Granth 07 Likhat 091: 6 Kattak 2015 Bikarmi Harbhajan Singh de Ghar Calcutta

੬ ਕੱਤਕ ੨੦੧੫ ਬਿਕਰਮੀ ਹਰਭਜਨ ਸਿੰਘ ਦੇ ਘਰ ਕਲਕਤਾ

ਧੰਨਭਾਗ ਹਰਿ ਪਾਇਆ, ਅੰਤਮ ਮੋਖ ਦਵਾਰ। ਜਗਤ ਨੇਤਰ ਦਿਸ ਨਾ ਆਇਆ, ਆਤਮ ਅੰਤਰ ਇਕ ਪਿਆਰ। ਕਾਇਆ ਖੇੜਾ ਵੇਖ ਵਖਾਇਆ, ਆਪ ਆਪਣੀ ਕਿਰਪਾ ਧਾਰ। ਕਰਮ ਕੁਕਰਮਾਂ ਲੇਖ ਲਿਖਾਇਆ, ਮਾਨਸ ਮਾਨੁੱਖ ਆਪ ਅਧਾਰ। ਪੂਰਬ ਲਹਿਣਾ ਝੋਲੀ ਪਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨਮ ਜਨਮ ਕਰਮ ਵਿਚਾਰ। ਪੂਰਬ ਜਨਮ ਪੂਰਬ ਲਹਿਣਾ, ਪੂਰਬ ਝੋਲੀ ਪਾਈਆ। ਪੂਰਬ ਦਰਸ਼ਨ ਪਾਏ ਨੈਣਾਂ, ਕਰਮ ਕੁਕਰਮ ਗਣਾਈਆ। ਲੱਖ ਚੁਰਾਸੀ ਲਹਿਣਾ ਦੇਣਾ, ਰਾਏ ਧਰਮ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਵਣ ਜਾਵਣ ਵੇਖ ਵਖਾਈਆ। ਪੂਰਬ ਜਨਮ ਮਾਨਸ ਰਾਸੀ, ਹਰਿ ਹਰਿ ਵੇਖ ਵਖਾਇੰਦਾ। ਮਾਨਸ ਜਨਮ ਪੰਡਤ ਕਾਂਸੀ, ਤਿਲਕ ਲਿਲਾਟ ਲਗਾਇੰਦਾ। ਮੰਦਰ ਅੰਦਰ ਬਹਿ ਬਹਿ ਖਾਦਾ ਮਾਸੀ, ਹਰਿ ਹਰਿ ਨਦਰ ਨਾ ਆਇੰਦਾ। ਪੰਜ ਤਤ ਵਿਕਾਰਾ ਕਾਇਆ ਦੇਹੀ ਅੰਤ ਵਿਨਾਸੀ, ਧਰਮ ਰਾਏ ਦੰਡ ਲਗਾਇੰਦਾ। ਨੌਂ ਨੌਂ ਨੌਂ ਜਨਮ ਕਾਗ ਕਾਗ ਕੁਰਲਾਸੀ, ਕਾਗੀ ਕਾਗ ਕੁਰਲਾਇੰਦਾ। ਅੰਤਮ ਮੇਲਾ ਭਗਤ ਉਦਾਸੀ, ਸੰਤਨ ਵੇਖ ਵਖਾਇੰਦਾ। ਸੰਤਨ ਪੂਰੀ ਕਰ ਆਸੀ, ਦਰ ਦਵਾਰ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਜਨਮਾਂ ਵੇਖ ਵਖਾਇੰਦਾ। ਪੂਰਬ ਜਨਮ ਜਗਤ ਨਾਤਾ, ਹਰਿ ਹਰਿ ਆਪ ਬੰਧਾਇਆ। ਸਾਚੇ ਸੰਤ ਬਖ਼ਸ਼ੀ ਏਕਾ ਦਾਤਾ, ਅੰਮ੍ਰਿਤ ਜਲ ਮੁਖ ਚੁਆਇਆ। ਕਾਗੀ ਕਾਗ ਆਪ ਪਛਾਤਾ, ਨੇਤਰ ਰੋ ਰੋ ਨੀਰ ਵਹਾਇਆ। ਕਵਣ ਮੇਟੇ ਅੰਧੇਰੀ ਰਾਤਾ, ਕਵਣ ਬੰਸ ਰੂਪ ਜਣਾਇਆ। ਕਵਣ ਪਿਆਏ ਅੰਮ੍ਰਿਤ ਬੂੰਦ ਸਵਾਂਤਾ, ਆਵਣ ਜਾਵਣ ਗੇੜ ਕਟਾਇਆ। ਹਰਿ ਸ਼ਬਦ ਜਣਾਏ ਬਹੁ ਬਹੁ ਭਾਂਤਾ, ਆਪ ਆਪਣਾ ਰਾਗ ਅਲਾਇਆ। ਅੰਤਮ ਮੇਲਾ ਕਮਲਾਪਾਤਾ, ਮਾਣਕ ਮਾਨਸ ਵੇਖ ਵਖਾਇਆ। ਦਰਸ ਦਿਖਾਏ ਇਕ ਇਕਾਂਤਾ, ਏਕੰਕਰਾ ਰੂਪ ਵਟਾਇਆ। ਆਪੇ ਵੇਖੇ ਮਾਰ ਝਾਤਾ, ਵੇਖਣਹਾਰ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਲਿਖਿਆ ਲੇਖ, ਧੁਰ ਮਸਤਕ ਵੇਖ ਵਖਾਇਆ। ਧੁਰ ਮਸਤਕ ਲੇਖਾ ਹਰਿ ਨਿਰੰਕਾਰ, ਜੀਵ ਜੰਤ ਪਛਾਨਿਆਂ। ਨਿਰਗੁਣ ਜੋਤੀ ਕਰ ਉਜਿਆਰ, ਵੇਖੇ ਖੇਲ ਦੋ ਜਹਾਨਿਆਂ। ਜਗਤ ਨੈਣ ਅੰਧ ਅੰਧਿਆਰ, ਹਰਿ ਹਰਿ ਭੇਵ ਕੋਈ ਨਾ ਪਾਨਿਆ। ਆਤਮ ਤ੍ਰਿਸ਼ਨਾ ਇਕ ਪਿਆਰ, ਏਕਾ ਮੰਗ ਮੰਗਾਨਿਆ। ਚਰਨ ਕਵਲ ਜਨ ਵੇਖੇ ਢਹਿ ਪਏ ਦਵਾਰ, ਕਰ ਕਿਰਪਾ ਦੇਵੇ ਮਤ ਹਰਿ ਮਿਹਰਬਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੂਰਬ ਕਰਮਾਂ ਵੇਖ ਵਿਖਾਨਿਆ। ਪੂਰਬ ਕਰਮਾਂ ਨਾਤਾ ਜੋੜ, ਹਰਿ ਸਾਚਾ ਦਇਆ ਕਮਾਇੰਦਾ। ਇਕ ਚੜ੍ਹਾਏ ਸਾਚੇ ਘੋੜ, ਰਥ ਰਥਵਾਹੀ ਸ਼ਬਦ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਗੰਮ ਅਗੰਮੜੀ ਕਾਰ ਕਮਾਇੰਦਾ। ਅਗੰਮੜੀ ਕਾਰ ਹਰਿ ਕਰਤਾਰ, ਆਪਣੀ ਆਪ ਕਰਾਈਆ । ਲੇਖੇ ਲਾਈ ਹੱਡ ਮਾਸ ਨਾੜੀ ਚੰਮ ਵਿਚ ਸੰਸਾਰ, ਜੋ ਜਨ ਢਹਿ ਪਏ ਸਰਨਾਈਆ। ਨੌਂ ਨੌਂ ਨੌਂ ਜਨਮ ਉਤਰੇ ਪਾਰ, ਰੰਗ ਰਾਤਾ ਰੰਗੇ ਰੰਗ ਸਾਚਾ ਮਾਹੀਆ। ਕਰਮੀ ਕਰਮ ਕਰੇ ਵਿਚਾਰ, ਅੰਮ੍ਰਿਤ ਮੁਖ ਖਵਾਈਆ। ਗਾਵਤ ਗਾਵਤ ਹੋਏ ਅਧਾਰ, ਰਸਨਾ ਜਿਹਵਾ ਹਰਿ ਗੁਣ ਗਾਈਆ। ਪਾਵਤ ਪਾਵਤ ਮੀਤ ਮੁਰਾਰ, ਪਤਿਤ ਪੁਨੀਤ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨੇਤਰ ਲੋਚਣ ਨੈਣ ਅੰਦਰ ਮੰਦਰ ਵੇਖ ਵਖਾਈਆ। ਅੰਦਰ ਮੰਦਰ ਸਾਚਾ ਨੇਤਰ, ਹਰਿ ਹਰਿ ਆਪ ਸੁਹਾਇਆ। ਗੁਰਮੁਖ ਫੁਲਵਾੜੀ ਕਾਇਆ ਮਹੀਨਾ ਚੇਤਰ, ਸਚ ਸੁਗੰਧੀ ਆਪ ਧਰਾਇਆ। ਆਪੇ ਮੀਤ ਮੁਰਾਰਾ ਮੇਤਰ, ਦਰ ਦਰਬਾਰੇ ਫੇਰੀ ਪਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਲੇਖਾ ਹਰਿ ਦਵਾਰ, ਮੰਗੀ ਮੰਗ ਬਣ ਭਿਖਾਰ, ਕਾਗੀ ਕਾਗ ਰੂਪ ਵਟਾਇਆ। ਕਾਗੀ ਕਾਗ ਹੰਸਾ ਬੋਲ, ਆਤਮ ਰੰਗ ਤਰਾਨਿਆਂ। ਰੰਗ ਮਜੀਠੀ ਕਾਇਆ ਚੋਲ, ਵੇਖੇ ਖੇਲ ਸ੍ਰੀ ਭਗਵਾਨਿਆਂ। ਨਾਮ ਕੰਡੇ ਸਾਚੇ ਤੋਲ, ਦੇਵੇ ਦਾਤਾ ਦਾਨੀ ਧੁਰ ਫ਼ੁਰਮਾਨਿਆਂ। ਆਪਣਾ ਦਰ ਆਪੇ ਖੋਲ੍ਹ, ਆਪਣੇ ਘਰ ਕਰੇ ਪਰਵਾਨਿਆਂ। ਆਪੇ ਮਾਇਆ ਮਮਤਾ ਹਉਮੇ ਹੰਗਤਾ ਲਏ ਵਿਰੋਲ, ਸਤਿ ਸੰਤੋਖ ਇਕ ਵਿਖਾਨਿਆਂ। ਸਾਜਣ ਮੀਤਾ ਇਕ ਅਤੀਤਾ ਦਿਵਸ ਰੈਣ ਵਸੇ ਕੋਲ, ਆਪ ਆਪਣਾ ਭੇਖ ਵਟਾਨਿਆ। ਸ਼ਬਦ ਅਨਾਦੀ ਧੁਨ ਆਤਮਕ ਅਨਹਦ ਵਜਾਏ ਢੋਲ, ਰਾਗ ਸੁਣਾਏ ਸਾਚੇ ਕਾਨਿਆ। ਗਹਿਰ ਗੰਭੀਰ ਦੇਵੇ ਨਾਮ ਸ਼ਬਦ ਅਡੋਲ, ਕਰ ਕਿਰਪਾ ਵਿਚ ਜਹਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਰਧ ਜਵਾਨੀ ਅਵਸਥਾ ਬਾਲ, ਬਾਲ ਜਵਾਨ ਬੇੜਾ ਨੇਤਰ ਨੈਣ ਵਖਾਨਿਆ। ਚਰਨ ਧੂੜ ਹਰਿ ਦਵਾਰ, ਹਰਿਜਨ ਵਡ ਵਡਿਆਈਆ। ਮੰਗੇ ਮੰਗ ਬਣ ਭਿਖਾਰ, ਦੋਏ ਜੋੜ ਸੀਸ ਝੁਕਾਈਆ। ਨੇਤਰ ਦਰਸ ਅਗੰਮ ਅਪਾਰ, ਅੰਤਮ ਹਰਿ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬਖ਼ਸ਼ਣਹਾਰ ਸਚ ਸਰਨਾਈਆ। ਆਪੇ ਪਿਤਾ ਆਪੇ ਮਾਤਾ, ਬਾਲਕ ਅੰਞਾਣੇ ਗੋਦ ਉਠਾਇੰਦਾ। ਆਪੇ ਦੇਵਣਹਾਰਾ ਨਾਮ ਦਾਤਾ, ਆਪ ਆਪਣਾ ਨਾਮ ਜਪਾਇੰਦਾ। ਏਕਾ ਮੇਟੇ ਅੰਧੇਰੀ ਰਾਤਾ, ਅਗਿਆਨ ਅੰਧੇਰ ਮਿਟਾਇੰਦਾ। ਅੰਮ੍ਰਿਤ ਆਤਮ ਪਿਆਏ ਬੂੰਦ ਸਵਾਂਤਾ, ਅੰਮ੍ਰਿਤ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਨਾਮ ਵਰ, ਭਗਤ ਭੰਡਾਰ ਆਪ ਭਰਾਇੰਦਾ। ਨਾਮ ਵਸਤ ਜਗਤ ਅਮੋਲ, ਗੁਰਮੁਖ ਵਿਰਲੇ ਪਾਈਆ। ਅੱਖਰ ਵੱਖਰ ਸ਼ਬਦ ਬੋਲ, ਦੋ ਅੱਖਰ ਜੋੜ ਜੁੜਾਈਆ। ਆਪ ਆਪਣਾ ਪਰਦਾ ਖੋਲ੍ਹ, ਆਪ ਆਪਣਾ ਦਰਸ਼ਨ ਪਾਈਆ। ਪੁਰਖ ਅਗੰਮਾ ਬੈਠਾ ਕੋਲ, ਦਿਵਸ ਰੈਣ ਵੇਖ ਵਖਾਈਆ। ਨਾਮ ਮਰਦੰਗਾ ਵਜਾਏ ਢੋਲ, ਅਨਹਦ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਚਰਨ ਕਵਲ ਸੱਚੀ ਸਰਨਾਈਆ। ਚਰਨ ਕਵਲ ਜਨ ਧਿਆਨ, ਹਰਿ ਹਰਿ ਆਪ ਰਖਾਇੰਦਾ। ਆਤਮ ਜੋਤੀ ਬ੍ਰਹਮ ਗਿਆਨ, ਪਾਰਬ੍ਰਹਮ ਵਖਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਭੁੱਖ ਮਿਟਾਇੰਦਾ। ਧੁੰਨੀ ਰਾਗ ਸੁਣਾਏ ਕਾਨ, ਰਾਗ ਅਨਾਦੀ ਆਪੇ ਗਾਇੰਦਾ। ਜੁਗ ਜੁਗ ਹੋਇਆ ਜਾਣੀ ਜਾਣ, ਘਟ ਘਟ ਡੇਰਾ ਲਾਇੰਦਾ। ਸ੍ਰਿਸ਼ਟ ਸਬਾਈ ਸੁੰਞ ਮਸਾਣ, ਲੱਖ ਚੁਰਾਸੀ ਫੋਲ ਫੁਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਚਰਨ ਕਵਲ ਕਵਲ ਚਰਨ ਆਪ ਆਪਣਾ ਰੰਗ ਰੰਗਾਇੰਦਾ। ਰੰਗ ਰੱਤਾ ਹਰਿ ਕਰਤਾਰ, ਨਿਝ ਘਰ ਵੇਖ ਵਖਾਇੰਦਾ। ਦੇਵੇ ਮੱਤ ਜਗਤ ਸੰਸਾਰ, ਦਰ ਮੰਦਰ ਇਕ ਸੁਹਾਇੰਦਾ। ਹਉਮੇ ਤ੍ਰਿਸ਼ਨਾ ਰੋਗ ਨਿਵਾਰ, ਹਉਮੇ ਹੰਗਤਾ ਗੜ੍ਹ ਤੁੜਾਇੰਦਾ। ਨਾਮ ਦੇਵੇ ਸਚ ਖੁਮਾਰ, ਦਿਵਸ ਰੈਣ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਭਗਤ ਭਗਵੰਨਾ ਦੋ ਜਹਾਨਾਂ ਏਕਾ ਏਕ, ਏਕਾ ਮੇਲ ਮਿਲਾਇੰਦਾ। ਹਰਿਜਨ ਹਰਿ ਹਰਿ ਪੇਖਿਆ, ਪਾਰਬ੍ਰਹਮ ਕਰਤਾਰ। ਜੁਗ ਜੁਗ ਕਰਾਏ ਆਪਣਾ ਵੇਸਿਆ, ਆਦਿ ਅੰਤਾ ਏਕੰਕਾਰ। ਸਚ ਸਿੰਘਾਸਣ ਨਰ ਨਰੇਸ਼ਿਆ, ਰੂਪ ਅਨੂਪਾ ਅਗੰਮ ਅਪਾਰ। ਥਿਰ ਘਰ ਬੈਠਾ ਲਿਖੇ ਲੇਖਿਆ, ਗੁਣਵੰਤਾ ਗੁਣ ਵਿਚਾਰ। ਜੋਤੀ ਸ਼ਬਦੀ ਆਪ ਪ੍ਰਵੇਸਿਆ, ਨਜ਼ਰ ਨਾ ਆਏ ਰੂਪ ਕਰਤਾਰ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਿਆ, ਲੱਖ ਚੁਰਾਸੀ ਕਰੇ ਖ਼ਬਰਦਾਰ। ਜਨ ਭਗਤਾਂ ਕਰੇ ਬੁੱਧ ਬਿਬੇਕਿਆ, ਦੇਵੇ ਨਾਮ ਅਧਾਰ। ਚਰਨ ਕਵਲ ਜਨ ਸੱਚੀ ਟੇਕਿਆ, ਆਤਮ ਅੰਤਰ ਇਕ ਪਿਆਰ। ਵੇਖ ਵਖਾਏ ਧਾਰੀ ਕੇਸਿਆ, ਮੂੰਡ ਮੁੰਡਾਏ ਸਚ ਦਰਬਾਰ। ਨਾਨਕ ਗੋਬਿੰਦ ਦਾਤਾ ਦਸ ਦਸਮੇਸਿਆ, ਰਾਮਾ ਕ੍ਰਿਸ਼ਨਾ ਰੂਪ ਅਪਾਰ। ਸੰਗ ਮੁਹੰਮਦ ਲਿਖੇ ਲੇਖਿਆ, ਮੇਲ ਮਿਲਾਵਾ ਚਾਰ ਯਾਰ। ਈਸਾ ਮੂਸਾ ਕਰ ਅਦੇਸਿਆ, ਦੋਏ ਜੋੜ ਚਰਨ ਨਿਮਸਕਾਰ। ਧਰਮ ਰਾਏ ਨੇਤਰ ਪੇਖਿਆ, ਨੇਤਰ ਨੈਣ ਉਘਾੜ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੱਜਣ ਲਾਏ ਪਾਰ। ਹਰਿ ਸੱਜਣ ਹਰਿ ਰੰਗ ਮਾਣਿਆ, ਪਾਇਆ ਪਰਮ ਪੁਰਖ ਕਰਤਾਰ। ਏਕਾ ਦੂਜਾ ਭੌ ਚੁਕਾਨਿਆ, ਹਉਮੇ ਹੰਗਤਾ ਰੋਗ ਨਿਵਾਰ। ਤੀਜਾ ਨੇਤਰ ਇਕ ਖੁਲ੍ਹਾਨਿਆ, ਮੇਟ ਮਿਟਾਏ ਅੰਧ ਅੰਧਿਆਰ। ਚੌਥੇ ਪਦ ਅੰਤ ਸਮਾਣਿਆ, ਘਰ ਮੇਲਾ ਮੀਤ ਮੁਰਾਰ। ਪੰਚਮ ਸ਼ਬਦ ਅਨਾਹਦ ਬਾਣੀਆਂ, ਸੁਣੇ ਸੁਣਾਏ ਅਪਰ ਅਪਾਰ। ਛੱਪਰ ਛੰਨ ਨਾ ਕੋਈ ਵਖਾਣਿਆ, ਜੋਤੀ ਨੂਰ ਹਰਿ ਉਜਿਆਰ। ਸਤਿ ਪੁਰਖ ਸੁਲਤਾਨਿਆ, ਅਕਾਲ ਮੂਰਤ ਭੇਵ ਨਿਆਰ। ਅੱਠਾਂ ਤੱਤਾਂ ਵਿਚ ਨਾ ਆਨਿਆ, ਮਨ ਮਤ ਬੁੱਧ ਨਾ ਕੋਈ ਸਿੰਗਾਰ। ਨੌਂ ਦਵਾਰ ਨਾ ਵੇਖ ਵਿਖਾਨਿਆ, ਲੱਖ ਚੁਰਾਸੀ ਗਈ ਹਾਰ। ਦਸਮੇ ਮੇਲ ਸ੍ਰੀ ਭਗਵਾਨਿਆ, ਹਰਿਜਨ ਮੇਲਾ ਮੀਤ ਮੁਰਾਰ। ਸ਼ਬਦ ਸਿੰਘਾਸਣ ਇਕ ਮਹਾਨਿਆ, ਸ਼ਬਦ ਸਿੰਘਾਸਣ ਅਪਰ ਅਪਾਰ। ਆਤਮ ਸੇਜਾ ਆਪ ਵਿਛਾਨਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਸਾਜਣ ਲਾਏ ਪਾਰ, ਕਾਇਆ ਮੰਦਰ ਹਰਿ ਦਵਾਰ ਹਰਿ ਸਾਚਾ ਆਪ ਸੁਹਾਨਿਆ। ਦਰਸ ਦਾਨ ਆਤਮ ਮੰਗ, ਜੋ ਜਨ ਦਰ ਮੰਗ ਮੰਗਾਈਆ। ਦਿਵਸ ਰੈਣ ਵਸੇ ਸੰਗ, ਵਿਛੜ ਕਦੇ ਨਾ ਜਾਈਆ। ਕਾਇਆ ਚੋਲੀ ਚਾੜ੍ਹੇ ਰੰਗ, ਨਾਮ ਰੰਗਣ ਇਕ ਰੰਗਾਈਆ। ਅੰਮ੍ਰਿਤ ਧਾਰ ਵਹਾਏ ਗੰਗ, ਸਮਰਥ ਪੁਰਖ ਹੱਥ ਵਡਿਆਈਆ। ਅੰਗੀਕਾਰ ਲਾਏ ਅੰਗ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਆਤਮ ਦਰਸੀ ਦਰਸ ਦਿਖਾਈਆ। ਆਤਮ ਦਰਸ ਤ੍ਰਿਸ਼ਨਾ ਪਿਆਸ, ਹਰਿਜਨ ਇਕ ਵਿਖਾਇੰਦਾ। ਨਿਰਗੁਣ ਜੋਤੀ ਕਰ ਪ੍ਰਕਾਸ਼, ਅਗਿਆਨ ਅੰਧੇਰ ਮਿਟਾਇੰਦਾ। ਸਤਿਨਾਮ ਸਵਾਸ ਸਵਾਸ, ਰਸਨਾ ਜਿਹਵਾ ਆਪ ਹਿਲਾਇੰਦਾ। ਵੇਖ ਵਖਾਏ ਪ੍ਰਿਥਮੀ ਅਕਾਸ਼, ਕਾਇਆ ਮੰਡਲ ਮੰਡਪ ਫੇਰਾ ਪਾਇੰਦਾ। ਮਾਨਸ ਜਨਮ ਕਰੇ ਰਹਿਰਾਸ, ਬਰਨ ਵਰਨੀ ਵੇਖ ਵਖਾਇੰਦਾ। ਭਗਤ ਜਨ ਦਾਸੀ ਦਾਸ, ਆਦਿ ਜੁਗਾਦੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਘਰ ਸਾਚੇ ਦਰਸ ਦਿਖਾਇੰਦਾ। ਸਾਚੇ ਘਰ ਦਰਸ ਅਪਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਮੇਟ ਮਿਟਾਏ ਅੰਧ ਅੰਧਿਆਰ, ਦੂਈ ਦਵੈਤੀ ਰਹਿਣ ਨਾ ਪਾਈਆ। ਦੀਵਾ ਬਾਤੀ ਇਕ ਉਜਿਆਰ, ਏਕਾ ਆਪ ਜਗਾਈਆ। ਕਮਲਾਪਾਤੀ ਮੀਤ ਮੁਰਾਰ, ਨਰ ਨਰਾਇਣ ਆਪ ਅਖਵਾਈਆ। ਅੰਮ੍ਰਿਤ ਬੂੰਦ ਸਵਾਂਤੀ ਦੇਵੇ ਠੰਡੀ ਠਾਰ, ਗੁਰਮੁਖਾਂ ਦਇਆ ਕਮਾਈਆ। ਉਤਮ ਜ਼ਾਤੀ ਮੰਗੇ ਮੰਗ ਸੰਸਾਰ, ਜਿਸ ਜਨ ਬੂਝ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵੇ ਦਰਸ ਦਰ ਦਵਾਰ, ਆਤਮ ਅੰਤਰ ਇਕ ਪਿਆਰ, ਏਕਾ ਵੇਖ ਵਿਖਾਈਆ। ਦਰਸ ਨੇਤਰ ਨੈਣ ਹਰਿ ਨਿਰੰਕਾਰ, ਮਿਲੇ ਮੇਲ ਸਾਕ ਸੱਜਣ ਪਾਰਬ੍ਰਹਮ ਗੁਰ ਅਵਤਾਰਿਆ। ਨਾਤਾ ਤੋੜੇ ਮਾਤ ਪਿਤ ਭਾਈ ਭੈਣ, ਸਗਲਾ ਸੰਗ ਆਪ ਨਿਭਾ ਰਿਹਾ। ਆਪ ਚੁਕਾਏ ਲਹਿਣ ਦੇਣ, ਮਾਨਸ ਮਾਨੁਖ ਲੇਖੇ ਲਾ ਰਿਹਾ। ਰਸਨਾ ਕਿਸੇ ਨਾ ਸਕੇ ਕਹਿਣ, ਜੋ ਜਨ ਸਵਛ ਸਰੂਪੀ ਦਰਸ਼ਨ ਪਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਆਤਮ ਵਰ, ਨੇਤਰ ਨੈਣ ਦਰਸ ਦਿਖਾ ਰਿਹਾ। ਦਰਸ਼ਨ ਵੇਖ ਨੇਤਰ ਪੇਖ, ਨੈਨਣ ਨੈਣ ਸੰਗਾਰਿਆ। ਆਪ ਆਪਣਾ ਆਪੇ ਵੇਖ, ਆਤਮ ਬ੍ਰਹਮ ਕਰੇ ਵਿਚਾਰਿਆ। ਪਾਰਬ੍ਰਹਮ ਪ੍ਰਭ ਧਰੇ ਭੇਖ, ਲੋਕਮਾਤ ਜੋਤ ਉਜਿਆਰਿਆ। ਵੇਖ ਵਿਖਾਏ ਧਾਰੀ ਕੇਸ, ਮੂੰਡ ਮੁੰਡਾਏ ਮੇਲ ਮਿਲਾ ਰਿਹਾ। ਆਪੇ ਦਾਤਾ ਦਾਨੀ ਦਸ ਦਸਮੇਸ਼, ਰਾਮਾ ਕ੍ਰਿਸ਼ਨਾ ਆਪ ਅਖਵਾ ਰਿਹਾ। ਆਪੇ ਬ੍ਰਹਮਾ ਵਿਸ਼ਨ ਮਹੇਸ਼, ਦਰ ਦਵਾਰੇ ਫੇਰੀ ਪਾ ਰਿਹਾ। ਆਪੇ ਹੋਏ ਰਿਖੀ ਕੇਸ਼, ਜਗਤ ਗਵਰਧਨ ਆਪ ਉਠਾ ਰਿਹਾ। ਗੁਰਮੁਖ ਸੱਜਣ ਮੀਤ ਆਪਣੇ ਨੇਤਰ ਆਪੇ ਪੇਖ, ਆਪ ਆਪਣਾ ਦਰਸ ਦਿਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਭਗਤੀ ਵਰ, ਨਾਮ ਭੰਡਾਰਾ ਝੋਲੀ ਪਾ ਰਿਹਾ। ਆਤਮ ਦਰਸ ਸਾਂਤਕ ਸਤਿ, ਸਤਿ ਸਰੂਪ ਸਮਾਇਆ। ਹਰਿਜਨ ਦੇ ਸਮਝਾਵੇ ਮੱਤ, ਪੂਰਨ ਬ੍ਰਹਮ ਜਣਾਇਆ। ਬੀਜ ਬੀਜੇ ਸਾਚੇ ਵਤ, ਫਲ ਫੁਲਵਾੜੀ ਨਾਮ ਲਗਾਇਆ। ਤਨ ਨਾ ਉਬਲੇ ਰੱਤੀ ਰੱਤ, ਮਾਇਆ ਮਮਤਾ ਰਹੇ ਨਾ ਰਾਇਆ। ਮੇਲ ਮਿਲਾਵਾ ਕਮਲਾਪਾਤ, ਕਾਮ ਕਰੋਧ ਲੋਭ ਮੋਹ ਹੰਕਾਰ ਨਾ ਹੋਏ ਹਲਕਾਇਆ। ਏਕਾ ਦੇਵੇ ਸਤਿ ਸੰਤੋਖੀ ਧੀਰਜ ਜਤ, ਗਿਆਨ ਧਿਆਨ ਇਕ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਸਾਚਾ ਵਰ, ਦਰ ਦਰ ਦਰਸ਼ਨ ਦਿਖਾਈਆ। ਦਰਸ਼ਨ ਪੇਖਤ ਹਰਿ ਕਰਤਾਰ, ਆਤਮ ਤ੍ਰਿਸ਼ਨ ਬੁਝਾਈਆ। ਹਉਮੇ ਰੋਗ ਜਗਤ ਨਿਵਾਰ, ਏਕਾ ਦੂਜਾ ਭੇਵ ਚੁਕਾਈਆ। ਪੰਚਮ ਲੇਖ ਅਗੰਮ ਅਪਾਰ, ਸ਼ਬਦੀ ਸ਼ਬਦ ਚਲਾਈਆ। ਅਬਿਨਾਸ਼ੀ ਕਰਤਾ ਏਕੰਕਾਰ, ਅਕਲ ਕਲਾ ਵਰਤਾਈਆ। ਆਦਿ ਸ਼ਕਤ ਰੂਪ ਅਪਾਰ, ਦਰਦ ਦੁੱਖ ਭੈ ਭੰਜਨ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਨਾਮ ਵਰ, ਨੇਤਰ ਅੰਞਨ ਏਕਾ ਪਾਈਆ। ਨੇਤਰ ਅੰਞਨ ਨਾਮ ਗਿਆਨਾ, ਹਰਿ ਹਰਿ ਜਨ ਹਰਿ ਹਰਿ ਪਾਇਆ। ਏਕਾ ਦੇਵੇ ਧੁਰ ਫ਼ਰਮਾਣਾ, ਬੋਧ ਅਗਾਧੀ ਸ਼ਬਦ ਜਣਾਇਆ। ਆਤਮ ਅੰਤਰ ਇਕ ਤਰਾਨਾ, ਅਨਹਦ ਤਾਲ ਵਜਾਇਆ। ਪੰਚਮ ਸਖੀਆਂ ਮੇਲ ਜਹਾਨਾਂ, ਸਾਚਾ ਮੰਗਲ ਗਾਇਆ। ਬਜ਼ਰ ਕਪਾਟੀ ਤੋੜ ਤੁੜਾਨਾ, ਆਪ ਆਪਣੀ ਦਇਆ ਕਮਾਇਆ। ਆਤਮ ਸੇਜਾ ਵੇਖ ਵਖਾਨਾ, ਪ੍ਰਭ ਬੈਠਾ ਆਸਣ ਲਾਇਆ। ਜੋਤੀ ਨੂਰ ਡਗਮਗਾਨਾ, ਦਿਵਸ ਰੈਣ ਕਰੇ ਰੁਸ਼ਨਾਇਆ। ਗੁਰਮੁਖ ਸਾਚੇ ਵਿਚ ਸਮਾਨਾ, ਵਰ ਘਰ ਸਾਚਾ ਏਕਾ ਪਾਇਆ। ਚਾਰੋਂ ਕੁੰਟ ਸ੍ਰੀ ਭਗਵਾਨਾ, ਨਰ ਨਰਾਇਣ ਆਪ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਦਰ ਦਰ ਦਰਸ਼ਨ ਸੇਵ ਕਮਾਇਆ। ਹਰਿ ਦਰਸ਼ਨ ਘਰ ਦਵਾਰ, ਥਿਰ ਘਰ ਆਪ ਵਸਾਇਆ। ਉਚ ਅਗੰਮ ਬੇਐਬ ਪਰਵਰਦਿਗਾਰ, ਨੂਰੋ ਨੂਰ ਰਖਾਇਆ। ਖ਼ਲਕ ਖ਼ੁਦਾਈ ਸਾਂਝਾ ਯਾਰ, ਖ਼ਾਲਕ ਖ਼ਲਕ ਵਿਚ ਸਮਾਇਆ। ਇਕ ਇਕੱਲਾ ਏਕੰਕਾਰ, ਵੇਸ ਅਨੇਕਾ ਰਿਹਾ ਵਟਾਇਆ। ਰਾਮ ਰਾਮਾ ਕਰ ਪਿਆਰ, ਭਗਤ ਭਗਵੰਤ ਵੇਖ ਵਖਾਇਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਮੁਕੰਦ ਮਨੋਹਰ ਲਖ਼ਮੀ ਨਰਾਇਣ ਆਪ ਅਖਵਾਇਆ। ਨਾਨਕ ਗੋਬਿੰਦ ਪਾਵੇ ਸਾਰ, ਏਕਾ ਜੋਤ ਕਰੇ ਰੁਸ਼ਨਾਇਆ । ਸਤਿ ਪੁਰਖ ਨਿਰੰਜਣ ਖੇਲ ਅਪਾਰ, ਭੇਵ ਕੋਈ ਨਾ ਪਾਇਆ। ਅਕਾਲ ਮੂਰਤ ਹੋ ਤਿਆਰ, ਅਕਾਸ਼ ਪ੍ਰਕਾਸ਼ ਕਰਾਇਆ। ਅਜੂਨੀ ਰਹਿਤ ਆਵੇ ਜਾਵੇ ਨਾ ਮਰੇ ਨਾ ਜੰਮੇ, ਮਰਨ ਜਨਮ ਨਾ ਕੋਈ ਰਖਾਇਆ। ਗਰਭ ਨਾ ਆਏ ਲਿਆ ਵਾਸ, ਦਸ ਦਸ ਮਾਸ ਨਾ ਡੇਰਾ ਲਾਇਆ। ਸ਼ਬਦੀ ਡੰਕ ਅਪਰ ਅਪਾਰ, ਜੁਗ ਜੁਗ ਆਪਣਾ ਰਿਹਾ ਵਜਾਇਆ। ਸਾਧਾਂ ਸੰਤਾਂ ਕਰੇ ਖ਼ਬਰਦਾਰ, ਜੀਵਾਂ ਜੰਤਾਂ ਰਿਹਾ ਸਮਝਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਦਏ ਹੁਲਾਰ, ਲੋਆਂ ਪੁਰੀਆਂ ਫੇਰਾ ਪਾਇਆ। ਗੁਰਮੁਖ ਸਾਚੇ ਲਏ ਉਭਾਰ, ਸਾਚੀ ਵਸਤ ਝੋਲੀ ਪਾਇਆ। ਨਿਰਮਲ ਬਾਤੀ ਜੋਤੀ ਕਰ ਉਜਿਆਰ, ਡੂੰਘੀ ਭਵਰੀ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਸਾਚਾ ਘਰ, ਘਰ ਸਾਚੇ ਹਰਿਜਨ ਦਰਸ਼ਨ ਪਾਇਆ। ਸਾਚਾ ਘਰ ਆਦਿ ਨਿਰੰਜਣ, ਏਕਾ ਏਕ ਰਖਾਇਆ। ਜਨ ਭਗਤਾਂ ਮੇਲਾ ਸਾਚੇ ਸੱਜਣ, ਸਾਜਣ ਮੀਤ ਆਪ ਹੋ ਜਾਇਆ। ਗੜ੍ਹ ਹੰਕਾਰੀ ਭਾਂਡੇ ਭੱਜਣ, ਹਉਮੇ ਰੋਗ ਰਹਿਣ ਨਾ ਪਾਇਆ। ਅਨਹਦ ਤਾਲ ਤਲਵਾੜੇ ਵੱਜਣ, ਮੰਦਰ ਅੰਦਰ ਖੋਜ ਖੁਜਾਇਆ। ਚਰਨ ਧੂੜ ਜਿਸ ਜਨ ਬਖ਼ਸ਼ੇ ਸਾਚਾ ਮਜਨ, ਦੁਰਮਤ ਮੈਲ ਗਵਾਇਆ। ਕਾਇਆ ਦਿਸਾਏ ਮੱਕਾ ਕਾਅਬਾ ਹਾਜੀ ਹਜਨ, ਦੋ ਦੋ ਆਬਾ ਵੇਖ ਵਿਖਾਇਆ। ਚਿੱਟੇ ਅਸਵ ਸ਼ਬਦ ਘੋੜੇ ਚੜਿਆ ਤਾਜਨ, ਗਗਨ ਪਤਾਲਾਂ ਫੇਰਾ ਪਾਇਆ। ਸ਼ਾਹੋ ਭੂਪ ਵਡ ਰਾਜ ਰਾਜਨ, ਸ਼ਾਹ ਸੁਲਤਾਨ ਆਪ ਅਖਵਾਇਆ। ਆਪੇ ਰਚਿਆ ਆਪਣਾ ਕਾਜਾ, ਆਪੇ ਵੇਖ ਵਖਾਇਆ। ਸ਼ਬਦ ਅਗੰਮੀ ਮਾਰੇ ਅਵਾਜ਼ਾ, ਅਗੰਮ ਅਗੰਮੜੇ ਧਾਮ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਬਖ਼ਸ਼ੇ ਆਪਣਾ ਵਰ, ਦਰ ਦਰਸ਼ਨ ਸੋਈ ਪਾਇਆ। ਪਾਇਆ ਦਰਸ ਲੋਚਣ ਨੈਣ ਮੁੰਧਾਰ, ਹਰਿ ਹਰਿ ਵੇਖ ਵਖਾਈਆ। ਲੱਖ ਚੁਰਾਸੀ ਪਾਏ ਸਾਰ, ਹਰ ਘਟ ਬੈਠਾ ਆਸਣ ਲਾਈਆ। ਗੋਬਿੰਦ ਸਾਜਣ ਦਏ ਹੁਲਾਰ, ਆਪ ਆਪਣੀ ਬੂਝ ਬੁਝਾਈਆ। ਜੀਵ ਜੰਤ ਸੁੱਤੇ ਪੈਰ ਪਸਾਰ, ਦਿਸ ਕਿਸੇ ਨਾ ਆਈਆ। ਕਲਜੁਗ ਰੈਣ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਆਤਮ ਬ੍ਰਹਮ ਨਾ ਕੋਈ ਉਜਿਆਰ, ਨਿਰਗੁਣ ਨੂਰ ਨਾ ਵੇਖ ਵਿਖਾਈਆ। ਸਰਗੁਣ ਮੇਲਾ ਕਾਇਆ ਮੋਹ ਪਿਆਰ, ਪੰਜ ਤਤ ਕਰੀ ਕੁੜਮਾਈਆ। ਗੁਰ ਕਾ ਸ਼ਬਦ ਨਾ ਮੀਤ ਮੁਰਾਰ, ਅੰਤਰ ਲਿਵ ਨਾ ਕੋਈ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਭਗਤੀ ਵਰ, ਸਾਚੇ ਮਾਰਗ ਲਾਈਆ। ਆਤਮ ਦਰਸ਼ਨ ਨਾਮ ਅਨਮੁਲ, ਨਰ ਹਰਿ ਝੋਲੀ ਪਾਇੰਦਾ। ਗੁਰਮੁਖ ਸਾਚੇ ਲਾਏ ਫੁੱਲ, ਫਲ ਫੁੱਲਵਾੜੀ ਵੇਖ ਵਖਾਇੰਦਾ। ਵੇਖਣਹਾਰ ਸਾਚੀ ਕੁਲ, ਕੁਲਵੰਤਾ ਨਾਉਂ ਧਰਾਇੰਦਾ। ਲੱਖ ਚੁਰਾਸੀ ਪਾਇਣ ਹਾਰ ਫੁੱਲ, ਕਲਜੁਗ ਕਿਰਿਆ ਨਾ ਕੋਈ ਰਖਾਇੰਦਾ। ਜੋ ਜਨ ਦਰ ਦਵਾਰੇ ਆਏ ਭੁੱਲ, ਆਪ ਆਪਣੀ ਦਇਆ ਕਮਾਇੰਦਾ। ਸਾਧਾਂ ਸੰਤਾਂ ਅੰਦਰ ਮੰਦਰ ਜਾਏ ਮੌਲ, ਕਵਲ ਨਾਭ ਆਪ ਉਲਟਾਇੰਦਾ। ਦੇਵੇ ਵਡਿਆਈ ਉਪਰ ਧਵਲ, ਧਰਤ ਧਵਲ ਆਪ ਸੁਹਾਇੰਦਾ। ਮੇਲ ਮਿਲਾਵਾ ਸਾਵਲ ਸਵਲ, ਸਾਵਲ ਸੁੰਦਰ ਰੂਪ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਦਰ ਦਰਵਾਜ਼ਾ ਆਪ ਖੁਲ੍ਹਾਇੰਦਾ। ਦਰ ਦਰਵਾਜ਼ਾ ਆਤਮ ਤਾਕ, ਗੁਰਮੁਖ ਵਿਰਲਾ ਮਾਤ ਖੁਲ੍ਹਾਇੰਦਾ। ਪੁਰਖ ਅਗੰਮਾ ਵੇਖੇ ਮਾਰ ਧਿਆਨ, ਅੰਦਰ ਮੰਦਰ ਡੇਰਾ ਲਾਇੰਦਾ। ਆਪੇ ਹੋਏ ਪਾਕੀ ਪਾਕ, ਨੂਰ ਇਲਾਹੀ ਆਪ ਅਖਵਾਇੰਦਾ। ਏਕਾ ਅਸਵ ਘੋੜਾ ਰਾਕ, ਧੁਰਦਰਗਾਹੀ ਆਪ ਦੌੜਾਇੰਦਾ। ਪੰਚਮ ਵਿਕਾਰਾ ਨਕੇਲ ਪਾਏ ਨਾਕ, ਦਰ ਦਵਾਰ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਬਖ਼ਸ਼ੇ ਸਾਚਾ ਘਰ, ਘਰ ਸਾਚੇ ਸੋ ਜਨ ਬਹਾਇੰਦਾ। ਸਾਚੇ ਘਰ ਸਾਚਾ ਸ਼ਬਦ ਸ਼ਿੰਗਾਰ, ਹਰਿ ਸਾਚਾ ਆਪ ਕਰਾਈਆ। ਪੰਜ ਤਤ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਜਣਾਈਆ। ਹੱਡ ਮਾਸ ਨਾੜੀ ਚੰਮ ਨਾ ਕੋਈ ਪਿਆਰ, ਮਨ ਮਤ ਬੁੱਧ ਨਾ ਕੋਈ ਵਡਿਆਈਆ। ਨੌਂ ਦਵਾਰ ਨਾ ਕੋਈ ਕਿਵਾੜ, ਨਾ ਕੋਈ ਵੇਖ ਵਖਾਈਆ। ਇਕ ਇਕੱਲਾ ਏਕੰਕਾਰ, ਇਕ ਵਿਖਾਏ ਧਰਮ ਅਖਾੜ, ਹਰਿ ਬੈਠਾ ਬੇਪਰਵਾਹੀਆ। ਸ਼ਬਦੀ ਸ਼ਬਦ ਸਾਚਾ ਲਾੜ, ਆਪ ਆਪਣਾ ਥਾਨ ਸੁਹਾਈਆ। ਗੁਰਮੁਖਾਂ ਫਿਰੇ ਪਿਛੇ ਅਗਾੜ, ਦਰ ਦਰ ਘਰ ਘਰ ਫੇਰਾ ਪਾਈਆ। ਜੋਤ ਜਗਾਏ ਬਹੱਤਰ ਨਾੜ, ਅੱਠੇ ਪਹਿਰ ਕਰੇ ਰੁਸ਼ਨਾਈਆ। ਵਾ ਨਾ ਲੱਗੇ ਤੱਤੀ ਹਾੜ, ਮਾਇਆ ਮੋਹ ਨਾ ਰਾਈਆ। ਸਚ ਸੁੱਚ ਨਿਝ ਘਰ ਆਤਮ ਦੇਵੇ ਵਾੜ, ਜਗਤ ਤ੍ਰਿਸ਼ਨਾ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਦਰ ਦਰਸ਼ਨ ਸੋ ਜਨ ਪਾਈਆ। ਦਰਸ਼ਨ ਪਾ ਸੋਭਾਵੰਤ, ਆਤਮ ਬ੍ਰਹਮ ਜਣਾਈਆ। ਹਰਿ ਹਰਿ ਮੇਲਾ ਸਾਚੇ ਸੰਤ, ਸੰਤ ਕੰਤ ਏਕਾ ਰੰਗ ਰੰਗਾਈਆ। ਖੇਲੇ ਖੇਲ ਜੁਗਾ ਜੁਗੰਤ, ਏਕਾ ਏਕ ਪੂਰਨ ਪਛਾਨਿਆਂ। ਹਰਿਜਨ ਨਾਤਾ ਸ੍ਰੀ ਭਗਵੰਤ, ਜੋੜ ਜੁੜਾਏ ਦੋ ਜਹਾਨਿਆਂ। ਮੇਲ ਮਿਲਾਵਾ ਆਦਿ ਅੰਤ, ਆਦਿ ਅੰਤ ਇਕ ਵਿਖਾਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਮੇਲ ਮਿਲਾਏ ਸ੍ਰੀ ਭਗਵਾਨਿਆ।