੨੪ ਮਾਘ ੨੦੧੫ ਬਿਕ੍ਰਮੀ ਬੂੜ ਸਿੰਘ ਦੇ ਘਰ ਵਜ਼ੀਰ ਪੁਰ
ਸਤਿਗੁਰ ਪੂਰਾ ਹਰਿ ਮਿਹਰਵਾਨ, ਪਾਰਬ੍ਰਹਮ ਬੇਅੰਤ। ਖੇਲੇ ਖੇਲ ਦੋ ਜਹਾਨ, ਮਹਿਮਾ ਅਗਣਤ ਅਗਣਤ। ਲੱਖ ਚੁਰਾਸੀ ਜਾਣੀ ਜਾਣ, ਮੇਲ ਮਿਲਾਵਾ ਸਾਚੇ ਸੰਤ। ਸ਼ਬਦੀ ਸ਼ਬਦ ਸ਼ਬਦ ਨਿਧਾਨ, ਆਪ ਚਲਾਏ ਜੁਗਾ ਜੁਗੰਤ। ਥਿਰ ਘਰ ਵਾਸੀ ਹਰਿ ਸੁਲਤਾਨ, ਪਰਉਪਕਾਰੀ ਜੀਆ ਜੰਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਬਣਤ। ਸਤਿਗੁਰ ਪੂਰਾ ਹਰਿ ਨਿਰੰਕਾਰ, ਏਕਾ ਪੁਰਖ ਅਕਾਲਿਆ। ਸਤਿ ਸਰੂਪ ਸਤਿ ਵਰਤਾਰ, ਖੇਲੇ ਖੇਲ ਨਿਰਾਲਿਆ। ਜੁਗਾ ਜੁਗੰਤਰ ਬੰਨੇ ਧਾਰ, ਸ਼ਬਦ ਸ਼ਬਦੀ ਬੰਧਨ ਪਾ ਲਿਆ। ਨਿਰਗੁਣ ਨਿਰਗੁਣ ਨੂਰ ਨੂਰ ਉਜਿਆਰ, ਜੋਤੀ ਜੋਤ ਡਗਮਗਾ ਲਿਆ। ਬ੍ਰਹਿਮੰਡ ਖੰਡ ਮਹੱਲ ਉਸਾਰ, ਲੋਆਂ ਪੁਰੀਆਂ ਡੇਰਾ ਲਾ ਲਿਆ। ਰਵ ਸਸ ਮੇਲ ਸਤਾਰ, ਗਗਨ ਮੰਡਲ ਆਪ ਬਣਾ ਲਿਆ। ਲੱਖ ਚੁਰਾਸੀ ਕਰ ਪਿਆਰ, ਹਰ ਘਟ ਆਸਣ ਲਾ ਲਿਆ। ਨਾਮ ਨਾਮਾਂ ਅਪਰ ਅਪਾਰ, ਆਪਣਾ ਆਪ ਉਪਾ ਲਿਆ। ਧੁਨ ਅਨਾਦਿ ਸੱਚੀ ਧੁਨਕਾਰ, ਘਰ ਸਾਚੇ ਆਪ ਸੁਹਾ ਲਿਆ। ਅਗੰਮ ਅਗੰਮੜਾ ਖੇਲ ਨਿਆਰ, ਅਲਖ ਨਿਰੰਜਣ ਲੇਖ ਲਿਖਾ ਲਿਆ। ਸਚਖੰਡ ਦਵਾਰਾ ਭਰ ਭੰਡਾਰ, ਹਰਿ ਸਾਚਾ ਆਪ ਸੁਹਾ ਰਿਹਾ। ਸੰਤ ਸੁਹੇਲੇ ਪਾਵੇ ਸਾਰ, ਲੋਕਮਾਤੀ ਮੇਲ ਮਿਲਾ ਲਿਆ। ਗੁਰ ਚੇਲਾ ਸੋਹੇ ਇਕ ਦਵਾਰ, ਦਰ ਦਰਵਾਜ਼ਾ ਇਕ ਖੁਲ੍ਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਰਚਨ ਰਚਾ ਲਿਆ। ਸਤਿਗੁਰ ਪੂਰਾ ਹਰਿ ਸਮਰਥ, ਏਕਾ ਏਕ ਏਕੰਕਾਰਿਆ। ਜੁਗ ਜੁਗ ਦੇਵੇ ਨਾਮ ਵੱਥ, ਆਪਣੀ ਵਸਤ ਝੋਲੀ ਪਾ ਰਿਹਾ। ਜੁਗ ਜੁਗ ਚਲਾਏ ਆਪਣਾ ਰਥ, ਰਥ ਰਥਵਾਹੀ ਨਾਉਂ ਧਰਾ ਰਿਹਾ। ਸ਼ਬਦ ਜਣਾਈ ਅਕਥਨਾ ਅਕੱਥ, ਕਥਨੀ ਕਥਾ ਨਾ ਕਿਸੇ ਗਾ ਲਿਆ। ਸ੍ਰਿਸ਼ਟ ਸਬਾਈ ਪਾਏ ਨੱਥ, ਲੱਖ ਚੁਰਾਸੀ ਬੰਧ ਬੰਧਾ ਲਿਆ ਆਪ ਉਪਾਏ ਆਪੇ ਦੇਵੇ ਮਥ, ਦੂਸਰ ਸੰਗ ਨਾ ਕੋਈ ਰਖਾ ਲਿਆ। ਸੰਤ ਸੁਹੇਲੇ ਰੱਖੇ ਦੇ ਕਰ ਹੱਥ, ਆਪ ਆਪਣੀ ਦਇਆ ਕਮਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਨਾਉਂ ਧਰਾ ਲਿਆ। ਸਤਿਗੁਰ ਨਾਉਂ ਹਰਿ ਨਿਰੰਕਾਰ, ਏਕਾ ਸ਼ਬਦ ਜਣਾਈਆ। ਲੋਆਂ ਪੁਰੀਆਂ ਕਰ ਅਕਾਰ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਕਰੋੜ ਤੇਤੀਸਾ ਇਕ ਅਧਾਰ, ਸੁਰਪਤ ਰਾਜਾ ਇੰਦ ਜਗਾਈਆ। ਧਰਤ ਧਵਲ ਦਏ ਸਹਾਰ, ਜਲ ਬਿੰਬ ਆਪ ਟਿਕਾਈਆ। ਇਕ ਅਕੱਲਾ ਏਕੰਕਾਰ, ਆਪਣੀ ਕਲ ਵਰਤਾਈਆ। ਆਦਿ ਨਿਰੰਜਣ ਜੋਤ ਉਜਿਆਰ, ਜੋਤ ਨਿਰੰਜਣ ਵਡ ਵਡਿਆਈਆ। ਲੋਕਮਾਤ ਖੇਲ ਅਪਾਰ, ਹਰਿ ਸਾਚਾ ਆਪ ਕਰਾਈਆ। ਆਦਿ ਜੁਗਾਦੀ ਇਕ ਅਵਤਾਰ, ਏਕਾ ਗੁਰ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਅਲਖ ਜਗਾਈਆ। ਸਤਿਗੁਰ ਪੂਰਾ ਪਾਰਬ੍ਰਹਮ ਹਰਿ, ਹਰੀ ਹਰਿ ਰੂਪ ਵਟਾਇੰਦਾ। ਆਪੇ ਕਰਨੀ ਆਪੇ ਕਰ, ਆਪੇ ਵੇਖ ਵਖਾਇੰਦਾ। ਆਪਣੀ ਧਰਨੀ ਆਪੇ ਧਰ, ਆਪੇ ਧਵਲ ਸੁਹਾਇੰਦਾ। ਆਪਣੀ ਤਰਨੀ ਆਪੇ ਤਰ, ਤਾਰਨਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣੀ ਬਣਤ ਬਣਾਇੰਦਾ। ਸਤਿਗੁਰ ਪੂਰਾ ਬਣਤ ਬਣਾਏ, ਆਪਣੇ ਹੱਥ ਰੱਖੇ ਵਡਿਆਈਆ। ਦੂਸਰ ਕੋਈ ਭੇਵ ਨਾ ਪਾਏ, ਕੋਟਨ ਕੋਟ ਬ੍ਰਹਮਾ ਬੈਠੇ ਸੀਸ ਨਿਵਾਈਆ। ਅਲਖ ਅਲਖਣਾ ਲੇਖ ਲਿਖਾਏ, ਵਿਸ਼ਨੂੰ ਵੰਸਾ ਸੰਗ ਰਖਾਈਆ। ਬਾਸ਼ਕ ਤਸ਼ਕਾ ਗਲ ਲਟਕਾਏ, ਸ਼ਿਵ ਸ਼ੰਕਰ ਮੇਲ ਮਿਲਾਈਆ। ਥਿਰ ਘਰ ਬੈਠਾ ਬੇਪਰਵਾਹੇ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਵੇਦ ਕਤੇਬ ਕੋਈ ਭੇਵ ਨਾ ਪਾਏ, ਹਰਿ ਸਾਚੀ ਵਡ ਵਡਿਆਈਆ। ਆਦਿ ਪੁਰਖ ਨਿਰੰਜਣ ਆਦਿ ਜੁਗਾਦੀ ਖੇਲ ਖਿਲਾਏ, ਆਦਿ ਸ਼ਕਤ ਰੰਗ ਵਟਾਈਆ। ਰੂਪ ਰੰਗ ਨਾ ਰੇਖ ਵਖਾਏ, ਅਨਭਵ ਪਰਕਾਸ਼ ਸਮਾਈਆ । ਜੂਨੀ ਰਹਿਤ ਆਪ ਹੋ ਜਾਏ, ਅਕਾਲ ਮੂਰਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਵੇਸ ਵਟਾਈਆ। ਸਤਿਗੁਰ ਪੂਰਾ ਇਕ ਇਕੱਲਾ, ਏਕਾ ਘਰ ਸੁਹਾਇੰਦਾ। ਥਿਰ ਘਰ ਵੇਖੇ ਸਚ ਮਹੱਲਾ, ਸਚ ਸਿੰਘਾਸਣ ਇਕ ਰਖਾਇੰਦਾ। ਨਿਰਗੁਣ ਦੀਪਕ ਜੋਤੀ ਏਕਾ ਬੱਲਾ, ਇਕ ਪਰਕਾਸ਼ ਕਰਾਇੰਦਾ। ਸ਼ਬਦ ਅਨਾਦੀ ਗਾਏ ਢੋਲਾ, ਆਪ ਆਪਣਾ ਆਪ ਸੁਣਾਇੰਦਾ। ਧੁਰਦਰਗਾਹੀ ਸਾਚਾ ਤੋਲਾ, ਨਾਮ ਖੰਡਾ ਹੱਥ ਉਠਾਇੰਦਾ। ਆਦਿ ਅੰਤ ਹਰਿ ਅਡੋਲਾ, ਏਕਾ ਧਾਮ ਵਖਾਇੰਦਾ। ਆਪਣੀ ਸ਼ਕਤੀ ਆਪੇ ਮੌਲਾ, ਪਰਵਰਦਿਗਾਰ ਨਾਉਂ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਦਰ ਸੁਹਾਇੰਦਾ। ਸਤਿਗੁਰ ਪੂਰਾ ਸੁਹਾਏ ਦਰ, ਦਰ ਸਾਚਾ ਇਕ ਸੁਹਾਈਆ। ਥਿਰ ਘਰ ਵਸੇਰਾ ਏਕਾ ਘਰ, ਛੱਪਰ ਛੰਨ ਨਾ ਕੋਇ ਬਣਾਈਆ। ਨਾ ਕੋਈ ਵਸੇ ਚਾਰ ਦੀਵਾਰ, ਨਾ ਕੋਈ ਬਾਢੀ ਵੇਖ ਵਖਾਈਆ। ਨਾ ਕੋਈ ਦਿਸੇ ਨਾਰੀ ਨਰ, ਪੰਜ ਤੱਤ ਨਾ ਕੋਇ ਕੁੜਮਾਈਆ। ਪਾਰਬ੍ਰਹਮ ਬੇਪਰਵਾਹ ਨਿਰਗੁਣ ਜੋਤੀ ਬੈਠਾ ਧਰ, ਅੱਠੇ ਪਹਿਰ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਪੁਰਖ ਅਬਿਨਾਸ਼ੀ ਕਰਤਾ ਘਰ ਸਾਚਾ ਇਕ ਸੁਹਾਈਆ। ਸਤਿਗੁਰ ਪੂਰਾ ਸੁਹਾਏ ਦਰ ਦਰਵਾਜ਼ਾ, ਏਕਾ ਬੰਕ ਦਵਾਰਿਆ। ਬੇਪਰਵਾਹ ਗ਼ਰੀਬ ਨਿਵਾਜ਼ਾ, ਬੇਐਬ ਖ਼ੁਦਾ ਪਰਵਰਦਿਗਾਰਿਆ। ਆਪ ਆਪਣਾ ਸਾਜਣ ਸਾਜਾ, ਆਪ ਬਣਿਆ ਮੀਤ ਮੁਰਾਰਿਆ । ਸ਼ਾਹੋ ਭੂਪ ਵਡ ਰਾਜਨ, ਰਾਜਾ ਪਾਰਬ੍ਰਹਮ ਆਪ ਅਖਵਾ ਰਿਹਾ। ਆਪੇ ਜਾਣੇ ਆਪਣਾ ਕਾਜਾ, ਜੁਗ ਜੁਗ ਵੇਸ ਵਟਾ ਰਿਹਾ। ਲੱਖ ਚੁਰਾਸੀ ਚਲਾਏ ਜਹਾਜ਼ਾ, ਲੋਕਮਾਤ ਆਪ ਧਰਾ ਰਿਹਾ। ਜਨ ਭਗਤਾਂ ਮਾਰੇ ਅਗੰਮੀ ਵਾਜਾ, ਸ਼ਬਦ ਸੁਨੇਹੜਾ ਇਕ ਘਲਾ ਰਿਹਾ। ਅਸਵ ਘੋੜਾ ਰੱਖੇ ਤਾਜਾ, ਸੋਲਾਂ ਕਲੀਆਂ ਆਸਣ ਪਾ ਰਿਹਾ। ਲੋਆਂ ਪੁਰੀਆਂ ਫਿਰੇ ਭਾਜਾ, ਆਪ ਆਪਣੀ ਸੇਵ ਕਮਾ ਰਿਹਾ। ਗੁਰਸਿਖ ਰੱਖਣਹਾਰਾ ਲਾਜਾ, ਲਾਜਾਵੰਤ ਵੇਸ ਵਟਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਚ ਸਰ, ਸਚ ਸਰੋਵਰ ਇਕ ਸੁਹਾ ਲਿਆ। ਸਰ ਸਰੋਵਰ ਸਾਚਾ ਸਰ, ਗੁਰ ਸਤਿਗੁਰ ਚਰਨ ਦਵਾਰਿਆ। ਪੁਰਖ ਅਬਿਨਾਸ਼ੀ ਭੰਡਾਰਾ ਦਿਤਾ ਭਰ, ਜੁੁਗ ਜੁਗ ਬਣੇ ਆਪ ਵਰਤਾਰਿਆ। ਸੰਤ ਸੁਹੇਲੇ ਸਾਚੀ ਤਰਨੀ ਗਏ ਤਰ, ਮਨਮੁਖ ਡੁੱਬੇ ਅਧਵਿਚਕਾਰਿਆ। ਆਪਣੀ ਕਰਨੀ ਆਪੇ ਕਰ, ਆਪੇ ਪਾਵੇ ਸਾਰਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਰੰਗ ਰੰਗਾ ਲਿਆ। ਸਤਿਗੁਰ ਪੂਰਾ ਰੰਗੇ ਰੰਗ, ਗੁਰ ਸਤਿਗੁਰ ਹੱਥ ਵਡਿਆਈਆ। ਸਾਚੇ ਬੈਠਾ ਇਕ ਪਲੰਘ, ਸ਼ਬਦ ਸਿੰਘਾਸਣ ਡੇਰਾ ਲਾਈਆ। ਬ੍ਰਹਮਾ ਵਿਸ਼ਨ ਸ਼ਿਵ ਰਹੇ ਮੰਗ, ਦੋਏ ਜੋੜ ਸੀਸ ਝੁਕਾਈਆ। ਭਗਤਨ ਮੇਲਾ ਅੰਗੀ ਅੰਗ, ਅੰਗੀ ਕਾਰ ਆਪ ਸਮਾਈਆ। ਸ਼ਬਦ ਡੋਰੀ ਨਾਮ ਪਤੰਗ, ਹਰਿ ਸੱਜਣ ਰਿਹਾ ਉਡਾਈਆ। ਦਰ ਦਰਵਾਜ਼ਾ ਆਪੇ ਲੰਘ, ਸੰਤ ਸੁਹੇਲਾ ਲਏ ਉਠਾਈਆ। ਲਹਿਣਾ ਦੇਣਾ ਚੁਕਾਏ ਕਾਇਆ ਮਾਟੀ ਕਾਚੀ ਵੰਗ, ਭਾਂਡਾ ਭਰਮ ਭੰਨਾਈਆ। ਅਨਹਦ ਸ਼ਬਦ ਵਜਾਏ ਸੱਚਾ ਮਰਦੰਗ, ਤਾਲ ਤਲਵਾੜਾ ਆਪ ਖੜਕਾਈਆ। ਅੰਮ੍ਰਿਤ ਆਤਮ ਸਚ ਸਰੋਵਰ ਦੇਵੇ ਸਾਚੀ ਗੰਗ, ਦੁਰਮਤ ਮੈਲ ਗਵਾਈਆ। ਸਦਾ ਸੁਹੇਲਾ ਵਸੇ ਸੰਗ, ਸਤਿਗੁਰ ਪੂਰੇ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਕਰਤਾ ਵੇਸ ਵਟਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਸਤਿਗੁਰ ਨਾਮ ਧਰਾਇਆ। ਲੋਕਮਾਤ ਲੈ ਅਵਤਾਰਾ, ਆਪ ਆਪਣਾ ਬਿਰਧ ਰਖਾਇਆ। ਜੀਵਾਂ ਜੰਤਾਂ ਦਏ ਸਹਾਰਾ, ਸਾਚਾ ਮੰਤਰ ਨਾਮ ਦ੍ਰਿੜਾਇਆ। ਇਕ ਵਖਾਏ ਹਰਿ ਦਵਾਰਾ, ਦੂਜਾ ਦਰ ਨਾ ਕੋਇ ਸੁਹਾਇਆ। ਸਤਿ ਸੰਤੋਖ ਸਚ ਭਰ ਭੰਡਾਰਾ, ਸਚ ਸਮਗਰੀ ਸੰਗ ਰਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਖੇਲ ਕਰ, ਜੁਗ ਜੁਗ ਆਪਣੀ ਕਿਰਤ ਕਰਾਇਆ। ਜੁਗ ਜੁਗ ਕਾਰ ਹਰਿ ਕਰੰਦੜਾ, ਪਰਮ ਪੁਰਖ ਕਰਤਾਰ। ਸਤਿਗੁਰ ਪੂਰਾ ਆਪ ਅਖਵੰਦੜਾ, ਨਿਰਗੁਣ ਸਰਗੁਣ ਮੇਲ ਕੰਤ ਭਤਾਰ। ਲੋਕਮਾਤ ਵੇਸ ਵਟੰਦੜਾ, ਪੰਜ ਤੱਤ ਨਾ ਕਰ ਪਿਆਰ। ਧੁਰਦਰਗਾਹੀ ਸ਼ਬਦ ਇਕ ਸੁਨੰਦੜਾ, ਆਪ ਆਪਣਾ ਕਰ ਉਜਿਆਰ। ਹਰਿਜਨ ਸਾਚੇ ਵੇਖ ਵਖੰਦੜਾ, ਅੰਦਰ ਮੰਦਰ ਖੋਲ੍ਹ ਕਿਵਾੜ। ਆਪ ਆਪਣਾ ਭੇਵ ਖੁਲ੍ਹੰਦੜਾ, ਲੇਖ ਚੁਕਾਏ ਨੌ ਦਵਾਰ। ਬਜਰ ਕਪਾਟੀ ਤੋੜ ਤੁੜੰਦੜਾ, ਮਾਰ ਸ਼ਬਦ ਤੇਜ਼ ਕਟਾਰ। ਦਸਮ ਦਵਾਰੀ ਮੇਲ ਮਲੰਦੜਾ, ਏਕਾ ਦੂਜਾ ਭੌ ਨਵਾਰ। ਤੀਜਾ ਨੇਤਰ ਇਕ ਖੁਲ੍ਹੰਦੜਾ, ਨਿਰਗੁਣ ਨੂਰ ਕਰੇ ਉਜਿਆਰ। ਆਤਮ ਸੇਜਾ ਸਚ ਸੁਹੰਦੜਾ, ਸੋ ਪੁਰਖ ਨਿਰੰਜਣ ਕਰ ਪਿਆਰ। ਹੰ ਬ੍ਰਹਮ ਇਕ ਵਖੰਦੜਾ, ਪਾਰਬ੍ਰਹਮ ਖੇਲ ਨਿਆਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਦੇਵਣਹਾਰਾ ਵਰ, ਜੁਗ ਜੁਗ ਭੇਖ ਵਟੰਦੜਾ। ਭੇਖ ਵਟਾਏ ਪੁਰਖ ਅਬਿਨਾਸ਼ਾ, ਹਰਿ ਹਰਿ ਵੱਡੀ ਵਡਿਆਈਆ। ਖੇਲੇ ਖੇਲ ਜਗਤ ਤਮਾਸ਼ਾ, ਖ਼ਾਲਕ ਖ਼ਲਕ ਭੇਵ ਨਾ ਰਾਈਆ। ਮੰਡਲ ਮੰਡਪ ਪਾਵੇ ਰਾਸਾ, ਚੌਦਾਂ ਲੋਕ ਵੇਖ ਵਖਾਈਆ। ਚੌਦਾਂ ਤਬਕਾਂ ਪੂਰਨ ਆਸਾ, ਪੂਰਾ ਰਿਹਾ ਕਰਾਈਆ। ਵੇਖਣਹਾਰਾ ਅਕਾਸ਼ ਅਕਾਸ਼ਾ, ਅਕਾਸ਼ ਭੇਵ ਨਾ ਰਾਈਆ। ਜਨ ਭਗਤਾਂ ਕਰੇ ਪੂਰੀ ਆਸਾ, ਨਿਤ ਨਵਿਤ ਵੇਖ ਵਖਾਈਆ। ਸੰਤ ਸੁਹੇਲਾ ਦਾਸੀ ਦਾਸਾ, ਸੇਵਕ ਸੇਵ ਕਮਾਈਆ। ਜੋ ਜਨ ਰਹੇ ਦਰਸ ਪਿਆਸਾ, ਕਰ ਕਿਰਪਾ ਦਰਸ ਦਿਖਾਈਆ। ਨਿਝ ਘਰ ਆਤਮ ਰੱਖੇ ਵਾਸਾ, ਆਪ ਆਪਣਾ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਬਣਤ ਬਣਾਈਆ। ਜੁਗ ਜੁਗ ਆਪਣੀ ਬਣਤ ਬਣਾ, ਆਪਣਾ ਰੰਗ ਰੰਗਾਇਆ। ਸਤਿਜੁਗ ਸਾਚਾ ਵੇਖ ਵਖਾ, ਤ੍ਰੇਤਾ ਪਾਰ ਕਰਾਇਆ। ਦੁਆਪਰ ਤੇਰੇ ਅੰਕ ਸਮਾ, ਆਪਣੇ ਅੰਗ ਲਗਾਇਆ। ਕਲਜੁਗ ਲੋਕਮਾਤ ਧਰਾ, ਸਾਚੀ ਸੇਵਾ ਲਾਇਆ। ਧੁਰ ਫ਼ਰਮਾਣਾ ਆਪ ਜਣਾ, ਆਪਣੇ ਭਾਣੇ ਆਪ ਸਮਾਇਆ। ਸਾਚਾ ਰਾਣਾ ਆਪ ਅਖਵਾ, ਸਾਚਾ ਤਾਜ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਚਲਾਇਆ। ਕਲਜੁਗ ਕੂੜਾ ਬਣ ਸਿਕਦਾਰ, ਲੋਕਮਾਤ ਉਠ ਧਾਇਆ। ਮੰਗੇ ਮੰਗ ਦਰ ਭਿਖਾਰ, ਅੱਗੇ ਆਪਣੀ ਝੋਲੀ ਡਾਹਿਆ। ਪੁਰਖ ਅਬਿਨਾਸ਼ੀ ਕਿਰਪਾ ਧਾਰ, ਦਰ ਘਰ ਦਏ ਸੁਹਾਇਆ। ਜੂਠ ਝੂਠ ਕਰ ਤਿਆਰ, ਹਉਮੇ ਹੰਗਤਾ ਨਾਲ ਰਲਾਇਆ। ਮਾਇਆ ਮਮਤਾ ਦਏ ਅਧਾਰ, ਕਾਮ ਕੋ੍ਰਧ ਲੋਭ ਮੋਹ ਹਲਕਾਇਆ। ਆਸਾ ਤ੍ਰਿਸਨਾ ਤਨ ਸ਼ੰਗਾਰ, ਕੂੜਾ ਗਹਿਣਾ ਤਨ ਪਹਿਨਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਦੇਵਣਹਾਰਾ ਵਰ, ਆਪੇ ਮੇਟ ਮਿਟਾਇਆ। ਦਰ ਘਰ ਸਾਚਾ ਹਰਿ ਦਰ ਪਾ, ਆਪਣੀ ਅਲਖ ਜਗਾਇੰਦਾ। ਰਾਜ ਰਾਜਾਨਾ ਦਏ ਭੁਲਾ, ਸ਼ਾਹ ਸੁਲਤਾਨ ਭਰਮ ਵਖਾਇੰਦਾ। ਆਤਮ ਗਿਆਨ ਨਾ ਸਕੇ ਕੋਈ ਜਣਾ, ਆਤਮ ਅੰਤਰ ਬੰਦ ਵਖਾਇੰਦਾ। ਧੁਨ ਅਨਾਦੀ ਨਾ ਸਕੇ ਕੋਈ ਵਜਾ, ਅਠਸਠ ਤਾਲ ਨਾ ਕੋਈ ਰਖਾਇੰਦਾ। ਸ੍ਰਿਸ਼ਟ ਸਬਾਈ ਰਿਹਾ ਭੁਲਾ, ਆਪਣਾ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਵਰ ਸਾਚਾ ਝੋਲੀ ਪਾਇੰਦਾ। ਦਰ ਘਰ ਸਾਚਾ ਹਰਿ ਅਪਣਾ, ਆਪਣਾ ਕਰਮ ਕਮਾਇੰਦਾ। ਈਸਾ ਮੂਸਾ ਸੰਗ ਰਲਾ, ਆਪ ਆਪਣੀ ਰਚਨ ਰਚਾਇੰਦਾ। ਚਾਰ ਯਾਰ ਮੁਹੰਮਦੀ ਅਪਣਾ, ਆਪ ਆਪਣੀ ਚਾਲ ਚਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਆਪ ਆਪਣਾ ਖੇਲ ਖਿਲਾਇੰਦਾ। ਚਾਰ ਯਾਰੀ ਬੱਧਾ ਨਾਤਾ, ਹਰਿ ਸਾਚੀ ਰਚਨ ਰਚਾਈਆ। ਸਤਿਗੁਰ ਨਾਨਕ ਪੁਰਖ ਬਿਧਾਤਾ, ਆਪਣਾ ਰੂਪ ਵਟਾਈਆ। ਚਾਰ ਵਰਨਾਂ ਦੇਵੇ ਇਕ ਗਿਆਤਾ, ਏਕਾ ਕਰੇ ਪੜ੍ਹਾਈਆ। ਸਤਿ ਨਾਮ ਅੰਮ੍ਰਿਤ ਬੂੰਦ ਸਵਾਂਤਾ, ਹਰਿਜਨ ਮੁਖ ਚੁਆਈਆ। ਦਰਸ ਦਿਖਾਏ ਇਕ ਇਕਾਂਤਾ, ਆਪ ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਕਰੇ ਖੇਲ ਬਹੁ ਬਹੁ ਭਾਂਤਾ, ਭੇਵ ਕੋਈ ਨਾ ਪਾਈਆ। ਕਲਜੁਗ ਵੇਖੇ ਰੈਣ ਅੰਧੇਰੀ ਰਾਤਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜੋਤ ਡਗਮਗਾਈਆ। ਨਾਨਕ ਜੋਤ ਹਰਿ ਨਿਰੰਕਾਰ, ਨਿਰਗੁਣ ਵੇਸ ਵਟਾਇਆ। ਆਪ ਆਪਣਾ ਕਰ ਪਿਆਰ, ਆਪ ਆਪਣਾ ਦਰ ਸੁਹਾਇਆ। ਆਪੇ ਪਾਵਣਹਾਰਾ ਸਾਰ, ਆਪੇ ਬੈਠਾ ਮੁਖ ਛੁਪਾਇਆ। ਸਰਬ ਜੀਆਂ ਦਾ ਸਾਝਾਂ ਯਾਰ, ਲੋਕਮਾਤ ਵੇਖ ਵਖਾਇਆ। ਚਾਰ ਵਰਨਾਂ ਏਕਾ ਧਾਰ, ਊਚ ਨੀਚ ਨਾ ਕੋਈ ਜਣਾਇਆ। ਰਾਓ ਰੰਕ ਸੋਹਿਣ ਦਰਬਾਰ, ਦਰ ਦਰਬਾਰਾ ਇਕ ਬਣਾਇਆ। ਏਕਾ ਜੋਤੀ ਦਸ ਅਵਤਾਰ, ਗੋਬਿੰਦ ਗੁਰ ਮੇਲ ਮਿਲਾਇਆ। ਗੋਬਿੰਦ ਲੇਖਾ ਅਪਰ ਅਪਾਰ, ਨਾ ਕੋਈ ਸਕੇ ਮੇਟ ਮਿਟਾਇਆ। ਸੁੱਤ ਦੁਲਾਰਾ ਖ਼ਬਰਦਾਰ, ਹਰਿ ਸਾਚੇ ਆਪ ਕਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਵੇਖਣਹਾਰਾ ਸਾਚਾ ਦਰ, ਦਰ ਦਰਵੇਸਾ ਫੇਰੀ ਪਾਇਆ। ਦਰ ਦਰਵੇਸਾ ਗੁਰ ਗੋਬਿੰਦ, ਸਾਚੀ ਅਲਖ ਜਗਾਇੰਦਾ। ਖੇਲੇ ਖੇਲ ਭਾਰਤ ਖੰਡ, ਭਾਂਡਾ ਭਰਮ ਭੰਨਾਇੰਦਾ। ਸਰਬ ਜੀਆਂ ਸਦਾ ਬਖ਼ਸ਼ਿੰਦ, ਜੀਆ ਦਾਨਾ ਨਾਮ ਧਰਾਇੰਦਾ। ਆਪ ਉਪਜਾਏ ਆਪਣੀ ਬਿੰਦ, ਆਪਣਾ ਨਾਉਂ ਰਖਾਇੰਦਾ। ਗਹਿਰ ਗੰਭੀਰ ਸਾਗਰ ਸਿੰਧ, ਭੇਵ ਕੋਈ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰਮ ਕਮਾਇੰਦਾ। ਗੋਬਿੰਦ ਸੂਰਾ ਸਾਚਾ ਮੀਤਾ, ਸਰਬ ਜੀਆਂ ਸੁਖਦਾਈਆ। ਵਰਨਾਂ ਬਰਨਾਂ ਊਚਾਂ ਨੀਚਾਂ ਏਕਾ ਕੀਤਾ, ਏਕਾ ਅੰਮ੍ਰਿਤ ਜਾਮ ਪਿਆਈਆ। ਆਪੇ ਹੋਇਆ ਠੰਡਾ ਸੀਤਾ, ਗੁਰਮੁਖਾਂ ਸਾਂਤਕ ਸਤਿ ਵਰਤਾਈਆ। ਕਰੇ ਖੇਲ ਪਤਤ ਪੁਨੀਤਾ, ਪਤਤ ਪਾਵਣ ਭੇਵ ਨਾ ਰਾਈਆ। ਨਾ ਮਰਿਆ ਨਾ ਕਦੇ ਜੀਤਾ, ਜਨਮ ਮਰਨ ਵਿਚ ਨਾ ਆਈਆ। ਗੁਰ ਗੋਬਿੰਦ ਵਸਿਆ ਧਾਮ ਅਨਡੀਠਾ, ਸਚਖੰਡ ਦਵਾਰ ਇਕ ਸੁਹਾਈਆ। ਤ੍ਰੈਗੁਣ ਮਾਇਆ ਕਲਜੁਗ ਤਪਦਾ ਰਹੇ ਅੰਗੀਠਾ, ਪੰਜ ਤੱਤ ਅਗਨੀ ਲਾਈਆ। ਗੁਰਮੁਖਾਂ ਵਖਾਏ ਭਾਣਾ ਮੀਠਾ, ਜੋ ਸਰਸੇ ਸੇਵ ਕਮਾਈਆ। ਆਦਿਨ ਅੰਤਾ ਵਸਿਆ ਚੀਤਾ, ਵਿਸਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦੇਵਣਹਾਰਾ ਸਾਚਾ ਵਰ, ਗੋਬਿੰਦ ਗੋਬਿੰਦ ਸੰਗ ਅਖਵਾਈਆ। ਗੋਬਿੰਦ ਸਿੰਘ ਸਿੰਘ ਸੂਰਬੀਰ, ਹਰਿ ਸਾਚੇ ਆਪ ਬਣਾਇਆ। ਸ਼ਬਦ ਨਿਰਾਲਾ ਦਿਤਾ ਤੀਰ, ਹੱਥ ਸਾਚੇ ਆਪ ਫੜਾਇਆ। ਦੋ ਜਹਾਨਾ ਪੈਂਡਾ ਚੀਰ, ਏਕਾ ਧਾਰ ਬੰਧਾਇਆ। ਆਪੇ ਚੋਟੀ ਚੜ੍ਹਿਆ ਅਖ਼ੀਰ, ਦਿਸ ਕਿਸੇ ਨਾ ਆਇਆ। ਪਰਗਟ ਜੋਧਾ ਪੀਰਨ ਪੀਰ, ਪੀਰ ਪੀਰਾਂ ਹੋਏ ਸਹਾਇਆ। ਆਪੇ ਬਖ਼ਸ਼ੇ ਆਪਣਾ ਸੀਰ, ਨੀਰ ਸੀਰ ਸ਼ਬਦ ਸਮਾਇਆ। ਦੂਈ ਦਵੈਤੀ ਪੜਦਾ ਚੀਰ, ਗੁਰਸਿਖ ਏਕਾ ਰੰਗ ਰੰਗਾਇਆ। ਚਰਨ ਕਵਲ ਦਵਾਰਾ ਬਖ਼ਸ਼ੀ ਧੀਰ, ਪੁਰੀ ਅਨੰਦ ਸੁਹਾਇਆ। ਹਉਮੇ ਹੰਗਤਾ ਕੱਢੀ ਪੀੜ, ਚਾਰ ਵਰਨ ਭੈਣਾਂ ਭਾਈ ਆਪ ਜਣਾਇਆ। ਬ੍ਰਹਿਮਣ ਛੱਤਰੀ ਸ਼ੂਦਰ ਵੈਸ਼ ਨਾ ਕੋਇ ਲਕੀਰ, ਏਕਾ ਦਰ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਦੇਵਣਹਾਰਾ ਵਰ, ਕਲਜੁਗ ਅੰਤਮ ਵੇਖ ਵਖਾਇਆ। ਗੋਬਿੰਦ ਗੁਰ ਵਡ ਬਲਕਾਰਾ, ਨਾਮ ਕਟਾਰਾ ਹੱਥ ਉਠਾਇੰਦਾ। ਪੰਚਮ ਮੀਤਾ ਪੰਚ ਪਿਆਰਾ, ਪੰਚਮ ਮੋਹ ਚੁਕਾਇੰਦਾ। ਪੰਚਮ ਕਰੇ ਤਨ ਸ਼ਿੰਗਾਰਾ, ਪੰਚਮ ਸੰਗ ਰਖਾਇੰਦਾ। ਪੰਚਮ ਦੇਵੇ ਇਕ ਅਧਾਰਾ, ਪੰਚਮ ਜੋੜ ਜੁੜਾਇੰਦਾ। ਪੰਚਮ ਕਰੇ ਦਰ ਭਿਖਾਰਾ, ਪੰਚਮ ਦਰ ਦੁਰਕਾਇੰਦਾ। ਪੰਚਮ ਭਰ ਨਾਮ ਭੰਡਾਰਾ, ਪੰਚਮ ਹਰਿ ਵਰਤਾਇੰਦਾ। ਪੰਚਮ ਗੁਰ ਬਣ ਲਿਖਾਰਾ, ਗੁਰੂ ਗ੍ਰੰਥ ਸੁਹਾਇੰਦਾ। ਏਕਾ ਗੁਰੂ ਜਗਤ ਜ਼ਾਹਰਾ, ਦੂਸਰ ਕੋਇ ਨਜ਼ਰ ਨਾ ਆਇੰਦਾ। ਏਕਾ ਜੋਤੀ ਦਸ ਅਵਤਾਰਾ, ਗੁਰੂ ਗ੍ਰੰਥ ਵਿਚ ਸਮਾਇੰਦਾ। ਪੜ੍ਹੇ ਸ਼ਬਦ ਪਾਵੇ ਸਾਰਾ, ਸੋ ਜਨ ਮੋਹੇ ਭਾਇੰਦਾ। ਖੋਜਤ ਖੋਜਤ ਕਰੇ ਪਿਆਰਾ, ਮਾਇਆ ਮੋਹ ਚੁਕਾਇੰਦਾ। ਬੋਲਤ ਬੋਲਤ ਵਧੇ ਵਿਕਾਰਾ, ਸਤਿਗੁਰ ਪੂਰੇ ਮੂਲ ਨਾ ਭਾਇੰਦਾ। ਕਾਇਆ ਗੋਲਕ ਕਰ ਤਿਆਰਾ, ਨਾਮ ਖ਼ਜਾਨਾ ਵਿਚ ਟਿਕਾਇੰਦਾ। ਪੰਥ ਅਮੋਲਕ ਕਰ ਤਿਆਰਾ, ਸਾਚੀ ਸਿਖਿਆ ਇਹ ਸਮਝਾਇੰਦਾ। ਅਕਾਲ ਪੁਰਖ ਪ੍ਰਭ ਭੇਵ ਨਿਆਰਾ, ਭੇਵ ਕੋਇ ਨਾ ਪਾਇੰਦਾ। ਅਗੰਮ ਅਗੰਮੜਾ ਕਰੇ ਅਗੰਮੜੀ ਕਾਰਾ, ਲੇਖਾ ਲਿਖਤ ਨਾ ਕੋਇ ਲਿਖਾਇੰਦਾ। ਵਸੇ ਸਦਾ ਧਾਮ ਨਿਆਰਾ, ਧਾਮ ਅਵੱਲੜਾ ਇਕ ਸੁਹਾਇੰਦਾ। ਜੋਤੀ ਜਗੇ ਅਗੰਮ ਅਪਾਰਾ, ਏਕ ਨੂਰ ਦਰਸਾਇੰਦਾ। ਪਿਤਾ ਪੂਤ ਪੂਤ ਪਿਤ ਮੇਲ ਸਚ ਦਵਾਰਾ, ਘਰ ਸਾਚਾ ਮੋਹੇ ਭਾਇੰਦਾ। ਏਕਾ ਰੰਗ ਰਵੇ ਨਿਰੰਕਾਰਾ, ਦੂਸਰ ਰੰਗ ਨਾ ਕੋਇ ਰੰਗਾਇੰਦਾ। ਆਦਿ ਜੁਗਾਦਿ ਜੁਗ ਜੁਗ ਆਪੇ ਬੰਨ੍ਹੇ ਧਾਰਾ, ਆਪਣੀ ਧਾਰਾ ਆਪ ਚਲਾਇੰਦਾ। ਲੱਖ ਚੁਰਾਸੀ ਕਰ ਤਿਆਰਾ, ਅਪ ਤੇਜ਼ ਵਾਏ ਪ੍ਰਿਥਮੀ ਅਕਾਸ਼ ਜੋੜ ਜੁੜਾਇੰਦਾ। ਮਨ ਮਤ ਬੁਧ ਦਏ ਅਧਾਰਾ, ਨਿਰਗੁਣ ਤੱਤ ਵਖਾਇੰਦਾ। ਘਰ ਵਿਚ ਘਰ ਕਰ ਉਜਿਆਰਾ, ਆਪ ਆਪਣਾ ਚਲਤ ਚਲਾਇੰਦਾ। ਬ੍ਰਹਮ ਬ੍ਰਹਮ ਕਰ ਪਸਾਰਾ, ਪਾਰਬ੍ਰਹਮ ਭੇਵ ਰਖਾਇੰਦਾ। ਮਰੇ ਨਾ ਪਏ ਜੰਮ, ਆਵਣ ਜਾਵਣ ਪਤਤ ਪਾਵਨ ਕਰਮ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਕਲਜੁਗ ਤੇਰਾ ਲੇਖ ਚੁਕਾਇੰਦਾ। ਕਲਜੁਗ ਤੇਰਾ ਲੇਖ ਚੁਕੌਣਾ, ਸਤਿਗੁਰ ਪੂਰੇ ਲੇਖ ਲਿਖਾਇਆ। ਆਦਿ ਜੁਗਾਦੀ ਇਕ ਅਖਵੌਣਾ, ਏਕਾ ਨਾਮ ਧਰਾਇਆ। ਵੇਸ ਅਨੇਕਾ ਆਪ ਕਰੌਣਾ, ਜੋਤੀ ਸ਼ਬਦੀ ਜੋੜ ਜੁੜਾਇਆ। ਡੰਕ ਅਨਾਦੀ ਇਕ ਵਜੌਣਾ, ਨਾਮ ਤਰਾਨਾ ਇਕ ਸੁਣਾਇਆ। ਗੁਰ ਗੋਬਿੰਦ ਤੇਰਾ ਭੇਵ ਖੁਲ੍ਹੌਣਾ, ਕਲਜੁਗ ਅੰਤਮ ਦਏ ਸੁਹਾਇਆ। ਸੰਬਲ ਨਗਰੀ ਡੇਰਾ ਲੌਣਾ, ਸਾਢੇ ਤਿੰਨ ਹੱਥ ਰਚਨ ਰਚਾਇਆ। ਪੂਤ ਸਪੂਤਾ ਆਪ ਉਠੌਣਾ, ਬ੍ਰਹਿਮਣ ਗੌੜਾ, ਵੇਸ ਵਟਾਇਆ। ਉਚੇ ਟਿੱਲੇ ਪਰਬਤ ਫੋਲ ਫੁਲੌਣਾ, ਡੂੰਘੀ ਕੰਦਰ ਭੇਵ ਨਾ ਰਾਇਆ। ਜਲਾਂ ਥਲਾਂ ਆਪ ਸਮੌਣਾ, ਘਟ ਘਟ ਆਪਣਾ ਆਪ ਵਖਾਇਆ। ਆਪਣਾ ਕੀਤਾ ਆਪ ਪਾਉਣਾ, ਨਾ ਕੋਈ ਦੂਸਰ ਵੇਖ ਵਖਾਇਆ। ਧਰੂ ਪ੍ਰਹਿਲਾਦ ਲੇਖ ਚੁਕੌਣਾ, ਪੂਰਬ ਲਹਿਣਾ ਝੋਲੀ ਪਾਇਆ। ਬ੍ਰਹਮਾ ਵੇਤਾ ਜੋਤ ਸਮੌਣਾ, ਜੋਤੀ ਜੋਤ ਟਿਕਾਇਆ। ਵਿਸ਼ਨੂੰ ਵੰਸੀ ਸੇਵ ਕਮੌਣਾ, ਆਪ ਆਪਣੀ ਸੇਵਾ ਲਾਇਆ। ਸ਼ਿਵ ਸ਼ੰਕਰ ਤੇਰਾ ਦਰ ਸੁਹੌਣਾ, ਗੁਰਮੁਖ ਸਾਜਣ ਮੇਲ ਮਿਲਾਇਆ। ਸੁਰਪਤ ਤੇਰਾ ਰੰਗ ਰੰਗੌਣਾ, ਛੋਟਾ ਬਾਲਾ ਲਏ ਉਠਾਇਆ। ਸੱਤ ਰੰਗ ਨਿਸ਼ਾਨਾ ਆਪ ਝੁਲੌਣਾ, ਸੱਤਾਂ ਦੀਪਾਂ ਵੇਖ ਵਖੌਣਾ, ਪੁਸ਼ਕਰ ਕਰੌਚ ਆਪ ਉਠੌਣਾ, ਲੱਖਣ ਵੇਖ ਵਖਾਈਆ। ਜੰਬੂ ਦੀਪ ਖੇਲ ਖਲੌਣਾ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਲਮਲ ਤੇਰਾ ਭਾਰ ਵੰਡੌਣਾ, ਸਾਨ ਖ਼ਾਕੀ ਖ਼ਾਕ ਸਮਾਈਆ। ਕੁਸ਼ਾ ਤੇਰਾ ਲੇਖ ਲਿਖ਼ੌਣਾ, ਭੁੱਲ ਰਹੇ ਨਾ ਰਾਈਆ। ਗੋਬਿੰਦ ਸੂਰਾ ਲੋਕਮਾਤ ਵੇਖ ਵਖੌਣਾ, ਆਪ ਆਪਣਾ ਲਏ ਉਪਜਾਈਆ। ਨੀਲਾ ਨੀਲੀ ਧਾਰੋਂ ਪਾਰ ਕਰੌਣਾ, ਸਾਚਾ ਅਸਵ ਰਿਹਾ ਦੌੜਾਈਆ। ਕਲਗੀ ਤੋੜਾ ਨਾਮ ਚਮਕੌਣਾ, ਸੋ ਪੁਰਖ ਵੱਡੀ ਵਡਿਆਈਆ। ਸਚ ਸਿੰਘਾਸਣ ਆਸਣ ਲੌਣਾ, ਦਿਸ ਕਿਸੇ ਨਾ ਆਈਆ। ਸੰਬਲ ਨਗਰੀ ਮਾਣ ਦਵੌਣਾ, ਤ੍ਰੈਲੋਕ ਵੱਜੇ ਵਧਾਈਆ। ਸ਼ਬਦ ਖੰਡਾ ਹੱਥ ਫੜੌਣਾ, ਲੋਆਂ ਪੁਰੀਆਂ ਆਪ ਫਿਰਾਈਆ। ਲੱਖ ਚੁਰਾਸੀ ਤੇਰਾ ਲਹਿਣਾ ਦੇਣ ਚਕੌਣਾ, ਲੇਖਾ ਰਹੇ ਨਾ ਰਾਈਆ। ਰਾਏ ਧਰਮ ਸੁੱਤਾ ਆਪ ਉਠੌਣਾ, ਸ਼ਬਦ ਹਲੂਣਾ ਆਪ ਲਗਾਈਆ । ਲਾੜੀ ਮੌਤ ਘਰ ਘਰ ਫਿਰੌਣਾ, ਕਲਜੁਗ ਅੰਤਮ ਸਗਨ ਮਨਾਈਆ। ਲਾਲ ਮੈਂਹਦੀ ਰੰਗ ਰੰਗੌਣਾ, ਅਠਾਰਾਂ ਅਠਾਈ ਖ਼ੁਸ਼ੀ ਮਨਾਈਆ। ਮਨਮੁਖ ਜੀਵ ਕੰਤ ਸਰਬ ਬਣੌਣਾ, ਏਕਾ ਘਰ ਹੋਏ ਕੁੜਮਾਈਆ। ਗੁਰਮੁਖ ਵਿਰਲੇ ਸ਼ਬਦ ਅਨਾਦੀ ਗੌਣਾ, ਏਕਾ ਓਟ ਪੁਰਖ ਅਕਾਲ ਰਖਾਈਆ। ਦੀਨ ਇਸਲਾਮ ਵੇਖ ਵਖੌਣਾ, ਪੀਰ ਦਸਤਗੀਰ ਸ਼ਾਹ ਹਕੀਰ ਔਲੀਏ ਸ਼ੇਖ਼ ਮੁਸਾਇਕ ਪੀਰ ਭੇਵ ਨਾ ਰਾਈਆ। ਪੰਡਤ ਪਾਂਧੇ ਭੇਵ ਖਲੌਣਾ, ਜੋਤ ਲਿਲਾਟੀ ਫੋਲ ਫੁਲਾਈਆ। ਗਰੀਬ ਨਿਮਾਣੇ ਗਲੇ ਲਗੌਣਾ, ਦਿਵਸ ਰੈਣ ਰਹੇ ਕੁਰਲਾਈਆ। ਰਾਜਿਆਂ ਰਾਣਿਆਂ ਤਖ਼ਤੋਂ ਲਾਹਉਣਾ, ਸੀਸ ਤਾਜ ਨਾ ਕੋਈ ਟਿਕਾਈਆ। ਜੰਗਲ ਜੂਹ ਉਜਾੜ ਪਹਾੜ ਫਿਰੌਣਾ, ਦਰ ਮੰਗਿਆਂ ਭਿਛ ਨਾ ਪਾਈਆ । ਗੁਰਮੁਖ ਕਾਗੋਂ ਹੰਸ ਬਣੌਣਾ, ਸੋਹੰ ਚੋਗ ਚੁਗਾਈਆ। ਨਾਨਕ ਸਤਿਗੁਰ ਨਾਮ ਵਡਿਔਣਾ, ਜੋ ਰਸਨਾ ਗਿਆ ਗਾਈਆ। ਹੰ ਬ੍ਰਹਮ ਵਿਚ ਸਮੌਣਾ, ਪਾਰਬ੍ਰਹਮ ਸੱਚੀ ਸਰਨਾਈਆ। ਹਿੰਦੂ ਮੁਸਲਮ ਸਿਖ ਈਸਾਈ ਏਕਾ ਧਾਮ ਬਹੌਣਾ, ਚਾਰ ਵਰਨ ਅਠਾਰਾਂ ਵਰਨ ਏਕਾ ਢੋਲਾ ਰਹੇ ਸੁਣਾਈਆ। ਨੌ ਖੰਡ ਪ੍ਰਿਥਮੀ ਏਕੋ ਰੰਗ ਰੰਗੌਣਾ, ਏਕਾ ਹੁਕਮ ਜਣਾਈਆ। ਸਤਿਗੁਰ ਪੂਰਾ ਹਰਿ ਅਖਵਾਉਣਾ, ਸਿਆਸਤ ਵਰਾਸਤ ਨਾ ਕੋਈ ਰਖਾਈਆ। ਆਸਤਕ ਨਾਸਤਕ ਏਕਾ ਧਾਮ ਬਹੌਣਾ, ਏਕਾ ਧੀਰ ਧਰਾਈਆ । ਦੇਵ ਆਤਮ ਦਰਸ ਦਿਖੌਣਾ, ਵਾਸਤਕ ਵਾਸਤਕ ਰੂਪ ਸਮਾਈਆ। ਫਤਿਹ ਡੰਕਾ ਇਕ ਵਜੌਣਾ, ਵਾਹਿਗੁਰੂ ਨਾਮ ਸਹਾਈਆ। ਰਾਮ ਰਾਮਾ ਦਰਸ ਦਿਖੌਣਾ, ਸੀਤਾ ਸੁਰਤੀ ਲਏ ਪਰਨਾਈਆ। ਕਾਹਨਾ ਕ੍ਰਿਸ਼ਨਾ ਮੋਰ ਮੁਕਟ ਸੀਸ ਟਿਕੌਣਾ, ਕਵਲ ਨੈਣ ਲਏ ਮਟਕਾਈਆ। ਐਨਲਹੱਕ ਨਾਅਰਾ ਏਕਾ ਲੌਣਾ, ਅੱਲਾ ਰਾਣੀ ਵੇਖ ਵਖਾਈਆ। ਅੰਤਮ ਧਾਮ ਇਕ ਸੁਹੌਣਾ, ਘਰ ਸਾਚੇ ਵੱਜੇ ਵਧਾਈਆ। ਨਿਹਕਲੰਕ ਪ੍ਰਭ ਨਾਮ ਧਰੌਣਾ, ਮਾਨਸ ਤੱਤ ਨਾ ਕੋਈ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਹਰੀ ਹਰਿ, ਆਪਣੀ ਕਿਰਪਾ ਦੇਵੇ ਕਰ, ਸਤਿਗੁਰ ਪੂਰਾ ਸਹਿਜ ਸੁਭਾਈਆ।
