Granth 07 Likhat 121: 9 Maghar 2015 Bikarmi Sant Hira Singh de nal Gurdwara Gur Teg Bahadar Mathura Shehar Wich

੯ ਮੱਘਰ ੨੦੧੫ ਬਿਕ੍ਰਮੀ ਸੰਤ ਹੀਰਾ ਸਿੰਘ ਦੇ ਨਾਲ ਗੁਰਦਵਾਰਾ ਗੁਰ ਤੇਗ ਬਹਾਦਰ ਮਥਰਾ ਸ਼ਹਿਰ ਵਿਚ

ਗੁਰ ਪਰਸਾਦਿ ਗੁਰ ਭੇਟਿਆ, ਗੁਰ ਪਾਰਬ੍ਰਹਮ ਕਰਤਾਰ। ਸਤਿਗੁਰ ਸਾਚਾ ਖੇਵਟ ਖੇਟਿਆ, ਦੋ ਜਹਾਨਾਂ ਲਾਏ ਪਾਰ। ਹਰਿਜਨ ਉਪਜਾਏ ਸਾਚਾ ਬੇਟਿਆ, ਵੇਖ ਵਖਾਏ ਸਰਬ ਸੰਸਾਰ। ਨਾਮ ਦੋਸ਼ਾਲੇ ਆਪ ਲਪੇਟਿਆ, ਰੂਪ ਰੰਗ ਅਪਰ ਅਪਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਖੇਲੇ ਖੇਲ ਅਪਾਰ। ਹਰਿ ਪ੍ਰਸਾਦਿ ਹਰਿ ਭਾਇਆ, ਘਰ ਸਾਚੇ ਵੱਜੇ ਵਧਾਈਆ। ਨਿਰਗੁਣ ਨੂਰ ਇਕ ਸਮਾਇਆ, ਸਰਗੁਣ ਵੇਖ ਵਖਾਈਆ। ਅਕਾਲ ਮੂਰਤ ਦਇਆ ਕਮਾਇਆ, ਅਜੂਨੀ ਰਹਿਤ ਵੱਡੀ ਵਡਿਆਈਆ। ਗੁਰਸਿਖ ਸਾਚੇ ਲਏ ਜਗਾਇਆ, ਆਪ ਆਪਣੀ ਬੂਝ ਬੁਝਾਈਆ। ਏਕਾ ਸੰਤ ਬ੍ਰਹਮ ਸਮਝਾਇਆ, ਆਤਮ ਬ੍ਰਹਮ ਭੇਵ ਖੁਲ੍ਹਾਈਆ। ਮਾਨਸ ਜਨਮ ਲੇਖੇ ਲਾਇਆ, ਜੋ ਜਨ ਆਏ ਸਰਨਾਈਆ। ਕਰਮ ਧਰਮ ਦਏ ਵਖਾਇਆ, ਪੂਰਬ ਲਹਿਣਾ ਝੋਲੀ ਪਾਈਆ। ਸਮਰਥ ਹੱਥ ਸਿਰ ਟਿਕਾਇਆ, ਦੋ ਜਹਾਨਾਂ ਵੇਖ ਵਖਾਈਆ। ਅਕਥਨੀ ਕਥਾ ਸ਼ਬਦ ਜਣਾਇਆ, ਬੋਧ ਅਗਾਧ ਭੇਵ ਨਾ ਰਾਇਆ। ਨਾਮ ਸਾਚੇ ਰਥ ਚੜ੍ਹਾਇਆ, ਲੋਕ ਪ੍ਰਲੋਕ ਪਾਰ ਕਰਾਈਆ। ਸਾਢੇ ਤਿੰਨ ਹੱਥ ਵਕਤ ਚੁਕਾਇਆ, ਲੱਖ ਚੁਰਾਸੀ ਫੰਦ ਕਟਾਈਆ। ਜਗਤ ਹਉਮੇ ਸਹਿੰਸਾ ਰੋਗ ਗਵਾਇਆ, ਚਰਨ ਕਵਲ ਕਵਲ ਚਰਨ ਸਚ ਸਰਨਾਈ ਇਕ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਪ੍ਰਸਾਦਿ ਗੁਰ ਪ੍ਰਸਾਦੀ, ਦਰ ਦਰ ਏਕਾ ਪਾਈਆ। ਹਰਿ ਪ੍ਰਸਾਦਿ ਹਰਿ ਜਾਣਿਆ, ਹਰਿ ਹਰਿ ਰੂਪ ਅਪਾਰ। ਗੁਰਸਿਖ ਚਲੇ ਸਤਿਗੁਰ ਭਾਣਿਆ, ਆਤਮ ਅੰਤਰ ਇਕ ਪਿਆਰ,। ਆਪ ਆਪਣਾ ਮੂਲ ਪਛਾਣਿਆਂ, ਹਉਮੇ ਹੰਗਤਾ ਰੋਗ ਨਿਵਾਰ। ਏਕਾ ਬਖ਼ਸ਼ੇ ਚਰਨ ਧਿਆਨਿਆ, ਸਚ ਦਵਾਰਾ ਏਕੰਕਾਰ। ਅਕਲ ਕਲਾ ਆਪ ਅਖਵਾਨਿਆ, ਜੁਗ ਜੁਗ ਮਾਤ ਲਏ ਅਵਤਾਰ। ਕਲਜੁਗ ਅੰਤਮ ਜਗਤ ਪਛਾਣਿਆ, ਲੱਖ ਚੁਰਾਸੀ ਹੋਏ ਖ਼ਵਾਰ। ਗੁਰਮੁਖ ਵਿਰਲਾ ਚਤੁਰ ਸੁਘੜ ਸਿਆਣਿਆ, ਘਰ ਪਾਵੇ ਮੀਤ ਮੁਰਾਰ। ਆਤਮ ਸੇਜਾ ਇਕ ਸੁਹਾਣਿਆ, ਜੋਤ ਨਿਰੰਜਣ ਕਰ ਉਜਿਆਰ। ਅਨਹਦ ਧੁਨੀ ਨਾਦ ਵਜਾਨਿਆ, ਆਤਮ ਧੁਨ ਅਪਰ ਅਪਾਰ। ਮਿਲੇ ਮੇਲ ਸ੍ਰੀ ਭਗਵਾਨਿਆ, ਵਿਛੜ ਨਾ ਜਾਏ ਵਿਚ ਸੰਸਾਰ। ਆਵਣ ਜਾਵਣ ਫੰਦ ਕਟਾਨਿਆ, ਲੱਖ ਚੁਰਾਸੀ ਗੇੜ ਨਿਵਾਰ। ਲੱਗੇ ਭੋਗ ਦਰ ਪਰਵਾਨਿਆ, ਏਥੇ ਓਥੇ ਦੋ ਜਹਾਨਾਂ ਪਾਏ ਸਾਰ। ਪਾਰਬ੍ਰਹਮ ਅਬਿਨਾਸ਼ੀ ਕਰਤਾ ਇਕ ਵਖਾਏ ਧਰਮ ਨਿਸ਼ਾਨਿਆ, ਧੁਰਦਰਗਾਹੀ ਅਪਰ ਅਪਾਰ। ਗੋਬਿੰਦ ਖੇਲ ਜਗਤ ਮਹਾਨਿਆ, ਨਾਨਕ ਨਿਰਗੁਣ ਸਾਚੀ ਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਜਣ ਦੇਵੇ ਵਰ, ਬਿਰਧ ਬਾਲ ਜਵਾਨ ਅਵਸਥਾ ਰਿਹਾ ਤਾਰ। ਬਾਲ ਜਵਾਨੀ ਜਗਤ ਬੁੜੇਪਾ, ਹਰਿ ਹਰਿ ਰੰਗ ਰੰਗਾਇਆ। ਆਤਮ ਅੰਤਰ ਆਪਣੇ ਨੇਤਰ ਆਪੇ ਪੇਖਾ, ਭੇਵ ਅਭੇਦ ਗਵਾਇਆ। ਲਿਖਣਹਾਰਾ ਸਾਚਾ ਲੇਖਾ, ਧੁਰਦਰਗਾਹੀ ਨਜ਼ਰੀ ਆਇਆ। ਜਿਸ ਜਨ ਕੱਢੇ ਭਰਮ ਭੁਲੇਖਾ, ਮਾਇਆ ਮੋਹ ਚੁਕਾਇਆ। ਲੇਖੇ ਲਾਏ ਧਾਰੀ ਕੇਸਾ, ਗੁਰ ਗੋਬਿੰਦ ਰੂਪ ਵਟਾਇਆ। ਖੇਲੇ ਖੇਲ ਦਸ ਦਸਮੇਸਾ, ਨਿਰਗੁਣ ਸਰਗੁਣ ਰੰਗ ਰੰਗਾਇਆ। ਦਰ ਦਵਾਰ ਕੋਟਨ ਕੋਟ ਬ੍ਰਹਮਾ ਵਿਸ਼ਨ ਮਹੇਸ਼ ਗਣੇਸ਼ਾ, ਭੇਵ ਕਿਸੇ ਨਾ ਪਾਇਆ। ਗੁਰਮੁਖਾਂ ਦਰ ਦਵਾਰੇ ਹਰਿ ਹਰਿ ਨਰ ਨਰੇਸ਼ਾ, ਦਰ ਦਰਵੇਸ਼ਾ, ਬਨ ਮਥਰਾ ਫੇਰਾ ਪਾਇਆ। ਮੰਮਾ l ਮੋਹ ਪਿਆਰ, ਹਰਿਜਨ ਸਰਨਾਈਆ। ਥੱਥਾ l ਥਿਰ ਘਰ ਸੱਚਾ ਦਰਬਾਰ, ਪੁਰਖ ਅਬਿਨਾਸ਼ੀ ਬੈਠਾ ਡੇਰਾ ਲਾਈਆ। ਰਾਰਾ l ਰਾਮ ਰੂਪ ਕਰਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਅਗੰਮ ਅਗੋਚਰ ਖੇਲ ਅਪਾਰ, ਲੱਖ ਚੁਰਾਸੀ ਰਿਹਾ ਸਮਾਈਆ। ਸੱਜਣ ਸੁਹੇਲੇ ਰਿਹਾ ਤਾਰ, ਆਪ ਆਪਣੀ ਕਲ ਵਰਤਾਈਆ। ਕਲਜੁਗ ਅੰਤਮ ਲਏ ਅਵਤਾਰ, ਨਾਨਕ ਗੋਬਿੰਦ ਜੋਤ ਜਗਾਈਆ। ਨਿਹਕਲੰਕਾ ਡੰਕ ਅਪਾਰ, ਸ਼ਬਦ ਸ਼ਬਦੀ ਆਪ ਵਜਾਈਆ। ਰਾਓ ਰੰਕਾਂ ਕਰੇ ਖ਼ਬਰਦਾਰ, ਸੋਇਆ ਕੋਈ ਰਹਿਣ ਨਾ ਪਾਈਆ। ਲੱਖ ਚੁਰਾਸੀ ਹਾਹਾਕਾਰ, ਦਿਵਸ ਰੈਣ ਰਹੀ ਕੁਰਲਾਈਆ। ਭਗਤ ਸੋਹਿਣ ਸਚ ਦਵਾਰ, ਬੰਕ ਦਵਾਰਾ ਇਕ ਵਖਾਈਆ। ਆਦਿਨ ਅੰਤਾ ਜੁਗਾ ਜੁਗੰਤਾ ਭੇਖ ਅਪਾਰ, ਭੇਖਾਧਾਰੀ ਭੇਖ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਿਸ ਜਨ ਵਖਾਏ ਸਾਚਾ ਘਰ, ਗੋਪੀ ਕਾਹਨ ਨਜ਼ਰੀ ਆਈਆ। ਸੁਰਤੀ ਗੋਪੀ ਹਰਿ ਹਰਿ ਕਾਹਨ, ਕਾਇਆ ਮਥਰਾ ਆਪ ਸੁਹਾਈਆ। ਨਾਮ ਰਖਾਏ ਸਚ ਨਿਸ਼ਾਨ, ਧਰਮ ਦਵਾਰੇ ਆਪ ਝੁਲਾਈਆ। ਧੁਨੀ ਰਾਗ ਸਾਚੇ ਕਾਹਨ, ਅਨਹਦ ਤਾਲ ਵਜਾਈਆ। ਅੰਮ੍ਰਿਤ ਆਤਮ ਪੀਣ ਖਾਣ, ਤ੍ਰਿਸ਼ਨਾ ਭੁੱਖ ਮਿਟਾਈਆ। ਬੰਦ ਕਿਵਾੜੀ ਆਪ ਤੁੜਾਨ, ਬਜ਼ਰ ਕਪਾਟੀ ਸਿਲਾ ਹਟਾਈਆ। ਦਸਮ ਦਵਾਰੀ ਮੇਲ ਮਿਲਾਣ, ਜੋਤੀ ਜੋਤ ਸਮਾਈਆ। ਆਤਮ ਸੇਜਾ ਹੋ ਪ੍ਰਧਾਨ, ਹਰਿ ਬੈਠਾ ਬੇਪਰਵਾਹੀਆ। ਪੰਜ ਤਤ ਨਾ ਕੋਈ ਪਛਾਣ, ਮਨ ਮਤ ਬੁੱਧ ਨਾ ਕੋਈ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਦੇਵੇ ਸਾਚਾ ਵਰ, ਸੰਤ ਕੰਤ ਭਗਵੰਤ ਸਾਚੇ ਘਰ ਮੰਗਲ ਗਾਈਆ। ਸੰਤਨ ਨਾਰੀ ਹਰਿ ਭਗਵੰਤਾ, ਕੰਤ ਰੂਪ ਅਖਵਾਇਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤਾ, ਉਤਰ ਕਦੇ ਨਾ ਜਾਇਆ। ਜੋ ਜਨ ਦਰ ਦਵਾਰੇ ਆਏ ਮੰਗਤਾ, ਦਾਤਾ ਦਾਨੀ ਨਾਮ ਝੋਲੀ ਦਏ ਭਰਾਇਆ। ਤੋੜ੍ਹੇ ਗੜ੍ਹ ਹਉਮੇ ਹੰਗਤਾ, ਦੂਈ ਦਵੈਤੀ ਮੇਟ ਮਿਟਾਇਆ। ਮਾਨਸ ਜਨਮ ਨਾ ਹੋਏ ਭੰਗਤਾ, ਆਵਣ ਜਾਵਣ ਲੇਖੇ ਲਾਇਆ। ਜਗਤ ਤ੍ਰਿਸ਼ਨਾ ਮੇਟੇ ਭੁੱਖ ਨੰਗਤਾ, ਨਾਮ ਨਾਮਾ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਨਾਮ ਪ੍ਰਸਾਦਿ ਆਦਿ ਜੁਗਾਦਿ ਪਾਰਬ੍ਰਹਮ, ਆਤਮ ਬ੍ਰਹਮ ਸਾਚਾ ਮੇਲ ਮਿਲਾਇਆ।