Granth 07 Likhat 101: 26 Kattak 2015 Bikarmi Bibi Amrit de Navit Prem Dhar wich Bambai Shehar Gurudwara Singh Sabha

੨੬ ਕੱਤਕ ੨੦੧੫ ਬਿਕ੍ਰਮੀ ਬੀਬੀ ਅੰਮ੍ਰਿਤ ਦੇ ਨਵਿਤ ਪ੍ਰੇਮ ਧਾਰ ਵਿਚ ਬੰਬਈ ਸ਼ਹਿਰ ਗੁਰਦਵਾਰਾ ਸਿੰਘ ਸਭਾ

ਪੁਰਖ ਅਕਾਲ ਏਕੰਕਾਰ, ਅਕਲ ਕਲਾ ਅਖਵਾਇਆ। ਆਦਿ ਜੁਗਾਦੀ ਲੈ ਅਵਤਾਰ, ਜੋਤੀ ਜਾਮਾ ਵੇਸ ਵਟਾਇਆ। ਅਲੱਖ ਨਿਰੰਜਣ ਅਗੰਮ ਅਪਾਰ, ਭੇਵ ਕਿਸੇ ਨਾ ਰਾਇਆ। ਨਿਰਗੁਣ ਜੋਤੀ ਕਰ ਉਜਿਆਰ, ਲੋਕਮਾਤ ਕਰੇ ਰੁਸ਼ਨਾਇਆ। ਸ਼ਬਦ ਸ਼ਬਦੀ ਡੰਕ ਅਪਾਰ, ਲੋਆਂ ਪੁਰੀਆਂ ਆਪ ਤਜਾਇਆ। ਸਾਧਾਂ ਸੰਤਾਂ ਲਏ ਉਭਾਰ, ਹਰਿਜਨ ਸਾਚੇ ਵੇਖ ਵਖਾਇਆ। ਭਗਤ ਭਗਤੀ ਕਰ ਪਸਾਰ, ਆਤਮ ਬ੍ਰਹਮ ਜਣਾਇਆ। ਗੁਰਮੁਖਾਂ ਬਖ਼ਸ਼ੇ ਚਰਨ ਪਿਆਰ, ਏਕਾ ਦੂਜਾ ਭੇਵ ਮਿਟਾਇਆ। ਨੇਤਰ ਨੈਣ ਖੋਲ੍ਹ ਕਿਵਾੜ, ਆਤਮ ਦਰਸੀ ਦਰਸ ਦਿਖਾਇਆ। ਮੇਟ ਮਿਟਾਏ ਪੰਚਮ ਧਾੜ, ਹਉਮੇ ਗੜ੍ਹ ਤੁੜਾਇਆ। ਏਕਾ ਸ਼ਬਦ ਸੱਚੀ ਸਰਕਾਰ, ਅੰਦਰ ਮੰਦਰ ਤਾਲ ਵਜਾਇਆ। ਨਿਰਗੁਣ ਜੋਤੀ ਦੀਪ ਦੇਵੇ ਬਾਲ, ਭਗਤਾਂ ਅੰਦਰ ਬ੍ਰਹਮ ਜਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਹਰਿ ਭਗਵੰਤਾ, ਆਪ ਆਪਣੇ ਰੰਗ ਰੰਗਾਇਆ। ਗੁਰਮੁਖ ਸਾਜਣ ਸਚ ਦੁਲਾਰ, ਹਰਿ ਹਰਿ ਮੇਲ ਮਿਲਾਈਆ। ਆਪ ਸੁਹਾਏ ਬੰਕ ਦਵਾਰ, ਕਾਇਆ ਅੰਦਰ ਮੰਦਰ ਵੇਖ ਵਖਾਈਆ। ਮਹੱਲ ਅਟੱਲ ਉਚ ਮਿਨਾਰ, ਬੈਠਾ ਬੇਪਰਵਾਹੀਆ। ਦਿਸ ਨਾ ਆਏ ਵਿਚ ਸੰਸਾਰ, ਭਰਮੇ ਭੁੱਲੀ ਸਰਬ ਲੋਕਾਈਆ। ਇਕ ਇਕੱਲਾ ਖੇਲ ਨਿਆਰ, ਹਰਿ ਕੰਤ ਬੈਠਾ ਬੇਪਰਵਾਹੀਆ। ਜਲਾਂ ਥਲਾਂ ਪਾਵੇ ਸਾਰ, ਊਚੇ ਟਿੱਲੇ ਪਰਬਤ ਫੋਲ ਫੁਲਾਈਆ। ਗੁਰਮੁਖਾਂ ਵੇਖੇ ਸਚ ਮਹੱਲਾ , ਘਰ ਸਾਜਣ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਕਰ ਉਜਿਆਰ, ਏਕਾ ਏਕ ਅਖਵਾਇਆ। ਲੋਆਂ ਪੁਰੀਆਂ ਪਾਵੇ ਸਾਰ, ਖੰਡਾਂ ਬ੍ਰਹਿਮੰਡਾਂ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨੌਂ ਖੰਡ ਫੋਲ ਫੁਲਾਇਆ। ਲੱਖ ਚੁਰਾਸੀ ਪਾਰ ਕਿਨਾਰ, ਗੁਰਮੁਖ ਸਾਜਣ ਲਏ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਮੇਲ ਮਿਲਾਇਆ। ਘਰ ਆਪਣੇ ਮੇਲ ਮਿਲਾਇਆ, ਪਾਰਬ੍ਰਹਮ ਆਤਮ ਵੱਜੀ ਵਧਾਈਆ। ਲੇਖੇ ਲਾਏ ਮਾਨਸ ਜਨਮ, ਜੀਵਾਂ ਜੰਤਾਂ ਬੂਝ ਬੁਝਾਈਆ। ਜਗਤ ਵਿਛੋੜਾ ਮਿਟੇ ਕਰਮ, ਕਰਮੀ ਕਰਮ ਦਸਾਈਆ। ਵੇਖ ਵਖਾਏ ਸਾਚਾ ਧਰਮ, ਹਰਿ ਹਰਿ ਸੱਚੀ ਸਚ ਸਰਨਾਈਆ। ਨਾ ਕੋਈ ਗੋਤ ਨਾ ਕੋਈ ਵਰਨ, ਪਾਰਬ੍ਰਹਮ ਵੱਡੀ ਵਡਿਆਈਆ। ਮੇਟ ਮਿਟਾਏ ਜੂਠ ਝੂਠ  ਭਰਮ, ਭਾਂਡਾ ਭਰਮ ਭੰਨਾਈਆ। ਤਰਨੀ ਤਰਨ, ਤਾਰਨਹਾਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਮੇਲਣਹਾਰ, ਦਰ ਦਵਾਰ ਇਕ ਖੁਲ੍ਹਾਈਆ। ਦਰ ਦਰਬਾਰ ਸਚ ਦਰਗਾਹ, ਹਰਿ ਹਰਿ ਆਪ ਖੁਲਾਇੰਦਾ। ਗੁਰ ਸ਼ਬਦ ਪਾਰ ਕਰਾਏ ਬਣ ਮਲਾਹ, ਪੂਤ ਸਪੂਤਾ ਗੋਦ ਉਠਾਇੰਦਾ। ਇਕ ਜਪਾਏ ਸਾਚਾ ਨਾਂ, ਸੋ ਪੁਰਖ ਨਿਰੰਜਣ ਆਪ ਉਪਾਇੰਦਾ। ਆਪੇ ਪਿਤਾ ਆਪੇ ਮਾਂ, ਆਪ ਆਪਣੀ ਗੋਦ ਉਠਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਥਾਨ ਥਨੰਤਰ ਇਕ ਵਖਾਇੰਦਾ। ਫੜ ਫੜ ਹੰਸ ਬਣਾਏ ਕਾਂ, ਜੋ ਜਨ ਰਸਨ ਧਿਆਇੰਦਾ। ਸਮਰਥ ਪੁਰਖ ਸਿਰ ਦੇਵਣਹਾਰਾ ਠੰਡੀ ਛਾਂ, ਸਿਰ ਆਪਣਾ ਹੱਥ ਟਿਕਾਇੰਦਾ। ਪਾਰ ਕਰਾਏ ਫੜ ਫੜ ਬਾਂਹ, ਭਵ ਸਾਗਰ ਪਾਰ ਕਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਜਨ ਦੇਵੇ ਨਾਮ ਵਰ, ਏਕਾ ਤਤ ਏਕਾ ਬ੍ਰਹਮ, ਏਕਾ ਰੂਪ ਦਰਸਾਇੰਦਾ। ਏਕਾ ਬ੍ਰਹਮ ਇਕ ਗਿਆਨਾ, ਏਕਾ ਸ਼ਬਦ ਜਣਾਈਆ। ਏਕਾ ਚਰਨ ਇਕ ਧਿਆਨ, ਏਕਾ ਕਵਲ ਅਖਵਾਈਆ । ਏਕ ਰਾਗ ਏਕਾ ਕਾਨ, ਏਕਾ ਕਾਨ ਸੁਣਾਈਆ। ਏਕਾ ਪੁਰਖ ਇਕ ਸੁਲਤਾਨ, ਸ਼ਾਹੋ ਭੂਪ ਇਕ ਅਖਵਾਈਆ। ਏਕਾ ਮੀਤਾ ਦੋ ਜਹਾਨ, ਤ੍ਰੈਲੋਕ ਕਰੇ ਰੁਸ਼ਨਾਈਆ । ਆਦਿ ਪੁਰਖ ਸਦਾ ਮਿਹਰਬਾਨ, ਅਕਾਲ ਮੂਰਤ ਆਪ ਅਖਵਾਈਆ। ਰੂਪ ਰੰਗ ਨਾ ਕੋਈ ਵੇਖ ਵਖਾਣ, ਸਚ ਸਿੰਘਾਸਣ ਬੈਠਾ ਬੇਪਰਵਾਹੀਆ। ਕਾਇਆ ਮਹੱਲ ਅਟੱਲ ਉਚ ਮਕਾਨ, ਘਰ ਘਰ ਵਿਚ ਜੋਤ ਜਗਾਈਆ। ਗੁਰਸਿਖ ਸਾਜਣ ਕਰ ਪ੍ਰਧਾਨ, ਆਪ ਆਪਣੇ ਅੰਗ ਲਗਾਈਆ। ਦਾਤਾ ਦਾਨੀ ਦੇਵੇ ਨਾਮ ਗੁਣ ਨਿਧਾਨ, ਗੁਣਵੰਤਾ ਆਪ ਅਖਵਾਈਆ। ਧਰਮ ਵਖਾਏ ਇਕ ਸਚ ਨਿਸ਼ਾਨ, ਸਚਖੰਡ ਦਵਾਰ ਆਪ ਝੁਲਾਈਆ। ਆਵਣ ਜਾਵਣ ਚੁੱਕੇ ਕਾਨ, ਗੁਰਮੁਖਾਂ ਲੱਖ ਚੁਰਾਸੀ ਮੇਟ ਮਿਟਾਈਆ। ਧਰਮ ਰਾਏ ਨੇਤਰ ਨੈਣ ਸ਼ਰਮਾਣ, ਚਿਤਰ ਗੁਪਤ ਨਾ ਲੇਖ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਆਪਣੀ ਬੂਝ ਬੁਝਾਈਆ। ਆਪ ਆਪਣਾ ਦੇਵੇ ਵਰ, ਆਪਣੇ ਹੱਥ ਰੱਖੇ ਵਡਿਆਈਆ। ਗੁਰਮੁਖਾਂ ਦੇਵੇ ਸਾਚਾ ਘਰ, ਚੌਥੇ ਪਦ ਸਮਾਈਆ। ਸ਼ਬਦ ਸਰੂਪੀ ਵੱਜੇ ਨਦ, ਅਨਹਦ ਧੁਨ ਉਪਜਾਈਆ। ਮੇਲ ਮਿਲਾਵਾ ਬ੍ਰਹਮ ਬ੍ਰਹਿਮੰਡ, ਪਾਰਬ੍ਰਹਮ ਵੱਡੀ ਵਡਿਆਈਆ। ਨੌਂ ਦਵਾਰੇ ਪਾਰ ਹੱਦ, ਦਸਮ ਦਵਾਰ ਇਕ ਸੁਹਾਈਆ। ਗੁਰਸਿਖ ਤੇਰੀ ਸਾਚੀ ਯਦ, ਅਕਾਲ ਪੁਰਖ ਆਪ ਉਪਾਈਆ। ਲੱਖ ਚੁਰਾਸੀ ਵਿਚੋਂ ਕੱਢ, ਆਪ ਆਪਣੀ ਜੋਤ ਮਿਲਾਈਆ। ਦਿਵਸ ਰੈਣ ਅੱਠੇ ਪਹਿਰ ਲਡਾਏ ਲਡ, ਆਪ ਆਪਣੀ ਗੋਦ ਉਠਾਈਆ। ਜਗਤ ਵਿਕਾਰ ਲੋਭ ਮੋਹ ਕਾਮ ਕਰੋਧ ਹੰਕਾਰ ਦੇਵੇ ਕੱਢ, ਨਾਮ ਖੰਡਾ ਇਕ ਚਮਕਾਈਆ। ਲੇਖੇ ਲਾਏ ਕਾਇਆ ਮਾਟੀ ਮਾਸ ਨਾੜੀ ਹੱਡ, ਪੰਜ ਤਤ ਕਰੇ ਕੁੜਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖਾਂ ਦੇਵੇ ਨਾਮ ਵਰ, ਵਰ ਦਾਤਾ ਆਪ ਅਖਵਾਈਆ। ਨਾਮ ਦਾਤਾ ਭਗਤ ਭਗਵਾਨਨ, ਏਕਾ ਏਕ ਅਖਵਾਇਆ। ਏਕੰਕਾਰਾ ਦੇਵੇ ਬ੍ਰਹਮ ਗਿਆਨਨ, ਪਾਰਬ੍ਰਹਮ ਨਾਉਂ ਧਰਾਇਆ। ਆਤਮ ਅੰਤਰ ਏਕਾ ਜਾਨਣ, ਏਕਾ ਦਰ ਖੁਲ੍ਹਾਇਆ। ਧੁਰਦਰਗਾਹੀ ਸਾਚਾ ਜਾਮਨ, ਸ਼ਬਦ ਗੁਰ ਆਪ ਅਖਵਾਇਆ। ਨੇੜ ਨਾ ਆਏ ਕਾਮਨੀ ਕਾਮਨ, ਤ੍ਰਿਸ਼ਨਾ ਤ੍ਰਿਖਾ ਰਹੇ ਨਾ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਵਖਾਏ ਸਾਚਾ ਘਰ, ਘਰ ਸਾਚਾ ਇਕ ਸੁਹਾਇਆ। ਸਾਚਾ ਘਰ ਥਿਰ ਦਰਬਾਰ, ਹਰਿ ਹਰਿ ਵੱਜੇ ਵਧਾਈਆ। ਨਾ ਕੋਈ ਦਿਸੇ ਚਾਰ ਦਿਵਾਰ, ਛੱਪਰ ਛੰਨ ਨਾ ਕੋਈ ਰਖਾਈਆ। ਏਕੰਕਾਰਾ ਬੈਠਾ ਕਰ ਪਸਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਗੰਮ ਅਗੋਚਰ ਅਲੱਖ ਅਲੱਖਣਾ ਅਲੱਖ ਅਪਾਰ, ਅਗੰਮ ਅਗੰਮੜੇ ਧਾਮ ਸੁਹਾਈਆ। ਹੱਡ ਮਾਸ ਨਾੜੀ ਚੰਮ ਨਾ ਕੋਈ ਆਕਾਰ, ਨਿਰਾਕਾਰ ਆਪ ਹੋ ਜਾਈਆ। ਪੁਰਖ ਨਿਰੰਜਣ ਖੇਲ ਅਪਾਰ, ਜੋਤੀ ਜੋਤ ਡਗਮਗਾਈਆ। ਵਰਨ ਗੋਤੀ ਵਸਿਆ ਬਾਹਿਰ, ਬਰਨ ਅਠਾਰਾਂ ਨਾ ਕੋਈ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵਖਾਇਆ ਸਾਚਾ ਘਰ, ਕਾਇਆ ਅੰਦਰ ਮੰਦਰ ਖੋਜ ਖੁਜਾਈਆ। ਕਾਇਆ ਮੰਦਰ ਡੂੰਘਾ ਸਾਗਰ, ਹਰਿ ਹਰਿ ਤਾਲ ਭਰਾਇਆ। ਜਿਸ ਜਨ ਨਿਰਮਲ ਕਰਮ ਕਰਿਆ ਉਜਾਗਰ, ਆਪ ਆਪਣਾ ਮੇਲ ਮਿਲਾਇਆ। ਦੇਵੇ ਨਾਮ ਰੱਤੀ ਰਤਨਾਗਰ, ਰੱਤ ਰੱਤੀ ਰੰਗ ਰੰਗਾਇਆ। ਚਰਨ ਦਵਾਰ ਬਣਾਏ ਸਚ ਸੌਦਾਗਰ, ਸੋ ਪੁਰਖ ਵਡ ਵਡਿਆਇਆ। ਨਿਰਮਲ ਬਾਤੀ ਜੋਤ ਜਗੀ ਕਾਇਆ ਗਾਗਰ, ਅਕਾਸ਼ ਅਕਾਸ਼ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਵੇਖ ਵਖਾਏ ਸਾਚਾ ਘਰ, ਆਦਿ ਨਿਰੰਜਣ ਜਗੇ ਜੋਤ, ਜੋਤ ਨਿਰੰਜਣ ਮੇਲ ਮਿਲਾਇਆ। ਜੋਤੀ ਮੇਲਾ ਸ਼ਬਦ ਧੁਨਕਾਰ, ਹਰਿ ਹਰਿ ਖੇਲ ਖਲਾਇੰਦਾ। ਅੰਦਰ ਬਾਹਰ ਗੁਪਤ ਜ਼ਾਹਰ, ਆਪ ਆਪਣੀ ਧਾਰ ਚਲਾਇੰਦਾ। ਨਿਰਗੁਣ ਸਰਗੁਣ ਹੋ ਉਜਿਆਰ, ਲੋਕਮਾਤ ਵੇਖ ਵਖਾਇੰਦਾ। ਖੰਡ ਬ੍ਰਹਿਮੰਡ ਪਾਵੇ ਸਾਰ, ਜੇਰਜ ਅੰਡ ਫੋਲ ਫੁਲਾਇੰਦਾ। ਲੋਆਂ ਪੁਰੀਆਂ ਇਕ ਸਹਾਰ, ਬ੍ਰਹਿਮੰਡ ਖੰਡ ਡੇਰਾ ਲਾਇੰਦਾ। ਗੁਰਮੁਖ ਸਾਜਣ ਲਏ ਉਭਾਰ, ਆਤਮ ਅੰਤਰ ਵੇਖ ਵਖਾਇੰਦਾ । ਚਰਨ ਪ੍ਰੀਤੀ ਬਖ਼ਸ਼ੇ ਇਕ ਪਿਆਰ, ਦਿਸ ਕਿਸੇ ਨਾ ਆਇੰਦਾ। ਲੱਖ ਚੁਰਾਸੀ ਵਿਚੋਂ ਵਸਿਆ ਬਾਹਰ, ਹਰ ਘਟ ਆਪੇ ਡੇਰਾ ਲਾਇੰਦਾ। ਆਪੇ ਸਾਜਣ ਮੀਤ ਮੁਰਾਰ, ਸਗਲਾ ਸੰਗ ਆਪ ਨਿਭਾਇੰਦਾ। ਆਪੇ ਪੁਰਖ ਆਪੇ ਨਾਰ, ਕੰਤ ਸੁਹਾਗੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਜਣ ਲਏ ਵਰ, ਘਰ ਸਾਚਾ ਇਕ ਰਖਾਇੰਦਾ। ਵਰ ਘਰ ਸਾਚਾ ਆਦਿ ਨਿਰੰਜਣ, ਏਕਾ ਏਕ ਰਖਾਇਆ। ਗੁਰਮੁਖਾਂ ਨੇਤਰ ਪਾਏ ਨਾਮ ਅੰਜਨ, ਅਗਿਆਨ ਅੰਧੇਰ ਮਿਟਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨ, ਭਵ ਸਾਗਰ ਪਾਰ ਕਰਾਇਆ। ਚਰਨ ਧੂੜ ਕਰਾਏ ਸਾਚਾ ਮਜਨ, ਦੁਰਮਤ ਮੈਲ ਗਵਾਇਆ। ਕਲਜੁਗ ਅੰਤਮ ਆਇਆ ਪਰਦੇ ਕੱਜਣ, ਗੁਰਮੁਖ ਬਾਲ ਅਞਾਣੇ, ਆਪ ਆਪਣੇ ਗਲੇ ਲਗਾਇਆ। ਲੱਖ ਚੁਰਾਸੀ ਭਾਂਡੇ ਭੱਜਣ, ਥਿਰ ਕੋਈ ਰਹਿਣ ਨਾ ਪਾਇਆ। ਕਲਜੁਗ ਨਗਾਰੇ ਨੌਂ ਖੰਡ ਧਰਤ ਵੱਜਣ, ਜੀਵ ਜੰਤ ਹੋਇਆ ਹਲਕਾਇਆ। ਬੰਕ ਦਵਾਰ ਸ਼ਾਹ ਸੁਲਤਾਨ ਅੰਤਮ ਤਜਣ, ਤਖ਼ਤ ਤਾਜ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖਾਂ ਮੇਲਾ ਸਾਚੇ ਘਰ, ਚਰਨ ਦਵਾਰ ਹਰਿ ਨਿਰੰਕਾਰ, ਏਕੰਕਾਰ ਇਕ ਦਰਸਾਇਆ। ਏਕਾ ਘਰ ਇਕ ਦਰਵਾਜ਼ਾ, ਏਕਾ ਬੂਝ ਬੁਝਾਈਆ। ਏਕਾ ਏਕ ਗ਼ਰੀਬ ਨਿਵਾਜ਼ਾ, ਏਕਾ ਵੇਖ ਵਖਾਈਆ। ਏਕਾ ਅਸਵ ਏਕਾ ਤਾਜਾ, ਏਕਾ ਨਾਮ ਦ੍ਰਿੜਾਈਆ। ਏਕਾ ਰੱਖਣਹਾਰਾ ਲਾਜਾ, ਏਕਾ ਵੇਖ ਵਖਾਈਆ। ਏਕਾ ਸ਼ਾਹੋ ਭੂਪ ਸੁਲਤਾਨ ਰਾਜਨ ਰਾਜਾ, ਰਾਜਨ ਰਾਜ ਇਕ ਅਖਵਾਈਆ। ਇਕ ਸ਼ਾਹ ਇਕ ਨਵਾਬਾ, ਪੀਰ ਦਸਤਗੀਰ ਇਕ ਅਖਵਾਈਆ। ਏਕਾ ਮੱਕਾ ਏਕਾ ਕਾਅਬਾ, ਤੀਰਥ ਤੱਟ ਇਕ ਜਣਾਈਆ। ਵੇਖਣਹਾਰਾ ਦੋ ਦੋ ਆਬਾ, ਭੇਵ ਕੋਈ ਨਾ ਪਾਈਆ। ਸ਼ਬਦ ਘੋੜੇ ਚਰਨ ਦੇ ਰਕਾਬਾ, ਸੋਲਾਂ ਕਲੀਆਂ ਆਸਣ ਲਾਈਆ। ਖੇਲੇ ਖੇਲ ਅੰਤਮ ਕਲਜੁਗ ਮਾਝਾ, ਸੰਬਲ ਨਗਰੀ ਧਾਮ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੱਜਣ ਵੇਖ ਵਖਾਈਆ। ਸੱਜਣ ਮੀਤਾ ਹਰਿ ਨਿਰੰਕਾਰ, ਜੁਗ ਜੁਗ ਵੇਸ ਵਟਾਈਆ। ਕਲਜੁਗ ਅੰਤਮ ਲਏ ਅਵਤਾਰ, ਗੁਰਮੁਖ ਸਾਚੇ ਲਏ ਉਠਾਈਆ। ਸ਼ਬਦ ਅਗੰਮੜੀ ਮਾਰੇ ਮਾਰ, ਅੰਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੇ ਸੰਤ ਪਾਰਬ੍ਰਹਮ ਅਬਿਨਾਸ਼ੀ ਅਚੁਤ ਆਪੇ ਵੇਖੇ ਆਪਣੀ ਰੁੱਤ, ਆਪ ਆਪਣੇ ਗਲੇ ਲਗਾਈਆ। ਬਾਲ ਬਿਰਧ ਨੌਜਵਾਨ, ਹਰਿ ਹਰਿ ਰੂਪ ਸਮਾਇਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਏਕਾ ਏਕ ਰੂਪ ਦਰਸਾਇਆ। ਏਕਾ ਦੇਵੇ ਧੁਰ ਫ਼ਰਮਾਣ, ਤੀਜਾ ਨੈਣ ਆਪ ਖੁਲ੍ਹਾਇਆ। ਚੌਥੇ ਪਦ ਸ੍ਰੀ ਭਗਵਾਨ, ਬ੍ਰਹਮ ਪਾਰਬ੍ਰਹਮ ਸਮਾਇਆ। ਪੰਚਮ ਖੇਲੇ ਖੇਲ ਮਹਾਨ, ਪੰਚਮ ਮੇਲਾ ਸਹਿਜ ਸਭਾਇਆ। ਛੇਵੇਂ ਛੱਪਰ ਛੰਨ ਮਹਾਨ, ਨਾ ਕੋਈ ਬਾਢੀ ਬਣਤ ਬਣਾਇਆ। ਅੱਠ ਤਤ ਨਾ ਕੋਈ ਨਿਸ਼ਾਨ, ਰਕਤ ਬੂੰਦ ਨਾ ਕੋਈ ਵੇਖ ਵਖਾਇਆ। ਨੌਂ ਦਵਾਰੇ ਜੀਵ ਜਹਾਨ, ਲੱਖ ਚੁਰਾਸੀ ਹੋਏ ਹਲਕਾਇਆ। ਦਸਮ ਦਵਾਰੀ ਸਚ ਮਕਾਨ, ਗੁਰਮੁਖ ਸਾਚੇ ਵੰਡ ਵੰਡਾਇਆ। ਮਿਲੇ ਮੇਲ ਗੁਣ ਨਿਧਾਨ, ਆਤਮ ਸੇਜਾ ਵੇਖ ਵਖਾਇਆ। ਇਕ ਸੁਣਾਏ ਸੱਚੀ ਧੁੰਨਕਾਨ, ਅਨਹਦ ਰਾਗ ਇਕ ਸੁਣਾਇਆ। ਅੰਮ੍ਰਿਤ ਆਤਮ ਇਕ ਇਸ਼ਨਾਨ, ਸਰ ਸਰੋਵਰ ਇਕ ਸੁਹਾਇਆ। ਆਵਣ ਜਾਵਣ ਛੁੱਟੇ ਕਾਨ, ਲੱਖ ਚੁਰਾਸੀ ਪੰਧ ਮੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਜਿਸ ਜਨ ਦੇਵੇ ਆਪਣਾ ਨਾਮ, ਸੋ ਪੁਰਖ ਨਿਰੰਜਣ ਆਪ ਜਪਾਇਆ। ਸੋ ਪੁਰਖ ਨਿਰੰਜਣ ਹਰਿ ਭਗਵਾਨ, ਅਕਲ ਕਲਾ ਅਖਵਾਈਆ। ਹੰ ਬ੍ਰਹਮ ਖੇਲ ਮਹਾਨ, ਦੋਅੰ ਦੋਆ ਭੇਵ ਚੁਕਾਈਆ। ਏਕਾ ਰੂਪ ਦੋ ਜਹਾਨ, ਮਾਤ ਪਤਾਲ ਅਕਾਸ਼ ਦਿਸਾਈਆ। ਲੋਆਂ ਪੁਰੀਆ ਸ਼ਬਦ ਨਿਸ਼ਾਨ, ਬ੍ਰਹਿਮੰਡ ਖੰਡ ਵਡਿਆਈਆ। ਗੁਰਮੁਖ ਆਤਮ ਸੇਜਾ ਕਰ ਪਰਵਾਨ, ਬੈਠਾ ਆਸਣ ਲਾਈਆ। ਕੋਟਨ ਕੋਟ ਲਾ ਲਾ ਵੇਖਣ ਅੰਤਰ ਧਿਆਨ, ਹਰਿ ਹਰਿ ਰੂਪ ਦਿਸ ਨਾ ਆਈਆ। ਕੋਟਨ ਕੋਟ ਰਸਨਾ ਗਾਨ, ਰਸ ਰਸਨਾ ਹੋਏ ਹਲਕਾਈਆ। ਕੋਟਨ ਕੋਟ ਤੀਰਥ ਨਹਾਨ, ਅਠਸਠ ਫੇਰਾ ਪਾਈਆ। ਕੋਟਨ ਕੋਟ ਜੰਗਲ ਜੂਹ ਉਜਾੜ ਡੇਰਾ ਲਾਈਆ। ਕੋਟਨ ਕੋਟ ਖ਼ਾਕੀ ਖ਼ਾਕ ਰਹੇ ਛਾਣ, ਸੀਸ ਆਪਣੇ ਭਸਮ ਪਵਾਈਆ। ਕੋਟਨ ਕੋਟ ਨੱਕ ਮੂੰਹ ਨੈਣ ਰਹੇ ਮੁੰਦਾਨ, ਜੋਤ ਨਿਰੰਜਣ ਨਜ਼ਰ ਨਾ ਆਈਆ। ਕੋਟਨ ਕੋਟ ਛੱਡੀ ਬੈਠੇ ਪੀਣ ਖਾਣ, ਸੁਨ ਸਮਾਧ ਨਾ ਇਕ ਵਖਾਈਆ। ਕੋਟਨ ਕੋਟ ਬਹਿ ਬਹਿ ਸੁਣਨ ਕਾਨ, ਅਨਹਦ ਤਾਲ ਨਾ ਕੋਈ ਵਜਾਈਆ। ਕੋਟਨ ਕੋਟ ਬੈਠੇ ਮੜ੍ਹੀ ਮਸਾਨ, ਕੋਟਨ ਕੋਟ ਗੋਰ ਫੋਲ ਫੁਲਾਈਆ। ਕੋਟਨ ਕੋਟ ਬੰਨਦੇ ਫਿਰਨ ਪੰਜ ਸ਼ੈਤਾਨ, ਪੰਚ ਵਿਕਾਰਾ ਨਾ ਕੋਈ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਾਰਬ੍ਰਹਮ ਪ੍ਰਭ ਦਾਤਾ ਦਾਨੀ ਵਡ ਮਿਹਰਬਾਨ, ਗੁਰਮੁਖਾਂ ਦਇਆ ਕਮਾਈਆ। ਜਿਸ ਜਨ ਬਖ਼ਸ਼ੇ ਚਰਨ ਧਿਆਨ, ਆਤਮ ਬ੍ਰਹਮ ਜਣਾਈਆ। ਦਹਿ ਦਿਸ਼ ਨਾ ਭਰਮੇ ਮਨੂਆ ਮਨ ਸ਼ੈਤਾਨ, ਸ਼ਬਦ ਡੋਰ ਡੋਰੀ ਏਕਾ ਪਾਈਆ। ਆਤਮ ਅੰਤਰ ਦੇਵੇ ਇਕ ਗਿਆਨ, ਏਕਾ ਬੂਝ ਬੁਝਾਈਆ। ਏਕਾ ਰਾਗ ਏਕਾ ਕਾਨ, ਨਾਦੀ ਧੁਨ ਇਕ ਵਜਾਈਆ। ਮਿਲੇ ਮੇਲ ਸ੍ਰੀ ਭਗਵਾਨ, ਨਿਰੰਜਣ ਜੋਤੀ ਜੋਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਸਾਚੇ ਮੀਤ, ਜਗਤ ਅਵੱਲੜੀ ਦਿਸੇ ਰੀਤ, ਬੈਠਾ ਰਹੇ ਇਕ ਅਤੀਤ, ਏਕਾ ਰੰਗ ਰੰਗਾਇਆ।