Granth 07 Likhat 103: 28 Kattak 2015 Bikarmi Baba Harnam Singh nal Gurdwara Langar Sahib Baba Nidhan Singh Nanded Hajur Sahib

੨੮ ਕੱਤਕ ੨੦੧੫ ਬਿਕ੍ਰਮੀ ਬਾਬਾ ਹਰਨਾਮ ਸਿੰਘ ਨਾਲ ਗੁਰਦਵਾਰਾ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਨਨਦੇੜ ਹਜ਼ੂਰ ਸਾਹਿਬ

ਆਦਿ ਪੁਰਖ ਹਰਿ ਨਿਰੰਕਾਰ, ਅਕਲ ਕਲਾ ਅਖਵਾਈਆ। ਆਦਿ ਜੁਗਾਦੀ ਲਏ ਅਵਤਾਰ, ਸੰਤ ਸੁਹੇਲੇ ਮੇਲ ਮਿਲਾਈਆ। ਗੁਰ ਗੁਰ ਚੇਲੇ ਸੋਹਿਣ ਇਕ ਦਵਾਰ, ਸਾਚਾ ਧਾਮ ਸੁਹਾਈਆ। ਨਿਰਗੁਣ ਜੋਤੀ ਕਰ Tਜਿਆਰ, ਦੀਪਕ ਬਾਤੀ ਇਕ ਰਖਾਈਆ। ਕਮਲਾਪਾਤੀ ਮੀਤ ਮੁਰਾਰ, ਹਰਿ ਸੱਜਣ ਵੇਖ ਵਖਾਈਆ। ਅਲੱਖ ਨਿਰੰਜਣ ਅਗੰਮ ਅਪਾਰ, ਭੇਵ ਅਭੇਦ ਭੇਵ ਨਾ ਰਾਈਆ। ਕਲਜੁਗ ਅੰਤਮ ਖੇਲੇ ਖੇਲ ਖੇਲਣਹਾਰ, ਲੋਆਂ ਪੁਰੀਆਂ ਫੋਲ ਫੁਲਾਈਆ। ਬ੍ਰਹਮਾ ਵਿਸ਼ਨ ਦੇਵਤ ਸੁਰ ਦਏ ਹੁਲਾਰ, ਲੱਖ ਚੁਰਾਸੀ ਫੋਲ ਫੁਲਾਈਆ। ਨੌਂ ਖੰਡ ਪ੍ਰਿਥਮੀ ਪਾਵੇ ਸਾਰ, ਸੱਤਾਂ ਦੀਪਾਂ ਕਰੇ ਰੁਸ਼ਨਾਈਆ। ਗੁਰਮੁਖ ਸਾਚੇ ਲਏ ਉਭਾਰ, ਆਪ ਅਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਕਲ ਵਰਤਾਈਆ। ਇਕ ਇਕੱਲਾ ਏਕੰਕਾਰ, ਹਰਿ ਹਰਿ ਰੰਗ ਸਮਾਇਆ। ਕਲਜੁਗ ਅੰਤਮ ਲਏ ਅਵਤਾਰ, ਨਿਰੰਜਣ ਜੋਤ ਕਰੇ ਰੁਸ਼ਨਾਇਆ। ਨਾਨਕ ਹਰਿ ਮੀਤ ਮੁਰਾਰ, ਏਕਾ ਰੰਗ ਰੰਗਾਇਆ। ਗੁਰ ਗੋਬਿੰਦ ਬੰਨੇ ਸਾਚੀ ਧਾਰ, ਅੰਮ੍ਰਿਤ ਆਤਮ ਜਾਮ ਪਿਆਇਆ। ਪੰਥ ਖ਼ਾਲਸਾ ਕਰ ਤਿਆਰ, ਸਿਰ ਜਗਦੀਸ਼ ਹੱਥ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੰਗਲ ਗਾਇਆ। ਥਿਰ ਘਰ ਆਦਿ ਪੁਰਖ, ਏਕਾ ਏਕ ਰਖਾਇਆ। ਨਾ ਕੋਈ ਸੋਗ ਨਾ ਕੋਈ ਹਰਖ, ਚਿੰਤਾ ਸੋਗ ਨਾ ਕੋਈ ਵਖਾਇਆ। ਇਕ ਇਕੱਲਾ ਆਪਣਾ ਆਪ ਪਰਖ, ਸੰਤ ਸੁਹੇਲੇ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਮੇਲ ਮਿਲਾਇਆ। ਹਰਿ ਹਜ਼ੂਰ ਹਾਜ਼ਰ, ਹਰਿ ਹਰਿ ਜੋਤ ਜਗਾਇੰਦਾ। ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਈ ਰਖਾਇੰਦਾ। ਦੁਰਮਤ ਮੈਲ ਗੁਰਮੁਖਾਂ ਧੋਤ, ਨਿਰਮਲ ਨੀਰ ਪਿਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੇ ਸੁਤ ਉਠਾਇੰਦਾ। ਸਾਚਾ ਸੰਤ ਸੁਤ ਦੁਲਾਰ, ਹਰਿ ਹਰਿ ਮੇਲ ਮਿਲਾਇਆ। ਸੇਵਕ ਵੇਖੇ ਸੇਵਾਦਾਰ, ਕਵਣ ਰੂਪ ਸੇਵ ਕਮਾਇਆ। ਦਿਵਸ ਰੈਣ ਸੰਗਤ ਗੁਰ ਗੁਰ ਸੰਗਤ ਕਰ ਪਿਆਰ, ਆਪ ਆਪਣਾ ਮੇਲ ਮਿਲਾਇਆ। ਮੇਲ ਮਿਲਾਵਾ ਹਰਿ ਨਿਰੰਕਾਰ, ਆਦਿ ਜੁਗਾਦਿ ਕਰਾਇਆ। ਹਰਿਜਨ ਆਪਣੀ ਕਿਰਪਾ ਧਾਰ, ਆਪ ਆਪਣੇ ਰੰਗ ਰੰਗਾਇਆ। ਗੁਰ ਗੋਬਿੰਦ ਖੇਲ ਅਪਾਰ, ਭੇਵ ਕੋਈ ਨਾ ਪਾਇਆ। ਦੇਵੇ ਦਰਸ ਅਗੰਮ ਅਪਾਰ, ਆਪ ਆਪਣੀ ਦਇਆ ਕਮਾਇਆ। ਗੁਣ ਨਿਧਾਨਾ ਹਰਿ ਕਰਤਾਰ, ਆਪ ਆਪਣੀ ਦਇਆ ਕਮਾਇਆ। ਸਿੰਘ ਨਿਧਾਨ ਕਰ ਪਿਆਰ, ਆਪ ਆਪਣੇ ਅੰਗ ਲਗਾਇਆ। ਲੇਖੇ ਲਾਏ ਸੇਵ ਅਪਾਰ, ਲਹਿਣਾ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰ ਕਿਰਪਾ ਮੇਲ ਮਿਲਾਇਆ। ਸੰਤ ਹਰਿਨਾਮ, ਹਰਿ ਨਾਮ ਆਤਮ ਝੋਲੀ ਪਾਈਆ। ਅੰਮ੍ਰਿਤ ਪੀਆ ਏਕਾ ਜਾਮ, ਏਕਾ ਬ੍ਰਹਮ ਜਣਾਈਆ। ਮੇਲ ਮਿਲਾਵਾ ਸਾਚੇ ਰਾਮ, ਰਾਮ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਦਇਆ ਕਮਾਈਆ।