Granth 08 Likhat 024: 27 Magh 2015 Bikarmi Kishan Singh de Ghar Alarhpindi Jila Gurdaspur

੨੭ ਮਾਘ ੨੦੧੫ ਬਿਕ੍ਰਮੀ ਕਿਸ਼ਨ ਸਿੰਘ ਦੇ ਘਰ ਅੱਲੜਪਿੰਡੀ ਜ਼ਿਲਾ ਗੁਰਦਾਸਪੁਰ

ਏਕਾ ਏਕ ਏਕੰਕਾਰ, ਅਕਲ ਕਲਾ ਅਖਵਾਈਆ। ਸਤਿਨਾਮ ਸਤਿ ਵਰਤਾਰ, ਸਤਿ ਪੁਰਖ ਆਪ ਵਰਤਾਈਆ। ਕਰਤਾ ਪੁਰਖ ਕਰਨੀ ਕਰੇ ਕਾਰ, ਕਰਣਹਾਰ ਆਪ ਹੋ ਜਾਈਆ। ਅਕਾਲ ਮੂਰਤ ਅਪਰ ਅਪਾਰ, ਰੂਪ ਰੰਗ ਨਾ ਕੋਈ ਜਣਾਈਆ। ਅਜੂਨੀ ਰਹਿਤ ਹਰਿ ਨਿਰੰਕਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਦਿ ਜੁਗਾਦੀ ਬੰਨੇ ਧਾਰ, ਜੁਗ ਜੁਗ ਆਪਣਾ ਵੇਸ ਵਟਾਈਆ। ਆਦਿ ਨਿਰੰਜਣ ਖੇਲ ਅਪਾਰ, ਅਲਖ ਅਗੋਚਰ ਭੇਵ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਇਕ ਪਸਾਰਾ ਇਕ ਨਿਰੰਕਾਰਾ, ਏਕਾ ਏਕ ਕਰਾਇੰਦਾ। ਆਪੇ ਖੇਲੇ ਖੇਲ ਅਪਾਰਾ, ਖੇਲਣਹਾਰ ਦਿਸ ਨਾ ਆਇੰਦਾ। ਨਿਰਗੁਣ ਦੀਪਕ ਕਰ ਉਜਿਆਰ, ਜੋਤੀ ਜੋਤ ਡਗਮਗਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰਾ, ਆਪ ਆਪਣਾ ਨਾਉਂ ਰਖਾਇੰਦਾ। ਸਾਚਾ ਘਰ ਸਚ ਦਰਬਾਰਾ, ਹਰਿ ਸਾਚਾ ਆਪ ਸੁਹਾਇੰਦਾ। ਆਪ ਆਪਣਾ ਦਏ ਸਹਾਰਾ, ਆਪ ਆਪਣਾ ਥਾਨ ਸੁਹਾਇੰਦਾ। ਸਚ ਸੁਲਤਾਨ ਸਚ ਸਿਕਦਾਰਾ, ਸ਼ਾਹੋ ਭੂਪ ਆਪ ਅਖਵਾਇੰਦਾ। ਸਾਜਣ ਮੀਤ ਮੀਤ ਮੁਰਾਰਾ, ਹਰਿ ਆਪਣਾ ਆਪ ਉਪਾਇੰਦਾ। ਆਪੇ ਬੰਨੇ ਆਪਣੀ ਧਾਰਾ, ਆਪਣੀ ਰਚਨ ਰਚਾਇੰਦਾ। ਸਤਿ ਸਰੂਪੀ ਖੇਲ ਨਿਆਰਾ, ਸਤਿ ਸਤਿਵਾਦੀ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਧਾਰ ਬੰਧਾਇੰਦਾ। ਨਿਰਗੁਣ ਧਾਰ ਰੂਪ ਅਗੰਮ, ਹਰਿ ਸਾਚਾ ਆਪ ਉਪਾਈਆ। ਨਾ ਮਰੇ ਨਾ ਪਏ ਜੰਮ, ਮਾਤ ਪਿਤ ਨਾ ਕੋਈ ਅਖਵਾਈਆ। ਆਪੇ ਜਾਣੇ ਆਪਣਾ ਕੰਮ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪਾਰਬ੍ਰਹਮ ਪ੍ਰਭ ਆਪ ਅਖਵਾਇਆ। ਪਾਰਬ੍ਰਹਮ ਪ੍ਰਭ ਅਬਿਨਾਸ਼ਾ, ਏਕਾ ਰੂਪ ਸਮਾਇਆ। ਆਪਣਾ ਵੇਖੇ ਆਪ ਤਮਾਸ਼ਾ, ਆਪਣਾ ਖੇਲ ਆਪ ਖਿਲਾਇਆ। ਆਪਣੇ ਮੰਡਲ ਪਾਵੇ ਰਾਸਾ, ਹਰਿ ਸਾਚਾ ਥਾਨ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਨਿਰਗੁਣ ਨੂਰ ਨੂਰ ਉਜਾਲਾ, ਏਕਾ ਏਕ ਅਖਵਾਇੰਦਾ। ਦੀਨਾਂ ਬੰਧਪ ਦੀਨ ਦਿਆਲਾ, ਪਾਰਬ੍ਰਹਮ ਭੇਵ ਨਾ ਆਇੰਦਾ। ਆਪਣੇ ਰੰਗ ਰੰਗ ਗੁਲਾਲਾ, ਦੂਸਰ ਰੰਗ ਨਾ ਕੋਈ ਵਖਾਇੰਦਾ। ਜੋਤੀ ਜੋਤ ਜੋਤ ਉਜਾਲਾ, ਏਕਾ ਏਕ ਡਗਮਗਾਇੰਦਾ। ਆਪ ਆਪਣੀ ਕਰੇ ਪ੍ਰਿਤਪਾਲਾ, ਪ੍ਰਿਤਪਾਲਕ ਆਪ ਅਖਵਾਇੰਦਾ। ਆਪ ਆਪਣੀ ਵਸਿਆ ਧਰਮ ਸੱਚੀ ਧਰਮਸਾਲਾ, ਥਿਰ ਘਰ ਸਾਚਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਆਪੇ ਕਰ, ਆਪੇ ਵੇਖ ਵਖਾਇੰਦਾ। ਨਿਰਗੁਣ ਨੂਰ ਨਿਰਾਕਾਰ, ਆਪਣਾ ਆਪ ਧਰਾਇੰਦਾ। ਆਪੇ ਵੇਖੇ ਪਾਵੇ ਸਾਰ, ਦਿਸ ਕਿਸੇ ਨਾ ਆਇੰਦਾ। ਸਚ ਸਿੰਘਾਸਣ ਖੇਲ ਨਿਆਰ, ਆਪ ਆਪਣੀ ਚਲਤ ਚਲਾਇੰਦਾ। ਸ਼ਾਹ ਸੁਹਾਨਾ ਇਕ ਅਧਾਰ, ਏਕਾ ਦਰ ਸੁਹਾਇੰਦਾ। ਆਪਣੇ ਦਰ ਕਰੇ ਵਾਸੀ ਵਾਸ, ਨਿਵਾਸਾ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਖੇਲ ਆਪੇ ਕਰ, ਆਪ ਆਪਣੇ ਰੰਗ ਰੰਗਾਇੰਦਾ। ਨਿਰਗੁਣ ਰੂਪ ਹਰਿ ਹਰਿ ਰੰਗ, ਦਿਸ ਕਿਸੇ ਨਾ ਆਇਆ। ਥਿਰ ਘਰ ਬੈਠ ਸਚ ਪਲੰਘ, ਪੁਰਖ ਅਬਿਨਾਸ਼ੀ ਡੇਰਾ ਲਾਇਆ। ਆਪਣੀ ਮੰਗੇ ਆਪੇ ਮੰਗ, ਆਪਣੀ ਝੋਲੀ ਆਪ ਭਰਾਇਆ। ਆਪਣਾ ਰੱਖੇ ਆਪੇ ਸੰਗ, ਹਰਿ ਦਾਤਾ ਬੇਪਰਵਾਹਿਆ। ਆਪਣੇ ਮੰਦਰ ਆਪੇ ਲੰਘ, ਹਰਿ ਬੈਠਾ ਜੋਤ ਜਗਾਇਆ। ਜੋਧਾ ਸੂਰਬੀਰ ਸਰਬੰਗ, ਏਕਾ ਏਕ ਏਕੰਕਾਰਾ ਨਾਮ ਧਰਾਇਆ। ਆਪ ਵਜਾਏ ਆਪਣਾ ਮਰਦੰਗ, ਆਪੇ ਦਰ ਸੁਹਾਇਆ। ਆਪੇ ਖੜਗ ਖੰਡਾ ਹੋਏ ਪਰਚੰਡ, ਚੰਡ ਪਰਚੰਡ ਆਪ ਹੋ ਜਾਇਆ। ਆਪ ਉਪਾਏ ਕੋਟ ਬ੍ਰਹਿਮੰਡ, ਬ੍ਰਹਮਾ ਨਾ ਡੇਰਾ ਲਾਇਆ। ਆਪੇ ਜਾਣੇ ਆਪਣੀ ਵੰਡ, ਹਰਿ ਕਾ ਭੇਵ ਕਿਸੇ ਨਾ ਪਾਇਆ। ਆਪੇ ਵਸਿਆ ਆਪਣੇ ਪਰਮਾਨੰਦ, ਪਰਮ ਪੁਰਖ ਅਖਵਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਥਿਰ ਘਰ ਬੈਠਾ ਆਸਣ ਲਾਇਆ। ਥਿਰ ਘਰ ਸਾਚਾ ਸਚ ਮਹੱਲਾ, ਹਰਿ ਸਾਚਾ ਆਪ ਉਪਾਇੰਦਾ। ਪਾਰਬ੍ਰਹਮ ਪ੍ਰਭ ਬੈਠਾ ਇਕ ਅਕੱਲਾ, ਦੂਸਰ ਕੋਈ ਦਿਸ ਨਾ ਆਇੰਦਾ। ਆਪਣੀ ਜੋਤੀ ਆਪੇ ਰਲਾ, ਆਪਣਾ ਦੀਪਕ ਆਪ ਜਗਾਇੰਦਾ। ਆਪਣਾ ਘਰ ਆਪੇ ਮੱਲਾ, ਘਰ ਸਾਚਾ ਆਪ ਸੁਹਾਇੰਦਾ। ਆਪੇ ਹੋਏ ਉਚ ਅਟੱਲਾ, ਦਿਸ ਕਿਸੇ ਨਾ ਆਇੰਦਾ। ਆਪੇ ਵਸਿਆ ਡੂੰਘੀ ਡੱਲਾ, ਭੇਵ ਕੋਇ ਨਾ ਪਾਇੰਦਾ। ਆਪੇ ਜਾਣੇ ਆਪਣਾ ਹੱਲਾ, ਆਪ ਆਪਣਾ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵਸਿਆ ਸਾਚੇ ਘਰ, ਘਰ ਸਾਚਾ ਆਪ ਸੁਹਾਇੰਦਾ। ਸਾਚਾ ਘਰ ਹਰਿ ਦਰਵਾਜ਼ਾ, ਏਕਾ ਰੰਗ ਰੰਗਾਇੰਦਾ। ਵੇਖਣਹਾਰ ਗ਼ਰੀਬ ਨਿਵਾਜਾ, ਆਪ ਆਪਣਾ ਰਾਹ ਤਕਾਇੰਦਾ। ਆਪ ਆਪਣਾ ਸਾਜਣ ਸਾਜਾ, ਸਾਜਣਹਾਰ ਦਿਸ ਨਾ ਆਇੰਦਾ। ਆਪ ਆਪਣੀ ਮਾਰੇ ਵਾਜਾ, ਆਪ ਆਪਣਾ ਆਪ ਉਠਾਇੰਦਾ। ਆਪ ਆਪਣਾ ਬਣਿਆ ਰਾਜਾ, ਰਾਜ ਰਾਜਾਨ ਆਪ ਅਖਵਾਇੰਦਾ। ਆਪ ਆਪਣਾ ਰਚਿਆ ਕਾਜਾ, ਆਪ ਆਪਣਾ ਮੰਗਲ ਗਾਇੰਦਾ। ਆਪ ਆਪਣੀ ਰੱਖੇ ਲਾਜਾ, ਆਪ ਆਪਣਾ ਸਗਨ ਮਨਾਇੰਦਾ। ਆਪ ਆਪਣੇ ਚੜ੍ਹੇ ਅਸਵ ਤਾਜਾ, ਆਪ ਆਪਣਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਏਕਉਂਕਾਰਾ ਹਰਿ ਨਿਰੰਕਾਰਾ ਜੋਤ ਸਰੂਪ ਸ਼ਾਹੋ ਭੂਪ ਸਤਿ ਸਰੂਪ ਇਕ ਵਖਾਇੰਦਾ। ਸਤਿ ਸਰੂਪ ਸੱਚੀ ਸਲਾਹ, ਭੇਵ ਕਿਸੇ ਨਾ ਆਇਆ। ਪਾਰਬ੍ਰਹਮ ਪ੍ਰਭ ਬੇਪਰਵਾਹ, ਘਰ ਸਾਚੇ ਬੈਠਾ ਆਸਣ ਲਾਇਆ। ਆਪਣਾ ਬਣੇ ਆਪ ਮਲਾਹ, ਆਪਣਾ ਬੇੜਾ ਆਪ ਚਲਾਇਆ। ਆਪਣੀ ਫੜੇ ਆਪੇ ਬਾਂਹ, ਆਪ ਆਪਣਾ ਨਾਲ ਰਲਾਇਆ। ਆਪਣਾ ਪਿਤਾ ਬਣੇ ਆਪੇ ਮਾਂ, ਆਪ ਆਪਣਾ ਗੋਦ ਉਠਾਇਆ। ਆਪ ਰਖਾਏ ਆਪਣਾ ਨਾਂ, ਨਾਉਂ ਨਿਰੰਕਾਰਾ ਆਪ ਜਣਾਇਆ। ਆਪ ਵਸਾਏ ਸਾਚਾ ਗਰਾਂ, ਥਿਰ ਘਰ ਸਾਚੇ ਡੇਰਾ ਲਾਇਆ। ਆਪੇ ਕਰੇ ਸਚ ਨਿਆਂ, ਅਦਲ ਅਦਾਲਤ ਇਕ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਨੂਰ ਰੁਸ਼ਨਾਇਆ। ਨਿਰਗੁਣ ਜੋਤ ਆਦਿ ਨਿਰੰਜਣ, ਆਦਿ ਪੁਰਖ ਵਡਿਆਈਆ। ਆਪ ਆਪਣਾ ਬਣਿਆ ਸੱਜਣ, ਸਾਕ ਸੈਣ ਆਪ ਅਖਵਾਈਆ। ਆਪ ਆਪਣੀ ਰੱਖੇ ਲੱਜਣ, ਲਾਜਾਵੰਤ ਵਡ ਵਡਿਆਈਆ। ਆਦਿ ਜੁਗਾਦੀ ਮਹਿਮਾ ਅਗਣਤ, ਲੇਖਾ ਲਿਖਤ ਨਾ ਕੋਇ ਲਿਖਾਈਆ। ਜੋਤੀ ਨੂਰ ਸ੍ਰੀ ਭਗਵੰਤ, ਸਤਿ ਸਤਿ ਸਤਿ ਸੱਚੀ ਸਰਨਾਈਆ। ਆਪੇ ਨਾਰੀ ਆਪੇ ਕੰਤ, ਆਪ ਆਪਣੀ ਸੇਜ ਹੰਢਾਈਆ। ਆਪ ਬਣਾਏ ਆਪਣੀ ਬਣਤ, ਹਰਿ ਦਾਤਾ ਬੇਪਰਵਾਹੀਆ। ਆਪ ਉਪਜਾਏ ਆਪਣਾ ਸੁੱਤ ਸ਼ਬਦ ਛੰਤ, ਪੂਤ ਸਪੂਤਾ ਨਾਉਂ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਨੂਰ ਉਪਾਈਆ। ਉਪਜੇ ਸ਼ਬਦ ਸੁੱਤ ਦੁਲਾਰਾ, ਘਰ ਸਾਚਾ ਇਕ ਸੁਹਾਇੰਦਾ। ਪੁਰਖ ਅਕਾਲ ਕਰ ਪਿਆਰਾ, ਆਪਣਾ ਮਾਰਗ ਲਾਇੰਦਾ। ਏਕਾ ਦੇਵੇ ਚਰਨ ਪਿਆਰਾ, ਸਾਚੀ ਓਟ ਵਖਾਇੰਦਾ। ਆਪਣੀ ਕਿਰਪਾ ਭਰੇ ਭੰਡਾਰਾ, ਆਪ ਆਪਣਾ ਵਿਚ ਟਿਕਾਇੰਦਾ। ਆਪੇ ਬਣੇ ਸੰਗ ਵਰਤਾਰਾ, ਸੇਵਕ ਸੇਵਾ ਸਾਚੀ ਲਾਇੰਦਾ। ਸ਼ਬਦ ਸੁੱਤ ਢਹਿ ਪਿਆ ਦਵਾਰਾ, ਪ੍ਰਭ ਸਾਚਾ ਆਪ ਉਠਾਇੰਦਾ। ਮੇਰਾ ਤੇਰਾ ਇਕ ਸਹਾਰਾ, ਤੂੰ ਮੇਰਾ ਮੈਂ ਤੋਹੇ ਭਾਇੰਦਾ। ਸੋ ਪੁਰਖ ਹਰਿ ਖੇਲ ਨਿਆਰਾ, ਹੰ ਸ਼ਬਦ ਰੂਪ ਵਟਾਇੰਦਾ। ਇਕ ਅਕੱਲਾ ਕਰ ਆਕਾਰਾ, ਆਪ ਆਪਣੀ ਚਲਤ ਚਲਾਇੰਦਾ। ਸ਼ਬਦ ਸੁੱਤ ਹੋ ਉਜਿਆਰਾ, ਆਪਣਾ ਕਰਮ ਕਮਾਇੰਦਾ। ਲੋਆਂ ਪੁਰੀਆਂ ਕਰ ਤਿਆਰਾ, ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਵਿਸ਼ਨੂੰ ਰੂਪ ਅਪਾਰਾ, ਹਰਿ ਸਾਚਾ ਆਪ ਵਟਾਇੰਦਾ। ਅੰਮ੍ਰਿਤ ਜਲ ਭਰ ਭੰਡਾਰਾ, ਕਵਲੀ ਕਵਲ ਟਿਕਾਇੰਦਾ। ਕਵਲ ਕਵਲਾ ਕਰ ਤਿਆਰਾ, ਕਮਲਾਪਾਤੀ ਵੇਖ ਵਖਾਇੰਦਾ। ਖੇਲੇ ਖੇਲ ਅਗੰਮ ਅਪਾਰਾ, ਆਦਿ ਅੰਤ ਨਾ ਕੋਇ ਜਣਾਇੰਦਾ। ਸਾਚਾ ਸੁੱਤ ਘਰ ਘਰ ਪਿਆਰਾ, ਸਾਚੀ ਰਚਨ ਰਚਾਇੰਦਾ। ਤ੍ਰੈਗੁਣ ਮਾਇਆ ਬੰਨ੍ਹੇ ਧਾਰਾ, ਆਪਣਾ ਤੱਤ ਟਿਕਾਇੰਦਾ। ਰਾਜਸ ਤਾਮਸ ਸਾਂਤਕ ਦੇ ਸਹਾਰਾ, ਹਰਿ ਸਾਚਾ ਮੇਲ ਮਿਲਾਇੰਦਾ। ਆਕਾਸ਼ ਪਰਕਾਸ਼ ਇਕ ਕਿਨਾਰਾ, ਆਪਣਾ ਆਪ ਜਣਾਇੰਦਾ। ਸਾਚਾ ਸ਼ਬਦ ਸੱਚੀ ਧੁਨਕਾਰਾ, ਹਰਿ ਸਾਚਾ ਆਪ ਅਲਾਇੰਦਾ। ਕਵਲੀ ਕਵਲਾ ਕਰ ਆਧਾਰਾ, ਕਵਲ ਕਵਲਾ ਮੁਖ ਖੁਲ੍ਹਾਇੰਦਾ। ਉਤਰ ਪੂਰਬ ਪੱਛਮ ਦੱਖਣ ਚਾਰੇ ਦਿਸ਼ਾ ਪਾਵੇ ਸਾਰਾ, ਚਾਰੇ ਮੁਖ ਰਖਾਇੰਦਾ। ਅੱਠੇ ਨੇਤਰ ਇਕ ਉਘਾੜਾ, ਬ੍ਰਹਿਮੰਡ ਵੰਡ ਵੰਡਾਇੰਦਾ। ਦੇਵਣਹਾਰ ਹਰਿ ਭੰਡਾਰਾ, ਸਾਚੀ ਕਲ ਵਰਤਾਇੰਦਾ। ਪਾਰਬ੍ਰਹਮ ਪ੍ਰਭ ਰੂਪ ਅਪਾਰਾ, ਆਪਣਾ ਅੰਗ ਕਟਾਇੰਦਾ। ਵਿਸ਼ਨੂੰ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਬ੍ਰਹਮ ਬ੍ਰਹਮ ਬ੍ਰਹਮ ਕਰ ਤਿਆਰਾ, ਪਾਰਬ੍ਰਹਮ ਵੇਖ ਵਖਾਇੰਦਾ। ਗਗਨ ਮੰਡਲ ਇਕ ਉਜਿਆਰਾ, ਰਵ ਸਸ ਇਕ ਚੜ੍ਹਾਇੰਦਾ। ਆਪੇ ਦੇਵਣਹਾਰ ਸਹਾਰਾ, ਆਪ ਆਪਣਾ ਬੰਧਨ ਪਾਇੰਦਾ। ਜਲ ਬਿੰਬ ਰੂਪ ਅਪਾਰਾ, ਹਰਿ ਸਾਚਾ ਸੰਗ ਸਮਾਇੰਦਾ। ਧਰਨੀ ਧਰਤ ਧਵਲ ਕਰ ਉਜਿਆਰਾ, ਆਪ ਆਪਣਾ ਖੇਲ ਖਿਲਾਇੰਦਾ। ਭੇਟਾ ਦੇਵੇ ਵਿਚ ਸੰਸਾਰਾ, ਸਾਚੀ ਚਲਤ ਚਲਾਇੰਦਾ। ਬਾਸ਼ਕ ਤਸ਼ਕਾ ਕਰ ਪਿਆਰਾ, ਸਾਂਗੋ ਪਾਂਗ ਹੰਢਾਇੰਦਾ। ਉਤੇ ਸੁੱਤਾ ਨੈਣ ਮੁੰਧਾਰਾ, ਚਤੁਰਭੁਜ ਭੇਵ ਨਾ ਆਇੰਦਾ। ਆਦਿ ਸ਼ਕਤ ਖੇਲ ਨਿਆਰਾ, ਹਰਿ ਸਾਚਾ ਆਪ ਕਰਾਇੰਦਾ। ਸਚ ਖ਼ੁਦਾ ਬੇਐਬ ਪਰਵਰਦਿਗਾਰਾ, ਆਪਣਾ ਦਰ ਹਰਿ ਸਾਚਾ ਆਪ ਸੁਹਾਇੰਦਾ। ਬ੍ਰਹਮਾ ਵੇਤਾ ਨਾਮ ਆਧਾਰਾ, ਏਕਾ ਸ਼ਬਦ ਸੁਣਾਇੰਦਾ। ਪੰਜ ਤੱਤ ਕਰ ਪਸਾਰਾ, ਅਪ ਤੇਜ਼ ਵਾਏ ਪ੍ਰਿਥਮੀ ਆਕਾਸ਼ ਨਾਲ ਰਲਾਇੰਦਾ। ਲੱਖ ਚੁਰਾਸੀ ਵਣਜ ਵਣਜਾਰਾ, ਸਾਚੇ ਹੱਟ ਵਖਾਇੰਦਾ। ਚੌਦਾਂ ਚੌਦਾਂ ਖੋਲ੍ਹ ਕਿਵਾੜਾ, ਏਕਾ ਮੁਖ ਬਣਾਇੰਦਾ। ਜ਼ਿਮੀਂ ਅਸਮਾਨਾਂ ਰਖਿਆ ਪਾੜਾ, ਨਾ ਕੋਈ ਮੇਲ ਮਿਲਾਇੰਦਾ। ਆਪੇ ਖੇਲ ਆਪੇ ਵੇਖੇ ਜਗਤ ਅਖਾੜਾ, ਲੋਕਮਾਤੀ ਬਣਤ ਬਣਾਇੰਦਾ। ਲੱਖ ਚੁਰਾਸੀ ਕਰ ਪਿਆਰਾ, ਮਨ ਮਤ ਬੁਧ ਵਿਚ ਰਖਾਇੰਦਾ। ਨਿਰਗੁਣ ਖੇਲ ਅਪਰ ਅਪਾਰਾ, ਨਿਰਾਧਾਰ ਆਪ ਹੋ ਜਾਇੰਦਾ। ਸਰਗੁਣ ਮੇਲਾ ਕਰ ਸੰਸਾਰਾ, ਸਾਚੀ ਰਚਨ ਰਚਾਇੰਦਾ। ਬ੍ਰਹਮਾ ਸੇਵਕ ਸੇਵਾਦਾਰਾ, ਸਾਚੀ ਸੇਵ ਕਮਾਇੰਦਾ। ਵਿਸ਼ਨੂੰ ਦੇਵੇ ਇਕ ਆਧਾਰਾ, ਘਰ ਘਰ ਰਿਜ਼ਕ ਪੁਚਾਇੰਦਾ। ਪੰਜ ਤੱਤ ਭਰ ਭੰਡਾਰਾ, ਆਪੇ ਵੇਖ ਵਖਾਇੰਦਾ। ਘਰ ਵਿਚ ਘਰ ਕਰੇ ਤਿਆਰਾ, ਹਰਿ ਸਾਚੀ ਬਣਤ ਬਣਾਇੰਦਾ। ਆਪੇ ਖੋਲ੍ਹੇ ਨੌ ਦਵਾਰਾ, ਆਪੇ ਵੇਖ ਵਖਾਇੰਦਾ। ਉਚ ਮਹੱਲ ਅਟੱਲ ਮੁਨਾਰਾ, ਹਰਿ ਸਾਚਾ ਰੰਗ ਰੰਗਾਇੰਦਾ। ਦਸਮ ਦਵਾਰੀ ਧਰਮ ਅਖਾੜਾ, ਘਰ ਘਰ ਵਿਚ ਆਪ ਟਿਕਾਇੰਦਾ। ਅੰਦਰ ਬੈਠਾ ਸਾਚਾ ਲਾੜਾ, ਆਪ ਆਪਣਾ ਮੁਖ ਛੁਪਾਇੰਦਾ। ਨਾਤਾ ਜੁੜਿਆ ਬਹੱਤਰ ਨਾੜਾ, ਲਹੂ ਮਿਝ ਹੱਡੀ ਰੱਤ ਮੇਲ ਮਿਲਾਇੰਦਾ। ਨਾਲ ਰਲਾਏ ਪੰਚਮ ਧਾੜਾ, ਮੁੱਖੀ ਬਾਹਰ ਰਖਾਇੰਦਾ। ਕਾਮ ਕਰੋਧ ਲੋਭ ਮੋਹ ਹੰਕਾਰਾ, ਏਕਾ ਤੱਤ ਜਣਾਇੰਦਾ। ਅੰਦਰ ਕਰ ਨਾਮ ਵਰਤਾਰਾ, ਪੰਚਮ ਆਪ ਉਠਾਇੰਦਾ। ਪੰਚ ਸ਼ਬਦ ਸੱਚੀ ਧੁਨਕਾਰਾ, ਦਿਵਸ ਰੈਣ ਆਪ ਅਲਾਇੰਦਾ। ਅਨਹਦ ਵੱਜੇ ਸਾਚਾ ਤਾੜਾ, ਤਾਲ ਤਲਵਾੜਾ ਆਪ ਵਜਾਇੰਦਾ। ਆਪੇ ਰੱਖਿਆ ਅੰਧ ਅੰਧਿਆਰਾ, ਡੂੰਘੀ ਕੰਦਰ ਆਪ ਵਖਾਇੰਦਾ। ਆਪੇ ਜੋਤ ਨਿਰੰਜਣ ਕਰ ਉਜਿਆਰਾ, ਸਾਚਾ ਚੰਦ ਚੜ੍ਹਾਇੰਦਾ। ਅੰਮ੍ਰਿਤ ਰੱਖਿਆ ਠੰਡੀ ਠਾਰਾ, ਕਵਲ ਨਾਭੀ ਆਪ ਭਰਾਇੰਦਾ। ਝਿਰਨਾ ਝਿਰੇ ਅਪਰ ਅਪਾਰਾ, ਹਰਿ ਸਾਚਾ ਆਪ ਝਿਰਾਇੰਦਾ। ਆਪੇ ਕਰੇ ਬੰਦ ਕਿਵਾੜਾ, ਬਜਰ ਕਪਾਟੀ ਕੁੰਡਾ ਲਾਇੰਦਾ। ਆਪੇ ਸਚ ਸਿੰਘਾਸਣ ਵਸੇ ਧਾਮ ਨਿਆਰਾ ਆਤਮ ਸੇਜਾ ਆਪ ਸੁਹਾਇੰਦਾ। ਜੋਤੀ ਨੂਰ ਨੂਰ ਉਜਿਆਰਾ, ਸ਼ਬਦ ਸ਼ਬਦੀ ਰੰਗ ਰੰਗਾਇੰਦਾ। ਘਰ ਮੇਲਾ ਹਰਿ ਕੰਤ ਭਤਾਰਾ, ਹਰਿ ਸਾਚਾ ਮੇਲ ਮਿਲਾਇੰਦਾ। ਲੱਖ ਚੁਰਾਸੀ ਪਸਰ ਪਸਾਰਾ, ਮਾਨਸ ਮਾਨੁਖ ਆਪ ਵਡਿਆਇੰਦਾ। ਆਪ ਆਪਣਾ ਕਰੇ ਖੇਲ ਨਿਆਰਾ, ਆਪ ਆਪਣਾ ਮੇਲ ਮਿਲਾਇੰਦਾ। ਸ਼ਬਦ ਵਿਚੋਲਾ ਹਰਿ ਨਿਰੰਕਾਰਾ, ਆਪਣਾ ਸਾਂਗ ਵਰਤਾਇੰਦਾ। ਆਪੇ ਲੇਖਾ ਲਿਖੇ ਵੇਦ ਚਾਰਾ, ਚਾਰੇ ਯੁਗਾਂ ਵੰਡ ਵੰਡਾਇੰਦਾ। ਆਪੇ ਭਗਤ ਭਗਵੰਤ ਹੋਏ ਉਜਿਆਰਾ, ਸਾਧ ਸੰਤ ਆਪ ਅਖਵਾਇੰਦਾ। ਆਪੇ ਦੂਤੀ ਦੁਸ਼ਟ ਹੋਏ ਹੰਕਾਰਾ, ਕਾਇਆ ਗੜ੍ਹ ਆਪ ਸੁਹਾਇੰਦਾ। ਵਰਤੇ ਵਰਤਾਵੇ ਵਿਚ ਸੰਸਾਰਾ, ਅਭੇਦ ਭੇਵ ਕੋਇ ਨਾ ਪਾਇੰਦਾ। ਸੰਤ ਸਾਜਨ ਮੀਤ ਮੁਰਾਰਾ, ਹਰਿ ਸਾਚਾ ਆਪ ਅਖਵਾਇੰਦਾ। ਆਪੇ ਹੋਏ ਦੁਸ਼ਟ ਦੁਰਾਚਾਰਾ, ਆਪਣੀ ਦੂਸ਼ਨਾ ਆਪੇ ਲਾਇੰਦਾ। ਆਪੇ ਨਿਤ ਨਵਿਤ ਜੋਤੀ ਨੂਰ ਕਰੇ ਉਜਿਆਰਾ, ਗੁਰ ਅਵਤਾਰ ਆਪ ਅਖਵਾਇੰਦਾ। ਸਤਿਜੁਗ ਸਾਚੇ ਪਾਵੇ ਸਾਰਾ, ਭਗਤ ਵਛਲ ਭੇਵ ਨਾ ਆਇੰਦਾ। ਤ੍ਰੇਤਾ ਤੇਰਾ ਰੂਪ ਨਿਆਰਾ, ਤ੍ਰੀਆ ਵੇਸ ਵਟਾਇੰਦਾ। ਰਾਮ ਨਾਮ ਨਾਮ ਆਧਾਰਾ, ਆਪ ਆਪਣਾ ਆਪ ਸੁਣਾਇੰਦਾ। ਆਦਿ ਜੁਗਾਦੀ ਏਕਾ ਕਾਰਾ, ਏਕਾ ਕਲ ਵਰਤਾਇੰਦਾ। ਦੁਆਪਰ ਤੇਰਾ ਵੇਖ ਪਸਾਰਾ, ਪੁਰਾਣ ਅਠਾਰਾ ਵੇਦ ਵਿਆਸਾ ਆਪ ਲਿਖਾਇੰਦਾ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰਾ, ਗੀਤਾ ਗਿਆਨ ਇਕ ਦ੍ਰਿੜਾਇੰਦਾ। ਅੰਤਮ ਕਰੇ ਪਾਰ ਕਿਨਾਰਾ, ਹਰਿਜਨ ਸਾਚੇ ਆਪ ਤਰਾਇੰਦਾ। ਕਲਜੁਗ ਕੂੜਾ ਹੋ ਉਜਿਆਰਾ, ਲੋਕਮਾਤ ਚਰਨ ਟਿਕਾਇੰਦਾ। ਜੂਠਾ ਝੂਠਾ ਭਰ ਭੰਡਾਰਾ, ਸਾਚਾ ਸਗਨ ਮਨਾਇੰਦਾ। ਚਾਰ ਕੁੰਟ ਦਹਿ ਦਿਸ਼ਾ ਬਣ ਵਰਤਾਰਾ, ਆਪਣੀ ਹੱਥੀਂ ਆਪ ਵਰਤਾਇੰਦਾ। ਦੇਵੇ ਵਰ ਸੱਚੀ ਸਰਕਾਰਾ, ਹਰਿ ਸਾਚਾ ਹੁਕਮ ਸੁਣਾਇੰਦਾ। ਨਾ ਕੋਈ ਮੇਟੇ ਨਾ ਮੇਟਣਹਾਰਾ ਹਰਿ ਕਾ ਭਾਣਾ, ਹਰਿ ਆਪਣੇ ਭਾਣੇ ਵਿਚ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣਾ ਵੇਸ ਵਟਾਇੰਦਾ। ਹਰਿ ਨਿਰੰਕਾਰਾ ਵੇਸ ਵਟੰਦੜਾ, ਆਦਿ ਪੁਰਖ ਅਖਵਾਇਆ। ਦੋ ਜਹਾਨੀ ਖੇਲ ਖਲੰਦੜਾ, ਧੁਰ ਦੀ ਬਾਣ ਚਲਾਇਆ। ਭਗਤ ਭਗਵੰਤ ਮੇਲ ਮਲੰਦੜਾ, ਭਗਤ ਭਗਤੀ ਲੇਖੇ ਲਾਇਆ। ਸੰਤ ਦੁਲਾਰੇ ਅੰਗ ਰਖੰਦੜਾ, ਅੰਗੀਕਾਰ ਆਪ ਕਰਾਇਆ। ਗੁਰਸਿਖ ਸਾਚਾ ਦਰ ਸੁਹੰਦੜਾ, ਦਰ ਘਰ ਫੇਰਾ ਪਾਇਆ। ਹਰਿਜਨ ਸਾਚੇ ਪਾਰ ਕਰੰਦੜਾ, ਜੋ ਜਨ ਹਰਿ ਹਰਿ ਰਹੇ ਧਿਆਇਆ। ਕਲਜੁਗ ਕੂੜਾ ਵੇਖ ਵਖੰਦੜਾ, ਨੇਤਰ ਰੋ ਰੋ ਨੀਰ ਵਹਾਇਆ। ਮੈਂ ਕੀ ਕਰਾਂ ਇਕ ਅਕਲੜਾ, ਤੇਰੀ ਧਾਰ ਨਾ ਕੋਈ ਜਣਾਇਆ। ਪ੍ਰਭ ਅਬਿਨਾਸ਼ੀ ਸਦ ਬਖ਼ਸ਼ਿੰਦੜਾ, ਦੇਵੇ ਸ਼ਬਦ ਸੁਣਾਇਆ। ਈਸਾ ਮੂਸਾ ਤੇਰਾ ਸੰਗ ਵਖੰਦੜਾ, ਹਰਿ ਸਾਚਾ ਲਏ ਉਪਾਇਆ। ਸੰਗ ਮੁਹੰਮਦ ਰੰਗ ਰੰਗਦੜਾ, ਚਾਰ ਯਾਰੀ ਮਤਾ ਪਕਾਇਆ। ਅੱਲਾ ਰਾਣੀ ਮੇਲ ਮਿਲੰਦੜਾ, ਏਕਾ ਨਾਅਰਾ ਰਿਹਾ ਸੁਣਾਇਆ। ਐਨਲਹੱਕ ਵੇਖ ਵਖੰਦੜਾ, ਹੱਕ ਹਕੀਕਤ ਵੇਖ ਵਖਾਇਆ। ਸ਼ਰਅ ਸ਼ਰੀਅਤ ਪਾਏ ਬੰਧਨਾ, ਬੰਦੀ ਤੋੜ ਭੇਵ ਨਾ ਰਾਇਆ। ਕਲਜੁਗ ਤੇਰਾ ਵੇਖੇ ਚਾਂਦ ਚੰਦਨਾ, ਚੰਦ ਨੌ ਚੰਦੀ ਇਕ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ ਕਾਰਨ ਕਰਤਾ ਆਪ ਅਖਵਾਇਆ। ਕਾਰਨ ਕਰਤਾ ਆਪ ਪ੍ਰਭ, ਭੇਵ ਕੋਇ ਨਾ ਪਾਇੰਦਾ। ਆਪਣਾ ਕਹਿਣਾ ਜਾਣੇ ਸਭ, ਆਪੇ ਹੁਕਮ ਚਲਾਇੰਦਾ। ਆਪੇ ਸਚ ਸਿੰਘਾਸਣ ਬੈਠਾ ਫਬ, ਦਰਗਾਹ ਸਾਚੀ ਡੇਰਾ ਲਾਇੰਦਾ। ਆਪੇ ਜੀਵ ਜੰਤ ਜਗਤ ਵਿਕਾਰੇ ਲਏ ਦਬ, ਆਪੇ ਭਾਰ ਲਾਹਿੰਦਾ। ਆਪੇ ਪਰਗਟ ਜੋਤ ਕਰੇ ਝਬ, ਨਿਰ ਅਕਾਰ ਨਿਰੰਕਾਰ ਨਾਨਕ ਨਾਮ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਆਪਣਾ ਵੇਸ ਵਟਾਇੰਦਾ। ਨਿਰਗੁਣ ਨਾਨਕ ਜੋਤ ਜਗਾ, ਹਰਿ ਸਾਚਾ ਕਰੇ ਰੁਸ਼ਨਾਈਆ। ਗਰੀਬ ਨਿਮਾਣੇ ਗਲੇ ਲਗਾ, ਏਕਾ ਰਾਹ ਵਖਾਈਆ। ਚਾਰ ਵਰਨ ਬਣਾਏ ਭੈਣ ਭਰਾ, ਸਾਚਾ ਸਗਨ ਇਕ ਮਨਾਈਆ। ਸਤਿਨਾਮ ਮੰਤਰ ਦ੍ਰਿੜਾ, ਸਾਚੀ ਕਰੇ ਪੜ੍ਹਾਈਆ। ਊਚਾਂ ਨੀਚਾਂ ਏਕਾ ਧਾਮ ਬਹਾ, ਜ਼ਾਤ ਪਾਤ ਰਿਹਾ ਮਿਟਾਈਆ। ਹਿੰਦੂ ਮੁਸਲਮ ਸਿਖ ਈਸਾਈ ਇਕ ਜਣਾ, ਇਕ ਵਖਾਏ ਹੱਕ ਖ਼ੁਦਾਈਆ। ਰਾਮ ਰਾਮਾ ਰਾਮ ਸਮਾ, ਰਾਮ ਰਾਮਾ ਭੇਵ ਚੁਕਾਈਆ। ਕਾਹਨਾ ਕ੍ਰਿਸ਼ਨਾ ਭਰਮ ਤੁੜਾ, ਭਰਮ ਗੜ੍ਹ ਰਹੇ ਨਾ ਰਾਈਆ। ਬ੍ਰਹਮਾ ਵਿਸ਼ਨ ਸ਼ਿਵ ਸੇਵਕ ਸੇਵਾਦਾਰ ਦਏ ਵਖਾ, ਆਪ ਆਪਣੀ ਬੂਝ ਬੁਝਾਈਆ। ਫੜ ਫੜ ਬਾਂਹੋਂ ਰਾਹੇ ਦਏ ਪਾ, ਜੋ ਭੁੱਲੇ ਕਲਜੁਗ ਰਾਹੀਆ। ਸਾਚਾ ਕਲਮਾ ਰਿਹਾ ਪੜ੍ਹਾ, ਕਾਇਨਾਤ ਵੇਖ ਵਖਾਈਆ। ਮੱਕਾ ਕਾਅਬਾ ਚਰਨ ਛੁਹਾ, ਸ਼ਰਅ ਸ਼ਰੀਅਤ ਇਕ ਸਫਾਈਆ। ਮੁਹੰਮਦੀ ਦੀਨਾਂ ਦਏ ਸੁਣਾ, ਨੇਤਰ ਨੂਰ ਨੂਰ ਅਲਾਹੀਆ। ਜਗਤ ਅਧੀਨਾ ਆਪ ਅਖਵਾ, ਖ਼ਾਕੀ ਖ਼ਾਕ ਰਮਾਈਆ। ਦਾਨਾ ਬੀਨਾ ਸਹਿਜ ਸੁਭਾ, ਡੂੰਘੇ ਸਾਗਰ ਰਿਹਾ ਸਮਾਈਆ। ਨਾਨਕ ਨਿਰਗੁਣ ਨਾਮ ਧਰਾ, ਨਾਨਾ ਰੂਪ ਕਰੇ ਰੁਸ਼ਨਾਈਆ। ਸਾਚੀ ਬਖ਼ਸ਼ੇ ਇਕ ਸਰਨਾ, ਪੁਰਖ ਅਕਾਲ ਮਨਾਈਆ। ਸਚ ਸਤਾਰ ਰਿਹਾ ਵਜਾ, ਨਿਰੰਕਾਰ ਇਹ ਸਮਝਾਈਆ। ਗੁਣਵੰਤਾ ਗੁਣ ਦਏ ਦਿਖਾ, ਗੁਰ ਪੂਰੇ ਏਹ ਵਡਿਆਈਆ। ਸਾਧਾਂ ਸੰਤਾਂ ਮੇਲ ਮਿਲਾ, ਘਰ ਸਾਚਾ ਇਕ ਵਖਾਈਆ। ਚੌਥੇ ਪਦ ਦਏ ਚੜ੍ਹਾ, ਏਕਾ ਡੰਡਾ ਨਾਮ ਫੜਾਈਆ। ਪਾਰ ਕੰਢਾ ਆਪ ਕਰਾ, ਲੱਖ ਚੁਰਾਸੀ ਦਏ ਕਟਾਈਆ। ਬ੍ਰਹਿਮੰਡਾਂ ਬ੍ਰਹਮ ਖੋਜ ਖੁਜਾ, ਨਾਨਕ ਹਰਿ ਹਰਿ ਅੰਗ ਸਮਾਈਆ। ਉਚੇ ਟਿੱਲੇ ਪਰਬਤ ਵੇਖੇ ਥਾਉਂ ਥਾਂ, ਗੋਰਖ ਮਛੰਦਰ ਰਹੇ ਹਿਲਾਈਆ। ਕਰਨਹਾਰਾ ਸਚ ਨਿਆਂ, ਕਲਜੁਗ ਦਾਤਾ ਬੇਪਰਵਾਹੀਆ। ਨਾਨਕ ਸਤਿਗੁਰ ਰਿਹਾ ਸਮਝਾ, ਭੁੱਲ ਰਹੇ ਨਾ ਰਾਈਆ। ਨਾਮ ਸਤਿ ਰਸਨਾ ਗੁਣ ਹਰਿਜਨ ਲਏ ਗਾ, ਗਾਵਤ ਗਾਵਤ ਰੈਣ ਵਿਹਾਈਆ। ਕਲਜੁਗ ਜੀਵ ਕੋਈ ਭੁੱਲੇ  ਨਾ, ਕਲਜੁਗ ਅੰਤਮ ਰੈਣ ਅੰਧੇਰੀ ਛਾਈਆ। ਨਾਤਾ ਤੁਟੇ ਪੁੱਤਰਾ ਮਾਂ, ਭੈਣ ਭਾਈ ਦਿਸ ਨਾ ਆਈਆ। ਰਾਜ ਰਾਜਾਨ ਕੋਈ ਨਾ ਪਕੜੇ ਬਾਂਹ, ਗਰੀਬ ਨਿਮਾਣੇ ਰਹੇ ਕੁਰਲਾਈਆ। ਨਾ ਕੋਈ ਦੇਵੇ ਠੰਡੀ ਛਾਂ, ਕਲਜੁਗ ਅਗਨੀ ਮਠ ਤਪਾਈਆ। ਜੂਠ ਝੂਠ ਅੰਤਮ ਕਰ ਕੇ ਬਹਿ ਜਾਏ ਹਾਂ, ਸਚ ਸੁੱਚ ਨਜ਼ਰ ਨਾ ਆਈਆ। ਘਰ ਘਰ ਝੂਠੇ ਉਡਨੇ ਕਾਂ, ਕਾਮ ਕਰੋਧ ਹੰਕਾਰ ਹਲਕਾਈਆ। ਸੁਣੇ ਫਰਯਾਦ ਕੋਈ ਨਾ, ਗੁਰ ਗੋਬਿੰਦ ਵਡ ਵਡਿਆਈਆ। ਏਕਾ ਜੋਤ ਦਸ ਜਾਮਾ ਪਾ, ਦਸ ਦਸਮੇਸਾ ਆਪ ਅਖਵਾਈਆ। ਪੂਤ ਸਪੂਤਾ ਨਾਉਂ ਧਰਾ, ਆਪ ਆਪਣੀ ਸੇਵ ਕਮਾਈਆ। ਲੇਖਾ ਆਪਣਾ ਦਏ ਚੁਕਾ, ਅਗਲਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਵੇਸ ਕਰ, ਨੂਰੋ ਨੂਰ ਡਗਮਗਾਈਆ। ਨੂਰ ਉਜਾਲਾ ਹਰਿ ਗੋਪਾਲਾ, ਸਰਬ ਕਲ ਅਖਵਾਇਆ। ਨਾਨਕ ਸਤਿਗੁਰ ਬਣ ਰਖਵਾਲਾ, ਲੋਕਮਾਤ ਉਠ ਧਾਇਆ। ਗੋਬਿੰਦ ਨੂਰ ਕਰੇ ਪ੍ਰਿਤਪਾਲਾ, ਸਾਚਾ ਖੰਡਾ ਹੱਥ ਉਠਾਇਆ। ਗੁਰ ਅਰਜਨ ਬਣਿਆ ਸ਼ਬਦ ਦਲਾਲਾ, ਗੁਰੂ ਗ੍ਰੰਥ ਲਿਖਾਇਆ। ਚਾਰ ਵਰਨਾਂ ਕਰਿਆ ਮਾਲੋ ਮਾਲਾ, ਜੋ ਧਨ ਸਾਚਾ ਲੇਵਣ ਆਇਆ। ਫਲ ਲਗਾਏ ਸਾਚੇ ਡਾਲ੍ਹਾ, ਖੋਜ ਖੋਜ ਸ਼ਬਦ ਜਨ ਪਾਇਆ। ਕਲਜੁਗ ਅੰਤਮ ਹੋਏ ਬੇਹਾਲਾ, ਨਾਨਕ ਗੋਬਿੰਦ ਲੇਖ ਲਿਖਾਇਆ। ਕੂੜ ਕੁੜਿਆਰਾ ਮਾਰੇ ਛਾਲਾ, ਚਾਰੋਂ ਕੁੰਟ ਅੰਧੇਰਾ ਛਾਇਆ। ਸ੍ਰਿਸ਼ਟ ਸਬਾਈ ਹਾਲ ਬੇਹਾਲਾ, ਨਾ ਕੋਈ ਧੀਰ ਧਰਾਇਆ। ਸਾਧ ਸੰਤ ਅਵੱਲੜੀ ਚਾਲਾ, ਘਰ ਘਰ ਬੈਠੇ ਇਸ਼ਟ ਮਨਾਇਆ। ਏਕਾ ਭੁੱਲੇ ਪੁਰਖ ਅਕਾਲਾ, ਹਰਿ ਕਾ ਰੂਪ ਦਿਸ ਨਾ ਆਇਆ। ਸਰਬ ਜੀਆਂ ਹਰਿ ਆਪ ਰਖਵਾਲਾ, ਆਪ ਆਪਣੀ ਰਚਨ ਰਚਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇਆ। ਨਾਨਕ ਗੋਬਿੰਦ ਸਾਚੀ ਧਾਰ, ਚਾਰ ਵਰਨ ਜਣਾਈਆ। ਹਿੰਦੂ ਸਿਖ ਨਾ ਕੋਇ ਵਿਚਾਰ, ਮੁਸਲਮ ਸੰਗ ਰਖਾਈਆ। ਈਸਾ ਮੂਸਾ ਇਕ ਅਧਾਰ, ਏਕਾ ਨਾਮ ਕੁੜਮਾਈਆ। ਏਕਾ ਸ਼ਬਦ ਇਕ ਜੈਕਾਰ, ਏਕਾ ਢੋਲਾ ਗਾਈਆ। ਏਕਾ ਰਾਮ ਰੂਪ ਅਵਤਾਰ, ਏਕਾ ਕ੍ਰਿਸ਼ਨਾ ਰੂਪ ਵਟਾਈਆ। ਏਕਾ ਅੱਲਾ ਰਾਣੀ ਨੂਰ ਉਜਿਆਰ, ਏਕਾ ਬਿਸਮਲ ਰੂਪ ਸਮਾਈਆ। ਏਕ ਨਾਮ ਸਤਿ ਕਰਤਾਰ, ਏਕਾ ਵਾਹਿਗੁਰੂ ਫਤਹਿ ਗਜਾਈਆ। ਚਾਰ ਵਰਨਾਂ ਇਕ ਪਿਆਰ, ਪਾਰਬ੍ਰਹਮ ਵੇਖ ਵਖਾਈਆ। ਸੋ ਪੁਰਖ ਨਿਰੰਜਣ ਹੋ ਤਿਆਰ, ਲੋਕਮਾਤ ਡੇਰਾ ਲਾਈਆ। ਹੰ ਬ੍ਰਹਮ ਕਰ ਪਿਆਰ, ਏਕਾ ਰੂਪ ਦਰਸਾਈਆ। ਸੋਹੰ ਸ਼ਬਦ ਨਾਨਕ ਗਾਇਆ ਨਿਰਗੁਣ ਧਾਰ, ਭੇਵ ਕੋਇ ਨਾ ਪਾਈਆ। ਅੰਤਮ ਵੇਖੇ ਸੰਬਲ ਨਗਰੀ ਸਚ ਕਿਨਾਰ, ਗੁਰ ਗੋਬਿੰਦ ਸਾਚਾ ਮਾਹੀਆ। ਗੁਰ ਚੇਲੇ ਹੋਇਆ ਇਕ ਪਿਆਰ, ਸੋਹੰ ਰੂਪ ਆਪ ਹੋ ਜਾਈਆ। ਏਕਾ ਬ੍ਰਹਮ ਪਾਰਬ੍ਰਹਮ ਰੂਪ ਕਰਤਾਰ, ਦੂਸਰ ਕੋਇ ਦਿਸ ਨਾ ਆਈਆ। ਆਪਣੀ ਜੋਤੀ ਆਪੇ ਗਿਆ ਜੰਮ, ਆਪ ਆਪਣੀ ਰੁੱਤ ਸੁਹਾਈਆ। ਆਪਣਾ ਕਰਨ ਆਇਆ ਕੰਮ, ਵਡ ਦਾਤਾ ਬੇਪਰਵਾਹੀਆ। ਹੱਡ ਮਾਸ ਨਾੜੀ ਨਾ ਦੀਸੇ ਚੰਮ, ਪੰਜ ਤੱਤ ਨਾ ਕੋਇ ਰਖਾਈਆ। ਸ਼ਾਹ ਸੁਲਤਾਨ ਰਾਜ ਰਾਜਾਨ, ਬੰਦੀਖਾਨੇ ਨਾ ਕੋਈ ਸਕੇ ਬੰਨ, ਹੱਥ ਕਿਸੇ ਨਾ ਆਈਆ। ਨਾ ਹੋਏ ਵਸੇਰਾ ਛੱਪਰੀ ਛੰਨ, ਥਿਰ ਘਰ ਦਾਤਾ ਥਿਰ ਘਰ ਬੈਠਾ ਆਸਣ ਲਾਈਆ। ਰਾਹ ਤੱਕਣ ਸੂਰਜ ਚੰਨ, ਆਪ ਆਪਣੀ ਧਾਰ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਆਪਣਾ ਬੇੜਾ ਰਹੇ ਬੰਨ, ਪ੍ਰਭ ਸਾਚਾ ਹੁਕਮ ਚਲਾਈਆ। ਲੋਕਮਾਤ ਜਨਨੀ ਕਰੇ ਧੰਨ ਧੰਨ, ਜਨ ਭਗਤ ਜਣੇਂਦੀ ਮਾਈਆ। ਆਦਿ ਜੁਗਾਦਿ ਬੇੜਾ ਦੇਵੇ ਬੰਨ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਰਾਗ ਸੁਣਾਏ ਕੰਨ, ਹਰਿ ਸ਼ਬਦ ਆਪ ਅਲਾਈਆ। ਨਿਰਗੁਣ ਜੋਤ ਉਜਾਲੀ ਤਨ, ਨੂਰੋ ਨੂਰ ਰੁਸ਼ਨਾਈਆ। ਭਾਂਡਾ ਭਰਮ ਦੇਵੇ ਭੰਨ, ਝੂਠਾ ਗੜ੍ਹ ਮੇਟ ਮਿਟਾਈਆ। ਕਲਜੁਗ ਅੰਤਮ ਜਨ ਭਗਤਾਂ ਦੇਵੇ ਨਾਮ ਧਨ, ਸਾਚੀ ਭਿਛਿਆ ਝੋਲੀ ਪਾਈਆ। ਕੋਈ ਲਾ ਨਾ ਸਕੇ ਸੰਨ, ਘਰ ਲੁੱਟ ਨਾ ਕੋਇ ਲੈ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨੂਰ ਕਰੇ ਰੁਸ਼ਨਾਈਆ। ਹਰਿ ਨੂਰ ਜਗਤ ਉਜਾਲਾ, ਪ੍ਰਭ ਸਾਚਾ ਆਪ ਕਰਾਇੰਦਾ। ਕਲਜੁਗ ਅੰਤਮ ਖੇਲੇ ਖੇਲ ਨਿਰਾਲਾ, ਖੇਲ ਖਿਲਾਰੀ ਭੇਵ ਨਾ ਪਾਇੰਦਾ। ਲੱਖ ਚੁਰਾਸੀ ਕੱਢੇ ਦੀਵਾਲਾ, ਹਿਸਾਬ ਕਿਤਾਬ ਵੇਖ ਵਖਾਇੰਦਾ। ਧਰਮ ਰਾਏ ਤੇਰਾ ਤੋੜ ਤਾਲਾ, ਅਠਾਰਾਂ ਅਠਾਈ ਫੋਲ ਫੋਲਾਇੰਦਾ। ਜਨਕ ਮੀਤਾ ਬਣਿਆ ਜਗਤ ਦਲਾਲਾ, ਤ੍ਰੈ ਤ੍ਰੈ ਮੂਲ ਚੁਕਾਇੰਦਾ। ਕਲਜੁਗ ਵੇਖੇ ਰਾਹ ਸੁਖਾਲਾ, ਮਨ ਮਤ ਨਾਲ ਰਲਾਇੰਦਾ। ਆਸਾ ਤ੍ਰਿਸਨਾ ਹੋਈ ਕੰਗਾਲਾ, ਮਨ ਮਤ ਨਾਲ ਰਲਾਇੰਦਾ। ਨੌ ਖੰਡ ਪ੍ਰਿਥਮੀ ਲੱਖ ਚੁਰਾਸੀ ਫਲ ਨਾ ਦਿਸੇ ਕਿਸੇ ਡਾਲ੍ਹਾ, ਕਲਜੁਗ ਰੁੱਤ ਬਸੰਤ ਨਾ ਕੋਈ ਸੁਹਾਇੰਦਾ। ਗੁਰਮੁਖ ਵਿਰਲੇ ਹਰਿ ਮਿਲਿਆ ਧਾਮ ਨਿਰਾਲਾ, ਆਤਮ ਸੇਜਾ ਇਕ ਮਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਸਾਚਾ ਸੰਗ ਰਖਾਇੰਦਾ। ਸਗਲਾ ਸੰਗ ਹਰਿ ਨਿਰੰਕਾਰ, ਹਰਿ ਹਰਿ ਸ਼ਬਦ ਉਪਜਾਈਆ। ਜੋਤੀ ਨੂਰ ਨੂਰ ਉਜਿਆਰ, ਦਿਵਸ ਰੈਣ ਡਗਮਗਾਈਆ। ਲੋਆਂ ਪੁਰੀਆਂ ਮਾਰੇ ਮਾਰ, ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਫੋਲ ਫੋਲਾਈਆ। ਨਾਨਕ ਗੋਬਿੰਦ ਵੰਡੀ ਵੰਡ, ਕਲਜੁਗ ਅੰਤਮ ਵੇਖਣ ਆਈਆ। ਮੇਟ ਮਿਟਾਏ ਭੇਖ ਪਖੰਡ, ਝੂਠੀ ਕਿਰਿਆ ਰਹਿਣ ਨਾ ਪਾਈਆ। ਮਾਇਆ ਮਮਤਾ ਦੇਵੇ ਦੰਡ, ਨਾਮ ਖੰਡਾ ਹੱਥ ਉਠਾਈਆ। ਸ਼ਬਦ ਚਮਕਾਏ ਚੰਡ ਪਰਚੰਡ, ਦੇਵੇ ਤਿਖੀ ਧਾਰ ਬੰਧਾਈਆ। ਨਾਰ ਦੁਹਾਗਣ ਮੇਟੇ ਰੰਡ, ਵਿਭਚਾਰ ਨਾ ਕੋਈ ਕਰਾਈਆ। ਸਾਚਾ ਨਾਮ ਏਕਾ ਵੰਡ, ਮੇਰਾ ਤੇਰਾ ਤੇਰਾ ਮੇਰਾ ਇਕ ਕਰਾਈਆ। ਜਗਤ ਵਿਕਾਰਾ ਖੰਡ ਖੰਡ, ਸਤਿਗੁਰ ਪੂਰਾ ਆਪ ਵਖਾਈਆ। ਮਨਮੁਖਾਂ ਸਿਰ ਉਠਾਏ ਪੰਡ, ਪਾਪਾਂ ਗਠੜੀ ਆਪ ਚੁਕਾਈਆ। ਰਾਏ ਧਰਮ ਦੇਵੇ ਡੰਨ, ਰਾਹ ਵਿਚ ਬੈਠਾ ਰਾਹ ਤਕਾਈਆ। ਚਿਤਰ ਗੁਪਤ ਲੇਖਾ ਸੁਣਾਏ ਕੰਨ, ਭਰਮ ਰਹੇ ਨਾ ਰਾਈਆ। ਸਤਿਗੁਰ ਪੂਰਾ ਹਰਿਜਨ ਬੇੜਾ ਜਾਏ ਬੰਨ, ਚਾਰ ਵਰਨ ਜੋ ਜਨ ਰਹੇ ਗਾਈਆ। ਹਰਿ ਕਾ ਭਾਣਾ ਹਰਿਜਨ ਮੰਨ, ਹਰ ਅੰਤਰ ਹਰਿ ਲਿਵ ਲਾਈਆ। ਦਿਸ ਨਾ ਆਏ ਜੀਵ ਅੰਨ੍ਹ, ਕਾਗੀ ਕਾਗ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸਾਜਨ ਸਾਜਣ ਮੀਤ, ਕਰੇ ਕਰਾਏ ਪਤਤ ਪੁਨੀਤ, ਪਤਤ ਪਾਵਨ ਆਪ ਅਖਵਾਈਆ। ਪਤਤ ਪਾਵਨ ਸਤਿਗੁਰ ਦਾਤਾ, ਸਤਿ ਪੁਰਖ ਅਖਵਾਇਆ। ਸਰਬ ਜੀਆਂ ਪਿਤਾ ਮਾਤਾ, ਬਾਲ ਅੰਞਾਣੇ ਗੋਦ ਉਠਾਇਆ। ਮੇਟਣਹਾਰਾ ਅੰਧੇਰੀ ਰਾਤਾ, ਜੁਗ ਜੁਗ ਆਪਣਾ ਚੰਨ ਚੜ੍ਹਾਇਆ। ਆਪ ਚਲਾਏ ਆਪਣੀ ਗਾਥਾ, ਆਪਣਾ ਨਾਮ ਦ੍ਰਿੜਾਇਆ। ਆਪ ਚਲਾਏ ਸਾਚਾ ਰਾਥਾ, ਰਥ ਰਥਵਾਹੀ ਵੇਸ ਵਟਾਇਆ। ਆਪੇ ਹੋ ਤ੍ਰਿਲੋਕੀ ਨਾਥਾ, ਤ੍ਰੈ ਤ੍ਰੈ ਮੇਲ ਮਿਲਾਇਆ। ਆਪੇ ਗੁਰਮੁਖਾਂ ਦੇਵਣਹਾਰਾ ਸਾਚੀ ਵੱਥ, ਏਕਾ ਨਾਮ ਝੋਲੀ ਪਾਇਆ। ਆਪੇ ਸਰਬ ਕਲਾ ਸਮਰਥ, ਹਰਿ ਸੱਜਣ ਇਕ ਰਘੁਰਾਇਆ। ਕਲਜੁਗ ਲੱਖ ਚੁਰਾਸੀ ਪਾਏ ਨੱਥ, ਚਾਰੋਂ ਕੁੰਟ ਫੇਰਾ ਪਾਇਆ। ਗੁਰਸਿਖ ਲਹਿਣਾ ਦੇਣ ਚੁਕਾਏ ਸੀਆਂ ਸਾਢੇ ਤਿੰਨ ਤਿੰਨ ਹੱਥ, ਰਵਦਾਸ ਚੁਮਾਰਾ ਲੇਖਾ ਲਿਖਣ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਵੇਸ ਆਪੇ ਕਰ, ਆਪ ਆਪਣਾ ਨਾਮ ਉਪਾਇਆ। ਨਾਮ ਉਪਾਏ ਹਰਿ ਨਿਰੰਕਾਰਾ, ਆਪਣੀ ਬਣਤ ਬਣਾਇੰਦਾ। ਰਾਮ ਰਾਮ ਰਾਮ ਉਜਿਆਰਾ, ਰਾਮ ਰੂਪ ਆਪ ਅਖਵਾਇੰਦਾ। ਕਾਹਨਾ ਕ੍ਰਿਸ਼ਨਾ ਕ੍ਰਿਸ਼ਨ ਮੁਰਾਰਾ, ਕਾਹਨਾ ਗੋਪੀਆਂ ਆਪ ਨਚਾਇੰਦਾ। ਅੱਲਾ ਹੂ ਦਏ ਸਹਾਰਾ, ਏਕਾ ਨਾਅਰਾ ਆਪ ਉਪਾਇੰਦਾ। ਤੇਰਾਂ ਤੇਰਾਂ ਤੋਲੇ ਧਾਰਾ, ਤੇਰਾ ਤੇਰੀ ਝੋਲੀ ਪਾਇੰਦਾ। ਨਾਨਕ ਅੰਗਦ ਕਰ ਪਿਆਰਾ, ਆਪਣੀ ਬੂਝ ਬੁਝਾਇੰਦਾ। ਅਮਰੂ ਸੁੱਤ ਸਚ ਦੁਲਾਰਾ, ਸ਼ਬਦੀ ਸ਼ਬਦ ਉਪਜਾਇੰਦਾ। ਰਾਮ ਦਾਸ ਹੋ ਉਜਿਆਰਾ, ਸਾਚਾ ਤਾਲ ਸੁਹਾਇੰਦਾ। ਅੰਮ੍ਰਿਤ ਸਾਚਾ ਭਰ ਭੰਡਾਰਾ, ਹਰਿ ਮੰਦਰ ਵੇਖ ਵਖਾਇੰਦਾ। ਗੁਰ ਅਰਜਨ ਬਣਿਆ ਸ਼ਬਦ ਲਿਖਾਰਾ, ਅਗਾਧ ਬੋਧ ਸੁਣਾਇੰਦਾ। ਗੁਰੂ ਗ੍ਰੰਥ ਕਰ ਤਿਆਰਾ, ਸੰਤਾਂ ਭਗਤਾਂ ਬੰਧਨ ਪਾਇੰਦਾ। ਛੇਵਾਂ ਗੁਰੂ ਜੋਤ ਉਜਿਆਰਾ, ਗੁਰ ਗੁਰ ਰੂਪ ਵਟਾਇੰਦਾ। ਸੱਤਵਾਂ ਦੇਵੇ ਸਤਿ ਵਰਤਾਰਾ, ਸਾਚੀ ਸਤਿਆ ਪਾਇੰਦਾ। ਅੱਠਵਾਂ ਅੱਠਾਂ ਤੱਤਾਂ ਵਸਿਆ ਬਾਹਰਾ, ਬਾਲ ਬਾਲਾ ਵਿਚ ਟਿਕਾਇੰਦਾ। ਨਾਵਾਂ ਗੁਰ ਤੇਗ ਬਹਾਦਰ ਲੇਖਾ ਰੱਖੇ ਯਾਦ ਦਵਾਰਾ, ਘਰ ਸਾਚਾ ਇਕ ਸੁਹਾਇੰਦਾ। ਝੂਠਾ ਤਨ ਦਿਤਾ ਵਾਰਾ, ਸਾਚੀ ਸਿਖਿਆ ਇਕ ਸਿਖਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਕੂੜੀ ਕਿਰਿਆ ਮਾਤ ਵਰਤਾਇੰਦਾ। ਆਪ ਉਪਜਾਏ ਸੁੱਤ ਦੁਲਾਰਾ, ਗੁਰ ਗੋਬਿੰਦ ਨਾਮ ਧਰਾਇੰਦਾ। ਦੁਸ਼ਟ ਦਮਨ ਕਰ ਪਿਆਰਾ, ਪੂਤ ਸਪੂਤਾ ਲੇਖੇ ਲਾਇੰਦਾ। ਆਪੇ ਬੰਨ੍ਹ ਸੀਸ ਦਸਤਾਰਾ, ਕਲਗੀ ਤੋੜਾ ਆਪ ਟਿਕਾਇੰਦਾ। ਆਪੇ ਖੰਡਾ ਖਿਚ ਕਟਾਰਾ, ਸ੍ਰੀ ਭਗਵੰਤ ਹੱਥ ਫੜਾਇੰਦਾ। ਆਪੇ ਮੇਲਾ ਪੰਜ ਪਿਆਰਾ, ਆਪੇ ਨਿਉਂ ਨਿਉਂ ਸੀਸ ਝੁਕਾਇੰਦਾ। ਆਪੇ ਆਪਣਾ ਆਪੇ ਵਾਰਾ, ਆਪ ਆਪਣੀ ਸੇਵ ਕਮਾਇੰਦਾ। ਹਰਿ ਸੰਗਤ ਤੇਰਾ ਰੂਪ ਅਪਾਰਾ, ਗੁਰ ਆਪਣੇ ਵਿਚ ਟਿਕਾਇੰਦਾ । ਗੁਰ ਗੁਰ ਵਸਿਆ ਦਰ ਦਰ ਦਵਾਰਾ, ਗੁਰਮੁਖ ਜੋ ਜਨ ਰਸਨਾ ਗਾਇੰਦਾ। ਸਚ ਸੁਨੇਹੜਾ ਮੀਤ ਮੁਰਾਰਾ, ਗੁਰ ਪੂਰਾ ਆਪ ਸੁਣਾਇੰਦਾ। ਪਾਰਬ੍ਰਹਮ ਪ੍ਰਭ ਪਾਵੇ ਸਾਰਾ, ਅਕਾਲ ਪੁਰਖ ਵੇਖ ਵਖਾਇੰਦਾ। ਗੋਬਿੰਦ ਤੇਰਾ ਮੇਰਾ ਇਕ ਪਿਆਰਾ, ਨਾ ਕੋਈ ਤੋੜ ਤੁੜਾਇੰਦਾ। ਕਲਜੁਗ ਅੰਤਮ ਆਏ ਦਵਾਰਾ, ਗੋਬਿੰਦ ਅੱਗੇ ਸੀਸ ਨਿਵਾਇੰਦਾ। ਚੌਦਾਂ ਸਦ ਨਾ ਪਾਰ ਕਿਨਾਰਾ, ਸੰਗ ਮੁਹੰਮਦ ਇਕ ਕੁਰਲਾਇੰਦਾ। ਸਤਿਗੁਰ ਪੂਰਾ ਦਏ ਸਹਾਰਾ, ਦਰ ਆਇਆ ਗਲੇ ਲਗਾਇੰਦਾ। ਏਕਾ ਢੱਯਾ ਵਿਚ ਸੰਸਾਰਾ, ਸਦ ਸਦ ਵੇਖ ਵਖਾਇੰਦਾ। ਅੰਤਮ ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਗੋਬਿੰਦ ਮੇਲ ਮਿਲਾਇੰਦਾ। ਸੰਬਲ ਨਗਰੀ ਉਚ ਮਨਾਰਾ, ਉਚ ਮਹੱਲਾ ਆਪ ਸੁਹਾਇੰਦਾ। ਸਾਢੇ ਤਿੰਨ ਹੱਥ ਬਣਾਏ ਹਰਿ ਮਨਾਰਾ, ਨਾ ਕੋਈ ਬਾਢੀ ਨਾਲ ਰਖਾਇੰਦਾ। ਬ੍ਰਹਮ ਪਾਰਬ੍ਰਹਮ ਏਕਾ ਧਾਰਾ, ਏਕਾ ਸ਼ਬਦ ਸਮਾਇੰਦਾ। ਜੋਤੀ ਜੋਤ ਕਰ ਪਸਾਰਾ, ਸ਼ਬਦੀ ਡੰਕ ਵਜਾਇੰਦਾ। ਬੀਸ ਬੀਸਾ ਖੇਲ ਅਪਾਰਾ, ਜਗਤ ਜਗਦੀਸਾ ਆਪ ਕਰਾਇੰਦਾ। ਗੁਰਸਿਖ ਸਾਜਣ ਮੀਤ ਮੁਰਾਰਾ, ਫੜ ਬਾਂਹੋਂ ਗਲੇ ਲਗਾਇੰਦਾ। ਗ਼ਰੀਬ ਨਿਮਾਣਿਆ ਦਏ ਸਹਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਊਚਾਂ ਨੀਚਾਂ ਇਕ ਦਵਾਰਾ, ਰਾਜ ਰਾਜਾਨਾ ਖ਼ਾਕ ਮਿਲਾਇੰਦਾ। ਏਕਾ ਸ਼ਬਦ ਸਚ ਭੰਡਾਰਾ, ਸੋਹੰ ਨਾਮ ਵਰਤਾਇੰਦਾ। ਸਿੰਘ ਕਿਸ਼ਨ ਤੇਰਾ ਸਚ ਦਵਾਰਾ, ਹਰਿ ਸਾਚਾ ਆਪ ਵਸਾਇੰਦਾ। ਲਾਲੋ ਲਾਲ ਵਣਜ ਕੀਆ ਵਪਾਰਾ, ਸਾਚੇ ਹੱਟ ਵਿਕਾਇੰਦਾ। ਕੋਧਰਾ ਖਾ ਨਾ ਭੁੱਲੇ ਪਰਵਰਦਿਗਾਰਾ, ਨਾਨਕ ਨਿਰਗੁਣ ਮੂਲ ਚੁਕਾਇੰਦਾ। ਹਰਿ ਸੰਗਤ ਤੇਰਾ ਸਤਿ ਪਿਆਰਾ, ਸਤਿਗੁਰ ਪੂਰੇ ਵਿਚ ਸਮਾਇੰਦਾ। ਆਦਿ ਜੁਗਾਦਿ ਜੁਗ ਜੁਗ ਜਨ ਭਗਤਾਂ ਦਰ ਬਣਿਆ ਰਹੇ ਭਿਖਾਰਾ, ਭੇਖਾਧਾਰੀ ਭੇਖ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਸੰਗਤ ਮੇਲਾ ਸਾਚੇ ਘਰ, ਘਰ ਸੁਹੰਜਣਾ, ਜਗੇ ਜੋਤ ਆਦਿ ਨਿਰੰਜਣਾ, ਪੁਰਖ ਅਬਿਨਾਸ਼ੀ ਘਟ ਘਟ ਵਾਸੀ ਮੇਲ ਮਿਲਾਵਾ ਘਨਕਪੁਰ ਵਾਸੀ, ਰਸਨ ਸਵਾਸੀ ਆਪ ਤਰਾਇੰਦਾ। ਨੀਚਾਂ ਅੰਦਰ ਨੀਚ ਜ਼ਾਤ, ਹਰਿ ਹਰਿ ਆਪ ਅਖਵਾਈਆ। ਆਪੇ ਦੇਵੇ ਸਾਚੀ ਦਾਤ, ਸਚ ਵਸਤ ਝੋਲੀ ਪਾਈਆ। ਗਰੀਬ ਨਿਮਾਣਿਆਂ ਪਿਤਾ ਮਾਤ, ਬਾਲ ਅੰਞਾਣਾ ਗੋਦ ਉਠਾਈਆ। ਅੰਮ੍ਰਿਤ ਬੂੰਦ ਦੇਵੇ ਸਵਾਂਤ, ਸਾਂਤਕ ਸਤਿ ਵਰਤਾਈਆ। ਦਰਸ ਦਿਖਾਏ ਇਕ ਇਕਾਂਤ, ਬਾਲੀ ਬੁਧ ਤਰਾਈਆ। ਆਪੇ ਵੇਖੇ ਮਾਰ ਝਾਤ, ਦੂਸਰ ਦਿਸ ਕਿਸੇ ਨਾ ਆਈਆ। ਨੀਚੋਂ ਊਚ ਕਰੇ ਹਰਿ ਕਮਲਾਪਾਤ, ਹਰਿ ਸੰਗਤ ਸੰਗ ਰਲਾਈਆ। ਆਪਣਾ ਲੇਖਾ ਜਾਣੇ ਵੱਡਾ ਸ਼ਾਹ ਖਾਤਾ ਖਾਤ, ਜੁਗ ਜੁਗ ਦਾਤਾ ਬੇਪਰਵਾਹੀਆ। ਪਾਰਬ੍ਰਹਮ ਤੇਰੀ ਏਕਾ ਜ਼ਾਤ, ਆਤਮ ਬ੍ਰਹਮ ਵਖਾਈਆ। ਕਲਜੁਗ ਕੂੜਾ ਫਿਰੇ ਵਾਦ ਵਿਵਾਦ ਰਿਹਾ ਝਾਕ, ਪੇਸ਼ ਕੋਈ ਨਾ ਜਾਈਆ। ਨਿਹਕਲੰਕ ਲੋਕਮਾਤ ਆਪਣਾ ਖੋਲ੍ਹਿਆ ਤਾਕ, ਨਿਹਕਲੰਕ ਕਰੇ ਰੁਸ਼ਨਾਈਆ। ਪਤਤ ਪਾਪੀਆਂ ਕਰੇ ਪਾਕੀ ਪਾਕ, ਪਾਰਬ੍ਰਹਮ ਆਪ ਅਖਵਾਈਆ। ਆਪੇ ਬਣਿਆ ਸੱਜਣ ਸਾਕ, ਭੈਣ ਭਾਈ ਸੰਗ ਰਿਹਾ ਬਣਾਈਆ। ਜੀਵ ਜੰਤ ਕੋਈ ਨਾ ਸਕੇ ਕਿਸੇ ਝਾਕ, ਸਿਰ ਆਪਣਾ ਹੱਥ ਟਿਕਾਈਆ। ਮਾਨਸ ਜਨਮ ਲੱਜਿਆ ਲਏ ਰਾਖ, ਆਪ ਆਪਣੀ ਦਇਆ ਕਮਾਈਆ। ਪੂਰਬ ਲਹਿਣਾ ਚੁੱਕਿਆ ਮਸਤਕ ਮਾਥ, ਸ਼ਬਦ ਗਹਿਣਾ ਤਨ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੇ ਬੰਨਾਏ ਸਾਚੇ ਲੜ, ਸਦਾ ਸੁਹੇਲਾ ਸਾਚਾ ਬੰਕ ਸੁਹਾਈਆ। ਅਕਾਲ ਪੁਰਖ ਅਜੂਨੀ ਰਹਿਤ ਅਖਵੌਣ ਵਾਲਾ, ਜੋਤੀ ਜੋਤ ਜੋਤ ਜਗ ਆਇਆ। ਆਦਿ ਜੁਗਾਦਿ ਜੁਗ ਜੁਗ ਆਪਣਾ ਰੰਗ ਰੰਗੌਣ ਵਾਲਾ, ਆਪ ਆਪਣਾ ਵੇਸ ਵਟਾ ਆਇਆ। ਖੰਡ ਬ੍ਰਹਿਮੰਡਾਂ ਰਚਨ ਰਚੌਣ ਵਾਲਾ, ਨੂਰ ਨੂਰ ਹੀ ਡਗਮਗਾ ਆਇਆ। ਬ੍ਰਹਮਾ ਵਿਸ਼ਨ ਸ਼ਿਵ ਨਚੌਣ ਵਾਲਾ, ਆਪ ਆਪਣਾ ਖੇਲ ਖਿਲਾ ਆਇਆ। ਰਵ ਸਸ ਚੰਨ ਸਤਾਰ ਚੜ੍ਹੌਣ ਵਾਲਾ, ਨਿਰਗੁਣ ਵੇਸ ਅਵੱਲੜਾ ਕਰਾ ਆਇਆ। ਚਾਰੇ ਵਿਦਿਆ ਆਪ ਪੜੌ੍ਹਣ ਵਾਲਾ, ਵੇਦ ਵਿਦਾਤਾਂ ਆਪ ਲਿਖਾ ਆਇਆ । ਕਰੋੜ ਤੇਤੀਸਾ ਸੇਵ ਲਗੌਣ ਵਾਲਾ, ਸੁਰਪਤ ਰਾਜਾ ਇੰਦ ਆਪ ਉਠਾ ਆਇਆ। ਅੰਮ੍ਰਿਤ ਮੇਘ ਆਪ ਬਰਸੌਣ ਵਾਲਾ, ਅੰਮ੍ਰਿਤ ਧਾਰ ਨਾਲ ਰਲਾ ਆਇਆ। ਜੁਗ ਚੌਕੜੀਆਂ ਆਪ ਬਨੌਣ ਵਾਲਾ, ਬ੍ਰਹਮਾ ਮਨਵੰਤਰ ਵੇਖ ਵਖਾ ਆਇਆ। ਰਾਮ ਰਾਜਕ ਰਿਜ਼ਕ ਵੀ ਆਪ ਅਖਵੌਣ ਵਾਲਾ, ਨਾਮ ਭੰਡਾਰ ਵੀ ਬੰਨ ਭਾਰ ਆਇਆ। ਗੁਰ ਪੀਰ ਅਵਤਾਰ ਘਲੌਣ ਵਾਲਾ, ਜੋਤੀ ਜਾਮਾ ਧਾਰ ਕੇ ਵਿਚ ਸੰਸਾਰ ਆਇਆ। ਸਨਕ ਸਨੰਦਨ ਸਨਾਤਨ ਸੰਤ ਕੁਮਾਰ ਬਣੌਣ ਵਾਲਾ, ਬਰਾਹ ਰੂਪ ਵੀ ਵੇਖ ਵਖੌਣ ਆਇਆ। ਯਗੈ ਪੁਰਖ ਦਾ ਲੇਖ ਲਿਖੌਣ ਵਾਲਾ, ਹਾਵ ਗਰੀਵ ਵੀ ਕਰ ਪਾਰ ਆਇਆ। ਨਰ ਨਰਾਇਣ ਪ੍ਰਭ ਆਪ ਅਖਵੌਣ ਵਾਲਾ, ਕਪਲ ਮੁਨ ਤੇ ਦੱਤਾ ਤ੍ਰੈ ਵੀ ਆਪ ਉਠਾ ਆਇਆ। ਰਿਖਵ ਦੇਵ ਦੀ ਵੰਡ ਵੰਡੌਣ ਵਾਲਾ, ਪ੍ਰਿਥੂ ਆਪਣਾ ਸੰਗ ਨਿਭਾ ਆਇਆ। ਮਤਸਯ ਕਛਪ ਮਿੰਦਰਾ ਚਲ ਉਠੌਣ ਵਾਲਾ, ਆਪ ਆਪਣਾ ਖੇਲ ਖਿਲਾ ਆਇਆ। ਧਨੰਤਰ ਵੈਦ ਵੈਦ ਅਖਵੌਣ ਵਾਲਾ, ਮੋਹਣੀ ਰੂਪ ਕਰਕੇ ਅਪਰ ਅਪਾਰ ਆਇਆ। ਨਰ ਸਿੰਘ ਦਰ ਵੇਸ ਵਖੌਣ ਵਾਲਾ, ਹੰਸ ਹੰਸਾ ਦੀ ਚਾਲ ਚਲੌਣ ਆਇਆ। ਭੇਖਾਧਾਰੀ ਬਲ ਬਨੌਣ ਵਾਲਾ, ਆਪ ਆਪਣਾ ਰੰਗ ਰੰਗੌਣ ਆਇਆ। ਹਰੀ ਹਰਿ ਨਰਾਇਣ ਪਛੌਣ ਵਾਲਾ, ਤੰਦਨ ਤੋੜ ਤੇ ਗਜ ਉਠੌਣ ਆਇਆ। ਪਰਸਰਾਮ ਤੇ ਰਾਮ ਸਮੌਣ ਵਾਲਾ, ਰਾਵਣ ਗੜ੍ਹ ਹੰਕਾਰ ਨੂੰ ਢੌਹਣ ਆਇਆ। ਵੇਦ ਵਿਆਸ ਦਰਵੇਸ ਬਣੌਣ ਵਾਲਾ, ਅਠਾਰਾਂ ਪੁਰਾਨ ਲਿਖਣ ਲਿਖੌਣ ਆਇਆ। ਕਾਹਨਾ ਕ੍ਰਿਸ਼ਨਾ ਨਾਮ ਧਰੌਣ ਵਾਲਾ, ਤ੍ਰਿਲੋਕੀ ਨਾਥ ਬੰਨ ਕੇ ਸਾਚਾ ਕਾਹਨ ਆਇਆ। ਨਾਲ ਗੋਪੀਆਂ ਸਗਨ ਮਨੌਣ ਵਾਲਾ, ਬਿਦਰ ਸੁਦਾਮਾ ਦਾ ਬੰਨ ਕੇ ਪਿਆਰ ਲਿਆਇਆ। ਦਰੋਪਦ ਲੱਜਿਆ ਲਾਜ ਰਖੌਣ ਵਾਲਾ, ਗੀਤਾ ਗਿਆਨ ਅਰਜਨ ਦ੍ਰਿੜਾਵਣ ਆਇਆ। ਪੰਚਮ ਪਿਆਰ ਤੇ ਪੰਜ ਬਣੌਣ ਵਾਲਾ, ਸ੍ਰਿਸ਼ਟ ਸਬਾਈ ਕਰਨ ਸੰਘਾਰ ਆਇਆ। ਈਸਾ ਮੂਸਾ ਦਾ ਮੋਹ ਰਖੌਣ ਵਾਲਾ, ਮਾਇਆ ਤੋੜ ਕੇ ਮੋਹ ਜੰਜਾਲ ਆਇਆ। ਮੁਹੰਮਦ ਅਹਿਮਦ ਅੰਗ ਲਗੌਣ ਵਾਲਾ, ਚੌਦਾਂ ਤਬਕਾਂ ਦਾ ਖੋਲ੍ਹ ਕਿਵਾੜ ਆਇਆ। ਨੂਰੋ ਨੂਰ ਜੋਤੀ ਡਗਮਗੌਣ ਵਾਲਾ, ਬੇਐਬ ਪਰਵਰਦਿਗਾਰ ਸਚ ਖ਼ੁਦਾ ਆਪਣਾ ਨਾਮ ਧਰੌਣ ਆਇਆ। ਕਲਮਾ ਸਚ ਦਾ ਸਚ ਪੜ੍ਹੌਣ ਵਾਲਾ, ਅੱਲਾ ਰਾਣੀ ਨੂੰ ਮਾਤ ਪਰਨੌਣ ਆਇਆ। ਨਾਨਕ ਗੁਰ ਦਾ ਰੂਪ ਵਖੌਣ ਵਾਲਾ, ਨਿਰਗੁਣ ਧਾਰ ਕਰ ਪਿਆਰ ਉਜਿਆਰ ਨੂਰ ਨੂਰੋ ਨਬੀ ਆਪ ਟਪਕੌਣ ਆਇਆ। ਨਾਮ ਸਤਿ ਦਾ ਮੰਤਰ ਜਪੌਣ ਵਾਲਾ, ਸਤਿ ਪੁਰਖ ਆਪ ਦਾਤਾਰ ਆਇਆ। ਅੰਗਦ ਅੰਗ ਲਾ ਕੇ ਪਾਰ ਕਰੌਣ ਵਾਲਾ, ਅੰਗੀਕਾਰ ਸਾਚਾ ਹਰਿ ਯਾਰ ਆਇਆ। ਅਮਰਦਾਸ ਤੋਂ ਅਮਰ ਕਰੌਣ ਵਾਲਾ, ਅੰਮ੍ਰਿਤ ਭਰ ਪਿਆਲਾ ਤਿਆਰ ਹਰਿ ਤਿਆਰ ਆਇਆ। ਰਾਮਦਾਸ ਸਰੋਵਰ ਨਹੌਣ ਵਾਲਾ, ਸਰ ਸਰੋਵਰ ਆ ਇਕ ਵਖੌਣ ਆਇਆ। ਗੁਰੂ ਅਰਜਨ ਨੂੰ ਬੋਧ ਅਗਾਧ ਜਨੌਣ ਵਾਲਾ, ਸ਼ਬਦ ਸ਼ਬਦ ਦੀ ਲੈ ਕੇ ਧਾਰ ਆਇਆ। ਹਰਿ ਗੋਬਿੰਦ ਨੂੰ ਘੋੜੀ ਚੜ੍ਹੌਣ ਵਾਲਾ, ਮੀਰੀ ਪੀਰੀ ਦਾ ਸ਼ਾਹ ਸਵਾਰ ਆਇਆ । ਹਰਿ ਰਾਏ ਨੂੰ ਹਰਿ ਰੰਗ ਰੰਗੌਣ ਵਾਲਾ, ਰਾਗੀ ਆਪਣਾ ਰਾਗ ਨਾਦ ਵਜੌਣ ਆਇਆ। ਹਰਿਕਿਸ਼ਨ ਨੂੰ ਮੇਲ ਮਿਲੌਣ ਵਾਲਾ, ਮੇਲਾ ਦੋ ਜਹਾਨ ਕਰੌਣ ਆਇਆ। ਤੇਗ਼ ਬਹਾਦਰ ਨੂੰ ਤੇਗ ਦੀ ਧਾਰ ਲਗੌਣ ਵਾਲਾ, ਖੂਨ ਰੰਗ ਕੇ ਲਾਲ ਗੁਲਾਲ ਆਇਆ। ਗੁਰ ਗੋਬਿੰਦ ਨੂੰ ਸੁੱਤ ਉਪਜੌਣ ਵਾਲਾ, ਸਿੰਘ ਰੂਪ ਹੋ ਆਪ ਭਗਵਾਨ ਆਇਆ। ਪ੍ਰਹਿਲਾਦ ਕੀ ਰੱਖਿਆ ਕਰੌਣ ਵਾਲਾ, ਹਰਨਕਸਪ ਦਾ ਮੂਲ ਚੁਕੌਣ ਆਇਆ। ਬਾਲੇ ਧਰੂ ਨੂੰ ਗਲੇ ਲਗੌਣ ਵਾਲਾ, ਜੰਗਲ ਜੂਹਾਂ ਅੰਦਰ ਫੇਰੀ ਪਾਉਣ ਆਇਆ। ਬਲ ਰਾਜੇ ਨੂੰ ਪਾਰ ਕਰਾਉਣ ਵਾਲਾ, ਬਲ ਧਾਰ ਕੇ ਆਪ ਨਿਰੰਕਾਰ ਆਇਆ। ਅਮਰੀਕ ਦਾ ਲਹਿਣਾ ਚੁਕੌਣ ਵਾਲਾ, ਚੱਕਰ ਸੁਦਰਸ਼ਨ ਲੈ ਵਿਚ ਸੰਸਾਰ ਆਇਆ। ਰਾਜੇ ਜਨਕ ਨੂੰ ਦਰਸ ਵਖੌਣ ਵਾਲਾ, ਖਾਲੀ ਭਰਨ ਫੇਰ ਭੰਡਾਰ ਆਇਆ। ਹਰੀ ਚੰਦ ਨੂੰ ਮੇਲ ਮਿਲਾਉਣ ਵਾਲਾ, ਤਾਰਾ ਰਾਣੀ ਦਾ ਕਰ ਪਿਆਰ ਆਇਆ। ਬਿਦਰ ਸੁਦਾਮੇ ਨੂੰ ਆਪ ਰਖੌਣ ਵਾਲਾ, ਨਾਮ ਦੇਵ ਦਾ ਕਰ ਜੈਕਾਰ ਆਇਆ। ਸਧਨਾ ਤ੍ਰਲੋਚਣ ਪਾਰ ਲੰਘੋਣ ਵਾਲਾ, ਰਵਿਦਾਸ ਚਮਾਰ ਵੀ ਨਾਲ ਤਰਾਉਣ ਆਇਆ। ਕਬੀਰ ਸਾਚੇ ਘਰ ਮਿਲਾਉਣ ਵਾਲਾ, ਨਾਮੇ ਛੱਪਰੀ ਆਪ ਬਨੋਣ ਆਇਆ। ਸੈਣ ਭਗਤ ਭਗਵੰਤ ਅਖਵਾਉਣ ਵਾਲਾ, ਖਿਮਾਂ ਗਰੀਬੀ ਦਾ ਵੇਸ ਵਟਾ ਆਇਆ। ਗਨਕਾ ਪਾਪਨ ਨੂੰ ਪਾਰ ਕਰਾਉਣ ਵਾਲਾ, ਪਤਿਤ ਪੁਨੀਤ ਆਪ ਕਰਤਾਰ ਆਇਆ। ਅਜਾਮਲ ਦਾ ਲੇਖ ਲਿਖਾਉਣ ਵਾਲਾ, ਅਲਖ ਨਿਰੰਜਣ ਆਪ ਕਰਤਾਰ ਆਇਆ। ਬੱਧਕ ਦੇ ਫੰਦ ਕਟੌਣ ਵਾਲਾ, ਜਾਮਾ ਧਾਰ ਕੇ ਕ੍ਰਿਸ਼ਨ ਭਗਵਾਨ ਆਇਆ। ਬਾਲਮੀਕ ਬਟਵਾਰਾ ਸਮਝਾਉਣ ਵਾਲਾ, ਨਾਲ ਲੈ ਕੇ ਸ਼ਬਦ ਗਿਆਨ ਆਇਆ। ਭਗਤਾਂ ਸੰਗ ਆ ਸਦਾ ਬਠੌਣ ਵਾਲਾ, ਖਾਲੀ ਹੱਥ ਵਿਚ ਸੰਸਾਰ ਵਖੌਣ ਆਇਆ। ਲੱਖ ਚੁਰਾਸੀ ਦੀ ਬਣਤ ਬਨੌਣ ਵਾਲਾ, ਕਰ ਵੇਸ ਅਵੱਲੜਾ ਸਾਵਲ ਯਾਰ ਆਇਆ। ਧਰਤ ਧਵਲ ਜਲ ਆਪ ਟਿਕਾਉਣ ਵਾਲਾ, ਆਕਾਸ਼ ਪਰਕਾਸ਼ ਰਖਾਨ ਆਇਆ। ਬਾਸ਼ਕ ਸੇਜ ਤੇ ਸੇਜ ਵਖੌਣ ਵਾਲਾ, ਵਿਸ਼ਨੂੰ ਰੂਪ ਆ ਲੇਖ ਲਿਖਾਉਣ ਆਇਆ। ਸਹੰਸਰ ਮੁਖ ਨੂੰ ਮੁਖ ਚਲੌਣ ਵਾਲਾ, ਵਾਰ ਸਹੰਸਰ ਜੇਹਵਾ ਆਪ ਹਿਲਾਉਣ ਆਇਆ। ਕਲਜੁਗ ਦੀ ਬਣਤ ਬਣੌਣ ਵਾਲਾ, ਲਹਿਣਾ ਦੇਣ ਆ ਅੰਤ ਚਕੌਣ ਆਇਆ। ਗੁਰਮੁਖਾਂ ਦੇ ਮੁਖ ਮਿਲਾਉਣ ਵਾਲਾ, ਮਾਤਾ ਕੁੱਖ ਤੋਂ ਵਖਰਾ ਆਪ ਆਇਆ। ਹਰਿ ਸੰਗਤ ਦੇ ਦੁੱਖ ਮਿਟਾਉਣ ਵਾਲਾ, ਆਪ ਆਪਣਾ ਦੁੱਖ ਗਵਾ ਆਇਆ। ਮਾਤ ਕੁੱਖ ਨੂੰ ਸਫਲ ਕਰਾਉਣ ਵਾਲਾ, ਦਸ ਦਸ ਮਾਸ ਅੰਦਰ ਫੇਰਾ ਪਾ ਆਇਆ। ਉਲਟੇ ਰੁਖ ਨੂੰ ਵੇਖ ਵਖਾਉਣ ਵਾਲਾ, ਨਜ਼ਰ ਵਿਚ ਨਾ ਕਿਸੇ ਸੰਸਾਰ ਆਇਆ। ਬੂਟੇ ਸੁਕਦੇ ਹਰੇ ਕਰਾਉਣ ਵਾਲਾ, ਅੰਮ੍ਰਿਤ ਜਲ ਲੈ ਕੇ ਧੁਰ ਦਰਬਾਰ ਆਇਆ। ਆਪ ਆਪਣੇ ਲੇਖੇ ਲਾਉਣ ਵਾਲਾ, ਲੇਖਾ ਲਿਖ ਕੇ ਹੱਥ ਸੱਚੀ ਸਰਕਾਰ ਆਇਆ। ਆਦਿ ਜੁਗਾਦਿ ਦੇ ਨਾਮ ਜਪੌਣ ਵਾਲਾ, ਸੋਹੰ ਸ਼ਬਦ ਦਾ ਸਚ ਭੰਡਾਰ ਲਿਆਇਆ। ਤੀਨੋਂ ਤਾਪ ਦੇ ਤਪ ਨੂੰ ਲਾਉਣ ਵਾਲਾ, ਤ੍ਰੈਗੁਣ ਦੀ ਬੰਨ ਕੇ ਧਾਰ ਲਿਆਇਆ। ਤਿੰਨ ਤਾਪ ਦੇ ਸਾਰ ਨੂੰ ਪਾਉਣ ਵਾਲਾ, ਸਾਖਿਯਾਤ ਹੋ ਕੇ ਪਰਵਰਦਿਗਾਰ ਆਇਆ। ਆਪਣੇ ਆਪ ਨੂੰ ਆਪ ਅਖਵਾਉਣ ਵਾਲਾ, ਧੁਰਦਰਗਾਹੀ ਸੱਚਾ ਸਿਕਦਾਰ ਆਇਆ। ਰਾਜ ਰਾਜਾਨਾ ਨੂੰ ਰਾਜ ਦਵਾਉਣ ਵਾਲਾ, ਰਾਜ ਜੋਗ ਹਰਿ ਆਪ ਕਮਾਉਣ ਆਇਆ। ਲੋਕ ਪਰਲੋਕ ਹਰਿ ਆਪ ਬਣਾਉਣ ਵਾਲਾ, ਆਪਣੀ ਬਣੀ ਨੂੰ ਆਪੇ ਹੀ ਢਾਉਣ ਆਇਆ। ਹਰਿ ਸੰਗਤ ਨੂੰ ਸਚ ਸਲੋਕ ਸਨਾਉਣ ਵਾਲਾ, ਲੈ ਕੇ ਗੁਣ ਨਿਧਾਨ ਆਇਆ। ਛੱਤੀ ਰਾਗਾਂ ਦੇ ਵਿਚ ਸਮਾਉਣ ਵਾਲਾ, ਬਹੱਤਰ ਨਾੜ ਤਾੜਾ ਵਜਾਉਣ ਆਇਆ। ਕਾਗੋਂ ਹੰਸ ਬਣਾਉਣ ਵਾਲਾ, ਸਚ ਸਰੋਵਰ ਵੇਖ ਵਖਾਣ ਆਇਆ। ਗੁਰਸਿਖਾਂ ਨੂੰ ਸਿਖਿਆ ਦਵਾਉਣ ਵਾਲਾ, ਸਾਚੀ ਸਿਖਿਆ ਸਿਖਣ ਆਪ ਨਿਰੰਕਾਰ ਆਇਆ। ਸ੍ਰਿਸ਼ਟ ਸਬਾਈ ਨੂੰ ਭਿਛਿਆ ਪਾਉਣ ਵਾਲਾ, ਮੰਗਣ ਭਿਛਿਆ ਸਿਖਾ ਦੇ ਦਵਾਰ ਆਇਆ। ਖਾਲਕ ਖਲਕ ਦੇ ਵਿਚ ਸਮਾਉਣ ਵਾਲਾ, ਖ਼ਾਕੀ ਖ਼ਾਕ ਦਰ ਖ਼ਾਕ ਅਖਵਾਉਣ ਆਇਆ। ਸੰਤਾਂ ਭਗਤਾਂ ਨੂੰ ਦਰਸ ਕਰਾਉਣ ਵਾਲਾ, ਹਰਿ ਸੰਗਤ ਤੇਰਾ ਦਰਸ ਕਰਨ ਨਿਰਗੁਣ ਧਾਰ ਜਾਮਾ ਸਰਗੁਣ ਪਿਆਰ ਆਇਆ। ਕਿਲਾ ਕਾਇਆ ਦੇ ਵਿਚ ਰਚਾਉਣ ਵਾਲਾ, ਸ਼ਬਦ ਘੋੜੇ ਚੜ੍ਹ ਅਸਵਾਰ ਆਇਆ। ਕਲਗੀ ਤੋੜਾ ਸੀਸ ਤੇ ਲੌਣ ਵਾਲਾ, ਨੀਲਾ ਨੀਲੀ ਧਾਰੋਂ ਕਰ ਕੇ ਪਾਰ ਆਇਆ। ਬਵੰਜਾ ਬਵੰਜਾ ਦੀ ਧਾਰ ਚਲਾਉਣ ਵਾਲਾ, ਬਵੰਜਾ ਕਰ ਆ ਸੜ ਉਜਿਆਰ ਆਇਆ। ਬਵੰਜਾ ਕਲੀਆਂ ਦੇ ਨਾਲ ਨਿਭਾਉਣ ਵਾਲਾ, ਬਵਿੰਜਾ ਅੰਦਰੋਂ ਬਾਹਰ ਕਰਾਉਣ ਆਇਆ। ਬਵੰਜਾ ਸਾਲ ਲੋਕਮਾਤ ਹੰਢਾਉਣ ਵਾਲਾ ਕਲਜੁਗ ਅੰਤਮ ਲੁੱਕ ਕੇ ਵਿਚ ਸੰਸਾਰ ਆਇਆ। ਸੰਬਲ ਨਗਰੀ ਧਾਮ ਸੁਹਾਉਣ ਵਾਲਾ, ਰੂਪ ਰੰਗ ਨਾ ਕੋਇ ਨਿਖਾਰ ਆਇਆ। ਲੋਕ ਪਰਲੋਕ ਡੰਕ ਵਜਾਉਣ ਵਾਲਾ, ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਕਰ ਖ਼ਬਰਦਾਰ ਆਇਆ। ਸਿੰਘ ਦੀਦਾਰ ਨੂੰ ਦਰਸ ਵਖੌਣ ਵਾਲਾ, ਪਰਗਟ ਹੋ ਸੰਗਤ ਵਿਚਕਾਰ ਆਇਆ। ਜਗਤ ਅਲ੍ਹਾਮੇ ਗੁਰਮੁਖਾਂ ਦੇ ਲਾਹੁਣ ਵਾਲਾ, ਪਹਿਲੋਂ ਆਪਣਾ ਮੂੰਹ ਫਟਕਾਰ ਆਇਆ। ਗੁਰਮੁਖਾਂ ਦੇ ਭਾਰ ਉਠਾਉਣ ਵਾਲਾ, ਪਹਿਲੋਂ ਆਪਣਾ ਭਾਰ ਦਬਾ ਆਇਆ। ਹਰਿ ਸੰਗਤ ਦੇ ਬੱਚੇ ਬਚਾਉਣ ਵਾਲਾ, ਬੱਚੇ ਨੀਆਂ ਦੇ ਹੇਠ ਰਖਾ ਆਇਆ। ਸਾਢੇ ਤਿੰਨ ਹੱਥ ਦਾ ਮੂਲ ਚੁੁਕੌਣ ਵਾਲਾ, ਸਿੰਘ ਮਨਜੀਤੇ ਨੂੰ ਸੇਵਾ ਲਾ ਆਇਆ। ਚਿੱਟਾ ਦਾਗ ਕਾਲੇ ਉਤੇ ਪਾਉਣ ਵਾਲਾ, ਚਿੱਟੀ ਕੁੱਲੀ ਨੂੰ ਡਗਮਗਾ ਆਇਆ। ਨੌ ਦਵਾਰੇ ਪਾਰ ਕਰਾਉਣ ਵਾਲਾ, ਨੌ ਦਰਵਾਜੇ ਦਰਬਾਰ ਸੁਹਾ ਆਇਆ। ਹਰਿ ਜਗਦੀਸ ਨੂੰ ਆਪ ਮਿਲਾਉਣ ਵਾਲਾ, ਸਿੰਘ ਜਗਦੀਸ ਤਾਈ ਲੇਖੇ ਲਾ ਆਇਆ। ਦਸਮ ਦਵਾਰੀ ਮੇਲ ਮਿਲਾਉਣ ਵਾਲਾ, ਸਚ ਸਿੰਘਾਸਣ ਆਸਣ ਵਿਛਾ ਆਇਆ। ਵਿਛੜੇ ਮੇਲ ਮਿਲਾਉਣ ਵਾਲਾ, ਧੁਰ ਦਰਗਾਹੀ ਚਲ ਕੇ ਆਪ ਮਲਾਹ ਆਇਆ। ਨਿਥਾਵਿਆਂ ਥਾਨ ਦਿਵੌਣ ਵਾਲਾ, ਦਰਗਹਿ ਸਾਚੀ ਸਾਚਾ ਧਾਮ ਬਣਾ ਆਇਆ। ਜੋਤੀ ਜੋਤ ਦੇ ਨਾਲ ਜਗਾਉਣ ਵਾਲਾ, ਜੋਤੀ ਰੂਪ ਕਰ ਆਪ ਨਿਰੰਕਾਰ ਆਇਆ। ਵਰਨ ਗੋਤੀ ਨੂੰ ਮੇਟ ਮਿਟਾਉਣ ਵਾਲਾ, ਪੰਜ ਤੱਤ ਪਿੰਜਰਾ ਆਪਣਾ ਸਾੜ ਆਇਆ। ਮੜੀ ਗੋਰ ਦੇ ਵਿਚ ਦਬਾਉਣ ਵਾਲਾ, ਚਾਲ ਵੱਖਰੀ ਹੋਰ ਦੀ ਹੋਰ ਕਰ ਆਇਆ। ਰਾਮ ਨਾਮ ਤੇ ਕ੍ਰਿਸ਼ਨ ਬਣਾਉਣ ਵਾਲਾ, ਸੀਤਾ ਰਾਧਾ ਵੀ ਨਾਲ ਰਲਾ ਲਿਆਇਆ। ਅੱਲਾ ਨਾਅਰਾ ਭੀ ਆਪ ਅਖਵਾਉਣ ਵਾਲਾ, ਐਲੀ ਅੱਲਾ ਭੀ ਇਕ ਸਲਾਹ ਲਿਆਇਆ। ਨਾਮ ਸਤਿ ਦਾ ਸਤਿ ਵਰਤਾਉਣ ਵਾਲਾ, ਵਾਹਿਗੁਰੂ ਫਤਿਹ ਗਜਾ ਆਇਆ। ਚਾਰ ਵਰਨਾਂ ਨੂੰ ਏਕਾ ਧਾਮ ਬਹਾਉਣ ਵਾਲਾ, ਏਕਾ ਰੂਪ ਆਪ ਅਖਵਾ ਆਇਆ। ਬ੍ਰਹਮ ਪਾਰਬ੍ਰਹਮ ਵਿਚ ਮਿਲਾਉਣ ਵਾਲਾ, ਸੋਹੰ ਸ਼ਬਦ ਨੂੰ ਆਪ ਪੜ੍ਹਾਉਣ ਆਇਆ। ਹਰਿਜਨ ਹਰਿਭਗਤ ਹਰਿਸੰਤ ਗੁਰਸਿਖ ਗੁਰਮੁਖ ਗੁਰ ਮਿਲਾਉਣ ਵਾਲਾ, ਮਨਮੁਖਾਂ ਨੂੰ ਕਰਨ ਸਵਾਹ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਤੇਰੀ ਅੰਤਮ ਵਰ, ਦਰਗਹਿ ਸਾਚੀ ਦਾ ਸਚ ਮਲਾਹ ਆਇਆ। ਹਰਿ ਸੰਗਤ ਹਰਿ ਦਵਾਰ, ਭਿੰਨੜੀ ਰੈਣ ਸੁਹਾਈਆ। ਰੈਣ ਭਿੰਨੜੀ ਬਣ ਭਿਖਾਰ, ਮੰਗਣ ਦਵਾਰੇ ਆਈਆ। ਧਰਤ ਮਾਤ ਰਹੀ ਪੁਕਾਰ, ਗੀਤ ਸੁਹਾਗੀ ਗਾਈਆ । ਬ੍ਰਹਮਾ ਵਿਸ਼ਨ ਸ਼ਿਵ ਕਰਨ ਜੈ ਜੈਕਾਰ, ਆਪਣੇ ਮੁਖ ਰਹੇ ਸਲਾਹੀਆ। ਸੁਰਪਤ ਬਰਸੇ ਮੇਘਲਾ ਧਾਰ, ਛਹਿਬਰ ਏਕਾ ਲਾਈਆ। ਸਤਿਗੁਰ ਪੂਰਾ ਕਰੇ ਪਿਆਰ, ਲੋਕਮਾਤ ਖ਼ੁਸ਼ੀ ਮਨਾਈਆ। ਘਟ ਘਟ ਵੱਜੇ ਨਾਮ ਸਤਾਰ, ਸਾਚੀ ਰਿਹਾ ਵਜਾਈਆ। ਸੋਹੰ ਸ਼ਬਦ ਸੁਣ ਜੈਕਾਰ, ਰਵ ਸਸ ਸੀਸ ਝੁਕਾਈਆ। ਗੁਰ ਸੰਗਤ ਵੇਖੇ ਇਕ ਪਿਆਰ, ਸਾਂਝਾ ਨਾਤਾ ਭੈਣਾ ਭਾਈਆ। ਸਤਿਜੁਗ ਤੇਰੀ ਬੰਨੇ ਧਾਰ, ਸਚ ਸੁੱਚ ਕਰੇ ਪੜ੍ਹਾਈਆ। ਆਦਿ ਸ਼ਕਤ ਅੰਮ੍ਰਿਤ ਪਾਣੀ ਦੇਵੇ ਵਾਰ, ਸਾਚਾ ਸਗਨ ਮਨਾਈਆ। ਸਾਚੀ ਸਖੀਆਂ ਮੰਗਲਚਾਰ, ਪੰਚਮ ਸ਼ਬਦ ਸੁਣਾਈਆ। ਮਹੱਲ ਅਟੱਲ ਉਚ ਮਨਾਰ, ਘਰ ਸਾਚਾ ਇਕ ਵਖਾਈਆ। ਡਗਮਗ ਜੋਤੀ ਜਗੇ ਅਪਾਰ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਹਰਿ ਸੰਗਤ ਤੇਰਾ ਸਤਿ ਦਰਬਾਰ, ਸਤਿ ਪੁਰਖ ਨਿਰੰਜਣ ਆਪ ਲਗਾਈਆ। ਖਾਲੀ ਭਰੇ ਭੰਡਾਰ, ਵਡ ਭੰਡਾਰੀ ਆਪ ਅਖਵਾਈਆ। ਨਿਰਗੁਣ ਸਰਗੁਣ ਬਣ ਦਾਤਾਰ, ਸਰਗੁਣ ਨਿਰਗੁਣ ਵਿਚ ਟਿਕਾਈਆ। ਗੁਰਮੁਖ ਸਾਚੇ ਕਰ ਜਾਏ ਪਾਰ, ਜੋ ਜਨ ਆਏ ਸ਼ਰਨਾਈਆ। ਆਂਢ ਗੁਆਂਢ ਦਏ ਆਧਾਰ, ਜੋ ਨੇਤਰ ਦਰਸ਼ਨ ਪਾਈਆ। ਹੇਮਰਾਜ ਓਗਰਾ ਇਕ ਪਿਆਰ, ਨਵ ਸ਼ਾਹ ਮੇਲ ਮਿਲਾਈਆ। ਵਜ਼ੀਰ ਅਖ਼ੀਰ ਏਕਾ ਧਾਰ, ਏਕਾ ਅੰਕ ਸਮਾਈਆ। ਕਾਣਾ ਕੌਂਟਾ ਜਾਏ ਤਾਰ, ਬਾਊਪੁਰ ਮਿਲੇ ਵਡਿਆਈਆ। ਅੱਲ੍ਹੜਪਿੰਡੀ ਸ਼ਬਦ ਜੈਕਾਰ, ਡੰਕਾ ਨਾਮ ਵਜਾਈਆ। ਭੁੱਲਾ ਰਹੇ ਨਾ ਵਿਚ ਸੰਸਾਰ, ਪਰਗਟ ਹੋਇਆ ਬੇਪਰਵਾਹੀਆ। ਕਰੇ ਕਰਾਏ ਖ਼ਬਰਦਾਰ, ਭਿੰਨੜੀ ਰੈਣ ਨਾਲ ਰਲਾਈਆ। ਭਿੰਨੜੀ ਰੈਣ ਗਾਏ ਆਪਣੀ ਵਾਰ, ਛੱਤੀ ਰਾਗ ਭੇਵ ਨਾ ਪਾਈਆ। ਧੁਰ ਦਾ ਢੋਲਾ ਧੁਰ ਦਾ ਤੋਲਾ ਧੁਰ ਦਾ ਬੋਲਾ ਆਪ ਸੁਣਾਏ ਸੱਚੀ ਸਰਕਾਰ, ਸਾਚੀ ਸੇਵਾ ਆਪ ਕਮਾਈਆ। ਹਰਿ ਸੰਗਤ ਤੇਰਾ ਬਣਿਆ ਗੋਲਾ, ਗੁਰ ਪਾਰਬ੍ਰਹਮ ਵਡਿਆਈਆ। ਤੇਰਾ ਅੰਤਮ ਕਲਜੁਗ ਚੁੱਕਣ ਆਇਆ ਡੋਲਾ, ਚਾਰ ਕਹਾਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਘਰ, ਘਰ ਸੱਜਣ ਮੇਲ ਮਿਲਾਈਆ। ਚਾਰ ਕਹਾਰ ਚਾਰ ਯਾਰੀ, ਕਲਜੁਗ ਵੰਡ ਵੰਡਾਈਆ। ਪੰਚਮ ਮੀਤਾ ਧੁਰ ਦਰਬਾਰੀ, ਪੰਚਮ ਵੇਖ ਵਖਾਈਆ। ਗੁਰਮੁਖਾਂ ਕਰੇ ਤਨ ਸ਼ੰਗਾਰੀ, ਸੋਲਾਂ ਕਲੀਆਂ ਤਨ ਬੰਧਾਈਆ। ਗਹਿਣਾ ਬਸਤਰ ਪਾਏ ਭਾਰੀ, ਨੈਣੀ ਕਜਲਾ ਧਾਰ ਵਖਾਈਆ। ਸੀਸ ਗੁੰਦੇ ਆਪ ਨਿਰੰਕਾਰੀ, ਖੁਲੜੀ ਗੁੱਤ ਨਾ ਕੋਇ ਵਖਾਈਆ। ਸਦਾ ਸੁਹਾਗਣ ਜੈ ਜੈਕਾਰੀ, ਜਗਤ ਰੰਡੇਪਾ ਦਏ ਗਵਾਈਆ। ਚਰਨ ਪ੍ਰੀਤੀ ਆਪ ਵਖਾਏ ਆਪਣੀ ਵਾਰੋ ਵਾਰੀ, ਥਿਤ ਵਾਰ ਨਾ ਕੋਇ ਵਖਾਈਆ। ਕਰੇ ਇਛਿਆ ਫਿਰੇ ਪਿੱਛੇ ਅਗਾੜੀ, ਭੱਜਾ ਫਿਰਦਾ ਵਾਹੋ ਦਾਹੀਆ । ਬੁਝਾਏ ਅਗਨੀ ਤੱਤੀ ਹਾੜੀ, ਹਾੜ ਸਤਾਰਾਂ ਆਪ ਸੁਹਾਈਆ। ਲੇਖੇ ਲੱਗੇ ਚਰਨ ਛੁਹਾਈ ਦਾੜ੍ਹੀ, ਦਰ ਘਰ ਸਾਚਾ ਇਕ ਵਖਾਈਆ। ਨੇੜ ਨਾ ਆਏ ਮੌਤ ਲਾੜੀ, ਸਤਿਗੁਰ ਪੂਰਾ ਦਏ ਦੁਰਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭਿੰਨੜੀ ਰੈਣ ਦਿਤਾ ਵਰ, ਗੁਰ ਸੰਗਤ ਮੇਲਾ ਏਕਾ ਘਰ, ਘਰ ਸਾਚਾ ਇਕ ਵਖਾਈਆ। ਭਿੰਨੜੀ ਰੈਣ ਚੜ੍ਹਿਆ ਚਾ, ਆਈ ਚਲ ਦਵਾਰ। ਪਾਰਬ੍ਰਹਮ ਬਣਿਆ ਜਗਤ ਮਲਾਹ, ਗੁਰਸਿਖਾਂ ਬੇੜਾ ਕਰੇ ਪਾਰ। ਚਾਰ ਵਰਨਾਂ ਜਪਾਏ ਏਕਾ ਨਾਂ, ਸੋਹੰ ਜੈ ਜੈਕਾਰ। ਨਿਥਾਵਿਆਂ ਦੇਵੇ ਚਰਨ ਕਵਲ ਸਾਚਾ ਥਾਂ, ਆਪ ਆਪਣੀ ਕਿਰਪਾ ਧਾਰ। ਕਰੇ ਰੱਛਿਆ ਗ਼ਰੀਬ ਗਾਂ, ਗਊ ਗ਼ਰੀਬਾਂ ਲਏ ਉਭਾਰ। ਸਦਾ ਸੁਹੇਲਾ ਰੱਖੇ ਠੰਡੀ ਛਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਦੇਵਣਹਾਰਾ ਵਰ, ਦੇਵੇ ਵਰ ਆਪ ਦਾਤਾਰ। ਭਿੰਨੜੀ ਰੈਣ ਸਗਨ ਮਨਾਇਆ, ਘਰ ਘਰ ਵੱਜੇ ਵਧਾਈਆ। ਗੁਰਮੁਖਾਂ ਸਦ ਗੁਰ ਚਰਨ ਬਹਾਇਆ, ਜਗ ਨਾਤਾ ਆਪ ਜੁੜਾਈਆ। ਪੁਰਖ ਬਿਧਾਤਾ ਸੇਵਾ ਲਾਇਆ, ਹਰਿ ਸੰਗਤ ਤੇਰੀ ਵਡ ਵਡਿਆਈਆ। ਧੁਰ ਦੀ ਦਾਤ ਧੁਰ ਦਾ ਦਾਤਾ ਲੈ ਕੇ ਆਇਆ, ਹਰਿਜਨ ਝੋਲੀ ਰਿਹਾ ਭਰਾਈਆ। ਆਪਣੀ ਗਾਥਾ ਆਪ ਸੁਣਾਇਆ, ਗਾਏ ਢੋਲਾ ਸਾਚਾ ਮਾਹੀਆ। ਮਾਛੂਵਾੜਾ ਆਪ ਤਜਾਇਆ, ਸਚ ਦਵਾਰਾ ਇਕ ਵਖਾਈਆ। ਗੁਰ ਸੰਗਤ ਅਖਾੜਾ ਆਪ ਲਗਾਇਆ, ਆਪੇ ਗਾਏ ਆਪ ਸੁਣਾਏ ਸੁਨਣੇਹਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਸਾਚੇ ਘਰ, ਭਿੰਨੜੀ ਰੈਣ ਨਾਲ ਰਲਾਈਆ। ਭਿੰਨੜੀ ਰੈਣ ਗੁੰਦ ਗੁੰਦ ਹਾਰ, ਗੁਰਸਿਖਾਂ ਤਨ ਪਹਿਨਾਇੰਦੀ। ਪੁਰਖ ਅਬਿਨਾਸ਼ੀ ਤੇਰਾ ਪਿਆਰ, ਹਰਿ ਸੰਗਤ ਬੋਲ ਸੁਣਾਇੰਦੀ। ਜੁਗ ਜੁਗ ਵੇਖੇ ਵੇਖਣਹਾਰ, ਭੁੱਲ ਨਾ ਕੋਇ ਰਖਾਇੰਦੀ। ਆਦਿ ਜੁਗਾਦਿ ਰਹੇ ਮੁਟਿਆਰ, ਬਿਰਧ ਬਾਲ ਨਾ ਵਸਤ ਰਖਾਇੰਦੀ। ਕਰ ਕਰ ਬੈਠੀ ਸਦਾ ਸ਼ੰਗਾਰ, ਕੰਤ ਕੰਤੂਹਲਾ ਇਕ ਹੰਢਾਇੰਦੀ। ਆਪਣਾ ਝਕੋਲਾ ਆਪੇ ਦਏ ਹੁਲਾਰ, ਦੋ ਜਹਾਨਾਂ ਹੁਲਾਰਾ ਇਕ ਰਖਾਇੰਦੀ। ਕੰਤ ਕੰਤੂਹਲਾ ਬਣਿਆ ਤੋਲਾ ਵਿਚ ਸੰਸਾਰ, ਨਾਮ ਕੰਡਾ ਹੱਥ ਫੜਾਇੰਦੀ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿ ਸੰਗਤ ਮੇਲਾ ਦੇਵੇ ਕਰ, ਭਿੰਨੜੀ ਰੈਣ ਮੁਖ ਸਲਾਹਿੰਦੀ। ਭਿੰਨੜੀ ਰੈਣ ਹਰਿ ਹਰਿ ਗਾਏ, ਪਾਇਆ ਹਰਿ ਗੋਬਿੰਦ। ਗੁਰਮੁਖ ਸਾਚੇ ਸੰਗ ਰਲਾਏ, ਮਿਟੀ ਸਗਲੀ ਚਿੰਦ। ਸਤਿਜੁਗ ਸਾਚੀ ਵੰਡ ਵੰਡਾਏ, ਘਰ ਪਾਇਆ ਗੁਣੀ ਗਹਿੰਦ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖਾਂ ਮੇਟਣ ਆਇਆ ਚਿੰਦ।