੧੮ ਚੇਤ ੨੦੧੬ ਬਿਕ੍ਰਮੀ ਕੁੰਦਨ ਸਿੰਘ ਦੇ ਘਰ ਮਾਲ ਚੱਕ ਦਇਆ ਹੋਈ ਜ਼ਿਲਾ ਅੰਮ੍ਰਿਤਸਰ
ਜਗਤ ਰੂਪ ਜਗਤ ਅੰਧੇਰਾ, ਜਗਤ ਕੁੰਡ ਸਮਾਈਆ। ਜਗਤ ਹਉਮੇ ਲੱਗਾ ਡੇਰਾ, ਭਰਮੀ ਗੜ੍ਹ ਵਡਿਆਈਆ। ਖੇਲੇ ਖੇਲ ਸੰਝ ਸਵੇਰਾ, ਸੁਬਹ ਸ਼ਾਮ ਨਾ ਕੋਇ ਜਣਾਈਆ। ਜਗਤ ਚੁਕਾਏ ਹੇਰਾ ਫੇਰਾ, ਆਪ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਗਲ ਆਪੇ ਗਾਈਆ। ਆਪਣਾ ਮੰਗਲ ਆਪੇ ਗਾ, ਆਪਣਾ ਦਰ ਸੁਹਾਇੰਦਾ। ਇਕਉਂਕਾਰਾ ਖੇਲ ਖਿਲਾ, ਪੂਰਬ ਵੇਖ ਵਖਾਇੰਦਾ। ਮਾਰੂ ਸੋਹਲੇ ਰਿਹਾ ਗਾ, ਘਰ ਸਾਜਨ ਦਿਸ ਨਾ ਆਇੰਦਾ । ਪਿਛਲਾ ਲੇਖਾ ਪੂਰਾ ਦਏ ਕਰਾ, ਅੱਗੇ ਮਾਰਗ ਲਾਇੰਦਾ। ਕੁੱਲੀ ਕੱਖਾਂ ਦਏ ਸੁਹਾ, ਕਖੋਂ ਲੱਖ ਵਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖ ਤੇਰਾ ਬੋਲਾ ਆਪ ਪਰਨਾਇੰਦਾ। ਬੋਲਿਆ ਬੋਲ ਰਸਨ ਜੈਕਾਰ, ਹਰਿ ਸਾਚਾ ਪੂਰ ਕਰਾਈਆ। ਭੁੱਲ ਨਾ ਰਹੇ ਵਿਚ ਸੰਸਾਰ, ਆਪਣਾ ਸੋਹਲਾ ਆਪੇ ਗਾਈਆ। ਗੁਰ ਗੁਰ ਬਾਣੀ ਕਰ ਵਿਚਾਰ, ਗੁਰ ਗੋਝ ਭੇਵ ਖੁਲ੍ਹਾਈਆ। ਨਾਨਕ ਅਰਜਨ ਇਕ ਪਿਆਰ, ਏਕਾ ਰੰਗ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਬਣਤ ਬਣਾਈਆ। ਮਾਰੂ ਸੋਹਲੇ ਹਰਿ ਹਰਿ ਗਾਏ, ਘਰ ਸਾਚਾ ਹਰਿ ਸੁਹੰਜਣਾ। ਚਾਰ ਦੀਵਾਰ ਰਹੀ ਕੁਰਲਾਏ, ਦਰ ਆਇਆ ਦਰਦ ਦੁੱਖ ਭੈ ਭੰਜਨਾ। ਖ਼ਾਕੀ ਖ਼ਾਕ ਨੇਤਰ ਨੀਰ ਰਹੀ ਵਹਾਏ, ਹਰਿ ਪਾਇਆ ਨੇਤਰ ਅੰਜਨਾ। ਊਚਾ ਬੋਲਾ ਜਨ ਜਣਾਏ, ਪੂਰਾ ਕਰੇ ਕਰਾਏ ਕਰ ਕਿਰਪਾ ਪੜਦਾ ਕੱਜਣਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਸਾਚਾ ਵਰ, ਆਪ ਤਜਾਏ ਲੋਕ ਲੱਜਣਾ। ਲੋਕ ਲਾਜ ਤਜ ਕੇ ਆਇਆ, ਨਿਰਗੁਣ ਜੋਤ ਨੂਰ ਨਿਰੰਕਾਰ। ਸੋਹੰ ਢੋਲਾ ਏਕਾ ਗਾਇਆ, ਵਾਹਿਗੁਰੂ ਫਤਿਹ ਇਕ ਜੈਕਾਰ। ਨਾਨਕ ਤੋਲਾ ਤੋਲ ਤੁਲਾਇਆ, ਤੋਲੇ ਸਰਬ ਸੰਸਾਰ। ਗੋਬਿੰਦ ਡੋਲਾ ਆਪ ਉਠਾਇਆ, ਗੁਰਮੁਖ ਚੁੱਕੇ ਭਾਰ। ਹਉਮੇ ਬੋਲਾ ਦਏ ਤਜਾਇਆ, ਬਖ਼ਸ਼ੇ ਚਰਨ ਪਿਆਰ। ਦੂਈ ਦਵੈਤੀ ਘਰੋਂ ਬਾਹਿਰ ਕਢਾਇਆ, ਘਰ ਵਸਿਆ ਨਿਰੰਕਾਰ। ਜੁਗ ਵਿਛੜਿਆ ਮੇਲ ਮਿਲਾਇਆ, ਮਿਲਿਆ ਮੀਤ ਮੁਰਾਰ। ਨਾਮ ਕੁਠਾਲੀ ਏਕਾ ਪਾਇਆ, ਕੁੰਦਨ ਸਵਰਨ ਵੇਖ ਅਪਾਰ। ਸਿੰਘ ਸਰੂਪ ਗੁਰ ਦਰਸ ਵਖਾਇਆ, ਭੈ ਭਿਆਨਕ ਦਏ ਨਵਾਰ। ਅਚਨ ਅਚਾਨਕ ਫੇਰਾ ਪਾਇਆ, ਦੇਵਤ ਸੁਰ ਸੇਵਾਦਾਰ। ਭੇਖਾਧਾਰੀ ਵੇਸ ਵਟਾਇਆ, ਦਰੋਹੀ ਫਿਰੇ ਜੰਗਲ ਜੂਹ ਉਜਾੜ ਪਹਾੜ। ਸਾਚਾ ਪਾਂਧੀ ਆਪਣਾ ਪੰਧ ਰਿਹਾ ਮੁਕਾਇਆ, ਕਿਰਪਾ ਕਰ ਆਪ ਨਿਰੰਕਾਰ। ਮਨ ਮਮਤਾ ਬਾਂਧੀ ਰਿਹਾ ਫਿਰਾਇਆ, ਗਲੀ ਕੂਚੇ ਦਏ ਹਲਾਰ। ਸਵਾਂਗੀ ਆਪਣਾ ਸਵਾਂਗ ਵਰਤਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵੇ ਆਪਣਾ ਵਰ, ਵੇਖ ਵਖਾਏ ਏਕਾ ਧਾਰ।
