Granth 07 Likhat 109: Pahili Maghar 2015 Bikarmi Head Pujari Juginder Singh ate Us de Pita Partap Singh de Kamre (Chubare) wich Sachkhand Gurdwara Hajur Sahib Nanded

ਪਹਿਲੀ ਮੱਘਰ ੨੦੧੫ ਬਿਕ੍ਰਮੀ ਹੈਡ ਪੁਜਾਰੀ ਜੁਗਿੰਦਰ ਸਿੰਘ ਅਤੇ ਉਸ ਦੇ ਪਿਤਾ ਪ੍ਰਤਾਪ ਸਿੰਘ ਦੇ ਕਮਰੇ (ਚੁਬਾਰੇ) ਵਿਚ ਸਚਖੰਡ ਗੁਰਦਵਾਰਾ ਹਜ਼ੂਰ ਸਾਹਿਥ ਨਨਦੇੜ

ਪੁਰਖ ਅਕਾਲ ਹਰਿ ਸਮਰਥ, ਏਕਾ ਏਕੰਕਾਰਿਆ। ਗੁਰਮੁਖਾਂ ਦੇਵੇ ਨਾਮ ਵੱਥ, ਗੁਰ ਗੋਬਿੰਦ ਵੇਖ ਵਖਾ ਰਿਹਾ। ਲਹਿਣਾ ਦੇਣਾ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਜੋ ਜਨ ਆਏ ਦਰਸ਼ਨ ਪਾ ਰਿਹਾ। ਵੇਖ ਵਖਾਏ ਮਸਤਕ ਮੱਥ, ਜੋਤ ਲਿਲਾਟੀ ਆਪ ਜਗਾ ਰਿਹਾ। ਵਸਣਹਾਰਾ ਘਟ ਘਟ, ਹਰ ਘਟ ਮੇਂ ਆਪ ਸਮਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਖੇਲ ਖਿਲਾ ਰਿਹਾ। ਨਿਰਗੁਣ ਰੂਪ ਹਰਿ ਨਿਰੰਕਾਰ, ਏਕਾ ਏਕ ਅਖਵਾਈਆ। ਨਾਨਕ ਗੁਰ ਮੀਤ ਮੁਰਾਰ, ਸ਼ਬਦ ਮਿਲਾਵਾ ਇਕ ਵਖਾਈਆ। ਸਤਿਨਾਮ ਕਰ ਉਜਿਆਰ, ਚਾਰ ਵਰਨ ਕਰੇ ਜਣਾਈਆ। ਰਾਓ ਰੰਕਾਂ ਇਕ ਪਿਆਰ, ਨਾਤਾ ਬਿਧਾਤਾ ਇਕ ਬੰਧਾਈਆ। ਸ਼ਾਹ ਸੁਲਤਾਨਾਂ ਕਰਿਆ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਪੂਰਾ ਗੁਰ ਜੋਧਾ ਬਲਕਾਰ, ਸ਼ਬਦ ਖੰਡਾ ਹੱਥ ਉਠਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਪੁਰੀਆਂ ਲੋਆਂ ਵੇਖ ਵਖਾਈਆ। ਰਵ ਸਸ ਕਰੇ ਨਿਮਸਕਾਰ, ਦਰ ਦਰ ਬੈਠੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਿਰਗੁਣ ਜੋਤੀ ਕਰ ਉਜਿਆਰ, ਰੂਪ ਅਨੂਪ ਸਮਾਇੰਦਾ। ਨਾਨਕ ਸਤਿਗੁਰ ਪਾਵੇ ਸਾਰ, ਲੇਖਾ ਲਿਖਤ ਵਿਚ ਨਾ ਆਇੰਦਾ । ਏਕਾ ਜੋਤੀ ਦਸ ਅਵਤਾਰ, ਗੁਰ ਗੋਬਿੰਦ ਵੇਖ ਵਖਾਇੰਦਾ। ਸੁਤ ਦੁਲਾਰ ਅਪਰ ਅਪਾਰ, ਆਪ ਆਪਣਾ ਸੁਤ ਉਪਜਾਇੰਦਾ। ਪੁਰਖ ਅਕਾਲਾ ਸਿਰਜਣਹਾਰ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਇੰਦਾ। ਗੁਰ ਗੋਬਿੰਦ ਸੁਤ ਦੁਲਾਰਾ, ਹਰਿ ਹਰਿ ਰੂਪ ਸਮਾਇਆ। ਵੇਖੇ ਵਿਗਸੇ ਕਰ ਵਿਚਾਰਾ, ਦੋ ਜਹਾਨਾਂ ਮੇਲ ਮਿਲਾਇਆ। ਸ੍ਰਿਸ਼ਟ ਸਬਾਈ ਬੰਨ੍ਹੇ ਧਾਰਾ, ਆਪ ਆਪਣਾ ਮਾਰਗ ਲਾਇਆ। ਚਾਰ ਵਰਨ ਇਕ ਪਿਆਰਾ, ਏਕਾ ਰਾਹ ਵਿਖਾਇਆ। ਏਕਾ ਦਰ ਇਕ ਦਵਾਰਾ, ਏਕਾ ਮੇਲ ਮਿਲਾਇਆ। ਏਕਾ ਨਾਮ ਇਕ ਭੰਡਾਰਾ, ਏਕਾ ਰਿਹਾ ਵਰਤਾਇਆ। ਏਕਾ ਸ਼ਬਦ ਇਕ ਸ਼ਿੰਗਾਰਾ, ਏਕ ਤਨ ਕਰਾਇਆ। ਏਕਾ ਸ਼ਬਦ ਕਰ ਪਿਆਰਾ ਗੁਰਮੁਖਾਂ ਆਪ ਵਰਤਾਇਆ। ਪੰਚਮ ਮੀਤਾ ਹੋ ਉਜਿਆਰਾ, ਪੰਚਮ ਖੇਲ ਖਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰ ਗੋਬਿੰਦ ਮੇਲ ਮਿਲਾਇਆ। ਗੁਰ ਗੋਬਿੰਦ ਸੂਰਬੀਰ, ਹਰਿ ਜੋਤ ਜਗਾਈਆ। ਸ਼ਬਦ ਨਿਸ਼ਾਨਾ ਏਕਾ ਤੀਰ, ਗੁਰਮੁਖਾਂ ਆਤਮ ਲਾਈਆ। ਬਜ਼ਰ ਕਪਾਟੀ ਦੇਵੇ ਚੀਰ, ਦੂਈ ਦਵੈਤ ਮੇਟ ਮਿਟਾਈਆ। ਅੰਮ੍ਰਿਤ ਆਤਮ ਦੇਵੇ ਠਾਂਡਾ ਸੀਰ, ਹਉਮੇ ਰਹਿਣ ਨਾ ਪਾਈਆ। ਮਾਇਆ ਮਮਤਾ ਕੱਢੇ ਪੀੜ, ਚਿੰਤਾ ਦੁੱਖ ਰਹੇ ਨਾ ਰਾਈਆ। ਆਪੇ ਚੋਟੀ ਚੜ੍ਹ ਅਖੀਰ, ਗੁਰਮੁਖ ਸਾਚੇ ਲਏ ਮਿਲਾਈਆ। ਸ਼ਾਹ ਸ਼ਹਾਨਾ ਵਡ ਪੀਰਨ ਪੀਰ, ਦਸਤਗੀਰ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਸਿੰਘ ਸਿੰਘ ਵੱਡੀ ਵਡਿਆਈਆ। ਸਿੰਘ ਗੋਬਿੰਦ ਸਾਚਾ ਸ਼ੇਰ, ਸ਼ਬਦ ਖੰਡਾ ਹੱਥ ਉਠਾਇੰਦਾ। ਦੋ ਜਹਾਨਾਂ ਬਣ ਦਲੇਰ, ਦੋ ਜਹਾਨਾਂ ਵੇਖ ਵਖਾਇੰਦਾ। ਆਪੇ ਵਸਿਆ ਨੇਰਨ ਨੇਰ, ਨੇੜ ਦੂਰ ਆਪ ਅਖਵਾਇੰਦਾ। ਸ਼ਬਦ ਸੁਹੇਲਾ ਜਾਏ ਘੇਰ, ਸ਼ਬਦ ਡੋਰੀ ਬੰਦ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਬੰਧਨ ਪਾਇੰਦਾ। ਗੁਰ ਗੋਬਿੰਦ ਹਰਿ ਹਰਿ ਮੀਤਾ, ਹਰਿ ਹਰਿ ਵੇਖ ਵਖਾਇਆ। ਪੁਰਖ ਅਕਾਲ ਇਕ ਅਤੀਤਾ, ਥਿਰ ਘਰ ਬੈਠਾ ਆਸਣ ਲਾਇਆ। ਆਦਿ ਅੰਤ ਠੰਡਾ ਸੀਤਾ, ਏਕ ਰੰਗ ਰੰਗਾਇਆ। ਇਕ ਸੁਣਾਏ ਸੁਹਾਗੀ ਗੀਤਾ, ਵਹਿਗੁਰੂ ਅੱਖਰ ਜਾਪ ਜਪਾਇਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਣ ਨਾਮ ਧਰਾਇਆ। ਆਪ ਆਪਣੀ ਚਲਾਈ ਰੀਤਾ, ਆਪ ਆਪਣਾ ਦਰਸ ਦਿਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਦੂਜਾ ਇਸ਼ਟ ਨਾ ਕੋਈ ਵਖਾਇਆ। ਅਕਾਲ ਪੁਰਖ ਇਕ ਗੁਰਦੇਵ, ਗੁਰ ਗੋਬਿੰਦ ਬਣਾਈਆ। ਦਾਤਾ ਦਾਨੀ ਅਲੱਖ ਅਭੇਵ, ਆਦਿ ਨਿਰੰਜਣ ਵੇਖ ਵਖਾਈਆ। ਅੰਮ੍ਰਿਤ ਲਾਇਆ ਰਸਨਾ ਜਿਹਵ, ਦੁਰਮਤ ਮੈਲ ਕਟਾਈਆ। ਫਲ ਖਵਾਏ ਸਾਚਾ ਮੇਵ, ਪੁਰਖ ਅਗੰਮਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚਾ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਸ਼ਬਦ ਧੁਨਕਾਰ, ਸ਼ਬਦ ਤਾਲ ਵਜਾਇਆ। ਪੰਚਮ ਮੇਲਾ ਮੀਤ ਮੁਰਾਰ, ਪੰਚਮ ਸਖੀਆਂ ਮੰਗਲ ਗਾਇਆ। ਪੰਚਮ ਸਚਾ ਕਰ ਪਿਆਰ, ਗੁਰਮੁਖ ਸਾਚੇ ਲਏ ਜਗਾਇਆ। ਤੀਰ ਤੁਫੰਗ ਨੇਜ਼ਾ ਤੁਬਕ ਕਟਾਰ, ਨਾਮ ਖੰਡਾ ਹੱਥ ਉਠਾਇਆ। ਅੰਦਰ ਬਾਹਰ ਪਾਵੇ ਸਾਰ, ਗੁਪਤ ਜ਼ਾਹਿਰ ਭੇਵ ਨਾ ਰਾਇਆ। ਖੇਲੇ ਖੇਲ ਵਿਚ ਸੰਸਾਰ, ਪੁਰਖ ਅਕਾਲਾ ਵੇਸ ਵਟਾਇਆ। ਅਸਵ ਘੋੜਾ ਕਰ ਤਿਆਰ, ਨੀਲਾ ਨੀਲੀ ਧਾਰੋਂ ਪਾਰ ਕਰਾਇਆ। ਜੋਤੀ ਸ਼ਬਦੀ ਕਲਗੀ ਤੋੜਾ, ਮਸਤਕ ਸੀਸ ਟਿਕਾਇਆ। ਗੁਰਮੁਖਾਂ ਗੁਰਸਿਖਾਂ ਆਪੇ ਬੌਹੜਾ, ਆਪ ਆਪਣਾ ਵੇਸ ਵਟਾਇਆ। ਲੱਖ ਚੁਰਾਸੀ ਜੀਵ ਪਰਖੇ ਮਿੱਠੇ ਕੌੜਾ, ਨਾਮ ਘਸਵਟੀ ਏਕਾ ਹੱਥ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੋਬਿੰਦ ਮੇਲਾ ਸਾਚੇ ਘਰ, ਗੁਰ ਪੂਰਾ ਵੇਖ ਵਿਖਾਇਆ। ਗੁਰ ਪੂਰਾ ਸਤਿਗੁਰ ਰੂਪ, ਸਤਿ ਪੁਰਖ ਆਪ ਅਖਵਾਇੰਦਾ। ਆਪੇ ਸ਼ਾਹੋ ਆਪੇ ਭੂਪ, ਰਾਓ ਰੰਕ ਆਪ ਹੋ ਜਾਇੰਦਾ। ਵੇਖਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਦਰ ਸੁਹਾਇੰਦਾ। ਸਤਿਗੁਰ ਗੋਬਿੰਦ ਸਚ ਦੁਲਾਰ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਅਗੋਚਰ ਭੇਵ ਨਾ ਰਾਈਆ। ਨਾ ਕੋਈ ਦਿਸੇ ਕੰਢਾ ਪਾਰ, ਇਕਵੰਜਾ ਬਵੰਜਾ ਆਪੇ ਗਾਈਆ। ਆਪੇ ਵਸਿਆ ਸਭ ਤੋਂ ਬਾਹਰ, ਹਰ ਘਟ ਆਪੇ ਜੋਤ ਜਗਾਈਆ। ਗੁਰਸਿਖਾਂ ਕਰੇ ਸਚ ਪਿਆਰ, ਅੰਮ੍ਰਿਤ ਆਤਮ ਜਾਮ ਪਿਆਈਆ। ਖੰਡਾ ਵੇਖੇ ਤਿਖੀ ਧਾਰ, ਹਉਮੇ ਰੋਗ ਗਵਾਈਆ। ਕੱਛ ਕੜਾ ਕ੍ਰਿਪਾਨ, ਕੇਸ ਸੀਸ ਜਗਦੀਸ਼ ਵੱਜੀ ਵਧਾਈਆ। ਰੂਪ ਅਨੂਪ ਸੱਚੀ ਸਰਕਾਰ, ਸਤਿ ਸਰੂਪ ਸਮਾਈਆ। ਆਪ ਆਪਣੇ ਅੱਗੇ ਢਹਿ ਪਿਆ ਦਵਾਰ, ਗੁਰਸਿਖਾਂ ਦਏ ਵਡਿਆਈਆ। ਏਕਾ ਜੋਤੀ ਨੂਰ ਉਜਿਆਰ, ਨੀਚਾਂ ਵਿਚ ਗਿਆ ਸਮਾਈਆ। ਭਰਨਹਾਰ ਆਪ ਭੰਡਾਰ, ਆਪੇ ਰਿਹਾ ਵਰਤਾਈਆ । ਜੁਗ ਜੁਗ ਖੇਲੇ ਖੇਲ ਨਿਆਰ, ਸਮਰਥ ਹੱਥ ਵੱਡੀ ਵਡਿਆਈਆ। ਕਲਜੁਗ ਮੇਟੇ ਕੂੜ ਕੁੜਿਆਰ, ਕੂੜੀ ਕਿਰਿਆ ਰਹਿਣ ਨਾ ਪਾਈਆ। ਚਾਰ ਵਰਨਾਂ ਸੁਹਾਏ ਇਕ ਦਵਾਰ, ਸ਼ੂਦਰ ਵੈਸ਼ ਸ਼ੱਤ੍ਰੀ ਏਕਾ ਧਾਮ ਸੁਹਾਈਆ। ਏਕਾ ਘਰ ਇਕ ਦਰਬਾਰ, ਏਕਾ ਦਰ ਵਖਾਈਆ। ਇਕ ਸ਼ਬਦ ਇਕ ਜੈਕਾਰ, ਏਕਾ ਨਾਅਰਾ ਲਾਈਆ। ਏਕਾ ਬਸਤਰ ਕਰ ਤਿਆਰ, ਏਕਾ ਨੈਣ ਸਮਾਈਆ। ਤ੍ਰੈਗੁਣ ਤੇਰਾ ਦੂਰ ਕਿਨਾਰ, ਪੰਜ ਤਤ ਮੋਹ ਚੁਕਾਈਆ। ਆਤਮ ਤੋੜੇ ਗੜ੍ਹ ਹੰਕਾਰ, ਜੋ ਜਨ ਰਹੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਮੇਲਾ ਸਾਚੇ ਘਰ, ਆਪ ਆਪਣਾ ਮੇਲ ਮਿਲਾਈਆ। ਪੁਰੀ ਅਨੰਦ ਪਰਮਾਨੰਦ, ਹਰਿ ਹਰਿ ਰੂਪ ਵਖਾਇਆ। ਸੁਤ ਦੁਲਾਰ ਚੜ੍ਹਿਆ ਚੰਦ, ਏਕਾ ਅਸਮਾਨ ਕਰੇ ਰੁਸ਼ਨਾਇਆ। ਗੁਰਮੁਖਾਂ ਖ਼ੁਸ਼ੀ ਕਰਾਏ ਬੰਦ ਬੰਦ, ਏਕਾ ਦਰ ਸੁਹਾਇਆ। ਮਾਇਆ ਮਮਤਾ ਨਾਤਾ ਤੋੜੇ ਘਮੰਡ, ਤ੍ਰਿਖਾ ਤ੍ਰਿਸ਼ਨਾ ਰਹੇ ਨਾ ਰਾਇਆ। ਦੂਈ ਦਵੈਤੀ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਨਾਉਂ ਧਰਾਇਆ। ਪੰਥ ਖ਼ਾਲਸਾ ਮੇਟੇ ਪੰਧ, ਜੋ ਦਰ ਆਏ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖ ਵਖਾਇਆ। ਗੁਰ ਗੋਬਿੰਦ ਹਰਿ ਨਿਰੰਕਾਰ, ਆਪਣੀ ਕਲ ਕਲਧਾਰਿਆ। ਏਕਾ ਜੋਤੀ ਕਰ ਚਮਤਕਾਰ, ਖੇਲੇ ਖੇਲ ਅਪਰ ਅਪਾਰਿਆ। ਅੰਗਦ ਕਰਿਆ ਅੰਗੀਕਾਰ, ਅਮਰਦਾਸ ਸੋਹੇ ਬੰਕ ਦਵਾਰਿਆ। ਰਾਮ ਦਾਸ ਸੱਚੀ ਸਰਕਾਰ, ਅੰਮ੍ਰਿਤ ਭਰੇ ਨਾਮ ਭੰਡਾਰਿਆ। ਗੁਰ ਅਰਜਨ ਖੇਲ ਅਗੰਮ ਅਪਾਰ, ਬੋਧ ਗਿਆਨ ਆਪ ਜਣਾ ਲਿਆ। ਗੁਰੂ ਗ੍ਰੰਥ ਕਰ ਤਿਆਰ, ਸੰਤ ਭਗਤ ਸਤਿਗੁਰ ਮੇਲ ਮਿਲਾ ਲਿਆ। ਜੀਆਂ ਜੰਤਾਂ ਦਏ ਆਧਾਰ, ਏਕਾ ਇਸ਼ਟ ਵਖਾ ਲਿਆ। ਦੂਜਾ ਦਿਸੇ ਨਾ ਕੋਈ ਦਵਾਰ, ਨਾ ਕੋਈ ਧਾਮ ਸੁਹਾ ਲਿਆ। ਨਿਰਗੁਣ ਜੋਤੀ ਜੋਤ ਉਜਿਆਰ, ਸਰਗੁਣ ਵੇਸ ਵਟਾ ਰਿਹਾ। ਨਾਮ ਖੰਡਾ ਤੇਜ ਕਟਾਰ, ਆਪ ਆਪਣੇ ਗਲੇ ਲਟਕਾ ਲਿਆ। ਸ਼ੱਤਰੂ ਮਾਰੇ ਤੋੜੇ ਹੰਕਾਰ, ਆਪਣੀ ਧਾਰ ਬੰਧਾ ਲਿਆ। ਹਰਿਰਾਏ ਹੋ ਉਜਿਆਰ, ਹਰੀ ਹਰਿ ਕਾ ਰੰਗ ਵਖਾ ਲਿਆ। ਬਾਲ ਅਵਸਥਾ ਖੇਲ ਅਪਾਰ, ਜੋਤੀ ਜੋਤ ਜਗਾ ਲਿਆ। ਤੇਗ ਬਹਾਦਰ ਸੱਚੀ ਸਰਕਾਰ, ਸਾਚੀ ਥਿਤ ਸੁਹਾ ਲਿਆ। ਆਪ ਆਪਣਾ ਦਿਤਾ ਵਾਰ, ਗ਼ਰੀਬ ਨਿਮਾਣੇ ਗਲੇ ਲਗਾ ਲਿਆ। ਗੁਰ ਗੋਬਿੰਦ ਸੁਤ ਦੁਲਾਰ, ਪੁਰਖ ਅਕਾਲ ਆਪ ਉਪਾ ਲਿਆ । ਨਾਮ ਖੰਡਾ ਤੇਜ਼ ਕਟਾਰ, ਬ੍ਰਹਿਮੰਡਾਂ ਵੇਖ ਵਖਾ ਲਿਆ। ਭੇਖ ਪਖੰਡਾ ਦਏ ਨਿਵਾਰ, ਸਾਚਾ ਡੰਡਾ ਇਕ ਉਠਾ ਲਿਆ। ਗੁਰਮੁਖ ਆਤਮ ਰੰਡਾ ਨਾ ਰੋਵੇ ਜ਼ਾਰੋ ਜ਼ਾਰ, ਅੰਮ੍ਰਿਤ ਜਾਮ ਇਕ ਪਿਆ ਲਿਆ। ਕਲਜੁਗ ਅੰਤਮ ਪਾਈ ਤੇਰੀ ਵੰਡਾ, ਆਪ ਆਪਣਾ ਵਿਚ ਟਿਕਾ ਲਿਆ। ਨਾ ਕੋਈ ਪੂਜੇ ਕਰੀਰ ਜੰਡਾ, ਮੜ੍ਹੀ ਗੋਰ ਨਾ ਸੀਸ ਨਿਵਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਸੰਗ ਨਿਭਾ ਲਿਆ। ਸਾਚਾ ਸੱਜਣ ਏਕੰਕਾਰ, ਏਕਾ ਏਕ ਅਖਵਾ ਰਿਹਾ। ਅਲੱਖ ਅਗੋਚਰ ਖ਼ਬਰਦਾਰ, ਆਲਸ ਨਿੰਦਰਾ ਵਿਚ ਨਾ ਆ ਰਿਹਾ। ਜੋਤੀ ਜਗੇ ਅਗੰਮ ਅਪਾਰ, ਨੂਰੋ ਨੂਰ ਦਰਸਾ ਲਿਆ। ਸੋਹੇ ਸਚਖੰਡ ਸੱਚਾ ਦਰਬਾਰ, ਦਰ ਦਵਾਰਾ ਆਪ ਖੁਲ੍ਹਾ ਲਿਆ। ਸ਼ਬਦ ਸਿੰਘਾਸਣ ਅਪਰ ਅਪਾਰ, ਪਾਵਾ ਚੂਲ ਨਾ ਕੋਈ ਰਖਾ ਲਿਆ। ਪੁਰਖ ਅਬਿਨਾਸ਼ੀ ਬੈਠ ਸੱਚੀ ਸਰਕਾਰ, ਸਿਫ਼ਤੀ ਸਲਾਹ ਆਪਣਾ ਹੁਕਮ ਜਣਾ ਲਿਆ। ਦਾਤਾ ਦਾਨੀ ਬੇਪਰਵਾਹ, ਭੇਵ ਅਭੇਦ ਭੇਵ ਖੁਲ੍ਹਾ ਲਿਆ। ਗੁਰ ਗੋਬਿੰਦ ਦੇਵੇ ਜਗਤ ਸਲਾਹ, ਪਾਰਬ੍ਰਹਮ ਆਪ ਸਮਝਾ ਲਿਆ। ਗੁਰ ਸੰਗਤ ਬਣੇ ਆਪ ਮਲਾਹ, ਪੁਰਖ ਅਕਾਲ ਇਕ ਮਨਾ ਲਿਆ। ਜਗਤ ਨਾਤਾ ਲਏ ਤੁੜਾ, ਆਪ ਆਪਣਾ ਖੇਲ ਵਖਾ ਲਿਆ। ਲਹਿਣਾ ਦੇਣਾ ਮਾਤ ਚੁਕਾ, ਧਰਤ ਧਵਲ ਸੁਹਾ ਲਿਆ। ਪੰਚਮ ਆਪ ਦਏ ਤਜਾ, ਪੰਚਮ ਮੋਹ ਚੁਕਾ ਲਿਆ। ਆਪਣਾ ਵੇਖੇ ਆਪੇ ਥਾਂ, ਜੁਗ ਜੁਗ ਵੇਸ ਵਟਾ ਲਿਆ। ਸਤਿਜੁਗ ਤ੍ਰੇਤਾ ਪਕੜੇ ਬਾਂਹ, ਦੁਆਪਰ ਗੁਣ ਹਰਿ ਹਰਿ ਗਾ ਲਿਆ। ਕਲਜੁਗ ਕਰੇ ਸਚ ਨਿਆਂ, ਗੁਰ ਨਾਨਕ ਲੇਖ ਲਿਖਾ ਲਿਆ। ਗੁਰ ਗੋਬਿੰਦ ਬੇਪਰਵਾਹ, ਆਪ ਆਪਣਾ ਆਸਣ ਲਾ ਲਿਆ। ਸਚਖੰਡ ਸੁਹਾਏ ਸਾਚਾ ਥਾਂ, ਹਰਿਸੰਗਤ ਮੇਲ ਮਿਲਾ ਲਿਆ। ਸੰਮਤ ਸੰਮਤੀ ਜਾਣੇ ਜੀਵ ਜਹਾਨਾਂ, ਜੀਵਾਂ ਜੰਤਾਂ ਭੇਵ ਨਾ ਪਾ ਲਿਆ। ਗੁਰਮੁਖਾਂ ਬੱਧਾ ਸੱਚਾ ਗਾਨਾ, ਨਾ ਕੋਈ ਤੋੜ ਤੁੜਾ ਰਿਹਾ। ਧਰਮ ਝੁਲਾਏ ਇਕ ਨਿਸ਼ਾਨਾ, ਬ੍ਰਹਿਮੰਡਾਂ ਵੇਖ ਵਖਾ ਰਿਹਾ। ਇਕ ਭਗੌਤੀ ਕਰ ਪ੍ਰਧਾਨਾ, ਸਾਚੀ ਸਿਖਿਆ ਇਕ ਸਮਝਾ ਰਿਹਾ। ਏਕਾ ਇਸ਼ਟ ਗੁਰਦੇਵ ਰਖਾਣਾ, ਨਾ ਕੋਈ ਵੇਖ ਵਖਾ ਰਿਹਾ। ਹਰਿ ਕਾ ਸ਼ਬਦ ਸਦ ਬਲਵਾਨਾ, ਆਦਿ ਜੁਗਾਦੀ ਵੇਸ ਵਟਾ ਲਿਆ। ਦੇਵਣਹਾਰ ਧੁਰ ਫ਼ਰਮਾਣਾ, ਨਾਮ ਜੈਕਾਰਾ ਏਕਾ ਲਾ ਲਿਆ। ਵਹਿਗੁਰੂ ਫਤਹਿ ਦੋ ਜਹਾਨਾਂ, ਸਾਚਾ ਡੰਕ ਵਜਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਏਕਾ ਏਕ, ਅੰਤਮ ਸੁਣਾ ਲਿਆ। ਸ਼ਬਦ ਸੁਨੇਹੁੜਾ ਹਰਿ ਹਰਿ ਆਪ, ਆਪਣਾ ਆਪ ਉਪਾਈਆ। ਗੁਰ ਗੋਬਿੰਦ ਸਿੰਘ ਸਤਿਗੁਰ ਪੂਰੇ ਤੇਰਾ ਵਡ ਵਡ ਪ੍ਰਤਾਪ, ਤੇਰਾ ਤੇਰਾ ਵੇਖ ਵਖਾਈਆ। ਤੇਰਾ ਨਾਮ ਤੇਰਾ ਜਾਪ, ਤੇਰਾ ਸੰਗ ਨਿਭਾਈਆ। ਕਲਜੁਗ ਕੂੜੀ ਕਿਰਿਆ ਰਹੀ ਕਾਂਪ, ਖੜਗ ਖੰਡਾ ਇਕ ਦਿਸਾਈਆ। ਆਪਣੀ ਥਾਪਣ ਆਪੇ ਥਾਪ, ਪੁਰਖ ਅਕਾਲ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੁੜਾ ਦੇਵੇ ਵਰ, ਸ੍ਰਿਸ਼ਟ ਸਬਾਈ ਦਿਸ ਨਾ ਆਈਆ। ਸ਼ਬਦ ਸੁਨੇਹੁੜਾ ਸਚ ਦੁਲਾਰ, ਹਰਿ ਹਰਿ ਦਵਾਇਆ। ਅਜੂਨੀ ਰਹਿਤ ਮੂਰਤ ਅਕਾਲ, ਨਿਰਭੌ ਰੂਪ ਸਮਾਇਆ। ਦੀਨਾਂ ਬੰਧਪ ਦੀਨ ਦਿਆਲ ਦਇਆ ਨਿਧ ਆਪ ਅਖਵਾਇਆ। ਆਪੇ ਵੇਖੇ ਗੋਬਿੰਦ ਲਾਲ, ਸੁਤ ਦੁਲਾਰਾ ਆਪ ਉਪਾਇਆ। ਆਪੇ ਕਾਲ ਆਪੇ ਮਹਾਂਕਾਲ, ਜਗਤ ਨਗਾਰਾ ਇਕ ਵਜਾਇਆ । ਆਪੇ ਖੇਲੇ ਖੇਲ ਕਮਾਲ, ਖੇਲਣਹਾਰ ਭੇਵ ਨਾ ਰਾਇਆ। ਆਪੇ ਵੇਖੇ ਧਰਮ ਸੱਚੀ ਧਰਮਸਾਲ, ਦਰ ਦਵਾਰ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸ਼ਬਦ ਸੁਨੇਹੁੜਾ ਦੇਵੇ ਵਰ, ਏਕਾ ਰੰਗ ਰੰਗਾਇਆ। ਸ਼ਬਦ ਸੁਨੇਹੜਾ ਧੁਰ ਦਰਗਾਹ, ਹਰਿ ਹਰਿ ਘਲਾਇੰਦਾ। ਸਤਿਗੁਰ ਪੂਰਾ ਤੱਕੇ ਰਾਹ, ਏਕਾ ਏਕ ਨਜ਼ਰੀ ਆਇੰਦਾ। ਦੂਸਰ ਨਾ ਕੋਈ ਦਿਸੇ ਥਾਂ, ਸਚਖੰਡ ਦਵਾਰਾ ਇਕ ਸੁਹਾਇੰਦਾ। ਸਤਿਗੁਰ ਨਾਨਕ ਪਕੜੀ ਬਾਂਹ, ਆਪ ਆਪਣਾ ਮੇਲ ਮਿਲਾਇੰਦਾ । ਜੋਤੀ ਜੋਤ ਜੋਤ ਵਸੇ ਇਕ ਗਿਰਾਂ, ਏਕਾ ਘਰ ਸੁਹਾਇੰਦਾ। ਨਾ ਕੋਈ ਪਿਤਾ ਨਾ ਕੋਈ ਮਾਂ, ਬਾਲ ਅਞਾਣਾ ਨਾ ਕੋਈ ਗੋਦ ਉਠਾਇੰਦਾ। ਸਦਾ ਸੁਹੇਲਾ ਦੇਵਣਹਾਰਾ ਠੰਡੀ ਛਾਂ, ਏਕੰਕਾਰਾ ਵਿਚ ਸਮਾਇੰਦਾ। ਅਨਭਵ ਪ੍ਰਕਾਸ਼ ਆਪ ਕਰਾ, ਆਪ ਆਪਣਾ ਚੋਜ ਕਰਾਇੰਦਾ। ਸ਼ਬਦ ਸੰਦੇਸ਼ਾ ਇਕ ਸੁਣਾ, ਸਾਚਾ ਵੇਸ ਸਾਚੇ ਮਾਹੀ, ਆਪ ਆਪਣਾ ਫੇਰਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅੰਤਮ ਵੇਖੇ ਸਾਚਾ ਘਰ, ਘਰ ਠਾਂਡਾ ਇਕ ਸੁਹਾਇੰਦਾ। ਸਚਖੰਡ ਸਚ ਦਵਾਰ, ਸਚ ਦਰਬਾਰ, ਗੁਰ ਗੋਬਿੰਦ ਜੋਤ ਜਗਾਈਆ। ਅੰਤਮ ਵੇਲੇ ਹੋ ਉਜਿਆਰ, ਗੁਰਸਿਖਾਂ ਏਹ ਬੁਝਾਈਆ। ਗੁਰ ਗੱਦੀ ਬਖ਼ਸ਼ੇ ਕਰ ਪਿਆਰ, ਗੁਰੂ ਗ੍ਰੰਥ ਮਨਾਈਆ। ਪੰਥ ਖ਼ਾਲਸਾ ਰਹੇ ਤਿਆਰ, ਧੁਰ ਦਰਬਾਰ ਵੇਖ ਵਖਾਈਆ। ਖੇਲੇ ਖੇਲ ਅਗੰਮ ਅਪਾਰ, ਅਗੰਮੜੀ ਕਾਰ ਕਰਾਈਆ। ਹੱਡ ਮਾਸ ਨਾੜੀ ਚੰਮੜੇ ਨਾ ਕਰਨਾ ਕੋਈ ਪਿਆਰ, ਪੰਜ ਤਤ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਵੇਖੇ ਸਹਿਜ ਸੁਭਾਈਆ। ਗੋਬਿੰਦ ਗੁਰ ਸ਼ਬਦ ਜੈਕਾਰ, ਏਕਾ ਕਰ ਪਿਆਰ ਦੇ ਮਤ ਸਮਝਾਇਆ। ਏਕਾ ਸ਼ਬਦ ਗੁਰ ਪਾਵੇ ਸਾਰ, ਪਾਰਬ੍ਰਹਮ ਭੇਵ ਨਾ ਰਾਇਆ। ਏਕੰਕਾਰਾ ਕਰ ਪਸਾਰ, ਲੋਕਮਾਤ ਵੇਖ ਵਖਾਇਆ। ਨਿਰਗੁਣ ਸਰਗੁਣ ਬੰਨ੍ਹੇ ਧਾਰ, ਆਪ ਅਪਣੀ ਜੋਤ ਜਗਾਇਆ। ਅੰਤਮ ਵੇਲੇ ਕਰ ਉਜਿਆਰ, ਆਪ ਸੱਜਣ ਮੀਤ ਮੁਰਾਰ ਆਪ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਪੂਰਾ ਦਏ ਵਡਿਆਇਆ। ਗੁਰ ਪੂਰਾ ਹਰਿ ਰੰਗ ਰਤੜਾ, ਦੇਵੇ ਨਾਮ ਵਧਾਈਆ। ਗੁਰਮੁਖਾਂ ਦੇਵੇ ਸਾਚੀ ਮਤੜਾ, ਸਾਚਾ ਸ਼ਬਦ ਜਣਾਈਆ। ਆਤਮ ਬੀਜੇ ਬੀਜ ਸਾਚੇ ਵਤੜਾ, ਅੰਤਮ ਫਲ ਖਵਾਈਆ। ਕਾਇਆ ਚੋਲਾ ਏਕਾ ਰਤੜਾ, ਨਾਮ ਰੰਗਣ ਇਕ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਗੋਬਿੰਦ ਵੇਖੇ ਥਾਉਂ ਥਾਈਂਆ। ਗੁਰ ਗੋਬਿੰਦ ਸਾਚਾ ਗੁਰ, ਨਾਨਕ ਰੂਪ ਸਮਾਇਆ। ਲੇਖਾ ਲਿਖਿਆ ਆਇਆ ਧੁਰ, ਨਾ ਕੋਈ ਮੇਟ ਮਿਟਾਇਆ। ਜੋਤੀ ਜੋਤ ਜਾਏ ਜੁੜ, ਜੋਤੀ ਜੋਤ ਵਿਚ ਸਮਾਇਆ। ਅੰਤਮ ਵੇਲੇ ਜਾਏ ਬੌਹੜ, ਕਲਜੁਗ ਕੂਕੇ ਦਏ ਦੁਹਾਇਆ। ਕਿਸੇ ਹੱਥ ਨਾ ਆਏ ਬ੍ਰਹਿਮਣ ਗੌੜ, ਉਚੇ ਟਿੱਲੇ ਫੋਲ ਫੁਲਾਇਆ। ਸਚਖੰਡ ਦਵਾਰਾ ਏਕਾ ਪੌੜ, ਮਹੱਲ ਅਟੱਲ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾਇਆ। ਗੁਰ ਗੋਬਿੰਦ ਅੰਤਮ ਕਲ, ਆਪਣੀ ਖੇਲ ਖਲਾਈਆ। ਆਪਣਾ ਕਰਿਆ ਆਪੇ ਵਲ ਛਲ, ਆਪਣੀ ਅਗਨੀ ਆਪ ਜਲਾਈਆ। ਆਪੇ ਵਸਿਆ ਨਿਹਚਲ ਧਾਮ ਅਟੱਲ, ਆਪ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਸਤਿਗੁਰ ਪੂਰਾ ਵਡ ਬਲਕਾਰ, ਏਕਾ ਇਕ ਅਖਵਾਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਮੜ੍ਹੀ ਗੋਰ ਨਾ ਕੋਈ ਦਬਾਇੰਦਾ। ਅਗਨੀ ਤਤ ਨਾ ਕਰੇ ਪਿਆਰ, ਹਵਨੀ ਕਾਠ ਨਾ ਕੋਈ ਸੜਾਇੰਦਾ। ਸਾਚੇ ਅਸਵ ਹੋ ਅਸਵਾਰ, ਸਾਚਾ ਘੋੜਾ ਨਾਮ ਦੌੜਾਇੰਦਾ। ਲੋਆਂ ਪੁਰੀਆਂ ਵਸੇ ਬਾਹਿਰ, ਤ੍ਰੈਲੋਕ ਚਰਨਾਂ ਹੇਠ ਦਬਾਇੰਦਾ। ਚੌਦਾਂ ਲੋਕਾਂ ਪਾਰ ਕਿਨਾਰ, ਬ੍ਰਹਮਾ ਵਿਸ਼ਨ ਦੇਵਤ ਸੁਰ ਰਾਹ ਤਕਾਇੰਦਾ। ਅੰਤਮ ਮੰਗੇ ਲੇਖ ਨਿਆਰ, ਭੇਵ ਅਭੇਦ ਭੇਵ ਖੁਲ੍ਹਾਇੰਦਾ। ਪ੍ਰਗਟ ਹੋ ਵਿਚ ਸੰਸਾਰ, ਧਾਮ ਨਿਆਰ ਇਕ ਸੁਹਾਇੰਦਾ। ਸੰਬਲ ਨਗਰੀ ਕਰ ਉਜਿਆਰ, ਸਾਢੇ ਤਿੰਨ ਬਣਤ ਬਣਾਇੰਦਾ। ਸ਼ਬਦ ਗੁਰ ਡੰਕ ਅਪਾਰ, ਰਾਓ ਰੰਕਾਂ ਆਪ ਸੁਣਾਇੰਦਾ। ਸ੍ਰਿਸ਼ਟ ਸਬਾਈ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਇੰਦਾ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਜੋਤ ਨਿਹਕਲੰਕ ਨਰਾਇਣ ਨਰ, ਲੋਕਮਾਤ ਲਏ ਵਰ, ਆਪ ਆਪਣੇ ਸੰਗ ਰਖਾਇੰਦਾ। ਗੁਰਮੁਖ ਗੁਰਸਿਖ ਸੋਹਿਣ ਸਾਚੇ ਬੰਕ ਦਵਾਰ ਸਚਖੰਡ, ਸਤਿਗੁਰ ਪੂਰੇ ਪਾਈ ਵੰਡ, ਮਨਮੁੱਖ ਗੁਰਮੁਖ ਜੋ ਆਏ ਦਰ ਦਏ ਵਰ, ਏਕਾ ਰੰਗ ਰੰਗਾਇੰਦਾ।