੨੬ ਅੱਸੂ ੨੦੧੬ ਬਿਕ੍ਰਮੀ ਦਰਬਾਰ ਵਿਚ ਦਿਲੀ
ਨਿਰਗੁਣ ਨੂਰ ਹਰਿ ਨਿਰੰਕਾਰ, ਏਕਾ ਏਕ ਏਕੰਕਾਰਿਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਅਲੱਖ ਅਗੋਚਰ ਅਗੰਮ ਅਥਾਹ ਭੇਵ ਨਾ ਆ ਰਿਹਾ। ਆਦਿ ਨਿਰੰਜਣ ਜੋਤ ਉਜਿਆਰ, ਨੂਰੋ ਨੂਰ ਡਗਮਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਬਿਨਾਸ਼ੀ ਕਰਤਾ ਨਾਉਂ ਰਖਾ ਰਿਹਾ। ਅਬਿਨਾਸ਼ੀ ਹਰਿ ਭਗਵੰਤ, ਹਰਿ ਹਰੀ ਵੱਡੀ ਵਡਿਆਈਆ। ਖੇਲੇ ਖੇਲ ਆਦਿ ਅੰਤ, ਅਕਲ ਕਲ ਆਪ ਅਖਵਾਈਆ। ਵੇਸ ਵਟਾਏ ਜੁਗਾ ਜੁਗੰਤ, ਜੁਗ ਕਰਤਾ ਨਾਉਂ ਧਰਾਈਆ। ਲੱਖ ਚੁਰਾਸੀ ਬਣਾਏ ਬਣਤ, ਬ੍ਰਹਮਾ ਵਿਸ਼ਨ ਸ਼ਿਵ ਸੇਵ ਲਗਾਈਆ। ਕਰੋੜ ਤੇਤੀਸਾ ਮਣੀਆ ਮੰਤ, ਸੁਰਪਤ ਰਾਜਾ ਇੰਦ ਰਿਹਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਖਲਾਈਆ। ਇਕ ਇਕੱਲਾ ਅਕਲ ਕਲ ਧਾਰ, ਆਦਿ ਜੁਗਾਦਿ ਸਮਾਇਆ। ਜੋਤੀ ਨੂਰ ਇਕ ਉਜਿਆਰ, ਧੁਨ ਅਨਾਦੀ ਜੈਕਾਰਾ ਲਾਇਆ। ਪਾਰਬ੍ਰਹਮ ਪ੍ਰਭ ਭੇਵ ਨਿਆਰ, ਆਪ ਆਪਣਾ ਖੇਲ ਖਲਾਇਆ। ਵਸਣਹਾਰਾ ਸਚਖੰਡ ਦੁਵਾਰ, ਥਿਰ ਘਰ ਸਾਚਾ ਇਕ ਸੁਹਾਇਆ। ਸਚ ਸਿੰਘਾਸਣ ਜੋਤ ਉਜਿਆਰ, ਪੁਰਖ ਅਬਿਨਾਸ਼ੀ ਡਗਮਗਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਘਰ ਸੁਹੰਜਣਾ ਇਕ ਸੁਹਾਇਆ। ਘਰ ਸੁਹੰਜਣਾ ਪੁਰਖ ਅਕਾਲ, ਏਕਾ ਏਕ ਰਖਾਇੰਦਾ। ਨਿਰਗੁਣ ਦੀਪਕ ਆਪਣਾ ਬਾਲ, ਆਪ ਆਪਣਾ ਵੇਖ ਵਖਾਇੰਦਾ। ਆਪੇ ਵਸਣਹਾਰਾ ਸਚ ਸੱਚੀ ਧਰਮਸਾਲ, ਚਾਰ ਦਿਵਾਰ ਨਾ ਕੋਈ ਬਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਰੂਪ ਸਤਿ ਸਰੂਪ ਸ਼ਾਹੋ ਭੂਪ ਆਪ ਆਪਣੀ ਰਚਨ ਰਚਾਇੰਦਾ। ਸ਼ਾਹੋ ਭੂਪ ਹਰਿ ਸਚ ਸੁਲਤਾਨ, ਪਾਰਬ੍ਰਹਮ ਅਖਵਾਈਆ। ਸਚਖੰਡ ਵਸੇ ਸਚ ਮਕਾਨ, ਛੱਪਰ ਛੰਨ ਨਾ ਕੋਈ ਛੁਹਾਈਆ। ਜੋਤੀ ਨੂਰ ਨੂਰ ਮਹਾਨ, ਏਕਾ ਏਕ ਡਗਮਗਾਈਆ। ਨਾ ਕੋਈ ਦੂਸਰ ਦਿਸੇ ਹੋਰ ਨਿਸ਼ਾਨ, ਰਵ ਸਸ ਨਾ ਕੋਈ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣਾ ਰੰਗ ਰੰਗਾਈਆ। ਆਪਣਾ ਰੰਗ ਆਪੇ ਰੰਗ, ਹਰਿ ਸਾਚਾ ਵੇਖ ਵਖਾਇੰਦਾ। ਆਪਣੀ ਸੇਜਾ ਬੈਠ ਪਲੰਘ, ਆਪ ਆਪਣਾ ਆਸਣ ਲਾਇੰਦਾ। ਆਪ ਆਪਣਾ ਰੱਖੇ ਸੰਗ, ਸਗਲਾ ਸੰਗ ਆਪ ਨਿਭਾਇੰਦਾ। ਆਪ ਆਪਣੀ ਮੰਗੇ ਮੰਗ, ਆਪਣੀ ਭਿਛਿਆ ਆਪੇ ਝੋਲੀ ਪਾਇੰਦਾ। ਆਪ ਆਪਣਾ ਵਜਾਏ ਮਰਦੰਗ, ਆਪ ਆਪਣਾ ਤਾਲ ਰਖਾਇੰਦਾ। ਆਪ ਆਪਣਾ ਦਰ ਦੁਵਾਰ ਆਪੇ ਲੰਘ, ਆਪ ਆਪਣਾ ਮੇਲ ਮਿਲਾਇੰਦਾ। ਆਦਿ ਜੁਗਾਦਿ ਨਾ ਹੋਏ ਭੰਗ, ਅਬਿਨਾਸ਼ੀ ਕਰਤਾ ਨਾਉਂ ਧਰਾਇੰਦਾ। ਦਾਤਾ ਦਾਨੀ ਸੂਰਾ ਸਰਬੰਗ, ਸਰਬ ਕਲ ਆਪ ਵਰਤਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ, ਗਗਨ ਪਤਾਲ ਵੇਖ ਵਖਾਇੰਦਾ। ਨਿਝ ਘਰ ਸਚ ਸਿੰਘਾਸਣ, ਹਰਿ ਹਰਿ ਆਪ ਸੁਹਾਇੰਦਾ। ਆਪੇ ਬੈਠ ਸਰਬ ਗੁਣ ਤਾਸਣ, ਗੁਣਵੰਤਾ ਗੁਣ ਗੁਣ ਵੇਖ ਵਖਾਇੰਦਾ। ਪਾਵੇ ਸਾਰ ਪ੍ਰਿਥਮੀ ਅਕਾਸ਼ਨ, ਅਕਾਸ਼ ਅਕਾਸ਼ਾਂ ਫੋਲ ਫੁਲਾਇੰਦਾ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਜਵਾਲਾ ਹਰਿ ਗੋਪਾਲਾ, ਰੂਪ ਅਨੂਪ ਆਪ ਵਟਾਇੰਦਾ। ਆਦਿ ਸ਼ਕਤ ਰੂਪ ਭਵਾਨੀ, ਨਿਰਗੁਣ ਧਾਰ ਚਲਾਈਆ । ਆਦਿ ਜੁਗਾਦੀ ਜੋਤ ਨੁਰਾਨੀ, ਨੂਰੋ ਨੂਰ ਡਗਮਗਾਈਆ। ਪਰਮ ਪੁਰਖ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਆਪ ਅਖਵਾਈਆ। ਪਾਵੇ ਸਾਰ ਦੋ ਜਹਾਨੀ, ਚੌਦਾਂ ਲੋਕ ਭੇਵ ਖੁਲ੍ਹਾਈਆ। ਚੌਦਾਂ ਤਬਕਾਂ ਜਗਤ ਵਿਕਾਨੀ, ਆਪ ਆਪਣਾ ਵਣਜ ਕਰਾਈਆ। ਧੁਰਦਰਗਾਹੀ ਦਾਤਾ ਦਾਨੀ, ਏਕਾ ਵਸਤ ਰਿਹਾ ਵਰਤਾਈਆ। ਪਾਰਬ੍ਰਹਮ ਪ੍ਰਭ ਸਚ ਨਿਸ਼ਾਨੀ, ਲੋਕਮਾਤ ਦਏ ਉਪਜਾਈਆ। ਨਿਰਗੁਣ ਮਾਇਆ ਬੰਧ ਬੰਧਾਨੀ ਜੋੜ ਜੁੜਾਨੀ, ਆਪੇ ਜਾਣੇ ਆਪਣੀ ਖਾਣੀ, ਆਪ ਆਪਣਾ ਲਏ ਰਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਰੂਪ ਨਿਰਗੁਣ ਧਾਰ ਨਿਰਗੁਣ ਰੰਗ ਰੇਖ ਨਾ ਕੋਈ ਜਣਾਈਆ। ਨਿਰਗੁਣ ਨਰ ਹਰਿ ਨਰਾਇਣ, ਨਰ ਹਰਿ ਆਪ ਅਖਵਾਇੰਦਾ। ਹਰਿ ਕਾ ਭੇਵ ਕੋਈ ਨਾ ਸਕੇ ਕਹਿਣ, ਲੇਖਾ ਲੇਖ ਨਾ ਕੋਈ ਜਣਾਇੰਦਾ। ਆਪੇ ਜਾਣੇ ਆਪਣਾ ਲਹਿਣ ਦੇਣ, ਦੇਣਾ ਲਹਿਣਾ ਆਪ ਮੁਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਅਜੂਨੀ ਰਹਿਤ ਨਾਉਂ ਧਰਾਇੰਦਾ। ਅਜੂਨੀ ਰਹਿਤ ਸਤਿ ਪੁਰਖ ਨਿਰੰਜਣ, ਆਦਿ ਅੰਤ ਵੱਡੀ ਵਡਿਆਈਆ। ਜਨ ਭਗਤਾਂ ਨੇਤਰ ਨਾਮ ਪਾਏ ਅੰਜਨ, ਅਗਿਆਨ ਅੰਧੇਰ ਮਿਟਾਈਆ। ਸ਼ਬਦ ਸੁਹੇਲਾ ਸਖਾ ਸਖਾਈ ਸੱਜਣ, ਸਾਖਯਾਤ ਰੂਪ ਵਟਾਈਆ। ਤ੍ਰਲੋਕੀ ਨਾਥ ਸਗਲਾ ਸਾਥ ਚਰਨ ਧੂੜ ਕਰਾਏ ਸਾਚਾ ਮਜਨ, ਭਵ ਸਾਗਰ ਪਾਰ ਕਰਾਈਆ। ਓਮ ਸੋਇਮ ਨਿਰਗੁਣ ਨਿਰਾਕਾਰ ਰੂਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਧਾਰਾ ਆਪ ਹੰਢਾਈਆ। ਆਪਣੀ ਧਾਰ ਆਪੇ ਬੰਨ੍ਹ, ਆਪੇ ਵੇਖ ਵਖਾਇੰਦਾ। ਆਪੇ ਲੇਖੇ ਲਾਏ ਰਵ ਸਸ, ਚੰਨ ਮੰਡਲ ਮੰਡਪ ਆਪ ਸੁਹਾਇੰਦਾ। ਆਪੇ ਲੱਖ ਚੁਰਾਸੀ ਮੇਲਾ ਹੱਸ ਹੱਸ, ਤੋੜ ਵਿਛੋੜਾ ਆਪ ਕਰਾਇੰਦਾ। ਆਪੇ ਹਰਿਜਨ ਅੰਦਰ ਜਾਏ ਵਸ, ਆਪ ਆਪਣੀ ਬੂਝ ਬੁਝਾਇੰਦਾ। ਤੀਰ ਨਿਰਾਲਾ ਮਾਰੇ ਕਸ, ਸ਼ਬਦੀ ਬਾਣ ਇਕ ਉਠਾਇੰਦਾ । ਆਪੇ ਪੰਜ ਵਿਕਾਰਾ ਦੇਵੇ ਝੱਸ, ਪੰਚਮ ਤੱਤ ਨਾ ਕੋਈ ਸੁਣਾਇੰਦਾ। ਆਪੇ ਮਾਰਗ ਸਾਚਾ ਦੇਵੇ ਦੱਸ, ਜੁਗ ਜੁਗ ਆਪਣਾ ਨਾਉਂ ਧਰਾਇੰਦਾ। ਆਪੇ ਆਤਮ ਰਸੀਆ ਦੇਵੇ ਰਸ, ਆਤਮ ਅੰਤਰ ਨਿਝਰ ਝਿਰਨਾ ਆਪ ਝਿਰਾਇੰਦਾ। ਆਪੇ ਭਗਤ ਭਗਵੰਤ ਹੋਏ ਵਸ, ਸਾਚੀ ਡੋਰੀ ਨਾਮ ਬੰਧਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤੀ ਨੂਰ ਡਗਮਗਾਇੰਦਾ। ਜੋਤੀ ਨੂਰ ਹਾਜ਼ਰ ਹਜ਼ੂਰ ਹਰਿ ਸਾਚਾ ਵਡ ਵਡਿਆਈਆ। ਜਨ ਭਗਤਾਂ ਆਸਾ ਮਨਸਾ ਪੂਰ, ਬਖ਼ਸ਼ੇ ਚਰਨ ਸੱਚੀ ਸਰਨਾਈਆ । ਧੁਨ ਅਨਾਦੀ ਅਨਹਦ ਤੂਰ, ਆਤਮ ਅੰਤਰ ਦਏ ਸੁਣਾਈਆ। ਨਾਤਾ ਤੋੜੇ ਕੂੜੋ ਕੂੜ, ਕੂੜੀ ਕਿਰਿਆ ਦਏ ਮਿਟਾਈਆ। ਜਿਸ ਜਨ ਬਖ਼ਸ਼ੇ ਚਰਨ ਧੂੜ, ਮਸਤਕ ਟਿੱਕਾ ਮੇਟੇ ਝੂਠੀ ਸ਼ਾਹੀਆ। ਵਸਣਹਾਰਾ ਨੇੜੇ ਦੂਰ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੀਤਾ ਇਕ ਅਤੀਤਾ, ਪਤਿਤ ਪੁਨੀਤਾ ਆਪੇ ਵੇਖ ਵਖਾਈਆ। ਪਤਿਤ ਪੁਨੀਤਾ ਪਤਿਤ ਪਾਵਣ, ਪਾਰਬ੍ਰਹਮ ਅਖਵਾਇੰਦਾ। ਧਾਰੇ ਭੇਖ ਜਿਉਂ ਬਲ ਬਾਵਨ, ਵਲ ਛਲ ਧਾਰੀ ਆਪ ਹੋ ਜਾਇੰਦਾ। ਆਪੇ ਤੋੜਣਹਾਰਾ ਲੰਕਾ ਗੜ੍ਹ ਹੰਕਾਰੀ ਮੇਟ ਮਿਟਾਏ ਰਾਮਾ ਰਾਵਣ, ਬਾਣ ਨਿਰਾਲਾ ਆਪ ਲਗਾਇੰਦਾ। ਆਪੇ ਗ਼ਰੀਬ ਨਿਮਾਣਿਆਂ ਬਣੇ ਜ਼ਾਮਨ, ਕਾਹਨਾ ਕੰਸਾ ਆਪ ਖਪਾਇੰਦਾ। ਆਪੇ ਹਰਿਜਨ ਪਕੜੇ ਦਾਮਨ, ਆਪਣਾ ਪੱਲਾ ਆਪ ਫੜਾਇੰਦਾ। ਆਪੇ ਮੇਟਣਹਾਰਾ ਕਾਮਨੀ ਕਾਮਨ, ਕਾਮ ਕਰੋਧ ਲੋਭ ਮੋਹ ਹੰਕਾਰ ਨੇੜ ਨਾ ਆਇੰਦਾ। ਆਪੇ ਵੇਖਣਹਾਰ ਅੰਧੇਰੀ ਸ਼ਾਮਨ, ਜਗਤ ਆਪਣੀ ਜੋਤ ਜਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਕਰ ਪਸਾਰ, ਜੁਗਾ ਜੁਗੰਤਰ ਪਾਵੇ ਸਾਰ, ਲੋਕਮਾਤ ਲੈ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਇੰਦਾ। ਨਿਰਗੁਣ ਵੇਸ ਸਰਗੁਣ ਧਾਰ, ਨਿਰਗੁਣ ਸਰਗੁਣ ਜੋੜ ਜੁੜਾਈਆ। ਪੁਰਖ ਅਬਿਨਾਸ਼ੀ ਮੂਰਤ ਨਿਰੰਕਾਰ, ਪੰਜ ਤੱਤ ਡੇਰਾ ਆਪਣਾ ਆਪ ਲਾਈਆ। ਸਤਿ ਸਰੂਪੀ ਬੋਲ ਜੈਕਾਰ, ਏਕਾ ਨਾਅਰਾ ਦਏ ਸੁਣਾਈਆ। ਸੋ ਪੁਰਖ ਨਿਰੰਜਣ ਕਰਨੇਹਾਰ, ਕਰਤਾ ਕਾਦਰ ਆਪ ਅਖਵਾਈਆ। ਹੰ ਬ੍ਰਹਮ ਪ੍ਰਭ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਏਕਾ ਰੂਪ ਸੱਚੀ ਸਰਕਾਰ, ਦੂਜੀ ਕੁਦਰਤ ਵੇਖ ਵਖਾਈਆ। ਤੀਜਾ ਨੇਤਰ ਦਏ ਉਘਾੜ, ਜਨ ਭਗਤਾਂ ਦਇਆ ਕਮਾਈਆ। ਚੌਥੇ ਘਰ ਦੇਵੇ ਵਾੜ, ਚੌਥੇ ਪਦ ਆਪ ਸਮਾਈਆ। ਪੰਚਮ ਮੇਲਾ ਕੰਤ ਭਤਾਰ, ਪੁਰਖ ਅਬਿਨਾਸ਼ੀ ਵੇਖ ਵਖਾਈਆ। ਛੇਵਾਂ ਛੱਪਰ ਨਾ ਕੋਇ ਦੇਵੇ ਸਹਾਰ, ਸਚਖੰਡ ਬੈਠਾ ਡੇਰਾ ਲਾਈਆ। ਸਤਵਾਂ ਸਤਿ ਪੁਰਖ ਨਿਰੰਜਣ ਹੋ ਉਜਿਆਰ, ਅਲੱਖ ਅਗੋਚਰ ਅਗੰਮ ਅਥਾਹ ਬੇਪਰਵਾਹ ਏਕਾ ਏਕ ਅਖਵਾਈਆ। ਅੱਠਾਂ ਤੱਤਾਂ ਪਕੜੇ ਬਾਂਹ, ਅਪ ਤੇਜ ਵਾਏ ਪ੍ਰਿਥਮੀ ਅਕਾਸ਼ ਮਨ ਮਤ ਬੁੱਧ ਦਏ ਸਲਾਹੀਆ। ਨੌ ਦਰ ਵੇਖੇ ਥਾਉਂ ਥਾਂ, ਲੱਖ ਚੁਰਾਸੀ ਫੋਲ ਫੁਲਾਈਆ। ਘਰ ਵਿਚ ਘਰ ਦਏ ਮਿਲਾ, ਘਰ ਬੈਠਾ ਸਹਿਜ ਸੁਖਦਾਈਆ। ਠੰਡਾ ਸੀਤਾ ਮੇਲਾ ਲਏ ਮਿਲਾ, ਡੂੰਘੀ ਭਵਰੀ ਕਾਇਆ ਕਵਰੀ ਟੇਢੀ ਬੰਕ ਪਾਰ ਕਰਾਈਆ। ਤ੍ਰਬੈਣੀ ਨੈਣੀ ਫੇਰਾ ਪਾ, ਆਪ ਆਪਣਾ ਦਰਸ ਦਿਖਾ, ਅੰਮ੍ਰਿਤ ਆਤਮ ਸਰ ਸਰੋਵਰ ਸਾਚਾ ਜਾਮ ਦਏ ਪਿਆ, ਕਾਗੋਂ ਹੰਸ ਬਣਾਈਆ। ਬਜ਼ਰ ਕਪਾਟੀ ਦਏ ਤੁੜਾ, ਦੂਈ ਦਵੈਤੀ ਪਰਦਾ ਲਾਹੀਆ। ਆਤਮ ਸੇਜਾ ਜੋਤ ਜਗਾ, ਨਿਰਗੁਣ ਮੇਲਾ ਮੇਲ ਸਹਿਜ ਸੁਭਾਈਆ। ਸੁਰਤ ਸਵਾਣੀ ਪਕੜੇ ਬਾਂਹ, ਪੰਚਮ ਮੀਤਾ ਵੱਡੀ ਵਡਿਆਈਆ। ਸਖੀਆਂ ਸੱਚਾ ਮੰਗਲ ਗਾ, ਏਕਾ ਰਾਗ ਅਲਾਈਆ। ਧੰਨਵੰਤੀ ਧੰਨ ਸੋਭਾਵੰਤੀ ਦਰ ਘਰ ਸਾਚੇ ਸੋਭਾ ਰਹੀ ਪਾ, ਆਤਮ ਵੱਜੀ ਵਧਾਈਆ। ਪੁਰਖ ਪੁਰਖੋਤਮ ਮਿਲਿਆ ਬੇਪਰਵਾਹ, ਵਿਛੜ ਕਦੇ ਨਾ ਜਾਈਆ। ਸਚ ਘਰ ਕਰੇ ਕਰਾਏ ਸਚ ਨਿਆਂ, ਸਚ ਸੱਚਾ ਵਡ ਵਡਿਆਈਆ। ਗੁਰਮੁਖ ਗੁਰਸਿਖ ਹਰਿ ਭਗਤ ਹਰਿ ਪਕੜ ਉਠਾਵੇ ਬਾਂਹ, ਪਾਰ ਕਿਨਾਰੇ ਆਪ ਲਗਾਈਆ। ਨਿਥਾਵਿਆਂ ਦੇਵਣਹਾਰਾ ਥਾਂ, ਗ਼ਰੀਬ ਨਿਮਾਣਿਆਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗ ਜੁਗ ਆਪਣੀ ਰਚਨ ਰਚਾਈਆ। ਜੁਗ ਜੁਗ ਰਚਨਾ ਹਰਿ ਨਿਰੰਕਾਰ, ਆਪਣੀ ਆਪ ਕਰਾਇੰਦਾ। ਲੱਖ ਚੁਰਾਸੀ ਕਰ ਤਿਆਰ, ਘਰ ਘਰ ਡੇਰਾ ਲਾਇੰਦਾ। ਪੰਜ ਤੱਤ ਮੀਤਾ ਮੀਤ ਮੁਰਾਰ, ਨਿਰਗੁਣ ਸਰਗੁਣ ਆਪ ਅਖਵਾਇੰਦਾ। ਠਾਂਡਾ ਸੀਤਾ ਠਾਂਡੀ ਧਾਰ, ਅੰਮ੍ਰਿਤ ਕਵਲਾ ਕਵਲ ਭਰਾਇੰਦਾ। ਸ਼ਬਦ ਅਨਾਦੀ ਏਕਾ ਇਕ ਜੈਕਾਰ, ਏਕਾ ਰਾਗ ਅਲਾਇੰਦਾ। ਆਪੇ ਰਾਮਾ ਆਪੇ ਸ਼ਬਦ ਇਸ਼ਟ ਦੇਵ ਰੂਪ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਲਾਇੰਦਾ। ਖੇਲਣਹਾਰ ਪੁਰਖ ਸਮਰਥ, ਏਕਾ ਏਕ ਅਖਵਾਇੰਦਾ। ਜੁਗਾ ਜੁਗੰਤਰ ਚਲਾਏ ਰਥ, ਸਤਿਜੁਗ ਤ੍ਰੇਤਾ ਦੁਆਪਰ ਵੇਖ ਵਖਾਇੰਦਾ। ਲੱਖ ਚੁਰਾਸੀ ਦੇਵੇ ਮਥ, ਨਾਮ ਮਧਾਨਾ ਏਕਾ ਪਾਇੰਦਾ। ਜਨ ਭਗਤਾਂ ਸੰਤਾਂ ਜਣਾਏ ਅਕੱਥਨਾ ਅਕੱਥ, ਰਸਨਾ ਜਿਹਵਾ ਨਾ ਕੋਈ ਸੁਣਾਇੰਦਾ। ਪੰਚ ਵਿਕਾਰਾ ਪਾਏ ਨੱਥ, ਨਾਮ ਡੋਰੀ ਹੱਥ ਉਠਾਇੰਦਾ। ਗੜ੍ਹ ਹੰਕਾਰੀ ਬੁਰਜ ਜਾਏ ਢੱਠ, ਰਸਨਾ ਜਿਹਵਾ ਨਾ ਕੋਈ ਸੁਣਾਇੰਦਾ। ਪਾਵੇ ਸਾਰ ਕਾਇਆ ਮੰਦਰ ਮੱਠ, ਸ਼ਿਵਦੁਆਲਾ ਵੇਖ ਵਖਾਇੰਦਾ। ਵਸਣਹਾਰਾ ਤੀਰਥ ਅਠਸਠ, ਜਲ ਧਾਰਾ ਰੂਪ ਵਟਾਇੰਦਾ। ਜੋਤ ਜਗਾਏ ਲਟ ਲਟ, ਜੋਤ ਜਵਾਲਾ ਵੇਖ ਵਖਾਇੰਦਾ। ਖੋਲ੍ਹਣਹਾਰਾ ਸਾਚਾ ਹੱਟ, ਚੌਦਾਂ ਲੋਕ ਆਪ ਖੁਲ੍ਹਾਇੰਦਾ। ਜਨ ਭਗਤਾਂ ਤਨ ਪਹਿਨਾਏ ਸਾਚਾ ਪੱਟ, ਏਕਾ ਬਸਤਰ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਚੜ੍ਹਾਏ ਔਖੇ ਘਾਟ, ਹਰਿ ਕਾ ਪੌੜਾ ਇਕ ਵਖਾਇੰਦਾ। ਹਰਿ ਕਾ ਪੌੜਾ ਇਕ ਅਟੱਲ, ਹਰਿ ਸਾਚਾ ਆਪ ਲਗਾਈਆ। ਵਸਣਹਾਰਾ ਨੇਹਚਲ ਧਾਮ ਅਟੱਲ, ਦਿਸ ਕਿਸੇ ਨਾ ਆਈਆ। ਜਲ ਥਲ ਮਹੀਅਲ ਜੰਗਲ ਜੂਹ ਉਜਾੜ ਪਹਾੜ ਹਰ ਘਟ ਅੰਦਰ ਰਿਹਾ ਰਲ, ਨੂਰੀ ਨੂਰ ਡਗਮਗਾਈਆ। ਅਕਾਸ਼ ਪ੍ਰਕਾਸ਼ ਪੁਰਖ ਅਬਿਨਾਸ਼ੀ ਜੋਤ ਜਗਾਏ ਘੜੀ ਘੜੀ ਪਲ ਪਲ, ਆਪ ਆਪਣਾ ਖੇਲ ਖਲਾਈਆ। ਕਲਜੁਗ ਵਰਤੇ ਆਪਣੀ ਕਲ, ਅਛਲ ਅਛੱਲ ਭੇਵ ਨਾ ਰਾਈਆ। ਲੱਖ ਚੁਰਾਸੀ ਕਾਇਆ ਬੂਟਾ ਵੇਖੇ ਲੱਗਾ ਫਲ, ਚਾਰੋਂ ਕੁੰਟ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜੁਗ ਜੁਗ ਆਪਣਾ ਨਾਉਂ ਧਰਾਈਆ। ਜੁਗ ਕਰਤਾ ਹਰਿ ਕਰਨੇਹਾਰਾ, ਕਾਦਰ ਕਰਤਾ ਆਪ ਅਖਵਾਇੰਦਾ। ਲੋਕਮਾਤ ਵੇਖ ਪਸਾਰਾ, ਵਰਭੰਡੀ ਫੋਲ ਫੁਲਾਇੰਦਾ। ਜੇਰਜ ਅੰਡੀ ਦਏ ਸਹਾਰਾ, ਏਕਾ ਰੰਗ ਰੰਗਾਇੰਦਾ। ਕਰਨੀ ਕਰਤਾ ਹਰਿ ਕਰਨੇਹਾਰਾ, ਆਪਣੀ ਕਰਨੀ ਕਿਰਤ ਕਮਾਇੰਦਾ। ਜੁਗਾ ਜੁਗੰਤਰ ਹੋ ਉਜਿਆਰਾ, ਆਪ ਆਪਣਾ ਰੂਪ ਦਰਸਾਇੰਦਾ। ਭਗਤੀ ਭਗਤ ਕਰ ਪਸਾਰਾ, ਭਾਗਵਤ ਇਕ ਦਰਸਾਇੰਦਾ। ਨਾਮ ਭਗੌਤੀ ਖਿਚ ਕਟਾਰਾ, ਸਾਚਾ ਖੰਡਾ ਨਾਮ ਚਮਕਾਇੰਦਾ। ਬ੍ਰਹਿਮੰਡੀ ਪਾਵਣਹਾਰਾ ਸਾਰਾ, ਭੇਖ ਪਖੰਡਾ ਮੇਟ ਮਿਟਾਇੰਦਾ। ਵਿਭਚਾਰ ਦੁਰਾਚਾਰ ਜੀਵ ਹੋਇਆ ਨਾਰ ਰੰਡਾ, ਸਾਚਾ ਕੰਤ ਨਾ ਕੋਈ ਹੰਢਾਇੰਦਾ। ਕਰਨਹਾਰਾ ਖੰਡ ਖੰਡਾ, ਖੰਡਣ ਨੀਕਾ ਦਿਸ ਨਾ ਆਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੁਗਾ ਜੁਗੰਤਰ ਲੋਕਮਾਤ ਬੁਝਾਏ ਲੱਗੀ ਬਸੰਤਰ, ਤੱਤਵ ਤੱਤ ਬੁਝਾਇੰਦਾ। ਅਗਨੀ ਅੱਗ ਚਾਰੋਂ ਕੁੰਟ ਰਹੀ ਮਘ, ਅੱਗੇ ਸਕੇ ਨਾ ਕੋਈ ਬੁਝਾਈਆ। ਕੂੜ ਕਿਰਿਆ ਜਗਤ ਰਹੀ ਜਗ, ਜੂਠ ਝੂਠ ਆਪਣਾ ਹੁਲਾਰਾ ਰਹੀ ਹਿਲਾਈਆ। ਸਾਧਾਂ ਸੰਤਾਂ ਜੀਵਾਂ ਜੰਤਾਂ ਧੀਰਜ ਜਤ ਨਾ ਦਿਸੇ ਕੋਈ ਤਗ, ਸਤਿ ਸੰਤੋਖ ਨਾ ਕੋਈ ਧਰਾਈਆ। ਮਾਨਸ ਮਾਨੁਖ ਅਠਸਠ ਤੀਰਥ ਸਰੋਵਰ ਹੋਏ ਕਗ, ਹੰਸ ਰੂਪ ਨਾ ਕੋਈ ਜਣਾਈਆ। ਜੋਗੀ ਜਤੀ ਸਤੀ ਜੰਗਮ ਸੰਨਿਆਸੀ ਵੈਰਾਗੀ ਤਿਆਗੀ ਕੋਈ ਨਾ ਦਰਸ਼ਨ ਪਾਏ ਉਪਰ ਸ਼ਾਹ ਰਗ, ਤਨ ਖ਼ਾਕੀ ਖ਼ਾਕ ਸਮਾਈਆ। ਜਟਾ ਜੂਟ ਧਾਰ ਸਿਰ ਪਾਇਣ ਛਾਰ, ਚਾਰੋਂ ਕੁੰਟ ਹੋਇਣ ਖੁਵਾਰ, ਪ੍ਰਭ ਅਬਿਨਾਸ਼ੀ ਦਿਸ ਨਾ ਆਈਆ। ਬਿਨ ਹਰਿ ਭਗਤ ਨਾ ਚੜ੍ਹੇ ਕੋਈ ਸਚ ਦੁਵਾਰ, ਅੱਧਵਿਚਕਾਰੇ ਖਾਇਣ ਮਾਰ, ਕੰਢਾ ਪਾਰ ਨਾ ਕੋਈ ਵਖਾਈਆ। ਕਲਜੁਗ ਤੁਟਾ ਫੁੱਲ ਸੰਸਾਰ, ਕਾਇਆ ਨਾਤਾ ਝੂਠਾ ਮੋਹ ਪਿਆਰ, ਮਾਇਆ ਕੁਠਾ ਜੀਵ ਹੰਕਾਰ, ਨਾਮ ਰਤਨ ਅਮੋਲਕ ਹੀਰਾ ਸਾਚੀ ਵਸਤ ਝੋਲੀ ਕੋਈ ਨਾ ਪਾਈਆ। ਮਾਤ ਪਿਤ ਭਾਈ ਭੈਣ ਸਾਕ ਸੈਣ ਧੀਆਂ ਪੁੱਤਰ ਵੱਝਾ ਜੰਜ਼ੀਰ, ਵੇਲੇ ਅੰਤ ਨਾ ਕੋਈ ਕਟਾਈਆ। ਸਚ ਸੁੱਚ ਸੀਸ ਨਾ ਬੱਧਾ ਚੀਰ, ਸਾਚਾ ਤਿਲਕ ਨਾ ਮਸਤਕ ਲਾਈਆ। ਸਾਚੇ ਪੰਡਤ ਹੱਥ ਨਾ ਆਇਆ ਰਵਦਾਸ ਕਸੀਰਾ, ਗੰਗੋਤਰੀ ਗੰਗਾ ਬੈਠੇ ਤਾਰੀਆਂ ਲਾਈਆ। ਤ੍ਰਬੈਣੀ ਨੈਣੀ ਵੇਖਿਆ ਨੀਰ, ਸੁਰਸਤੀ ਸੰਗਮ ਕੋਈ ਨਾ ਨੁਹਾਈਆ। ਜੀਵਾਂ ਜੰਤਾਂ ਹਉਮੇ ਹੰਗਤਾ ਕੱਢੇ ਨਾ ਕੋਈ ਪੀੜ, ਦਿਵਸ ਰੈਣ ਰਹੀ ਸਤਾਈਆ। ਬਿਨ ਸਤਿਗੁਰ ਪੂਰੇ ਕੋਈ ਨਾ ਦੇਵੇ ਅੰਮ੍ਰਿਤ ਸੀਰ, ਠਾਂਡਾ ਸੀਤਾ ਸਾਂਤਕ ਸਤਿ ਸਤਿ ਵਰਤਾਈਆ। ਕਲਜੁਗ ਅੰਤਮ ਆਈ ਅਖ਼ੀਰ, ਧਰਤ ਮਾਤ ਕੂਕੇ ਦਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਨਿਰਗੁਣ ਵੇਖ ਵਖਾਈਆ। ਧਰਤ ਮਾਤ ਹਾਹਾਕਾਰ, ਦਿਵਸ ਰੈਣ ਰਹੀ ਕੁਰਲਾਈਆ। ਚਾਰੋਂ ਕੁੰਟ ਜੀਵ ਵਿਭਚਾਰ, ਕੁਕਰਮੀ ਕੁਕਰਮ ਰਹੇ ਕਮਾਈਆ। ਧੀਆਂ ਭੈਣਾਂ ਕਰਨ ਵਪਾਰ, ਮਾਤਾ ਪੂਤ ਸੇਜ ਹੰਢਾਈਆ। ਸਾਧ ਸੰਤ ਨਾ ਕੋਈ ਧਾਰ, ਘਰ ਘਰ ਬੈਠੇ ਧੂਣੀਆਂ ਤਾਈਆ । ਵਰਨਾਂ ਬਰਨਾਂ ਭੁਲਿਆ ਇਕ ਨਿਰੰਕਾਰ, ਨਿਰਗੁਣ ਇਸ਼ਟ ਨਾ ਕੋਈ ਮਨਾਈਆ। ਦੇਵੇ ਦੇਵ ਦੇਵ ਦੇਵਾ ਆਤਮਾ ਸਰਬ ਸੰਸਾਰ, ਵਾਸਤਕ ਰੂਪ ਇਕ ਸਮਾਈਆ। ਵਿਸ਼ਨੂੰ ਖੇਲ ਕਰੇ ਸਿਰਜਣਹਾਰ, ਲੇਖਾ ਲੇਖ ਨਾ ਕੋਈ ਜਣਾਈਆ। ਬ੍ਰਹਮਾ ਵੇਤਾ ਨੇਤਰ ਨੈਣ ਰਿਹਾ ਉਘਾੜ, ਚਾਰੋਂ ਕੁੰਟ ਰਾਹ ਤਕਾਈਆ। ਸ਼ਿਵ ਸ਼ੰਕਰ ਗਲ ਬਾਸ਼ਕ ਤਸ਼ਕਾ ਪਾਏ ਹਾਰ, ਹੱਥ ਤ੍ਰਸੂਲ ਰਿਹਾ ਉਠਾਈਆ। ਕਰੋੜ ਤੇਤੀਸਾ ਬੋਲ ਜੈਕਾਰ, ਸੁਰਪਤ ਰਾਜਾ ਇੰਦ ਨਾਲ ਰਲਾਈਆ। ਗਣ ਗੰਧਰਬ ਰਹੇ ਪੁਕਾਰ, ਕਿਨਰ ਯਛਪ ਨਾਚ ਕਰਾਈਆ। ਵਿਸ਼ਨੂੰ ਵੰਸੀ ਖੇਲ ਅਪਾਰ, ਵਡ ਦਾਤਾ ਬੇਪਰਵਾਹੀਆ। ਕਲਜੁਗ ਅੰਤਮ ਪਾਵੇ ਸਾਰ, ਪਾਰਬ੍ਰਹਮ ਵੱਡੀ ਵਡਿਆਈਆ। ਨਿਹਕਲੰਕ ਲਏ ਅਵਤਾਰ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਲੱਖ ਚੁਰਾਸੀ ਦਏ ਅਧਾਰ, ਆਪ ਆਪਣੇ ਰੰਗ ਰੰਗਾਈਆ। ਕਾਮੀ ਕਰੋਧੀ ਲੋਭੀ ਮੋਹ ਮੇਟ ਮਿਟਾਏ ਜਗਤ ਹੰਕਾਰ, ਹੰਕਾਰੀ ਗੜ੍ਹ ਰਹਿਣ ਨਾ ਪਾਈਆ। ਜਨ ਭਗਤਾਂ ਇਕ ਸ਼ਿੰਗਾਰ, ਨਾਮ ਬਸਤਰ ਇਕ ਛੁਹਾਈਆ। ਸੋਲਾਂ ਇਛਿਆ ਪਾਰ ਕਿਨਾਰ, ਸੋਲਾਂ ਕਲੀਆਂ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਦਹਿ ਦਿਸ਼ਾ ਚਾਰ ਕੁੰਟ ਬ੍ਰਹਿਮੰਡ ਖੰਡ ਜੇਰਜ ਅੰਡ ਉਤਭੁਜ ਸੇਹਤਜ ਲੋਆਂ ਪੁਰੀਆਂ ਗਗਨ ਪਤਾਲਾਂ ਵੇਖ ਵਖਾਈਆ। ਹਰਿਜਨ ਪਰਦਾ ਹਰਿ ਹਰਿ ਖੋਲ੍ਹਿਆ, ਆਤਮ ਬ੍ਰਹਮ ਗਿਆਨ। ਕਾਇਆ ਮੰਦਰ ਬਹਿ ਬਹਿ ਬੋਲਿਆ, ਧੁਰਦਰਗਾਹੀ ਸ੍ਰੀ ਭਗਵਾਨ। ਨਾਮ ਕੰਡੇ ਸਾਚੇ ਤੋਲਿਆ, ਆਪਣਾ ਬੋਲਾ ਬੋਲੇ ਸਚ ਫ਼ਰਮਾਣ। ਲੇਖਾ ਜਾਣੇ ਹੌਲੀ ਹੌਲਿਆ, ਲੇਖਾ ਲਿਖੇ ਦੋ ਜਹਾਨ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤਰ ਆਤਮ ਆਪੇ ਮੌਲਿਆ, ਆਪੇ ਜੋਤੀ ਨੂਰ ਮਹਾਨ। ਜੋਤੀ ਨੂਰ ਮਹਾਨ ਉਜਾਲਾ, ਨੂਰੋ ਨੂਰ ਡਗਮਗਾਈਆ। ਪਰਮ ਪੁਰਖ ਪ੍ਰਭ ਜੋਤ ਉਜਾਲਾ, ਨਿਰਗੁਣ ਨਿਰਗੁਣ ਵਿਚ ਸਮਾਈਆ। ਦੀਨ ਦਿਆਲਾ, ਦਰਦ ਦੁੱਖ ਭੈ ਭੰਜਣ ਆਪ ਅਖਵਾਈਆ। ਚਰਨ ਦੁਵਾਰ ਰਖਾਏ ਕਾਲ ਮਹਾਂਕਾਲਾ, ਕਾਲ ਦਿਆਲ ਆਪਣਾ ਨਾਉਂ ਧਰਾਈਆ। ਜਨ ਭਗਤਾਂ ਤੋੜੇ ਜਗਤ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਜੁਗ ਜੁਗ ਮਾਤ ਬਣੇ ਦਲਾਲ, ਸ਼ਬਦ ਵਿਚੋਲਾ ਨਾਲ ਰਲਾਈਆ। ਸੰਤ ਸੁਹੇਲੇ ਆਪੇ ਭਾਲ, ਆਪ ਆਪਣੇ ਰੰਗ ਰੰਗਾਈਆ। ਕਾਇਆ ਮੰਦਰ ਸਚ ਸੱਚੀ ਧਰਮਸਾਲ, ਦਰ ਦੁਵਾਰ ਦਏ ਸੁਹਾਈਆ। ਜੋਤ ਜਗਾਏ ਕਾਇਆ ਮਾਟੀ ਖਾਲ, ਦੀਪਕ ਦੀਪ ਕਰੇ ਰੁਸ਼ਨਾਈਆ। ਵੇਖਣਹਾਰਾ ਗਗਨ ਥਾਲ, ਮਸਤਕ ਮਸਤਕ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਨਿਰੰਜਣ ਆਪ ਜਗਾਈਆ। ਜੋਤ ਨਿਰੰਜਣ ਦੀਪ ਉਜਿਆਰ, ਕਾਇਆ ਗੜ੍ਹ ਸੁਹਾਇੰਦਾ। ਮੇਟ ਮਿਟਾਏ ਅੰਧ ਅੰਧਿਆਰ, ਧੂਆਂਧਾਰ ਨਾ ਕੋਈ ਵਖਾਇੰਦਾ। ਕਮਲਾਪਾਤੀ ਮੀਤ ਮੁਰਾਰ, ਆਪ ਆਪਣਾ ਸੰਗ ਨਿਭਾਇੰਦਾ। ਦਿਵਸ ਰੈਣ ਕਰੇ ਪਿਆਰ, ਗੁਰਮੁਖਾਂ ਰੰਗ ਰੰਗਾਇੰਦਾ। ਲੁੱਟ ਨਾ ਜਾਏ ਕੋਈ ਵਿਚ ਸੰਸਾਰ, ਠਗ ਚੋਰ ਯਾਰ ਨੇੜ ਨਾ ਆਇੰਦਾ। ਸਵਛ ਸਰੂਪੀ ਦੇਵੇ ਦਰਸ ਅਗੰਮ ਅਪਾਰ, ਤੀਜਾ ਨੇਤਰ ਲੋਚਣ ਨੈਣ ਆਪ ਖੁਲ੍ਹਾਇੰਦਾ। ਅਨਹਦ ਧੁਨ ਸੱਚੀ ਧੁਨਕਾਰ, ਰਾਗੀ ਰਾਗ ਆਪ ਅਲਾਇੰਦਾ। ਪੰਚਮ ਸਖੀਆਂ ਮਿਲ ਮਿਲ ਗਾਇਣ ਮੰਗਲਾਚਾਰ, ਵਾਹ ਵਾਹ ਸਾਚਾ ਸ਼ਬਦ ਚਲਾਇੰਦਾ। ਨਾਰੀ ਕੰਤਾ ਮੇਲ ਭਤਾਰ, ਕੰਤ ਸੁਹਾਗੀ ਰੂਪ ਵਟਾਇੰਦਾ। ਦਰ ਸੋਹੇ ਬੰਕ ਦੁਵਾਰ, ਘਰ ਸਾਚਾ ਇਕ ਵਖਾਇੰਦਾ। ਸੋਭਾਵੰਤੀ ਹੋਈ ਨਾਰ, ਪੁਰਖ ਨਿਰੰਜਣ ਆਪ ਪ੍ਰਨਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਹਰਿਜਨ ਮੇਲੇ ਸਾਚੇ ਦਰ, ਜਗਤ ਵਿਛੋੜਾ ਆਪ ਕਟਾਇੰਦਾ। ਜਗਤ ਵਿਛੋੜਾ ਦੇਵੇ ਕੱਟ, ਗੁਰ ਸਤਿਗੁਰ ਵਡ ਵਡਿਆਈਆ। ਆਪ ਚੜ੍ਹਾਏ ਔਖੇ ਘਾਟ, ਨਾਮ ਚੱਪੂ ਲਾਈਆ। ਨੇੜੇ ਦੱਸੇ ਆਪਣੀ ਵਾਟ, ਬੇਹੰਗਮ ਚਾਲ ਇਕ ਰਖਾਈਆ। ਸਚ ਸਰੋਵਰ ਵਖਾਏ ਤੀਰਥ ਤਾਟ, ਨਿਰਮਲ ਧਾਰਾ ਆਪ ਵਹਾਈਆ। ਚੌਦਾਂ ਚੌਦਾਂ ਖੁਲ੍ਹਾਏ ਹਾਟ, ਚੌਦਾਂ ਚੌਦਾਂ ਵਣਜ ਕਰਾਈਆ ਪੁਰਖ ਅਬਿਨਾਸ਼ੀ ਖੇਲ ਬਾਜ਼ੀਗਰ ਨਾਟ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜਗਤ ਨਰਾਇਣ ਨਰ, ਨਰ ਆਪਣਾ ਰੂਪ ਵਟਾਈਆ। ਰੂਪ ਵਟੰਦੜਾ ਪੁਰਖ ਸੁਲਤਾਨ, ਪਰਮ ਪੁਰਖ ਆਪ ਅਖਵਾਇੰਦਾ। ਧਾਮ ਸੁਹੰਦੜਾ ਹਰਿ ਮਿਹਰਵਾਨ, ਜਿਸ ਘਟ ਆਸਣ ਲਾਇੰਦਾ। ਜੋਤ ਜੁਗੰਦੜਾ ਨੂਰ ਮਹਾਨ, ਅਗਿਆਨ ਅੰਧੇਰ ਗਵਾਇੰਦਾ। ਸ਼ਬਦ ਸੁਨੰਦੜਾ ਧੁਰ ਫ਼ਰਮਾਣ, ਆਪਣਾ ਹੁਕਮ ਅਲਾਇੰਦਾ। ਰੰਗ ਰਗੰਦੜਾ ਦੋ ਜਹਾਨ, ਨਾਮ ਰੰਗਣ ਇਕ ਚੜ੍ਹਾਇੰਦਾ। ਗੁਰਮੁਖ ਉਠੰਦੜਾ ਦੇਵੇ ਦਾਨ, ਦਾਤਾ ਦਾਨੀ ਦਾਨ ਝੋਲੀ ਪਾਇੰਦਾ। ਸਖੀਆਂ ਮਲੰਦੜਾ ਸਾਚਾ ਕਾਹਨ, ਸੁਰਤੀ ਸ਼ਬਦੀ ਮੇਲ ਮਿਲਾਇੰਦਾ। ਸਾਚੀ ਸੁਰਤੀ ਸੀਤਾ ਮੇਲਾ ਰਾਮ, ਕਲਜੁਗ ਬਨਬਾਸ ਇਕ ਵਖਾਇੰਦਾ। ਨਾਨਕ ਗੋਬਿੰਦ ਆਪੇ ਪਕੜੇ ਦਾਮ, ਗੁਰ ਸ਼ਬਦੀ ਬੰਧਨ ਪਾਇੰਦਾ। ਈਸਾ ਮੂਸਾ ਦੇਵੇ ਸਚ ਪੈਗ਼ਾਮ, ਅਜਰਾਈਲ ਜ਼ਬਰਾਈਲ ਮੇਕਾਈਲ ਅਸਰਾਫੀਲ ਆਪੇ ਹੁਕਮ ਸੁਣਾਇੰਦਾ। ਮੁਹੰਮਦ ਮੇਟੇ ਅੰਧੇਰੀ ਸ਼ਾਮ, ਨੂਰੀ ਜਲਵਾ ਨੂਰੋ ਨੂਰ ਡਗਮਗਾਇੰਦਾ। ਚਾਰ ਯਾਰੀ ਲੇਖਾ ਜਾਣੇ ਕਾਇਆ ਚਾਮ, ਚੰਦ ਸਤਾਰ ਡਗਮਗਾਇੰਦਾ। ਮੁਲਾ ਸ਼ੇਖ਼ ਮਸਾਇਕ ਪੀਰ ਵਸਣਹਾਰ ਨਗਰ ਗਰਾਮ, ਕਲਮਾ ਨਬੀ ਅਮਾਮ ਆਪ ਰਲਾਇੰਦਾ। ਹੱਕ ਹਕੀਕਤ ਫੜ ਲਗਾਮ, ਸ਼ਰਅ ਸ਼ਰੀਅਤ ਆਪ ਦੌੜਾਇੰਦਾ। ਆਬੇਹਯਾਤ ਪਿਆਏ ਜਾਮ, ਐਹਬਾਬ ਰਬਾਬ ਆਪ ਵਜਾਇੰਦਾ। ਬੇਐਬ ਪਰਵਰਦਿਗਾਰ ਕਰੇ ਕਰਾਏ ਆਪਣਾ ਕਾਮ, ਖ਼ਾਲਕ ਖ਼ਲਕ ਆਪ ਅਖਵਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਆਪਣਾ ਵੇਸ ਵਟਾਇੰਦਾ। ਸ਼ਰਅ ਸ਼ਰੀਅਤ ਹੱਕ ਹਲਾਲ, ਹੱਕ ਹਕੀਕਤ ਫੋਲ ਫੁਲਾਈਆ। ਨੂਰ ਇਲਾਹੀ ਜਲਵਾ ਜਲਾਲ, ਹਰਿ ਰਹਿਮਤ ਵਿਚ ਸਮਾਈਆ। ਕਾਇਨਾਤ ਏਕਾ ਦੇਵੇ ਸਾਚਾ ਧਨ ਮਾਲ, ਕਲਮਾ ਕਲਮਾ ਕਰੇ ਪੜ੍ਹਾਈਆ। ਕਾਇਆ ਕਾਅਬਾ ਵੇਖੇ ਮਾਰ ਝਾਤ, ਦੋ ਦੋਆਬਾ ਖੋਜ ਖੁਜਾਈਆ। ਨੂਰ ਇਲਾਹੀ ਸੱਜਣ ਸਾਕ, ਮਿਹਰਬਾਨ ਵਡ ਵਡਿਆਈਆ। ਪੀਰ ਦਸਤਗੀਰ ਸ਼ਾਹ ਹਕੀਰ ਆਪੇ ਵੇਖੇ ਚੜ੍ਹ ਚੜ੍ਹ ਆਪਣੇ ਰਾਕ, ਆਪਣਾ ਘੋੜਾ ਆਪ ਦੌੜਾਈਆ। ਚੌਦਾਂ ਤਬਕਾਂ ਖੋਲ੍ਹੇ ਤਾਕ, ਸਤਿ ਸਤਿ ਵੰਡ ਵੰਡਾਈਆ। ਅੰਤਮ ਕਲਜੁਗ ਆਪ ਸੁਆਏ ਆਪਣੀ ਖਾਟ, ਆਪਣਾ ਲਹਿਣਾ ਦੇਣਾ ਦਏ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਦਾਤਾ ਬੇਪਰਵਾਹੀਆ। ਬੇਪਰਵਾਹ ਅਲਾਹ, ਏਕਾ ਏਕ ਅਖਵਾਇੰਦਾ। ਆਪੇ ਬਣਿਆ ਸਚ ਮਲਾਹ, ਉਮਤੀ ਬੇੜਾ ਆਪ ਚਲਾਇੰਦਾ। ਆਪੇ ਰਹਿਮਤ ਰਹਿਮਾਨ ਰਹੀਮ ਰਿਹਾ ਅਖਵਾ, ਮਹਿਬਾਨ ਨਾਮ ਧਰਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਰੰਗ ਤੇਰੇ ਸੰਗ ਤੇਰੀ ਸੇਜਾ ਵੇਖ ਪਲੰਘ, ਤੇਰੇ ਨਾਲ ਪ੍ਰਨਾਇੰਦਾ। ਕਲਜੁਗ ਤੇਰਾ ਤੇਰਾ ਰੰਗ, ਤੇਰਾ ਰੰਗ ਚੜ੍ਹਾਈਆ। ਸਦੀ ਸਦੀਸਾ ਮੰਗੀ ਮੰਗ, ਏਕਾ ਸਿਲਾ ਲਗਾਈਆ। ਚੌਦਾਂ ਚੌਦਾਂ ਲਾਇਆ ਅੰਗ, ਅੰਗੀਕਾਰ ਦਿਸ ਨਾ ਆਈਆ। ਕਿੰਗਰੇ ਕਿੰਗਰੇ ਵੱਜੇ ਮਰਦੰਗ, ਚਾਰੋਂ ਕੁੰਟ ਕੂਕੇ ਦਏ ਦੁਹਾਈਆ। ਐਲੀ ਅੱਲਾ ਕਸਿਆ ਤੰਗ, ਤੁਰੰਗ ਆਪ ਦੌੜਾਈਆ। ਕਲਜੁਗ ਕੂੜਾ ਮੁੱਕਿਆ ਪੰਧ, ਅਗਲਾ ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਏਕਾ ਦਾਤਾ ਸੂਰਾ ਸਰਬੰਗ, ਸਰਬ ਗੁਣ ਆਪ ਅਖਵਾਈਆ। ਗੁਣਵੰਤਾ ਗੁਣ ਕਰਨੇਹਾਰ, ਹਰਿ ਸੱਜਣ ਮੀਤ ਮੁਰਾਰਿਆ। ਜੁਗ ਜੁਗ ਭਗਤਾਂ ਦਏ ਸਹਾਰ, ਤੋੜਣਹਾਰਾ ਗੜ੍ਹ ਹੰਕਾਰਿਆ। ਸਤਿਜੁਗ ਤ੍ਰੇਤਾ ਦੁਆਪਰ ਪਾਏ ਸਾਰ, ਅੰਤਮ ਆਈ ਕਲਜੁਗ ਅੰਤਮ ਵਾਰਿਆ। ਖੁਲ੍ਹੜੇ ਕੇਸ ਸੀਸ ਜਗਦੀਸ਼ ਵੇਖ ਵਖਾ ਰਿਹਾ। ਚਾਰੋਂ ਕੁੰਟ ਹਾਹਾਕਾਰ, ਹਰਿ ਕਾ ਰੂਪ ਨਾ ਕੋਈ ਦਿਸਾ ਰਿਹਾ। ਗੁਰਦਰ ਮੰਦਰ ਮਸਜਿਦ ਮੱਠ ਹੋਇਆ ਵਿਭਚਾਰ, ਧੀਰਜ ਮਤ ਨਾ ਕੋਈ ਧਰਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਤੇਰਾ ਅੰਦਰ ਵੇਖ ਵਖਾ ਰਿਹਾ। ਕਲਜੁਗ ਤੇਰਾ ਅੰਦਰ ਫੋਲ, ਹਰਿ ਸਾਚਾ ਵੇਖ ਵਖਾਈਆ। ਤੇਰੀ ਮਾਇਆ ਤੇਰਾ ਘੋਲ, ਤੇਰਾ ਡੰਕ ਵਜਾਈਆ। ਤੇਰਾ ਜੂਠ ਤੇਰਾ ਝੂਠ ਤੇਰਾ ਕੌਲ, ਤੇਰੀ ਧਾਰ ਸਹਾਈਆ। ਤੇਰਾ ਕਾਮ ਤੇਰਾ ਕਰੋਧ ਤੇਰੇ ਕੋਲ, ਤੇਰਾ ਰੰਗ ਰੰਗਾਈਆ। ਤੇਰੀ ਮਾਇਆ ਤੇਰੀ ਮਮਤਾ ਕੱਢੇ ਤੇਰਾ ਪੋਲ, ਤੇਰਾ ਪੱਲੂ ਫੋਲ ਫੁਲਾਈਆ। ਸ਼ਾਹ ਸੁਲਤਾਨਾਂ ਰਾਜ ਰਾਜਾਨਾਂ ਸਚ ਵਸਤ ਨਾ ਰੱਖੀ ਕਿਸੇ ਕੋਲ, ਚਾਰੇ ਕੁੰਟਾਂ ਖ਼ਾਲੀ ਰਹੇ ਵਖਾਈਆ। ਕਲਜੁਗ ਅੰਤਮ ਮਾਰਿਆ ਢੋਲ, ਰਾਏ ਧਰਮ ਲਏ ਅੰਗੜਾਈਆ। ਚਿਤਰ ਗੁਪਤ ਆਪਣਾ ਲੇਖਾ ਰਿਹਾ ਫੋਲ, ਸੰਮਤ ਸਤਾਰਾਂ ਦਏ ਵਖਾਈਆ। ਲਾੜੀ ਮੌਤ ਕਰੇ ਕੌਲ, ਹੱਥੀਂ ਮਹਿੰਦੀ ਲਾਲ ਰੰਗ ਰੰਗਾਈਆ। ਪੁਰਖ ਅਗੰਮਾ ਧੁਰ ਦਰਗਾਹੀ ਸਚਖੰਡ ਨਿਵਾਸੀ ਰਿਹਾ ਬੋਲ, ਧੁਰ ਫ਼ਰਮਾਣਾ ਇਕ ਸੁਣਾਈਆ। ਵਿਸ਼ਨੂੰ ਤੋਲੇ ਸਾਚਾ ਤੋਲ, ਦੇਵਣਹਾਰ ਰਿਜ਼ਕ ਸਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਲਹਿਣਾ ਦੇਣਾ ਰਿਹਾ ਮੁਕਾਈਆ। ਲਹਿਣਾ ਦੇਣਾ ਹਰਿ ਭਗਵਾਨ, ਕਲਜੁਗ ਮੂਲ ਚੁਕਾਵਣਾ। ਜੂਠਾ ਝੂਠਾ ਮੇਟ ਨਿਸ਼ਾਨ, ਸਚ ਸੁੱਚ ਰੰਗ ਰੰਗਾਵਣਾ। ਕੂੜੀ ਦਿਸੇ ਨਾ ਕੋਈ ਦੁਕਾਨ, ਹਰਿ ਕਾ ਨਾਮ ਏਕਾ ਹੱਟ ਵਕਾਵਣਾ। ਨਾ ਕੋਈ ਰਾਜ ਨਾ ਰਾਜਾਨ, ਸ਼ਾਹ ਸੁਲਤਾਨ ਨਾ ਕੋਈ ਅਖਵਾਵਣਾ। ਨਾ ਕੋਈ ਦਰ ਨਾ ਦਰਬਾਨ, ਨਿਉਂ ਨਿਉਂ ਸੀਸ ਨਾ ਕੋਈ ਝੁਕਾਵਣਾ। ਨਾ ਕੋਈ ਨਗਰ ਨਾ ਗਰਾਮ, ਸਾਚਾ ਖੇੜਾ ਨਾ ਕਿਸੇ ਵਸਾਵਨਾ। ਨਾ ਕੋਈ ਮਾਇਆ ਮਮਤਾ ਆਸਾ ਤ੍ਰਿਸ਼ਨਾ ਵਸੇ ਤਾਮ, ਹਉਮੇ ਰੋਗ ਨਾ ਕਿਸੇ ਸਤਾਵਨਾ। ਪਾਰਬ੍ਰਹਮ ਅਬਿਨਾਸ਼ੀ ਕਰਤਾ ਜੁਗ ਜੁਗ ਕਰੇ ਆਪਣਾ ਕਾਮ, ਦੂਸਰ ਕੋਇ ਨਾ ਸੰਗ ਰਲਾਵਣਾ। ਆਪਣਾ ਕਾਮ ਆਪੇ ਕਰ, ਆਪਣੇ ਹੱਥ ਰੱਖੀ ਵਡਿਆਈਆ। ਸੋ ਪੁਰਖ ਨਿਰੰਜਣ ਜੋਤ ਧਰ, ਹੰ ਬ੍ਰਹਮ ਕਰੇ ਕੁੜਮਾਈਆ । ਸੋ ਸ਼ੇਰ ਸ਼ੇਰ ਪਾਏ ਡਰ, ਜੈ ਹੰ ਜੰਬਕ ਰਿਹਾ ਡਰਾਈਆ। ਸਿੰਘ ਰੂਪ ਨੌ ਖੰਡ ਪ੍ਰਿਥਮੀ ਅੰਦਰ ਜਾਏ ਵੜ, ਲੱਖ ਚੁਰਾਸੀ ਭੈ ਭਿਆਨਕ ਦਰਸ ਦਖਾਈਆ। ਵਿਸ਼ਨੂੰ ਵੰਸੀ ਖੇਲ ਕਰ, ਆਪ ਆਪਣਾ ਖੇਲ ਖਲਾਈਆ। ਭਗਵਨ ਤੋੜਣਹਾਰਾ ਗੜ੍ਹ, ਕਲਜੁਗ ਗੜ੍ਹ ਰਹਿਣ ਨਾ ਪਾਈਆ। ਸੰਤ ਸੁਹੇਲੇ ਵਿਚੋਂ ਫੜ, ਲੱਖ ਚੁਰਾਸੀ ਵਿਚੋਂ ਲਏ ਤਰਾਈਆ। ਜੋਤ ਜਗਾਏ ਬਹੱਤਰ ਨੜ, ਦਿਵਸ ਰੈਣ ਕਰੇ ਰੁਸ਼ਨਾਈਆ। ਜਗਤ ਵਿਦਿਆ ਨਾ ਕੋਈ ਜਾਏ ਪੜ੍ਹ, ਆਤਮ ਵਿਦਿਆ ਕਰੇ ਪੜ੍ਹਾਈਆ। ਦਰਸ ਦਖਾਏ ਅੱਗੇ ਖੜ੍ਹ, ਰਾਮ ਕ੍ਰਿਸ਼ਨ ਈਸਾ ਮੂਸਾ ਸੰਗ ਮੁਹੰਮਦ ਨਾਨਕ ਗੋਬਿੰਦ ਆਪ ਹੋ ਜਾਈਆ। ਨਾ ਕੋਈ ਸੀਸ ਨਾ ਕੋਈ ਧੜ, ਨਾ ਕੋਈ ਚੋਟੀ ਨਾ ਜੜ੍ਹ, ਪਾਰਬ੍ਰਹਮ ਅਬਿਨਾਸ਼ੀ ਕਰਤਾ ਨਿਰਗੁਣ ਜੋਤੀ ਜੋਤ ਡਗਮਗਾਈਆ। ਅਗਨੀ ਹਵਨ ਨਾ ਜਾਏ ਸੜ, ਮੜ੍ਹੀ ਗੋਰ ਨਾ ਕੋਈ ਦਬਾਈਆ। ਸ਼ਤਰੂ ਹੋ ਨਾ ਸਕੇ ਕੋਈ ਫੜ, ਖੰਡਾ ਤੀਰ ਕਟਾਰ ਘਾਓ ਨਾ ਕੋਈ ਲਗਾਈਆ। ਨੌ ਖੰਡ ਪ੍ਰਿਥਮੀ ਅੱਗੇ ਕੋਈ ਨਾ ਸਕੇ ਅੜ, ਹਰਿ ਕਾ ਸ਼ਬਦ ਤੀਰ ਕਟਾਰ ਮਾਰੇ ਮਾਰ, ਮਾਰਨਹਾਰ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਏਕਾ ਨਾਮ ਤੇਜ ਕਟਾਰ, ਤਿਖੀ ਧਾਰ ਵਿਚ ਸੰਸਾਰ, ਏਕੰਕਾਰ ਨਿਰਗੁਣ ਧਾਰ ਆਪਣੀ ਆਪ ਚਲਾਈਆ। ਨਿਰਗੁਣ ਖੰਡਾ ਤੀਰ ਕਮਾਨ, ਸ਼ਬਦ ਸ਼ਬਦੀ ਹੱਥ ਉਠਾਇੰਦਾ। ਪਾਵੇ ਸਾਰ ਦੋ ਜਹਾਨ, ਆਪ ਆਪਣਾ ਖੇਲ ਖਲਾਇੰਦਾ। ਮੇਟ ਮਿਟਾਏ ਸ਼ਾਹ ਸੁਲਤਾਨ, ਰਾਜ ਰਾਜਾਨਾਂ ਖ਼ਾਕ ਮਿਲਾਇੰਦਾ। ਜਨ ਭਗਤਾਂ ਦੇਵੇ ਸਾਚਾ ਧਨ ਨਾਮ, ਭੰਡਾਰਾ ਝੋਲੀ ਪਾਇੰਦਾ। ਰਸਨਾ ਜਿਹਵਾ ਦੰਦ ਬਤੀਸ ਝੂਠਾ ਗਾਣ, ਕਰ ਕਿਰਪਾ ਮੇਲ ਮਿਲਾਇੰਦਾ। ਅਜਪਾ ਜਾਪ ਕਰੇ ਪਰਵਾਨ, ਸੁਨ ਸਮਾਧ ਵੇਖ ਵਖਾਇੰਦਾ। ਜੋਗ ਅਭਿਆਸ ਕਰੇ ਪਛਾਣ, ਰਾਗ ਨਾਦ ਫੋਲ ਫੁਲਾਇੰਦਾ। ਪਤਿਤ ਪਾਵਣ ਏਕਾ ਏਕ ਸ੍ਰੀ ਭਗਵਾਨ, ਇਕ ਟੇਕ ਰਘੁਨਾਥ ਧਰਾਇੰਦਾ। ਚਾਰ ਵਰਨ ਵਖਾਏ ਇਕ ਨਿਸ਼ਾਨ, ਸ਼ੱਤਰੀ ਬ੍ਰਹਿਮਣ ਸ਼ੂਦਰ ਵੈਸ਼ ਏਕਾ ਗੋਦ ਬਿਠਾਇੰਦਾ। ਵਰਨ ਬਰਨ ਸਰਬ ਮਿਟ ਜਾਣ, ਜਿਸ ਜਨ ਆਤਮ ਬ੍ਰਹਮ ਜਣਾਇੰਦਾ। ਨਿਜਾਨੰਦ ਨੰਦ ਕਰ ਪਰਵਾਨ, ਪਰਮਾਨੰਦ ਵਖਾਇੰਦਾ। ਦਰਸ ਵਖਾਏ ਗੋਪੀ ਕਾਹਨ, ਮੰਡਲ ਰਾਸ ਆਪ ਨਚਾਇੰਦਾ। ਸੀਤਾ ਰਾਮ ਵੇਖੇ ਬੀਆਬਾਨ, ਰਾਵਨ ਲੰਕਾ ਗੜ੍ਹ ਆਪ ਤੁੜਾਇੰਦਾ। ਨਾਨਕ ਗੋਬਿੰਦ ਕਰ ਪਰਵਾਨ, ਨਾਮ ਸਤਿ ਸਤਿ ਨਾਮ ਦ੍ਰਿੜਾਇੰਦਾ। ਭਗਤ ਭਗਵੰਤ ਵਸਣ ਇਕ ਮਕਾਨ, ਏਕਾ ਘਰ ਵਸਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਗ ਜੁਗਤ ਜਗਤ ਭਗਤ ਆਪਣੇ ਹੱਥ ਰਖਾਇੰਦਾ।
