Granth 08 Likhat 062: 19 Chet 2016 Bikarmi Tara Singh de Ghar Pind Chambal Jila Amritsar

੧੯ ਚੇਤ ੨੦੧੬ ਬਿਕ੍ਰਮੀ ਤਾਰਾ ਸਿੰਘ ਦੇ ਘਰ ਪਿੰਡ ਚੰਬਲ ਜ਼ਿਲਾ ਅੰਮ੍ਰਿਤਸਰ

ਇਕ ਰਾਮ ਇਕ ਨਾਮ, ਇਕ ਜਾਮ ਪਿਆਈਆ। ਇਕ ਤ੍ਰਿਸਨਾ ਇਕ ਤਾਮ, ਇਕ ਭੁੱਖ ਮਿਟਾਈਆ। ਇਕ ਨਗਰ ਇਕ ਗਰਾਮ, ਇਕ ਖੇੜਾ ਰਿਹਾ ਵਸਾਈਆ। ਇਕ ਮਾਟੀ ਇਕ ਹਾਡੀ ਇਕ ਚਾਮ, ਰਕਤ ਬੂੰਦ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਮਸਕੀਨਨ ਵੇਖ ਵਖਾਈਆ। ਇਕ ਆਸ ਇਕ ਪਿਆਸ, ਏਕਾ ਤ੍ਰਿਪਤ ਕਰਾਇੰਦਾ। ਇਕ ਘਰ ਇਕ ਨਿਵਾਸ, ਏਕਾ ਦਰ ਸੁਹਾਇੰਦਾ। ਏਕਾ ਪੁਰਖ ਸ਼ਾਹ ਸ਼ਾਬਾਸ, ਸ਼ਾਹ ਸੁਲਤਾਨ ਇਕ ਅਖਵਾਇੰਦਾ। ਏਕਾ ਵੇਖ ਪ੍ਰਿਥਮੀ ਆਕਾਸ਼, ਏਕਾ ਗਗਨ ਮੰਡਲ ਫਰਾਇੰਦਾ। ਏਕਾ ਦਾਨੀ ਸਰਬ ਗੁਣਤਾਸ, ਦਾਨਵ ਦੇਵ ਵੇਖ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਏਕਾ ਇਕ ਸੁਹਾਇੰਦਾ। ਏਕਾ ਸਮੁੰਦ ਇਕ ਸਾਗਰ, ਏਕਾ ਲੋਟਾ ਨਾਮ ਭਰਾਈਆ। ਇਕ ਵਪਾਰ ਇਕ ਸੌਦਾਗਰ, ਏਕਾ ਵਣਜ ਕਰਾਈਆ। ਏਕਾ ਰਤਨ ਅਮੋਲਕ ਕਾਇਆ ਗਾਗਰ, ਏਕਾ ਗੁਰਮੁਖ ਹੱਥ ਫੜਾਈਆ। ਏਕਾ ਨਿਰਮਲ ਕਰਮ ਕਰੇ ਉਜਾਗਰ, ਏਕਾ ਕਾਗੋਂ ਹੰਸ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਵਸਤ ਭੇਟ ਚੜ੍ਹਾਈਆ। ਏਕਾ ਵਸਤ ਏਕਾ ਦਸਤ, ਏਕਾ ਹੱਥ ਫੜਾਇੰਦਾ। ਏਕਾ ਕੀਟ ਏਕਾ ਹਸਤ, ਏਕਾ ਰੰਗ ਰੰਗਾਇੰਦਾ। ਏਕਾ ਨਾਮ ਖ਼ੁਮਾਰੀ ਰੱਖੇ ਮਸਤ, ਮਤ ਮਤਵਾਲਾ ਇਕ ਅਖਵਾਇੰਦਾ। ਏਕਾ ਨਾਮ ਵਿਕਾਏ ਆਪਣਾ ਸਸਤ, ਕਰਤਾ ਕੀਮਤ ਕੋਇ ਨਾ ਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਲੇਖ ਜਣਾਇੰਦਾ। ਏਕਾ ਵੱਡਾ ਏਕਾ ਛੋਟਾ, ਨੀਕਨ ਨੀਕ ਏਕਾ ਅਖਵਾਈਆ। ਏਕਾ ਖਰਾ ਏਕਾ ਖੋਟਾ, ਏਕਾ ਖ਼ਜ਼ਾਨੇ ਆਪਣੇ ਪਾਈਆ। ਏਕਾ ਤ੍ਰਿਪਤ ਏਕਾ ਰਹੇ ਅਤੋਟਾ, ਅਤੋਟ ਅਤੁਟ ਇਕ ਅਖਵਾਈਆ। ਏਕਾ ਜਾਗਾ ਏਕਾ ਸੋਤਾ, ਏਕਾ ਸੋਏ ਰਿਹਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਸਿਖ ਤੇਰੀ ਭਵਰੀ ਮਾਰ ਗ਼ੋਤਾ, ਤੇਰਾ ਮਾਨਕ ਹੱਥ ਉਠਾਈਆ। ਤੇਰਾ ਮਾਣਕ ਤੇਰਾ ਹੀਰਾ, ਤੇਰੀ ਕੀਮਤ ਪਾਇੰਦਾ। ਸੀਸ ਜਗਦੀਸ ਬੱਧਾ ਚੀਰਾ, ਕਲਗ਼ੀ ਤੋੜਾ ਨਾਮ ਸਜਾਇੰਦਾ। ਮੇਲ ਮਿਲਾਵਾ ਸਾਚੇ ਵੀਰਾ, ਹਰਿ ਸੰਗਤ ਸੰਗ ਬੰਧਾਇੰਦਾ। ਹੱਥ ਫੜਾਇਆ ਇਕ ਕਸੀਰਾ, ਰਵਦਾਸਾ ਸੰਗ ਨਿਭਾਇੰਦਾ। ਗੰਗਾ ਘੱਤੀ ਜਾਏ ਵਹੀਰਾ, ਗੰਗੋਤਰੀ ਮੁਖ ਸਲਾਹਿੰਦਾ। ਹਉਮੇ ਲੱਗੀ ਕਾਇਆ ਪੀੜਾ, ਮਨ ਮਮਤਾ ਭਰਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਣ ਅਵਗੁਣ ਵੇਖ ਵਖਾਇੰਦਾ। ਰਵਦਾਸ ਚੁਮਾਰੇ ਕਰ ਪਿਆਰ, ਕਸੀਰਾ ਹੱਥ ਫੜਾਇਆ। ਗੰਗਾ ਵੇਖੀ ਵੈਂਹਦੀ ਧਾਰ, ਗੁਰਮੁਖ ਭੇਟ ਚੜ੍ਹਾਇਆ। ਜੋਤ ਸ਼ਕਤੀ ਹੋ ਉਜਿਆਰ, ਆਦਿ ਸ਼ਕਤ ਰੂਪ ਵਟਾਇਆ। ਕੰਗਣ ਦੇਵੇ ਹੱਥ ਉਤਾਰ, ਰਸਨਾ ਬੋਲ ਸੁਣਾਇਆ। ਰਵਦਾਸ ਚੁਮਾਰਾ ਸਾਚਾ ਯਾਰ, ਏਕਾ ਸੇਜ ਸੁਹਾਵੀ ਬੈਠਾ ਆਸਣ ਲਾਇਆ। ਮੇਰੀ ਭੇਟਾ ਦੇਣੀ ਕਰ ਨਿਮਸਕਾਰ, ਨਿਉਂ ਨਿਉਂ ਮੇਰਾ ਸੀਸ ਝੁਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਖੇਲ ਖਿਲਾਇਆ। ਸਚ ਕੰਗਣ ਲਿਆ ਚੁੱਕ, ਆਪਣਾ ਮੁਖ ਭਵਾਈਆ। ਰਵਦਾਸੇ ਕੋਲੋਂ ਗਿਆ ਲੁਕ, ਚਲਿਆ ਵਾਹੋ ਦਾਹੀਆ। ਜਗਤ ਤ੍ਰਿਸਨਾ ਲੱਗੀ ਭੁੱਖ, ਦਿਵਸ ਰੈਣ ਸਤਾਈਆ। ਅੰਤਮ ਵੇਲਾ ਗਿਆ ਢੁਕ, ਸ਼ਾਹ ਸੁਲਤਾਨਾਂ ਪਾਈ ਫਾਹੀਆ। ਹਰਿ ਕਾ ਭਾਣਾ ਨਾ ਜਾਏ ਰੁਕ, ਆਪ ਆਪਣਾ ਰਿਹਾ ਵਰਤਾਈਆ । ਨੇਤਰ ਨੀਰ ਨੈਣਾਂ ਗਿਆ ਸੁੱਕ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਿਧ ਨਾਤਾ ਪੁਰਖ ਬਿਧਾਤਾ, ਖੇਲੇ ਖੇਲ ਸਹਿਜ ਸੁਭਾਈਆ। ਸ਼ਾਹ ਸੁਲਤਾਨਾ ਲਿਆ ਫੜ, ਨਾ ਕੰਗਣ ਜੋੜ ਜੁੜਾਇਆ। ਲੇਖੇ ਲੱਗੇ ਨਾ ਸੀਸ ਧੜ, ਜੋ ਜਨ ਭਗਤੀ ਮੁਖ ਛੁਪਾਇਆ। ਭੈ ਭਿਆਨਕ ਹਰਿ ਕਾ ਰੂਪ ਏਕਾ ਅੱਖਰ ਲਿਆ ਪੜ੍ਹ, ਏਕਾ ਨਜ਼ਰੀ ਆਇਆ। ਰਵਦਾਸ ਚੁਮਾਰਾ ਅੱਗੇ ਖੜ, ਦਰ ਦਰਬਾਨਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਭੇਵ ਛਪਾਇਆ। ਰਵਦਾਸ ਚਮਾਰੇ ਦਰਸ਼ਨ ਪਾ, ਨੇਤਰ ਨੈਣ ਸ਼ਰਮਾਈਆ। ਸ਼ਾਹ ਸੁਲਤਾਨ ਦਏ ਸੁਣਾ, ਹਉਂ ਮੂਰਖ ਮੂੜ੍ਹ ਨਾ ਕੋਇ ਚਤੁਰਾਈਆ। ਮੈਂ ਭੁੱਲਾ ਤੂੰ ਭੁੱਲੀ ਨਾ, ਇਹ ਵਸਤ ਦਿਸੇ ਪਰਾਈਆ। ਮਿਲੇ ਮਾਲ ਧਨ ਰਵਦਾਸ ਚਮਾਰੇ ਕੁੱਲੀ ਸਾਚੇ ਥਾਂ, ਥਾਨ ਥਨੰਤਰ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਿਰ ਤ੍ਰੀਆ ਸੰਗ ਰਲਾਈਆ। ਤ੍ਰੀਆ ਪਿਰ ਕਰ ਪਿਆਰ, ਸਾਚਾ ਸੰਗ ਰਲਾਇਆ। ਆਇਆ ਚਲ ਰਵਦਾਸ ਦਵਾਰ, ਨਿਉਂ ਨਿਉਂ ਸੀਸ ਝੁਕਾਇਆ। ਗ਼ਰੀਬ ਨਿਮਾਣਾ ਕਰੇ ਸਤਿਕਾਰ, ਆਪ ਆਪਣਾ ਕਦਮ ਉਠਾਇਆ। ਭਗਤ ਬੋਲ ਰਸਨ ਜੈਕਾਰ, ਏਕਾ ਬੋਲ ਸੁਣਾਇਆ। ਸਾਜਣ ਮੇਰੇ ਸੱਚੇ ਯਾਰ, ਮੇਰਾ ਕਸੀਰਾ ਕਿਹੜੇ ਹੱਥ ਵਟਾਇਆ। ਜਗਤ ਤ੍ਰਿਸਨਾ ਕਰੇ ਖੁਵਾਰ, ਬਿਨ ਹਰਿ ਨਾਮ ਨਾ ਕੋਇ ਤਰਾਇਆ। ਮਾਤ ਪਿਤ ਭੈਣ ਭਾਈ ਪੁਤਰ ਧੀਆਂ ਨਾ ਕੋਈ ਯਾਰ, ਸਗਲਾ ਸੰਗ ਨਾ ਕੋਇ ਨਿਭਾਇਆ। ਬੋਲਿਆ ਬੋਲ ਰਸਨ ਉਚਾਰ, ਨਾ ਕੋਈ ਮੇਟੇ ਮੇਟ ਮਿਟਾਇਆ। ਪਾਂਧੀ ਢਹਿ ਪਿਆ ਦਵਾਰ, ਮੁੱਖੋਂ ਇਹ ਸੁਣਾਇਆ। ਕਵਣ ਘਾਟ ਉਤਰੇ ਪਾਰ, ਕੌਣ ਬੇੜਾ ਬੰਨ੍ਹੇ ਲਾਇਆ। ਭਗਤ ਭਗਵੰਤ ਅੱਗੇ ਕਰੇ ਪੁਕਾਰ, ਤੇਰਾ ਵਿਚੋਲਾ ਰਾਮ ਬਣਾਇਆ। ਤੇਰਾ ਮੇਰਾ ਰਿਹਾ ਉਧਾਰ, ਕਲਜੁਗ ਅੰਤਮ ਵੇਖ ਵਖਾਇਆ। ਤੇਰਾ ਬੋਲ ਪੂਰਾ ਦਏ ਉਤਾਰ, ਆਪਣੀ ਹੱਥੀਂ ਲੇਖ ਲਿਖਾਇਆ। ਗੁਰਮੁਖ ਬਣਿਆ ਰਵਦਾਸ ਚਮਾਰ, ਤੇਰਾ ਤ੍ਰੈਗੁਣ ਮੂਲ ਚੁਕਾਇਆ। ਘਰ ਨਾ ਦਿਸਿਆ ਕੋਈ ਸੁੱਤ ਦੁਲਾਰ, ਰਵਦਾਸ ਚਮਾਰੇ ਮੁਖ ਸਰਾਫ਼ ਦਵਾਇਆ। ਮੰਗੀ ਮੰਗ ਦੂਜੀ ਵਾਰ, ਪ੍ਰਭ ਬੇੜਾ ਦਏ ਤਰਾਇਆ। ਪਿਛਲਾ ਕਰਜ਼ਾ ਦਿਤਾ ਉਤਾਰ, ਬਾਕੀ ਕੋਈ ਰਹਿਣ ਨਾ ਪਾਇਆ। ਦੂਜੀ ਗਰਜ਼ ਨਾ ਕੋਈ ਵਿਚ ਸੰਸਾਰ, ਭਗਤਾਂ ਹਿਤ ਜਾਮਾ ਪਾਇਆ। ਗੁਰਮੁਖਾਂ ਅੱਗੇ ਅਰਜ਼ ਕਰੇ ਆਪ ਨਿਰੰਕਾਰ, ਨਿਉਂ ਨਿਉਂ ਆਪ ਸੀਸ ਝੁਕਾਇਆ। ਅੰਤਮ ਕਰਨ ਆਇਆ ਖ਼ਬਰਦਾਰ, ਭੁੱਖ ਰਹੇ ਨਾ ਰਾਇਆ। ਟੁੱਟੇ ਫਲ ਲਗਾਏ ਡਾਲ੍ਹ, ਫੁਲ ਫੁਲਵਾੜੀ ਵੇਖ ਵਖਾਇਆ। ਆਪਣੀ ਚਲੀ ਅਵੱਲੜੀ ਚਾਲ, ਧੁਰ ਦੀ ਬਾਣ ਜਣਾਇਆ। ਗੁਰਸਿਖ ਤੇਰੀ ਘਾਲਣਾ ਆਪੇ ਰਿਹਾ ਘਾਲ, ਤੇਰਾ ਪੂਜਾ ਪਾਠ ਆਪਣੀ ਰਸਨਾ ਆਪੇ ਗਾਇਆ। ਤੇਰਾ ਅੰਤ ਨਾ ਹੋਏ ਜਵਾਲ, ਤੇਰਾ ਤੇਰਾ ਦਰ ਸੁਹਾਇਆ। ਕੀਮਤ ਪਾਏ ਅਨਮੁਲੜੇ ਲਾਲ, ਆਪਣਾ ਕੰਗਨ ਆਪਣੇ ਹੱਥ ਰਖਾਇਆ। ਰਵਦਾਸ ਚਮਾਰ ਬਣ ਦਲਾਲ, ਲੇਖਾ ਚਿੱਟੇ ਉਪਰ ਕਾਲਾ ਰਿਹਾ ਪਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣਾ ਮੇਲ ਮਿਲਾਇਆ।