Granth 08 Likhat 112: 12 Harh 2016 Bikarmi Jethuwal

੧੨ ਹਾੜ ੨੦੧੬ ਬਿਕ੍ਰਮੀ ਜੇਠੂਵਾਲ

ਹਰਿ ਸੱਜਣ ਸਤਿਗੁਰ ਮੀਤੜਾ, ਪਰਮ ਪੁਰਖ ਕਰਤਾਰ। ਕਾਇਆ ਚੋਲੀ ਰੰਗੇ ਚੀਥੜਾ, ਆਪ ਆਪਣੀ ਕਿਰਪਾ ਧਾਰ। ਮਿਠਾ ਕਰੇ ਕੌੜਾ ਰੀਠੜਾ, ਅੰਮ੍ਰਿਤ ਬਰਖੇ ਠੰਡੀ ਠਾਰ। ਆਦਿ ਜੁਗਾਦੀ ਪਤਿਤ ਪੁਨੀਤੜਾ, ਪਤਿਤ ਪਾਪੀ ਜਾਏ ਤਾਰ। ਜੁਗਾ ਜੁਗੰਤਰ ਜਾਣੇ ਰੀਤੜਾ, ਵਰਤੇ ਵਰਤਾਵੇ ਵਿਚ ਸੰਸਾਰ। ਸਾਚਾ ਮੰਦਰ ਗੁਰੂਦਵਾਰ ਗੁਰਸਿਖ ਕਾਇਆ ਇਕ ਮਸੀਤੜਾ, ਹਰਿ ਸੁੱਤਾ ਪੈਰ ਪਸਾਰ। ਵੇਖੇ ਧਾਮ ਨਾਮ ਇਕ ਅਨਡੀਠੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਕਰ, ਖੇਲੇ ਖੇਲ ਸਿਰਜਣਹਾਰ। ਧਾਮ ਅਵੱਲਾ ਹਰਿ ਨਿਰੰਕਾਰ, ਆਪਣਾ ਆਪ ਉਪਾਇੰਦਾ। ਉਚ ਮਹੱਲਾ ਕਰ ਤਿਆਰ, ਸਾਚੇ ਮੰਦਰ ਡੇਰਾ ਲਾਇੰਦਾ। ਇਕ ਅਕੱਲਾ ਖ਼ਬਰਦਾਰ, ਆਦਿ ਜੁਗਾਦੀ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਕਰਤਾ ਕਰਨੇਹਾਰ, ਅਬਿਨਾਸ਼ੀ ਕਰਤਾ ਖੇਲ ਅਪਾਰ, ਆਪ ਆਪਣਾ ਖੇਲ ਖਿਲਾਇੰਦਾ। ਖੇਲਣਹਾਰ ਪੁਰਖ ਸਮਰਥ, ਅਕਲ ਕਲਾ ਅਖਵਾਇਆ। ਆਦਿ ਜੁਗਾਦੀ ਜੁਗਾ ਜੁਗੰਤ ਆਪ ਚਲਾਏ ਆਪਣਾ ਰਥ, ਰਥ ਰਥਵਾਹੀ ਆਪ ਅਖਵਾਇਆ। ਲੱਖ ਚੁਰਾਸੀ ਜੀਵ ਜੰਤ ਆਪ ਉਪਾਏ ਆਪੇ ਦੇਵੇ ਮਥ, ਵੇਖਣਹਾਰ ਆਪ ਹੋ ਜਾਇਆ। ਬੋਧ ਅਗਾਧੀ ਸ਼ਬਦ ਧੁਨ ਅਕਥਨਾ ਅਕੱਥ, ਪਾਰਬ੍ਰਹਮ ਆਪੇ ਲਏ ਉਪਾਇਆ। ਆਪੇ ਜਾਣੇ ਪੂਜਾ ਪਾਠ, ਮੰਤਰ ਗਿਆਨ ਨਾਮ ਆਪ ਦ੍ਰਿੜਾਇਆ। ਆਪੇ ਸਰ ਸਰੋਵਰ ਮਾਰੇ ਠਾਠ, ਸਾਚਾ ਤੀਰਥ ਆਪ ਸੁਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਰੀਤਾ ਵੇਖ ਵਖਾਇਆ। ਵੇਖਣਹਾਰਾ ਹਰਿ ਨਿਰੰਕਾਰਿਆ, ਹਰਿ ਸਤਿਗੁਰ ਸ਼ਹਿਨਸ਼ਾਹ। ਨਿਰਗੁਣ ਨੂਰ ਕਰੇ ਉਜਿਆਰਿਆ, ਸਤਿਗੁਰ ਪੂਰਾ ਬੇਪਰਵਾਹ। ਖੇਲੇ ਖੇਲ ਅਗੰਮ ਅਪਾਰਿਆ, ਲੋਕਮਾਤੀ ਜੋਤ ਜਗਾ। ਜਨ ਭਗਤਾਂ ਦੇਵੇ ਨਾਮ ਅਧਾਰਿਆ, ਏਕਾ ਮੰਦਰ ਮੇਲ ਮਿਲਾ। ਸ਼ਬਦ ਸਨੇਹੁੜਾ ਇਕ ਸੁਣਾ ਰਿਹਾ, ਸੋਹੰ ਢੋਲਾ ਸਾਚਾ ਗਾ। ਪਿਛਲਾ ਲਹਿਣਾ ਮੂਲ ਚੁਕਾ ਰਿਹਾ, ਅੱਗੇ ਆਪਣੇ ਮਾਰਗ ਪਾ। ਸਾਚਾ ਮਾਰਗ ਇਕ ਵਖਾ ਰਿਹਾ, ਚਾਰ ਵਰਨਾਂ ਪਕੜੇ ਬਾਂਹ। ਉਚਾਂ ਨੀਚਾਂ ਰਾਓ ਰੰਕਾਂ ਏਕਾ ਧਾਮ ਬਹਾ ਲਿਆ, ਵੇਖਣਹਾਰਾ ਏਕਾ ਥਾਉਂ ਥਾਂ। ਸਚ ਸਨੇਹੁੜਾ ਇਕ ਸੁਣਾ ਲਿਆ, ਫੜ ਫੜ ਹੰਸ ਬਣਾਏ ਕਾਂ। ਡੁੱਬਦੇ ਪੱਥਰ ਆਪ ਤਰਾ ਲਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਰਥ ਆਪ ਚਲਾ ਲਿਆ। ਰਥ ਰਥਵਾਹੀ ਹਰਿ ਨਿਰੰਕਾਰਾ, ਹਰਿ ਹਰਿ ਰੂਪ ਸਮਾਇੰਦਾ। ਇਕ ਅਕੱਲਾ ਕਰ ਪਸਾਰਾ, ਜਲਾਂ ਥਲਾਂ ਵੇਖ ਵਖਾਇੰਦਾ। ਨੌ ਖੰਡ ਤੇਰਾ ਵੇਸ ਅਪਾਰਾ, ਨਰ ਨਰੇਸ਼ ਵੇਸ ਵਟਾਇੰਦਾ। ਚਾਰ ਕੁੰਟ ਦਹਿ ਦਿਸ਼ਾ ਹੋਏ ਖ਼ਬਰਦਾਰਾ, ਆਪ ਆਪਣਾ ਖੇਲ ਖਿਲਾਇੰਦਾ। ਭਗਤ ਵਛਲ ਵਛਲ ਗਿਰਧਾਰਾ, ਹਰਿਜਨ ਸਾਚੇ ਮੇਲ ਮਿਲਾਇੰਦਾ। ਤਾਰ ਸਤਾਰ ਵਜਾਏ ਸਤਾਰਾ, ਨਾਮ ਸੁਰੰਗੀ ਆਪਣੇ ਹੱਥ ਉਠਾਇੰਦਾ। ਨਾਨਕ ਨਿਰਗੁਣ ਕਰੇ ਨਾਮ ਵਣਜਾਰਾ, ਸਾਚਾ ਹੱਟ ਇਕ ਸੁਹਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪਣੀ ਕਲ ਆਪ ਵਰਤਾਇੰਦਾ। ਕਲਜੁਗ ਵਰਤੇ ਹਰਿ ਹਰਿ ਕਲ, ਅਕਲ ਕਲਾ ਕਲ ਧਾਰੀਆ। ਸ੍ਰਿਸ਼ਟ ਸਬਾਈ ਭੁਲਾਏ ਕਰ ਕਰ ਵਲ ਛਲ, ਜੋਤੀ ਜਾਮਾ ਭੇਖ ਅਪਾਰ, ਵਸੇ ਨੇਹਚਲ ਧਾਮ ਅਟੱਲ, ਉਚ ਮਹੱਲ ਅਗੰਮ ਅਪਾਰਿਆ। ਪਾਵੇ ਸਾਰ ਜਲ ਥਲ, ਜੰਗਲ ਜੂਹ ਉਜਾੜ ਪਹਾੜਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਆਪ ਆਪਣੀ ਖੇਲ ਖਿਲਾ ਰਿਹਾ। ਖੇਲ ਖਿਲੰਤਾ ਹਰਿ ਭਗਵੰਤਾ, ਆਦਿਨ ਅੰਤਾ ਜੋਤ ਜਗਾਇੰਦਾ। ਪੁਰਖ ਅਬਿਨਾਸ਼ੀ ਨਾਰੀ ਕੰਤਾ, ਚਾੜ੍ਹੇ ਰੰਗ ਇਕ ਬਸੰਤਾ, ਸਾਚੀ ਸੇਜਾ ਆਪ ਸੁਹਾਇੰਦਾ। ਲੱਖ ਚੁਰਾਸੀ ਬਣਾਏ ਬਣਤਾ, ਆਪੇ ਜਾਣੇ ਆਪਣੀ ਮਨਤਾ, ਸ਼ਬਦ ਗਿਆਨ ਆਪਣਾ ਆਪ ਦ੍ਰਿੜਾਇੰਦਾ। ਆਪੇ ਸਾਧਨ ਆਪੇ ਸੰਤਾਂ, ਆਪੇ ਮਾਇਆ ਪਾਏ ਬੇਅੰਤਾ, ਭਰਮ ਭੁਲੇਖੇ ਆਪ ਭੁਲਾਇੰਦਾ। ਆਪੇ ਜੀਵ ਆਪੇ ਜੰਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੇ ਹੱਥ ਰਖਾਇੰਦਾ। ਆਪੇ ਸ਼ਾਹ ਆਪੇ ਸੁਲਤਾਨ, ਸਚ ਸਿਕਦਾਰ ਆਪ ਅਖਵਾਈਆ। ਆਪੇ ਰਾਜ ਆਪ ਰਾਜਾਨ, ਆਪਣਾ ਹੁਕਮ ਆਪ ਚਲਾਈਆ। ਆਪੇ ਦਰ ਦਰਵੇਸ਼ ਬਣ ਦਰਬਾਨ, ਦਰ ਬੈਠਾ ਅਲੱਖ ਜਗਾਈਆ। ਆਪੇ ਅਲਖ ਨਿਰੰਜਣ ਹੋ ਪਰਧਾਨ, ਪਾਰਬ੍ਰਹਮ ਆਪ ਅਖਵਾਈਆ। ਆਪੇ ਉਠਾਏ ਸਚ ਨਿਸ਼ਾਨ, ਥਿਰ ਘਰ ਸਾਚੇ ਆਪ ਝੁਲਾਈਆ। ਆਪੇ ਜੋਧਾ ਸੂਰ ਬਲੀ ਬਲਵਾਨ, ਏਕੰਕਾਰਾ ਆਪ ਅਖਵਾਈਆ। ਆਪੇ ਸ਼ਬਦ ਖੰਡਾ ਤੀਰ ਕਮਾਨ, ਸ਼ਸਤਰ ਬਸਤਰ ਤਨ ਸਜਾਈਆ। ਆਪੇ ਮੰਦਰ ਮਸਜਿਦ ਬਣ ਮਕਾਨ, ਪੂਜਾ ਪਾਠ ਆਪ ਕਰਾਈਆ। ਆਪੇ ਹਵਨ ਪਵਣ ਸੁਗੰਧ ਵੇਖ ਵਖਾਨ, ਧੂੰਆਂਧਾਰ ਆਪ ਹੋ ਜਾਈਆ। ਰਵ ਸਸ ਕਰ ਪਰਧਾਨ, ਮੰਡਲ ਮੰਡਪ ਆਪੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਬੇਪਰਵਾਹੀਆ। ਬੇਪਰਵਾਹ ਹਰਿ ਹਰਿ ਮੌਲਾ, ਹਰਿਜਨ ਜਨ ਮਿਲਾਨਿਆ। ਨਾਮ ਵਣਜਾਰਾ ਨਾਮ ਕੰਡੇ ਸਾਚੇ ਤੁਲਾ, ਪਾਵੇ ਮੁਲ ਸਰਬ ਸੰਸਾਰਿਆ। ਏਕਾ ਧਾਰਨ ਏਕਾ ਬੋਲਾ, ਏਕਾ ਢੋਲਾ ਰਸਨਾ ਗਾ ਲਿਆ। ਏਕਾ ਕਾਇਆ ਏਕਾ ਚੋਲਾ, ਸ਼ਬਦ ਵਿਚੋਲਾ ਇਕ ਬਣਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਾਗਰਤ ਜੋਤੀ ਇਕ ਜਗਾ ਲਿਆ। ਜਾਗਰਤ ਜੋਤ ਜਗਤ ਜਗਾ, ਗੁਰ ਗੁਰ ਵੱਡੀ ਵਡਿਆਈਆ। ਸਤਿਗੁਰ ਸਾਚਾ ਸਗਨ ਮਨਾ, ਘਰ ਵਸੇ ਬੇਪਰਵਾਹੀਅ। ਆਪਣੀ ਸਿਖਿਆ ਆਪ ਸੁਣਾ, ਆਪਣੀ ਝੋਲੀ ਪਾਈਆ। ਆਪਣਾ ਲਿਖਿਆ ਆਪੇ ਦਏ ਮਿਟਾ, ਲੇਖਾ ਆਪਣੇ ਹੱਥ ਰਖਾਈਆ। ਆਪਣੀ ਭੇਟਾ ਦਏ ਚੜ੍ਹਾ, ਆਪੇ ਪੋਚ ਪੁਚਾਈਆ। ਖੇਵਟ ਖੇਟਾ ਆਪ ਅਖਵਾ, ਆਪਣੀ ਨੱਯਾ ਆਪ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਮੰਦਰ ਖੋਜ ਖੁਜਾਈਆ। ਘਰ ਮੰਦਰ ਹਰਿ ਜਾਣਿਆ, ਪਰਮ ਪੁਰਖ ਕਰਤਾਰ। ਗੁਰਮੁਖ ਵਿਰਲੇ ਮਾਤ ਪਛਾਣਿਆ, ਜਿਸ ਜਨ ਬਖ਼ਸ਼ੇ ਚਰਨ ਪਿਆਰ। ਕਲਜੁਗ ਜੀਵ ਸੁੱਤਾ ਬਾਲ ਅੰਞਾਣਿਆ, ਨਾ ਦੇਵੇ ਕੋਈ ਹੁਲਾਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪੇ ਜਾਣੇ ਆਪਣੀ ਕਾਰ। ਕਾਰ ਕਰੰਦੜਾ ਦਿਵਸ ਰੈਣ, ਪਰਮ ਪੁਰਖ ਅਖਵਾਇਆ। ਧਾਮ ਸੁਹੰਦੜਾ ਸਾਕ ਸੈਣ, ਸੱਜਣ ਮੀਤ ਬਣ ਜਾਇਆ। ਜੁਗਾ ਜੁਗੰਤ ਚੁਕਾਏ ਲਹਿਣ ਦੇਣ, ਆਪਣਾ ਲਹਿਣਾ ਆਪਣੇ ਹੱਥ ਰਖਾਇਆ। ਦਰਸ ਵਿਖੰਦੜਾ ਦਿਵਸ ਰੈਣ, ਨੇਤਰ ਨੈਣ ਇਕ ਖੁਲ੍ਹਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਘਰ ਸਾਚਾ ਵੇਖ ਵਖਾਇਆ। ਘਰ ਸਾਚੇ ਹਰਿ ਜੋਤ ਅਕਾਲੀ, ਨਿਰਗੁਣ ਆਪ ਜਗਾਈਆ। ਏਕਾ ਮੰਗੇ ਨਾਮ ਦਲਾਲੀ, ਏਕਾ ਮਤ ਸਮਝਾਈਆ। ਸ਼ਾਹ ਸ਼ਹਾਨਾ ਹੱਕ ਹਲਾਲੀ, ਹੱਕ ਬਹੱਕ ਵੇਖ ਵਖਾਇਆ। ਗੁਰਮੁਖ ਵਿਰਲੇ ਘਾਲ ਘਾਲੀ, ਭਰਮੇ ਭੁੱਲੀ ਸਰਬ ਲੋਕਾਈਆ। ਗੁਰਮੁਖ ਮਸਤਕ ਚੜ੍ਹੇ ਲਾਲੀ, ਮਨਮੁਖ ਰੋਵੇ ਦਏ ਦੁਹਾਈਆ। ਧੁਰ ਦਰਗਾਹੀ ਸਾਚਾ ਮਾਲੀ, ਲੋਕਮਾਤ ਫੇਰਾ ਪਾਈਆ। ਜੁਗਾ ਜੁਗੰਤ ਅਵੱਲੜੀ ਚਾਲੀ, ਚਾਲ ਨਿਰਾਲੀ ਇਕ ਚਲਾਈਆ। ਲੱਖ ਚੁਰਾਸੀ ਵੇਖੇ ਫਲ ਪੱਤ ਡਾਲ੍ਹੀ, ਫੁਲ ਫੁਲਵਾੜੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਰ ਸਾਚਾ ਇਕ ਸੁਹਾਈਆ। ਸਾਚਾ ਦਰ ਸਚ ਦਰਬਾਰਾ, ਹਰਿ ਸਾਚੇ ਸਚ ਖੁਲ੍ਹਾਇਆ । ਆਦਿ ਨਿਰੰਜਣ ਹੋ ਉਜਿਆਰਾ, ਜੋਤ ਨਿਰੰਜਣ ਵੇਖ ਵਖਾਇਆ। ਸ਼ਬਦ ਅਨਾਦ ਸੱਚੀ ਧੁੰਨਕਾਰਾ, ਤਨ ਮੰਦਰ ਆਪ ਵਜਾਇਆ। ਆਪੇ ਹੋਏ ਸੁਨਣੇਹਾਰਾ, ਦਿਸ ਕਿਸੇ ਨਾ ਆਇਆ। ਖੇਲੇ ਖੇਲ ਗੁਪਤ ਜ਼ਾਹਰਾ, ਜ਼ਾਹਰ ਜ਼ਹੂਰ ਭੇਵ ਨਾ ਰਾਇਆ। ਨਾ ਕੋਈ ਪੁਰਖ ਨਾ ਕੋਈ ਨਾਰਾ, ਨਰ ਨਰਾਇਣ ਨਾਉਂ ਧਰਾਇਆ। ਨਾ ਕੋਈ ਸੱਜਣ ਨਾ ਕੋਈ ਸੈਣ ਨਾ ਕੋਈ ਮੀਤ ਮੁਰਾਰਾ, ਭਾਈ ਭੈਣ ਨਾ ਕੋਈ ਬਣਾਇਆ। ਗੁਰਮੁਖਾਂ ਕਰੇ ਇਕ ਪਿਆਰਾ, ਜੁਗ ਜੁਗ ਆਪਣਾ ਵੇਸ ਵਟਾਇਆ। ਲੇਖਾ ਲਿਖਿਆ ਵੀਹ ਸੌ ਬਿਕ੍ਰਮੀ ਸਾਲ ਬਾਰਾਂ, ਬਾਰਾਂ ਬਾਰਾਂ ਲੇਖ ਜਣਾਇਆ। ਬਾਰਾਂ ਰਾਸੀ ਹੋਏ ਰਾਸ, ਨਾਮ ਕੁੰਡਲੀ ਏਕਾ ਪਾਇਆ। ਸੰਮਤ ਤੇਰਾਂ ਕਰ ਪਰਕਾਸ਼, ਸਾਧਾਂ ਸੰਤਾਂ ਵੇਖ ਵਖਾਇਆ। ਸੰਮਤ ਚੌਦਾਂ ਘਰ ਘਰ ਵਾਸ, ਏਕਾ ਇਕੀ ਜੋੜ ਜੁੜਾਇਆ। ਸੰਮਤ ਪੰਦਰਾਂ ਸ਼ਾਹੋ ਸ਼ਬਾਸ਼, ਅਠਸਠ ਚਰਨਾਂ ਹੇਠ ਦਬਾਇਆ। ਸੰਮਤ ਸੋਲਾਂ ਗੁਰਮੁਖਾਂ ਅੰਦਰ ਕਰੇ ਵਾਸ, ਆਪ ਆਪਣੀ ਦਇਆ ਕਮਾਇਆ। ਲੇਖੇ ਲਾਏ ਸਵਾਸ ਸਵਾਸ, ਜੋ ਜਨ ਰਸਨਾ ਸੋਹੰ ਗਾਇਆ। ਪਾਰ ਕਿਨਾਰਾ ਪ੍ਰਿਥਮੀ ਆਕਾਸ਼, ਗਗਨ ਮੰਡਲ ਨਿਉਂ ਨਿਉਂ ਸੀਸ ਝੁਕਾਇਆ। ਪਾਰਬ੍ਰਹਮ ਪ੍ਰਭ ਪੁਰਖ ਅਬਿਨਾਸ਼, ਗੁਰਮੁਖ ਸਾਚੇ ਲਏ ਮਿਲਾਇਆ। ਸਦਾ ਸੁਹੇਲਾ ਵਸੇ ਪਾਸ, ਵਿਛੜ ਕਦੇ ਨਾ ਜਾਇਆ। ਲਹਿਣਾ ਦੇਣਾ ਚੁੱਕੇ ਦਸ ਦਸ ਮਾਸ, ਗਰਭਵਾਸਾ ਫੰਦ ਕਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਦਿਵਸ ਰੈਣ ਰੈਣ ਦਿਵਸ ਜਗਤ ਪਰਭਾਤ ਏਕ ਵਖਾਈਆ। ਸਚ ਪਰਭਾਤੀ ਹਰਿ ਹਰਿ ਬੋਲੇ, ਹਰਿਜਨ ਆਪ ਜਗਾਇਆ। ਕਲਜੁਗ ਅੰਤਮ ਕੰਡੇ ਤੋਲੇ, ਨਾਮ ਕੰਡਾ ਹੱਥ ਉਠਾਇਆ। ਵਸਣਹਾਰਾ ਕਾਇਆ ਚੋਲੇ, ਆਪ ਆਪਣਾ ਮੁਖ ਛੁਪਾਇਆ। ਮੇਲ ਮਿਲਾਵੇ ਹੌਲੇ ਹੌਲੇ, ਗੁਰਮੁਖ ਸੋਏ ਲਏ ਜਗਾਇਆ। ਵਸਣਹਾਰਾ ਨਿਝ ਘਰ ਆਤਮ ਸਦਾ ਕੋਲੇ, ਮੁਖ ਤੋਂ ਪੜਦਾ ਦਏ ਲਾਹਿਆ। ਗੁਰਸਿਖ ਨਾਰੀ ਕਰ ਪਿਆਰੀ ਆਪੇ ਪਾਏ ਸਾਚੇ ਡੋਲੇ, ਲਾਲ ਰੰਗੀਲਾ ਰੰਗ ਰੰਗਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਸ਼ਾਹੋ ਸ਼ਾਬਾਸ਼ੀ ਸ਼ਬਦ ਅਨਾਦੀ ਧੁਨ ਏਕਾ ਬੋਲੇ, ਆਪਣਾ ਮੰਗਲ ਆਪੇ ਗਾਇਆ। ਵੀਹ ਸੌ ਸੋਲਾਂ ਸਚਖੰਡ ਤੇਰਾ ਦਰ ਦਰਵਾਜ਼ਾ ਆਪੇ ਖੋਲ੍ਹੇ, ਆਪਣੀ ਹੱਥੀਂ ਕੁੰਡਾ ਲਾਹਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਚ ਵਰ, ਕਲਜੁਗ ਤੇਰੀ ਅੰਤਮ ਵਰ, ਗੁਰਮੁਖ ਸੱਜਣ ਲਏ ਤਰਾਇਆ। ਤਾਰਨ ਆਇਆ ਤਾਰਨਹਾਰਾ, ਅੰਤਮ ਕਲਜੁਗ ਜੋਤ ਜਗਾਈਆ। ਵਣਜ ਕਰਾਏ ਵਣਜ ਵਪਾਰਾ, ਨਾਮ ਨਾਮਾ ਹੱਟ ਵਿਕਾਈਆ। ਕਵਲ ਕਰਾਏ ਕਵਲ ਉਜਿਆਰ, ਕਵਲ ਕਵਲਾ ਆਪ ਖੁਲ੍ਹਾਈਆ। ਭਗਤੀ ਭਰੇ ਭਗਤ ਭੰਡਾਰ, ਦੇਵਣਹਾਰ ਬੇਪਰਵਾਹੀਆ। ਗੁਰਮੁਖਾਂ ਦੇਵੇ ਇਕ ਸਹਾਰਾ, ਆਪ ਆਪਣਾ ਲੜ ਫੜਾਈਆ। ਛੁਟਿਆ ਨਾਤਾ ਸਰਬ ਸੰਸਾਰਾ, ਬਿਨ ਸਤਿਗੁਰ ਪੂਰੇ ਦੂਸਰ ਕੋਈ ਦਿਸ ਨਾ ਆਈਆ। ਦਿਵਸ ਰੈਣ ਕਰੇ ਪਿਆਰਾ, ਆਤਮ ਸੇਜਾ ਸੁੱਤਾ ਬੇਪਰਵਾਹੀਆ। ਸੰਮਤ ਸੋਲਾਂ ਕਰੇ ਸ਼ਿੰਗਾਰਾ, ਸੋਲਾਂ ਇਛਿਆ ਪਾਏ ਭਿਛਿਆ, ਸਾਚੀ ਸਿਖਿਆ ਇਕ ਸਮਝਾਈਆ। ਨਾਨਕ ਕਬੀਰ ਨੇਤਰ ਪੇਖਿਆ, ਸੋ ਸਤਿਗੁਰ ਸਾਚਾ ਇਕ ਅਖਵਾਈਆ। ਕਲਜੁਗ ਅੰਤਮ ਗ਼ਰੀਬ ਨਿਮਾਣੇ ਲਿਖੇ ਲੇਖਿਆ, ਲੇਖਾ ਆਪਣੇ ਹੱਥ ਰਖਾਈਆ। ਜੋਤੀ ਜਾਮਾ ਧਾਰਿਆ ਭੇਖਿਆ, ਭਗਵਨ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਦੇਵਣਹਾਰਾ ਵਰ, ਵਰ ਦਾਤਾ ਆਪ ਅਖਵਾਈਆ। ਤ੍ਰੈਗੁਣ ਰੰਗ ਅਪਾਰ, ਪੰਜ ਤੱਤ ਰੰਗ ਰੰਗਾਇਆ। ਮਨ ਮਤ ਬੁਧ ਬਖ਼ਸ਼ੇ ਧਾਰ, ਆਪਣਾ ਖੇਲ ਖਿਲਾਇਆ। ਆਪੇ ਜਾਣੇ ਜਾਨਣਹਾਰ, ਡੂੰਘਾ ਸਾਗਰ ਤਾਲ ਭਰਾਇਆ। ਕਾਇਆ ਗਾਗਰ ਵੇਖ ਵਿਚਾਰ, ਅੰਮ੍ਰਿਤ ਜਲ ਟਿਕਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰਸ ਆਪ ਚੁਆਇਆ। ਆਪਣਾ ਰਸ ਨਿਝਰ ਧਾਰ, ਹਰਿਜਨ ਆਪ ਚੁਆਈਆ। ਕਾਇਆ ਕਰੇ ਠੰਡੀ ਠਾਰ, ਸਾਂਤਕ ਸਤਿ ਵਰਤਾਈਆ। ਅਗਨੀ ਤੱਤ ਦੇਵੇ ਮਾਰ, ਰੱਤੀ ਰੱਤ ਸੁਕਾਈਆ। ਬ੍ਰਹਮ ਮਤ ਇਕ ਅਪਾਰ, ਗੁਰਮਤ ਕਰੇ ਪੜ੍ਹਾਈਆ। ਮੇਲ ਮਿਲਾਵਾ ਕਮਲਾਪਤ, ਘਰ ਸੱਜਣ ਸ਼ਹਿਨਸ਼ਾਹੀਆ। ਦੇਵਣਹਾਰਾ ਤਖ਼ਤ ਤਾਜ, ਸੀਸ ਆਪਣਾ ਹੱਥ ਟਿਕਾਈਆ। ਸ਼ਬਦ ਅਗੰਮੀ ਮਾਰ ਅਵਾਜ਼, ਸੋਇਆ ਸੁੱਤ ਉਠਾਈਆ। ਸਿੰਘ ਤਾਰਾ ਰੱਖੇ ਲਾਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕੂੜੀ ਕਿਰਿਆ ਜਗਤ ਜੰਞੂ ਦੇਵੇ ਗਲੋਂ ਲਾਹੀਆ। ਜਗਤ ਜੰਞੂ ਕੱਚਾ ਤੰਦ, ਕਲਜੁਗ ਤਨ ਬੰਧਾਇਆ। ਪੁਰਖ ਅਬਿਨਾਸ਼ੀ ਤੋੜਨਹਾਰਾ ਫੰਦ, ਆਪਣੀ ਹੱਥੀਂ ਤੋੜ ਤੁੜਾਇਆ। ਰਸਨਾ ਗੌਣਾ ਬੱਤੀ ਦੰਦ, ਘਰ ਘਰ ਵਿਚ ਹੋਏ ਸਹਾਇਆ। ਦੀਨ ਦਿਆਲਾ ਗੁਰ ਗੋਪਾਲਾ, ਆਪ ਚੜ੍ਹਾਏ ਸਾਚਾ ਚੰਦ, ਰਵ ਸਸ ਰਹੇ ਸ਼ਰਮਾਇਆ। ਇਕ ਉਪਜਾਏ ਪਰਮਾਨੰਦ, ਆਤਮ ਦਰਸੀ ਦਰਸ ਦਿਖਾਇਆ। ਸ਼ਬਦ ਅਨਾਦੀ ਸੁਹਾਗੀ ਛੰਦ, ਮੰਗਲ ਸੋਹਲਾ ਰਾਗ ਏਕਾ ਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਲੇਖਾ ਲੇਖੇ ਲਾਇਆ। ਲੇਖਾ ਲੇਖੇ ਗਿਆ ਲੱਗ, ਹਰਿ ਸਾਚਾ ਆਪ ਲਗਾਇੰਦਾ। ਫੜ ਫੜ ਹੰਸ ਬਣਾਏ ਕਗ, ਸੋਹੰ ਮੋਤੀ ਚੋਗ ਚੁਗਾਇੰਦਾ। ਦੀਪਕ ਜੋਤੀ ਜਾਏ ਜਗ, ਜਗਤ ਅੰਧੇਰ ਮਿਟਾਇੰਦਾ। ਦਰਸ ਦਿਖਾਏ ਉਪਰ ਸ਼ਾਹ ਰਗ, ਆਪ ਆਪਣਾ ਰੂਪ ਵਟਾਇੰਦਾ। ਗੁਰਸਿਖ ਮੇਰਾ ਸੁੱਚਾ ਨਗ, ਆਪੇ ਤਾਜ ਸੀਸ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਸੇਹਰਾ ਚੁਕਾਏ ਮੇਰਾ ਤੇਰਾ, ਤੇਰਾ ਮੇਰਾ ਵੇਖ ਵਖਾਇੰਦਾ। ਤੇਰਾ ਮੇਰਾ ਏਕਾ ਰੰਗ, ਅੰਗੀਕਾਰ ਕਰਾਇਆ। ਤੇਰੀ ਸੇਜਾ ਸਚ ਪਲੰਘ, ਹਰਿ ਜੀ ਆਸਣ ਲਾਇਆ। ਆਪ ਵਜਾਏ ਸਚ ਮਰਦੰਗ, ਢੋਲਕ ਛੈਣਾ ਨਾ ਕੋਈ ਵਜਾਇਆ। ਤੇਰੇ ਅੰਦਰ ਵਹਾਏ ਸਾਚੀ ਗੰਗ, ਗੰਗਾ ਲਹਿਣਾ ਦਏ ਚੁਕਾਇਆ। ਰਵਦਾਸ ਨਿਭਾਇਆ ਅੰਤਮ ਸੰਗ, ਹਰਿ ਸਾਚੇ ਮੇਲ ਮਿਲਾਇਆ। ਤੁਟੀ ਆਪੇ ਲਏ ਗੰਢ, ਗੰਢਣਹਾਰ ਆਪ ਅਖਵਾਇਆ। ਤੇਰੇ ਕਰਮਾਂ ਆਪਣੇ ਸੀਸ ਚੁੱਕੇ ਪੰਡ, ਤੇਰਾ ਹੌਲਾ ਭਾਰ ਕਰਾਇਆ। ਤੇਰਾ ਦਰ ਉਪਰ ਬ੍ਰਹਿਮੰਡ, ਹਰਿ ਸਾਚੇ ਆਪ ਬਣਾਇਆ। ਕੋਟਨ ਕੋਟ ਜੋਗ ਜੁਗੀਸ਼ਰ ਮੁਨੀ ਮੁਨੀਸ਼ਰ ਤਪੀ ਤਪੀਸ਼ਰ ਰਹੇ ਮੰਗ, ਹੱਥ ਕਿਸੇ ਨਾ ਆਇਆ। ਸਤਿਗੁਰ ਪੂਰਾ ਦਾਤਾ ਦਾਨੀ ਵਡ ਸਰਬੰਗ, ਕਲਜੁਗ ਸਰਸਾ ਪਾਰ ਕਰਾਇਆ। ਕਾਇਆ ਚੋਲੀ ਨਾਮ ਮਜੀਠੀ ਚਾੜ੍ਹੇ ਰੰਗ, ਉਤਰ ਕਦੇ ਨਾ ਜਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਮੁਖ ਸਾਚੇ ਦਰ ਤੇਰਾ ਸੱਚਾ ਇਕ ਸੁਹਾਇਆ। ਤੇਰਾ ਦਰ ਸੱਚਾ ਦਰਬਾਰ, ਹਰਿ ਸਾਚੇ ਜੋਤ ਜਗਾਈਆ। ਨਿਰਗੁਣ ਦੀਪਕ ਕਰ ਉਜਿਆਰ, ਸਰਗੁਣ ਵੇਖੇ ਬੇਪਰਵਾਹੀਆ। ਸ਼ਬਦ ਅਗੰਮ ਸੱਚੀ ਧੁਨਕਾਰ, ਧੁਨ ਆਤਮਕ ਆਪ ਵਜਾਈਆ। ਲੇਖਾ ਲਿਖਣਾ ਬਣ ਭਿਖਾਰ, ਪ੍ਰਭ ਸਾਚਾ ਦਏ ਲਿਖਾਈਆ। ਸੰਮਤ ਸੋਲਾਂ ਸਤਾਰਾਂ ਹਾੜਾ ਭਰੇ ਭੰਡਾਰ, ਗਿਆਨੀ ਧਿਆਨੀ ਵਡ ਵਿਦਵਾਨੀ ਤੇਰੇ ਚਰਨਾਂ ਰਾਹ ਤਕਾਈਆ। ਦੇਵੇ ਨਾਮ ਧੁਰ ਨਾਮ ਇਕ ਨਿਸ਼ਾਨ, ਸੋਹੰ ਝੰਡਾ ਹੱਥ ਫੜਾਈਆ। ਲੋਆਂ ਪੁਰੀਆਂ ਬ੍ਰਹਮਾ ਵਿਸ਼ਨ ਮਹੇਸ਼ਾ ਕਰੋੜ ਤੇਤੀਸ ਦੇਵਤ ਸੁਰ ਵੱਜੇ ਕਾਨੀ, ਤੀਰ ਨਿਰਾਲਾ ਇਕ ਚਲਾਈਆ। ਆਪੇ ਮੰਦਰ ਗਾਏ ਬਾਣੀ, ਬਾਵਨ ਬਾਵਨ ਰੂਪ ਵਟਾਈਆ। ਧੰਨ ਸੁਭਾਗ ਸੁਘੜ ਸਿਆਣੀ ਹੋਈ ਰਾਣੀ, ਘਰ ਬੈਠੀ ਸਗਨ ਮਨਾਈਆ। ਕੰਤ ਕੰਤੂਹਲ ਰੰਗ ਰੰਗੀਲਾ ਅਬਿਨਾਸ਼ੀ ਕਰਤਾ ਜਾਣ ਜਾਣੀ, ਘਟ ਅੰਦਰ ਵੇਖ ਵਖਾਈਆ। ਮਿਲੇ ਮੇਲ ਪ੍ਰਭ ਸਾਚੇ ਹਾਣੀ, ਦੂਸਰ ਓਟ ਨਾ ਕੋਈ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰੀ ਤਾਰ ਹਰਿ ਨਿਰੰਕਾਰ, ਆਪੇ ਖਿੱਚੇ ਆਪਣੀ ਵਾਰ, ਆਪਣੀ ਸੇਵਾ ਆਪ ਲਗਾਈਆ। ਖਿੱਚੇ ਤਾਰ ਸੁਰਤ ਸਵਾਣੀ, ਸ਼ਬਦੀ ਸੇਵ ਕਮਾਇਆ। ਦੇਵੇ ਨਾਮ ਧੁਰ ਦੀ ਬਾਣੀ, ਦਰ ਦੁਵਾਰਾ ਇਕ ਖੁਲ੍ਹਾਇਆ। ਆਪ ਸੁਣਾਏ ਅਕੱਥ ਕਹਾਣੀ, ਕਥਨੀ ਕਥ ਨਾ ਸਕੇ ਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਗੁਰਸਿਖਾਂ ਦੇਵੇ ਵਰ, ਜਨ ਭਗਤਾਂ ਦਰ ਦਰ ਘਰ ਘਰ ਕਲਜੁਗ ਕਰੇ ਆਪ ਪਛਾਣੀ। ਖਿਚੀ ਤਾਰ ਸਤਿ ਸਤਾਰ ਨਿਰੰਕਾਰ, ਅਕਲ ਕਲ ਵਰਤਾਈਆ। ਦੇਵੇ ਨਾਮ ਸੱਚੀ ਧੁਨਕਾਰ, ਧੁਨ ਅਨਾਦੀ ਆਪ ਸੁਣਾਈਆ। ਗਾਵਤ ਗਾਏ ਵਾਰੋ ਵਾਰ, ਦਿਵਸ ਰੈਣ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਏਕਾ ਅੱਖਰ ਜਗਤ ਵੱਖਰ, ਨਾਮ ਭਿਛਿਆ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਆਪਣੀ ਝੋਲੀ ਪਾਈਆ। ਦਿਵਸ ਸੁਹੰਜਣਾ ਭਗਤ ਵਡਿਆਈ, ਸੰਤਨ ਮੰਗਲ ਗਾਇਆ। ਆਦਿ ਨਿਰੰਜਣ ਖੇਲ ਖਿਲਾਈ, ਜਾਗਰਤ ਜੋਤ ਕਰੇ ਰੁਸ਼ਨਾਇਆ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਮੇਟਣਹਾਰ ਕਾਲੀ ਸ਼ਾਹੀਆ। ਸਾਚਾ ਮਾਰਗ ਇਕ ਰਖਾਇਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੰਗਤ ਰਿਹਾ ਜਣਾਇਆ। ਹਰਿ ਸੰਗਤ ਹਰਿ ਸ਼ਬਦ ਜਣਾਏ, ਸਾਚੀ ਸਿਖਿਆ ਇਕ ਸਮਝਾਈਆ। ਭੈਣ ਭਾਈ ਸਰਬ ਵਖਾਏ, ਨੇਤਰ ਨੈਣ ਨਾ ਕੋਈ ਉਠਾਈਆ। ਪਹਿਲਾ ਸੋਹਲਾ ਕੁਲਦੀਪ ਗਾਏ, ਸਿੰਘ ਬਿਸ਼ਨ ਦੀ ਜਾਈਆ। ਸਾਚਾ ਸਿਹਰਾ ਸੀਸ ਬੰਧਾਏ, ਵੀਰ ਵੀਰ ਕਰੇ ਵਡਿਆਈਆ। ਭਾਈ ਭੈਣ ਸਿਰ ਹੱਥ ਰਖਾਏ, ਆਪਣੀਆਂ ਭੁਜਾ ਉਠਾਈਆ। ਭੈਣ ਭਾਈ ਰਾਹ ਤਕਾਏ, ਦਿਵਸ ਰੈਣ ਵੇਖ ਵਖਾਈਆ। ਸਤਿਜੁਗ ਸਾਚਾ ਨਾਤਾ ਸਤਿਗੁਰ ਪੂਰਾ ਆਪ ਚੜ੍ਹਾਏ, ਹਰਿ ਸੰਗਤ ਏਕਾ ਮਾਤਾ ਏਕਾ ਪਿਤਾ ਏਕਾ ਘਰ ਜਾਈਆ। ਸਚ ਸਪੁੱਤਰੀ ਸਤਿਗੁਰ ਪੂਰਾ ਤੇਰਾ ਲੇਖਾ ਆਪਣੇ ਲੇਖੇ ਲਾਏ, ਤੇਰੀ ਆਤਮ ਹਰਿ ਗੁਣ ਗਾਏ, ਘਰ ਵੱਜੇ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਤੇਰਾ ਸੇਹਰਾ ਹਰਿ ਸੰਗਤ ਸਿਰ ਬੰਧਾਈਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਹਕਲੰਕ ਨਰਾਇਣ ਨਰ ਅਵਤਾਰ, ਕਲਜੁਗ ਤੇਰੀ ਅੰਤਮ ਵਰ, ਸੰਮਤ ਵੀਹ ਸੌ ਸੋਲਾਂ ਬਿਕ੍ਰਮੀ ਆਪੇ ਵੇਖਣ ਆਈਆ।