Granth 08 Likhat 066: 20 Chet 2016 Bikarmi Dalip Singh de Ghar Pind GagoBua Jila Amritsar

੨੦ ਚੇਤ ੨੦੧੬ ਬਿਕ੍ਰਮੀ ਦਲੀਪ ਸਿੰਘ ਦੇ ਘਰ ਪਿੰਡ ਗਗੋਬੂਆ ਜ਼ਿਲਾ ਅੰਮ੍ਰਿਤਸਰ

ਨਿਰਗੁਣ ਜੋਤ ਹਰਿ ਭਗਵਾਨ, ਏਕਉਂਕਾਰ ਆਦਿ ਜੁਗਾਦਿਆ। ਸਤਿ ਸਰੂਪ ਖੇਲ ਮਹਾਨ, ਖੇਲੇ ਖੇਲ ਵਿਚ ਬ੍ਰਹਿਮਾਦਿਆ। ਇਕ ਉਪਾਏ ਸਚ ਨਿਸ਼ਾਨ, ਨਾਮ ਵਜਾਏ ਸਾਚਾ ਨਾਦਿਆ। ਥਿਰ ਘਰ ਵਸੇ ਸਚ ਮਕਾਨ, ਆਪ ਆਪਣਾ ਸਾਜਣ ਸਾਜਿਆ। ਖੇਲੇ ਖੇਲ ਦੋ ਜਹਾਨ, ਆਪ ਰਚਾਏ ਆਪਣਾ ਕਾਜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਰੱਖੇ ਆਪਣੀ ਲਾਜਿਆ। ਆਦਿ ਪੁਰਖ ਹਰਿ ਨਿਰੰਕਾਰਾ, ਹਰੀ ਹਰਿ ਆਪ ਅਖਵਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜੋਤ ਡਗਮਗਾਈਆ। ਸ਼ਬਦ ਅਗੰਮੀ ਸਚ ਧੁਨਕਾਰਾ, ਧੁਨ ਅਨਾਦੀ ਆਪ ਉਪਾਈਆ। ਲੋਆਂ ਪੁਰੀਆਂ ਕਰ ਪਸਾਰਾ, ਸ਼ਬਦ ਸਿੰਘਾਸਣ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਖੇਲ ਖਿਲਾਈਆ। ਏਕਉਂਕਾਰਾ ਹਰਿ ਰਘੁਨਾਥ, ਅਕਲ ਕਲਾ ਅਖਵਾਇੰਦਾ। ਜੁਗ ਜੁਗੰਤਰ ਆਪ ਚਲਾਏ ਆਪਣਾ ਰਾਥ, ਰਥ ਰਥਵਾਹੀ ਆਪ ਅਖਵਾਇੰਦਾ। ਹਰਿ ਨਾਮ ਚਲਾਏ ਸਾਚੀ ਗਾਥ, ਆਪ ਆਪਣਾ ਨਾਉਂ ਧਰਾਇੰਦਾ। ਆਪ ਨਿਭਾਏ ਆਪਣਾ ਸਾਥ, ਸਗਲਾ ਸੰਗ ਆਪ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਬਿਨਾਸ਼ੀ ਆਪ ਅਖਵਾਇੰਦਾ। ਪੁਰਖ ਅਬਿਨਾਸ਼ੀ ਪਾਰਬ੍ਰਹਮ, ਨਾ ਮਰੇ ਨਾ ਜਾਈਆ। ਆਪਣੀ ਅਣਸ ਏਕਾ ਬ੍ਰਹਮ, ਆਪੇ ਰਿਹਾ ਉਪਾਈਆ। ਆਪ ਜਣਾਏ ਆਪਣਾ ਕਰਮ, ਕਰਨੀ ਕਰਤਾ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਦਿ ਨਿਰੰਜਣ ਵੇਸ ਵਟਾਈਆ। ਆਦਿ ਨਿਰੰਜਣ ਪੁਰਖ ਬਿਧਾਤਾ, ਏਕਾ ਏਕ ਅਖਵਾਇੰਦਾ। ਆਪਣਾ ਬੰਨੇ ਆਪੇ ਨਾਤਾ, ਆਪੇ ਜੋੜ ਜੁੜਾਇੰਦਾ। ਆਪੇ ਪਿਤਾ ਆਪੇ ਮਾਤਾ, ਬਾਲ ਰੂਪ ਆਪ ਅਖਵਾਇੰਦਾ। ਆਪੇ ਜਾਣੇ ਆਪਣੀ ਜ਼ਾਤਾ, ਵਰਨ ਗੋਤ ਨਾ ਕੋਇ ਰਖਾਇੰਦਾ। ਬੈਠਾ ਰਹੇ ਇਕ ਇਕਾਂਤਾ, ਆਪਣੀ ਕਲ ਵਰਤਾਇੰਦਾ। ਆਪਣਾ ਖੋਲ੍ਹ ਆਪੇ ਤਾਕਾ, ਸਚਖੰਡ ਦਵਾਰਾ ਇਕ ਸੁਹਾਇੰਦਾ। ਆਪੇ ਸੱਜਣ ਆਪੇ ਸਾਕਾ, ਸਾਕ ਸੈਣ ਆਪ ਅਖਵਾਇੰਦਾ। ਆਪ ਆਪਣਾ ਬਣੇ ਰਾਖਾ, ਆਪਣੀ ਸੇਵਾ ਆਪ ਕਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਨੂਰ ਉਪਾਇੰਦਾ। ਨੂਰ ਅਕਾਲਾ ਜੋਤ ਅਕਾਲੀ, ਹਰਿ ਆਪਣੀ ਆਪ ਉਪਾਈਆ। ਆਦਿ ਜੁਗਾਦੀ ਖੇਲ ਨਿਰਾਲੀ, ਜੁਗ ਕਰਤਾ ਵੇਸ ਵਟਾਈਆ। ਜੁਗ ਜੁਗੰਤਰ ਚਲੇ ਚਾਲੀ, ਭੇਵ ਅਭੇਦਾ ਭੇਵ ਛੁਪਾਈਆ। ਦਰਗਹਿ ਸਾਚੀ ਸਾਚਾ ਮਾਲੀ, ਲੱਖ ਚੁਰਾਸੀ ਬੂਟਾ ਲਾਈਆ। ਆਪੇ ਬ੍ਰਹਮਾ ਵਿਸ਼ਨ ਸ਼ਿਵ ਕਰੇ ਸੁਵਾਲੀ, ਆਪਣੀ ਭਿਛਿਆ ਆਪੇ ਪਾਈਆ। ਆਪੇ ਤ੍ਰੈਗੁਣ ਕਰਾ ਦਲਾਲੀ, ਪੰਜ ਤੱਤ ਆਪ ਵਿਕਾਈਆ। ਆਪੇ ਪਾਏ ਆਪਣਾ ਜੰਜਾਲੀ, ਆਪੇ ਤੋੜ ਤੁੜਾਈਆ। ਆਪੇ ਆਪਣੇ ਹੱਥਾਂ ਰੱਖੇ ਖ਼ਾਲੀ, ਨਾਮ ਧਨ ਇਕ ਛੁਪਾਈਆ। ਆਪਣਾ ਅੰਮ੍ਰਿਤ ਆਪੇ ਮਾਰ ਉਛਾਲੀ, ਸਰ ਸਰੋਵਰ ਆਪ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਖੇਲ ਖਿਲਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਏਕਾ ਰੂਪ ਸਮਾਇੰਦਾ। ਪਾਰਬ੍ਰਹਮ ਪ੍ਰਭ ਗੁਰ ਅਵਤਾਰਾ, ਲੋਕਮਾਤ ਵੇਸ ਵਟਾਇੰਦਾ। ਨਿਰਗੁਣ ਸਰਗੁਣ ਕਰ ਪਿਆਰਾ, ਜੋਤੀ ਜੋਤ ਡਗਮਗਾਇੰਦਾ। ਆਪ ਆਪਣਾ ਕਰ ਪਸਾਰਾ, ਹਰਿ ਆਪੇ ਵੇਖ ਵਖਾਇੰਦਾ। ਆਪ ਆਪਣੀ ਬੰਨੇ ਧਾਰਾ, ਆਪੇ ਮਾਰਗ ਲਾਇੰਦਾ। ਆਪ ਆਪਣਾ ਕਰੇ ਵਣਜ ਵਪਾਰਾ, ਆਪ ਆਪਣਾ ਹੱਟ ਖੁਲ੍ਹਾਇੰਦਾ। ਆਪੇ ਹਰਿ ਹਰਿ ਨਾਮ ਬਣੇ ਵਰਤਾਰਾ, ਹਰਿ ਨਾਮਾ ਆਪ ਵਰਤਾਇੰਦਾ। ਆਪੇ ਭਗਤਾਂ ਮੀਤਾ ਮੀਤ ਮੁਰਾਰਾ, ਭਗਤ ਭਗਵੰਤ ਵੇਖ ਵਖਾਇੰਦਾ। ਆਪੇ ਸੰਤਨ ਦੇਵੇ ਸਚ ਹੁਲਾਰਾ, ਸ਼ਬਦ ਹੁਲਾਰਾ ਇਕ ਰਖਾਇੰਦਾ। ਆਪੇ ਹਰਿਜਨ ਸਾਚਾ ਕਰੇ ਪਿਆਰਾ, ਸਵੱਛ ਸਰੂਪੀ ਦਰਸ ਦਿਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਉਂਕਾਰਾ ਖੇਲ ਖਿਲਾਇੰਦਾ। ਏਕਉਂਕਾਰਾ ਨਰ ਨਰਾਇਣ, ਨਰ ਨਰਾਇਣ ਅਖਵਾਈਆ। ਆਪੇ ਵੇਖੇ ਆਪਣੇ ਨੈਣ, ਦੂਸਰ ਦਿਸ ਕਿਸੇ ਨਾ ਆਈਆ। ਆਪ ਚੁਕਾਏ ਆਪਣਾ ਲਹਿਣ ਦੇਣ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਜੋਤ ਕਰੇ ਰੁਸ਼ਨਾਈਆ। ਜੋਤ ਉਜਿਆਰੀ ਹਰਿ ਨਿਰੰਕਾਰੀ, ਏਕਾ ਰੂਪ ਦਰਸਾਇਆ। ਪਾਵੇ ਸਾਰ ਰਵ ਸਸ ਸਤਾਰੀ, ਮੰਡਲ ਮੰਡਪ ਵੇਖ ਵਖਾਇਆ। ਬ੍ਰਹਮਾ ਵਿਸ਼ਨ ਸ਼ਿਵ ਨੇਤਰ ਨੈਣ ਰਿਹਾ ਉਘਾੜੀ, ਆਪ ਆਪਣੀ ਦਇਆ ਕਮਾਇਆ। ਆਪੇ ਲੱਖ ਚੁਰਾਸੀ ਕਰ ਪਸਾਰੀ, ਆਪੇ ਮੁਖ ਛੁਪਾਇਆ। ਆਪੇ ਜਨ ਭਗਤਾਂ ਦੇਵੇ ਨਾਮ ਖੁਮਾਰੀ, ਦਿਵਸ ਰੈਣ ਏਕਾ ਰੰਗ ਰੰਗਾਇਆ। ਆਪੇ ਵੇਖੇ ਕਾਇਆ ਮੰਦਰ ਡੂੰਘੀ ਕੰਦਰ ਰੈਣ ਅੰਧਿਆਰੀ, ਆਪ ਆਪਣਾ ਆਸਣ ਲਾਇਆ। ਆਪੇ ਜੋਤ ਨਿਰੰਜਣ ਕਰ ਉਜਿਆਰੀ, ਆਪ ਆਪਣਾ ਰੂਪ ਦਰਸਾਇਆ। ਆਪੇ ਅਨਹਦ ਸ਼ਬਦ ਸੱਚੀ ਧੁਨਕਾਰੀ, ਤਾਲ ਤਲਵਾੜਾ ਆਪ ਵਜਾਇਆ। ਆਪੇ ਅੰਮ੍ਰਿਤ ਆਤਮ ਸਰ ਸਰੋਵਰ ਠੰਡੀ ਠਾਰੀ, ਨਾਮ ਪਿਆਲਾ ਆਪ ਪਿਆਇਆ। ਆਪੇ ਦੁਰਮਤ ਮੈਲ ਰਿਹਾ ਉਤਾਰੀ, ਏਕਾ ਰੰਗਣ ਰੰਗ ਰੰਗਾਇਆ। ਆਪੇ ਗੁਰਮੁਖਾਂ ਫਿਰੇ ਪਿੱਛੇ ਅਗਾੜੀ, ਜੁਗ ਜੁਗ ਸੇਵ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰਨੇਹਾਰ ਆਪ ਅਖਵਾਇਆ। ਕਰਨੇਹਾਰ ਹਰਿ ਭਗਵੰਤ, ਭਗਵਨ ਵਡ ਵਡਿਆਈਆ। ਜੁਗ ਜੁਗ ਮੇਲਾ ਸਾਚੇ ਸੰਤ, ਸੰਤ ਸਾਜਣ ਆਪ ਉਠਾਈਆ। ਮਨਮੁਖਾਂ ਮਾਇਆ ਪਾਏ ਬੇਅੰਤ, ਗੂੜ੍ਹੀ ਨੀਂਦ ਸਵਾਈਆ। ਗੁਰਮੁਖ ਮੇਲਾ ਨਾਰੀ ਕੰਤ, ਆਤਮ ਸੇਜਾ ਇਕ ਸੁਹਾਈਆ। ਕਾਇਆ ਚੋਲੀ ਚਾੜ੍ਹੇ ਰੰਗ ਬਸੰਤ, ਉਤਰ ਕਦੇ ਨਾ ਜਾਈਆ। ਤੋੜੇ ਗੜ੍ਹ ਹਉਮੇ ਹੰਗਤ, ਦੂਈ ਦਵੈਤੀ ਦਏ ਮਿਟਾਈਆ। ਮਨਮੁਖ ਜੀਵ ਭੁੱਖੇ ਨੰਗਤ, ਦਰ ਦਰ ਦਏ ਦੁਰਕਾਈਆ। ਪਾਰਬ੍ਰਹਮ ਤੇਰੀ ਸਾਚੀ ਸੰਗਤ, ਤੇਰੇ ਰੂਪ ਸਮਾਈਆ। ਗੁਰਮੁਖ ਅੰਗ ਲਗਾਏ ਜਿਉਂ ਨਾਨਕ ਅੰਗਦ, ਅੰਗੀਕਾਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਈਆ। ਨਿਰਗੁਣ ਮੇਲਾ ਸਰਗੁਣ ਧਾਰ, ਸ਼ਬਦੀ ਸ਼ਬਦ ਉਪਾਇਆ। ਨਿਰਗੁਣ ਜੋਤੀ ਕਰ ਉਜਿਆਰ, ਸਰਗੁਣ ਦੀਵਾ ਆਪ ਜਗਾਇਆ। ਨਿਰਗੁਣ ਕਮਲਾਪਾਤੀ ਕੰਤ ਭਤਾਰ, ਸਰਗੁਣ ਨਾਰੀ ਲਏ ਪਰਨਾਇਆ। ਨਿਰਗੁਣ ਬੂੰਦ ਸਵਾਂਤੀ ਠੰਡੀ ਠਾਰ, ਸਰਗੁਣ ਕਵਲਾ ਮੁਖ ਚੁਆਇਆ। ਨਿਰਗੁਣ ਖੋਲ੍ਹੇ ਬੰਦ ਤਾਕੀ ਬੰਦ ਕਿਵਾੜ, ਸਰਗੁਣ ਦੂਈ ਦਵੈਤੀ ਪੜਦਾ ਲਾਹਿਆ। ਨਿਰਗੁਣ ਜੋਤ ਪਰਕਾਸ਼ ਕਰੇ ਬਹੱਤਰ ਨਾੜ, ਸਰਗੁਣ ਅੰਧ ਅੰਧੇਰ ਮਿਟਾਇਆ। ਨਿਰਗੁਣ ਮੇਟ ਮਿਟਾਏ ਪੰਚਮ ਧਾੜ, ਸਰਗੁਣ ਸਾਚੀ ਬੂਝ ਬੁਝਾਇਆ। ਦੋਹਾਂ ਵਿਚੋਲਾ ਸ਼ਬਦ ਸਿਕਦਾਰ, ਲੋਕਮਾਤ ਫੇਰਾ ਪਾਇਆ। ਆਵੇ ਜਾਵੇ ਵਿਚ ਸੰਸਾਰ, ਜੁਗ ਜੁਗ ਵੇਸ ਵਟਾਇਆ। ਬ੍ਰਹਮਾ ਵੇਦ ਪਾਏ ਨਾ ਸਾਰ, ਚਾਰੇ ਮੁਖ ਸਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਨਾਮ ਧਰਾਇਆ। ਜੁਗ ਜੁਗ ਆਪਣਾ ਨਾਮ ਧਰਾਏ, ਧਰਤੀ ਧਵਲ ਸੁਹਾਇੰਦਾ। ਨਾਮ ਨਿਧਾਨਾ ਹਰਿ ਭਗਵਾਨਾ ਇਕ ਵਖਾਏ, ਜਨ ਭਗਤਾਂ ਵੰਡ ਵੰਡਾਇੰਦਾ। ਧੁਰ ਫ਼ਰਮਾਨਾ ਆਪ ਸੁਣਾਏ, ਸ੍ਰਿਸ਼ਟ ਸਬਾਈ ਵੇਖ ਵਖਾਇੰਦਾ। ਨਾਦ ਤਰਾਨਾ ਇਕ ਵਜਾਏ, ਲੇਖਾ ਲੇਖ ਨਾ ਕੋਇ ਜਣਾਇੰਦਾ। ਗੁਰਮੁਖ ਸੋਏ ਆਪ ਉਠਾਏ, ਅਨਹਦ ਸੇਵਾ ਲਾਇੰਦਾ। ਅੰਦਰ ਮੰਦਰ ਮੇਲ ਮਿਲਾਏ, ਡੂੰਘੀ ਕੁੰਦਰ ਵੇਖ ਵਖਾਇੰਦਾ। ਮਨਮੁਖ ਬੰਦਰ ਰਿਹਾ ਨਚਾਏ, ਚਾਰੋਂ ਕੁੰਟ ਫਰਾਇੰਦਾ। ਨੌ ਦਵਾਰੇ ਕਰ ਹਲਕਾਏ, ਘਰ ਘਰ ਅਲੱਖ ਜਗਾਇੰਦਾ। ਜਨ ਭਗਤਾਂ ਸਚ ਸਰਨਾਏ, ਸਿਰ ਆਪਣਾ ਹੱਥ ਟਿਕਾਇੰਦਾ। ਪਾਰਬ੍ਰਹਮ ਪ੍ਰਭ ਅਗੰਮ ਅਥਾਹੇ, ਬੇਅੰਤ ਬੇਅੰਤ ਬੇਅੰਤ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣਾ ਵੇਸ ਵਟਾਇੰਦਾ। ਕਲਜੁਗ ਅੰਤਮ ਵੇਸ ਕਰ, ਸਤਿ ਸਰੂਪ ਸਮਾਇਆ। ਸਤਿਜੁਗ ਲੇਖਾ ਅੱਗੇ ਧਰ, ਆਪੇ ਵੇਖ ਵਖਾਇਆ। ਤ੍ਰੇਤਾ ਤ੍ਰੀਆ ਗਿਆ ਹਰ, ਰਾਮ ਨਾਮ ਦ੍ਰਿੜਾਇਆ। ਦੁਆਪਰ ਤੇਰਾ ਚੁੱਕਿਆ ਡਰ, ਕਾਹਨਾ ਕ੍ਰਿਸ਼ਨਾ ਵੇਖ ਵਖਾਇਆ। ਕਲਜੁਗ ਅੱਗੇ ਵੇਖੇ ਖੜ, ਆਪ ਆਪਣਾ ਰੂਪ ਵਟਾਇਆ। ਲੱਖ ਚੁਰਾਸੀ ਚਾਰ ਕੁੰਟ ਦਹਿ ਦਿਸ਼ਾ ਜੂਠ ਝੂਠ ਰਹੀ ਲੜ, ਸਚ ਸੁੱਚ ਨਾ ਕੋਇ ਵਖਾਇਆ। ਤ੍ਰੈਗੁਣ ਅਗਨੀ ਰਹੀ ਸੜ, ਪੰਜ ਤੱਤ ਜਲਾਇਆ। ਰਸਨਾ ਸਾਰੇ ਰਹੇ ਪੜ੍ਹ, ਹਿਰਦੇ ਹਰਿ ਕਿਸੇ ਨਾ ਵਸਾਇਆ। ਉਚੇ ਮੰਦਰ ਪੌੜੀਆਂ ਰਹੇ ਚੜ੍ਹ, ਕਾਇਆ ਮੰਦਰ ਚੜ੍ਹ ਦਰਸ ਕਿਸੇ ਨਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਨਾਉਂ ਧਰਾਇਆ। ਨਾਉਂ ਧਰ ਹਰਿ ਬਲਕਾਰ, ਆਪਣਾ ਰੂਪ ਵਟਾਇੰਦਾ। ਸ਼ਾਹੋ ਭੂਪ ਸੱਚੀ ਸਰਕਾਰ, ਨਿਰਗੁਣ ਆਪ ਅਖਵਾਇੰਦਾ। ਖੜਗ ਖੰਡਾ ਨਾਮ ਤੇਜ਼ ਕਟਾਰ, ਪਾਰਬ੍ਰਹਮ ਹੱਥ ਉਠਾਇੰਦਾ। ਨਾਮ ਚਿੱਲਾ ਤੀਰ ਕਮਾਣ, ਸੋਹੰ ਭੱਥਾ ਇਕ ਵਖਾਇੰਦਾ। ਜੋਧਾ ਸੂਰ ਬਲੀ ਬਲਵਾਨ, ਚਿੱਟੇ ਅਸਵ ਤੰਗ ਕਸਾਇੰਦਾ। ਨੀਲੀ ਧਾਰ ਕਰ ਪਰਵਾਨ, ਆਪ ਆਪਣੀ ਚਾਲ ਚਲਾਇੰਦਾ। ਲੋਕਮਾਤ ਵੇਖੇ ਮਾਰ ਧਿਆਨ, ਨੌ ਖੰਡ ਫੇਰਾ ਪਾਇੰਦਾ। ਸ੍ਰਿਸ਼ਟ ਸਬਾਈ ਜੀਵ ਨਿਧਾਨ, ਹਰਿ ਕਾ ਭੇਵ ਕੋਏ ਨਾ ਪਾਇੰਦਾ। ਜਗਤ ਵਿਦਿਆ ਰਹੇ ਵਖਾਣ, ਆਤਮ ਬ੍ਰਹਮ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਰੂਪ ਵਟਾਇੰਦਾ। ਕਲਜੁਗ ਅੰਤਮ ਵੇਸ ਵਟਾਇਆ, ਹਰਿ ਸਚ ਸੱਚੀ ਵਡਿਆਈਆ। ਜੋਤੀ ਜਾਮਾ ਭੇਖ ਵਟਾਇਆ, ਦਿਸ ਕਿਸੇ ਨਾ ਆਈਆ। ਸੋਹੰ ਢੋਲਾ ਸਾਚਾ ਗਾਇਆ, ਹੰ ਬ੍ਰਹਮ ਰਹਿਣ ਨਾ ਪਾਈਆ। ਆਪਣਾ ਚੋਲਾ ਆਪ ਬਦਲਾਇਆ, ਆਪਣੀ ਕਰਨੀ ਆਪ ਕਮਾਈਆ। ਸਾਚਾ ਬੋਲਾ ਆਪ ਅਲਾਇਆ, ਲੋਆਂ ਪੁਰੀਆਂ ਆਪ ਸੁਣਾਈਆ। ਦੋ ਜਹਾਨਾਂ ਤੋਲਾ ਆਪ ਅਖਵਾਇਆ, ਏਕਾ ਖੰਡਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਨਾਉਂ ਧਰਾਈਆ। ਕਲਜੁਗ ਨਾਉਂ ਹਰਿ ਨਿਰੰਕਾਰ, ਆਪਣਾ ਆਪ ਧਰਾਇੰਦਾ। ਜੋਤੀ ਨੂਰ ਹੋ ਉਜਿਆਰ, ਨੂਰੋ ਨੂਰ ਡਗਮਗਾਇੰਦਾ। ਸ਼ਬਦੀ ਸ਼ਬਦ ਸ਼ਬਦ ਜੈਕਾਰ, ਸਤਿਗੁਰ ਨਾਅਰਾ ਏਕਾ ਲਾਇੰਦਾ। ਰਾਜ ਰਾਜਾਨਾਂ ਕਰੇ ਖ਼ਬਰਦਾਰ, ਸ਼ਾਹ ਸੁਲਤਾਨਾਂ ਆਪ ਉਠਾਇੰਦਾ। ਊਚਾਂ ਨੀਚਾਂ ਇਕ ਪਿਆਰ, ਗ਼ਰੀਬ ਨਿਮਾਣੇ ਗਲੇ ਲਗਾਇੰਦਾ। ਦੂਤੀ ਦੁਸ਼ਟ ਕਰੇ ਖ਼ਵਾਰ, ਹਉਮੇ ਗੜ੍ਹ ਤੁੜਾਇੰਦਾ। ਇਕ ਵਖਾਏ ਸਚ ਦਵਾਰ, ਦਰ ਦਰਵਾਜਾ ਆਪ ਖੁਲ੍ਹਾਇੰਦਾ। ਚਾਰ ਵਰਨਾਂ ਦਏ ਅਧਾਰ, ਏਕਾ ਸ਼ਬਦ ਸੁਣਾਇੰਦਾ। ਸਰਬ ਜੀਆਂ ਦਾ ਸਾਂਝਾ ਯਾਰ, ਪਰਵਰਦਿਗਾਰ ਆਪ ਅਖਵਾਇੰਦਾ। ਨਾ ਕੋਈ ਪੁਰਖ ਨਾ ਕੋਈ ਨਾਰ, ਨਰ ਨਰਾਇਣ ਜੋਤ ਜਗਾਇੰਦਾ। ਗੋਬਿੰਦ ਮੇਲਾ ਸ਼ਬਦ ਪਿਆਰ, ਸੰਬਲ ਨਗਰੀ ਧਾਮ ਵਖਾਇੰਦਾ। ਗੁਰ ਚੇਲਾ ਸੋਹੇ ਇਕ ਦਵਾਰ, ਚੇਲਾ ਗੁਰ ਆਪ ਹੋ ਜਾਇੰਦਾ। ਖ਼ਾਲਕ ਖ਼ਲਕ ਵਿਚ ਰਿਹਾ ਪਸਾਰ, ਘਟ ਘਟ ਆਪਣਾ ਆਸਣ ਲਾਇੰਦਾ। ਕਲਜੁਗ ਤੇਰੀ ਅੰਤਮ ਰੇਖ ਕਾਲੀ ਧਾਰ, ਨਿਰਗੁਣ ਨੂਰ ਇਕ ਚਮਕਾਇੰਦਾ। ਆਪ ਆਪਣਾ ਲੈ ਅਵਤਾਰ, ਨਿਹਕਲੰਕਾ ਨਾਉਂ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਜਾਮਾ ਭੇਖ ਵਟਾਇੰਦਾ। ਜੋਤੀ ਜਾਮਾ ਹਰਿ ਹਰਿ  ਰਾਮਾ, ਹਰਿ ਸਾਚੀ ਰੇਖ ਜਗਾਈਆ। ਆਪ ਵਜਾਏ ਸ਼ਬਦ ਦਮਾਮਾ, ਚੋਟ ਨਗਾਰੇ ਇਕ ਲਗਾਈਆ। ਪੂਰਾ ਕਰੇ ਅੰਤਮ ਕਾਮਾ, ਆਪ ਆਪਣਾ ਕਰਮ ਕਮਾਈਆ। ਘਟ ਘਟ ਮੀਤਾ ਅੰਤਰਜਾਮਾ, ਗਤ ਮਿਤ ਆਪ ਜਣਾਈਆ। ਰੂਪ ਅਨੂਪ ਘਨਈਆ ਸ਼ਾਮਾ, ਏਕ ਏਕ ਦਰਸਾਈਆ। ਨਾਨਕ ਨਿਰਗੁਣ ਖੇਲ ਮਹਾਨਾ, ਸਰਗੁਣ ਡੇਰਾ ਲਾਈਆ। ਗੋਬਿੰਦ ਮੇਲਾ ਦੋ ਜਹਾਨਾ, ਵਿਛੜ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਆਪ ਅਖਵਾਈਆ। ਨਿਹਕਲੰਕ ਹਰਿ ਨਿਰੰਕਾਰਾ, ਹਰਿ ਹਰਿ ਰੂਪ ਅਖਵਾਇੰਦਾ। ਲੋਕਮਾਤ ਲੈ ਅਵਤਾਰਾ, ਕਲਜੁਗ ਅੰਤਮ ਵੇਖ ਵਖਾਇੰਦਾ। ਸੰਗ ਮੁਹੰਮਦ ਚਾਰ ਯਾਰ ਪਾਵੇ ਸਾਰਾ, ਆਪ ਆਪਣਾ ਮੂਲ ਚੁਕਾਇੰਦਾ। ਚੌਦਾਂ ਚੌਦਸ ਖੋਲ੍ਹ ਕਿਵਾੜਾ, ਚੌਦਾਂ ਚੌਦਾਂ ਹੱਟ ਵਿਕਾਇੰਦਾ। ਨੌ ਖੰਡ ਪ੍ਰਿਥਮੀ ਵੇਖੇ ਇਕ ਅਖਾੜਾ, ਏਕਾ ਰਾਹ ਤਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਆਪਣਾ ਵੇਸ ਵਟਾਇੰਦਾ। ਨਿਹਕਲੰਕ ਸਰਬ ਜਗ ਮੀਤਾ, ਜਾਗਰਤ ਜੋਤ ਜਗਾਈਆ। ਪਾਰਬ੍ਰਹਮ ਪ੍ਰਭ ਇਕ ਅਤੀਤਾ, ਨਿਰਗੁਣ ਵੇਸ ਵਟਾਈਆ। ਆਦਿ ਜੁਗਾਦੀ ਠੰਡਾ ਸੀਤਾ, ਆਦਿ ਨਿਰੰਜਣ ਬੇਪਰਵਾਹੀਆ। ਕਿਸੇ ਹੱਥ ਨਾ ਆਏ ਮੰਦਰ ਮਸੀਤਾ, ਹਰ ਘਟ ਬੈਠਾ ਡੇਰਾ ਲਾਈਆ। ਜੁਗ ਜੁਗ ਚਲਾਏ ਆਪਣੀ ਰੀਤਾ, ਏਕਾ ਸ਼ਬਦ ਕਰ ਰੁਸ਼ਨਾਈਆ। ਏਕਾ ਰੰਗ ਰੰਗਾਏ ਹਸਤ ਕੀਟਾ, ਊਚ ਨੀਚ ਨਾ ਕੋਇ ਰਖਾਈਆ। ਨਾਮ ਨਿਧਾਨ ਵਖਾਏ ਇਕ ਅਨਡੀਠਾ, ਆਪ ਆਪਣਾ ਧਾਮ ਸੁਹਾਈਆ। ਜਿਸ ਜਨ ਵਸਿਆ ਆਪੇ ਚੀਤਾ, ਚਿਤ ਵਿਤ ਠਗੌਰੀ ਨਾ ਪਾਈਆ। ਕਰੇ ਕਰਾਏ ਪਤਿਤ ਪੁਨੀਤਾ, ਪਤਿਤ ਪਾਵਨ ਬੇਪਰਵਾਹੀਆ। ਗੁਰਮੁਖ ਵਿਰਲੇ ਮਾਨਸ ਜਨਮ ਲੋਕਮਾਤ ਜੀਤਾ, ਲੱਖ ਚੁਰਾਸੀ ਆਪਣੇ ਗੇੜ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਚਾਰ ਵਰਨਾਂ ਵੇਖ ਵਖਾਈਆ। ਵੇਖਣਹਾਰਾ ਹਰਿ ਸਮਰਥ ਏਕ ਏਕਉਂਕਾਰਿਆ। ਜੁਗ ਜੁਗ ਚਲਾਏ ਆਪਣੀ ਗਾਥ, ਆਪ ਆਪਣਾ ਸ਼ਬਦ ਉਚਾਰਿਆ। ਆਪੇ ਹੋਏ ਤ੍ਰਿਲੋਕੀ ਨਾਥ, ਲੋਆਂ ਪੁਰੀਆਂ ਦਏ ਸਹਾਰਿਆ। ਆਪੇ ਪੂਜਾ ਆਪੇ ਪਾਠ, ਰਸਨਾ ਜੇਹਵਾ ਆਪ ਹਿਲਾ ਰਿਹਾ। ਆਪੇ ਵੇਦ ਮੰਤਰ ਸ਼ਾਸਤਰ ਸਿਮਰਤ ਮਾਰੇ ਠਾਠ, ਗਾਇਤਰੀ ਮੰਤਰ ਆਪ ਅਖਵਾ ਰਿਹਾ। ਆਪੇ ਅੰਜੀਲ ਕੁਰਾਨਾ ਹਾਠ, ਆਇਤ ਸ਼ਰਾਇਤ ਜਣਾ ਲਿਆ। ਆਪੇ ਰਸਿਆ ਰਸ ਅੰਮ੍ਰਿਤ ਏਕਾ ਰਿਹਾ ਚਾਟ, ਆਪੇ ਮੁਖ ਭੁਵਾ ਲਿਆ। ਆਪੇ ਹਰ ਘਟ ਸੁੱਤਾ ਆਤਮ ਸੇਜਾ ਸਾਚੀ ਖਾਟ, ਪਾਵਾ ਚੂਲ ਨਾ ਕੋਇ ਉਪਾ ਲਿਆ। ਆਪੇ ਵਿਕੇ ਹਾਟੋ ਹਾਟ, ਚੌਦਾਂ ਹੱਟਾਂ ਡੇਰਾ ਲਾ ਲਿਆ। ਆਪੇ ਆਪਣੇ ਬਸਤਰ ਜਾਏ ਪਾਟ, ਸ਼ਬਦ ਦੁਸ਼ਾਲਾ ਆਪ ਉਠਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਜੋਤ ਜਵਾਲਾ ਵੇਖ ਵਖਾ ਲਿਆ। ਕਲਜੁਗ ਤੇਰਾ ਹਰਿ ਮਲਾਹ, ਅੰਤਮ ਆਪ ਅਖਵਾਈਆ। ਜੂਠਾ ਝੂਠਾ ਬੇੜਾ ਦਏ ਡੁਬਾ, ਮਾਇਆ ਮਮਤਾ ਸੰਗ ਰਲਾਈਆ। ਗੁਰਮੁਖ ਸਾਜਣ ਲਏ ਜਗਾ, ਆਪ ਆਪਣੀ ਬੂਝ ਬੁਝਾਈਆ। ਕਮਲਾਪਾਤੀ ਦਰਸ ਦਿਖਾ, ਦਰਦ ਦੁੱਖ ਮਿਟਾਈਆ। ਜਮ ਕੀ ਫਾਸੀ ਦਏ ਕਟਾ, ਲੱਖ ਚੁਰਾਸੀ ਰਹਿਣ ਨਾ ਪਾਈਆ। ਰਸਨ ਸਵਾਸੀ ਵੇਖ ਵਖਾ, ਆਪ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਬੇੜਾ ਆਪਣੇ ਕੰਧ ਉਠਾਈਆ। ਕਲਜੁਗ ਬੇੜਾ ਡੂੰਘਾ ਸਾਗਰ, ਹਰਿ ਹਰਿ ਵੇਖ ਵਖਾਇੰਦਾ। ਚਾਰ ਕੁੰਟ ਨਾ ਦਿਸੇ ਕੋਇ ਸੌਦਾਗਾਰ, ਨਾਮ ਵਣਜਾਰਾ ਨਾ ਕੋਇ ਅਖਵਾਇੰਦਾ। ਹਉਮੇ ਹੰਗਤਾ ਭਰੀ ਕਾਇਆ ਗਾਗਰ, ਮਾਇਆ ਮਮਤਾ ਮੋਹ ਰਖਾਇੰਦਾ। ਹਰਿਜਨ ਵਿਰਲੇ ਕਰਮ ਹੋਏ ਉਜਾਗਰ, ਜਿਸ ਜਨ ਆਪਣੀ ਬੂਝ ਬੁਝਾਇੰਦਾ। ਦੇਵੇ ਨਾਮ ਰੱਤੀ ਰਤਨਾਗਰ, ਹੀਰਾ ਲਾਲ ਅਮੋਲਕ ਗੁਰਮੁਖ ਸਾਜਨ ਆਪ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਹਰੀ ਹਰਿ ਆਪ ਅਖਵਾਇੰਦਾ। ਹਰੀ ਹਰਿ ਵਿਸ਼ਨੂੰ ਭਗਵਾਨਾ, ਵਿਸ਼ਵ ਰੂਪ ਸਮਾਇਆ। ਚਾਰ ਵਰਨਾਂ ਦੇਵੇ ਇਕ ਗਿਆਨਾ, ਏਕਾ ਬ੍ਰਹਮ ਬੁਝਾਇਆ। ਚਾਰ ਵਰਨਾਂ ਦੇਵੇ ਏਕਾ ਦਾਨਾ, ਏਕਾ ਵਸਤ ਝੋਲੀ ਪਾਇਆ। ਚਾਰ ਵਰਨ ਬਹਾਏ ਇਕ ਮਕਾਨਾ, ਚਰਨ ਦਵਾਰਾ ਇਕ ਵਖਾਇਆ। ਚਾਰ ਵਰਨਾਂ ਬੰਨੇ ਏਕਾ ਗਾਨਾ, ਏਕਾ ਸਗਨ ਮਨਾਇਆ। ਚਾਰ ਵਰਨਾਂ ਰੱਖੇ ਏਕਾ ਮਾਣਾ, ਊਚ ਨੀਚ ਮੇਟ ਮਿਟਾਇਆ। ਨਾ ਕੋਈ ਦੀਸੇ ਰਾਜਾ ਰਾਣਾ, ਸ਼ਾਹ ਸੁਲਤਾਨ ਨਾ ਕੋਇ ਅਖਵਾਇਆ। ਕਲਜੁਗ ਅੰਤਮ ਖੇਲੇ ਖੇਲ ਦੋ ਜਹਾਨਾ, ਲੋਕਮਾਤ ਫੇਰਾ ਪਾਇਆ। ਧਰਮ ਝੁਲਾਏ ਇਕ ਨਿਸ਼ਾਨਾ, ਸੱਤਾਂ ਦੀਪਾਂ ਆਪ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਆਪ ਹੋ ਜਾਇਆ। ਸੱਤ ਰੰਗ ਨਿਸ਼ਾਨ ਆਪ ਝੁਲੌਣਾ, ਹਰਿ ਸਾਚੇ ਵਡ ਵਡਿਆਈਆ। ਸੱਤਾ ਦੀਪਾਂ ਆਪ ਉਠੌਣਾ, ਸੋਇਆ ਕੋਇ ਰਹਿਣ ਨਾ ਪਾਈਆ। ਨੌ ਖੰਡ ਪ੍ਰਿਥਮੀ ਵੇਖ ਵਖੌਣਾ, ਹਰਿ ਕਾ ਲੇਖ ਨਾ ਕੋਇ ਮਿਟਾਈਆ। ਬ੍ਰਹਮਾ ਵੇਤਾ ਅੰਤ ਸਮੌਣਾ, ਥਿਰ ਕੋਇ ਰਹਿਣ ਨਾ ਪਾਈਆ। ਸ਼ਿਵ ਸ਼ੰਕਰ ਆਪਣਾ ਮੇਲ ਮਿਲੌਣਾ, ਆਪ ਆਪਣੇ ਅੰਕ ਸਮਾਈਆ। ਸੁਰਪਤ ਰਾਜਾ ਤਖ਼ਤੋਂ ਲੌਹਣਾ, ਤਖ਼ਤ ਤਾਜ ਤਜਾਈਆ। ਆਪ ਆਪਣਾ ਮਾਰਗ ਲੌਣਾ, ਆਪਣੇ ਹੱਥ ਰੱਖੇ ਵਡਿਆਈਆ। ਸਤਿਜੁਗ ਸਾਚਾ ਰਾਹ ਚਲੌਣਾ, ਸਚ ਸੁੱਚ ਕੁੜਮਾਈਆ। ਹਰਿ ਜੈਕਾਰਾ ਇਕ ਸੁਣੌਣਾ, ਏਕਾ ਅਲਖ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਭੇਵ ਖੁਲ੍ਹਾਈਆ। ਹਰਿ ਹਰਿ ਭੇਵ ਜਾਏ ਖੁਲ੍ਹ, ਕਲਜੁਗ ਅੰਤਮ ਵਾਰੀਆ। ਲੱਖ ਚੁਰਾਸੀ ਜਾਏ ਰੁਲ, ਨਾ ਦੇਵੇ ਕੋਇ ਸਹਾਰੀਆ। ਰਾਜ ਰਾਜਾਨਾਂ ਸ਼ਾਹ ਸੁਲਤਾਨਾ ਨਾ ਪਏ ਕੋਇ ਮੁੱਲ, ਫਿਰੇ ਦਰੋਹੀ ਜੰਗਲ ਜੂਹ ਉਜਾੜ ਪਹਾੜੀਆ। ਪੱਤ ਡਾਲ੍ਹੀ ਨਾ ਦਿਸੇ ਫੁੱਲ, ਹਰੀ ਦਿਸੇ ਨਾ ਕੋਇ ਕਿਆਰੀਆ। ਕਲਜੁਗ ਦੀਵਾ ਹੋਏ ਗੁਲ, ਅੰਤਮ ਦਿਸੇ ਰੈਣ ਅੰਧਿਆਰੀਆ। ਕਿਸੇ ਨਾ ਅਗਨੀ ਦਿਸੇ ਚੁਲ੍ਹ, ਅਗਨੀ ਤੱਤ ਨਾ ਕੋਇ ਉਪਕਾਰੀਆ। ਗੁਰਮੁਖ ਗੁਰਸਿਖ ਹਰਿਜਨ ਹਰਿ ਸੰਗਤ ਵਿਰਲਾ ਨਾਮ ਕੰਡੇ ਜਾਏ ਤੁਲ, ਸਤਿਗੁਰ ਪੂਰਾ ਕਰੇ ਵਣਜ ਵਪਾਰੀਆ। ਗੁਰ ਗੁਰ ਚਰਨ ਪ੍ਰੀਤੀ ਜਾਏ ਘੁਲ, ਗੁਰ ਗੋਬਿੰਦ ਦਰਸ ਅਪਾਰੀਆ। ਕਲਜੁਗ ਬੂਟਾ ਰਿਹਾ ਹੁਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਲੱਖ ਚੁਰਾਸੀ ਵੇਖੇ ਘਰ, ਘਰ ਘਰ ਵਿਚ ਫੇਰਾ ਪਾ ਰਿਹਾ। ਹਰਿ ਫੇਰਾ ਘਰ ਪਾਇਆ, ਸੁੱਤੀ ਸਰਬ ਲੋਕਾਈ। ਪੰਚਾਂ ਚੋਰਾਂ ਡੇਰਾ ਲਾਇਆ, ਸੁਰਤ ਸਵਾਣੀ ਨਾ ਲਏ ਅੰਗੜਾਈ। ਰਾਮ ਨਾਮ ਨਾ ਰਿਦੇ ਵਸਾਇਆ, ਸਤਿ ਨਾਮ ਨਾ ਹੋਈ ਕੁੜਮਾਈ। ਫਤਿਹ ਡੰਕਾ ਨਾ ਕਿਸੇ ਵਜਾਇਆ, ਵਾਹਿਗੁਰੂ ਫਤਹਿ ਨਾ ਕੋਇ ਕਰਾਈ। ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਧਾਰ ਏਕਉਂਕਾਰ ਜੋਤ ਉਜਿਆਰ ਦਿਸ ਕਿਸੇ ਨਾ ਆਇਆ, ਸ੍ਰਿਸ਼ਟ ਸਬਾਈ ਹੋਈ ਹਲਕਾਈ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਦਿ ਜੁਗਾਦੀ ਜੋਤ ਧਰ, ਜਨ ਭਗਤਾਂ ਮੰਗੇ ਸਚ ਸਰਨਾਈ। ਸੋਹਣ ਬੰਕ ਦਵਾਰ, ਘਰ ਮੰਦਰ ਆਪ ਸੁਹਾਇਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਸਤਿ ਪਰਕਾਸ਼ ਕਰਾਇਆ। ਅਨਹਦ ਧੁਨ ਸੱਚੀ ਧੁਨਕਾਰ, ਸ਼ਬਦ ਅਨਾਦੀ ਰਾਗ ਸੁਣਾਇਆ। ਅੰਮ੍ਰਿਤ ਆਤਮ ਠੰਡੀ ਠਾਰ, ਸੀਤਲ ਧਾਰ ਕਵਲ ਮੁਖ ਚਵਾਇਆ। ਦੂਈ ਦਵੈਤੀ ਪੜਦਾ ਪਾੜ, ਹਉਮੇ ਹੰਗਤਾ ਗੜ੍ਹ ਤੁੜਾਇਆ। ਆਤਮ ਅੰਤਰ ਕਰ ਪਿਆਰ, ਹਰਿ ਸੰਤਨ ਮੇਲ ਮਿਲਾਇਆ। ਸੰਤਨ ਮੇਲਾ ਧੁਰ ਦਰਬਾਰ, ਏਕਉਂਕਾਰਾ ਆਪ ਕਰਾਇਆ। ਆਤਮ ਸੇਜਾ ਹੋ ਉਜਿਆਰ, ਸਚ ਸਿੰਘਾਸਣ ਬੈਠਾ ਆਸਣ ਲਾਇਆ। ਸ਼ਬਦ ਵਿਚੋਲਾ ਵਿਚ ਸੰਸਾਰ, ਸਤਿ ਪੁਰਖ ਨਿਰੰਜਣ ਆਪ ਰਖਾਇਆ। ਬਦਲੇ ਚੋਲਾ ਆਪ ਕਰਤਾਰ, ਆਪ ਆਪਣਾ ਵੇਸ ਵਟਾਇਆ। ਜਾਂਞੀ ਲਾੜਾ ਸੋਹੇ ਕਰ ਸ਼ੰਗਾਰ, ਆਪ ਆਪਣਾ ਰੂਪ ਦਰਸਾਇਆ। ਤ੍ਰੈਗੁਣ ਮਾਇਆ ਵਸੇ ਬਾਹਰ, ਪੰਜ ਤੱਤ ਨਾ ਰੱਤ ਵਖਾਇਆ। ਨਾਰੀ ਕੰਤ ਕਰ ਪਿਆਰ, ਭਗਤ ਭਗਵੰਤ ਮੇਲ ਮਿਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਵੇਸ ਧਰ, ਨਾਨਕ ਢੋਲਾ ਏਕਾ ਗਾਇਆ। ਸੋਹੇ ਮੰਦਰ ਉਚ ਮਹੱਲ, ਬੰਕ ਦਵਾਰੀ ਆਪ ਉਪਾਈਆ। ਆਪੇ ਵਰਤੇ ਆਪਣੀ ਕਲ, ਭੇਵ ਕੋਇ ਨਾ ਪਾਈਆ। ਜੁਗਾ ਜੁਗੰਤਰ ਅਛਲ ਅਛੱਲ, ਵਲ ਛਲ ਖੇਲ ਖਿਲਾਈਆ। ਏਕਾ ਜੋਤੀ ਨੂਰ ਨਿਰਗੁਣ ਆਪੇ ਰਿਹਾ ਬਲ, ਦਿਵਸ ਰੈਣ ਡਗਮਗਾਈਆ। ਵਸਣਹਾਰਾ ਜਲ ਥਲ, ਡੂੰਘੀ ਕੰਦਰ ਜੰਗਲ ਜੂਹ ਉਜਾੜ ਪਹਾੜ ਅਵਣ ਗਵਣ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਤਜ ਹਰ ਘਟ ਬੈਠਾ ਆਸਣ ਲਾਈਆ। ਏਕਾ ਰੱਖੇ ਧਾਮ ਅਚੱਲ, ਵੇਦ ਕਤੇਬ ਲੇਖ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਅਗੰਮੜਾ ਇਕ ਮਹੱਲ, ਆਪਣਾ ਆਪ ਸੁਹਾਈਆ। ਬੰਕ ਦਵਾਰ ਸੁਹੰਜਣਾ, ਪਾਰਬ੍ਰਹਮ ਕਰਤਾਰ। ਜੋਤ ਜਗੇ ਆਦਿ ਨਿਰੰਜਣਾ, ਰੂਪ ਅਨੂਪ ਅਪਾਰ। ਮੇਲ ਮਿਲਾਏ ਸੰਤ ਸੁਹੇਲੇ ਸਾਚੇ ਸੱਜਣਾ, ਦੂਸਰ ਦਿਸ ਨਾ ਆਏ ਵਿਚ ਸੰਸਾਰ। ਨੇਤਰ ਪਾਏ ਨਾਮ ਨਿਧਾਨ ਗਿਆਨ ਏਕਾ ਅੰਜਣਾ, ਏਕਾ ਨੂਰ ਕਰੇ ਉਜਿਆਰ। ਜਿਸ ਜਨ ਬਖ਼ਸ਼ੇ ਚਰਨ ਧੂੜ ਦੇਵੇ ਮਜਣਾ, ਦੁਰਮਤ ਮੈਲ ਦਏ ਉਤਾਰ। ਬੰਕ ਦਵਾਰ ਹਰਿ ਨਿਰੰਕਾਰ ਗੁਰਸਿਖ ਤੇਰੀ ਆਤਮ ਬਹਿ ਬਹਿ ਸਜਣਾ, ਨੌ ਦਵਾਰੇ ਕਰੇ ਬੰਦ ਕਿਵਾੜ। ਸ਼ਬਦ ਨਗਾਰਾ ਏਕਾ ਵੱਜਣਾ, ਧੁਨ ਆਤਮਕ ਸੱਚੀ ਧੁਨਕਾਰ। ਘਰ ਸਾਚੇ ਪੜਦਾ ਕੱਜਣਾ, ਥਿਰ ਘਰ ਬੈਠ ਸੱਚੀ ਸਰਕਾਰ। ਜਨ ਭਗਤਾਂ ਲੋਕਮਾਤ ਰੱਖੇ ਲੱਜਣਾ, ਆਦਿ ਜੁਗਾਦੀ ਲੈ ਅਵਤਾਰ। ਜੋ ਘੜਿਆ ਸੋ ਭੱਜਣਾ, ਬਿਨ ਹਰਿ ਨਾਮੇ ਕੋਇ ਨਾ ਉਤਰੇ ਪਾਰ। ਸਤਿਗੁਰ ਪੂਰਾ ਚੋਰ ਯਾਰ ਠੱਗ ਬਣਾਏ ਸੱਜਣਾ, ਜਿਉਂ ਨਾਨਕ ਕਿਰਪਾ ਧਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਘਰ ਮੰਦਰ ਬੰਕ ਅਪਾਰ। ਬੰਕ ਦਵਾਰਾ ਪਾਰਬ੍ਰਹਮ, ਪਰਮ ਪੁਰਖ ਉਪਜਾਈਆ। ਚਾਰ ਦੀਵਾਰ ਨਾ ਦਿਸੇ ਥੰਮ, ਛੱਪਰ ਛੰਨ ਨਾ ਕੋਇ ਉਪਾਈਆ। ਨਾ ਕੋਈ ਬਾਢੀ ਬੇੜਾ ਰਿਹਾ ਬੰਨ੍ਹ, ਨਾ ਕੋਈ ਦੂਸਰ ਰਚਨ ਰਚਾਈਆ। ਨਾ ਕੋਈ ਰਵ ਸਸ ਸੂਰਜ ਦਿਸੇ ਚੰਨ, ਗਗਨ ਮੰਡਲ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਬੰਕ ਦਵਾਰੀ ਹਰਿ ਨਿਰੰਕਾਰੀ ਏਕਉਂਕਾਰਾ, ਆਪ ਆਪਣਾ ਕਰ ਪਸਾਰਾ, ਆਪੇ ਬੈਠਾ ਬੇਪਰਵਾਹੀਆ। ਬੰਕ ਦਵਾਰ ਅਗੰਮ ਅਥਾਹ, ਬੇਅੰਤ ਬੇਅੰਤ ਅਖਵਾਇਆ। ਗੁਰਮੁਖਾਂ ਵਖਾਏ ਬਣ ਮਲਾਹ, ਲੋਕਮਾਤ ਫੇਰਾ ਪਾਇਆ। ਏਕਾ ਨਾਮ ਦੇਵੇ ਸਚ ਸਲਾਹ, ਸਾਚਾ ਮਾਰਗ ਇਕ ਵਖਾਇਆ। ਫੜ ਫੜ ਹੰਸ ਬਣਾਏ ਕਾਂ, ਜਿਸ ਜਨ ਆਪਣੀ ਦਇਆ ਕਮਾਇਆ। ਦੋ ਜਹਾਨਾਂ ਪਾਰ ਕਰਾਏ ਫੜ ਫੜ ਬਾਂਹ, ਸਮਰਥ ਪੁਰਖ ਹੱਥ ਵਡਿਆਇਆ। ਗੁਰਮੁਖ ਮਨਮੁਖ ਤੇਰਾ ਕਰੇ ਸਚ ਨਿਆਂ, ਲੇਖਾ ਆਪਣੇ ਹੱਥ ਰਖਾਇਆ। ਕਾਇਆ ਨਗਰ ਖੇੜਾ ਵਸੇ ਸਚ ਗਰਾਂ, ਗੁਰਮੁਖ ਸਾਚੇ ਸਾਚੇ ਬੰਕ ਜਿਸ ਘਰ ਹਰਿ ਹਰਿ ਸਾਚੇ ਡੇਰਾ ਲਾਇਆ। ਬੰਕ ਦਵਾਰਾ ਜਾਣਿਆ, ਹਰਿਜਨ ਵੱਡੀ ਵਡਿਆਈਆ। ਸਤਿਗੁਰ ਪੂਰਾ ਪੁਰਖ ਪਛਾਨਿਆ, ਆਤਮ ਵੱਜੀ ਵਧਾਈਆ। ਪਾਇਆ ਪਦ ਇਕ ਨਿਰਬਾਨਿਆ, ਅਮਰਾਪਦ ਸਮਾਈਆ। ਰਾਗ ਅਨਾਦੀ ਸੁਣਿਆ ਗਾਨਿਆ, ਸਗਲੀ ਚਿੰਤ ਮਿਟਾਈਆ। ਗੁਰ ਸ਼ਬਦ ਮਿਲਿਆ ਸਾਚਾ ਹਾਣੀਆ, ਜਗਤ ਵਿਛੋੜਾ ਰਹਿਣ ਨਾ ਪਾਈਆ। ਆਵਣ ਜਾਵਣ ਚੁੱਕੀ ਕਾਣੀਆ, ਰਾਏ ਧਰਮ ਨਾ ਦਏ ਸਜ਼ਾਈਆ। ਦਰਗਹਿ ਸਾਚੀ ਇਕ ਵਖਾਣੀਆ, ਸਚਖੰਡ ਦਵਾਰਾ ਸੋਭਾ ਪਾਈਆ। ਬੰਕ ਦਵਾਰੇ ਬੈਠੀ ਗੁਰਸਿਖ ਸਚ ਸਵਾਣੀਆ, ਕੰਤ ਕੰਤੂਹਲ ਮੇਲ ਮਿਲਾਏ ਆਪ ਆਪਣੇ ਅੰਗ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲਾ ਸਾਚੇ ਘਰ, ਦਵਾਰ ਬੰਕ ਵੇਖ ਵਖਾਈਆ। ਬੰਕ ਦਵਾਰਾ ਆਪੇ ਖੋਲ੍ਹ, ਗੁਰਮੁਖ ਵੇਖ ਵਖਾਇੰਦਾ। ਆਪ ਸੁਣਾਏ ਆਪਣਾ ਬੋਲ, ਸ਼ਬਦੀ ਰਾਗ ਅਲਾਇੰਦਾ। ਆਪਣੇ ਕੰਡੇ ਦੇਵੇੇ ਤੋਲ, ਨਾਮ ਤੋਲਾ ਇਕ ਵਖਾਇੰਦਾ। ਭਾਗ ਲਗਾਏ ਕਾਇਆ ਚੋਲ, ਡੂੰਘੀ ਕੰਦਰ ਵੇਸ ਵਟਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬੰਕ ਦਵਾਰੀ ਵੇਖੇ ਮੰਦਰ, ਘਰ ਮੰਦਰ ਆਪ ਸੁਹਾਇੰਦਾ। ਘਰ ਮੰਦਰ ਹਰਿ ਮੇਲਿਆ, ਗੁਰਮੁਖ ਚਤੁਰ ਸੁਜਾਨ। ਗੁਰਮੁਖ ਪਾਇਆ ਸੱਜਣ ਸੁਹੇਲਿਆ, ਪਾਰਬ੍ਰਹਮ ਸ੍ਰੀ ਭਗਵਾਨ। ਆਪਣਾ ਖੇਲ ਆਪੇ ਖੇਲਿਆ, ਖੇਲੇ ਖੇਲ ਦੋ ਜਹਾਨ। ਆਪੇ ਵਸੇ ਰੰਗ ਨਵੇਲਿਆ, ਲੱਖ ਚੁਰਾਸੀ ਆਪ ਪਰਧਾਨ। ਆਪੇ ਚਾੜ੍ਹਨਹਾਰਾ ਤੇਲਿਆ, ਆਪ ਉਠਾਏ ਸਚ ਨਿਸ਼ਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਬੰਕ ਦਵਾਰਾ ਏਕਾ ਘਰ ਗੁਰਮੁਖ ਕਰੇ ਪਰਵਾਨ। ਗੁਰਮੁਖ ਘਰ ਹਰਿ ਪਾਇਆ, ਘਰ ਘਰ ਵਿਚ ਵੱਜੀ ਵਧਾਈਆ। ਸਾਚੀ ਸਖੀਆਂ ਮੰਗਲ ਏਕਾ ਗਾਇਆ, ਨਿਰਭੈ ਰੂਪ ਸਮਾਈਆ। ਅਕਾਲ ਮੂਰਤ ਸਗਨ ਮਨਾਇਆ, ਜੂਨੀ ਰਹਿਤ ਵੱਡੀ ਵਡਿਆਈਆ। ਸਤਿਨਾਮ ਮੰਤਰ ਇਕ ਦ੍ਰਿੜਾਇਆ, ਸਤਿ ਸਤਿਵਾਦੀ ਸਹਿਜ ਸੁਭਾਈਆ। ਏਕਉਂਕਾਰਾ ਵੇਸ ਵਟਾਇਆ, ਨਿਰਗੁਣ ਜੋਤ ਨੂਰ ਰੁਸ਼ਨਾਈਆ। ਸਰਗੁਣ ਚੇਲਾ ਆਪ ਬਣਾਇਆ, ਗੋਬਿੰਦ ਦਾਤਾ ਬੇਪਰਵਾਹੀਆ। ਸਾਢੇ ਤਿੰਨ ਹੱਥ ਬੰਕ ਸੁਹਾਇਆ, ਦਰ ਮੰਦਰ ਇਕ ਵਖਾਈਆ। ਰਾਓ ਰੰਕ ਨਾ ਕੋਇ ਜਣਾਇਆ, ਊਚਾਂ ਨੀਚਾਂ ਏਕਾ ਧਾਰ ਬੰਧਾਈਆ। ਸ਼ਾਹੋ ਭੂਪ ਸਚ ਸੁਲਤਾਨ ਸਾਚੇ ਤਖ਼ਤ ਆਸਣ ਲਾਇਆ, ਤਖ਼ਤ ਨਿਵਾਸੀ ਆਪ ਅਖਵਾਈਆ। ਪੁਰਖ ਅਬਿਨਾਸ਼ੀ ਵੇਸ ਵਟਾਇਆ, ਸ਼ਾਹੋ ਸ਼ਾਬਾਸ਼ ਭੇਵ ਨਾ ਰਾਈਆ। ਜਨ ਭਗਤਾਂ ਪੂਰਨ ਆਸ ਆਪ ਕਰਾਇਆ, ਨਿਰਾਸਾ ਕੋਇ ਰਹਿਣ ਨਾ ਪਾਈਆ। ਜੋ ਜਨ ਰਸਨ ਸਵਾਸ ਸਵਾਸ ਰਹੇ ਧਿਆਇਆ, ਸੰਸਾ ਚਿੰਤਾ ਰੋਗ ਮਿਟਾਈਆ। ਜੰਗਲ ਜੂਹ ਉਜਾੜ ਪਰਭਾਸ ਹੋਏ ਸਹਾਇਆ, ਡੂੰਘੀ ਕੰਦਰ ਵੇਖ ਵਖਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵਤ ਸੁਰ ਗੁਰਸਿਖ ਤੇਰਾ ਰਾਹ ਰਹੇ ਤਕਾਇਆ, ਜਿਸ ਪਾਇਆ ਬੇਪਰਵਾਹੀਆ । ਗਗਨ ਮੰਡਲ ਤੇਰੇ ਚਰਨਾਂ ਹੇਠ ਦਬਾਇਆ, ਤਿੰਨੇ ਲੋਕ ਰਹੇ ਸ਼ਰਮਾਈਆ। ਚੌਦਾਂ ਹੱਟਾਂ ਨਾ ਤੇਰਾ ਕੋਈ ਮੁਲ ਚੁਕਾਇਆ, ਤੇਰੀ ਕੀਮਤ ਕਰਤੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰਾ ਸਾਚਾ ਘਰ, ਬੰਕ ਦਵਾਰਾ ਇਕ ਉਪਾਈਆ। ਬੰਕ ਦਵਾਰਾ ਆਪ ਉਪਾ, ਆਪਣਾ ਦਰ ਸੁਹਾਇੰਦਾ। ਨਿਰਗੁਣ ਸਰਗੁਣ ਵਿਚ ਟਿਕਾ, ਸਰਗੁਣ ਨਿਰਗੁਣ ਰੂਪ ਸਮਾਇੰਦਾ। ਸ਼ਬਦ ਵਿਚੋਲਾ ਆਪ ਬਣਾ, ਦੋ ਜਹਾਨਾਂ ਫੇਰਾ ਪਾਇੰਦਾ। ਜੁਗ ਜੁਗ ਆਪਣਾ ਮੇਲਾ ਲਏ ਮਿਲਾ, ਮੇਲ ਵਿਛੋੜਾ ਆਪਣੇ ਹੱਥ ਰਖਾਇੰਦਾ। ਸਾਚਾ ਸਗਨ ਆਪ ਮਨਾ, ਸਾਚੀ ਬਣਤ ਬਣਾਇੰਦਾ। ਆਪਣੀ ਲਗਨ ਆਪਣਾ ਸਾਹ ਲਏ ਸੁਧਾ, ਗੁਰਮੁਖ ਨਾਰੀ ਕਰ ਪਿਆਰੀ ਤਨ ਸ਼ੰਗਾਰ ਕਰਾਇੰਦਾ। ਚੜ੍ਹ ਘੋੜ ਸ਼ਾਹ ਸਵਾਰੀ ਜੋਤ ਨਿਰੰਕਾਰੀ, ਨਿਰਗੁਣ ਆਪਣਾ ਰੂਪ ਵਟਾਇੰਦਾ। ਮੇਲ ਮਿਲਾਵੇ ਮਹੱਲ ਅਟੱਲ ਉਚ ਮਨਾਰੀ, ਸਚ ਸਿੰਘਾਸਣ ਪੁਰਖ ਅਬਿਨਾਸ਼ਨ ਆਪਣਾ ਆਪ ਸੁਹਾਇੰਦਾ। ਬੰਕ ਦਵਾਰ ਕਰੇ ਨਿਵਾਸਨ, ਨਿਵਾਸ ਨਿਵਾਸੀ ਡੇਰਾ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਸਾਚੇ ਘਰ, ਸਾਚਾ ਬੰਕ ਇਕ ਵਖਾਇੰਦਾ।