੨੯ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਸੰਗਤ ਸਾਹਿਬ ਨੰਦੇੜ ਸ਼ਹਿਰ
ਪੁਰਖ ਅਕਾਲ ਅਕਲ ਕਲ ਧਾਰ, ਆਪਣੀ ਕਲ ਕਲ ਵਰਤਾਈਆ। ਗੋਬਿੰਦ ਸੁਤ ਸੁਤ ਦੁਲਾਰ, ਜੋਤੀ ਜੋਤ ਰੁਸ਼ਨਾਈਆ। ਸ਼ਬਦ ਅਤੁਟ ਨਾਮ ਭੰਡਾਰ, ਪੂਰਨ ਬ੍ਰਹਮ ਜਣਾਈਆ। ਪਾਰਬ੍ਰਹਮ ਪ੍ਰਭ ਪਾਵੇ ਸਾਰ, ਪੰਜ ਤਤ ਰੁਸ਼ਨਾਈਆ। ਮਾਤਲੋਕ ਖੇਲ ਅਪਾਰ, ਨਿਰਗੁਣ ਸਰਗੁਣ ਵੇਖ ਵਖਾਈਆ। ਦੋਹਾਂ ਮੇਲਾ ਅਪਰ ਅਪਾਰ, ਗੁਰ ਚੇਲਾ ਰੂਪ ਵਟਾਈਆ। ਤਿੰਨਾਂ ਲੋਆਂ ਵਸਿਆ ਬਾਹਿਰ, ਚੌਥੇ ਪਦ ਸਮਾਈਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਤਾਜ ਪਹਿਨਾਈਆ। ਛੇਵੇਂ ਛੱਪਰ ਛੰਨ ਨਾ ਕੋਈ ਮਹੱਲ ਉਸਾਰ, ਉਚ ਅਟੱਲ ਨਾ ਕੋਈ ਰਖਾਈਆ। ਸਤਵੇਂ ਸਤਿ ਪੁਰਖ ਨਿਰੰਜਣ ਆਪ ਕਰਤਾਰ, ਆਪ ਆਪਣੀ ਖੇਲ ਖਲਾਈਆ। ਅੱਠਾਂ ਤੱਤਾਂ ਕਰ ਵਿਚਾਰ, ਮਨ ਮਤ ਬੁੱਧ ਕਰੇ ਕੁੜਮਾਈਆ। ਨੌਂ ਦਰ ਵੇਖ ਸਰਬ ਸੰਸਾਰ, ਮਾਇਆ ਮਮਤਾ ਮੋਹ ਹਲਕਾਈਆ। ਦਸਵੇਂ ਬੈਠ ਆਪ ਕਰਤਾਰ, ਸਤਿ ਸਰੂਪੀ ਜੋਤ ਜਗਾਈਆ । ਜਾਗਰਤ ਜੋਤ ਆਤਮ ਅਪਾਰ, ਕੂੜੀ ਕਿਰਿਆ ਵੇਖ ਵਖਾਈਆ। ਲਸ਼ਕਰ ਸ਼ਾਹੀ ਹਾਹਾਕਾਰ, ਸ਼ਾਹ ਸ਼ਹਾਨਾ ਦਏ ਦੁਹਾਈਆ। ਆਬ ਬੇਤਾਬ ਨਾ ਪਾਏ ਸਾਰ, ਪੰਜ ਪੰਜ ਆਬ ਤਜਾਈਆ। ਵੇਖੇ ਲੇਖ ਪੁੰਨ ਸਵਾਬ, ਆਬੇਹਯਾਤ ਆਪ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾਈਆ । ਰਚਨ ਰਚਾਈ ਹਰਿ ਗੋਬਿੰਦ, ਹਰਿ ਹਰਿ ਖੇਲ ਖਲਾਇੰਦਾ। ਮੇਟਣਹਾਰਾ ਸਗਲੀ ਚਿੰਦ, ਚਿੰਤਾ ਭੁੱਖ ਗਵਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਅਡੋਲ ਅਡੁਲ ਰਹਾਇੰਦਾ। ਨਿਰਗੁਣ ਵੇਖੇ ਨਾਦੀ ਬਿੰਦ, ਸਚ ਸੁੱਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਖੇਲ ਖਲਾਇੰਦਾ। ਖੇਲਣਹਾਰਾ ਹਰਿ ਭਗਵਾਨਾ, ਗੁਰ ਗੁਰ ਸ਼ਬਦ ਜਣਾਈਆ। ਸ਼ਬਦ ਸ਼ਬਦੀ ਬੰਨ੍ਹੇ ਗਾਨਾ, ਨਾਮ ਗਾਨਾ ਤੰਦ ਰਖਾਈਆ। ਆਤਮ ਅੰਤਰ ਜੋਤ ਮਹਾਨਾ, ਦਿਵਸ ਰੈਣ ਕਰੇ ਕੁੜਮਾਈਆ। ਖੇਲੇ ਖੇਲ ਵਿਚ ਮੈਦਾਨਾ, ਖੰਡਾਂ ਤੀਰ ਇਕ ਉਠਾਈਆ। ਰਸਨਾ ਚਿੱਲੇ ਚਾੜ੍ਹੇ ਤੀਰ ਕਮਾਨਾ, ਏਕਾ ਤੰਦ ਖਿਚਾਈਆ। ਜੋਧਾ ਸੂਰ ਵੇਖ ਬਲੀ ਬਲਵਾਨਾ, ਗੜ੍ਹ ਹੰਕਾਰ ਤੁੜਵਾਈਆ। ਆਪ ਆਪਣਾ ਜਾਣੇ ਭਾਣਾ, ਹਰਿ ਭਾਣੇ ਵਿਚ ਸਮਾਈਆ। ਆਪ ਆਪਣੀ ਪਾਏ ਆਣਾ, ਆਪ ਆਪਣਾ ਪੰਧ ਮੁਕਾਈਆ। ਆਪ ਆਪਣਾ ਵੇਖ ਵਖਾਨਾ, ਆਪੇ ਦਏ ਤਜਾਈਆ। ਗੋਦਾਵਰੀ ਕੰਢਾ ਇਕ ਸੁਹਾਨਾ, ਗੋਬਿੰਦ ਵੇਸ ਵਟਾਈਆ। ਗੁਰ ਸੰਗਤ ਗੁਰ ਸੰਗ ਰਖਾਨਾ, ਸਗਲਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਿਰਪਾ ਆਪ ਬੁਝਾਈਆ। ਗੁਰ ਗੋਬਿੰਦਾ ਜੋਧਾ ਬਲਕਾਰ, ਹਰਿ ਹਰਿ ਖੇਲ ਖਲਾਇਆ। ਆਪ ਆਪਣੀ ਕਰ ਵਿਚਾਰ, ਆਪ ਆਪਣਾ ਦਰ ਸੁਹਾਇਆ। ਚਰਨ ਛੁਹਾਇਆ ਵਿਚ ਉਜਾੜ, ਜੰਗਲ ਜੂਹ ਪਹਾੜ ਡੇਰਾ ਲਾਇਆ। ਆਪ ਆਪਣਾ ਨੇਤਰ ਲਏ ਉਘਾੜ, ਗੁਰਮੁਖ ਵੇਖ ਵਖਾਇਆ। ਨਾਮ ਧਾਰ ਤਿਖੀ ਚਾੜ੍ਹ, ਸ਼ਬਦ ਖੰਡਾ ਇਕ ਚਮਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸ਼ਬਦ ਜਣਾਇਆ। ਗੁਰ ਸ਼ਬਦ ਸ਼ਬਦ ਜਣਾਈ, ਹਰਿਸੰਗਤ ਹਰਿ ਅਲਾਈਆ। ਜਗਤ ਨਾਤਾ ਭੈਣਾਂ ਭਾਈ, ਧੀ ਜਵਾਈ ਖ਼ੁਸ਼ੀ ਮਨਾਈਆ। ਸਾਕ ਕੁਟੰਭ ਮੇਲ ਮਿਲਾਈ, ਮੇਲ ਵਿਛੋੜਾ ਸਾਚੇ ਮਾਹੀਆ। ਵਰ ਘਰ ਪੌਣਾ ਚਾਈ ਚਾਈਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬੂਝ ਬੁਝਾਈਆ। ਸੰਗਤ ਦਰ ਰਹੀ ਬਿਲਲਾ, ਗੋਬਿੰਦ ਵੇਖ ਵਖਾਇਆ। ਪੂਰਬ ਲਹਿਣਾ ਮਾਤ ਚੁਕਾ, ਦੇਣਾ ਦੇਣਾ ਅੱਗੇ ਆਇਆ। ਰਸਨਾ ਕਹਿਣਾ ਹੁਕਮ ਸੁਣਾ, ਹਰਿ ਕਾ ਭਾਰ ਨਾ ਕੋਈ ਉਠਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸੰਗਤ ਵੇਖ ਵਖਾਇਆ। ਗੁਰ ਸੰਗਤ ਵੇਖੇ ਚਰਨ ਦਵਾਰ, ਨੇਤਰ ਨੀਰ ਵਹਾਈਆ। ਢਹਿ ਢਹਿ ਮੰਗੇ ਮੰਗ ਭਿਖਾਰ, ਆਤਮ ਝੋਲੀ ਅੱਗੇ ਡਾਹੀਆ। ਦਰਸ ਤਰਸ ਅਪਰ ਅਪਾਰ, ਵਿਛੜ ਕਦੇ ਨਾ ਜਾਈਆ। ਅੰਮ੍ਰਿਤ ਮੁਖ ਬਰਸ ਕਿਰਪਾ ਧਾਰ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਇਆ ਕਮਾਈਆ। ਗੁਰ ਗੋਬਿੰਦ ਸਾਚਾ ਮੀਤਾ, ਗੁਰ ਸੰਗਤ ਆਖ ਸੁਣਾਈਆ। ਕਾਇਆ ਮਾਟੀ ਠਾਂਡਾ ਸੀਤਾ, ਸਤਿ ਸੰਤੋਖ ਰਖਾਈਆ। ਹਰਿ ਰੱਖਣਹਾਰਾ ਸਾਚਾ ਮੀਤਾ, ਦੇਵੇ ਵਡ ਵਡਿਆਈਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਮ ਧਰਾਈਆ। ਨਾ ਕੋਈ ਦੇਹੁਰਾ ਮੰਦਰ ਮਸੀਤਾ, ਗੁਰਚਰਨ ਪ੍ਰੀਤੀ ਵੱਡੀ ਵਡਿਆਈਆ। ਦੇਵੇ ਨਾਮ ਸ਼ਬਦ ਇਕ ਅਨਡੀਠਾ, ਲਿਖਿਆ ਲੇਖ ਨਾ ਮੇਟੇ ਕੋਈ ਰਾਈਆ। ਕਾਇਆ ਬਣੇ ਨਾ ਜਗਤ ਅੰਗੀਠਾ, ਤਤਵ ਤਤ ਸਮਾਈਆ। ਮਿੱਠਾ ਕਰੇ ਕੌੜਾ ਰੀਠਾ, ਆਪ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਵਸਤ ਆਪੇ ਝੋਲੀ ਰਿਹਾ ਭਰਾਈਆ। ਨਾਮ ਸ਼ਬਦ ਵਡ ਭੰਡਾਰ, ਗੁਰ ਗੁਰ ਆਪ ਵਰਤਾਇਆ। ਗੁਰਮੁਖ ਸਾਜਣ ਕਰ ਕਰ ਪਿਆਰ, ਸਾਚਾ ਦਰ ਸੁਹਾਇਆ। ਥਾਨ ਥਨੰਤਰ ਇਕ ਨਿਆਰਾ, ਨਿਰਗੁਣ ਸਰਗੁਣ ਵੇਖ ਵਖਾਇਆ। ਦੀਪਕ ਬਾਤੀ ਕਰ ਉਜਿਆਰਾ, ਅਗਿਆਨ ਅੰਧੇਰ ਮਿਟਾਇਆ। ਏਕਾ ਦੇਵੇ ਚਰਨ ਸਹਾਰਾ, ਦਰ ਦਰ ਆਪ ਵੇਖ ਵਖਾਇਆ। ਪੰਜ ਪੰਜ ਮੇਲਾ ਮੀਤ ਮੁਰਾਰ, ਆਬੇਹਯਾਤ ਪਿਆਇਆ। ਕਵਲ ਨਾਭ ਕਰ ਉਜਿਆਰ, ਝਿਰਨਾ ਨਿਝਰ ਝਿਰਾਇਆ। ਚਰਨ ਰਕਾਬ ਦੇ ਸਹਾਰਾ, ਸ਼ਾਹ ਅਸਵਾਰ ਅਸਵ ਘੋੜਾ ਆਪ ਦੌੜਾਇਆ। ਨਾਨਕ ਮੇਲਾ ਮੀਤ ਮੁਰਾਰਾ, ਸਤਿਗੁਰ ਪੂਰਾ ਆਪ ਕਰਾਇਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਾਮ ਦਾਨ ਇਕ ਵਰਤਾਇਆ। ਨਾਮ ਦਾਨ ਸ਼ਬਦ ਅਤੁੱਟ, ਨਾਨਕ ਗੁਰ ਰਖਾਈਆ । ਗੁਰ ਗੋਬਿੰਦ ਪਿਆਏ ਆਤਮ ਘੁਟ, ਤ੍ਰਿਸ਼ਨਾ ਭੁੱਖ ਮਿਟਾਈਆ। ਗੁਰਮੁਖ ਲਾਹਾ ਰਹੇ ਲੁੱਟ, ਬੇਮੁਖ ਸਾਰ ਨਾ ਰਾਈਆ। ਤਨ ਨਗਾਰੇ ਲੱਗੇ ਚੋਟ, ਰਣਜੀਤ ਨਗਾਰਾ ਇਕ ਵਜਾਈਆ। ਵੇਖਣਹਾਰਾ ਕੋਟੀ ਕੋਟ, ਬ੍ਰਹਿਮੰਡ ਖੰਡ ਡੇਰਾ ਲਾਈਆ। ਜੇਰਜ ਅੰਡ ਨਾ ਭਰੀ ਪੋਟ, ਜਗਤ ਤ੍ਰਿਸ਼ਨਾ ਨਾ ਕੋਈ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਵਡ ਵਡਿਆਈਆ। ਗੋਬਿੰਦ ਗੁਰ ਜਗਤ ਮਲਾਹ, ਪੁਰਖ ਅਕਾਲ ਮਨਾਇਆ। ਗੁਰ ਸੰਗਤ ਦੇਵੇ ਸਚ ਸਲਾਹ, ਨਾਮ ਭੰਡਾਰਾ ਝੋਲੀ ਪਾਇਆ। ਚਰਨ ਪ੍ਰੀਤੀ ਸਾਚਾ ਥਾਂ, ਹਰਿ ਹਰਿ ਵੇਖ ਵਖਾਇਆ। ਵੇਖ ਵਖਾਏ ਨਗਰ ਗਿਰਾਂ, ਸਾਚੇ ਖੇੜੇ ਡੇਰਾ ਲਾਇਆ। ਨਿਮਾਣਿਆਂ ਦੇਵੇ ਸਾਚਾ ਥਾਂ, ਥਿਰ ਘਰ ਦਵਾਰਾ ਇਕ ਸੁਹਾਇਆ। ਮੇਲ ਮਿਲਾਵਾ ਪੁਤਰਾਂ ਮਾਂ, ਪੁਤਰ ਧੀਆਂ ਜੋੜ ਜੁੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚ ਭੰਡਾਰ ਇਕ ਵਰਤਾਇਆ। ਜਗਤ ਭੰਡਾਰ ਨਾਮ ਅਤੁਟ, ਗੁਰਮੁਖਾਂ ਝੋਲੀ ਪਾਈਆ। ਨਾਨਕ ਦਵਾਰਾ ਸਦ ਖੁਲ੍ਹਾ, ਬੰਦ ਨਾ ਕੋਇ ਰਖਾਈਆ। ਸੇਵਕ ਸੇਵਾ ਚਰਨ ਪ੍ਰੀਤੀ ਜੋ ਜਨ ਘੋਲ ਘੁਲਾ, ਖ਼ਾਲਕ ਖ਼ਲਕ ਖ਼ੁਦਾਈ ਵੇਖ ਵਖਾਈਆ। ਅੰਤਮ ਵੇਲੇ ਪਾਏ ਮੁਲਾ, ਸੰਗਤ ਦਵਾਰ ਇਕ ਸੁਹਾਈਆ। ਲੋਕਮਾਤ ਗੁਰਮੁਖ ਨਾ ਰੁਲਾ, ਆਤਮ ਵੱਜੇ ਵਧਾਈਆ। ਆਪੇ ਫਲਿਆ ਆਪੇ ਫੁਲਾ, ਫੁਲ ਫੁਲਵਾੜੀ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਢਾਲ ਬਣ ਦਲਾਲ, ਸ਼ਬਦੀ ਸ਼ਬਦ ਭਰਾਈਆ। ਨਾਮ ਢਾਲ ਵਡ ਬਲਕਾਰ, ਮੂਰਖਾਂ ਕੋਲੋਂ ਛੁਪਾਇੰਦਾ। ਗੁਰਸਿਖ ਸਾਚੇ ਕਰ ਉਜਿਆਰ, ਸਹਿੰਸਾ ਰੋਗ ਮਿਟਾਇੰਦਾ। ਨਾਮ ਅਨਮੁੱਲਾ ਵਣਜ ਵਪਾਰ, ਨਾਨਕ ਦਰ ਕਰਾਇੰਦਾ। ਹਰਿ ਹਰਿ ਸਾਚਾ ਦੇਵਣਹਾਰ, ਘਰ ਸਾਚੇ ਵੇਖ ਵਖਾਇੰਦਾ। ਅੰਤਮ ਕਲਜੁਗ ਪਾਵੇ ਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਗੁਰ ਸਾਚਾ ਦਰ, ਹਰਿਸੰਗਤ ਬਣੀ ਮੰਗਤ, ਸਾਚੀ ਭਿਛਿਆ ਕਰੇ ਰਿਛਿਆ, ਦਹਿ ਦਿਸ਼ਾ ਝੋਲੀ ਪਾਇੰਦਾ।
