੪ ਮੱਘਰ ੨੦੧੫ ਬਿਕਰਮੀ ਇਟਾਰਸੀ ਸ਼ਹਿਰ
ਮਨਮਤ ਜਗਤ ਵਿਭਚਾਰ, ਗੁਰਮਤ ਹਰਿ ਸ਼ਰਨਾਈਆ। ਪੰਜ ਤਤ ਵਿਕਾਰਾ ਜਗਤ ਹੰਕਾਰ, ਨਾਮ ਵੱਥ ਵੱਡੀ ਵਡਿਆਈਆ। ਜੂਠ ਝੂਠ ਮੋਹ ਪਿਆਰ, ਚਰਨ ਕਵਲ ਸਹਿਜ ਸੁਖਦਾਈਆ। ਗੁਰਸਿਖ ਸਾਚੀ ਸਚ ਵਿਚਾਰ, ਅੰਤਰ ਮੰਤਰ ਹਰਿ ਲਿਵ ਲਾਈਆ। ਮੇਟੇ ਗੜ੍ਹ ਕਾਇਆ ਹੰਕਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਰਮਤ ਮੈਲ ਧਵਾਈਆ। ਮਨ ਅੰਧਲਾ ਮਾਇਆ ਮਤ, ਦਿਵਸ ਰੈਣ ਅੰਧੇਰਾ। ਗੁਰ ਸਤਿਗੁਰ ਪੂਰਾ ਜਾਣੇ ਮਿਤ ਗਤ, ਸਦ ਵਸੇ ਨੇਰਨ ਨੇਰਾ। ਜਿਸ ਜਨ ਦਇਆ ਕਮਾਏ ਕਰਾਏ ਸਾਚਾ ਹਿੱਤ, ਚੁਕਾਏ ਹੇਰਾ ਫੇਰਾ। ਦਰਸ ਦਿਖਾਏ ਨਿਤ ਨਵਿਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਤਾਰੇ ਕਰ ਕਰ ਮਿਹਰਾ। ਮਿਹਰਵਾਨ ਮਿਹਰਵਾਨ ਮਿਹਰਵਾਨ ਹਰੀ ਹਰਿ ਆਪ ਅਖਵਾਇਆ। ਜਿਸ ਜਨ ਦੇਵੇ ਨਾਮ ਦਾਨ, ਜਗਤ ਵਿਕਾਰਾ ਮੋਹ ਮਿਟਾਇਆ। ਕਾਇਆ ਮੰਦਰ ਸਚ ਮਕਾਨ, ਨੌਂ ਦਵਾਰੇ ਪਾਰ ਕਰਾਇਆ। ਜੋਤ ਨਿਰੰਜਣ ਖੇਲ ਮਹਾਨ, ਦਿਵਸ ਰੈਣ ਡਗਮਗਾਇਆ। ਧੁਨੀ ਨਾਦ ਸੱਚੀ ਧੁਨਕਾਨ, ਅਨਹਦ ਏਕਾ ਤਾਲ ਵਜਾਇਆ। ਸ਼ਬਦੀ ਗੁਰ ਪਵਣ ਮਸਾਣ, ਕਵਰੀ ਭਵਰੀ ਫੋਲ ਫੁਲਾਇਆ। ਪੰਚ ਵਿਕਾਰਾ ਮੇਟ ਸ਼ੈਤਾਨ, ਸਚ ਸੁੱਚ ਵਰਤਾਇਆ। ਆਤਮ ਬ੍ਰਹਮ ਬ੍ਰਹਮ ਗਿਆਨ, ਚਰਨ ਧਿਆਨ ਰਖਾਇਆ। ਰਾਗੀ ਰਾਗ ਸੁਣਾਏ ਕਾਨ, ਆਪ ਆਪਣਾ ਆਪ ਅਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਤਤ ਬੁਝਾਇਆ। ਤਤ ਗਿਆਨ ਸ਼ਬਦ ਪ੍ਰਵੇਸ਼, ਜੋਤੀ ਜੋਤ ਜਗਾਈਆ। ਹਰਿ ਹਰਿ ਸਾਜਣ ਸਚ ਸੰਦੇਸ਼, ਹਰਿਜਨ ਆਪ ਸੁਣਾਈਆ । ਆਪਣੇ ਨੇਤਰ ਆਪੇ ਵੇਖ, ਆਪੇ ਬੂਝ ਬੁਝਾਈਆ। ਆਪੇ ਹੋਏ ਰਿਖੀ ਕੇਸ, ਜਗਤ ਗਵਰਧਨ ਆਪ ਉਠਾਈਆ। ਆਪੇ ਦਾਤਾ ਦਸ ਦਸਮੇਸ਼, ਗੋਬਿੰਦ ਆਪ ਅਖਵਾਈਆ। ਪ੍ਰਗਟ ਹੋਏ ਨਰ ਨਰੇਸ਼, ਨਿਰਗੁਣ ਜੋਤ ਕਰੇ ਰੁਸ਼ਨਾਈਆ। ਜਗਤ ਤਮਾਸ਼ੇ ਆਪੇ ਵੇਖ, ਆਪ ਆਪਣੇ ਗਲੇ ਲਗਾਈਆ। ਲੇਖੇ ਲਾਏ ਚਰਨ ਛੁਹਾਈ ਦਾੜ੍ਹੀ ਕੇਸ, ਤੱਤੀ ਵਾ ਨਾ ਲੱਗੇ ਰਾਈਆ। ਮਸਤਕ ਲਾਏ ਸਾਚੀ ਮੇਖ, ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਦੇਵੇ ਨਾਮ ਵਰ, ਦੁਰਮਤ ਮੈਲ ਮਿਟਾਈਆ। ਅੰਮ੍ਰਿਤ ਆਤਮ ਠਾਂਡਾ ਨੀਰ, ਅੰਮ੍ਰਿਤ ਜਾਮ ਪਿਆਇਆ। ਸਾਂਤਕ ਸਤਿ ਕਰੇ ਸਰੀਰ, ਤ੍ਰਿਸ਼ਨਾ ਤ੍ਰਿਖਾ ਮਿਟਾਇਆ। ਸ਼ਬਦ ਪਹਿਨਾਏ ਸਾਚਾ ਚੀਰ, ਏਕਾ ਏਕ ਬਸਤਰ ਹੱਥ ਰਖਾਇਆ। ਦੂਈ ਦਵੈਤੀ ਕੱਢੇ ਪੀੜ, ਹਉਮੇ ਹੰਗਤਾ ਮਾਰ ਮੁਕਾਇਆ। ਚੋਟੀ ਚਾੜ੍ਹੇ ਆਪ ਅਖ਼ੀਰ, ਸ਼ਬਦ ਪੱਲੂ ਲੜ ਫੜਾਇਆ। ਅੰਤਮ ਬੰਨਣਹਾਰਾ ਬੀੜ, ਘਰ ਸਾਚੇ ਫੇਰਾ ਪਾਇਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਆਪ ਹੋ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਤਾ ਕਰਨੇਹਾਰ ਕਰਨੀ ਕਿਰਤ ਰਿਹਾ ਕਮਾਇਆ। ਗੁਰ ਕਿਰਪਾ ਹਰਿ ਜਾਣਿਆ, ਮੇਲਾ ਬੇਪਰਵਾਹ। ਮੂਰਖ ਮੁਗਧ ਮਨ ਮਾਨਿਆ, ਲੇਖਾ ਲਿਖੇ ਸ਼ਾਹ। ਹੋਏ ਚਤੁਰ ਸੁਘੜ ਸਿਆਣਿਆ, ਜਪੇ ਜਪਾਵੇ ਸਾਚਾ ਨਾਂ। ਨਾਮ ਦੇਵੇ ਵੰਞ ਮੁਹਾਣਿਆ, ਸ਼ੌਹ ਦਰਯਾਏ ਬੇੜਾ ਪਾਰ ਕਰਾ। ਸ਼ਬਦੀ ਸ਼ਬਦ ਸਚ ਬਿਬਾਣਿਆ, ਗੁਰਮੁਖ ਸਾਚੇ ਲਏ ਚੜ੍ਹਾ। ਕਰੇ ਕਰਾਏ ਪੁਣ ਛਾਣਿਆ, ਲੱਖ ਚੁਰਾਸੀ ਜਗਤ ਨਿਆਂ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਅੰਤਮ ਪਕੜੇ ਆਪ ਆਪਣੀ ਬਾਂਹ।
