Granth 07 Likhat 118: 5 Maghar 2015 Bikarmi Gurdwara Singh Sabha Gwalior Shehar

੫ ਮੱਘਰ ੨੦੧੫ ਬਿਕ੍ਰਮੀ ਗੁਰਦਵਾਰਾ ਸਿੰਘ ਸਭਾ ਗਵਾਲੀਅਰ ਸ਼ਹਿਰ

ਹਰਿ ਮੰਦਰ ਹਰਿ ਸੁਹਾਇਆ, ਪਾਰਬ੍ਰਹਮ ਕਰਤਾਰ। ਨਿਰਗੁਣ ਜੋਤੀ ਨੂਰ ਰੁਸ਼ਨਾਇਆ, ਅਲੱਖ ਅਗੰਮ ਅਪਾਰ। ਆਦਿ ਨਿਰੰਜਣ ਵੇਸ ਵਟਾਇਆ, ਕਲਜੁਗ ਤੇਰੀ ਅੰਤਮ ਵਾਰ, ਨਿਹਕਲੰਕਾ ਨਾਉਂ ਰਖਾਇਆ, ਸ਼ਬਦ ਡੰਕਾ ਅਪਰ ਅਪਾਰ। ਚਾਰੋਂ ਕੁੰਟਾਂ ਰਿਹਾ ਉਠਾਇਆ, ਲੱਖ ਚੁਰਾਸੀ ਖ਼ਬਰਦਾਰ। ਸ਼ਾਹ ਸੁਲਤਾਨਾ ਰਿਹਾ ਹਿਲਾਇਆ, ਲੋਆਂ ਪੁਰੀਆਂ ਪਾਵੇ ਸਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਪਰ ਅਪਾਰ। ਪੁਰਖ ਅਕਾਲ ਦੀਨ ਦਿਆਲ, ਹਰਿ ਹਰਿ ਜੋਤ ਜਗਾਈਆ। ਖੇਲੇ ਖੇਲ ਦੋ ਜਹਾਨ, ਦਿਸ ਕਿਸੇ ਨਾ ਆਈਆ। ਨਿਹਕਲੰਕ ਬਲੀ ਬਲਵਾਨ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਗੋਬਿੰਦ ਜੋਧਾ ਸੂਰਬੀਰ ਬਲੀ ਬਲਵਾਨ, ਸਗਲਾ ਸੰਗ ਨਿਭਾਈਆ। ਰਸਨਾ ਚਿੱਲਾ ਤੀਰ ਕਮਾਨ, ਨਾਮ ਖੰਡਾ ਹੱਥ ਉਠਾਈਆ। ਲੱਖ ਚੁਰਾਸੀ ਵੇਖੇ ਮਾਰ ਧਿਆਨ, ਹਰ ਘਟ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਅੰਤਮ ਵੇਸ ਵਟਾਈਆ। ਪਾਰਬ੍ਰਹਮ ਪੁਰਖ ਕਰਤਾਰ, ਏਕਾ ਏਕ ਅਖਵਾਇਆ। ਆਦਿ ਅੰਤ ਲਏ ਅਵਤਾਰ, ਜੁਗ ਜੁਗ ਵੇਸ ਵਟਾਇਆ। ਵੇਖੇ ਵਿਗਸੇ ਕਰੇ ਵਿਚਾਰ, ਭੇਵ ਕਿਸੇ ਨਾ ਪਾਇਆ। ਨਿਰਗੁਣ ਰੂਪ ਹੋ ਉਜਿਆਰ, ਲੋਕਮਾਤ ਵੇਖ ਵਖਾਇਆ । ਸ੍ਰਿਸ਼ਟ ਸਬਾਈ ਦਏ ਹੁਲਾਰ, ਨਾਮ ਹੁਲਾਰਾ ਇਕ ਲਗਾਇਆ। ਚਾਰ ਵਰਨਾਂ ਇਕ ਦਵਾਰ, ਏਕਾ ਬੂਝ ਬੁਝਾਇਆ। ਏਕਾ ਨਾਮ ਇਕ ਜੈਕਾਰ, ਏਕਾ ਸ਼ਬਦ ਜਣਾਇਆ। ਖੜਗ ਖੰਡਾ ਇਕ ਕਟਾਰ, ਤੇਜ ਪ੍ਰਚੰਡਾ ਹੱਥ ਉਠਾਇਆ। ਬ੍ਰਹਿਮੰਡ ਖੰਡ ਪਾਵੇ ਸਾਰ, ਜੇਰਜ ਅੰਡ ਫੋਲ ਫੁਲਾਇਆ। ਮਨਮੁਖ ਜੀਵ ਦੁਹਾਗਣ ਨਾਰ ਰੰਡ, ਕਲਜੁਗ ਅੰਤਮ ਦਏ ਮਿਟਾਇਆ। ਰਹਿਣ ਨਾ ਦੇਵੇ ਭੇਖ ਪਖੰਡ, ਕੂੜੀ ਕਿਰਿਆ ਦਏ ਮਿਟਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਅਪਣਾ ਵੇਸ ਵਟਾਇਆ। ਨਰ ਨਰਾਇਣ ਹਰਿ ਭਗਵੰਤ, ਅਕਲ ਕਲਾ ਅਖਵਾਈਆ। ਗੁਰਮੁਖ ਵੇਖੇ ਸਾਜਣ ਸੰਤ, ਦਹਿ ਦਿਸ਼ਾ ਫੇਰੀ ਪਾਈਆ। ਆਪ ਬਣਾਏ ਆਪਣੀ ਬਣਤ, ਜੁਗ ਜੁਗ ਵੱਡੀ ਵਡਿਆਈਆ। ਏਕਾ ਨਾਮ ਰਸਨਾ ਜਿਹਵਾ ਮਣੀਆ ਮੰਤ, ਏਕਾ ਸਵਾਸ ਚਲਾਈਆ। ਸਦ ਸਦ ਮਹਿਮਾ ਗਣਤ ਅਗਣਤ, ਲੇਖਾ ਲੇਖ ਵਿਚ ਨਾ ਆਈਆ। ਦਰ ਦਰਵੇਸ ਜੁਗਾ ਜੁਗੰਤ, ਧਰਤ ਧਵਲ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਵੇਖੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਨਿਰੰਕਾਰ, ਏਕਾ ਏਕੰਕਾਰਿਆ। ਲੋਕਮਾਤ ਹੋ ਉਜਿਆਰ, ਆਪ ਆਪਣਾ ਨਾਉਂ ਧਰਾ ਲਿਆ। ਵੇਦ ਵਿਆਸਾ ਮੀਤ ਮੁਰਾਰ, ਗੁਰ ਗੋਬਿੰਦ ਸੰਗ ਨਿਭਾ ਲਿਆ। ਸੰਤ ਸੁਹੇਲੇ ਲਾਏ ਪਾਰ, ਗੁਰ ਚੇਲੇ ਵੇਖ ਵਖਾ ਰਿਹਾ। ਮਨਮੁਖ ਡੁੱਬੇ ਵਿਚ ਮੰਝਧਾਰ, ਕਲਜੁਗ ਕੂੜਾ ਵੇਖ ਵਖਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਨਾਉਂ ਉਪਾ ਲਿਆ। ਨਾਉਂ ਉਪਾਇਆ ਹਰਿ ਨਿਰੰਕਾਰ, ਏਕਾ ਜੋਤ ਜਗਾਈਆ। ਇਕ ਇਕੱਲਾ ਖੇਲ ਅਪਾਰ, ਲੇਖਾ ਲਿਖਤ ਵਿਚ ਨਾ ਆਈਆ। ਬ੍ਰਹਮਾ ਵਿਸ਼ਨ ਦੇਵਤ ਸੁਰ ਦਏ ਹੁਲਾਰ, ਸ਼ਬਦ ਹੁਲਾਰਾ ਇਕ ਰਖਾਈਆ। ਕਲਜੁਗ ਤੇਰਾ ਪਾਰ ਕਿਨਾਰ, ਸੰਮਤ ਸੰਮਤੀ ਦਏ ਵਡਿਆਈਆ। ਖੇਲੇ ਖੇਲ ਅੰਤਮ ਵਾਰ, ਕਰਨੀ ਕਰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਵੇਸ ਵਟਾਈਆ। ਜੋਤੀ ਜਾਮਾ ਹਰਿ ਭਗਵਾਨਾ, ਆਪਣੀ ਕਲ ਵਰਤਾਈਆ। ਖੇਲੇ ਖੇਲ ਦੋ ਜਹਾਨਾਂ, ਪਤਾਲ ਅਕਾਸ਼ ਵੇਖ ਵਖਾਈਆ। ਲੱਖ ਚੁਰਾਸੀ ਬੰਨ੍ਹੇ ਗਾਨਾ, ਆਪਣਾ ਸਗਨ ਮਨਾਈਆ। ਗੁਰਮੁਖ ਸਾਜਣ ਕਰ ਪਛਾਣਾ, ਆਪ ਆਪਣਾ ਮੇਲ ਮਿਲਾਈਆ। ਧਰਮ ਝੁਲਾਏ ਇਕ ਨਿਸ਼ਾਨਾ, ਏਕਾ ਰੰਗ ਰੰਗਾਈਆ। ਵੇਖੇ ਖੇਲ ਗੋਪੀ ਕਾਹਨਾ, ਮੰਡਲ ਮੰਡਪ ਆਪ ਸੁਹਾਈਆ। ਏਕਾ ਪਦ ਦੱਸੇ ਨਿਰਬਾਣਾ, ਅਮਰਾਪਦ ਆਪ ਸਮਾਈਆ। ਜੋਧਾ ਸੂਰ ਬਲੀ ਬਲਵਾਨਾ, ਨਿਰਗੁਣ ਜੋਤ ਨੂਰ ਕਰੇ ਰੁਸ਼ਨਾਈਆ। ਏਕਾ ਚਿੱਲਾ ਤੀਰ ਕਮਾਨਾ, ਸ੍ਰਿਸ਼ਟ ਸਬਾਈ ਰਿਹਾ ਉਠਾਈਆ। ਵੇਖ ਵਖਾਏ ਜੀਵ ਜਹਾਨਾਂ, ਸਾਧਾਂ ਸੰਤਾਂ ਲਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਰਚਨ ਰਚਾਈਆ। ਕਲਜੁਗ ਤੇਰਾ ਅੰਤਮ ਰਾਹ, ਹਰਿ ਹਰਿ ਵੇਖ ਵਖਾਇੰਦਾ। ਗੁਰਮੁਖ ਵੇਖੇ ਥਾਉਂ ਥਾਂ, ਆਪ ਆਪਣਾ ਭੇਵ ਖੁਲ੍ਹਾਇੰਦਾ। ਕਰਤਾ ਕਰੇ ਸਚ ਨਿਆਂ, ਜੁਗ ਜੁਗ ਵੇਸ ਵਟਾਇੰਦਾ। ਜਿਸ ਜਨ ਦੇਵੇ ਆਪਣਾ ਨਾਂ, ਆਪਣੀ ਬੂਝ ਬੁਝਾਇੰਦਾ। ਨਿਥਾਵਿਆਂ ਦੇਵੇ ਸਾਚਾ ਥਾਂ, ਘਰ ਸਾਚਾ ਇਕ ਸੁਹਾਇੰਦਾ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇੰਦਾ। ਸਦਾ ਸੁਹੇਲਾ ਦੇਵੇ ਠੰਡੀ ਛਾਂ, ਸਿਰ ਹੱਥ ਸਮਰਥ ਟਿਕਾਇੰਦਾ। ਆਪੇ ਪਿਤਾ ਆਪੇ ਮਾਂ, ਬਾਲ ਅਞਾਣੇ ਗੋਦ ਉਠਾਇੰਦਾ। ਫੜਣਹਾਰਾ ਸਾਚੀ ਬਾਂਹ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰ ਹਰਿ ਸਮਰਥਾ, ਅਕਲ ਕਲਾ ਅਖਵਾਈਆ। ਜੁਗ ਜੁਗ ਚਲਾਏ ਆਪਣਾ ਰਥਾ, ਰਥ ਰਥਵਾਹੀ ਆਪ ਅਖਵਾਈਆ। ਲੱਖ ਚੁਰਾਸੀ ਪਾਏ ਨੱਥਾ, ਜੀਵਾਂ ਜੰਤਾਂ ਆਪ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਪੰਦਰਾਂ ਵਡ ਵਡਿਆਈਆ । ਸੰਮਤ ਪੰਦਰਾਂ ਭੇਖ ਅਗੰਮਾ, ਹਰਿ ਹਰਿ ਆਪ ਕਰਾਇੰਦਾ। ਹੱਡ ਮਾਸ ਨਾੜੀ ਨਾ ਦਿਸੇ ਚੰਮਾ, ਨਾ ਕੋਈ ਬਣਤ ਬਣਾਇੰਦਾ। ਪਵਣ ਸਵਾਸੀ ਲਏ ਨਾ ਦਮਾ, ਨੇਤਰ ਨੀਰ ਨਾ ਕੋਈ ਵਹਾਇੰਦਾ। ਆਦਿ ਜੁਗਾਦੀ ਏਕਾ ਕੰਮਾ, ਆਪੇ ਆਪ ਕਰਾਇੰਦਾ। ਦੋ ਜਹਾਨਾਂ ਬੇੜਾ ਬੰਨ੍ਹਾ, ਬੰਨਣਹਾਰ ਆਪ ਅਖਵਾਇੰਦਾ। ਗੁਰਮੁਖ ਚਰਨ ਲਗਾਏ ਜਿਉਂ ਧੰਨ ਧੰਨਾ, ਆਪ ਅਪਣੀ ਦਇਆ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਮੇਲ ਮਿਲਾਇੰਦਾ। ਮੇੇਲ ਮਿਲਾਵਾ ਹਰਿ ਗੋਬਿੰਦ, ਹਰਿਜਨ ਵੱਡੀ ਵਡਿਆਈਆ। ਮੇਟ ਮਿਟਾਏ ਸਗਲੀ ਚਿੰਦ, ਜੋ ਜਨ ਰਹੇ ਸਰਨਾਈਆ। ਅੰਮ੍ਰਿਤ ਆਤਮ ਦੇਵੇ ਸਾਗਰ ਸਿੰਧ, ਸਾਚਾ ਤਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਵੇਖ ਵਖਾਈਆ। ਅੰਤਮ ਵੇਲਾ ਹਰਿ ਘਰ ਪਾਇਆ, ਹਰਿ ਵੱਜੀ ਵਧਾਈਆ। ਪੁਰਖ ਅਬਿਨਾਸ਼ੀ ਮੰਗਲ ਗਾਇਆ, ਹਉਮੇ ਰੋਗ ਗਵਾਈਆ। ਸੇਜ ਸੁਹੰਜਣੀ ਸਚ ਹੰਢਾਇਆ, ਆਤਮ ਦਰ ਖੁਲ੍ਹਾਈਆ। ਬ੍ਰਹਮ ਬ੍ਰਹਿਮਾਦ ਖੋਜ ਖੁਜਾਇਆ, ਜੇਰਜ ਅੰਡ ਤੋੜ ਤੁੜਾਇਆ। ਭੇਖ ਪਖੰਡ ਬੇੜਾ ਪਾਰ ਕਰਾਇਆ, ਏਕਾ ਤਤ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਰਚਨ ਰਚਾਈਆ। ਆਪਣਾ ਮੇਲਾ ਹਰਿ ਨਿਰੰਕਾਰ, ਆਪਣਾ ਆਪ ਕਰਾਈਆ। ਗੁਰ ਚੇਲਾ ਸੋਹੇ ਇਕ ਦਵਾਰ, ਗੁਰ ਗੋਬਿੰਦ ਵੇਖ ਵਖਾਈਆ। ਮਾਤ ਪਿਤਾ ਕਰ ਪਿਆਰ, ਆਪ ਆਪਣੇ ਰੰਗ ਰੰਗਾਈਆ। ਹਰਿ ਜੀ ਸੁਹਾਏ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਖੇਵਟ ਖੇਟਾ ਬਣ ਮਲਾਹ, ਬੇੜਾ ਇਕ ਚਲਾਈਆ। ਪੰਚਮ ਬੈਠਾ ਡੇਰਾ ਲਾ, ਲੋਕਮਾਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਤੇਰਾ ਸਾਚਾ ਗੜ੍ਹ ਸੁਹਾਈਆ। ਗੋਬਿੰਦ ਤੇਰਾ ਸਾਚਾ ਗੜ੍ਹ, ਹਰਿ ਹਰਿ ਵੇਖ ਵਖਾਇੰਦਾ। ਹਰੀ ਹਰਿ ਆਪੇ ਬੈਠਾ ਵੜ, ਦਿਸ ਕਿਸੇ ਨਾ ਆਇੰਦਾ। ਸਮਰਥ ਪੁਰਖ ਅੱਗੇ ਖੜ੍ਹ, ਆਪ ਆਪਣਾ ਭੇਵ ਖੁਲ੍ਹਾਇੰਦਾ। ਨਾ ਕੋਈ ਸੀਸ ਨਾ ਕੋਈ ਧੜ, ਪੰਜ ਤਤ ਨਾ ਕੋਈ ਵਖਾਇੰਦਾ। ਆਪਣੀ ਵਿਦਿਆ ਆਪੇ ਪੜ੍ਹ, ਆਪ ਆਪਣਾ ਮੂਲ ਚੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਸੰਗਤ ਵੇਖ ਵਖਾਇੰਦਾ। ਗੁਰਮੁਖ ਸਾਜਣ ਸਾਚਾ ਮਾਣ, ਹਰ ਘਰ ਵੱਜੀ ਵਧਾਈਆ। ਗੁਰਸਿਖ ਸੰਗ ਸ਼ਬਦ ਬਿਬਾਣ, ਏਕਾ ਨਾਮ ਚੜ੍ਹਾਈਆ। ਦੇਵਣਹਾਰਾ ਧੁਰ ਫ਼ਰਮਾਣ, ਅਨੰਤ ਕਲਾ ਵਰਤਾਈਆ। ਜਿਸ ਜਨ ਅੰਮ੍ਰਿਤ ਆਤਮ ਦੇਵੇ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਸੰਤ ਸਾਧ ਸਾਧ ਸੰਤ ਬਖ਼ਸ਼ੇ ਚਰਨ ਧਿਆਨ, ਆਤਮ ਅੰਤਰ ਇਕ ਲਿਵ ਲਾਈਆ। ਆਤਮ ਜੋਤੀ ਬ੍ਰਹਮ ਗਿਆਨ, ਪਾਰਬ੍ਰਹਮ ਸੱਚੀ ਸ਼ਰਨਾਈਆ। ਏਕਾ ਰੰਗ ਸ੍ਰੀ ਭਗਵਾਨ, ਦੂਜੀ ਵਸਤ ਨਜ਼ਰ ਨਾ ਆਈਆ। ਤੀਜਾ ਨੈਣ ਖੇਲ ਮਹਾਨ, ਏਕਾ ਦ੍ਰਿਸ਼ਟ ਖੁਲ੍ਹਾਈਆ। ਚੌਥੇ ਦਰ ਵਡ ਬਲਵਾਨ, ਪੁਰਖ ਅਬਿਨਾਸ਼ਾ ਮੇਲ ਮਿਲਾਈਆ। ਪੰਚਮ ਸੋਹੇ ਦਰ ਦਰਬਾਨ, ਪੰਚਮ ਵੇਖ ਵਖਾਈਆ। ਦੀਪਕ ਜੋਤੀ ਇਕ ਮਹਾਨ, ਸਤਿਗੁਰ ਪੂਰਾ ਆਪ ਜਗਾਈਆ। ਕਮਲਾਪਾਤੀ ਖੇਲ ਮਹਾਨ, ਨੇਤਰ ਨੈਣਾਂ ਦਰਸ ਦਿਖਾਈਆ। ਲਹਿਣਾ ਦੇਣਾ ਬਾਕੀ ਚੁਕਾਏ ਵਿਚ ਜਹਾਨ, ਆਪ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿਸੰਗਤ ਵਡ ਵਡਿਆਈਆ। ਸੰਗਤ ਸਵਾਗਤ ਹਰਿ ਹਰਿ ਪਾਇਆ, ਹਰਿ ਨਾਮੇ ਵੱਜੀ ਵਧਾਈਆ। ਰਾਗ ਰਾਗਨੀ ਰਾਗ ਗਾਇਆ, ਰਾਗੀ ਨਾਦੀ ਇਹ ਅਲਾਈਆ। ਜਾਗਰਤ ਜਾਗਰਤ ਜਾਗਰਤ ਗੁਰ ਨਜ਼ਰੀ ਆਇਆ, ਸਤਿਗੁਰ ਪੂਰੇ ਵਡ ਵਡਿਆਈਆ। ਭਾਗਤ ਭਾਗਤ ਭਾਗਤ ਦਰ ਦਵਾਰ ਸੁਹਾਇਆ, ਬੰਕ ਦਵਾਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਨਾਮ ਵਰ, ਗੁਰਮੁਖਾਂ ਦੇਵੇ ਵਡ ਵਡਿਆਈਆ। ਵਡ ਵਡਿਆਈ ਗੁਰਸਿਖ, ਗੁਰਮਤ ਹਰਿ ਹਰਿ ਭਾਈਆ। ਸਾਚਾ ਲੇਖਾ ਦੇਵੇ ਲਿਖ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰੂਦਵਾਰੇ ਨਾਮ ਭਿੱਖ, ਗੁਰ ਪੂਰਾ ਝੋਲੀ ਪਾਈਆ। ਦੂਈ ਦਵੈਤੀ ਉਤਰੇ ਵਿਖ, ਮਾਇਆ ਮਮਤਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੇ ਨੇਤਰ ਆਪੇ ਪੇਖ, ਆਪੇ ਲਏ ਜਗਾਈਆ। ਗੁਰਮੁਖ ਸੋਇਆ ਆਪ ਜਗਾਏ, ਜੁਗ ਜੁਗ ਵੱਡੀ ਵਡਿਆਈਆ। ਫੜ ਫੜ ਬਾਹੋਂ ਮਾਰਗ ਪਾਏ, ਏਕਾ ਬੂਝ ਬਝਾਈਆ। ਧੁਨ ਅਨਾਦੀ ਰਾਗ ਸੁਣਾਏ, ਅਨਹਦ ਤਾਲ ਵਜਾਈਆ। ਚਰਨ ਧੂੜ ਅਸ਼ਨਾਨ ਮਾਘੀ ਆਪ ਕਰਾਏ, ਦੁਰਮਤ ਮੈਲ ਗਵਾਈਆ। ਹਉਮੇ ਝੂਠਾ ਰੋਗ ਗਵਾਏ, ਸਚ ਸੁੱਚ ਕਰੇ ਕੁੜਮਾਈਆ। ਹੰਸ ਕਾਗੀ ਆਪ ਬਣਾਏ, ਮਾਤਲੋਕੀ ਜੋਤ ਜਗਾਈਆ। ਵਾਦ ਵਿਵਾਦੀ ਰਹਿਣ ਨਾ ਪਾਏ, ਜੋ ਜਨ ਰਹੇ ਸ਼ਰਨਾਈਆ। ਮੋਹਣ ਮਾਧਵ ਮਾਧੀ ਦਰਸ ਦਖਾਏ, ਕਵਲ ਨੈਣ ਵੱਡੀ ਵਡਿਆਈਆ। ਆਦਿ ਜੁਗਾਦੀ ਵੇਸ ਵਟਾਏ, ਵਡਾ ਦਾਤਾ ਬੇਪਰਵਾਹੀਆ। ਨਾਨਕ ਗੋਬਿੰਦ ਲੇਖ ਲਿਖਾਏ, ਨਿਰਗੁਣ ਸਰਗੁਣ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਏਕਾ ਡੰਕ ਵਜਾਏ, ਸ਼ਾਹ ਸੁਲਤਾਨ ਰਾਜ ਰਾਜਾਨ ਸੋਏ ਰਿਹਾ ਆਪ ਉਠਾਈਆ।