Granth 07 Likhat 105: 29 Kattak 2015 Bikarmi Gurdwara Mal Tekri Nanded

੨੯ ਕੱਤਕ ੨੦੧੫ ਬਿਕ੍ਰਮੀ ਗੁਰਦਵਾਰਾ ਮਾਲ ਟੇਕਰੀ ਨਨਦੇੜ

ਨਾਮ ਖ਼ਜ਼ਾਨਾ ਹੱਥ ਕਰਤਾਰ, ਗੁਰ ਸਤਿਗੁਰ ਆਪ ਵਰਤਾਇੰਦਾ। ਪੱਥਰ ਪਾਹਿਨ ਦੇਵੇ ਤਾਰ, ਆਪ ਆਪਣੀ ਨਦਰ ਕਰਾਇੰਦਾ। ਮਾਟੀ ਹਾਟੀ ਭਰ ਭੰਡਾਰ, ਤੀਰਥ ਤਾਟੀ ਵੇਖ ਵਖਾਇੰਦਾ। ਔਖੀ ਘਾਟੀ ਹਰਿ ਨਿਰੰਕਾਰ, ਆਪਣੀ ਆਪ ਰਖਾਇੰਦਾ। ਸੰਗੀ ਸਾਥੀ ਨਾ ਪਾਇਣ ਸਾਰ, ਗੁਰ ਪੂਰਾ ਭੇਵ ਛੁਪਾਇੰਦਾ। ਜਗਤ ਗਾਥੀ ਗਾਏ ਸੰਸਾਰ, ਸਮਰਾਥੀ ਲੇਖ ਨਾ ਕੋਈ ਲਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਮੇਲ ਮਿਲਾਇੰਦਾ। ਨਾਮ ਖ਼ਜ਼ਾਨਾ ਹਰਿ ਵਰਤੰਤ, ਸ਼ਬਦੀ ਸ਼ਬਦ ਭਰਾਇਆ। ਨਾਨਕ ਮੇਲਾ ਹਰਿ ਭਗਵੰਤ, ਹਰਿ ਹਰਿ ਰਸਨਾ ਗਾਇਆ। ਸਾਚੀ ਮਣੀਆ ਸਾਚੀ ਮਣਤ, ਸਾਚਾ ਥਾਨ ਸੁਹਾਇਆ। ਵੇਖ ਦਾਨ ਨਿਧਾਨ ਧਨਵੰਤ, ਜਗਤ ਖ਼ਜ਼ਾਨਾ ਇਕ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਸਤਿਗੁਰ ਵੇਖ ਵਖਾਇਆ। ਸਤਿਗੁਰ ਸੱਚਾ ਮਿਹਰਬਾਨ, ਮਿਹਰਬਾਨ ਅਖਵਾਇੰਦਾ। ਆਪ ਆਪਣਾ ਦੇਵੇ ਦਾਨ, ਆਪ ਆਪਣੀ ਝੋਲੀ ਪਾਇੰਦਾ। ਆਪ ਆਪਣਾ ਵੇਖ ਨਿਸ਼ਾਨ, ਆਪ ਆਪਣਾ ਆਸਣ ਲਾਇੰਦਾ। ਆਪ ਆਪਣਾ ਰਾਗ ਅਲਾਣ, ਗੀਤ ਅਨਾਦੀ ਆਪ ਅਲਾਇੰਦਾ। ਆਪ ਆਪਣਾ ਖੇਲੇ ਖੇਲ ਦੋ ਜਹਾਨ, ਲੋਕਮਾਤ ਵੇਖ ਵਖਾਇੰਦਾ। ਰਾਮ ਰਾਮਾ ਕਰ ਪਰਵਾਨ, ਤ੍ਰੀਆ ਵੇਸ ਵਟਾਇੰਦਾ। ਕ੍ਰਿਸ਼ਨਾ ਬਾਲਾ ਗੁਣ ਨਿਧਾਨ, ਗਾਏ ਕਵਾੜ ਸੁਹਾਇੰਦਾ। ਦ੍ਰੋਪਤ ਸੁਤ ਕਰ ਪਛਾਣ, ਇਕ ਧਿਆਨ ਵਖਾਇੰਦਾ। ਨਾਨਕ ਨਿਰਗੁਣ ਹੋ ਪਰਧਾਨ, ਸਰਗੁਣ ਡੇਰਾ ਲਾਇੰਦਾ। ਜਪ ਤਪ ਹੱਠ ਮਹਾਨ, ਸਤਿ ਸੰਤੋਖ ਰਖਾਇੰਦਾ। ਆਤਮ ਬ੍ਰਹਮ ਭੇਵ ਮਿਟਾਨ, ਬ੍ਰਹਮ ਪਾਰਬ੍ਰਹਮ ਦਰਸਾਇੰਦਾ। ਪਾਰਬ੍ਰਹਮ ਖੇਲ ਮਹਾਨ, ਆਦਿ ਨਿਰੰਜਣ ਜੋਤ ਜਗਾਇੰਦਾ। ਸ਼ਬਦੀ ਸ਼ਬਦ ਸਾਚੇ ਕਾਨ, ਆਪ ਆਪਣਾ ਰਾਗ ਸੁਣਾਇੰਦਾ। ਵੇਖ ਵਿਖਾਏ ਜ਼ਿਮੀਂ ਆਸਮਾਨ, ਗਗਨ ਪਤਾਲਾਂ ਫੇਰਾ ਪਾਇੰਦਾ। ਬ੍ਰਹਿਮੰਡ ਖੰਡ ਕਰ ਪਰਵਾਨ, ਲੋਆਂ ਪੁਰੀਆਂ ਜੋਤ ਜਗਾਇੰਦਾ। ਰਵ ਸਸ ਬਾਲ ਨਾਦਾਨ, ਮੰਡਲ ਮੰਡਪ ਆਪ ਸੁਹਾਇੰਦਾ। ਧਰਨੀ ਧਰਤ ਬਿਬਾਨ, ਚਾਰੋਂ ਕੁੰਟ ਜਣਾਇੰਦਾ। ਦਾਤਾ ਦਾਨੀ ਮਿਹਰਬਾਨ, ਆਪ ਆਪਣੀ ਦਇਆ ਕਮਾਇੰਦਾ। ਨਾਮ ਅਖੰਡ ਡੂੰਘੀ ਕਾਨ, ਗੁਰ ਪੂਰੇ ਨਾ ਕੋਈ ਖੁਲ੍ਹਾਇੰਦਾ। ਗੁਰ ਗੋਬਿੰਦ ਨੌਜਵਾਨ, ਧਰਤ ਧਵਲ ਵੇਖ ਵਖਾਇੰਦਾ। ਤਿੱਖਾ ਤੀਰ ਸਚ ਨਿਸ਼ਾਨ, ਰਸਨਾ ਚਿੱਲਾ ਸ਼ਬਦ ਉਠਾਇੰਦਾ। ਜੀਵ ਜੰਤ ਨਾ ਕਰੇ ਪਛਾਣ, ਲੇਖਾ ਲਿਖਤ ਵਿਚ ਨਾ ਆਇੰਦਾ। ਆਪ ਆਪਣਾ ਹੋਇਆ ਜਾਣੀ ਜਾਣ, ਨਾਨਕ ਲਹਿਣਾ ਝੋਲੀ ਪਾਇੰਦਾ। ਗੁਰ ਗੋਬਿੰਦ ਹੋ ਪਰਧਾਨ, ਪੰਚਮ ਮੀਤਾ ਵੇਖ ਵਖਾਇੰਦਾ। ਰਥ ਰਥਵਾਹੀ ਦੋ ਜਹਾਨ, ਸਾਚਾ ਰਥ ਚਲਾਇੰਦਾ। ਦਸਰਥ ਵਿਛੋੜਾ ਸੀਤਾ ਰਾਮ, ਸਗਲਾ ਸੰਗ ਵੇਖ ਵਖਾਇੰਦਾ। ਗੋਪੀ ਮੇਲਾ ਕ੍ਰਿਸ਼ਨਾ ਕਾਹਨ, ਜਗਤ ਬੰਸਰੀ ਨਾਮ ਵਜਾਇੰਦਾ । ਇਕ ਸਤ ਇਕ ਛੇ ਕਰ ਪਰਵਾਨ, ਪੰਦਰਾਂ ਪੰਦਰਾਂ ਧਾਰ ਚਲਾਇੰਦਾ। ਸੋਲਾਂ ਸੋਲਾਂ ਜੋਗ ਮਹਾਨ, ਜਾਗਰਤ ਜੁਗਤ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਾਮ ਖ਼ਜ਼ਾਨਾ ਹਰਿ ਭੰਡਾਰ, ਨਾਨਕ ਸ਼ਬਦ ਪਾਵੇ ਸਾਰ, ਗੁਰ ਗੋਬਿੰਦ ਝੋਲੀ ਡਾਹਿੰਦਾ। ਗੋਬਿੰਦ ਝੋਲੀ ਆਪਣੀ ਭਰ, ਹਰਿਸੰਗਤ ਨਾਮ ਵਰਤਾਈਆ । ਮੇਲ ਮਿਲਾਵਾ ਸਾਚੇ ਦਰ, ਗੁਰ ਸੰਗਤ ਵੇਖ ਵਖਾਈਆ। ਨਾਨਕ ਸੂਝੇ ਸਾਚਾ ਘਰ, ਘਰ ਸਾਚੇ ਵੱਜੀ ਵਧਾਈਆ। ਅਗੰਮ ਅਗੰਮਾ ਵੇਖੇ ਖੜ, ਆਪ ਆਪਣਾ ਨੈਣ ਉਠਾਈਆ। ਆਪਣਾ ਘਾੜਣ ਆਪੇ ਘੜ, ਗੁਰ ਸਤਿਗੁਰ ਸੇਵਾ ਲਾਈਆ। ਕਲਜੁਗ ਅੰਤਮ ਵੇਖੇ ਖੜ੍ਹ, ਗੁਰ ਸਤਿਗੁਰ ਸੇਵਾ ਲਾਈਆ। ਕਲਜੁਗ ਵੇਖੇ ਚੜ੍ਹ, ਸ਼ਬਦ ਜੋਤੀ ਡੰਕ ਵਜਾਈਆ। ਲੱਖ ਚੁਰਾਸੀ ਰਿਹਾ ਲੜ, ਕਰੋੜ ਛਿਆਨਵੇ ਨਾਮ ਵਧਾਈਆ। ਏਕਾ ਢਈਆ ਰਿਹਾ ਪੜ੍ਹ, ਢਹਿ ਢਹਿ ਢੇਰ ਧਰਨ ਸਫਾਈਆ। ਅੱਗੇ ਕੋਈ ਨਾ ਸਕੇ ਅੜ, ਪਾਰਬ੍ਰਹਮ ਵੱਡੀ ਵਡਿਆਈਆ। ਨਾਨਕ ਲਾਈ ਸਾਚੀ ਜੜ੍ਹ, ਗੋਬਿੰਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸ਼ਬਦ ਭੰਡਾਰ ਹਰਿ ਨਿਰੰਕਾਰ ਏਕੰਕਾਰ ਸੰਤਨ ਬਲਿਹਾਰ ਅਗੰਮ ਅਪਾਰ, ਰੂਪ ਅਨੂਪ ਸ਼ਾਹੋ ਭੂਪ ਸਤਿ ਸਰੂਪ ਸਾਚੇ ਦਰ ਹਰੀ ਹਰਿ ਦੇਵੇ ਵਰ, ਕਿਰਪਾ ਕਰ ਕਰਤਾ ਪੁਰਖ ਕਰਨੀ ਜੋਗ ਕਰਨਹਾਰ ਜਗਮ ਸਮਰਥ ਮਹਿੰਮਾ ਅਕੱਥ, ਲਹਿਣਾ ਚੁਕਾਏ ਸਾਢੇ ਤਿੰਨ ਤਿੰਨ ਹੱਥ, ਹਰਿਸੰਗਤ ਨਾਮ ਮੰਗਤ ਨਾਮ ਲਹਿਣਾ ਲਾਏ ਅੰਗ, ਅੰਗੀਕਾਰ ਹਰਿ ਨਿਰੰਕਾਰ ਇਕ ਓਅੰਕਾਰ ਓਅੰਕਾਰ ਰੂਪ ਸਮਾਈਆ। ਓਅੰਕਾਰ ਸਰਬ ਗੁਣਵੰਤਾ, ਨਿਰੰਕਾਰ ਨਿਰਵੈਰ ਅਖਵਾਇਆ। ਖੇਲੇ ਖੇਲ ਜੁਗਾ ਜੁਗੰਤਾ, ਜੁਗ ਜੁਗ ਵੇਸ ਵਟਾਇਆ। ਪੂਰਨ ਜੋਤ ਸ੍ਰੀ ਭਗਵੰਤਾ, ਗੁਣਵੰਤਾ ਭੇਵ ਨਾ ਰਾਇਆ। ਹਰਿਜਨ ਵੇਖੇ ਸਾਚੇ ਸੰਤਾ, ਲੋਕਮਾਤ ਫੇਰਾ ਪਾਇਆ। ਦੇਵੇ ਨਾਮ ਧਨ ਧਨਵੰਤਾ, ਅਤੁਟ ਭੰਡਾਰ ਇਕ ਵਰਤਾਇਆ। ਪਤਿਪਰਮੇਸ਼ਵਰ ਪਤ ਪਤਵੰਤਾ, ਪਾਰਬ੍ਰਹਮ ਰੂਪ ਵਟਾਇਆ। ਆਪੇ ਨਾਰੀ ਆਪੇ ਕੰਤਾ, ਹਰਿ ਸੰਤਾਂ ਆਤਮ ਸੇਜਾ ਡੇਰਾ ਲਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਨਾਨਕ ਗੁਰ ਗੋਬਿੰਦ ਮਹਿੰਮਾ ਅਗਣਤ ਅਗਣਤਾ, ਲਿਖਿਆ ਲਿਖਤ ਨਾ ਲੇਖ ਲਿਖਾਇਆ। ਭੇਵ ਨਾ ਪਾਇਣ ਜੀਵ ਜੰਤਾ, ਜੰਤ ਜੀਵ ਭੇਵ ਨਾ ਰਾਇਆ। ਵੇਖੇ ਖੇਲ ਅਗੰਮ ਅਗੰਮਤਾ, ਅਗੰਮ ਅਗੰਮੜੇ ਧਾਮ ਸੁਹਾਇਆ। ਆਪੇ ਹੋਏ ਭੁੱਖਾ ਨੰਗਤਾ, ਗੁਰਸਿਖਾਂ ਗੁਰਮੁਖਾਂ ਨਾਮ ਧਨ ਝੋਲੀ ਰਿਹਾ ਭਰਾਇਆ। ਲੇਖੇ ਲਾਏ ਸਾਚੀ ਸੰਗਤਾ, ਜਿਸ ਜਨ ਦਰਸ਼ਨ ਪਾਇਆ। ਤੋੜੇ ਗੜ੍ਹ ਹਉਮੇ ਹੰਗਤਾ, ਪੰਜ ਤਤ ਰਹਿਣ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਨਾਨਕ ਗੋਬਿੰਦ ਗੁਰ ਸਤਿਗੁਰ ਮੇਲ ਮਿਲਾਇਆ । ਸਤਿਗੁਰ ਪੂਰਾ ਹਰਿ ਭਗਵੰਤ, ਹਰਿ ਹਰਿ ਜੋਤ ਜਗਾਈਆ। ਹਰਿਜਨ ਮੇਲਾ ਏਕਾ ਕੰਤ, ਏਕਾ ਰੂਪ ਨਜ਼ਰੀ ਆਈਆ। ਜੁਗ ਜੁਗਤ ਜੋਗ ਬਣਾਏ ਸਾਚੀ ਬਣਤ, ਵਰਨ ਬਰਨ ਨਾ ਵੇਖ ਵਖਾਈਆ। ਸਾਚਾ ਧਾਮ ਇਕ ਸੁਹੰਤ, ਨਾਮ ਟੇਕਰੀ ਵਡ ਵਡਿਆਈਆ। ਘਰ ਸਾਚੇ ਉਪਜੇ ਸਚ ਸੁਗੰਧ, ਗੁਰਮੁਖ ਰਹੀ ਮਹਿਕਾਈਆ। ਗੁਰ ਸਤਿਗੁਰ ਪੂਰਾ ਆਵਣ ਜਾਵਣ ਚੁਕਾਏ ਪੰਧ, ਜੋ ਜਨ ਰਹੇ ਸ਼ਰਨਾਈਆ। ਮੇਟੇ ਰੈਣ ਅੰਧੇਰੀ ਅੰਧ, ਦੀਪਕ ਜੋਤ ਕਰੇ ਰੁਸ਼ਨਾਈਆ। ਸੋ ਪੁਰਖ ਸੁਣਾਏ ਏਕਾ ਛੰਤ, ਹੰ ਹੰਗਤਾ ਦਏ ਮਿਟਾਈਆ। ਬਨਾਵਣਹਾਰਾ ਸਚ ਬਣਤ, ਬਾਲ ਜਵਾਨ ਬਿਰਧ ਅਵਸਥਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖ ਵਖਾਏ ਸਾਚੇ ਘਰ, ਘਰ ਮੇਲਾ ਇਕ ਅਕੇਲਾ, ਆਪੇ ਵੇਖੇ ਸਹਿਜ ਸੁਭਾਈਆ।