੮ ਮੱਘਰ ੨੦੧੫ ਬਿਕ੍ਰਮੀ ਗਾਇਤ੍ਰੀ ਤਪੋਬਨ ਮਥਰਾ ਬਿੰਦਰਾਬਨ ਦੇ ਵਿਚ ਮਿਹਰ ਬਾਬਾ ਦੇ ਇਕ ਚੇਲੇ ਨਾਲ
ਪਾਰਬ੍ਰਹਮ ਪ੍ਰਭ ਲਏ ਅਵਤਾਰ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਨੂਰ ਕਰ ਉਜਿਆਰ, ਜੋਤੀ ਜੋਤ ਜੋਤ ਜਗਾਈਆ। ਸ਼ਬਦ ਖੰਡਾ ਅਪਰ ਅਪਾਰ, ਆਦਿ ਨਿਰੰਜਣ ਹੱਥ ਉਠਾਈਆ। ਬ੍ਰਹਿਮੰਡਾਂ ਖੰਡਾਂ ਪਾਵੇ ਸਾਰ, ਲੋਆਂ ਪੁਰੀਆਂ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਨੌਂ ਸਤ ਵੇਖ ਵਖਾਈਆ। ਭੇਖ ਪਖੰਡਾ ਦਏ ਨਿਵਾਰ, ਏਕਾ ਤਤ ਬੁਝਾਈਆ। ਏਕਾ ਸ਼ਬਦ ਅਗੰਮ ਅਪਾਰ, ਪੁਰਖ ਅਬਿਨਾਸ਼ੀ ਆਪ ਉਪਾਈਆ। ਹੰ ਬ੍ਰਹਮ ਸ਼ਬਦ ਸੋਹੰ ਭੇਖ ਅਪਾਰ, ਬ੍ਰਹਮ ਪਾਰਬ੍ਰਹਮ ਵਡਿਆਈਆ। ਜਰਮ ਕਰਮ ਧਰਮ ਪੂਰਬ ਰਿਹਾ ਵਿਚਾਰ, ਪੰਜ ਤਤ ਡੇਰਾ ਲਾਈਆ। ਮਨ ਮਤ ਬੁੱਧ ਪਾਵੇ ਸਾਰ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਵੇਖ ਵਖਾਈਆ। ਜੰਗਲ ਜੂਹ ਉਜਾੜ ਪਹਾੜ, ਡੂੰਘੀ ਕੰਦਰ ਫੇਰਾ ਪਾਈਆ। ਸਮੁੰਦ ਸਾਗਰ ਭਰਿਆ ਤਾਲ, ਸਤਿ ਸਰੋਵਰ ਚੌਦਾਂ ਲੋਕ ਤ੍ਰੈਭਵਨ ਫੋਲ ਫੁਲਾਈਆ । ਵਸਣਹਾਰਾ ਕਾਇਆ ਗਾਗਰ ਰੰਗ ਮਹੱਲ ਅਟੱਲ ਉਚ ਮਿਨਾਰ, ਦਸਮ ਦਵਾਰ ਖੋਲ੍ਹ ਖੁਲ੍ਹਾਈਆ। ਤੋੜਣਹਾਰਾ ਗੜ੍ਹ ਹੰਕਾਰ, ਕਾਮ ਕਰੋਧ ਲੋਭ ਮੋਹ ਹੰਕਾਰ, ਹਉਮੇ ਹੰਗਤਾ ਮਾਇਆ ਮਮਤਾ ਵੇਖ ਵਖਾਈਆ। ਜਟਾ ਜੂਟ ਪਾਵੇ ਸਾਰ, ਤਨ ਲੰਗੋਟ ਵੇਖ ਵਿਚਾਰ, ਖ਼ਾਕੀ ਖ਼ਾਕ ਭਸਮ ਭਿਖਾਰ, ਆਪ ਆਪਣੀ ਖੇਲ ਖਿਲਾਈਆ। ਮਸਤਕ ਤਿਲਕ ਤ੍ਰੈਸੂਲ ਲਲਾਟ, ਵੇਖਣਹਾਰਾ ਆਣ ਬਾਟ, ਜੋਤ ਨਿਰੰਜਣ ਸਚ ਲਲਾਟ, ਕਾਇਆ ਡੂੰਘਾ ਔਖਾ ਘਾਟ, ਕਵਣ ਦਵਾਰਾ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਬਾਨ ਆਪ ਹੋ ਜਾਈਆ। ਕਵਣ ਰੂਪ ਹਰਿ ਅਵਤਾਰ, ਮਿਹਰਬਾਨ ਕਵਣ ਅਖਵਾਇਆ। ਕਵਣ ਬਾਬਾ ਕਰੇ ਪਛਾਣ, ਕਵਣ ਨੇਤਰ ਖੋਲ੍ਹ ਖੁਲ੍ਹਾਇਆ। ਕਵਣ ਤਨ ਵਜਾਏ ਰਬਾਬਾ, ਅਨਹਦ ਸਾਚਾ ਤਾਲ ਰਖਾਇਆ। ਕਵਣ ਮੇਲ ਮਿਲਾਏ ਦੋ ਦੋ ਆਬਾ, ਆਪ ਆਪਣਾ ਰੰਗ ਰੰਗਾਇਆ। ਕਵਣ ਵਖਾਏ ਕਾਇਆ ਮੱਕਾ ਕਾਅਬਾ, ਹੱਕ ਹਕੀਕਤ ਸੰਗ ਰਲਾਇਆ। ਕਵਣ ਚੁਆਏ ਅੰਮ੍ਰਿਤ ਨਾਭਾ, ਸਰ ਸਰੋਵਰ ਇਕ ਵਖਾਇਆ। ਕਵਣ ਵਖਾਏ ਸਾਚਾ ਤਾਜਾ, ਅਸਵ ਘੋੜਾ ਸ਼ਬਦ ਦੁੜਾਇਆ। ਕਵਣ ਲੱਖ ਚੁਰਾਸੀ ਅੰਦਰ ਮੰਦਰ ਫਿਰੇ ਭਾਜਾ, ਜੋਤ ਸਰੂਪੀ ਵੇਸ ਵਟਾਇਆ। ਕਵਣ ਸ਼ਬਦ ਭੂਪ ਵਡ ਰਾਜਨ ਰਾਜਾ, ਲੋਕ ਪ੍ਰਲੋਕ ਹੋਏ ਸਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਮ ਵੇਖੇ ਸਾਚਾ ਘਰ, ਦਰ ਦਵਾਰਾ ਇਕ ਵਖਾਇਆ। ਮਿਹਰਬਾਨ ਹਰਿ ਨਿਰੰਕਾਰ, ਨਿਰਗੁਣ ਨੂਰ ਸਮਾਇਆ। ਆਦਿਨ ਅੰਤਾ ਇਕ ਅਵਤਾਰ, ਏਕਾ ਰੂਪ ਵਟਾਇਆ। ਸਾਧਾਂ ਸੰਤਾਂ ਪਾਵੇ ਸਾਰ, ਭੁੱਲ ਰਹੇ ਨਾ ਰਾਇਆ। ਕਲਜੁਗ ਅੰਤਮ ਹੋ ਉਜਿਆਰ, ਲੋਕਮਾਤ ਫੇਰਾ ਪਾਇਆ। ਨਿਹਕਲੰਕਾ ਨਾਉਂ ਅਪਾਰ, ਸ਼ਬਦ ਡੰਕਾ ਇਕ ਵਜਾਇਆ। ਸੰਬਲ ਨਗਰੀ ਧਾਮ ਨਿਆਰ, ਮਾਝਾ ਦੇਸ ਵੇਖ ਵਖਾਇਆ। ਸਾਢੇ ਤਿੰਨ ਹੱਥ ਕਰੇ ਭਗਤ ਪਿਆਰ, ਜਾਗਰਤ ਜੋਤ ਜਗਾਇਆ। ਲਹਿਣਾ ਦੇਣਾ ਛੁੱਟੇ ਸਰਬ ਸੰਸਾਰ, ਜਨਹਰਿ ਹਰਿਜਨ ਹਰਿ ਹਰਿ ਨਜ਼ਰੀ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸ਼ਬਦ ਸੁਨੇਹੜਾ ਦੇਵੇ ਵਰ, ਵੇਖ ਵਖਾਏ ਸਾਚਾ ਘਰ, ਮਥਰਾ ਬਿੰਦਰਾ ਬੰਨ ਅੱਧਵਿਚਕਾਰੇ ਡੇਰਾ ਲਾਇਆ। ਜਗਤ ਅਹੂਤੀ ਜਗਤ ਹਵਨ, ਜੁਗ ਜੁਗ ਵੇਖ ਵਖਾਈਆ। ਸ਼ਬਦੀ ਸ਼ਬਦ ਸਾਚੀ ਪਵਣ, ਬ੍ਰਹਿਮੰਡਾਂ ਆਪ ਚਲਾਈਆ। ਹਰਿ ਕਾ ਭੇਵ ਜਾਣੇ ਕਵਣ, ਕੋਟਨ ਕੋਟ ਬੈਠੇ ਤਨ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਕਾਇਆ ਕੁੰਡ ਇਕ ਵਖਾਈਆ। ਕਾਇਆ ਕੁੰਡ ਸਾਚੀ ਜੋਤ, ਦਿਵਸ ਰੈਣ ਜਗਾਈਆ। ਨਾ ਕੋਈ ਵਰਨ ਨਾ ਕੋਈ ਗੋਤ, ਨਾ ਕੋਈ ਬਰਨ ਵਖਾਈਆ। ਏਕਾ ਤਨ ਨਗਾਰੇ ਲਾਏ ਚੋਟ, ਨਾਮ ਡੰਕਾ ਰਿਹਾ ਵਜਾਈਆ। ਪੰਚ ਵਿਕਾਰਾ ਕੱਢੇ ਖੋਟ, ਹਰ ਘਟ ਬੈਠਾ ਡੇਰਾ ਲਾਈਆ। ਸਾਧਾਂ ਸੰਤਾਂ ਜੀਆਂ ਜੰਤਾਂ ਮਾਇਆ ਮਮਤਾ ਭਰੀ ਨਾ ਅਜੇ ਪੋਟ, ਜਗਤ ਹੋਈ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਬਾਵਾ ਬਾਬਾ ਕਵਣ ਰੂਪ ਦਰਸਾਈਆ।
