੨੮ ਮਾਘ ੨੦੧੫ ਬਿਕ੍ਰਮੀ ਪਿੰਡ ਤਾਰਾ ਚੱਕ
ਨਿਰਗੁਣ ਰੂਪ ਭਗਤਨ ਮੀਤਾ, ਆਦਿ ਜੁਗਾਦਿ ਸਮਾਇਆ। ਇਕ ਅਕੱਲਾ ਏਕਉਂਕਾਰਾ ਬੈਠਾ ਰਹੇ ਅਤੀਤਾ, ਆਪ ਆਪਣਾ ਧਾਮ ਸੁਹਾਇਆ। ਜੁਗ ਜੁਗ ਚਲਾਏ ਆਪਣੀ ਰੀਤਾ, ਆਪ ਆਪਣੀ ਧਾਰ ਬੰਧਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰ ਕਰੇ ਰੁਸ਼ਨਾਇਆ। ਭਗਤਨ ਮੀਤਾ ਹਰਿ ਨਿਰੰਕਾਰ, ਏਕਾ ਏਕਉਂਕਾਰਿਆ। ਪਾਰਬ੍ਰਹਮ ਪ੍ਰਭ ਖੇਲ ਅਪਾਰ, ਭੇਵ ਅਭੇਦਾ ਆਪ ਰਖਾ ਲਿਆ। ਨਿਰਗੁਣ ਜੋਤ ਕਰ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਸ਼ਬਦ ਅਨਾਦ ਸੱਚੀ ਧੁਨਕਾਰ, ਕਰਨੀ ਕਰਤਾ ਆਪ ਸੁਣਾ ਰਿਹਾ। ਬ੍ਰਹਿਮੰਡਾਂ ਖੰਡਾਂ ਇਕ ਜੈਕਾਰ, ਲੋਆਂ ਪੁਰੀਆਂ ਨਾਅਰਾ ਲਾ ਲਿਆ। ਏਕਾ ਘਰ ਸੱਚਾ ਦਰਬਾਰ, ਦਰ ਘਰ ਸਾਚਾ ਆਪ ਸੁਹਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਆਪਣਾ ਨਾਉਂ ਉਪਾ ਲਿਆ। ਨਿਰਗੁਣ ਨਾਉਂ ਹਰਿ ਨਿਰੰਕਾਰਾ, ਏਕਾ ਏਕ ਅਖਵਾਇੰਦਾ। ਸਤਿ ਸਰੂਪ ਸੱਚੀ ਸਰਕਾਰਾ, ਘਰ ਸਾਚੇ ਆਪ ਸੁਹਾਇੰਦਾ। ਅਲਖ ਅਗੋਚਰ ਅਗੰਮ ਅਪਾਰਾ, ਅਗਾਧ ਬੋਧ ਅਖਵਾਇੰਦਾ। ਆਦਿ ਜੁਗਾਦਿ ਅਗੰਮੜੀ ਕਾਰਾ, ਲੇਖਾ ਲੇਖ ਨਾ ਕੋਇ ਜਣਾਇੰਦਾ। ਸ਼ਬਦੀ ਸ਼ਬਦ ਭਰ ਭੰਡਾਰਾ, ਹਰਿ ਸਾਚਾ ਆਪ ਵਰਤਾਇੰਦਾ। ਨਿਰਗੁਣ ਰੂਪ ਮੇਲ ਸੰਸਾਰਾ, ਸਰਗੁਣ ਵੇਖ ਵਖਾਇੰਦਾ। ਪਾਰਬ੍ਰਹਮ ਪ੍ਰਭ ਖੇਲ ਨਿਆਰਾ, ਬ੍ਰਹਮ ਬ੍ਰਹਮ ਬ੍ਰਹਮ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਆਪੇ ਕਰ, ਆਪੇ ਵੇਸ ਵਟਾਇੰਦਾ। ਵੇਸ ਵਟਾਏ ਇਕ ਅਕੱਲਾ, ਏਕਾ ਏਕਉਂਕਾਰਿਆ। ਵਸਣਹਾਰਾ ਸਚ ਮਹੱਲਾ, ਲੱਖ ਚੁਰਾਸੀ ਆਪ ਪਸਾਰਿਆ। ਪਾਵੇ ਸਾਰ ਜਲਾਂ ਥਲਾਂ, ਜੰਗਲ ਜੂਹ ਪਹਾੜ ਡੂੰਘੀ ਗਾਰਿਆ। ਆਪਣੇ ਦੀਪਕ ਆਪੇ ਬਲਾ, ਆਪ ਆਪਣਾ ਕਰ ਉਜਿਆਰਿਆ। ਘਟ ਘਟ ਆਸਣ ਆਪੇ ਮੱਲਾ, ਆਪ ਆਪਣਾ ਥਾਨ ਸੁਹਾ ਲਿਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨੂਰੋ ਨੂਰ ਉਪਾ ਲਿਆ। ਨਿਰਗੁਣ ਰੂਪ ਹਰਿ ਹਰਿ ਸੱਜਣ, ਏਕਾ ਏਕ ਅਖਵਾਇੰਦਾ। ਆਪ ਕਰਾਏ ਆਪਣਾ ਮਜਨ, ਹਰਿ ਸੰਤਨ ਵੇਖ ਵਖਾਇੰਦਾ। ਸ਼ਬਦ ਅਨਾਦੀ ਤਾਲ ਵੱਜਣ, ਧੁਨ ਅਨਾਦੀ ਇਕ ਰਖਾਇੰਦਾ। ਆਦਿ ਜੁਗਾਦੀ ਪੜਦੇ ਕੱਜਨ, ਆਪਣਾ ਨਾਉਂ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਏਕਾ ਦਰ, ਏਕਾ ਘਰ ਸੁਹਾਇੰਦਾ। ਸਰਗੁਣ ਮੇਲਾ ਨਿਰਗੁਣ ਧਾਰ, ਜੋਤੀ ਜੋਤ ਰੁਸ਼ਨਾਈਆ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਹਰਿ ਸਾਚਾ ਸਚ ਕਰਾਈਆ। ਅੰਦਰ ਮੰਦਰ ਖੋਲ੍ਹ ਕਿਵਾੜ, ਆਪ ਆਪਣੀ ਬੂਝ ਬੁਝਾਈਆ। ਮੇਟ ਮਿਟਾਏ ਪੰਚਮ ਧਾੜ, ਕੂੜੀ ਕਿਰਿਆ ਦਏ ਮਿਟਾਈਆ। ਧਰਮ ਵਖਾਏ ਇਕ ਅਖਾੜ, ਘਰ ਸਾਚੇ ਵੱਜੇ ਵਧਾਈਆ। ਕਰੇ ਪਰਕਾਸ਼ ਬਹੱਤਰ ਨਾੜ, ਜੋਤ ਨਿਰੰਜਣ ਸੇਵਾ ਲਾਈਆ। ਮੇਟ ਮਿਟਾਏ ਅੰਧ ਅੰਧਿਆਰ, ਆਪ ਆਪਣੀ ਦਇਆ ਕਮਾਈਆ। ਹਰਿਜਨ ਮੀਤਾ ਹਰਿ ਨਿਰੰਕਾਰ, ਨਿਤ ਨਵਿਤ ਵੇਖ ਵਖਾਈਆ। ਅੰਮ੍ਰਿਤ ਦੇਵੇ ਠੰਡੀ ਠਾਰ, ਨਿਝਰ ਝਿਰਨਾ ਆਪ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਮੇਲ ਕਰ, ਏਕਾ ਥਾਨ ਸੁਹਾਈਆ। ਥਾਨ ਥਨੰਤਰ ਹਰਿ ਹਰਿ ਵਸਿਆ, ਆਦਿ ਪੁਰਖ ਅਬਿਨਾਸ਼ਾ। ਜਨ ਭਗਤਾਂ ਮਾਰਗ ਆਪੇ ਦੱਸਿਆ, ਸ੍ਰਿਸ਼ਟ ਸਬਾਈ ਵੇਖੇ ਤਮਾਸ਼ਾ। ਸਾਚੇ ਮੰਦਰ ਬਹਿ ਬਹਿ ਹੱਸਿਆ, ਮੰਡਲ ਮੰਡਪ ਪਾਵੇ ਰਾਸਾ। ਆਪੇ ਹੋਏ ਰੈਣ ਅੰਧੇਰੀ ਮੱਸਿਆ, ਆਪੇ ਨਿਰਗੁਣ ਜੋਤ ਕਰੇ ਪਰਕਾਸ਼ਾ। ਹਰਿ ਘਟ ਘਟ ਆਪੇ ਵਸਿਆ, ਆਪੇ ਲੇਖਾ ਜਾਣੇ ਦਸ ਦਸ ਮਾਸਾ। ਜਨ ਭਗਤਾਂ ਦਵਾਰੇ ਫਿਰੇ ਨੱਸਿਆ, ਪਾਰ ਕਰਾਏ ਪ੍ਰਿਥਮੀ ਅਕਾਸ਼ਾ। ਕੋਟਨ ਕੋਟ ਬ੍ਰਹਿਮੰਡ ਚਰਨਾ ਹੇਠ ਝੱਸਿਆ, ਬ੍ਰਹਮਾ ਸ਼ਿਵ ਦਾਸੀ ਦਾਸਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਮੇਲਾ ਸਰਗੁਣ ਘਰ, ਹਰਿ ਸਾਚੇ ਅੰਦਰ ਵਸਿਆ। ਸਾਚਾ ਮੰਦਰ ਉਚ ਅਟਾਰੀ, ਹਰਿ ਸਾਚਾ ਆਪ ਸੁਹਾਇੰਦਾ। ਨਿਰਗੁਣ ਜੋਤ ਜਗੇ ਨਿਰੰਕਾਰੀ, ਦੀਵਾ ਬਾਤੀ ਨਾ ਕੋਈ ਰਖਾਇੰਦਾ। ਕਮਲਾਪਾਤੀ ਮੀਤ ਮੁਰਾਰੀ, ਆਪ ਆਪਣਾ ਵੇਖ ਵਖਾਇੰਦਾ। ਗਾਵਤ ਗਾਵਤ ਗਾਏ ਸਾਚੀ ਨਾਰੀ, ਨਰ ਨਰਾਇਣ ਨਾਮ ਰਖਾਇੰਦਾ। ਆਦਿ ਨਿਰੰਜਣ ਵਡ ਬਲਕਾਰੀ, ਆਪ ਆਪਣਾ ਬਲ ਧਰਾਇੰਦਾ। ਸ਼ਾਹੋ ਭੂਪ ਸੱਚੀ ਸਿਕਦਾਰੀ, ਸ਼ਾਹ ਸੁਲਤਾਨ ਆਪ ਅਖਵਾਇੰਦਾ। ਜੁਗ ਜੁਗ ਖੇਲੇ ਖੇਲ ਨਿਆਰੀ, ਆਪ ਆਪਣੀ ਚਾਲ ਚਲਾਇੰਦਾ। ਜਨ ਭਗਤਾਂ ਪੈਜ ਰਿਹਾ ਸਵਾਰੀ, ਭਗਤ ਭਗਤੀ ਲੇਖੇ ਲਾਇੰਦਾ। ਦਰ ਦਰਵੇਸਾ ਬਣੇ ਭਿਖਾਰੀ, ਦਰ ਦਰ ਅਲਖ ਜਗਾਇੰਦਾ। ਸੇਵਕ ਸੇਵਾ ਕਰੇ ਅਪਾਰੀ, ਸੇਵਾਦਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਹਰਿਜਨ ਹਰਿ ਮੇਲਿਆ, ਗੁਰ ਸਤਿਗੁਰ ਕਿਰਪਾ ਧਾਰ। ਪਾਰਬ੍ਰਹਮ ਪ੍ਰਭ ਸੱਜਣ ਸੁਹੇਲਿਆ, ਮੇਲ ਮਿਲਾਵਾ ਮੀਤ ਮੁਰਾਰ। ਦਰਸ਼ਨ ਪਾਇਆ ਇਕ ਅਕੇਲਿਆ, ਵਿਛੜਿਆ ਸੰਸਾਰ। ਦਰ ਘਰ ਸਾਚੇ ਚੜ੍ਹੇ ਤੇਲਿਆ, ਖ਼ੁਸ਼ੀ ਮਨਾਈ ਆਪ ਕਰਤਾਰ। ਅਚਰਜ ਖੇਲ ਆਦਿ ਜੁਗਾਦਿ ਜੁਗ ਜੁਗ ਪਾਰਬ੍ਰਹਮ ਪ੍ਰਭ ਖੇਲਿਆ, ਲੋਕਮਾਤ ਲਏ ਅਵਤਾਰ। ਆਪੇ ਵਸੇ ਰੰਗ ਨਵੇਲਿਆ, ਸੁਹਾਏ ਬੰਕ ਦਵਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਕਰੇ ਕਰਾਏ ਆਪਣੀ ਕਾਰ। ਕਾਰ ਕਰੰਤਾ ਹਰਿ ਭਗਵਾਨਾ, ਆਦਿ ਜੁਗਾਦਿ ਅਖਵਾਇੰਦਾ। ਖੇਲੇ ਖੇਲ ਦੋ ਜਹਾਨਾਂ, ਤ੍ਰਿਲੋਕੀ ਨੰਦਨ ਵੇਸ ਵਟਾਇੰਦਾ। ਏਕਾ ਏਕ ਇਕ ਨਿਸ਼ਾਨਾ, ਏਕਾ ਤੀਰ ਚਲਾਇੰਦਾ। ਦੋਏ ਦੋਏ ਰੂਪ ਸ੍ਰੀ ਭਗਵਾਨਾ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਤੀਜਾ ਨੇਤਰ ਇਕ ਧਿਆਨਾ, ਏਕਾ ਰੰਗ ਰੰਗਾਇੰਦਾ। ਚੌਥਾ ਪਦ ਪਦ ਨਿਰਬਾਨਾ, ਹਰਿ ਸਾਚਾ ਆਪ ਸੁਹਾਇੰਦਾ। ਪੰਚਮ ਪੰਚਮ ਪੰਚ ਤਰਾਨਾ, ਪੰਚਮ ਰਾਗ ਅਲਾਇੰਦਾ। ਛੇਵਾਂ ਛੱਪਰ ਛੰਨ ਨਾ ਕੋਈ ਮਕਾਨਾ, ਘਰ ਸਾਚੇ ਆਸਣ ਲਾਇੰਦਾ। ਸੱਤਵਾਂ ਸਤਿ ਪੁਰਖ ਨਿਰੰਜਣ ਸਦ ਮਿਹਰਵਾਨਾ, ਸਤਿ ਸਤਿਵਾਦੀ ਆਪ ਅਖਵਾਇੰਦਾ। ਅੱਠਵਾਂ ਅੱਠਾਂ ਤੱਤਾਂ ਕਰੇ ਪਰਧਾਨਾ, ਆਪ ਆਪਣਾ ਤੱਤ ਜਣਾਇੰਦਾ। ਨੌ ਦਰ ਖੋਲ੍ਹ ਜਗਤ ਮਕਾਨਾ, ਕਾਇਆ ਹੱਟ ਚਲਾਇੰਦਾ। ਦਸਵਾਂ ਬੈਠ ਸਾਚਾ ਕਾਹਨਾ, ਨਾਮ ਬੰਸਰੀ ਇਕ ਵਜਾਇੰਦਾ। ਸੇਵਕ ਸੇਵਾ ਰਵ ਸਸ ਭਾਨਾ, ਸੂਰਜ ਚੰਨ ਵੇਖ ਵਖਾਇੰਦਾ। ਜੁਗ ਜੁਗ ਖੇਲੇ ਖੇਲ ਮਹਾਨਾ, ਆਪ ਆਪਣੀ ਕਲ ਵਰਤਾਇੰਦਾ। ਜੋਧਾ ਸੂਰਬੀਰ ਬਲੀ ਬਲਵਾਨਾ, ਬਲ ਆਪਣਾ ਆਪ ਉਪਾਇੰਦਾ। ਖੜਗ ਖੰਡਾ ਤੀਰ ਕਮਾਨਾ, ਸ਼ਬਦੀ ਨਾਉਂ ਰਖਾਇੰਦਾ। ਮਾਰਨਹਾਰਾ ਸਚ ਨਿਸ਼ਾਨਾ, ਏਕਾ ਵਾਰ ਚਲਾਇੰਦਾ। ਭਗਤਨ ਮੀਤਾ ਗੁਣ ਨਿਧਾਨਾ, ਗੁਣਵੰਤਾ ਵੇਖ ਵਖਾਇੰਦਾ। ਆਪ ਉਠਾਏ ਬਾਲ ਨਿਧਾਨਾ, ਲੋਕਮਾਤ ਆਪ ਜਗਾਇੰਦਾ। ਦਰ ਘਰ ਸਾਚੇ ਕਰ ਪਰਵਾਨਾ, ਆਪ ਆਪਣਾ ਮੇਲ ਮਿਲਾਇੰਦਾ। ਸਤਿਗੁਰ ਪੂਰਾ ਹੋ ਪਰਧਾਨਾ, ਸਦਾ ਸੁਹੇਲਾ ਸੰਗ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਜੋਤ ਜਗਾਇੰਦਾ। ਸੰਤ ਸੁਹੇਲੇ ਲਏ ਵਰ, ਆਪਣੇ ਸ਼ਬਦ ਕਰੇ ਕੁੜਮਾਈਆ। ਜਗਤ ਜੰਜਾਲਾ ਚੁੱਕੇ ਡਰ, ਏਕਾ ਦੂਜਾ ਮੇਟ ਮਿਟਾਈਆ। ਅੰਮ੍ਰਿਤ ਵੇਖੇ ਸਾਚਾ ਸਰ, ਸਰ ਸਰੋਵਰ ਏਕਾ ਨਹਾਈਆ। ਏਕਾ ਅੱਖਰ ਜਾਏ ਪੜ੍ਹ, ਜਗਤ ਵਿਦਿਆ ਮੂਲ ਨਾ ਭਾਈਆ। ਸਾਚੇ ਪੌੜੇ ਜਾਏ ਚੜ੍ਹ, ਨਾਮ ਡੰਡਾ ਹੱਥ ਫੜਾਈਆ। ਆਪਣੇ ਅੰਦਰ ਜਾਏ ਵੜ, ਘਰ ਮੇਲਾ ਬੇਪਰਵਾਹੀਆ। ਜਗਤ ਅਗਨ ਨਾ ਜਾਏ ਸੜ, ਪੰਚ ਵਿਕਾਰ ਨਾ ਕੋਈ ਸਤਾਈਆ। ਦਰਸ਼ਨ ਦੇਵੇ ਅੱਗੇ ਖੜ, ਗੁਰ ਪੂਰੇ ਹੱਥ ਵਡਿਆਈਆ। ਨਾ ਕੋਈ ਸੀਸ ਨਾ ਕੋਈ ਧੜ, ਹਰ ਘਟ ਬੈਠਾ ਆਸਣ ਲਾਈਆ। ਅਗਨੀ ਹਵਨ ਨਾ ਜਾਏ ਸੜ, ਮੜੀ ਗੋਰ ਨਾ ਕੋਈ ਦਬਾਈਆ। ਹਰਿਜਨ ਫੜਾਏ ਆਪਣਾ ਲੜ, ਆਪ ਆਪਣੇ ਲੜ ਬੰਧਾਈਆ। ਜੁਗ ਜੁਗ ਆਪਣਾ ਵੇਸ ਕਰ, ਆਪ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਭਗਤਨ ਮੇਲਾ ਸਾਚੇ ਘਰ, ਘਰ ਸਾਚੇ ਵੱਜੇ ਵਧਾਈਆ। ਸਾਚੇ ਘਰ ਸਚ ਵਧਾਈ, ਸਤਿਗੁਰ ਸਾਚਾ ਆਪ ਵਜਾਇੰਦਾ। ਸੁਰਤ ਸ਼ਬਦ ਕਰੇ ਕੁੜਮਾਈ, ਸਾਚਾ ਸਗਨ ਮਨਾਇੰਦਾ। ਪੰਚਮ ਸਖੀਆਂ ਗਾਇਣ ਚਾਈਂ ਚਾਈਂ, ਸਾਚਾ ਮੰਗਲ ਇਕ ਅਲਾਇੰਦਾ। ਆਪੇ ਪਕੜਨਹਾਰਾ ਬਾਹੀਂ, ਆਪ ਆਪਣੀ ਭੁਜਾ ਉਠਾਇੰਦਾ। ਫੜ ਫੜ ਹੰਸ ਬਣਾਏ ਕਾਂਈ, ਏਕਾ ਸਾਚੀ ਚੋਗ ਚੁਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਹਰਿਜਨ ਸਾਚੇ ਮੇਲ ਮਿਲਾਇੰਦਾ। ਮੇਲ ਮਿਲਾਵਾ ਸੱਜਣ ਸ਼ਾਹ, ਪਾਇਆ ਪੁਰਖ ਅਪਾਰਿਆ। ਗੁਰਮੁਖ ਮਿਲਿਆ ਗੁਰ ਮਲਾਹ, ਦੇਵੇ ਨਾਮ ਸਹਾਰਿਆ। ਸ਼ਬਦ ਜਣਾਈ ਸਚ ਸਲਾਹ, ਸਾਚਾ ਮਾਰਗ ਲਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸੰਤਨ ਮੀਤਾ ਇਕ ਅਤੀਤਾ, ਪਤਤ ਪੁਨੀਤਾ ਨਾਮ ਧਰਾ ਲਿਆ। ਪਤਤ ਪੁਨੀਤਾ ਆਦਿ ਨਿਰੰਜਣ, ਏਕਾ ਰੂਪ ਸਮਾਈਆ। ਹਸਤ ਕੀਟਾਂ ਸਾਚਾ ਸੱਜਣ, ਊਚਾਂ ਨੀਚਾਂ ਵਿਚ ਸਮਾਈਆ। ਜਨ ਭਗਤਾਂ ਕਰਾਏ ਆਪਣਾ ਮਜਨ, ਦੁਰਮਤ ਮੈਲ ਗਵਾਈਆ। ਆਪੇ ਹੋਏ ਪੜਦੇ ਕੱਜਣ, ਨਾਮ ਦੋਸ਼ਾਲਾ ਹੱਥ ਉਠਾਈਆ। ਅਨਹਦ ਤਾਲ ਤਲਵਾੜੇ ਵੱਜਣ, ਸਾਚਾ ਢੋਲਾ ਸਾਚੇ ਮਾਹੀਆ। ਹੰਕਾਰੀ ਗੜ੍ਹ ਭਾਂਡੇ ਭੱਜਣ, ਭਰਮ ਗੜ੍ਹ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਈਆ। ਵੇਸ ਵਟੰਦੜਾ ਪੁਰਖ ਅਕਾਲਾ, ਅਕਲ ਕਲਾ ਅਖਵਾਇਆ। ਹਰਿਜਨ ਸਾਚੇ ਮੇਲ ਮਿਲੰਦੜਾ ਦੀਨ ਦਿਆਲਾ, ਦਇਆ ਨਿਧ ਵੇਖ ਵਖਾਇਆ। ਦਰ ਘਰ ਸਾਚਾ ਵੇਖ ਵਖੰਦੜਾ ਗੁਰਮੁਖ ਉਠਾਏ ਸਾਚਾ ਲਾਲਾ, ਆਪ ਆਪਣੀ ਗੋਦ ਉਠਾਇਆ। ਜਗਤ ਵਿਛੋੜਾ ਆਪ ਕਟੰਦੜਾ ਮੇਲ ਮਿਲਾਏ ਸੱਚੀ ਧਰਮਸਾਲਾ, ਸਚਖੰਡ ਦਵਾਰਾ ਇਕ ਸੁਹਾਇਆ। ਰਾਜ ਜੋਗ ਇਕ ਵਖੰਦੜਾ ਫਲ ਲਗਾਏ ਕਾਇਆ ਡਾਲ੍ਹਾ, ਨਾਮ ਸਤਿਨਾਮ ਮੰਤਰ ਦ੍ਰਿੜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸਤਿਜੁਗ ਤ੍ਰੇਤਾ ਦੁਆਪਰ ਆਪ ਹੰਢਾਇਆ। ਸਤਿਜੁਗ ਤ੍ਰੇਤਾ ਦੁਆਪਰ ਹਰਿ ਹਰਿ ਵੇਸ, ਆਪਣਾ ਰੂਪ ਵਟਾਈਆ। ਸ਼ਾਹੋ ਭੂਪ ਵਡ ਨਰੇਸ਼, ਨਿਰਗੁਣ ਭੇਵ ਕੋਈ ਨਾ ਪਾਈਆ। ਆਪਣੀ ਕਰੇ ਆਪ ਅਦੇਸ, ਆਪੇ ਸੀਸ ਝੁਕਾਈਆ। ਕੋਟਨ ਕੋਟੀ ਦਰ ਦਰਵੇਸ, ਬ੍ਰਹਮਾ ਵਿਸ਼ਨ ਮਹੇਸ਼ ਬੈਠੇ ਆਸਣ ਲਾਈਆ। ਆਪੇ ਵਸਿਆ ਸੇਜਾ ਸ਼ੇਸ਼, ਸਾਂਗੋ ਪਾਂਗ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਧਾਰ ਬੰਧਾਈਆ। ਸਤਿਜੁਗ ਤ੍ਰੇਤਾ ਦੁਆਪਰ ਉਤਰਿਆ ਪਾਰ, ਕਲਜੁਗ ਜੋਤ ਜਗਾਇੰਦਾ। ਪੁਰਖ ਅਗੰਮੜਾ ਅਗੰਮੜੀ ਕਾਰ, ਅਲਖ ਅਗੋਚਰ ਭੇਵ ਨਾ ਆਇੰਦਾ। ਮਰੇ ਨਾ ਜਨਮੇ ਵਿਚ ਸੰਸਾਰ, ਆਵਣ ਜਾਵਣ ਖੇਲ ਖਿਲਾਇੰਦਾ । ਮਾਤ ਪਿਤ ਨਾ ਕੋਈ ਸਹਾਰ, ਭੈਣ ਭਾਈ ਨਾ ਕੋਇ ਰਖਾਇੰਦਾ। ਨਾ ਕੋਈ ਸੱਜਣ ਮੀਤ ਮੁਰਾਰ, ਏਕੰਕਾਰਾ ਆਪਣੀ ਕਾਰ ਕਮਾਇੰਦਾ। ਥਿਰ ਘਰ ਬੈਠ ਸੱਚੇ ਦਰਬਾਰ, ਸਚ ਸਿੰਘਾਸਣ ਆਸਣ ਲਾਇੰਦਾ। ਦੀਪਕ ਜੋਤ ਜੋਤ ਉਜਿਆਰ, ਨੂਰੋ ਨੂਰ ਅਖਵਾਇੰਦਾ। ਬੇਐਬ ਖ਼ੁਦਾਈ ਪਰਵਰਦਿਗਾਰ, ਆਪ ਆਪਣਾ ਨਾਉਂ ਧਰਾਇੰਦਾ। ਲੋਕਮਾਤ ਪਾਵੇ ਸਾਰ, ਪੰਚਮ ਤੱਤ ਤੱਤ ਵਖਾਇੰਦਾ। ਈਸਾ ਮੂਸਾ ਨਾਰ ਭਤਾਰ, ਆਪਣਾ ਸੰਗ ਰਖਾਇੰਦਾ। ਅੱਲਾ ਰਾਣੀ ਕੰਨਿਆ ਕੁਵਾਰ, ਏਕਾ ਹੁਕਮ ਆਪ ਪੜ੍ਹਾਇੰਦਾ। ਕਾਇਨਾਤ ਕਰ ਉਜਿਆਰ, ਬਿਸਮਲ ਰੂਪ ਸਮਾਇੰਦਾ। ਸੰਗ ਮੁਹੰਮਦ ਹੋ ਉਜਿਆਰ, ਚਾਰ ਯਾਰੀ ਰੰਗ ਰੰਗਾਇੰਦਾ। ਨਿਰਗੁਣ ਰੂਪ ਅਪਰ ਅਪਾਰ, ਨਾਨਕ ਜੋਤੀ ਆਪ ਟਿਕਾਇੰਦਾ। ਏਕਾ ਜੋਤੀ ਦਸ ਅਵਤਾਰ, ਦਹਿ ਦਿਸ਼ਾ ਵੇਖ ਵਖਾਇੰਦਾ। ਲੋਆਂ ਪੁਰੀਆਂ ਪਾਵੇ ਸਾਰ, ਨਾ ਕੋਈ ਭੇਵ ਛੁਪਾਇੰਦਾ। ਮਿਲਿਆ ਮੇਲ ਹਰਿ ਨਿਰੰਕਾਰ, ਵਿਛੜ ਕਦੇ ਨਾ ਜਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਏਕਾ ਏਕ ਅਖਵਾਇੰਦਾ। ਵਰਨ ਗੋਤੀ ਵਸਿਆ ਬਾਹਰ, ਜਾਤ ਪਾਤ ਨਾ ਕੋਈ ਰਖਾਇੰਦਾ। ਕੋਟੀ ਕੋਟ ਮੰਗਣ ਬਣ ਭਿਖਾਰ, ਘਟ ਘਟ ਭਿਛਿਆ ਆਪੇ ਪਾਇੰਦਾ। ਚੋਟੀ ਚੜ੍ਹ ਗੁਰਮੁਖ ਵਿਰਲਾ ਪਾਏ ਸਾਰ, ਸਚ ਗੇੜਾ ਆਪ ਦ੍ਰਿੜਾਇੰਦਾ। ਨਾਮ ਸਤਿ ਸਤਿ ਵਰਤਾਰ, ਕਲਜੁਗ ਆਪ ਕਰਾਇੰਦਾ। ਖੜਗ ਖੰਡਾ ਤੇਜ਼ ਕਟਾਰ, ਚੰਡ ਪਰਚੰਡ ਆਪ ਚਮਕਾਇੰਦਾ। ਵੰਡਣਹਾਰਾ ਸਾਚੀ ਵੰਡ, ਪੰਚਮ ਮੇਲ ਮਿਲਾਇੰਦਾ। ਜੂਠ ਝੂਠ ਮੇਟੇ ਭੇਖ ਪਖੰਡ, ਅੰਮ੍ਰਿਤ ਧਾਰਾ ਮੁਖ ਚਵਾਇੰਦਾ। ਗੁਰਸਿਖ ਨਾਰ ਨਾ ਹੋਏ ਰੰਡ, ਸਾਚਾ ਕੰਤ ਸੁਹਾਗੀ ਇਕ ਵਖਾਇੰਦਾ। ਪਾਵੇ ਸਾਰ ਜੇਰਜ ਅੰਡ, ਉਤਭੁਜ ਸੇਤਜ ਫੋਲ ਫੋਲਾਇੰਦਾ। ਸਤਿਗੁਰ ਪੂਰਾ ਪਾਏ ਵੰਡ, ਗੁਰ ਗੋਬਿੰਦ ਨਾਉਂ ਰਖਾਇੰਦਾ। ਕਲਜੁਗ ਅੰਤਮ ਦੇਵੇ ਦੰਡ, ਆਪਣਾ ਲੇਖ ਲਿਖਾਇੰਦਾ। ਲੱਖ ਚੁਰਾਸੀ ਖੰਡ ਖੰਡ, ਨਾ ਕੋਈ ਮਾਤ ਬਚਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਕਰ, ਸੰਤਨ ਮੀਤਾ ਹਰਿ ਭਗਵਾਨਾ, ਏਕਾ ਦੇਵੇ ਧੁਰ ਫ਼ਰਮਾਨਾ, ਸ਼ਬਦ ਅਨਾਦੀ ਆਪ ਸੁਣਾਇੰਦਾ। ਸ਼ਬਦ ਅਨਾਦੀ ਸਾਚਾ ਢੋਲਾ, ਹਰਿਜਨ ਆਪ ਸੁਣਾਈਆ। ਪਾਰਬ੍ਰਹਮ ਅਬਿਨਾਸ਼ੀ ਕਰਤਾ ਆਪੇ ਬੋਲਾ, ਆਪੇ ਬੂਝ ਬੁਝਾਈਆ। ਆਪੇ ਬਣਿਆ ਸਾਚਾ ਤੋਲਾ, ਨਾਨਕ ਨਿਰਗੁਣ ਵੇਸ ਵਟਾਈਆ। ਲੱਖ ਚੁਰਾਸੀ ਤੱਤ ਵਰੋਲਾ, ਏਕਾ ਕੰਡੇ ਰਿਹਾ ਪਾਈਆ। ਕਲਜੁਗ ਅੰਤਮ ਖੇਲੇ ਹੋਲਾ, ਚਾਰੋਂ ਕੁੰਟ ਵੇਖ ਵਖਾਈਆ। ਮਨ ਮਤ ਪਾਏ ਰੌਲਾ, ਗੁਰਮਤ ਸਾਰ ਨਾ ਪਾਈਆ। ਭਾਰ ਨਾ ਚੁੱਕੇ ਧਰਨੀ ਧਵਲਾ, ਦਿਵਸ ਰੈਣ ਰਹੀ ਕੁਰਲਾਈਆ। ਕਿਸੇ ਹੱਥ ਨਾ ਆਏ ਅੰਮ੍ਰਿਤ ਆਤਮ ਨਾਭੀ ਕਵਲਾ, ਸਾਧ ਸੰਤ ਬੈਠੇ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸੰਤਨ ਮੇਲਾ ਏਕਾ ਦਰ, ਇਕ ਅਕੱਲਾ ਰਿਹਾ ਕਰਾਈਆ। ਸਾਚਾ ਸ਼ਬਦ ਸਚ ਜੈਕਾਰਾ, ਹਰਿ ਹਰਿ ਆਪ ਲਗਾਇੰਦਾ। ਆਦਿ ਅੰਤ ਇਕ ਅਵਤਾਰਾ, ਏਕਾ ਰੂਪ ਵਟਾਇੰਦਾ। ਪਾਰਬ੍ਰਹਮ ਪ੍ਰਭ ਭੇਵ ਨਿਆਰਾ, ਭੇਵ ਅਭੇਦਾ ਭੇਵ ਛੁਪਾਇੰਦਾ। ਲੇਖਾ ਲਿਖੇ ਵੇਦ ਚਾਰਾ, ਚਾਰ ਚਾਰਾਂ ਤੋਲ ਤੁਲਾਇੰਦਾ। ਚਾਰੇ ਕੂਟਾਂ ਪਾਵੇ ਸਾਰਾ, ਉਤਰ ਪੂਰਬ ਪੱਛਮ ਦੱਖਣ ਵੇਖ ਵਖਾਇੰਦਾ। ਆਪੇ ਲਾਏ ਆਪਣਾ ਨਾਅਰਾ, ਆਪਣਾ ਸੋਹਲਾ ਆਪੇ ਗਾਇੰਦਾ। ਕਲਜੁਗ ਤੇਰਾ ਕੂੜ ਪਸਾਰਾ, ਚਾਰੋਂ ਕੁੰਟ ਅੰਧੇਰਾ ਛਾਇੰਦਾ। ਸ੍ਰਿਸ਼ਟ ਸਬਾਈ ਹੋਈ ਵਿਭਚਾਰਾ, ਧੀਰਜ ਜਤ ਨਾ ਕੋਇ ਧਰਾਇੰਦਾ। ਭਰਮੇ ਭੁੱਲੇ ਪੁਰਖ ਨਾਰਾ, ਨਰ ਨਰਾਇਣ ਦਿਸ ਨਾ ਆਇੰਦਾ। ਬਣਿਆ ਗੜ੍ਹ ਕਾਮ ਕਰੋਧ ਲੋਭ ਮੋਹ ਹੰਕਾਰਾ, ਘਰ ਘਰ ਬੁਰਜ ਸੁਹਾਇੰਦਾ। ਜੂਠ ਝੂਠ ਦਏ ਲਲਕਾਰਾ, ਸਚ ਸੁੱਚ ਦਿਸ ਨਾ ਪਾਇੰਦਾ। ਆਸਾ ਤ੍ਰਿਸਨਾ ਕਰੇ ਵਿਚਾਰਾ, ਤ੍ਰਿਖਾ ਤ੍ਰਿਪਤ ਨਾ ਕੋਇ ਵਖਾਇੰਦਾ। ਕਿਸੇ ਨਾ ਦਿਸੇ ਪਾਰ ਕਿਨਾਰਾ, ਆਰ ਪਾਰ ਨਾ ਕੋਇ ਸੁਹਾਇੰਦਾ। ਮਾਤ ਪਿਤ ਨਾ ਕੋਇ ਪਿਆਰਾ, ਪਿਤਾ ਪੂਤ ਨਾ ਮੇਲ ਮਿਲਾਇੰਦਾ। ਧੀਆਂ ਭੈਣਾਂ ਕਰਨ ਵਪਾਰਾ, ਕਲਜੁਗ ਕਲ ਵਰਤਾਇੰਦਾ। ਗੁਰਦਰ ਮੰਦਰ ਮਸਜਿਦ ਬਣ ਅਖਾੜਾ, ਮਾਇਆ ਮਮਤਾ ਖੇਲ ਖਿਲਾਇੰਦਾ। ਨਾਨਕ ਗੋਬਿੰਦ ਬਣ ਲਿਖਾਰਾ, ਹਰਿ ਹਰਿ ਭੇਵ ਖੁਲ੍ਹਾਇੰਦਾ। ਕਲਜੁਗ ਤੇਰੀ ਅੰਤਮ ਵਾਰਾ, ਹਰਿ ਸਾਚਾ ਵੇਸ ਵਟਾਇੰਦਾ। ਪਰਗਟ ਹੋਏ ਨਿਹਕਲੰਕ ਨਰਾਇਣ ਨਰ ਅਵਤਾਰਾ, ਸੰਬਲ ਨਗਰੀ ਧਾਮ ਸੁਹਾਇੰਦਾ। ਜੋਤੀ ਜੋਤ ਜਗੇ ਪੁਰਖ ਕਰਤਾਰਾ, ਪਰਮ ਪੁਰਖ ਵੇਖ ਵਖਾਇੰਦਾ। ਸ਼ਬਦ ਸ਼ਬਦ ਸ਼ਬਦ ਜੈਕਾਰਾ, ਹਰਿ ਸ਼ਬਦੀ ਨਾਦ ਵਜਾਇੰਦਾ। ਗੁਰਸਿਖਾਂ ਵੇਖੇ ਦਰ ਦਵਾਰਾ, ਆਪ ਆਪਣਾ ਚਰਨ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੋਕਮਾਤ ਵੇਸ ਧਰ, ਹਰਿਜਨ ਬਾਂਹੋਂ ਲਏ ਫੜ, ਆਪ ਬੰਧਾਏ ਆਪਣੇ ਲੜ, ਨਾ ਕੋਈ ਤੋੜ ਤੁੜਾਇੰਦਾ।
