Granth 07 Likhat 129: 13 Maghar 2015 Bikarmi Kali Kamli Wale de Dere Mahant nal Bachan Rikhi Kesh

੧੩ ਮੱਘਰ ੨੦੧੫ ਬਿਕ੍ਰਮੀ ਕਾਲੀ ਕਮਲੀ ਵਾਲੇ ਦੇ ਡੇਰੇ ਮਹੰਤ ਨਾਲ ਬਚਨ ਰਿਖੀ ਕੇਸ਼

ਆਤਮ ਅੰਤਰ ਏਕਾ ਭੁੱਖ, ਹਰਿ ਨਾਮੇ ਮੰਗ ਮੰਗਾਈਆ। ਜਗਤ ਤ੍ਰਿਸ਼ਨਾ ਮਿਟੇ ਦੁੱਖ, ਹਉਮੇ ਰੋਗ ਨਾ ਕੋਈ ਸਤਾਈਆ। ਸਚ ਦਵਾਰੇ ਸਾਚਾ ਸੁਖ, ਏਕਾ ਬ੍ਰਹਮ ਜਣਾਈਆ। ਉਜਲ ਹੋਏ ਜਗਤ ਮੁੱਖ, ਦਰਗਹਿ ਸਾਚੀ ਮਿਲੇ ਥਾਈਂਆ। ਲੇਖੇ ਲੱਗੇ ਮਾਨਸ ਜਨਮ ਮਨੁਖ, ਲੱਖ ਚੁਰਾਸੀ ਫੰਦ ਕਟਾਈਆ। ਮਾਤ ਗਰਭ ਨਾ ਹੋਏ ਉਲਟਾ ਰੁਖ, ਦਸ ਦਸ ਮਾਸ ਨਾ ਕੋਇ ਸਜਾਈਆ। ਹਰਿਜਨ ਲੱਗੀ ਏਕਾ ਭੁੱਖ, ਸਾਚਾ ਸੰਤ ਦਏ ਮਿਟਾਈਆ। ਆਤਮ ਭੁੱਖ ਤ੍ਰਿਸ਼ਨ ਪਿਆਸ, ਹਰਿਜਨ ਆਪ ਲਗਾਈਆ। ਪ੍ਰਭ ਮਿਲਣ ਦੀ ਸਾਚੀ ਆਸ, ਕੋਈ ਸੰਤਨ ਦਏ ਮਿਲਾਈਆ। ਲੇਖੇ ਲੱਗੇ ਰਸਨ ਸਵਾਸ, ਦਿਵਸ ਰੈਣ ਰਹੇ ਚਲਾਈਆ। ਪਾਰ ਕਰਾਏ ਪ੍ਰਿਥਮੀ ਅਕਾਸ਼, ਗਗਨ ਮੰਡਲ ਇਕ ਸੁਹਾਈਆ। ਸਦਾ ਸੁਹੇਲਾ ਸਦ ਵਸੇ ਪਾਸ, ਦਿਵਸ ਰੈਣ ਨਾ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਮੇਲ ਮਿਲਾਵਾ ਸਾਚੇ ਘਰ, ਹਰਿ ਸੰਤਨ ਵਡ ਵਡਿਆਈਆ। ਆਤਮ ਅੰਤਰ ਜਗਤ ਰੋਗ, ਹਉਮੇ ਗੜ੍ਹ ਬਣਾਇਆ। ਸੰਤਨ ਮੇਲਾ ਧੁਰ ਸੰਜੋਗ, ਆਦਿ ਜੁਗਾਦੀ ਮੇਲ ਮਿਲਾਇਆ। ਕਵਣ ਵਖਾਏ ਦਰਸ ਅਮੋਘ, ਨੇਤਰ ਨੈਣ ਇਕ ਖੁਲ੍ਹਾਇਆ। ਕਵਣ ਚੁਗਾਏ ਸਾਚੀ ਚੋਗ, ਅੰਮ੍ਰਿਤ ਆਤਮ ਜਾਮ ਪਿਆਇਆ। ਕਵਣ ਲਗਾਏ ਸਾਚਾ ਭੋਗ, ਕਵਣ ਸਾਚੀ ਸੇਜਾ ਆਸਣ ਲਾਇਆ। ਕਵਣ ਸਹਿਸਾ ਮਿਟਾਏ ਜਗਤ ਵਿਜੋਗ, ਆਵਣ ਜਾਵਣ ਮੂਲ ਚੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਹਰਿ ਸੰਤਨ ਵਿਚ ਸਮਾਇਆ । ਜਗਤ ਭੁੱਖ ਜਗਤ ਬਿਲਲਾਏ, ਤ੍ਰਿਸ਼ਨਾ ਤ੍ਰਿਪਤ ਨਾ ਕੋਈ ਕਰਾਈਆ। ਚਾਰੋਂ ਕੁੰਟ ਹੋਈ ਹਲਕਾਏ, ਸਾਚੀ ਰੇਖ ਨਾ ਕੋਈ ਜਗਾਈਆ। ਨਾਮ ਨਿਧਾਨ ਨਾ ਕੋਈ ਝੋਲੀ ਪਾਏ, ਆਤਮ ਬ੍ਰਹਮ ਨਾ ਕੋਈ ਜਣਾਈਆ। ਸਚ ਨਿਸ਼ਾਨ ਨਾ ਕੋਈ ਝੁਲਾਏ, ਸਚਖੰਡ ਨਾ ਕੋਈ ਵਖਾਈਆ। ਨਿਰਗੁਣ ਜੋਤੀ ਨਾ ਕੋਈ ਮਿਲਾਏ, ਵਾਸਨਾ ਖੋਟੀ ਨਾ ਕੋਈ ਕਢਾਏ, ਗਿਆਨ ਧਿਆਨ ਰਹੇ ਦ੍ਰਿੜਾਈਆ। ਸਾਚੀ ਚੋਟੀ ਨਾ ਕੋਈ ਚੜ੍ਹਾਏ, ਬਜ਼ਰ ਕਪਾਟੀ ਨਾ ਕੋਈ ਤੁੜਾਈਆ। ਧੀਰਜ ਸਤਿ ਲੰਗੋਟੀ ਨਾ ਕੋਈ ਬੰਧਾਏ, ਕੋਟਨ ਕੋਟ ਬੈਠੇ ਧੂਣੀਆਂ ਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਵੇਖੇ ਸਾਚਾ ਘਰ, ਘਰ ਸਾਚੇ ਡੇਰਾ ਲਾਈਆ। ਜਗਤ ਤ੍ਰਿਸ਼ਨਾ ਆਦਿ ਜੁਗਾਦਿ, ਪੰਜ ਤਤ ਕਰੀ ਕੁੜਮਾਈਆ। ਹਰਿ ਸੰਤ ਬੁਝਾਏ ਜਗਤ ਪਿਆਸ, ਅੰਮ੍ਰਿਤ ਮੇਘ ਬਰਸਾਈਆ। ਨੌਂ ਖੰਡ ਪ੍ਰਿਥਮੀ ਸ੍ਰਿਸ਼ਟ ਸਬਾਈ ਲੱਖ ਚੁਰਾਸੀ ਕਰੇ ਤਰਾਸ ਤਰਾਸ, ਕਲਜੁਗ ਕੂਕੇ ਦਏ ਦੁਹਾਈਆ। ਕਵਣ ਦਵਾਰ ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਕਵਣ ਨਚਾਈਆ। ਕਵਣ ਕਰਾਏ ਅੰਧੇਰੀ ਕੁੰਦਰ ਇਕ ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਜੋਤ ਨਿਰੰਜਣ ਕਰੇ ਦਾਸ, ਅਨਹਦ ਸੇਵਾ ਲਾਈਆ। ਹਰਿ ਸੰਤਨ ਵਸੇ ਸਦਾ ਪਾਸ, ਅਲੱਖ ਅਗੋਚਰ ਅਭੇਦ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਘਰ, ਘਰ ਸਾਚਾ ਇਕ ਸੁਹਾਈਆ। ਕਮਲੀ ਵਾਲਾ ਹਰਿ ਹਰਿ ਰੂਪ, ਹਰਿ ਹਰਿ ਰੰਗ ਸਮਾਇਆ। ਪੁਰਖ ਅਬਿਨਾਸ਼ੀ ਸ਼ਾਹੋ ਭੂਪ, ਕਵਣ ਦਵਾਰੇ ਡੇਰਾ ਲਾਇਆ। ਏਕਾ ਜਾਣੇ ਸਤਿ ਸਰੂਪ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਸ਼ਬਦ ਪੰਗੂੜਾ ਰਿਹਾ ਝੂਟ, ਸਚ ਸਿੰਘਾਸਣ ਇਕ ਵਖਾਇਆ। ਸੰਤ ਸੁਹੇਲਾ ਕਵਣ ਦਵਾਰੇ ਆਤਮ ਰਸ ਰਿਹਾ ਲੂਟ, ਨੇਤਰ ਨੈਣ ਲੋਚਣ ਇਕ ਖੁਲ੍ਹਾਇਆ। ਲਹਿਣਾ ਦੇਣਾ ਚੁੱਕੇ ਜੂਠ ਝੂਠ, ਪੰਚ ਵਿਕਾਰਾ ਨੇੜ ਨਾ ਆਇਆ। ਸਾਚਾ ਸੱਜਣ ਹਰਿਜਨ ਜਨ ਹਰਿ ਆਪੇ ਜਾਏ ਤੁਠ, ਜੁਗ ਵਿਛੜੇ ਜਗਤ ਲਏ ਮੇਲ ਮਿਲਾਇਆ। ਲੁਕਿਆ ਰਹੇ ਨਾ ਕੋਈ ਗੁੱਠ, ਜੰਗਲ ਜੂਹ ਉਜਾੜ ਪਹਾੜ ਡੂੰਘੀ ਕੰਦਰ ਵੇਖ ਵਖਾਇਆ। ਰਿਖੀ ਕੇਸ਼ ਨਰ ਨਰਾਇਣ ਪੁਰਖ ਅਗੰਮਾ, ਨਾ ਮਰੇ ਨਾ ਕਦੇ ਜੰਮਾ, ਆਦਿ ਜੁਗਾਦਿ ਜੁਗ ਜੁਗ ਜਾਣੇ ਆਪਣਾ ਕੰਮਾ, ਹਰਿ ਸੰਤਨ ਵਿਚ ਸਮਾਇਆ। ਕਾਲੀ ਕਮਲੀ ਕਾਲੀ ਧਾਰ, ਹਰਿ ਨੂਰੋ ਨੂਰ ਸਮਾਈਆ। ਇਕ ਇਕੱਲਾ ਏਕੰਕਾਰ, ਲੱਖ ਚੁਰਾਸੀ ਡੇਰਾ ਲਾਈਆ। ਜਲਾਂ ਥਲਾਂ ਪਾਵੇ ਸਾਰ, ਜਗਤ ਆਸ਼ਰਮ ਵੇਖ ਵਖਾਈਆ। ਅਵਣ ਗਵਣ ਵਸਿਆ ਬਾਹਿਰ, ਨਿਹਕਰਮੀ ਨਾਉਂ ਧਰਾਈਆ। ਸਾਚੀ ਸਰਨ ਇਕ ਦਵਾਰ, ਸਾਚੇ ਘਰ ਵੱਜੀ ਵਧਾਈਆ। ਗੰਗਾ ਤੇਰੀ ਠੰਡੀ ਧਾਰ, ਨਿਰਮਲ ਧਾਰ ਰਹੀ ਵਹਾਈਆ। ਹਰਿਜਨ ਵਿਰਲਾ ਪਾਵੇ ਸਾਰ, ਜਿਸ ਜਨ ਆਤਮ ਬ੍ਰਹਮ ਜਣਾਈਆ। ਅਬਿਨਾਸ਼ੀ ਕਰਤਾ ਕਰੇ ਵਿਚਾਰ, ਆਦਿ ਪੁਰਖ ਵੱਡੀ ਵਡਿਆਈਆ। ਕਲਜੁਗ ਤੇਰੀ ਅੰਤਮ ਵਾਰ, ਤੀਰਥ ਤੱਟਾਂ ਫੇਰੀ ਪਾਈਆ। ਸਾਧਾਂ ਸੰਤਾਂ ਵੇਖੇ ਮੀਤ ਮੁਰਾਰ, ਚੌਦਾਂ ਲੋਕ ਫੋਲ ਫੁਲਾਈਆ। ਲੋਆਂ ਪੁਰੀਆਂ ਖੇਲ ਅਪਾਰ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਆਪ ਜਗਾਈਆ। ਰਵ ਸਸ ਕਰਨ ਪੁਕਾਰ, ਧਰਤ ਧਵਲ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਤਨ ਮੇਲਾ ਸਾਚੇ ਦਰ, ਦਰ ਸਾਚਾ ਇਕ ਸੁਹਾਈਆ।