Granth 07 Likhat 130: 13 Maghar 2015 Bikarmi Satsang Hall Rikhi Kesh

੧੩ ਮੱਘਰ ੨੦੧੫ ਬਿਕਰਮੀ ਸਤਿਸੰਗ ਹਾਲ ਰਿਖੀ ਕੇਸ਼

ਨਿਰਗੁਣ ਜੋਤ ਹਰਿ ਨਿਰੰਕਾਰ, ਨੂਰੋ ਨੂਰ ਸਮਾਇਆ। ਆਦਿ ਪੁਰਖ ਅਗੰਮ ਅਪਾਰ, ਪਾਰਬ੍ਰਹਮ ਨਾਉਂ ਧਰਾਇਆ। ਆਦਿ ਨਿਰੰਜਣ ਖੇਲ ਅਪਾਰ, ਖੇਲਣਹਾਰਾ ਦਿਸ ਨਾ ਆਇਆ। ਏਕੰਕਾਰਾ ਕਰ ਅਕਾਰ, ਅਕਲ ਕਲਾ ਅਖਵਾਇਆ। ਆਦਿ ਸ਼ਕਤ ਹੋ ਉਜਿਆਰ, ਰੂਪ ਅਨੂਪ ਆਪ ਦਰਸਾਇਆ। ਸਤਿ ਪੁਰਖ ਨਿਰੰਜਣ ਭੇਖ ਅਪਾਰ, ਭੇਖਾਧਾਰੀ ਭੇਖ ਵਟਾਇਆ। ਰੂਪ ਰੰਗ ਨਾ ਕੋਈ ਪਾਵੇ ਸਾਰ, ਲੇਖਾ ਲਿਖਤ ਵਿਚ ਨਾ ਆਇਆ। ਥਿਰ ਘਰ ਬੈਠਾ ਕਰ ਪਸਾਰ, ਆਪ ਆਪਣਾ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਆਪ ਅਖਵਾਇਆ। ਆਦਿ ਪੁਰਖ ਹਰਿ ਅਬਿਨਾਸ਼, ਏਕਾ ਏਕੰਕਾਰਿਆ। ਸਰਬ ਘਟਾਂ ਘਟ ਰੱਖੇ ਵਾਸ, ਨਿਰਗੁਣ ਜੋਤੀ ਜੋਤ ਜਗਾ ਰਿਹਾ। ਆਪ ਆਪਣਾ ਕਰ ਪ੍ਰਕਾਸ਼, ਆਪ ਆਪਣਾ ਵੇਖ ਵਖਾ ਰਿਹਾ। ਆਪ ਆਪਣੀ ਪਾਵੇ ਰਾਸ, ਆਪਣਾ ਮੰਡਲ ਆਪ ਸੁਹਾ ਰਿਹਾ। ਆਪ ਆਪਣੇ ਵਸੇ ਪਾਸ, ਦੂਜਾ ਦਰ ਨਾ ਕੋਈ ਵਖਾ ਲਿਆ। ਆਪ ਸਮਾਏ ਪ੍ਰਿਥਮੀ ਅਕਾਸ਼, ਗਗਨ ਪਤਾਲਾਂ ਡੇਰਾ ਲਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਇਕ ਅਖਵਾ ਰਿਹਾ। ਅਬਿਨਾਸ਼ੀ ਕਰਤਾ ਪੁਰਖ ਅਗੰਮ, ਏਕਾ ਜੋਤ ਜਗਾਈਆ। ਨਾ ਮਰੇ ਨਾ ਪਏ ਜੰਮ, ਆਵਣ ਜਾਵਣ ਖੇਲ ਖਲਾਈਆ। ਪਵਣ ਸਵਾਸੀ ਨਾ ਲਏ ਦਮ, ਪੰਜ ਤਤ ਨਾ ਕੋਈ ਕੁੜਮਾਈਆ। ਨੇਤਰ ਨੀਰ ਨਾ ਵਹਾਏ ਛੰਮ ਛੰਮ, ਆਲਸ ਨਿੰਦਰਾ ਵਿਚ ਨਾ ਆਈਆ। ਨਾ ਕੋਈ ਤ੍ਰਿਸ਼ਨਾ ਭੁੱਖ ਤਮ, ਨਾ ਕੋਈ ਮੋਹ ਵਧਾਈਆ। ਆਦਿ ਜੁਗਾਦੀ ਆਪੇ ਜਾਣੇ ਆਪਣਾ ਕੰਮ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕੰਕਾਰਾ ਆਪ ਅਖਵਾਈਆ। ਏਕੰਕਾਰਾ ਮੂਰਤ ਅਕਾਲ, ਏਕਾ ਰੂਪ ਦਸਾਇਆ। ਦੀਨਾਂ ਬੰਧਪ ਦੀਨ ਦਿਆਲ, ਦਇਆਨਿਧ ਆਪ ਅਖਵਾਇਆ। ਸਰਬ ਜੀਆਂ ਕਰੇ ਪ੍ਰਿਤਪਾਲ, ਪ੍ਰਿਤਪਾਲਕ ਨਾਉਂ ਧਰਾਇਆ। ਥਿਰ ਘਰ ਬੈਠ ਸੱਚੀ ਧਰਮਸਾਲ, ਆਪ ਆਪਣਾ ਖੇਲ ਖਲਾਇਆ । ਜੋਤੀ ਦੀਪਕ ਏਕਾ ਬਾਲ, ਇਕ ਪ੍ਰਕਾਸ਼ ਰਖਾਇਆ। ਆਪਣੀ ਸੁਰਤ ਆਪ ਸੰਭਾਲ, ਆਪੇ ਵੇਖ ਵਖਾਇਆ। ਆਪ ਆਪਣਾ ਤੋੜ ਜੰਜਾਲ, ਆਪ ਆਪਣਾ ਰੰਗ ਰੰਗਾਇਆ। ਆਪ ਆਪਣੀ ਕਰ ਕਰ ਭਾਲ, ਹਰਿ ਆਪ ਆਪਣੀ ਬੂਝ ਬੁਝਾਇਆ। ਆਪ ਆਪਣਾ ਬਣ ਦਲਾਲ, ਆਪ ਆਪਣੀ ਸੇਵਾ ਆਪ ਕਰਾਇਆ। ਆਪ ਆਪਣੀ ਚਲੇ ਚਾਲ, ਚਾਲ ਅਵੱਲੜੀ ਆਪ ਰਖਾਇਆ। ਆਪ ਆਪਣਾ ਸੁਹਾਏ ਤਾਲ, ਅੰਮ੍ਰਿਤ ਤਾਲ ਆਪ ਭਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ, ਏਕਾ ਏਕ ਅਖਵਾਇਆ। ਇਕ ਇਕੱਲਾ ਏਕੰਕਾਰ, ਅਕਲ ਕਲਾ ਅਖਵਾਈਆ। ਖੇਲੇ ਖੇਲ ਅਗੰਮ ਅਪਾਰ, ਅਲੱਖ ਨਿਰੰਜਣ ਭੇਵ ਨਾ ਰਾਈਆ। ਥਿਰ ਘਰ ਬੈਠ ਸੱਚੇ ਦਰਬਾਰ, ਆਪ ਆਪਣਾ ਮਤਾ ਪਕਾਈਆ। ਸ਼ਬਦ ਸਿੰਘਾਸਣ ਅਪਰ ਅਪਾਰ, ਸ਼ਾਹੋ ਭੂਪ ਬੈਠਾ ਆਸਣ ਲਾਈਆ । ਨਾ ਕੋਈ ਦਿਸੇ ਚੋਬਦਾਰ, ਨਾ ਕੋਈ ਬਣਤ ਬਣਾਈਆ। ਆਪ ਆਪਣੀ ਬੰਨ੍ਹੇ ਧਾਰ, ਆਪ ਆਪਣੇ ਅੰਕ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪੇ ਵਸਿਆ ਆਪਣੇ ਘਰ, ਆਪ ਆਪਣੀ ਰਚਨ ਰਚਾਈਆ। ਸਾਚਾ ਘਰ ਦਰ ਦਰਬਾਰਾ, ਹਰਿ ਹਰਿ ਆਪ ਸੁਹਾਇੰਦਾ। ਇਕ ਇਕੱਲਾ ਏਕੰਕਾਰਾ, ਆਪ ਆਪਣੀ ਕਲ ਵਰਤਾਇੰਦਾ। ਰੂਪ ਅਨੂਪ ਅਗੰਮ ਅਪਾਰਾ, ਅਲੱਖ ਅਲੱਖ ਨਾ ਕੋਈ ਵਖਾਇੰਦਾ। ਆਪ ਆਪਣਾ ਕਰ ਪਿਆਰਾ, ਆਪ ਆਪਣਾ ਸਗਨ ਮਨਾਇੰਦਾ । ਆਪ ਆਪਣਾ ਬਣ ਭਤਾਰਾ, ਨਾਰੀ ਰੂਪ ਆਪ ਹੋ ਜਾਇੰਦਾ। ਆਪ ਆਪਣਾ ਖੇਲੇ ਖੇਲ ਨਿਆਰਾ, ਵੇਖਣਹਾਰਾ ਦਿਸ ਨਾ ਆਇੰਦਾ। ਸ਼ਬਦ ਸੁਤ ਉਪਜੇ ਇਕ ਦੁਲਾਰਾ, ਜੋਤੀ ਮਾਤਾ ਝੋਲੀ ਪਾਇੰਦਾ। ਧੁਰਦਰਗਾਹੀ ਹਰਿ ਹਰਿ ਲਾੜਾ, ਧਰਮ ਅਖਾੜਾ ਇਕ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿਨ ਅੰਤਾ ਵੇਖ ਵਖਾਇੰਦਾ। ਅਕਾਲ ਪੁਰਖ ਆਦਿ ਅੰਤ, ਏਕਾ ਕਲ ਵਰਤਾਈਆ। ਖੇਲੇ ਖੇਲ ਜੁਗਾ ਜੁਗੰਤ, ਜੁਗ ਜੁਗ ਦਏ ਵਡਿਆਈਆ। ਆਪ ਆਪਣੀ ਮਾਇਆ ਪਾਏ ਬੇਅੰਤ, ਆਪ ਆਪਣਾ ਪਰਦਾ ਲਾਹੀਆ। ਆਪ ਚਲਾਏ ਆਪਣਾ ਮੰਤ, ਆਪਣੇ ਸ਼ਬਦ ਰੱਖੇ ਵਡਿਆਈਆ। ਆਪੇ ਨਾਰੀ ਆਪੇ ਕੰਤ, ਆਪੇ ਸੁਹੰਜਣੀ ਸੇਜ ਹੰਢਾਈਆ। ਆਪੇ ਚਾੜ੍ਹੇ ਰੰਗ ਬਸੰਤ, ਵੇਖਣਹਾਰ ਆਪ ਹੋ ਜਾਈਆ। ਖੇਲੇ ਖੇਲ ਜੁਗਾਂ ਜੁਗੰਤ, ਜਗ ਕਰਤਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਦਰ ਵਡਿਆਈਆ। ਸਾਚਾ ਘਰ ਪੁਰਖ ਅਕਾਲ, ਏਕਾ ਏਕ ਸਮਾਇਆ। ਥਿਰ ਘਰ ਵੇਖ ਸੱਚੀ ਧਰਮਸਾਲ, ਨਿਰਗੁਣ ਜੋਤ ਕਰੇ ਰੁਸ਼ਨਾਇਆ। ਨਾ ਕੋਈ ਕਾਲ ਨਾ ਮਹਾਂਕਾਲ, ਨਾ ਕੋਈ ਭੈ ਰਖਾਇਆ। ਨਾ ਕੋਈ ਦਿਸੇ ਹੋਰ ਜੰਜਾਲ, ਮਾਇਆ ਮੋਹ ਨਾ ਕੋਈ ਬੰਧਾਇਆ। ਆਪਣੀ ਕਰੇ ਆਪ ਪ੍ਰਿਤਪਾਲ, ਆਪ ਆਪਣੀ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚਾ ਸ਼ਬਦ ਦੇਵੇ ਵਰ, ਸ਼ਬਦ ਸ਼ਬਦੀ ਆਪ ਉਪਾਇਆ। ਸ਼ਬਦ ਸੁਤ ਹਰਿ ਦੁਲਾਰ, ਘਰ ਸਾਚੇ ਵੇਖ ਵਖਾਈਆ। ਪੁਰਖ ਅਬਿਨਾਸ਼ੀ ਪਾਵੇ ਸਾਰ, ਦੇ ਮਤ ਰਿਹਾ ਸਮਝਾਈਆ। ਏਕਾ ਤਤ ਹਰਿ ਵਿਚਾਰ, ਪਾਰਬ੍ਰਹਮ ਵੱਡੀ ਵਡਿਆਈਆ। ਹੱਡ ਮਾਸ ਨਾੜੀ ਰੱਤ ਨਾ ਕੋਈ ਅਕਾਰ, ਰਕਤ ਬੂੰਦ ਨਾ ਕੋਈ ਟਿਕਾਈਆ। ਸਤਿ ਸਤਿ ਆਪ ਕਰਤਾਰ, ਸਤਿ ਸਤਿ ਸਰੂਪ ਸਮਾਈਆ। ਆਪ ਆਪਣੀ ਕਿਰਪਾ ਧਾਰ, ਆਪ ਆਪਣੀ ਰਚਨ ਰਚਾਈਆ। ਪੂਤ ਸਪੂਤਾ ਹੋਇਆ ਖ਼ਬਰਦਾਰ, ਆਪ ਆਪਣਾ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਾਚੇ ਸੁਤ ਦੇਵੇ ਵਰ, ਸ਼ਬਦ ਸ਼ਬਦ ਝੋਲੀ ਪਾਈਆ। ਸ਼ਬਦ ਸੁਤ ਵਰ ਘਰ ਪਾਇਆ, ਹਰਿ ਸਾਚੇ ਸ਼ਬਦ ਜਣਾਈਆ। ਲੋਆਂ ਪੁਰੀਆਂ ਰਚਨ ਰਚਾਇਆ, ਬ੍ਰਹਿਮੰਡ ਖੰਡ ਵੇਖ ਵਖਾਈਆ। ਨਿਰੰਕਾਰ ਤੇਰਾ ਵੇਸ ਵਟਾਇਆ, ਆਪ ਆਪਣੀ ਬੂਝ ਬੁਝਾਈਆ। ਵਾਲੀ ਦੋ ਜਹਾਨਾ ਆਪ ਹੋ ਜਾਇਆ, ਨਿਰਗੁਣ ਸਰਗੁਣ ਵੇਸ ਕਰਾਈਆ। ਨਿਰਾਕਾਰ ਸਾਕਾਰ ਸਮਾਇਆ, ਸਗਲੀ ਚਿੰਤ ਮਿਟਾਈਆ। ਦੋਏ ਧਾਰਾ ਭੇਵ ਨਾ ਰਾਇਆ, ਬੈਠਾ ਮੁਖ ਛੁਪਾਈਆ। ਵਿਸ਼ਨੂੰ ਰੂਪ ਆਪ ਹੋ ਜਾਇਆ, ਆਪ ਆਪਣਾ ਨੈਣ ਉਘੜਾਈਆ। ਕਵਲ ਕਵਲਾ ਧਾਰ ਵਹਾਇਆ, ਏਕਾ ਏਕ ਮਹਿਕਾਈਆ। ਅੰਮ੍ਰਿਤ ਜਲ ਆਪ ਭਰਾਇਆ, ਦਿਸ ਕਿਸੇ ਨਾ ਆਈਆ। ਸਾਚਾ ਵੇਤਾ ਆਪ ਉਠਾਇਆ, ਪਾਰਬ੍ਰਹਮ ਬ੍ਰਹਮ ਹੋ ਜਾਈਆ। ਚਾਰੇ ਮੁਖ ਖੋਲ੍ਹ ਵਖਾਇਆ, ਜਗਤ ਵੱਡੀ ਵਡਿਆਈਆ। ਚਾਰੇ ਵੇਦ ਲੇਖ ਲਿਖਾਇਆ, ਆਪ ਆਪਣੀ ਬੂਝ ਬੁਝਾਈਆ। ਏਕਾ ਸ਼ਬਦ ਨਾਉਂ ਧਰਾਇਆ, ਬ੍ਰਹਿਮੰਡਾਂ ਗਿਆ ਸਮਾਈਆ। ਪੰਜ ਤਤ ਤੇਰਾ ਨਾਉਂ ਧਰਾਇਆ, ਆਪ ਆਪਣੀ ਕਰ ਕੁੜਮਾਈਆ। ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਡੇਰਾ ਲਾਇਆ, ਸਗਲਾ ਸੰਗ ਨਿਭਾਈਆ। ਮਨ ਮਤ ਬੁੱਧ ਆਪ ਹੋ ਜਾਇਆ, ਨਿਰਗੁਣ ਵਸਤ ਝੋਲੀ ਪਾਈਆ। ਨੌਂ ਦਵਾਰੇ ਦਰ ਖੁਲ੍ਹਾਇਆ, ਜਗ ਵਾਸਨਾ ਆਪ ਭਰਾਈਆ। ਘਰ ਵਿਚ ਘਰ ਡੇਰਾ ਲਾਇਆ, ਆਪ ਆਪਣਾ ਮੁਖ ਛੁਪਾਈਆ। ਦਸਮ ਦੁਆਰੀ ਨਾਉਂ ਧਰਾਇਆ, ਮਾਨਸ ਮਾਨੁਖ ਵਿਚ ਸਮਾਈਆ। ਬਜ਼ਰ ਕਪਾਟੀ ਬੰਦ ਕਰਾਇਆ, ਆਪਣੀ ਸਿਲਾ ਅੱਗੇ ਡਾਹੀਆ। ਚੌਦਾਂ ਹਾਟੀ ਵੇਖ ਵਖਾਇਆ, ਤ੍ਰੈਲੋਕ ਵੱਜੇ ਵਧਾਈਆ। ਲੋਆਂ ਪੁਰੀਆਂ ਖੇਲ ਖਲਾਇਆ, ਆਪ ਆਪਣੀ ਰਚਨ ਰਚਾਈਆ। ਆਪ ਆਪਣਾ ਭੇਖ ਵਟਾਇਆ, ਆਪ ਆਪਣਾ ਰੂਪ ਦਰਸਾਈਆ। ਸ਼ੰਕਰ ਸ਼ਿਵ ਧਾਰ ਚਲਾਇਆ, ਜਟਾ ਜੂਟ ਸਹਿਜ ਸੁਭਾਈਆ। ਬਾਸ਼ਕ ਤਸ਼ਕਾ ਗਲ ਲਟਕਾਇਆ, ਏਕਾ ਰੂਪ ਦਰਸਾਈਆ। ਤ੍ਰੈਗੁਣ ਮੇਲਾ ਮੇਲ ਮਿਲਾਇਆ, ਤ੍ਰੈ ਤ੍ਰੈ ਦਰ ਜਣਾਈਆ। ਪੁਰਖ ਅਕਾਲ ਖੇਲ ਖਲਾਇਆ, ਆਪ ਆਪਣਾ ਬੰਧਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਕਾਲ ਮੂਰਤ ਨਾਮ ਤੂਰਤ, ਏਕਾ ਸ਼ਬਦ ਰਿਹਾ ਚਲਾਈਆ। ਸ਼ਬਦ ਤੂਰਤ ਸਾਚਾ ਨਾਦ, ਨਾਦੀ ਨਾਦ ਵਜਾਇਆ, ਆਪ ਸੁਣਾਏ ਵਿਚ ਬ੍ਰਹਿਮਾਦ, ਪਾਰਬ੍ਰਹਮ ਵਡਿਆਇਆ। ਇਕ ਜਣਾਈ ਬੋਧ ਅਗਾਧ, ਬ੍ਰਹਮਾ ਭੇਵ ਨਾ ਰਾਇਆ। ਆਪ ਆਪਣਾ ਦੇਵੇ ਸਾਧ, ਆਪ ਆਪਣਾ ਭੇਵ ਛੁਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਅੰਤ ਆਪ ਹੋ ਜਾਇਆ। ਆਦਿ ਅੰਤ ਹਰਿ ਕਰਤਾਰ, ਏਕਾ ਅੰਕ ਅਖਵਾਇਆ। ਖੇਲੇ ਖੇਲ ਅਪਰ ਅਪਾਰ, ਆਪ ਆਪਣਾ ਭੇਵ ਛੁਪਾਇਆ। ਵੰਡੇ ਵੰਡ ਜਗਤ ਸੰਸਾਰ, ਲੋਕਮਾਤ ਵੇਖ ਵਖਾਇਆ। ਵਰਭੰਡੀ ਕਰ ਤਿਆਰ, ਬ੍ਰਹਿਮੰਡੀ ਫੇਰਾ ਪਾਇਆ, ਜੇਰਜ ਅੰਡੀ ਕਰ ਪਿਆਰ, ਉਤਭੁਜ ਸੇਤਜ ਆਪ ਸਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਖੇਲਣਹਾਰਾ ਹਰਿ ਸਮਰਥ, ਏਕਾ ਏਕ ਅਖਵਾਈਆ। ਏਕ ਚਲਾਏ ਆਪਣਾ ਰਥ, ਜੁਗ ਜੁਗ ਵੇਸ ਵਟਾਈਆ। ਲੱਖ ਚੁਰਾਸੀ ਪਾਏ ਨੱਥ, ਹਰ ਘਟ ਬੈਠਾ ਬੇਪਰਵਾਹੀਆ। ਆਪੇ ਸ੍ਰਿਸ਼ਟ ਸਬਾਈ ਰਿਹਾ ਮਥ, ਆਪੇ ਲਏ ਉਪਾਈਆ। ਆਪੇ ਦੇਵਣਹਾਰਾ ਸਾਚੀ ਵੱਥ, ਆਪ ਆਪਣਾ ਨਾਉਂ ਧਰਾਈਆ। ਜੁਗ ਜੁਗ ਮਹਿਮਾ ਅਕਥਨਾ ਅਕੱਥ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਵੰਡ ਵੰਡਾਈਆ। ਸਾਚੀ ਵੰਡ ਵੰਡਣਹਾਰ, ਏਕਾ ਏਕ ਅਖਵਾਇੰਦਾ। ਰੂਪ ਅਨੂਪ ਸ਼ਾਹੋ ਭੂਪ ਸੱਚੀ ਸਰਕਾਰ, ਸਚ ਸਿੰਘਾਸਣ ਲਾਇੰਦਾ। ਥਿਰ ਘਰ ਸੁਹਾਏ ਇਕ ਦਵਾਰ, ਬੰਕ ਦਵਾਰੀ ਵੇਖ ਵਖਾਇੰਦਾ। ਨਿਰਮਲ ਜੋਤੀ ਕਰ ਉਜਿਆਰ, ਪ੍ਰਕਾਸ਼ ਪ੍ਰਕਾਸ਼ ਟਿਕਾਇੰਦਾ। ਰਵ ਸਸ ਕਰਨ ਨਿਮਸਕਾਰ, ਤਾਰਾ ਮੰਡਲ ਸੀਸ ਝੁਕਾਇੰਦਾ। ਬ੍ਰਹਮਾ ਵੇਤਾ ਬਣ ਭਿਖਾਰ, ਆਪ ਆਪਣੀ ਝੋਲੀ ਡਾਹਿੰਦਾ। ਸ਼ਿਵ ਸ਼ੰਕਰ ਹੱਥ ਫੜ ਕਟਾਰ, ਜਗਤ ਸਿੰਘਾਰਾ ਨਾਉਂ ਧਰਾਇੰਦਾ। ਵਿਸ਼ਨੂੰ ਵੰਸੀ ਕਰ ਪਿਆਰ, ਜੀਆਂ ਦਾਤਾ ਆਪ ਹੋ ਜਾਇੰਦਾ। ਭਗਵਨ ਮੇਲਾ ਵਿਚ ਸੰਸਾਰ, ਹਰਿਜਨ ਵਿਰਲਾ ਪਾਇੰਦਾ। ਸਤਿਜੁਗ ਸਾਚਾ ਖੋਲ੍ਹ ਭੰਡਾਰ, ਏਕਾ ਬ੍ਰਹਮ ਜਣਾਇੰਦਾ। ਵਰਨ ਬਰਨਾਂ ਨਾ ਕੋਈ ਅਧਾਰ, ਊਚ ਨੀਚ ਨਾ ਕੋਈ ਰਖਾਇੰਦਾ। ਰਾਓ ਰੰਕ ਨਾ ਕੋਈ ਸਿਕਦਾਰ, ਦਰ ਦਰ ਭਿੱਖ ਨਾ ਕੋਈ ਮੰਗਾਇੰਦਾ। ਸੋ ਪੁਰਖ ਨਿਰੰਜਣ ਹੋ ਉਜਿਆਰ, ਹੰ ਬ੍ਰਹਮ ਆਪ ਹੋ ਜਾਇੰਦਾ। ਬੰਕ ਬੰਕ ਨਾ ਕੋਈ ਗੜ੍ਹ ਹੰਕਾਰ, ਮਾਇਆ ਮਮਤਾ ਨਾ ਕੋਈ ਰਖਾਇੰਦਾ। ਸਾਚੀ ਸੰਗਤਾ ਕਰ ਪਿਆਰ, ਸਾਚਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣੀ ਧਾਰ ਚਲਾਇੰਦਾ। ਸਤਿਜੁਗ ਸਾਚਾ ਕਰ ਪ੍ਰਧਾਨ, ਹਰਿ ਸਾਚੀ ਬਣਤ ਬਣਾਈਆ। ਏਕਾ ਸ਼ਬਦ ਇਕ ਗਿਆਨ, ਏਕਾ ਕਰੇ ਪੜ੍ਹਾਈਆ। ਏਕਾ ਏਕ ਜੋਗ ਮੰਤਰ ਵਿਦਵਾਨ, ਏਕਾ ਵੇਖ ਵਖਾਈਆ। ਏਕਾ ਚਰਨ ਏਕਾ ਕਵਲ ਧਿਆਨ, ਏਕਾ ਬੂਝ ਬੁਝਾਈਆ। ਏਕਾ ਪਵਣ ਇਕ ਮਸਾਣ, ਏਕਾ ਹਵਨ ਕਰਾਈਆ। ਏਕਾ ਅੰਮ੍ਰਿਤ ਆਤਮ ਪੀਣ ਖਾਣ, ਦੂਈ ਵਸਤ ਨਾ ਕੋਈ ਟਿਕਾਈਆ। ਏਕਾ ਸ਼ਬਦ ਬੋਧ ਅਗਾਧੀ ਸਚ ਬਿਬਾਨ, ਏਕਾ ਹਰਿਜਨ ਸਾਚੇ ਲਏ ਉਠਾਈਆ। ਏਕਾ ਰਾਗ ਸੁਣਾਏ ਕਾਨ, ਧੁਨੀ ਆਤਮਕ ਨਾਦ ਆਪ ਵਜਾਈਆ। ਏਕਾ ਏਕ ਕਰੇ ਪਛਾਣ, ਏਕਾ ਹੱਥ ਰੱਖੇ ਵਡਿਆਈਆ। ਏਕਾ ਮੰਦਰ ਇਕ ਮਕਾਨ, ਆਪ ਆਪਣੀ ਬੂਝ ਬੁਝਾਈਆ। ਏਕਾ ਗੋਪੀ ਏਕਾ ਕਾਹਨ, ਏਕਾ ਇਸ਼ਟ ਮਨਾਈਆ। ਏਕਾ ਧਰਮ ਇਕ ਨਿਸ਼ਾਨ, ਏਕਾ ਏਕ ਝੁਲਾਈਆ। ਏਕਾ ਸ਼ਾਹ ਇਕ ਸੁਲਤਾਨ, ਏਕਾ ਤਾਜ ਟਿਕਾਈਆ। ਏਕਾ ਨੁਹਾਵਨ ਜੀਵ ਜੰਤ ਸਾਰੇ ਨੁਹਾਨ, ਦੁਰਮਤ ਮੈਲ ਨਾ ਕੋਏ ਗਵਾਈਆ। ਏਕਾ ਪਦ ਗੁਰਮੁਖ ਪਾਣ, ਚੌਥੇ ਪਦ ਸਮਾਈਆ। ਤੀਜਾ ਨੇਤਰ ਆਪ ਖੁਲ੍ਹਾਣ, ਏਕਾ ਰੰਗ ਰੰਗਾਈਆ। ਦੂਜਾ ਭੇਵ ਨਾ ਕੋਈ ਜਹਾਨ, ਨਾ ਕੋਈ ਵੰਡ ਵੰਡਾਈਆ। ਏਕਾ ਜੀਆ ਏਕਾ ਦਾਨੀ ਦਾਨ, ਏਕਾ ਦਾਤਾ ਝੋਲੀ ਪਾਈਆ। ਏਕਾ ਕਰਨਹਾਰਾ ਪਛਾਣ, ਆਪ ਆਪਣੀ ਕਲ ਵਰਤਾਈਆ। ਸਤਿਜੁਗ ਸਾਚੇ ਹੋ ਮਿਹਰਵਾਨ, ਆਪ ਆਪਣਾ ਰੂਪ ਦਰਸਾਈਆ। ਵਾਰ ਅਠਾਰਾਂ ਨੌਂਜਵਾਨ, ਆਪ ਆਪਣਾ ਰੰਗ ਰੰਗਾਈਆ। ਅੰਤਮ ਅੰਤ ਜਿਸ ਜਨ ਮਿਲੇ ਜਾਣੀ ਜਾਣ, ਲੋਕਮਾਤ ਮਿਲੇ ਵਧਾਈਆ। ਗਣ ਗਧੰਰਬ ਦੇਵਤ ਸੁਰ ਸਾਰੇ ਗਾਣ, ਏਕਾ ਰਸਨ ਹਿਲਾਈਆ। ਪੁਰਖ ਅਬਿਨਾਸ਼ੀ ਜਾਣੀ ਜਾਣ, ਆਪ ਆਪਣਾ ਮੁਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਸਾਚੇ ਵਿਚ ਸਮਾਈਆ। ਸਤਿਜੁਗ ਸਾਚਾ ਸੁਤ ਉਪਜਾ, ਹਰਿ ਹਰਿ ਗੋਦ ਉਠਾਇਆ। ਤ੍ਰੇਤਾ ਤੇਰੀ ਪਕੜੇ ਬਾਂਹ, ਤੇਰਾ ਰੂਪ ਅਖਵਾਇਆ। ਇਕ ਜਪਾਏ ਸਾਚਾ ਨਾਂ, ਨਾਮ ਨਾਮਾ ਆਪ ਹੋ ਜਾਇਆ। ਰੁੱਤ ਸੁਹਾਈ ਪਿਤਾ ਮਾਂ, ਪੂਤ ਸਪੂਤਾ ਗੋਦ ਉਠਾਇਆ। ਫੜ ਫੜ ਹੰਸ ਬਣਾਏ ਕਾਂ, ਦੁਰਮਤ ਮੈਲ ਗਵਾਇਆ। ਸੱਤਾਂ ਦੀਪਾਂ ਜੋਤ ਜਗਾ, ਦਰ ਦਵਾਰਾ ਇਕ ਖੁਲ੍ਹਾਇਆ। ਗ਼ਰੀਬ ਨਿਮਾਣਿਆਂ ਪਕੜੇ ਬਾਂਹ, ਆਪ ਆਪਣਾ ਵੇਖ ਵਖਾਇਆ। ਲੱਖ ਚੁਰਾਸੀ ਕਰੇ ਨਿਆਂ, ਸਚ ਸੁਨੇਹੁੜਾ ਆਪ ਸੁਣਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਤਿਜੁਗ ਆਪਣੀ ਕਲ ਵਰਤਾਇਆ। ਤ੍ਰੇਤਾ ਤੇਰੀ ਕਲ ਧਾਰ, ਆਪਣੀ ਕਲ ਵਰਤਾਈਆ । ਰਾਮ ਰਾਮਾ ਰੂਪ ਅਪਾਰ, ਰਾਮ ਰਾਮ ਵਿਚ ਸਮਾਈਆ। ਤੋੜਣਹਾਰਾ ਗੜ੍ਹ ਹੰਕਾਰ, ਸ਼ਸਤਰ ਬਾਣ ਇਕ ਉਠਾਈਆ। ਨਾਮ ਖੰਡਾ ਅਪਰ ਅਪਾਰ, ਬ੍ਰਹਿਮੰਡਾਂ ਖੋਜ ਖੁਜਾਈਆ। ਭੇਖ ਪਖੰਡਾ ਦਏ ਨਿਵਾਰ, ਜੂਠ ਝੂਠ ਰਹਿਣ ਨਾ ਪਾਈਆ। ਸਾਧਾਂ ਸੰਤਾਂ ਕਰੇ ਪਿਆਰ, ਏਕਾ ਬੂਝ ਬੁਝਾਈਆ। ਆਦਿਨ ਅੰਤਾ ਕਰ ਅਕਾਰ, ਏਕੰਕਾਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਤੇਰੀ ਅੰਤਮ ਵਾਰ, ਆਪੇ ਫੋਲ ਫੁਲਾਈਆ। ਤ੍ਰੇਤਾ ਤੁੱਟਾ ਗੜ੍ਹ ਹੰਕਾਰ, ਘਰ ਸਾਚੇ ਵੱਜੇ ਵਧਾਈਆ। ਲਹਿਣਾ ਦੇਣਾ ਛੁੱਟਾ ਵਿਚ ਸੰਸਾਰ, ਦੂਸਰ ਪੱਲੂ ਨਾ ਅੱਗੇ ਡਾਹੀਆ। ਮਿਲਿਆ ਮੇਲ ਮੀਤ ਮੁਰਾਰ, ਮੇਲ ਮਿਲਾਵਾ ਸਹਿਜ ਸੁਭਾਈਆ। ਖੇਲੇ ਖੇਲ ਖੇਲਣਹਾਰ, ਜੀਵ ਜੰਤ ਭੇਵ ਨਾ ਰਾਈਆ। ਆਦਿ ਅੰਤ ਇਕ ਅਵਤਾਰ, ਏਕਾ ਏਕ ਅਖਵਾਈਆ। ਸੰਤਨ ਮੀਤਾ ਹਰਿ ਨਿਰੰਕਾਰ, ਇਸ਼ਟ ਦੇਵ ਆਪ ਹੋ ਜਾਈਆ। ਸ੍ਰਿਸ਼ਟ ਸਬਾਈ ਪਾਰ ਕਿਨਾਰ, ਜੋ ਜਨ ਰਹੇ ਧਿਆਈਆ। ਨੇਤਰ ਲੋਚਣ ਨੈਣ ਦਰਸ ਅਪਾਰ, ਤ੍ਰਿਸ਼ਨਾ ਭੁੱਖ ਰਹੇ ਨਾ ਰਾਈਆ। ਸਚ ਵਖਾਏ ਇਕ ਦਵਾਰ, ਘਰ ਬੈਠਾ ਬੇਪਰਵਾਹੀਆ। ਅਲੱਖ ਨਿਰੰਜਣ ਜੋਤ ਉਜਿਆਰ, ਸਤਿ ਪੁਰਖ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਤ੍ਰੇਤਾ ਦੇਵਣਹਾਰਾ ਵਰ, ਦੁਆਪਰ ਵੱਜੇ ਵਧਾਈਆ। ਦੁਆਪਰ ਤੇਰਾ ਹਰਿ ਮਰਦੰਗ, ਏਕਾ ਏਕ ਵਜਾਇਆ। ਸਾਵਲ ਸੁੰਦਰ ਆਪੇ ਰੰਗ, ਆਪ ਆਪਣਾ ਵੇਸ ਵਟਾਇਆ । ਆਪੇ ਵੇਖੇ ਧਾਰ ਗੰਗ, ਆਪ ਆਪਣਾ ਚਰਨ ਛੁਹਾਇਆ। ਆਪੇ ਕੱਟਣਹਾਰਾ ਭੁੱਖ ਨੰਗ, ਮੋਹਣ ਮਾਧਵ ਰੂਪ ਵਟਾਇਆ। ਆਪੇ ਵਸੇ ਅੰਗ ਸੰਗ, ਸਗਲਾ ਸੰਗ ਨਿਭਾਇਆ। ਆਪ ਆਪਣੀ ਮੰਗ ਆਪੇ ਮੰਗ, ਆਪਣੀ ਝੋਲੀ ਅੱਗੇ ਡਾਹਿਆ। ਏਕਾ ਅਸਵ ਕਸ ਤੰਗ, ਲੋਆਂ ਪੁਰੀਆਂ ਆਪ ਫਿਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਮੇਲ ਮਿਲਾਇਆ। ਪੁਰਖ ਅਗੰਮਾ ਹਰਿ ਨਿਰੰਕਾਰ, ਆਪਣਾ ਖੇਲ ਖਲਾਇੰਦਾ। ਜੁਗਾ ਜੁਗੰਤਰ ਬੰਨ੍ਹੇ ਧਾਰ, ਜੋਤੀ ਜਾਮਾ ਭੇਖ ਵਟਾਇੰਦਾ। ਪੰਜ ਤਤ ਕਰ ਉਜਿਆਰ, ਤ੍ਰੈਗੁਣ ਸੰਗ ਨਿਭਾਇੰਦਾ। ਨਿਰਗੁਣ ਸਰਗੁਣ ਏਕਾ ਧਾਰ, ਏਕਾ ਵੇਖ ਵਖਾਇੰਦਾ। ਏਕਾ ਜੋਤ ਕਰ ਉਜਿਆਰ, ਏਕਾ ਗਿਆਨ ਦ੍ਰਿੜਾਇੰਦਾ। ਏਕਾ ਖੰਡਾ ਨਾਮ ਦੋ ਧਾਰ, ਆਪਣੇ ਹੱਥ ਉਠਾਇੰਦਾ। ਬ੍ਰਹਿਮੰਡਾਂ ਖੋਜੇ ਪਾਵੇ ਸਾਰ, ਜੇਰਜ ਅੰਡਾਂ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੁਆਪਰ ਤੇਰਾ ਵੇਖੇ ਘਰ, ਨੌਂ ਖੰਡਾਂ ਪ੍ਰਿਥਮੀ ਸੱਤਾਂ ਦੀਪਾਂ ਵੇਖ ਵਖਾਇੰਦਾ। ਨੌਂ ਖੰਡ ਸੱਤ ਦੀਪ ਹੋ ਉਜਿਆਰ, ਆਪ ਆਪਣੀ ਕਲ ਵਰਤਾਇੰਦਾ। ਰਾਜ ਰਾਜਾਨਾ ਕਰ ਖ਼ਬਰਦਾਰ, ਰਣ ਭੂਮੀ ਖੇਲ ਖਲਾਇੰਦਾ। ਸੰਤਾਂ ਦੇਵੇ ਨਾਮ ਅਧਾਰ, ਆਤਮ ਬ੍ਰਹਮ ਦ੍ਰਿੜਾਇੰਦਾ। ਭਗਤਨ ਮੇਲਾ ਅਪਰ ਅਪਾਰ, ਆਪ ਆਪਣਾ ਦਰਸ ਦਖਾਇੰਦਾ। ਏਕਾ ਸ਼ਬਦ ਇਕ ਅਧਾਰ, ਏਕਾ ਰੂਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਲਹਿਣਾ ਦੇਣ ਚੁਕਾਇੰਦਾ। ਲਹਿਣਾ ਦੇਣ ਆਪ ਚੁਕਾਏ, ਹਰਿ ਹੱਥ ਵੱਡੀ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਏ, ਕਲਜੁਗ ਵੱਜੀ ਵਧਾਈਆ। ਸ਼ਬਦ ਗੁਰ ਢਹਿ ਪਏ ਸਰਨਾਏ, ਅੱਗੇ ਆਪਣੀ ਝੋਲੀ ਡਾਹੀਆ। ਪੁਰਖ ਅਬਿਨਾਸ਼ੀ ਬੇਪਰਵਾਹੇ, ਦੂਈ ਦਵੈਤ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਹਰਿ, ਏਕਾ ਏਕ ਆਪ ਹੋ ਜਾਈਆ। ਕਲਜੁਗ ਮੰਗੀ ਮੰਗ ਅਪਾਰ, ਦੋਏ ਜੋੜ ਕਰੇ ਨਿਮਸਕਾਰਿਆ। ਜੂਠ ਝੂਠ ਕਰ ਪਿਆਰ, ਭਰਿਆ ਇਕ ਭੰਡਾਰਿਆ। ਕਾਮ ਕਰੋਧ ਲੋਭ ਮੋਹ ਹੰਕਾਰ, ਏਕਾ ਤਤ ਵਿਚਾਰਿਆ। ਮਾਇਆ ਮਮਤਾ ਸਾਚੀ ਨਾਰ, ਆਪ ਆਪਣਾ ਤਨ ਸ਼ਿੰਗਾਰਿਆ। ਮਨ ਮਤ ਬੁੱਧ ਹੋਏ ਜਗਤ ਮੁਟਿਆਰ, ਜੋਬਨ ਵੇਖ ਵਖਾ ਲਿਆ। ਗੁਰਮਤ ਨਾ ਕੋਈ ਪਾਏ ਸਾਰ, ਧੀਰਜ ਧੀਰ ਨਾ ਕੋਇ ਧਰਾ ਲਿਆ। ਜੀਵ ਜੰਤ ਨਾ ਕੋਈ ਅਧਾਰ, ਸਚ ਨਿਸ਼ਾਨ ਨਾ ਕੋਈ ਜਣਾ ਰਿਹਾ। ਲੱਖ ਚਾਰ ਹਜ਼ਾਰ ਬੱਤੀ ਉਤਰੇ ਪਾਰ, ਗੇੜਾ ਗੇੜ ਦਏ ਮੁਕਾ ਰਿਹਾ। ਪੰਚਮ ਪੰਚਮ ਖੇਲ ਅਪਾਰ, ਪੰਚਮ ਸੰਤਨ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਸੰਗ ਰਖਾ ਰਿਹਾ। ਪਾਰਬ੍ਰਹਮ ਹਰਿ ਬੇਅੰਤ, ਆਪਣੀ ਦਇਆ ਕਮਾਇੰਦਾ। ਮਹਿਮਾ ਜੁਗ ਜੁਗ ਅਗਣਤ, ਭੇਵ ਕੋਈ ਨਾ ਪਾਇੰਦਾ। ਆਪ ਉਪਾਏ ਗੁਰਮੁਖ ਵਿਰਲੇ ਸੰਤ, ਜਿਸ ਜਨ ਆਪਣੀ ਦਯਾ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰਾ ਵੇਖੇ ਘਰ, ਦਰ ਦਰਬਾਨ ਫੇਰੀ ਪਾਇੰਦਾ। ਕਲਜੁਗ ਅੰਤਮ ਬੋਧ ਗਿਆਨਾ, ਏਕਾ ਬ੍ਰਹਮ ਜਣਾਇਆ। ਇਸ਼ਟ ਜੀਵ ਭੇਵ ਖਲਾਣਾ, ਏਕਾ ਰੂਪ ਸਮਾਇਆ। ਹੰ ਬ੍ਰਹਮ ਇਕ ਟਿਕਾਣਾ, ਏਕਾ ਰੰਗ ਰੰਗਾਇਆ। ਓਅੰ ਸੋਹੰ ਖੇਲ ਮਹਾਨਾ, ਖੇਲਣਹਾਰ ਆਪ ਹੋ ਜਾਇਆ। ਵੇਖ ਵਖਾਏ ਦੋ ਜਹਾਨਾਂ, ਦੋ ਜਹਾਨਾਂ ਫੇਰੀ ਪਾਇਆ। ਨੇਤਰ ਨੈਣ ਇਕ ਗਿਆਨਾ, ਏਕਾ ਰਾਹ ਚਲਾਇਆ, ਚੌਥਾ ਪਦ ਪਦ ਨਿਰਬਾਣਾ, ਪ੍ਰਭ ਆਪਣੇ ਹੱਥ ਰਖਾਇਆ। ਹਰਿ ਸੰਤਾਂ ਦੇਵੇ ਹੋ ਮਿਹਰਵਾਨਾ, ਆਪ ਆਪਣੀ ਦਇਆ ਕਮਾਇਆ। ਕੋਈ ਚੜ੍ਹ ਨਾ ਸਕੇ ਜਗਤ ਵਿਦਵਾਨਾ, ਜਗਤ ਵਿਦਿਆ ਹੱਥ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਰੂਪ ਵਟਾਇਆ। ਕਲਜੁਗ ਖੇਲੇ ਖੇਲ ਹਰਿ ਜਗਦੀਸ਼ਾ, ਆਪਣੇ ਹੱਥ ਰੱਖੇ ਵਡਿਆਈਆ। ਆਪ ਉਪਾਏ ਮੂਸਾ ਈਸਾ, ਆਪਣੀ ਧਾਰ ਚਲਾਈਆ। ਕੋਈ ਨਾ ਕਰੇ ਪ੍ਰਭ ਦੀ ਰੀਸਾ, ਜੁਗ ਜੁਗ ਵੱਡੀ ਵਡਿਆਈਆ। ਲੋਕਮਾਤ ਚਲਾਏ ਇਕ ਹਦੀਸਾ, ਏਕਾ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਸਾਚਾ ਖੋਜ ਖੁਜਾਈਆ। ਈਸਾ ਮੂਸਾ ਕਰ ਤਿਆਰ, ਚਾਰ ਯਾਰੀ ਵੇਖ ਵਖਾਇੰਦਾ। ਮੁਹੰਮਦ ਮੁਹੰਮਦੀ ਹੋ ਉਜਿਆਰ, ਨੂਰੋ ਨੂਰ ਉਪਾਇੰਦਾ। ਅੱਧਵਿਚਕਾਰੇ ਬੈਠਾ ਰਿਹਾ ਲਲਕਾਰ, ਆਪ ਆਪਣੀ ਗਣਤ ਗਣਾਇੰਦਾ। ਅਲ੍ਹਾ ਰਾਣੀ ਕਰ ਪਿਆਰ, ਮੁਹੰਮਦ ਸੁਰਤੀ ਆਪ ਪਰਨਾਇੰਦਾ। ਧੁਰ ਦੀ ਬਾਣੀ ਇਕ ਅਪਾਰ, ਕਲਮਾ ਨਬੀ ਸੁਣਾਇੰਦਾ। ਮੁਕਾਮੇ ਹੱਕ ਸਾਂਝਾ ਯਾਰ, ਖ਼ਲਕ ਖ਼ੁਦਾਏ ਇਕ ਵਖਾਇੰਦਾ। ਐਨਲਹੱਕ ਏਕਾ ਧਾਰ, ਏਕਾ ਰੂਪ ਸਮਾਇੰਦਾ। ਨਿਰਗੁਣ ਰੂਪ ਪਾਵੇ ਸਾਰ, ਸੋ ਪੁਰਖ ਨਿਰੰਜਣ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਗ ਮੁਹੰਮਦ ਮਤਾ ਪਕਾਇੰਦਾ। ਇਕ ਮੁਹੰਮਦ ਹੋ ਉਜਿਆਰ, ਆਪ ਆਪਣਾ ਰੂਪ ਪਛਾਣਿਆਂ। ਤੀਸ ਬਤੀਸਾ ਲੇਖ ਲਿਖਾਰ, ਏਕਾ ਪਦ ਸਮਝਾਨਿਆਂ। ਛਤਰ ਸੀਸ ਝੁੱਲੇ ਸੰਸਾਰ, ਆਪ ਆਪਣੇ ਸੀਸ ਉਠਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਖੇਲ ਰਿਹਾ ਕਰ, ਭੇਵ ਅਭੇਦਾ ਭੇਵ ਛੁਪਾਨਿਆ। ਮਿਹਰਬਾਨ ਹਰਿ ਨਿਰੰਕਾਰ, ਮੁਹੰਮਦ ਆਖ ਸੁਣਾਈਆ। ਮੰਗੇ ਮੰਗ ਧੁਰ ਦਰਬਾਰ, ਦਰ ਬੈਠਾ ਬੇਪਰਵਾਹੀਆ। ਮੁਹੰਮਦ ਢਹਿ ਪਿਆ ਦਵਾਰ, ਆਪਣੀ ਝੋਲੀ ਅੱਗੇ ਡਾਹੀਆ । ਚੌਦਾਂ ਤਬਕਾਂ ਹੋ ਉਜਿਆਰ, ਤੇਰਾ ਨੂਰ ਅਲਾਹੀਆ। ਚੌਧਵੀਂ ਸਦੀ ਹੋਣਾ ਖ਼ਵਾਰ, ਨਾ ਧੀਰਜ ਕੋਈ ਧਰਾਈਆ। ਮੱਕਾ ਕਾਅਬਾ ਲਏ ਉਭਾਰ, ਜਗਤ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਲੋਕਮਾਤ ਦਏ ਵਰ, ਏਕਾ ਕਲਮਾ ਰਿਹਾ ਪੜ੍ਹਾਈਆ। ਏਕਾ ਕਲਮਾ ਆਪ ਪੜ੍ਹਾ, ਆਪਣੀ ਦਇਆ ਕਮਾਈਆ। ਨਿਰਗੁਣ ਨਾਨਕ ਜੋਤੀ ਆਪ ਜਗਾ, ਪੰਜ ਤਤ ਗਿਆ ਸਮਾਈਆ। ਜੋਤੀ ਦੀਪਕ ਕਰ ਰੁਸ਼ਨਾ, ਏਕਾ ਬੂਝ ਬੁਝਾਈਆ। ਸਾਚੀ ਚੋਟੀ ਆਪ ਚੜ੍ਹਾ, ਆਪੇ ਵੇਖ ਵਖਾਈਆ। ਵਾਸਨਾ ਖੋਟੀ ਆਪ ਕਢਾ, ਏਕਾ ਨਾਮ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਆਪ ਆਪਣਾ ਸ਼ਬਦ ਸੁਣਾਈਆ। ਸ਼ਬਦ ਸੁਨੇਹੜਾ ਹਰਿ ਮਿਹਰਬਾਨ, ਨਾਨਕ ਤਤ ਸੁਣਾਇਆ। ਆਪੇ ਦਰ ਦਰ ਪ੍ਰਵਾਨ, ਨਿਰਗੁਣ ਨਿਰਗੁਣ ਵੇਖ ਵਖਾਇਆ। ਜੋਤੀ ਜੋਤ ਜਗੇ ਮਹਾਨ, ਪ੍ਰਕਾਸ਼ ਪ੍ਰਕਾਸ਼ ਸਮਾਇਆ। ਪਾਰਬ੍ਰਹਮ ਪ੍ਰਭ ਦੇਵੇ ਗਿਆਨ, ਨਾਮ ਸਤਿ ਇਕ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਇਆ। ਨਾਨਕ ਜੋਤੀ ਹਰਿ ਉਜਿਆਰੀ, ਲੋਕਮਾਤ ਵੱਜੀ ਵਧਾਈਆ। ਖੇਲੇ ਖੇਲ ਆਪ ਨਿਰੰਕਾਰੀ, ਨਿਰਗੁਣ ਧਾਰ ਵਿਚ ਟਿਕਾਈਆ । ਸ਼ਬਦ ਸੁਨੇਹੁੜਾ ਅਪਰ ਅਪਾਰੀ, ਦਿਵਸ ਰੈਣ ਜਣਾਈਆ। ਮੇਟੀ ਜਾਏ ਜੀਵ ਹੰਕਾਰੀ, ਸਾਧਾਂ ਸੰਤਾਂ ਮੇਲ ਮਿਲਾਈਆ। ਆਤਮ ਵੇਖੇ ਤਨ ਕਿਆਰੀ, ਫੁੱਲ ਫੁਲਵਾੜੀ ਇਕ ਮਹਿਕਾਈਆ। ਕਲਜੁਗ ਜੀਵ ਹੋਏ ਖ਼ਵਾਰੀ, ਧੀਰਜ ਧੀਰ ਨਾ ਕੋਈ ਧਰਾਈਆ। ਨਾਮ ਸਤਿ ਕਰੇ ਵਣਜ ਵਪਾਰੀ, ਏਕਾ ਬੂਝ ਬੁਝਾਈਆ। ਅੰਤਮ ਢਹਿ ਪਿਆ ਦਵਾਰੀ, ਤੇਰਾ ਨਾਉਂ ਜੀਵ ਕੋਇ ਨਾ ਗਾਈਆ। ਆਦਿ ਪੁਰਖ ਖੇਲ ਅਪਾਰੀ, ਆਪ ਆਪਣਾ ਸ਼ਬਦ ਅਲਾਈਆ। ਕਲਜੁਗ ਅੰਤਮ ਪਾਵੇ ਸਾਰੀ, ਆਪ ਆਪਣੀ ਕਲ ਵਰਤਾਈਆ। ਨਿਹਕਲੰਕ ਪ੍ਰਗਟ ਹੋਏ ਨਰ ਨਰਾਇਣ ਹਰਿ ਅਵਤਾਰੀ, ਜੂਠ ਝੂਠ ਦਏ ਮਿਟਾਈਆ। ਚਾਰ ਵਰਨ ਸੁਹਾਏ ਏਕਾ ਬੰਕ ਦਵਾਰੀ, ਦਰ ਦਰਵਾਜਾ ਆਪ ਖੁਲ੍ਹਾਈਆ। ਰਾਜ ਰਾਜਾਨ ਸ਼ਾਹ ਸੁਲਤਾਨ ਬਣਨ ਭਿਖਾਰੀ, ਸੀਸ ਤਾਜ ਨਾ ਕੋਈ ਟਕਾਈਆ। ਨਵਾਂ ਖੰਡਾਂ ਤੁੱਟੇ ਗੜ੍ਹ ਹੰਕਾਰੀ, ਸੱਤਾਂ ਦੀਪਾਂ ਮੇਟ ਮਿਟਾਈਆ। ਰਵ ਸਸ ਕਰਨ ਨਿਮਸਕਾਰੀ, ਬ੍ਰਹਮਾ ਵਿਸ਼ਨ ਸ਼ਿਵ ਸੀਸ ਝੁਕਾਈਆ। ਜਗੇ ਜੋਤ ਅਗੰਮ ਅਪਾਰੀ, ਲੋਕਮਾਤ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਾਨਕ ਦਿਤਾ ਏਕਾ ਵਰ, ਏਕਾ ਬੂਝ ਬੁਝਾਈਆ। ਏਕਾ ਜੋਤੀ ਦਸ ਦਸਮੇਸ਼, ਗੋਬਿੰਦ ਰੂਪ ਵਟਾਇਆ। ਖੇਲੇ ਖੇਲ ਨਰ ਨਰੇਸ਼, ਸੁਤ ਦੁਲਾਰਾ ਮੇਲ ਮਿਲਾਇਆ। ਹੇਮ ਕੁੰਡ ਹੋ ਪ੍ਰਵੇਸ਼, ਦਰ ਸਾਚਾ ਇਕ ਖੁਲ੍ਹਾਇਆ। ਸਤਿ ਪੁਰਖ ਸਦਾ ਅਦੇਸ, ਸਤਿ ਸਤਿਵਾਦੀ ਨਾਉਂ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਘਰ ਸਾਚਾ ਇਕ ਸੁਹਾਇਆ। ਗੋਬਿੰਦ ਮੇਲਾ ਹਰਿ ਨਿਰੰਕਾਰ, ਏਕਾ ਵੱਜੀ ਵਧਾਈਆ। ਚੇਲਾ ਗੁਰ ਸੋਹੇ ਇਕ ਦਵਾਰ, ਦਰ ਦਰਬਾਰਾ ਸੋਭਾ ਪਾਈਆ। ਪੂਤ ਸਪੂਤਾ ਹੋਇਆ ਸੁਤ ਦੁਲਾਰ, ਬੈਠਾ ਸੀਸ ਝੁਕਾਈਆ। ਮੰਗੇ ਮੰਗ ਅਪਰ ਅਪਾਰ, ਆਪਣੀ ਝੋਲੀ ਡਾਹੀਆ। ਨੈਣਾਂ ਦੇਵੀ ਹੋ ਖ਼ਬਰਦਾਰ, ਆਪ ਆਪਣਾ ਨੈਣ ਖੁਲ੍ਹਾਈਆ। ਆਦਿ ਸ਼ਕਤ ਹਰਿ ਕਰਤਾਰ, ਆਪਣਾ ਰੂਪ ਵਟਾਈਆ। ਨਾਮ ਖੰਡਾ ਸੀਸ ਦਸਤਾਰ, ਤਨ ਸ਼ਿੰਗਾਰ ਕਰਾਈਆ। ਪੰਚਮ ਮੀਤਾ ਹੋ ਉਜਿਆਰ, ਪੰਚਮ ਗਿਆ ਸਮਾਈਆ। ਸਾਚਾ ਪੰਥ ਇਕ ਅਧਾਰ, ਏਕਾ ਇਸ਼ਟ ਵਖਾਈਆ। ਚਾਰ ਵਰਨ ਯਾਂਝਾ ਯਾਰ, ਊਚ ਨੀਚ ਨਾ ਕੋਈ ਵਖਾਈਆ। ਧਰਮੀ ਧਰਮ ਧਰਮ ਅਪਾਰ, ਹਰਿਜਨ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੋਬਿੰਦ ਸੇਵਾ ਆਪ ਲਗਾਈਆ। ਗੋਬਿੰਦ ਗੁਰ ਨੈਣ ਉਘਾੜ, ਏਕਾ ਵੇਖ ਵਖਾਨਿਆ। ਕਲਜੁਗ ਕੂੜੀ ਦੱਸੇ ਧਾਰ, ਨਾ ਕੋਈ ਵੰਞ ਮੁਹਾਨਿਆ। ਤੱਤੀ ਅਗਨੀ ਰਹੀ ਸਾੜ, ਅੰਮ੍ਰਿਤ ਜਾਮ ਨਾ ਕੋਈ ਪਿਆਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਦਿ ਅੰਤ ਸ੍ਰੀ ਭਗਵਾਨਿਆ। ਦੇਵਣਹਾਰ ਹਰਿ ਭੰਡਾਰ, ਏਕਾ ਏਕ ਅਖਵਾਇਆ। ਗੁਰ ਗੋਬਿੰਦ ਕਰ ਪਿਆਰ, ਏਕਾ ਸ਼ਬਦ ਜਣਾਇਆ। ਵੇਦ ਵਿਆਸਾ ਬਣ ਲਿਖਾਰ, ਆਪ ਆਪਣਾ ਗਿਆ ਸਮਝਾਇਆ ਨਿਹਕਲੰਕ ਲੈ ਅਵਤਾਰ, ਲੋਕਮਾਤ ਫੇਰਾ ਪਾਇਆ। ਪੂਤ ਸਪੂਤਾ ਬ੍ਰਹਿਮਣ ਗੌੜਾ ਹੋ ਉਜਿਆਰ, ਉਚੇ ਟਿੱਲੇ ਪ੍ਰਬਤ ਡੇਰਾ ਲਾਇਆ। ਸਾਢੇ ਤਿੰਨ ਹੱਥ ਨਗਰ ਅਪਾਰ, ਸੰਬਲ ਨਗਰੀ ਨਾਉਂ ਧਰਾਇਆ। ਨਿਰਮਲ ਜੋਤੀ ਕਰ ਉਜਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਵੇਸ ਵਟਾਇਆ। ਕਲਜੁਗ ਅੰਤਮ ਹਰਿ ਚੁਕਾਵਣਾ, ਆਪਣੇ ਹੱਥ ਰੱਖੇ ਵਡਿਆਈਆ। ਜੂਠ ਝੂਠ ਮੇਟ ਮਿਟਾਵਣਾ, ਭੇਖ ਪਖੰਡ ਰਹੇ ਨਾ ਰਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਗਵਾਵਣਾ, ਸ਼ਾਂਤਕ ਸਤਿ ਵਰਤਾਈਆ। ਚਾਰ ਵਰਨਾਂ ਏਕਾ ਧਾਮ ਸੁਹਾਵਣਾ, ਏਕਾ ਸ਼ਬਦ ਕਰੇ ਕੁੜਮਾਈਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾਂ ਖ਼ਾਕ ਮਿਲਾਵਣਾ, ਖ਼ਾਕੀ ਖ਼ਾਕ ਸਮਾਈਆ। ਅਠਾਰਾਂ ਬਰਨ ਨਾ ਕੋਈ ਜਤਾਵਣਾ, ਜਾਗਰਤ ਜੋਤ ਇਕ ਜਗਾਈਆ। ਏਕਾ ਵਿਦਿਆ ਸ੍ਰਿਸ਼ਟ ਸਬਾਈ ਆਪ ਪੜ੍ਹਾਵਣਾ, ਬ੍ਰਹਮ ਵਿਦਿਆ ਸਤਿ ਪੜ੍ਹਾਈਆ। ਸੰਤ ਸੁਹੇਲੇ ਪਕੜ ਉਠਾਵਣਾ, ਗੁਰੂ ਗੁਰ ਚੇਲੇ ਮੇਲ ਮਿਲਾਈਆ। ਫੜ ਫੜ ਕਾਗ ਹੰਸ ਬਣਾਵਣਾ, ਨਾਮ ਚੋਗ ਇਕ ਚੁਗਾਈਆ। ਜੰਗਲ ਜੂਹ ਉਜਾੜ ਪਹਾੜ ਡੂੰਘੇ ਸਾਗਰ ਟਿੱਲੇ ਪਰਬਤ ਹਰਿ ਹਰਿ ਗਾਵਣਾ, ਚਾਰੋਂ ਕੁੰਟ ਵੱਜੇ ਵਧਾਈਆ। ਸੰਮਤ ਸੰਮਤੀ ਫੇਰਾ ਪਾਵਨਾ, ਵੀਹ ਸਦ ਬਿਕ੍ਰਮੀ ਵੇਖ ਵਖਾਈਆ । ਰਾਮ ਰਾਮਾ ਰੂਪ ਦਰਸਾਵਣਾ, ਆਪ ਆਪਣੀ ਕਲ ਵਰਤਾਈਆ। ਮੋਰ ਮੁਕਟ ਸੀਸ ਟਿਕਾਵਣਾ, ਕਵਲ ਨੈਣ ਬੇਪਰਵਾਹੀਆ। ਚਾਰ ਯਾਰ ਮੁਹੰਮਦੀ ਸੰਗ ਰਲਾਵਣਾ, ਨੂਰ ਇਲਾਹੀ ਆਪ ਖ਼ੁਦਾਈਆ। ਨਾਨਕ ਗੋਬਿੰਦ ਭੇਵ ਚੁਕਾਵਣਾ, ਸਚ ਮਹੱਲੇ ਡੇਰਾ ਲਾਈਆ। ਨਿਹਕਲੰਕਾ ਨਾਉਂ ਰਖਾਵਣਾ, ਪ੍ਰਭ ਸਾਚੇ ਹੱਥ ਵਡਿਆਈਆ। ਕਲਜੁਗ ਅੰਤਮ ਮੇਟ ਮਿਟਾਵਣਾ, ਮੇਟੇ ਝੂਠੀ ਛਾਹੀਆ। ਸਤਿਜੁਗ ਸਾਚਾ ਮਾਰਗ ਲਾਵਣਾ, ਸਚ ਸੁੱਚ ਰਿਹਾ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਹਰਿ ਸੰਤਨ ਮੇਲ ਮਿਲਾਈਆ। ਸੰਤਨ ਮੇਲਾ ਧੁਰ ਦਰਗਾਹ, ਹਰਿ ਸਾਚਾ ਮੇਲ ਮਿਲੰਨਿਆ। ਲੋਕਮਾਤ ਬਣਾਏ ਜਗਤ ਮਲਾਹ, ਪਾਰ ਕਰਾਏ ਆਤਮ ਅੰਨਿਆ। ਇਕ ਜਪਾਏ ਸਾਚਾ ਨਾਂ, ਪੰਚਾਂ ਚੋਰਾਂ ਦੇਵੇ ਡੰਨਿਆ। ਦੋ ਜਹਾਨੀ ਪਕੜੇ ਬਾਂਹ, ਜਨ ਹਰਿ ਹਰਿ ਭਾਣਾ ਮੰਨਿਆ। ਦੇਵਣਹਾਰਾ ਨਿਥਾਵਿਆਂ ਥਾਂ, ਨਾ ਭੇਵ ਕੋਈ ਛੁਪੰਨਿਆ। ਆਪੇ ਪਿਤਾ ਆਪੇ ਮਾਂ, ਸੰਤ ਸੁਹੇਲੇ ਬਾਲ ਗੋਦ ਉਠੰਨਿਆ। ਸੰਤ ਸੁਹੇਲੇ ਆਪ ਜਗਾ, ਕਲਜੁਗ ਡੰਕ ਵਜਾਇਆ। ਧਰਤ ਮਾਤ ਹਾਹਾਕਾਰ, ਰੋ ਰੋ ਨੀਰ ਵਹਾਇਆ। ਸਤਿ ਧਰਮ ਗਿਆ ਹਾਰ, ਧੀਰਜ ਯਤ ਨਾ ਕੋਈ ਵਿਖਾਇਆ। ਸ਼ਾਹ ਸੁਲਤਾਨ ਹੋਏ ਖਵਾਰ, ਗ਼ਰੀਬ ਨਿਮਾਣੇ ਨਾ ਗਲੇ ਲਗਾਇਆ। ਘਰ ਘਰ ਨਾਰ ਦਿਸੇ ਵਿਭਚਾਰ, ਨਾਰੀ ਕੰਤ ਨਾ ਕੋਇ ਹੰਢਾਇਆ। ਭਾਈ ਭੈਣ ਨਾ ਮੀਤ ਮੁਰਾਰ, ਸਾਕ ਸੈਣ ਨਾ ਕੋਈ ਸਲਾਹਿਆ। ਗਾ ਗਾ ਥੱਕੇ ਜਗਤ ਗਵਾਰ, ਗਾਵਣਹਾਰਾ ਦਿਸ ਨਾ ਆਇਆ। ਭਾਲ ਭਾਲ ਥੱਕੇ ਸਚ ਦਰ ਦਰਬਾਰ, ਦੁਰਮਤ ਮੈਲ ਨਾ ਕੋਈ ਮਿਟਾਇਆ। ਪੰਜ ਤਤ ਵਧਾਇਆ ਇਕ ਹੰਕਾਰ, ਕਾਇਆ ਗੜ੍ਹ ਸੁਹਾਇਆ। ਸੁਰਤੀ ਸੁਰਤ ਨਾ ਪਾਵੇ ਸਾਰ, ਸ਼ਬਦੀ ਸ਼ਬਦ ਨਾ ਕੋਈ ਮਿਲਾਇਆ। ਨੌਂ ਦਵਾਰੇ ਜਗਤ ਖਵਾਰ, ਡੂੰਘੀ ਭਵਰੀ ਰਿਹਾ ਭਵਾਇਆ। ਅਨਹਦ ਨਾ ਸੁਣਾਏ ਕੋਈ ਸਤਾਰ, ਤਾਲ ਤਲਵਾੜਾ ਨਾ ਕੋਈ ਵਜਾਇਆ। ਬਜ਼ਰ ਕਪਾਟੀ ਨਾ ਦੇਵੇ ਕੋਈ ਪਾੜ, ਤੀਰ ਨਿਰਾਲਾ ਨਾ ਕੋਈ ਲਗਾਇਆ। ਸਚਖੰਡ ਦਵਾਰਾ ਨਾ ਵਖਾਏ ਕੋਈ ਅਖਾੜ, ਧਰਮ ਤਖ਼ਤ ਨਾ ਕੋਈ ਛੁਹਾਇਆ। ਵਰਨਾਂ ਬਰਨਾਂ ਹੋਏ ਖਵਾਰ, ਚਾਰੋਂ ਕੁੰਟ ਰਹੇ ਹਲਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਹਰਿ ਸੰਤਨ ਮੇਲ ਮਿਲਾਇਆ। ਸੰਤਨ ਮੀਤਾ ਹਰਿ ਹਰਿ ਨਿਰੰਕਾਰ, ਏਕਾ ਏਕ ਅਖਵਾਇੰਦਾ। ਏਕਾ ਗੀਤਾ ਕਰ ਪਿਆਰ, ਅਠਾਰਾਂ ਬਰਨਾਂ ਮੇਟ ਮਿਟਾਇੰਦਾ। ਠਾਂਡਾ ਸੀਤਾ ਪਾਵੇ ਸਾਰ, ਕਲਜੁਗ ਅਗਨੀ ਅੱਗ ਜਲਾਇੰਦਾ। ਜੁਗ ਜੁਗ ਪਤਿਤ ਪੁਨੀਤਾ ਆਪ ਹੋ ਜਾਇੰਦਾ। ਨਾ ਕੋਈ ਮੰਦਰ ਮਸੀਤਾ ਗੁਰੂਦਵਾਰ, ਸ਼ਿਵਦਵਾਲਾ ਮੱਠ ਨਾ ਕੋਈ ਰਖਾਇੰਦਾ। ਹਰਿ ਸੰਤਾਂ ਘਰ ਵਿਚ ਘਰ ਦੀਵਾ ਬਾਤੀ ਕਰ ਉਜਿਆਰ, ਆਪ ਆਪਣਾ ਦਰ ਸੁਹਾਇੰਦਾ। ਕਮਲਾਪਾਤੀ ਨੈਣ ਮੁੰਧਾਰ, ਆਤਮ ਸੇਜਾ ਆਸਣ ਲਾਇੰਦਾ। ਸੋਲਾਂ ਕਰੇ ਆਪ ਸ਼ਿੰਗਾਰ, ਆਪਣਾ ਮੁਖ ਵੇਖ ਵਖਾਇੰਦਾ। ਆਪਣੇ ਅੰਦਰੋਂ ਆਪੇ ਨਿਕਲੇ ਬਾਹਿਰ, ਆਪਣਾ ਘੁੰਗਟ ਆਪੇ ਲਾਹਿੰਦਾ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਜੋਤ ਜਗਾਇੰਦਾ। ਬੂੰਦ ਸਵਾਂਤੀ ਠਾਂਡੀ ਠਾਰ, ਨਿਝਰ ਝਿਰਨਾ ਕਵਲ ਝਿਰਾਇੰਦਾ। ਕਲਜੁਗ ਮਿਟੇ ਰੈਣ ਅੰਧੇਰੀ ਰਾਤੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਸੰਤ ਸਾਚਾ ਨੌਜਵਾਨ, ਆਠ ਪਹਿਰ ਲਿਵ ਲਾਈਆ। ਨੇਤਰ ਲੋਚਣ ਦਰਸ ਭਗਵਾਨ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਗੋਬਿੰਦ ਗੀਤਾ ਏਕਾ ਗਾਣ, ਰਾਮ ਨਾਮ ਇਕ ਜਣਾਈਆ। ਆਤਮ ਬ੍ਰਹਮ ਆਪ ਪਛਾਣ, ਆਪ ਆਪਣੀ ਬੂਝ ਬੁਝਾਈਆ। ਦੂਜੇ ਦਰ ਨਾ ਹੋਏ ਹੈਰਾਨ, ਨਾ ਕੋਇ ਸੀਸ ਝੁਕਾਈਆ। ਨੇਤਰ ਤੀਜਾ ਇਕ ਮਹਾਨ, ਹਰਿ ਸੰਤਨ ਵੰਡ ਵੰਡਾਈਆ। ਮੇਲ ਮਿਲਾਵਾ ਦੋ ਜਹਾਨ, ਘਰ ਸਾਚਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚੇ ਸੰਤਾਂ ਮੇਲ ਮਿਲਾਈਆ। ਸਾਚੇ ਸੰਤ ਤੀਰਥ ਤੱਟ, ਏਕਾ ਆਸਣ ਲਾਇਆ। ਹਰਿ ਵੇਖਣਹਾਰਾ ਘਟ ਘਟ, ਪੁਰਖ ਅਬਿਨਾਸ਼ੀ ਨਾਉਂ ਧਰਾਇਆ। ਦੂਈ ਦਵੈਤੀ ਮੇਟੇ ਫੱਟ, ਏਕਾ ਹੱਟ ਵਿਕਾਇਆ। ਅੰਮ੍ਰਿਤ ਆਤਮ ਜੋ ਜਨ ਰਹੇ ਚੱਟ, ਗੰਗਾ ਧਾਰ ਸਮਾਇਆ। ਜੋਤੀ ਜਗੇ ਲਟ ਲਟ, ਨੂਰੋ ਨੂਰ ਧਰਾਇਆ। ਦੁਰਮਤ ਮੈਲ ਆਪਣੀ ਕੱਟ, ਦੂਸਰ ਰਿਹਾ ਤਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਵੇਖੇ ਸਾਚੇ ਘਰ, ਏਕਾ ਘਰ ਸੁਹਾਇਆ। ਗੰਗਾ ਤੇਰਾ ਤੱਟ ਕਿਨਾਰ, ਹਰਿ ਹਰਿ ਵੇਖ ਵਿਖੰਨਿਆ। ਕਲਜੁਗ ਅੰਤਮ ਪਾਵੇ ਸਾਰ, ਦਿਸ ਨਾ ਆਏ ਨੇਤਰ ਅੰਨਿਆ। ਸੰਤ ਸੁਹੇਲਾ ਮਿਲੇ ਮੇਲ ਮੀਤ ਮੁਰਾਰ, ਲੋਕਮਾਤ ਚੜ੍ਹੇ ਸਾਚਾ ਚੰਨਿਆ। ਖੇਲੇ ਖੇਲ ਅਗੰਮ ਅਪਾਰ, ਫਿਰੇ ਭੰਨਿਆ। ਨਾਮ ਖੰਡਾ ਤੇਜ ਕਟਾਰ, ਪੰਚ ਵਿਕਾਰਾ ਦੇਵੇ ਡੰਨਿਆ। ਹਰਿਜਨ ਸਾਚੇ ਲਾਏ ਪਾਰ, ਆਪ ਆਪਣਾ ਬੇੜਾ ਬੰਨ੍ਹਿਆ। ਜੋ ਜਨ ਢਹਿ ਪਏ ਦਵਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹੰਨਿਆ। ਸਾਚਾ ਘਰ ਹਰਿ ਸੁਹੰਜਣਾ, ਏਕਾ ਜੋਤ ਜਗਾਈਆ। ਪੁਰਖ ਅਬਿਨਾਸ਼ੀ ਆਦਿ ਨਿਰੰਜਣਾ, ਕਲਜੁਗ ਦਰ ਬੇਪਰਵਾਹੀਆ। ਭਗਤ ਸੁਹੇਲਾ ਦਰਦ ਦੁੱਖ ਭੈ ਭੰਜਨਾ, ਭਵ ਸਾਗਰ ਪਾਰ ਕਰਾਈਆ। ਨੇਤਰ ਪਾਇਆ ਨਾਮ ਅੰਜਨਾ, ਆਪਣੀ ਆਪਣੇ ਹੱਥ ਰੱਖੇ ਵਡਿਆਈਆ। ਹਰਿ ਦਵਾਰ ਕਰ ਪ੍ਰਵਾਨ, ਸਾਚੀ ਸੰਗਤ ਸੰਗ ਨਿਭਾਈਆ। ਹਰਿ ਦਵਾਰ ਰਿਖੀ ਕੇਸ਼, ਸਾਚਾ ਗੜ੍ਹ ਵਿਖਾਨਿਆ। ਦਾਤਾ ਦਾਨੀ ਦਰ ਦਰਵੇਸ਼, ਆਪ ਆਪਣਾ ਭੇਵ ਛੁਪਾਨਿਆ। ਆਵੇ ਜਾਵੇ ਜਗਤ ਹਮੇਸ਼, ਆਦਿ ਜੁਗਾਦੀ ਇਕ ਭਗਵਾਨਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਿਖੀ ਕੇਸ਼ ਹੋਏ ਪ੍ਰਧਾਨਿਆ। ਰਿਖੀ ਕੇਸ਼ ਹਰਿ ਪ੍ਰਧਾਨ, ਸਾਚੀ ਥਿਤ ਵਖਾਨਿਆ। ਕਮਲੀ ਵਾਲੇ ਦੇਵੇ ਦਾਨ, ਕਮਲਾਪਤ ਸ੍ਰੀ ਭਗਵਾਨਿਆ। ਚਰਨ ਕਵਲ ਇਕ ਧਿਆਨ, ਏਕਾ ਬ੍ਰਹਮ ਪਛਾਣਿਆ। ਸਤਿ ਸਰੋਵਰ ਰਿਹਾ ਛਾਣ, ਸਤ ਸਾਗਰ ਵੰਞ ਮੁਹਾਨਿਆ। ਤ੍ਰਲੋਕੀ ਮਾਰਨਹਾਰਾ ਬਾਣ, ਸ਼ਬਦੀ ਚਿੱਲਾ ਇਕ ਉਠਾਨਿਆ। ਲੱਖ ਚੁਰਾਸੀ ਮੇਟ ਮਿਟਾਨ, ਹਰਿ ਸੰਤਨ ਮੇਲ ਮਿਲਾਣਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਿਖੀ ਕੇਸ਼ ਤੇਰਾ ਸਾਚਾ ਘਰ, ਤੇਰਾ ਤੇਰਾ ਤੇਰਾਂ ਤੋਲ ਤੁਲਾਨਿਆ। ਤੇਰਾਂ ਤੋਲਾ ਹਰਿ ਨਿਰੰਕਾਰ, ਕੰਡਾ ਆਪਣੇ ਹੱਥ ਰਖਾਈਆ। ਸ਼ਬਦ ਬੋਲਾ ਅਪਰ ਅਪਾਰ, ਸੋਹੰ ਢੋਲਾ ਏਕਾ ਗਾਈਆ। ਵਿਸ਼ਨੂੰ ਰੂਪ ਇਕ ਜੈਕਾਰ, ਭਗਵਨ ਜੋਤ ਕਰੇ ਰੁਸ਼ਨਾਈਆ। ਸ਼ੇਰ ਸ਼ੇਰ ਖ਼ਬਰਦਾਰ, ਸਿੰਘ ਸ਼ੇਰ ਵੱਡੀ ਵਡਿਆਈਆ। ਸੰਤ ਸੁਹੇਲੇ ਦੇਵੇ ਤਾਰ, ਕਰ ਕਰ ਮਿਹਰ ਮਿਹਰਬਾਨ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚੇ ਵਰ, ਹਰਿ ਸੰਤਨ ਸੰਗ ਸਮਾਈਆ। ਸੰਤਨ ਹਰਿ ਹਰਿ ਵਸਿਆ, ਏਕਾ ਏਕੰਕਾਰ। ਰਾਹ ਸਾਚਾ ਮਾਤ ਦੱਸਿਆ, ਜੀਆਂ ਜੰਤਾਂ ਇਕ ਪਿਆਰ। ਮਿਟੇ ਰੈਣ ਅੰਧੇਰੀ ਮੱਸਿਆ, ਸਾਚਾ ਚੰਨ ਕਰੇ ਉਜਿਆਰ। ਘਰ ਮੰਦਰ ਬਹਿ ਬਹਿ ਆਪੇ ਹੱਸਿਆ, ਜੋਤੀ ਨਿਰਗੁਣ ਕਰ ਉਜਿਆਰ। ਅੱਠੇ ਪਹਿਰ ਫਿਰੇ ਨੱਸਿਆ, ਸੰਤ ਸੁਹੇਲੇ ਕਰੇ ਖ਼ਬਰਦਾਰ। ਤੀਰ ਨਿਰਾਲਾ ਏਕਾ ਕਸਿਆ, ਮਾਰੀ ਜਾਏ ਵਾਰੋ ਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਰਿਖੀ ਕੇਸ਼ ਆਪੇ ਵੇਖ, ਆਪ ਆਪਣੀ ਜਾਣੇ ਕਾਰ। ਰਿਖੀ ਕੇਸ਼ ਜਗਤ ਮੁਨਾਰਾ, ਗੰਗਾ ਧਾਰ ਵਹਾਈਆ। ਅੰਤਮ ਵੇਲੇ ਪਾਰ ਕਿਨਾਰਾ, ਹਰਿ ਹਰਿ ਅੰਗ ਸਮਾਈਆ। ਉਠੋ ਸੰਤੋ ਕਰੋ ਦਿਦਾਰਾ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਪ੍ਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਮ ਖੰਡਾ ਤੇਜ ਕਟਾਰਾ, ਤਿਖੀ ਧਾਰ ਰਿਹਾ ਰਖਾਈਆ। ਗ਼ਰੀਬ ਨਿਮਾਣਿਆਂ ਪਾਵੇ ਸਾਰਾ, ਹੰਕਾਰੀਆਂ ਗੜ੍ਹ ਤੁੜਾਈਆ। ਜੋ ਜਨ ਬਣੇ ਦਰ ਹਰਿ ਭਿਖਾਰਾ, ਆਤਮ ਇਛਿਆ ਪੂਰ ਕਰਾਈਆ। ਸਚ ਸੁਲਤਾਨ ਸੱਚੀ ਸਰਕਾਰਾ, ਥਿਰ ਘਰ ਬੈਠਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੰਤਨ ਮੇਲਾ ਸਾਚੇ ਦਰ, ਹਰਿਸੰਗਤ ਵਡ ਵਡਿਆਈਆ। ਫੂਲਣਹਾਰ ਸਤਿ ਸ਼ਿੰਗਾਰ, ਹਰਿਜਨ ਤਨ ਸੁਹਾਈਆ। ਸੰਤ ਸੁਹੇਲਾ ਮੀਤ ਮੁਰਾਰ, ਆਪ ਆਪਣਾ ਸੀਸ ਝੁਕਾਈਆ। ਸੋਹੇ ਸਚ ਸਚ ਸੱਚਾ ਦਰਬਾਰ, ਹਰਿਸੰਗਤ ਸੋਭਾ ਪਾਈਆ। ਅੰਤਰ ਵਸਿਆ ਮੀਤ ਮੁਰਾਰ, ਭੁੱਲ ਰਹੇ ਨਾ ਰਾਈਆ। ਨਾਰੀ ਕੰਤਾ ਇਕ ਪਿਆਰ, ਏਕਾ ਸੇਜ ਸੁਹਾਈਆ। ਆਤਮ ਸੇਜਾ ਫੂਲਣ ਬਰਖਾ ਧਾਰ, ਹਰਿਜਨ ਸਾਚੇ ਆਪ ਲਗਾਈਆ। ਹਰਿ ਕਾ ਰੂਪ ਹਰਿ ਸੰਤ ਪਿਆਰ, ਹਰਿ ਸੰਤਾਂ ਵਿਚ ਸਮਾਈਆ। ਆਦਿ ਅੰਤ ਇਕ ਅਵਤਾਰ, ਏਕਾ ਗੁਰ ਸਮਝਾਈਆ । ਚਾਰ ਵਰਨ ਸਾਂਝਾ ਯਾਰ, ਵਰਨ ਗੋਤ ਨਾ ਕੋਈ ਰਖਾਈਆ। ਕਾਇਆ ਭਾਂਡਾ ਕਰ ਤਿਆਰ, ਆਪ ਆਪਣੀ ਵਸਤ ਟਿਕਾਈਆ। ਠਾਂਡਾ ਸੀਤ ਸੱਚੇ ਦਰਬਾਰ, ਤਤਵ ਤਤ ਨਾ ਕੋਈ ਰਖਾਈਆ। ਸੁਹਾਗੀ ਕੰਤ ਬਣਾਏ ਸਾਚੀ ਨਾਰ, ਆਪਣਾ ਮੰਗਲ ਆਪੇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤਨ ਦੇਵੇ ਸਾਚਾ ਵਰ, ਫੂਲਣ ਹਾਰ ਕਰ ਤਿਆਰ, ਸੰਤਨ ਉਤੋਂ ਦੇਵੇ ਵਾਰ, ਜਗਤ ਜਗਦੀਸ਼ਾ ਵੱਡੀ ਵਡਿਆਈਆ। ਫੂਲਣ ਰੁੱਤ ਹਰਿ ਸੰਤ, ਸਾਚੇ ਦਰ ਸੁਹਾਈਆ । ਮੇਲ ਮਿਲਾਵਾ ਨਾਰੀ ਕੰਤ, ਪੁਰਖ ਪ੍ਰਖੋਤਮ ਹੋਏ ਸਹਾਈਆ। ਦਿਸ ਨਾ ਆਏ ਜੀਵ ਜੰਤ, ਭੁੱਲੀ ਸਰਬ ਲੋਕਾਈਆ। ਸੰਤਾਂ ਆਤਮ ਇਕ ਸੁਗੰਧ, ਹਰਿ ਸਾਚਾ ਰਿਹਾ ਮਹਿਕਾਈਆ। ਨੌਂ ਦਵਾਰੇ ਚੁੱਕਿਆ ਪੰਧ, ਦਸਵਾਂ ਦਰ ਖੁਲ੍ਹਾਈਆ। ਇਕ ਸੁਣਾਏ ਸੁਹਾਗੀ ਛੰਦ, ਆਪਣਾ ਰਾਗ ਅਲਾਈਆ। ਖ਼ੁਸ਼ੀ ਕਰਾਏ ਬੰਦ ਬੰਦ, ਜੋ ਜਨ ਫੂਲਣਹਾਰ ਭੇਟ ਚੜ੍ਹਾਈਆ। ਦੀਨ ਦਿਆਲਾ ਹਰਿ ਹਰਿ ਹਰਿ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਸਹਿਜ ਸੁਖਦਾਈਆ। ਜੈ ਜੈ ਜੈਕਾਰ ਕਮਲੀ ਵਾਲੇ, ਬ੍ਰਹਿਮੰਡੇ ਜੈ ਜੈ ਜੈਕਾਰਿਆ। ਜਿਉਂ ਮਾਤ ਪਿਤ ਪੂਤ ਕਰੇ ਪ੍ਰਿਤਪਾਲੇ, ਵਸਦਾ ਰਹੇ ਸਚ ਦਵਾਰਿਆ। ਪੁਰਖ ਅਬਿਨਾਸ਼ੀ ਹੋਇਆ ਇਕ ਰਖਵਾਲੇ, ਏਥੇ ਓਥੇ ਪਾਵੇ ਸਾਰਿਆ। ਲੱਖ ਚੁਰਾਸੀ ਨੌਂ ਖੰਡ ਪ੍ਰਿਥਮੀ ਨਿਕਲਣ ਵਾਲੇ ਅੰਤ ਦਵਾਲੇ, ਸੰਮਤ ਵੀਹ ਸਦ ਸੋਲਾਂ ਰਾਹ ਤਕਾ ਲਿਆ। ਸੰਮਤ ਸਤਾਰਾਂ ਹਾਣੀਆਂ ਛੱਡਣੇ ਹਾਣੀ ਗੰਗਾ ਨੀਰ ਫੋਲ ਫੁਲਾਏ, ਮਾਤ ਪਿਤ ਸਾਕ ਸੈਣ ਨਾ ਕੋਈ ਪਿਆਰਿਆ। ਬਿਨ ਹਰਿ ਸੰਤ ਦਵਾਰੇ ਨਾ ਕੋਈ ਜਾਣੇ ਸਾਚੀ ਬਾਣੀ, ਨਾ ਕੋਈ ਬੂਝ ਬੁਝਾ ਰਿਹਾ। ਅੰਤ ਕਾਲ ਸਰਬ ਪਛਤਾਣੀ, ਜਮ ਕਾ ਡੰਡ ਸੀਸ ਲਗਾ ਰਿਹਾ। ਸਾਚੀ ਭੂਮਕਾ ਸੋਹੇ ਧਾਮ ਅਸਥਾਨੀ, ਹਰਿਸੰਗਤ ਹਰਿ ਸਾਚਾ ਸੰਗ ਨਿਭਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਪਦ ਨਿਰਬਾਣੀ, ਏਕਾ ਬ੍ਰਹਮ ਬੁਝਾ ਰਿਹਾ।