗੁਰ ਰਾਸਾ ਪਾਇਆ। ਲੇਖੇ ਲੱਗੇ ਸਵਾਸ ਸਵਾਸਾ, ਹਰਿਜਨ ਹਰਿ ਹਰਿ ਰਸਨਾ ਗਾਇਆ। ਅੰਤ ਨਾ ਆਵੇ ਹਾਰ ਪਾਸਾ, ਧਰਮ ਰਾਏ ਨਾ ਦਏ ਸਜਾਇਆ। ਹਉਮੇ ਹੰਗਤਾ ਰੋਗ ਦੁਖੜਾ ਨਾਸਾ, ਸੋ ਪੁਰਖ ਨਿਰੰਜਣ ਨਜ਼ਰੀ ਆਇਆ। ਪ੍ਰਭ ਪੂਰਨ ਕਰਨਹਾਰਾ ਆਸਾ, ਆਦਿ ਜੁਗਾਦੀ ਵੇਖ ਵਖਾਇਆ। ਭਗਤ ਵਛਲ ਦਾਸੀ ਦਾਸਾ, ਸੇਵਕ ਸੇਵਾ ਰਿਹਾ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੂਪ ਵਟਾਇਆ। ਰੂਪ ਅਵੱਲਾ ਹਰਿ ਕਰਤਾਰ, ਆਪਣਾ ਆਪ ਕਰਾਈਆ। ਅਛਲ ਅਛੱਲ ਵਿਚ ਸੰਸਾਰ, ਜੁਗ ਜੁਗ ਵੇਸ ਵਟਾਈਆ । ਨਿਹਚਲ ਧਾਮ ਅਟੱਲ ਮਹੱਲ ਉਸਾਰ, ਨਿਰਗੁਣ ਬੈਠਾ ਆਸਣ ਲਾਈਆ। ਨਿਰਗੁਣ ਮੇਲਾ ਮੀਤ ਮੁਰਾਰ, ਸਤਿ ਪੁਰਖ ਵੱਡੀ ਵਡਿਆਈਆ। ਸਤਿਗੁਰ ਪੂਰਾ ਹੋ ਉਜਿਆਰ, ਲੋਕਮਾਤ ਕਰੇ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰ, ਹੰਕਾਰੀਆਂ ਗੜ੍ਹ ਤੁੜਾਈਆ। ਨਾਮ ਖੰਡਾ ਤੇਜ਼ ਕਟਾਰ, ਤਨ ਗਾਤਰੇ ਇਕ ਲਟਕਾਈਆ। ਅੰਮ੍ਰਿਤ ਆਤਮ ਠੰਡੀ ਠਾਰ, ਨਿਝਰ ਧਾਰਾ ਮੁਖ ਚੁਆਈਆ। ਚਰਨ ਕਵਲ ਕਰ ਪਿਆਰ, ਉਪਰ ਧਵਲ ਦਏ ਵਡਿਆਈਆ। ਸਾਵਲ ਸਵਲ ਕ੍ਰਿਸ਼ਨ ਮੁਰਾਰ, ਰਾਮ ਰਾਮਾ ਆਪ ਅਖਵਾਈਆ। ਨਾਨਕ ਗੋਬਿੰਦ ਜੋਤ ਉਜਿਆਰ, ਪੂਰਨ ਬ੍ਰਹਮ ਜਣਾਈਆ। ਪਾਰਬ੍ਰਹਮ ਸੱਚੀ ਸਰਕਾਰ, ਸਚ ਸਿੰਘਾਸਣ ਬੈਠਾ ਆਸਣ ਲਾਈਆ। ਆਦਿਨ ਅੰਤਾ ਏਕੰਕਾਰ, ਗਹਿਰ ਗੰਭੀਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਦਿ ਨਿਰੰਜਣ ਨਾਉਂ ਧਰਾਈਆ। ਆਦਿ ਨਿਰੰਜਣ ਹਰਿ ਭਗਵੰਤਾ, ਹਰਿ ਹਰਿ ਰੂਪ ਸਮਾਇੰਦਾ। ਹਰਿਜਨ ਵੇਖੇ ਸਾਚੇ ਸੰਤਾ, ਦਰ ਸਾਚਾ ਵੇਖ ਵਖਾਇੰਦਾ। ਮੇਲ ਮਿਲਾਵਾ ਨਾਰੀ ਕੰਤਾ, ਆਤਮ ਸੇਜਾ ਡੇਰਾ ਲਾਇੰਦਾ। ਕਾਇਆ ਚੋਲੀ ਰੰਗ ਚਾੜ੍ਹੇ ਬਸੰਤਾ, ਉਤਰ ਕਦੇ ਨਾ ਜਾਇੰਦਾ। ਤੋੜੇ ਗੜ੍ਹ ਹਉਮੇ ਹੰਗਤਾ, ਕਾਮ ਕਰੋਧ ਲੋਭ ਮੋਹ ਹੰਕਾਰ, ਨੇੜ ਨਾ ਆਇੰਦਾ। ਜੋ ਜਨ ਦਵਾਰੇ ਆਏ ਮੰਗਤਾ, ਬ੍ਰਹਮ ਪਾਰਬ੍ਰਹਮ ਮੇਲ ਮਿਲਾਇੰਦਾ। ਗੁਰਸਿਖ ਅੰਗ ਲਗਾਏ ਜਿਉਂ ਨਾਨਕ ਅੰਗਦਾ, ਅੰਗੀਕਾਰ ਆਪ ਅਖਵਾਇੰਦਾ। ਸਾਚੇ ਮੰਦਰ ਅੰਦਰ ਆਪੇ ਲੰਘਦਾ, ਦਸਮ ਦਵਾਰੀ ਕੁੰਡਾ ਲਾਹਿੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੋਤੀ ਜਾਮਾ ਭੇਖ ਧਰ, ਜੋਤੀ ਜੋਤ ਡਗਮਗਾਇੰਦਾ। ਜੋਤੀ ਨੂਰ ਹਰਿ ਉਜਾਲਾ, ਰੂਪ ਅਨੂਪ ਸਮਾਇਆ। ਪਾਰਬ੍ਰਹਮ ਪ੍ਰਭ ਗੁਰ ਗੋਪਾਲਾ, ਭੇਵ ਕੋਈ ਨਾ ਪਾਇਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਵੇਖੇ ਕਾਇਆ ਮੰਦਰ ਅੰਦਰ ਸੱਚੀ ਧਰਮਸਾਲਾ, ਅੰਦਰ ਬੈਠਾ ਡੇਰਾ ਲਾਇਆ। ਨੇੜ ਨਾ ਆਏ ਕਾਲ ਮਹਾਂਕਾਲਾ, ਜਗਤ ਜੰਜਾਲਾ ਤੋੜ ਵਖਾਇਆ। ਆਪੇ ਸ਼ਾਹ ਆਪੇ ਕੰਗਾਲਾ, ਹਰਿ ਭਗਤਨ ਮੇਲ ਮਿਲਾਇਆ । ਜੁਗ ਜੁਗ ਚਲੇ ਅਵੱਲੜੀ ਚਾਲਾ, ਕਲਜੁਗ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਸੰਗਤ ਦੇਵੇ ਨਾਮ ਵਰ, ਨਾਮ ਭੰਡਾਰਾ ਹਰਿ ਨਿਰੰਕਾਰਾ, ਪੁਰਖ ਅਗੰਮ ਅਥਾਹ ਬੇਪਰਵਾਹ ਅਕਾਲ ਮੂਰਤ ਅਜੂਨੀ ਰਹਿਤ ਜਨ ਜਨ ਤਨ ਤਨ ਅਨਭਵ ਪ੍ਰਕਾਸ਼ ਕਰਾਇਆ।