Granth 08 Likhat 065: 20 Chet 2016 Bikarmi Sajjan Singh de Ghar Sarhali Jandoke Jila Amritsar

੨੦ ਚੇਤ ੨੦੧੬ ਬਿਕ੍ਰਮੀ ਸੱਜਣ ਸਿੰਘ ਦੇ ਘਰ ਸਰਹਾਲੀ ਜੰਡੋਕੇ ਜ਼ਿਲਾ ਅੰਮ੍ਰਿਤਸਰ

ਪੁਰਖ ਅਕਾਲ ਏਕਾ ਏਕ, ਆਦਿ ਜੁਗਾਦਿ ਰਖਾਈਆ। ਆਦਿ ਨਿਰੰਜਣ ਰਿਹਾ ਪੇਖ, ਜੁਗ ਜੁਗ ਵੇਖ ਵਖਾਈਆ। ਪਾਰਬ੍ਰਹਮ ਪ੍ਰਭ ਅਲੱਖਣਾ ਅਲੇਖ, ਅਲਖ ਨਿਰੰਜਣ ਵਡ ਵਡਿਆਈਆ। ਨਰ ਹਰਿ ਨਰਾਇਣ ਨਰੇਸ਼, ਨਿਰਗੁਣ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਈਆ। ਆਦਿ ਜੁਗਾਦੀ ਏਕਉਂਕਾਰਾ, ਅਕਲ ਕਲਾ ਅਖਵਾਇੰਦਾ। ਅਲੱਖ ਅਗੋਚਰ ਅਗੰਮ ਅਪਾਰਾ, ਭੇਵ ਕੋਇ ਨਾ ਪਾਇੰਦਾ। ਨਿਰਗੁਣ ਜੋਤ ਨੂਰ ਉਜਿਆਰਾ, ਨੂਰ ਨੂਰ ਡਗਮਗਾਇੰਦਾ। ਤੱਤਵ ਤੱਤ ਨਾ ਦਏ ਪਸਾਰਾ, ਰੂਪ ਰੰਗ ਨਾ ਕੋਇ ਜਣਾਇੰਦਾ। ਥਿਰ ਘਰ ਸੋਹੇ ਸਚ ਦਵਾਰਾ, ਸਚਖੰਡ ਨਿਵਾਸੀ ਆਸਣ ਲਾਇੰਦਾ। ਪੁਰਖ ਅਬਿਨਾਸ਼ੀ ਹੋ ਉਜਿਆਰਾ, ਆਪ ਆਪਣਾ ਖੇਲ ਖਿਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਅਖਵਾਇੰਦਾ। ਆਦਿ ਜੁਗਾਦੀ ਪੁਰਖ ਅਬਿਨਾਸ਼ਾ, ਏਕਾ ਰੰਗ ਸਮਾਇਆ। ਏਕਾ ਪਾਵੇ ਮੰਡਲ ਰਾਸਾ, ਏਕਾ ਵੇਖ ਵਖਾਇਆ। ਏਕਾ ਖੇਲੇ ਖੇਲ ਤਮਾਸ਼ਾ, ਖੇਲਣਹਾਰਾ ਦਿਸ ਨਾ ਆਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਇਕ ਰਘੁਰਾਇਆ। ਆਦਿ ਜੁਗਾਦੀ ਸ਼ਾਹੋ ਭੂਪ, ਸਚ ਸੁਲਤਾਨ ਅਖਵਾਇੰਦਾ। ਨਾ ਕੋਈ ਰੰਗ ਨਾ ਕੋਈ ਰੂਪ, ਚੱਕਰ ਚਿਨ੍ਹ ਨਾ ਕੋਇ ਵਖਾਇੰਦਾ। ਨਿਰਮਲ ਰੂਪ ਸਤਿ ਸਰੂਪ, ਸਦਾ ਸਦ ਡਗਮਗਾਇੰਦਾ। ਵਸਣਹਾਰਾ ਚਾਰੇ ਕੂਟ, ਦਹਿ ਦਿਸ਼ਾ ਫੇਰੀ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੋਤ ਜਗਾਇੰਦਾ। ਆਦਿ ਜੁਗਾਦੀ ਜੋਤ ਉਜਾਲਾ, ਹਰਿ ਹਰਿ ਰੂਪ ਵਟਾਇਆ। ਖੇਲੇ ਖੇਲ ਖੇਲ ਨਿਰਾਲਾ, ਲੇਖਾ ਲੇਖ ਨਾ ਕਿਸੇ ਲਿਖਾਇਆ। ਆਦਿ ਸ਼ਕਤੀ ਰੂਪ ਜਵਾਲਾ, ਆਪ ਆਪਣਾ ਨਾਉਂ ਧਰਾਇਆ। ਆਪੇ ਚਲੇ ਆਪਣੀ ਚਾਲਾ, ਚਾਲ ਨਿਰਾਲੀ ਇਕ ਰਖਾਇਆ। ਵਸੇ ਧਰਮ ਸੱਚੀ ਧਰਮਸਾਲਾ, ਦਰ ਦਵਾਰਾ ਇਕ ਉਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇਆ। ਆਦਿ ਜੁਗਾਦੀ ਵੇਸ ਅਵੱਲਾ, ਹਰਿ ਆਪਣਾ ਆਪ ਕਰਾਇੰਦਾ। ਖੇਲੇ ਖੇਲ ਇਕ ਅਕੱਲਾ, ਨਾ ਕੋਈ ਦੂਸਰ ਸੰਗ ਰਲਾਇੰਦਾ। ਵਸੇ ਨੇਹਚਲ ਧਾਮ ਅਟੱਲਾ, ਉਚ ਮਹੱਲਾ ਆਪ ਸੁਹਾਇੰਦਾ। ਜੋਤੀ ਸ਼ਬਦੀ ਆਪੇ ਰਲਾ, ਆਪ ਆਪਣਾ ਸੰਗ ਨਿਭਾਇੰਦਾ। ਸਚ ਸਿੰਘਾਸਣ ਆਪੇ ਮੱਲਾ, ਆਪ ਆਪਣਾ ਆਸਣ ਲਾਇੰਦਾ। ਆਪਣੇ ਦੀਪਕ ਆਪੇ ਬਲਾ, ਪਰਕਾਸ਼ ਪਰਕਾਸ਼ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੋਗ ਕਮਾਇੰਦਾ। ਆਦਿ ਜੁਗਾਦੀ ਹਰਿ ਹਰਿ ਜੋਗ, ਆਪਣੀ ਬਣਤ ਬਣਾਇੰਦਾ। ਆਪਣਾ ਕਰ ਆਪ ਸੰਜੋਗ, ਆਪਣਾ ਮੇਲ ਮਿਲਾਇੰਦਾ। ਆਪੇ ਭੋਗੇ ਆਪਣਾ ਭੋਗ, ਭੋਗ ਭੋਗੀ ਨਾਉਂ ਰਖਾਇੰਦਾ। ਆਪੇ ਜਾਣੇ ਆਪਣਾ ਸਚ ਸਲੋਕ, ਸ਼ਬਦ ਅਗੰਮੀ ਆਪ ਰਖਾਇੰਦਾ। ਆਪ ਉਪਾਏ ਲੋਕ ਪਰਲੋਕ, ਬ੍ਰਹਿਮੰਡ ਖੰਡ ਆਪ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਖੇਲ ਖਿਲਾਇੰਦਾ। ਆਦਿ ਜੁਗਾਦੀ ਹਰਿ ਹਰਿ ਖੇਲਾ, ਆਪਣੀ ਰਚਨ ਰਚਾਇੰਦਾ। ਸ਼ਬਦ ਗੁਰੂ ਗੁਰੂ ਗੁਰ ਚੇਲਾ, ਹਰਿ ਸਤਿਗੁਰ ਵੇਖ ਵਖਾਇੰਦਾ। ਪੁਰਖ ਅਬਿਨਾਸ਼ੀ ਸੱਜਣ ਸੁਹੇਲਾ, ਪਾਰਬ੍ਰਹਮ ਪ੍ਰਭ ਸਾਚਾ ਸੰਗ ਨਿਭਾਇੰਦਾ। ਏਕਉਂਕਾਰਾ ਵਸਿਆ ਰੰਗ ਨਵੇਲਾ, ਨਿਰਾਧਾਰ ਆਪ ਹੋ ਜਾਇੰਦਾ। ਅਚਰਜ ਖੇਲ ਆਪਣਾ ਖੇਲਾ, ਖੇਲਣਹਾਰਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਨਾਉਂ ਧਰਾਇੰਦਾ। ਆਦਿ ਜੁਗਾਦੀ ਨਾਉਂ ਰੱਖ, ਆਪਣੀ ਜੋਤ ਪਰਗਟਾਈਆ । ਸ਼ਬਦ ਸਰੂਪੀ ਹੋ ਪਰਤੱਖ, ਏਕਾ ਡੰਕ ਵਜਾਈਆ। ਆਪ ਆਪਣਾ ਕੀਨਾ ਵੱਖ, ਵਿਸ਼ਨੂੰ ਰੂਪ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਖੇਲੇ ਖੇਲ ਬੇਪਰਵਾਹੀਆ। ਜੁਗ ਜੁਗ ਖੇਲ ਖਲੰਦੜਾ, ਪਾਰਬ੍ਰਹਮ ਬੇਅੰਤ। ਆਪ ਆਪਣਾ ਵੇਸ ਵਟੰਦੜਾ, ਮਹਿਮਾ ਗਣਤ ਅਗਣਤ। ਅਲੱਖ ਅਗੰਮ ਅਥਾਹ ਆਪ ਅਖਵੰਦੜਾ, ਪੁਰਖ ਅਬਿਨਾਸ਼ੀ ਸਾਚਾ ਕੰਤ। ਦਰਗਹਿ ਸਾਚੀ ਧਾਮ ਸੁਹੰਦੜਾ, ਵਸਣਹਾਰਾ ਆਦਿ ਅੰਤ। ਸਚਖੰਡ ਦਵਾਰਾ ਵੇਖ ਵਖੰਦੜਾ, ਆਪ ਬਣਾਏ ਆਪਣੀ ਬਣਤ। ਸਚ ਸਿੰਘਾਸਣ ਸੇਜ ਵਛੰਦੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਆਪ ਬਣਾਏ ਆਪਣੀ ਬਣਤ। ਬਣਤ ਬਣਾਏ ਹਰਿ ਬਨਵਾਰੀ, ਆਦਿ ਜੁਗਾਦਿ ਵੱਡੀ ਵਡਿਆਈਆ। ਨਿਰਗੁਣ ਜੋਤ ਨੂਰ ਉਜਿਆਰੀ, ਹਰੀ ਹਰਿ ਆਪ ਡਗਮਗਾਈਆ। ਲੋਆਂ ਪੁਰੀਆਂ ਮਹੱਲ ਉਸਾਰੀ, ਬੈਠਾ ਆਸਣ ਲਾਈਆ। ਸ਼ਬਦੀ ਸ਼ਬਦ ਵਣਜ ਵਪਾਰੀ, ਚੌਦਾਂ ਹੱਟ ਖੁਲ੍ਹਾਈਆ। ਚੌਦਾਂ ਲੋਕਾਂ ਖੇਲ ਅਪਾਰੀ, ਆਪਣੀ ਧਾਰ ਬੰਧਾਈਆ। ਸੇਵਕ ਸੇਵਾ ਲਾਏ ਬ੍ਰਹਮਾ ਵਿਸ਼ਨ ਸ਼ਿਵ ਗੁਣ ਪੁਕਾਰੀ, ਸਾਚੀ ਸੇਵ ਕਮਾਈਆ। ਮੰਡਲ ਮੰਡਪ ਦਏ ਸਹਾਰੀ, ਰਵ ਸਸ ਕਰ ਰੁਸ਼ਨਾਈਆ। ਕਰੋੜ ਤੇਤੀਸਾ ਖੇਲ ਨਿਆਰੀ, ਸੁਰਪਤ ਰਾਜਾ ਸੰਗ ਰਲਾਈਆ। ਤ੍ਰੈਗੁਣ ਤੇਰਾ ਮੇਲਾ ਸਚ ਦਵਾਰੀ, ਪੰਜ ਤੱਤ ਕਰੇ ਕੁੜਮਾਈਆ। ਨਿਰਗੁਣ ਹੋਇਆ ਖ਼ਬਰਦਾਰੀ, ਮਨ ਮਤ ਬੁਧ ਵਿਚ ਰਖਾਈਆ। ਪਾਰਬ੍ਰਹਮ ਜੋਤ ਨਿਰੰਕਾਰੀ, ਨਿਰਗੁਣ ਵੇਸ ਵਟਾਈਆ। ਬ੍ਰਹਮ ਬ੍ਰਹਮ ਬ੍ਰਹਮ ਕਰ ਉਜਿਆਰੀ, ਘਟ ਘਟ ਆਪਣਾ ਆਸਣ ਲਾਈਆ। ਲੋਕਮਾਤ ਵੇਖ ਵਚਾਰੀ, ਲੱਖ ਚੁਰਾਸੀ ਰਚਨ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਸ਼ਬਦ ਬ੍ਰਹਿਮਾਦਿ, ਧੁਨ ਅਨਾਦ ਇਕ ਸੁਣਾਈਆ। ਸ਼ਬਦ ਅਨਾਦੀ ਧੁਨ ਧੁਨਕਾਰ, ਹਰਿ ਸਾਚਾ ਆਪ ਸੁਣਾਇੰਦਾ। ਕਰੇ ਕਰਾਏ ਖ਼ਬਰਦਾਰ, ਸੋਇਆ ਕੋਇ ਰਹਿਣ ਨਾ ਪਾਇੰਦਾ। ਏਕਾ ਨਾਮ ਇਕ ਜੈਕਾਰ, ਏਕਾ ਨਾਅਰਾ ਲਾਇੰਦਾ। ਏਕਾ ਸਾਜਣ ਮੀਤ ਮੁਰਾਰ, ਨਾ ਦੂਸਰ ਕੋਇ ਵਖਾਇੰਦਾ। ਜੁਗ ਜੁਗ ਖੇਲੇ ਖੇਲ ਆਪ ਨਿਰੰਕਾਰ, ਕਰਤਾ ਕਰਨੀ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਆਦਿ ਜੁਗਾਦੀ ਸ਼ਬਦ ਤੂਰ, ਬ੍ਰਹਿਮੰਡ ਖੰਡ ਸੁਣਾਈਆ। ਦੇਵਤ ਦੇਵ ਸੁਰ ਆਸਾ ਮਨਸਾ ਪੂਰ, ਇਸ਼ਟ ਦੇਵ ਆਪ ਹੋ ਜਾਈਆ। ਆਦਿ ਜੁਗਾਦੀ ਹਾਜ਼ਰ ਹਜ਼ੂਰ, ਨਰ ਨਰਾਇਣ ਵਡ ਵਡਿਆਈਆ। ਆਪੇ ਵਸੇ ਨੇੜੇ ਦੂਰ, ਦੂਰ ਨੇੜਾ ਇਕ ਜਣਾਈਆ। ਸਰਬ ਕਲਾ ਆਪੇ ਭਰਪੂਰ, ਪਾਰਬ੍ਰਹਮ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਇਕ ਅਖਵਾਈਆ। ਆਦਿ ਜੁਗਾਦੀ ਏਕਾ ਰੰਗ, ਹਰਿ ਸਾਚਾ ਆਪ ਚੜ੍ਹਾਇੰਦਾ। ਆਪੇ ਸਰ ਸਰੋਵਰ ਧਾਰਾ ਗੰਗ, ਨੀਰ ਸੀਰ ਆਪ ਅਖਵਾਇੰਦਾ। ਆਪੇ ਨਾਮ ਸ਼ਬਦ ਵੱਜੇ ਮਰਦੰਗ, ਆਪ ਆਪਣਾ ਰਾਗ ਅਲਾਇੰਦਾ। ਆਪੇ ਬੈਠਾ ਸਚ ਪਲੰਘ, ਸਾਚੀ ਸੇਜਾ ਆਪ ਸੁਹਾਇੰਦਾ। ਆਪੇ ਮੰਗੀ ਆਪਣੀ ਮੰਗ, ਆਪਣੀ ਭਿਛਿਆ ਆਪੇ ਝੋਲੀ ਪਾਇੰਦਾ। ਆਪੇ ਅਸਵ ਘੋੜੇ ਕਸੇ ਤੰਗ, ਸੋਲਾਂ ਕਲੀਆਂ ਆਸਣ ਲਾਇੰਦਾ। ਆਪੇ ਲੋਆਂ ਪੁਰੀਆਂ ਜਾਏ ਲੰਘ, ਆਰ ਪਾਰ ਵੇਖ ਵਖਾਇੰਦਾ। ਆਦਿ ਜੁਗਾਦੀ ਜੁਗ ਜੁਗ ਜਨ ਭਗਤਾਂ ਵਸੇ ਸਦਾ ਸੰਗ, ਸਗਲਾ ਸੰਗ ਨਿਭਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਵੇਖ ਵਖਾਇੰਦਾ। ਜੋਤ ਜਵਾਲਾ ਸਾਚਾ ਨੂਰ, ਹਰਿ ਸਾਚੇ ਆਪ ਉਪਾਇਆ। ਆਪੇ ਬਖ਼ਸ਼ੇ ਸਤਿ ਸਰੂਰ, ਸਾਂਤਕ ਸਤਿ ਵਰਤਾਇਆ। ਹਰਿਜਨ ਹਰਿ ਹਰਿ ਆਸਾ ਮਨਸਾ ਪੂਰ, ਹਰਿ ਗੋਬਿੰਦ ਵੇਖ ਵਖਾਇਆ। ਨਾਤਾ ਤੋੜੇ ਕੂੜੋ ਕੂੜ, ਸਾਚੀ ਸਿਖਿਆ ਇਕ ਸਮਝਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਤੁਰ ਸੁਘੜ ਬਣਾਏ ਮੂਰਖ ਮੂੜ੍ਹ, ਆਤਮ ਬ੍ਰਹਮ ਗਿਆਨ ਦ੍ਰਿੜਾਇਆ। ਆਤਮ ਅੰਤਰ ਇਕ ਗਿਆਨ, ਹਰਿਜਨ ਆਪ ਦ੍ਰਿੜਾਇੰਦਾ । ਅੱਠੇ ਪਹਿਰ ਇਕ ਧਿਆਨ, ਏਕਾ ਲਿਵ ਰਖਾਇੰਦਾ। ਰਾਮ ਨਾਮ ਪੀਣ ਖਾਣ, ਕਾਇਆ ਤ੍ਰਿਪਤ ਕਰਾਇੰਦਾ। ਸਰ ਸਰੋਵਰ ਇਕ ਅਸ਼ਨਾਨ, ਦੁਰਮਤ ਮੈਲ ਧੁਵਾਇੰਦਾ। ਡੂੰਘੀ ਕਵਰੀ ਵੇਖੇ ਹਰਿ ਮਿਹਰਵਾਨ, ਆਪ ਆਪਣਾ ਨੈਣ ਉਠਾਇੰਦਾ। ਦੇਵੇ ਸ਼ਬਦ ਸਚ ਬਬਾਨ, ਗੁਰਮੁਖ ਸਾਚੇ ਆਪ ਚੜ੍ਹਾਇੰਦਾ। ਅਨਹਦ ਮੰਗਲ ਸਾਰੇ ਗਾਨ, ਗਹਿਰ ਗੰਭੀਰ ਆਪ ਸੁਣਾਇੰਦਾ। ਬਜਰ ਕਪਾਟੀ ਤੋੜ ਤੁੜਾਨ, ਦੂਈ ਦਵੈਤੀ ਕੁੰਡਾ ਲਾਹਿੰਦਾ। ਆਪੇ ਮੇਟੇ ਪੰਜ ਸ਼ੈਤਾਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਜਗਤ ਤ੍ਰਿਸਨਾ ਸਰਬ ਮਿਟ ਜਾਣ, ਜਿਸ ਜਨ ਆਪਣਾ ਦਰਸ ਦਿਖਾਇੰਦਾ। ਮੇਲ ਮਿਲਾਵਾ ਸਾਚੇ ਕਾਹਨ, ਸਾਚਾ ਸੱਯਾ ਨਜ਼ਰੀ ਆਇੰਦਾ। ਕਾਇਆ ਮੰਦਰ ਸਚ ਮਕਾਨ, ਘਰ ਘਰ ਵਿਚ ਆਸਣ ਲਾਇੰਦਾ। ਆਤਮ ਸੇਜਾ ਹਰਿ ਭਗਵਾਨ, ਜੋਤੀ ਨੂਰ ਡਗਮਗਾਇੰਦਾ। ਗੁਰਮੁਖਾਂ ਕਰੇ ਆਪ ਪਛਾਨ, ਚਤੁਰਭੁਜ ਆਪਣੀ ਭੁਜ ਉਠਾਇੰਦਾ। ਦੇਵੇ ਦਰਸ ਦਰ ਮਹਾਨ, ਦਰਦ ਦੁੱਖ ਗਵਾਇੰਦਾ। ਦੋ ਜਹਾਨੀ ਨਿਗਹਬਾਨ, ਵਿਛੜ ਕਦੇ ਨਾ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਵੇਸ ਵਟਾਇੰਦਾ। ਆਦਿ ਜੁਗਾਦੀ ਵੇਸ ਵਟਾਇਆ, ਕਲਜੁਗ ਵੱਜੀ ਵਧਾਈਆ। ਚਾਰੋਂ ਕੁੰਟਾਂ ਫੇਰਾ ਪਾਇਆ, ਦਹਿ ਦਿਸ਼ਾ ਵੇਖ ਵਖਾਈਆ। ਮਨ ਮਤ ਰਹੀ ਕੁਰਲਾਇਆ, ਉਚੀ ਕੂਕੇ ਦਏ ਦੁਹਾਈਆ। ਜੂਠ ਝੂਠ ਮੱਠ ਤਪਾਇਆ, ਮਾਇਆ ਮਮਤਾ ਅਗਨੀ ਡਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਫਿਰੇ ਹਲਕਾਇਆ, ਘਰ ਘਰ ਅਲੱਖ ਜਗਾਈਆ। ਵਰਨ ਅਵਰਨਾਂ ਭੇੜ ਭੜਾਇਆ, ਦਿਵਸ ਰੈਣ ਰਹੇ ਲੜਾਈਆ। ਸਾਧਾਂ ਸੰਤਾਂ ਹਠ ਗਵਾਇਆ, ਜਤ ਸਤ ਨਾ ਕੋਇ ਵਖਾਈਆ। ਤੀਰਥ ਤੱਟਾਂ ਵੇਸਵਾ ਘਰ ਬਣਾਇਆ, ਨਾਰੀ ਪੁਰਸ਼ ਨੰਗੇ ਰਹੇ ਤਾਰੀਆ ਲਾਈਆ। ਗੁਰਦਵਾਰੇ ਸ਼ਿਵਦਵਾਲੇ ਮੰਦਰ ਮੱਠ ਏਕਾ ਮਨ ਨਾ ਕਿਸੇ ਬੰਧਾਇਆ, ਮਨ ਮਮਤਾ ਕਰੇ ਚਤੁਰਾਈਆ। ਪੰਡਤ ਪਾਂਧੇ ਮਸਤਕ ਤਿਲਕ ਲਲਾਟ ਲਗਾਇਆ, ਜੋਤ ਲਲਾਟ ਨਜ਼ਰ ਨਾ ਆਈਆ। ਮੁੱਲਾਂ ਸ਼ੇਖ਼ ਬਗ਼ਲ ਕੁਰਾਨ ਉਠਾਇਆ, ਸਚ ਹਦੀਸ ਨਾ ਕੋਇ ਪੜ੍ਹਾਈਆ। ਵੇਦ ਪੁਰਾਨਾਂ ਰਸਨਾ ਗਾਇਆ, ਪਾਰਬ੍ਰਹਮ ਮਿਲੀ ਨਾ ਸਚ ਸਰਨਾਈਆ। ਨਾਨਕ ਬਾਣੀ ਰਸਨ ਅਲਾਇਆ, ਰਸਨਾ ਰਸ ਨਾ ਕੋਇ ਵਖਾਈਆ। ਪੰਜ ਤੱਤ ਨਾ ਅਗਨੀ ਕੋਇ ਬੁਝਾਇਆ, ਧੂੰਆਂਧਾਰ ਸ੍ਰਿਸ਼ਟ ਸਬਾਈਆ। ਬ੍ਰਹਮ ਮਤ ਨਾ ਕੋਇ ਸਮਝਾਇਆ, ਏਕਾ ਰੂਪ ਨਾ ਕੋਇ ਦਰਸਾਈਆ। ਆਤਮ ਸਾਚੇ ਵਤ ਹਰਿ ਕਾ ਨਾਮ ਬੀਜ ਨਾ ਕਿਸੇ ਬਿਜਾਇਆ, ਲੱਖ ਚੁਰਾਸੀ ਜੂਠ ਝੂਠ ਕਰੇ ਕੁੜਮਾਈਆ। ਨੇਤਰ ਤੀਜਾ ਨੈਣ ਨਾ ਕਿਸੇ ਖੁਲ੍ਹਾਇਆ, ਦੋਏ ਲੋਚਣ ਮੁਖ ਟਿਕਾਈਆ। ਚੌਥੇ ਪਦ ਨਾ ਕੋਇ ਸਮਾਇਆ, ਘਰ ਮਿਲਿਆ ਨਾ ਸਾਚਾ ਮਾਹੀਆ। ਪੰਚਮ ਸ਼ਬਦ ਧੁਨ ਅਨਾਦ ਕਾਇਆ ਮੰਦਰ ਅੰਦਰ ਨਾ ਕਿਸੇ ਵਜਾਇਆ, ਢੋਲਕ ਛੈਣੇ ਰਹੇ ਖੜਕਾਈਆ। ਬਜਰ ਕਪਾਟੀ ਜਿੰਦਾ ਨਾ ਕਿਸੇ ਤੁੜਾਇਆ, ਉਚੇ ਮੰਦਰ ਰਹੇ ਢਾਹੀਆ। ਮਨ ਬੰਦਰ ਬੰਨ ਨਾ ਕਿਸੇ ਵਖਾਇਆ, ਗੋਰਖ ਮਛੰਦਰ ਰਹੇ ਧਿਆਈਆ। ਡੂੰਘੀ ਕੰਦਰ ਹਰਿ ਕਾ ਦੀਪ ਨਾ ਕਿਸੇ ਜਗਾਇਆ, ਕਲਜੁਗ ਕੂੜੀ ਕਰੀ ਰੁਸ਼ਨਾਈਆ। ਸਤਿ ਸਰੂਪ ਨਾ ਦਰਸ਼ਨ ਪਾਇਆ, ਮੇਲ ਮਿਲਾਵਾ ਨਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦਿ ਜੁਗ ਜੁਗ ਆਪਣੀ ਧਾਰ ਚਲਾਈਆ। ਆਪਣੀ ਧਾਰ ਆਪ ਚਲਾਏ, ਏਕਾ ਏਕਉਂਕਾਰਿਆ। ਜੁਗਾ ਜੁਗੰਤਰ ਵੇਸ ਵਟਾਏ, ਖੇਲੇ ਖੇਲ ਅਗੰਮ ਅਪਾਰਿਆ। ਸਤਿਜੁਗ ਤ੍ਰੇਤਾ ਪਾਰ ਲੰਘਾਏ, ਤੋੜਨਹਾਰਾ ਗੜ੍ਹ ਹੰਕਾਰਿਆ। ਦੁਆਪਰ ਤੇਰਾ ਲੇਖ ਚੁਕਾਏ, ਰਥ ਰਥਵਾਹੀ ਬਣ ਮੁਰਾਰਿਆ। ਕਲਜੁਗ ਅੰਤਮ ਵੇਖ ਵਖਾਏ, ਸੰਗ ਮੁਹੰਮਦ ਚਾਰ ਯਾਰਿਆ। ਨਾਨਕ ਗੋਬਿੰਦ ਲੇਖ ਲਿਖਾਏ, ਲਿਖਿਆ ਲੇਖ ਨਾ ਕੋਇ ਮਿਟਾ ਰਿਹਾ। ਨਿਰਗੁਣ ਨੂਰ ਨੂਰ ਡਗਮਗਾਏ, ਜੋਤੀ ਜਾਮਾ ਭੇਸ ਵਟਾ ਰਿਹਾ। ਸ਼ਬਦ ਡੰਕਾ ਇਕ ਵਜਾਏ, ਨਾ ਦੂਸਰ ਕਿਸੇ ਹੱਥ ਫੜਾ ਰਿਹਾ। ਰਾਓ ਰੰਕਾਂ ਆਪ ਉਠਾਏ, ਸ਼ਾਹ ਸੁਲਤਾਨਾਂ ਆਪ ਹਲਾ ਰਿਹਾ। ਦੋ ਜਹਾਨਾਂ ਖੇਲ ਖਲਾਏ, ਭੇਵ ਅਭੇਦਾ ਭੇਵ ਛੁਪਾ ਰਿਹਾ। ਗੁਰਮੁਖ ਸਾਜਣ ਆਪ ਜਗਾਏ, ਆਪ ਆਪਣੀ ਦਇਆ ਕਮਾ ਰਿਹਾ। ਕੋਟਾਂ ਵਿਚੋਂ ਕੋਈ ਪਰਗਟਾਏ, ਅਲਖ ਅਲਖਨਾ ਨਾਉਂ ਧਰਾ ਰਿਹਾ। ਜੁਗ ਜੁਗ ਵਿਛੜੇ ਮੇਲ ਮਿਲਾਏ, ਜਗਤ ਵਿਛੋੜਾ ਆਪ ਕਟਾ ਰਿਹਾ। ਸੱਸੇ ਉਪਰ ਹੋੜਾ ਏਕਾ ਲਾਏ, ਨਿਰਗੁਣ ਸਰਗੁਣ ਵੇਖ ਵਖਾ ਰਿਹਾ। ਹੰ ਬ੍ਰਹਮ ਪ੍ਰਭ ਮੇਲ ਮਿਲਾਏ, ਪਾਰਬ੍ਰਹਮ ਪ੍ਰਭ ਜੋਤ ਜਗਾ ਰਿਹਾ। ਸੋਹੰ ਰੂਪ ਪ੍ਰਭ ਨਜ਼ਰੀ ਆਏ, ਓਅੰ ਰੂਪ ਆਪ ਅਖਵਾ ਰਿਹਾ। ਨਾਮ ਸਤਿ ਸਤਿ ਆਪ ਵਰਤਾਏ, ਨੌ ਖੰਡ ਏਕਾ ਨਾਅਰਾ ਲਾ ਰਿਹਾ। ਕਰਤਾ ਪੁਰਖ ਆਪਣੀ ਕਰਨੀ ਕਰ ਵਖਾਏ, ਨਾ ਕੋਈ ਮੇਟੇ ਮੇਟ ਮਿਟਾ ਰਿਹਾ। ਅਕਾਲ ਮੂਰਤ ਇਕ ਦਰਸਾਏ, ਏਕਾ ਨਜ਼ਰੀ ਆ ਰਿਹਾ। ਜੂਨੀ ਰਹਿਤ ਭੇਵ ਨਾ ਰਾਏ, ਵੇਦ ਕਤੇਬ ਨਾ ਕੋਇ ਜਣਾ ਰਿਹਾ। ਖਾਣੀ ਬਾਣੀ ਆਪ ਉਪਾਏ, ਆਪਣੀ ਸ਼ਬਦੀ ਧਾਰ ਬੰਨਾ ਰਿਹਾ। ਆਪਣਾ ਲੇਖਾ ਆਪ ਜਣਾਏ, ਲੇਖਾ ਲਿਖਣਹਾਰ ਆਪ ਅਖਵਾ ਰਿਹਾ। ਦਸ ਦਸਮੇਸਾ ਨਾਉਂ ਰਖਾਏ, ਦਰ ਦਰਵੇਸ਼ਾ ਅਲਖ ਜਗਾ ਰਿਹਾ। ਧਾਰੀ ਕੇਸਾ ਆਪ ਤਰਾਏ, ਮੂੰਡ ਮੁੰਡਾਏ ਗਲੇ ਲਗਾ ਰਿਹਾ। ਮੁਸਲਿਮ ਹਿੰਦੂ ਸਿਖ ਈਸਾਈ ਨਾ ਕੋਇ ਜਣਾਏ, ਜੋ ਜਨ ਰਸਨਾ ਗਾਏ, ਕਰ ਕਿਰਪਾ ਪਾਰ ਕਰਾ ਰਿਹਾ। ਏਕਾ ਇਸ਼ਟ ਸਰਬ ਸਮਝਾਏ, ਰਾਮ ਕ੍ਰਿਸ਼ਨ ਰੂਪ ਅਵਤਾਰਿਆ। ਈਸਾ ਮੂਸਾ ਨੂਰ ਉਪਾਏ, ਏਕ ਰੂਪ ਦਰਸਾ ਰਿਹਾ। ਸਚ ਮੁਹੰਮਦ ਵੇਸ ਵਟਾਏ, ਹੱਕ ਹਕੀਕਤ ਮੇਲ ਮਿਲਾ ਰਿਹਾ। ਲਾਸ਼ਰੀਕ ਇਕ ਖੁਦਾਏ, ਮਹਿਬਾਨ ਬੀਦੋ ਨਾਮ ਧਰਾ ਲਿਆ। ਨਾਨਕ ਮੰਤਰ ਇਕ ਦ੍ਰਿੜਾਏ, ਏਕਾ ਨਾਮ ਜਪਾ ਲਿਆ। ਗੋਬਿੰਦ ਫ਼ਤਿਹ ਇਕ ਗਜਾਏ, ਵਾਹ ਵਾ ਗੁਰੂ ਮਨਾ ਲਿਆ। ਸਭ ਦਾ ਦਾਤਾ ਬੇਪਰਵਾਹੇ, ਆਦਿ ਪੁਰਖ ਆਪ ਅਖਵਾ ਲਿਆ। ਜੁਗ ਜੁਗ ਆਪਣਾ ਵੇਸ ਵਟਾਏ, ਆਪ ਆਪਣਾ ਰੂਪ ਵਟਾ ਲਿਆ। ਕਲਜੁਗ ਅੰਤਮ ਵੇਸ ਵਟਾਏ, ਨਿਹਕਲੰਕ ਹਰਿ ਅਖਵਾ ਰਿਹਾ। ਵਾਸੀ ਪੁਰੀ ਘਨਕਾ ਘਰ ਸਾਚੇ ਡੇਰਾ ਲਾਏ, ਲੋਕਮਾਤ ਆਪ ਤਜਾ ਲਿਆ। ਪੰਜ ਤੱਤ ਖ਼ਾਕੀ ਖ਼ਾਕ ਮਿਲਾਏ, ਮਨਮੁਖਾਂ ਸਿਰ ਛਾਰ ਪਾ ਲਿਆ। ਗੁਰਮੁਖਾਂ ਤਾਕੀ ਆਪ ਖੁਲ੍ਹਾਏ, ਆਪਣਾ ਪੜਦਾ ਆਪ ਲਾਹ ਲਿਆ। ਸੱਚਾ ਸਾਕੀ ਅੰਮ੍ਰਿਤ ਜਾਮ ਪਿਆਏ, ਮਦਿਰਾ ਮਾਸ ਗਵਾ ਲਿਆ। ਬਾਂਕੀ ਚਾਲ ਇਕ ਰਖਾਏ, ਦੋ ਜਹਾਨਾਂ ਵੇਖ ਵਖਾ ਲਿਆ। ਕਲਜੁਗ ਅੰਤਮ ਆਕੀ ਕੋਈ ਰਹਿਣ ਨਾ ਪਾਏ, ਰਾਜ ਰਾਜਾਨਾਂ ਮੇਟ ਮਿਟਾ ਲਿਆ। ਹਰਿਜਨ ਤੇਰਾ ਲਹਿਣਾ ਦੇਣਾ ਬਾਕੀ ਆਪ ਚੁਕਾਏ, ਜੁਗ ਜੁਗ ਧਾਰ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਜੁਗਾਦੀ ਜੁਗ ਜੁਗ ਧਰਨੀ ਧਰਤ ਧਵਲ ਸੁਹਾ ਲਿਆ।