੨੪ ਕੱਤਕ ੨੦੧੬ ਬਿਕ੍ਰਮੀ ਲਾਲ ਸਿੰਘ ਦੇ ਘਰ ਪਿੰਡ ਹੇਰ ਦਇਆ ਹੋਈ
ਹਰਿ ਸਤਿਗੁਰ ਪੁਰਖ ਸੁਜਾਨ, ਪਾਰਬ੍ਰਹਮ ਗੁਰ ਅਵਤਾਰਿਆ। ਸੋ ਪੁਰਖ ਨਿਰੰਜਣ ਗੁਣ ਨਿਧਾਨ, ਹਰਿ ਪੁਰਖ ਨਿਰੰਜਣ ਮੀਤ ਮੁਰਾਰਿਆ। ਏਕੰਕਾਰਾ ਨਿਗਹਬਾਨ, ਖੇਲੇ ਖੇਲ ਅਗੰਮ ਅਪਾਰਿਆ। ਆਦਿ ਨਿਰੰਜਣ ਜੋਤ ਮਹਾਨ, ਨੂਰੋ ਨੂਰ ਡਗਮਗਾ ਰਿਹਾ। ਅਬਿਨਾਸ਼ੀ ਕਰਤਾ ਸ੍ਰੀ ਭਗਵਾਨ, ਘਰ ਸਾਚੇ ਸੋਭਾ ਪਾ ਰਿਹਾ। ਪਾਰਬ੍ਰਹਮ ਪ੍ਰਭ ਨੌਜਵਾਨ, ਆਪ ਆਪਣਾ ਖੇਲ ਖਿਲਾ ਰਿਹਾ। ਵਿਸ਼ਨ ਸ਼ਿਵ ਬ੍ਰਹਮਾ ਕਰ ਪਰਧਾਨ, ਸਾਚੀ ਸੇਵਾ ਸੇਵ ਲਗਾ ਰਿਹਾ। ਦੇਵਣਹਾਰਾ ਸਾਚਾ ਦਾਨ, ਏਕਾ ਬ੍ਰਹਮ ਬ੍ਰਹਮ ਬ੍ਰਹਮ ਝੋਲੀ ਪਾ ਰਿਹਾ। ਤ੍ਰੈਗੁਣ ਮਾਇਆ ਕਰ ਨਿਸ਼ਾਨ, ਆਪ ਆਪਣਾ ਰੰਗ ਰੰਗਾ ਰਿਹਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੂਨੀ ਰਹਿਤ ਖੇਲ ਖਿਲਾ ਲਿਆ। ਸਤਿਗੁਰ ਪੂਰਾ ਸਤਿ ਕਰਤਾਰ, ਸਤਿ ਸਤਿਵਾਦ ਵੱਡੀ ਵਡਿਆਈਆ। ਸੋ ਪੁਰਖ ਨਿਰੰਜਣ ਏਕੰਕਾਰ, ਹਰਿ ਪੁਰਖ ਨਿਰੰਜਣ ਸੇਵ ਕਮਾਈਆ। ਆਦਿ ਨਿਰੰਜਣ ਕਰੇ ਵਿਚਾਰ, ਸ੍ਰੀ ਭਗਵਾਨ ਸਿਫ਼ਤ ਸਲਾਹੀਆ। ਅਬਿਨਾਸ਼ੀ ਕਰਤਾ ਨੌਜਵਾਨ, ਨਾ ਮਰੇ ਨਾ ਜਾਈਆ। ਪਾਰਬ੍ਰਹਮ ਪ੍ਰਭ ਜਾਣੀ ਜਾਣ, ਆਦਿ ਜੁਗਾਦਿ ਇਕ ਅਖਵਾਈਆ। ਬ੍ਰਹਮਾ ਵਿਸ਼ਨ ਸ਼ਿਵ ਦੇਵੇ ਮਾਣ, ਚਰਨ ਕਵਲ ਧਿਆਨ ਰਖਾਈਆ। ਤ੍ਰੈਗੁਣ ਮਾਇਆ ਗੁਣ ਨਿਧਾਨ, ਗੁਣਵੰਤਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਪੁਰਖ ਅਕਾਲ ਵੇਸ ਵਟਾਈਆ। ਸਤਿਗੁਰ ਪੂਰਾ ਹਰਿ ਭਗਵੰਤ, ਏਕਾ ਏਕ ਏਕੰਕਾਰਿਆ। ਸੋ ਪੁਰਖ ਨਿਰੰਜਣ ਜੁਗਾ ਜੁਗੰਤ, ਹਰਿ ਪੁਰਖ ਨਿਰੰਜਣ ਕਰੇ ਆਪ ਪਸਾਰਿਆ। ਆਦਿ ਨਿਰੰਜਣ ਮਹਿਮਾ ਅਗਣਤ, ਸ੍ਰੀ ਭਗਵਾਨ ਭੇਵ ਨਾ ਆ ਰਿਹਾ। ਪੁਰਖ ਅਬਿਨਾਸ਼ੀ ਸਾਚਾ ਕੰਤ, ਪਾਰਬ੍ਰਹਮ ਨਾਉਂ ਪਰਗਟਾ ਰਿਹਾ। ਵਿਸ਼ਨ ਬ੍ਰਹਮਾ ਸ਼ਿਵ ਬਣਾਏ ਬਣਤ, ਨਿਰਗੁਣ ਆਪਣਾ ਅੰਗ ਕਟਾ ਰਿਹਾ। ਲੱਖ ਚੁਰਾਸੀ ਜੀਵ ਜੰਤ, ਤ੍ਰੈਗੁਣ ਸਾਚਾ ਸੰਗ ਰਖਾ ਲਿਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾ ਲਿਆ। ਸਤਿਗੁਰ ਪੂਰਾ ਕਰਤਾ ਅਬਿਨਾਸ਼, ਏਕਾ ਰੰਗ ਸਮਾਇਆ। ਸੋ ਪੁਰਖ ਨਿਰੰਜਣ ਖੇਲੇ ਖੇਲ ਤਮਾਸ਼, ਹਰਿ ਪੁਰਖ ਨਿਰੰਜਣ ਰਾਸ ਰਚਾਇਆ। ਆਦਿ ਨਿਰੰਜਣ ਨਿਰਗੁਣ ਜੋਤ ਕਰ ਪਰਕਾਸ਼, ਥਿਰ ਘਰ ਸਾਚਾ ਆਪ ਸੁਹਾਇਆ। ਪੁਰਖ ਅਬਿਨਾਸ਼ੀ ਸਚਖੰਡ ਦਵਾਰੇ ਕਰ ਨਿਵਾਸ, ਨਿਰਗੁਣ ਆਪਣਾ ਧਾਮ ਸੁਹਾਇਆ। ਸ੍ਰੀ ਭਗਵਾਨ ਆਪ ਆਪਣਾ ਹੋਇਆ ਦਾਸ, ਆਪਣੀ ਸੇਵਾ ਆਪ ਕਮਾਇਆ। ਪੁਰਖ ਅਬਿਨਾਸ਼ੀ ਕਰ ਅਰਦਾਸ, ਆਪਣੀ ਝੋਲੀ ਆਪਣੇ ਅੱਗੇ ਡਾਹਿਆ। ਪਾਰਬ੍ਰਹਮ ਪ੍ਰਭ ਸਗਲਾ ਸਾਥ, ਥਿਰ ਘਰ ਵਾਸੀ ਆਪ ਨਿਭਾਇਆ। ਬ੍ਰਹਮਾ ਵਿਸ਼ਨ ਸ਼ਿਵ ਗਾਇਣ ਸਵਾਸ ਸਵਾਸ, ਸੇਵਕ ਸਾਚੀ ਸੇਵ ਲਗਾਇਆ। ਲੱਖ ਚੁਰਾਸੀ ਦਾਸੀ ਦਾਸ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਧਾਰ ਏਕੰਕਾਰ, ਅਕਲ ਕਲ ਆਪਣਾ ਨਾਉਂ ਉਪਾਇਆ। ਸਤਿਗੁਰ ਪੂਰਾ ਅਕਲ ਕਲ ਧਾਰ, ਆਦਿ ਜੁਗਾਦਿ ਸਮਾਇੰਦਾ। ਏਕੰਕਾਰਾ ਕਰ ਪਸਾਰ, ਆਪ ਆਪਣਾ ਵੇਖ ਵਖਾਇੰਦਾ। ਸੋ ਪੁਰਖ ਨਿਰੰਜਣ ਬੰਨ੍ਹੇ ਧਾਰ, ਜੋਤੀ ਜੋਤ ਜੋਤ ਪਰਗਟਾਇੰਦਾ। ਹਰਿ ਪੁਰਖ ਨਿਰੰਜਣ ਅੰਦਰ ਬਾਹਰ, ਮਹੱਲ ਅਟੱਲ ਸੋਭਾ ਪਾਇੰਦਾ। ਆਦਿ ਨਿਰੰਜਣ ਖੇਲ ਅਪਾਰ, ਦੀਵਾ ਬਾਤੀ ਕਮਲਾਪਾਤੀ ਆਪਣਾ ਆਪ ਜਗਾਇੰਦਾ। ਸ੍ਰੀ ਭਗਵਾਨ ਸਾਂਝਾ ਯਾਰ, ਸਗਲਾ ਸੰਗ ਰਖਾਇੰਦਾ। ਅਬਿਨਾਸ਼ੀ ਕਰਤਾ ਮੀਤ ਮੁਰਾਰ, ਅਮਰਾਪਦ ਇਕ ਵਖਾਇੰਦਾ। ਪਾਰਬ੍ਰਹਮ ਪ੍ਰਭ ਹੋ ਤਿਆਰ, ਆਪਣੀ ਵੰਡ ਆਪ ਵੰਡਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਦਏ ਆਧਾਰ, ਅੰਤਰ ਆਤਮ ਬੂਝ ਬੁਝਾਇੰਦਾ। ਤ੍ਰੈਗੁਣ ਮਾਇਆ ਕਰ ਪਿਆਰ, ਰਾਜਸ ਤਾਮਸ ਸਤਿ ਸਤਿ ਸਤਿ ਵਰਤਾਇੰਦਾ। ਲੱਖ ਚੁਰਾਸੀ ਭਰ ਭੰਡਾਰ, ਆਤਮ ਬ੍ਰਹਮ ਵਿਚ ਟਿਕਾਇੰਦਾ। ਈਸ਼ ਜੀਵ ਕਰਮ ਵਿਚਾਰ, ਨਿਹਕਰਮੀ ਕਰਮ ਵਖਾਇੰਦਾ। ਕਾਇਆ ਖੇੜਾ ਨਗਰ ਗਰਾਮ, ਹੱਡ ਮਾਸ ਨਾੜੀ ਰੱਤ ਜੋੜ ਜੁੜਾਇੰਦਾ। ਪਵਣ ਸਵਾਸੀ ਪੱਲੇ ਬੰਨ੍ਹੇ ਦਾਮ, ਸਚ ਖ਼ਜਾਨਾ ਆਪਣੇ ਹੱਥ ਰਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਇਕ ਇਕੱਲਾ ਖੇਲ ਅਪਾਰਾ, ਵਸਣਹਾਰਾ ਸਚ ਮਹੱਲਾ ਉਚ ਮਨਾਰਾ, ਦਿਸ ਕਿਸੇ ਨਾ ਆਇੰਦਾ। ਸਤਿਗੁਰ ਪੂਰਾ ਹਰਿ ਮਿਹਰਵਾਨ, ਦਰ ਸਾਚਾ ਆਪ ਸੁਹਾਇੰਦਾ। ਸੋ ਪੁਰਖ ਨਿਰੰਜਣ ਜਾਣੀ ਜਾਣ, ਘਟ ਘਟ ਆਪਣਾ ਵੇਸ ਵਟਾਇੰਦਾ। ਹਰਿ ਪੁਰਖ ਨਿਰੰਜਣ ਨਿਗਹਬਾਨ, ਜੁਗਾ ਜੁਗੰਤਰ ਵੇਖ ਵਖਾਇੰਦਾ। ਆਦਿ ਨਿਰੰਜਣ ਸਚ ਨਿਸ਼ਾਨ, ਸਚਖੰਡ ਦਵਾਰੇ ਆਪ ਝੁਲਾਇੰਦਾ। ਪੁਰਖ ਅਬਿਨਾਸ਼ੀ ਕਰੇ ਧਿਆਨ, ਦਰ ਦਵਾਰਾ ਵੇਖ ਵਖਾਇੰਦਾ। ਸ੍ਰੀ ਭਗਵਾਨ ਪਾਏ ਆਣ, ਆਪਣਾ ਹੁਕਮ ਆਪ ਚਲਾਇੰਦਾ। ਪਾਰਬ੍ਰਹਮ ਦੇਵੇ ਮਾਣ, ਬ੍ਰਹਮ ਆਪਣਾ ਸੰਗ ਰਖਾਇੰਦਾ। ਬ੍ਰਹਮਾ ਵਿਸ਼ਨ ਸ਼ਿਵ ਪਾਏ ਮਾਣ, ਦੂਸਰ ਹੁਕਮ ਨਾ ਕੋਇ ਜਣਾਇੰਦਾ। ਲੱਖ ਚੁਰਾਸੀ ਕਰ ਪਰਧਾਨ, ਲੋਕਮਾਤੀ ਵੇਸ ਵਟਾਇੰਦਾ। ਪੁਰਖ ਅਬਿਨਾਸ਼ੀ ਚਤੁਰ ਸੁਜਾਨ, ਘਰ ਮੰਦਰ ਸੋਭਾ ਪਾਇੰਦਾ। ਮੰਦਰ ਅੰਦਰ ਸਚ ਮਕਾਨ, ਘਰ ਘਰ ਵਿਚ ਆਪ ਉਪਾਇੰਦਾ। ਜੋਤ ਨਿਰੰਜਣ ਜਗਤ ਨਿਸ਼ਾਨ, ਦੀਵਾ ਬਾਤੀ ਇਕ ਟਿਕਾਇੰਦਾ। ਅਨਹਦ ਸ਼ਬਦ ਸੱਚੀ ਧੁਨਕਾਨ, ਰਾਗ ਅਨਾਦੀ ਆਪ ਅਲਾਇੰਦਾ। ਅੰਮ੍ਰਿਤ ਆਤਮ ਪੀਣ ਖਾਣ, ਸਰ ਸਰੋਵਰ ਇਕ ਉਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਭੇਵ ਕੋਇ ਨਾ ਪਾਇੰਦਾ। ਅਲਖ ਅਗੋਚਰ ਅਗੰਮ ਅਥਾਹ ਪਾਰਬ੍ਰਹਮ ਅਖਵਾਇੰਦਾ। ਪੁਰਖ ਅਬਿਨਾਸ਼ੀ ਬੇਪਰਵਾਹ, ਜੁਗ ਜੁਗ ਆਪਣਾ ਮਾਰਗ ਲਾਇੰਦਾ। ਲੱਖ ਚੁਰਾਸੀ ਰਚਨ ਰਚਾ, ਘਰ ਘਰ ਵਿਚ ਡੇਰਾ ਵਖਾਇੰਦਾ। ਨਿਰਗੁਣ ਆਪਣਾ ਨਾਉਂ ਧਰਾ, ਨਾਉਂ ਨਿਰੰਕਾਰਾ ਆਪ ਉਪਜਾਇੰਦਾ। ਲੋਆਂ ਪੁਰੀਆਂ ਵੇਖ ਵਖਾ, ਰਵ ਸਸ ਸ਼ਬਦ ਜਣਾਇੰਦਾ। ਬ੍ਰਹਿਮੰਡ ਖੰਡ ਆਪਣੀ ਜੋਤ ਜਗਾ, ਨੂਰੋ ਨੂਰ ਡਗਮਗਾਇੰਦਾ। ਵਰਭੰਡੀ ਹਰਿ ਰਚਨ ਰਚਾ, ਜੀਵ ਜੰਤ ਵੇਖ ਵਖਾਇੰਦਾ। ਲੱਖ ਚੁਰਾਸੀ ਸੰਗ ਨਿਭਾ, ਘਰ ਸਾਚੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵਸੇ ਏਕਾ ਘਰ, ਘਰ ਸਾਚਾ ਆਪ ਸੁਹਾਇੰਦਾ। ਨਿਰਗੁਣ ਪੁਰਖ ਅਕਾਲ, ਸਮਰਥ ਪੁਰਖ ਵੱਡੀ ਵਡਿਆਈਆ। ਸਰਗੁਣ ਦਾਤਾ ਦੀਨ ਦਿਆਲ, ਪੰਜ ਤੱਤ ਡੇਰਾ ਆਪੇ ਲਾਈਆ। ਨਿਰਗੁਣ ਰੂਪ ਸ਼ਾਹ ਸੁਲਤਾਨ, ਸਚਖੰਡ ਨਿਵਾਸੀ ਸਚਖੰਡ ਬੈਠਾ ਸੋਭਾ ਪਾਈਆ। ਸਰਗੁਣ ਰੂਪ ਸ੍ਰੀ ਭਗਵਾਨ, ਪੰਜ ਤੱਤ ਮੇਲਾ ਸਹਿਜ ਸੁਭਾਈਆ। ਨਿਰਗੁਣ ਨੂਰ ਨੂਰ ਮਹਾਨ, ਜੋਤੀ ਜੋਤ ਜੋਤ ਰੁਸ਼ਨਾਈਆ। ਸਰਗੁਣ ਮੇਲਾ ਵਿਚ ਜਹਾਨ, ਕਮਲਾਪਾਤੀ ਵੇਖ ਵਖਾਈਆ। ਨਿਰਗੁਣ ਦਾਤਾ ਦਾਨੀ ਵਡ ਮਿਹਰਵਾਨ, ਸਾਚੀ ਵਸਤ ਇਕ ਰਖਾਈਆ। ਸਰਗੁਣ ਮੰਗੇ ਧੁਰ ਦਰਬਾਰ, ਆਪਣੀ ਝੋਲੀ ਅੱਗੇ ਡਾਹੀਆ। ਬਣ ਵਿਚੋਲਾ ਗੁਣ ਨਿਧਾਨ, ਆਪਣਾ ਮੇਲਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪ ਆਪਣਾ ਖੇਲ ਖਿਲਾਈਆ। ਜੋਤੀ ਮੇਲਾ ਸ਼ਬਦੀ ਚੇਲਾ, ਗੁਰ ਸਤਿਗੁਰ ਰੂਪ ਵਟਾਇੰਦਾ। ਪਾਰਬ੍ਰਹਮ ਬ੍ਰਹਮ ਸੱਜਣ ਸੁਹੇਲਾ, ਸਗਲਾ ਸੰਗ ਰਖਾਇੰਦਾ। ਵਸਣਹਾਰਾ ਧਾਮ ਨਵੇਲਾ, ਪੰਜ ਤੱਤ ਆਪਣਾ ਆਸਣ ਲਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਰਗੁਣ ਸਰਗੁਣ ਵੇਖ ਵਖਾਇੰਦਾ। ਨਿਰਗੁਣ ਹਰਿ ਨਿਰੰਕਾਰ, ਸੋ ਪੁਰਖ ਨਿਰੰਜਣ ਵਡ ਵਡਿਆਈਆ। ਹਰਿ ਪੁਰਖ ਨਿਰੰਜਣ ਹੋ ਤਿਆਰ, ਆਦਿ ਨਿਰੰਜਣ ਜੋਤ ਕਰੇ ਰੁਸ਼ਨਾਈਆ। ਸ੍ਰੀ ਭਗਵਾਨ ਕਰ ਪਿਆਰ, ਪਾਰਬ੍ਰਹਮ ਪ੍ਰਭ ਮੇਲ ਮਿਲਾਈਆ। ਬ੍ਰਹਮ ਮੀਤਾ ਦਏ ਅਧਾਰ, ਲੋਕਮਾਤ ਵੇਖ ਵਖਾਈਆ। ਠਾਂਡਾ ਸੀਤਾ ਨਿਝਰ ਧਾਰ, ਅੰਮ੍ਰਿਤ ਅੰਮਿਉਂ ਰਸ ਝਿਰਨਾ ਦਏ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੰਜ ਤੱਤ ਵੇਖੇ ਸਹਿਜ ਸਭਾਈਆ। ਪੰਜ ਤੱਤ ਮੇਲਾ ਗੁਣ ਨਿਧਾਨ, ਨਿਰਗੁਣ ਸਰਗੁਣ ਜੋੜ ਜੁੜਾਇੰਦਾ। ਕਾਇਆ ਮੰਦਰ ਸਚ ਮਕਾਨ, ਥਿਰ ਘਰ ਵਾਸੀ ਆਸਣ ਲਾਇੰਦਾ। ਸਾਚਾ ਰਾਗ ਸ਼ਬਦ ਧੁਨਕਾਨ, ਅਨਹਦ ਏਕਾ ਰਾਗ ਅਲਾਇੰਦਾ। ਚੌਦਾਂ ਹੱਟ ਵਖਾਏ ਇਕ ਦੁਕਾਨ, ਲੋਆਂ ਪੁਰੀਆਂ ਵੇਖ ਵਖਾਇੰਦਾ। ਸਚ ਵਖਾਏ ਪਦ ਨਿਰਬਾਨ, ਪਰਮਾਨੰਦ ਆਪ ਸਮਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਆਪਣੀ ਬੂਝ ਆਪ ਬੁਝਾਇੰਦਾ। ਨਿਰਗੁਣ ਸਰਗੁਣ ਬੂਝ ਬੁਝਾਏ, ਆਪ ਆਪਣਾ ਪੜਦਾ ਲਾਹੀਆ। ਕਾਇਆ ਚੋਲੀ ਰੰਗ ਚੜ੍ਹਾਏ, ਉਤਰ ਕਦੇ ਨਾ ਜਾਈਆ। ਦਰ ਦਰਵਾਜਾ ਇਕ ਖੁਲ੍ਹਾਏ, ਆਪ ਆਪਣੀ ਦਇਆ ਕਮਾਈਆ। ਗ਼ਰੀਬ ਨਿਵਾਜਾ ਭੇਵ ਚੁਕਾਏ, ਹਉਮੇ ਰੋਗ ਰਹੇ ਨਾ ਰਾਈਆ। ਅਨਹਦ ਵਾਜਾ ਇਕ ਵਜਾਏ, ਰਾਗ ਅਨਾਦੀ ਏਕਾ ਗਾਈਆ। ਅਸਵ ਘੋੜਾ ਤਾਜਾ ਇਕ ਵਖਾਏ, ਸ਼ਬਦ ਅਗੰਮੀ ਆਪ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਏਕਾ ਵਸਤ ਝੋਲੀ ਪਾਈਆ। ਸਚ ਵਸਤ ਹਰਿ ਨਾਮ ਅਨਮੋਲ, ਨਿਰਗੁਣ ਸਰਗੁਣ ਝੋਲੀ ਪਾਇੰਦਾ। ਪਾਰਬ੍ਰਹਮ ਪ੍ਰਭ ਆਪਣੇ ਕੰਡੇ ਤੋਲ, ਤੋਲਣਹਾਰਾ ਏਕਾ ਤੋਲ ਤੁਲਾਇੰਦਾ। ਸ੍ਰੀ ਭਗਵਾਨ ਪੜਦਾ ਖੋਲ੍ਹ, ਬਜਰ ਕਪਾਟੀ ਤੋੜ ਤੁੜਾਇੰਦਾ। ਪੁਰਖ ਅਬਿਨਾਸ਼ੀ ਵਜਾਏ ਢੋਲ, ਕਾਇਆ ਮੰਦਰ ਅੰਦਰ ਮਰਦੰਗਾ ਇਕ ਵਜਾਇੰਦਾ। ਸੋ ਪੁਰਖ ਨਿਰੰਜਣ ਅੰਮ੍ਰਿਤ ਆਤਮ ਬਖ਼ਸ਼ੇ ਪੌਲ, ਭਰ ਪਿਆਲਾ ਜਾਮ ਪਿਆਇੰਦਾ । ਹਰਿ ਪੁਰਖ ਨਿਰੰਜਣ ਵਸੇ ਸਦਾ ਕੋਲ, ਵਿਛੜ ਕਦੇ ਨਾ ਜਾਇੰਦਾ। ਏਕੰਕਾਰਾ ਆਦਿ ਅੰਤ ਰਹੇ ਅਡੋਲ, ਰੂਪ ਰੰਗ ਨਾ ਕੋਇ ਵਖਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਸਰਗੁਣ ਦਏ ਵਰ, ਵਰ ਦਾਤਾ ਨਾਉਂ ਧਰਾਇੰਦਾ। ਵਰ ਦਾਤਾ ਹਰਿ ਮਿਹਰਵਾਨਾ, ਗਹਿਰ ਗੰਭੀਰ ਸਮਾਇਆ। ਜਨ ਭਗਤਾਂ ਦੇਵੇ ਸਾਚਾ ਦਾਨਾ, ਨਾਮ ਖਜ਼ਾਨਾ ਝੋਲੀ ਪਾਇਆ। ਦੋ ਜਹਾਨਾਂ ਬੀਨਾ ਦਾਨਾ, ਦਰ ਦਰਵੇਸਾ ਵੇਸ ਵਟਾਇਆ। ਅੰਮ੍ਰਿਤ ਆਤਮ ਪੀਣਾ ਖਾਣਾ, ਸਚ ਭੰਡਾਰਾ ਆਪ ਭਰਾਇਆ। ਏਕਾ ਰੰਗ ਰੰਗਾਏ ਮਰਨਾ ਜੀਣਾ, ਜੀਵਣ ਮਰਨ ਨਿਰਭੈ ਵਖਾਇਆ। ਲੇਖਾ ਜਾਣੇ ਲੋਕਾਂ ਤੀਨਾਂ, ਮਾਤ ਪਤਾਲ ਅਕਾਸ ਹੋਏ ਸਹਾਇਆ। ਜਨ ਭਗਤਾਂ ਕਰੇ ਠਾਂਡਾ ਸੀਨਾ, ਨਿਰਗੁਣ ਆਪਣਾ ਦਰਸ ਦਿਖਾਇਆ। ਬੁਝਾਏ ਪਿਆਸ ਜਿਉਂ ਜਲ ਮੀਨਾ, ਸਾਂਤਕ ਸਤਿ ਕਰਾਇਆ। ਹਰਿ ਭਗਤ ਲੱਖ ਚੁਰਾਸੀ ਵਿਚੋਂ ਵੱਖ ਕੀਨਾ, ਆਪਣੀ ਭਗਤੀ ਆਪੇ ਲਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਮੇਲਾ ਸਾਚੇ ਘਰ, ਸਰਗੁਣ ਸਾਚਾ ਵੇਖ ਵਖਾਇਆ। ਨਿਰਗੁਣ ਦਾਤਾ ਹਰਿ ਬੇਅੰਤ, ਪਾਰਬ੍ਰਹਮ ਵੱਡੀ ਵਡਿਆਈਆ। ਲੇਖਾ ਜਾਣੇ ਸਾਚੇ ਸੰਤ, ਸਾਚੀ ਸਿਖਿਆ ਸਤਿ ਸਮਝਾਈਆ। ਮੇਲ ਮਿਲਾਵਾ ਨਾਰੀ ਕੰਤ, ਘਰ ਵੱਜਦੀ ਰਹੇ ਵਧਾਈਆ। ਨਾਮ ਚੜ੍ਹਾਏ ਚੋਲੀ ਰੰਗ ਬਸੰਤ, ਸਾਚੀ ਕਲੀਆ ਆਪ ਰੰਗਾਈਆ। ਜਗਤ ਜਹਾਨ ਬਣਾਏ ਬਣਤ, ਬਣ ਬਨਵਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸੰਤਨ ਡੇਰਾ ਲਾਈਆ। ਸੰਤਨ ਅੰਦਰ ਨਿਰਗੁਣ ਵਸਿਆ, ਬੇਅੰਤ ਬੇਪਰਵਾਹ। ਆਦਿ ਜੁਗਾਦੀ ਮਾਰਗ ਸਾਚਾ ਦੱਸਿਆ, ਪਕੜ ਉਠਾਏ ਹਰਿ ਹਰਿ ਬਾਂਹ। ਦੋ ਜਹਾਨਾਂ ਫਿਰੇ ਨੱਸਿਆ, ਸਤਿਗੁਰ ਪੂਰਾ ਬਣ ਮਲਾਹ। ਤੀਰ ਨਿਰਾਲਾ ਏਕਾ ਕਸਿਆ, ਸ਼ਬਦ ਨਿਸ਼ਾਨਾ ਦੇਵੇ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਸੰਤ ਜਪਾਏ ਏਕਾ ਨਾਂ। ਸੰਤਨ ਬੇੜਾ ਪਾਰ ਕਰ, ਗੁਰਮੁਖ ਸੰਗ ਨਿਭਾਇੰਦਾ। ਗੁਰਮੁਖ ਮੀਤ ਮੁਰਾਰ ਕਰ, ਘਰ ਸੁਹੰਜਣਾ ਸੋਭਾ ਪਾਇੰਦਾ। ਦਾਸੀ ਦਾਸ ਕਰਤਾਰ ਹਰਿ, ਹਰਿ ਸੱਜਣ ਵੇਖ ਵਖਾਇੰਦਾ। ਆਪਣੀ ਕਿਰਪਾ ਆਪੇ ਕਰ, ਆਪ ਆਪਣੇ ਅੰਗ ਲਗਾਇੰਦਾ। ਆਵਣ ਜਾਵਣ ਚੁੱਕੇ ਡਰ, ਜਿਸ ਜਨ ਸਿਰ ਆਪਣਾ ਹੱਥ ਰਖਾਇੰਦਾ। ਆਪਣੇ ਘਾੜਨ ਲਏ ਘੜ, ਭੰਨਣਹਾਰ ਆਪ ਹੋ ਜਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਲੇਖਾ ਆਪ ਸਮਝਾਇੰਦਾ। ਗੁਰਮੁਖ ਲੇਖਾ ਲੇਖ ਅਪਾਰ, ਵੇਦ ਕਤੇਬ ਭੇਵ ਨਾ ਰਾਈਆ। ਬ੍ਰਹਮਾ ਅੱਠੇ ਨੇਤਰ ਚਾਰੇ ਮੁੱਖ ਕੂਕੇ ਕਰੇ ਪੁਕਾਰ, ਦਿਵਸ ਰੈਣ ਰਿਹਾ ਗਾਈਆ। ਸ਼ਾਸਤਰ ਸਿਮਰਤ ਵਾਜਾਂ ਰਹੇ ਮਾਰ, ਪੁਰਾਨ ਅਠਾਰਾਂ ਦੇਣ ਗਵਾਹੀਆ। ਗੁਰਮੁਖ ਤੇਰਾ ਰੂਪ ਅਪਾਰ, ਲਿਖਤ ਲੇਖ ਵਿਚ ਨਾ ਕੋਇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਵਿਚ ਸੰਸਾਰ, ਗੁਰਮੁਖ ਸਾਚੇ ਲਏ ਜਗਾਈਆ। ਗੁਰਸਿਖ ਹਰਿ ਆਪ ਜਗਾਏ, ਪਰਮ ਪੁਰਖ ਵੱਡੀ ਵਡਿਆਈਆ। ਆਪਣਾ ਵੇਸ ਆਪ ਵਟਾਏ, ਦਰ ਦਰਵੇਸ ਫੇਰੀ ਪਾਈਆ। ਨਰ ਨਰੇਸ਼ ਭੇਵ ਨਾ ਰਾਏ, ਗਣਪਤ ਗਣੇਸ਼ ਬੈਠੇ ਸੀਸ ਝੁਕਾਈਆ। ਵਿਸ਼ਨ ਬ੍ਰਹਮਾ ਰਹੇ ਧਿਆਏ, ਦਿਵਸ ਰੈਣ ਏਕਾ ਗੁਣ ਗਾਈਆ। ਗੁਰਮੁਖਾਂ ਦਵਾਰੇ ਫੇਰੀ ਪਾਏ, ਗੁਰਸਿਖ ਸਾਚੇ ਵੇਖ ਵਖਾਈਆ। ਗੁਰਸਿਖ ਤੇਰੀ ਵਡ ਵਡਿਆਏ, ਤੇਰਾ ਲਹਿਣਾ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਜੋਤ ਉਜਿਆਲਾ ਹਰਿ ਗੋਪਾਲਾ ਦੀਨ ਦਿਆਲਾ ਦਇਆਨਿਧ ਠਾਕਰ ਅਬਿਨਾਸ਼ੀ ਕਰਤਾ ਨਾਉਂ ਰਖਾਈਆ। ਗੁਰਮੁਖ ਸੂਰਾ ਵਡ ਬਲਵਾਨ, ਹਰਿ ਸਤਿਗੁਰ ਆਪ ਉਪਾਇੰਦਾ। ਗੁਰਸਿਖ ਸਾਚਾ ਚਤੁਰ ਸੁਜਾਨ, ਦਰ ਘਰ ਸਾਚਾ ਵੇਖ ਵਖਾਇੰਦਾ। ਸ਼ਬਦ ਸਰੂਪੀ ਸਤਿ ਗਿਆਨ, ਸਤਿ ਸਤਿਵਾਦੀ ਆਪ ਦ੍ਰਿੜਾਇੰਦਾ। ਕਾਇਆ ਤੋੜ ਮਾਣ ਅਭਿਮਾਨ, ਮਾਇਆ ਮਮਤਾ ਮੋਹ ਚੁਕਾਇੰਦਾ। ਸ਼ਬਦ ਅਨਾਦੀ ਧੁਰ ਫ਼ਰਮਾਣ, ਹਰਿ ਸਾਚਾ ਆਪ ਸੁਣਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਵੇਖ ਵਖਾਇੰਦਾ। ਗੁਰਮੁਖ ਪੇਖਤ ਹਰਿ ਨਿਰੰਕਾਰ, ਦਰ ਸਾਚਾ ਆਪ ਸੁਹਾਈਆ। ਗੁਰਸਿਖ ਭਰੇ ਨਾਮ ਭੰਡਾਰ, ਦੇਵਣਹਾਰ ਤੋਟ ਨਾ ਰਾਈਆ। ਆਦਿ ਜੁਗਾਦੀ ਬਣ ਵਰਤਾਰ, ਲੋਕਮਾਤ ਸੇਵ ਕਮਾਈਆ। ਸਤਿਜੁਗ ਤ੍ਰੇਤਾ ਦੁਆਪਰ ਪਾਰ ਕਿਨਾਰ, ਭਗਤ ਵਛਲ ਵੱਡੀ ਵਡਿਆਈਆ। ਧਰੂ ਪ੍ਰਹਿਲਾਦ ਕਰਿਆ ਪਾਰ, ਬਲ ਬਾਵਨ ਰੰਗ ਚੜ੍ਹਾਈਆ। ਅਮਰੀਕ ਦੁਰਬਾਸ਼ਾ ਕਰ ਖ਼ਵਾਰ, ਜਨਕ ਵੱਜੀ ਵਧਾਈਆ। ਹਰੀ ਚੰਦ ਦਏ ਆਧਾਰ, ਆਪ ਆਪਣੀ ਬੂਝ ਬੁਝਾਈਆ। ਬਿਦਰ ਸੁਦਾਮਾ ਕਰ ਕਰ ਪਾਰ, ਘਰ ਸਾਚੇ ਵੇਖ ਵਖਾਈਆ। ਦਰੋਪਦ ਸੁੱਤ ਕਰ ਪਿਆਰ, ਲੱਜਿਆ ਰੱਖੇ ਬੇਪਰਵਾਹੀਆ। ਨਾਮਾ ਜੈ ਦੇਵ ਵਿਚ ਸੰਸਾਰ, ਸਾਰੰਗ ਧਰ ਭਗਵਾਨ ਬੀਠਲਾ ਨੇਤਰ ਨੈਣ ਦਰਸ਼ਨ ਗਏ ਪਾਈਆ। ਕਬੀਰ ਸੈਣ ਕਰ ਪੁਕਾਰ, ਦਿਵਸ ਰੈਣ ਰਹੇ ਧਿਆਈਆ। ਬੇਣੀ ਨੈਣੀ ਖੇਲ ਅਪਾਰ, ਘਰ ਮੇਲਾ ਸਹਿਜ ਸੁਭਾਈਆ। ਰਵਦਾਸ ਚੁਮਾਰਾ ਤਨ ਸ਼ਿੰਗਾਰ, ਕਾਇਆ ਅਲਫ਼ੀ ਏਕਾ ਪਾਈਆ। ਪਾਪਨ ਪੂਤਨਾ ਲਾਈ ਪਾਰ, ਬੱਧਕ ਆਪਣੇ ਅੰਗ ਸਮਾਈਆ। ਗਨਕਾ ਪਾਪਣ ਦਏ ਆਧਾਰ, ਅਜਾਮਲ ਤਾਰੇ ਵੇਖੇ ਥਾਉਂ ਥਾਈਂਆ। ਜੁਗਾ ਜੁਗੰਤਰ ਪਾਵੇ ਸਾਰ, ਨਰ ਨਰਾਇਣ ਆਪਣਾ ਰੂਪ ਵਟਾਈਆ। ਕਲਜੁਗ ਅੰਤਮ ਹੋ ਤਿਆਰ, ਨਿਹਕਲੰਕਾ ਨਾਉਂ ਧਰਾਈਆ। ਗੁਰਮੁਖ ਸਾਚੇ ਲਏ ਉਭਾਰ, ਲੱਖ ਚੁਰਾਸੀ ਫੋਲ ਫੋਲਾਈਆ। ਮਨਮੁਖ ਸੁੱਤੇ ਪੈਰ ਪਸਾਰ, ਕਲਜੁਗ ਮਾਇਆ ਪੜਦਾ ਰਿਹਾ ਪਾਈਆ। ਬਿਨ ਸਤਿਗੁਰ ਕੋਇ ਨਾ ਉਤਰੇ ਪਾਰ, ਨਾਨਕ ਗੋਬਿੰਦ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਤੇਰੀ ਅੰਤਮ ਵਰ, ਖੇਲੇ ਖੇਲ ਹਰਿ ਰਘੁਰਾਈਆ। ਗੁਰਸਿਖ ਸਾਚਾ ਮੀਤੜਾ, ਹਰਿ ਸੱਜਣ ਵੇਖ ਵਖਾਇਆ। ਪਾਏ ਧਾਮ ਇਕ ਅਨਡੀਠੜਾ, ਸਚਖੰਡ ਨਿਵਾਸੀ ਡੇਰਾ ਆਪਣਾ ਲਾਇਆ। ਕਾਇਆ ਚੋਲੀ ਰੰਗੇ ਚੀਥੜਾ, ਪੰਜ ਤੱਤ ਦੁਰਮਤ ਮੈਲ ਗਵਾਇਆ। ਆਪ ਆਪਣੇ ਜੇਹਾ ਕੀਤੜਾ, ਏਕਾ ਦੂਜਾ ਭੌ ਮਿਟਾਇਆ। ਮਿਠਾ ਕਰਿਆ ਕੌੜਾ ਰੀਠੜਾ, ਆਤਮ ਦਰਸੀ ਦਰਸ ਦਿਖਾਇਆ। ਗੁਰਸਿਖ ਸਦਾ ਸਦ ਠੰਡਾ ਸੀਤੜਾ, ਅਗਨੀ ਤੱਤ ਨਾ ਲੱਗੇ ਰਾਇਆ। ਪੁਰਖ ਅਬਿਨਾਸ਼ੀ ਘਟ ਘਟ ਵਾਸੀ ਨਿਰਗੁਣ ਦਾਸੀ ਨਿਰਗੁਣ ਆਪ ਮੀਤੜਾ, ਚਿਤ ਵਿਤ ਠਗੌਰੀ ਕੋਇ ਨਾ ਪਾਇਆ। ਕੋਟਨ ਕੋਟ ਜਨਮ ਦੇ ਵਿਛੜੇ ਕਰ ਕਰ ਮੇਲੇ ਕਰੇ ਪਤਿਤ ਪੁਨੀਤੜਾ, ਪਤਿਤ ਪਾਵਨ ਆਪਣਾ ਨਾਮ ਧਰਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਦੇਵੇ ਵਰ, ਵਰ ਘਰ ਸਾਚਾ ਇਕ ਵਖਾਇਆ। ਵਰ ਘਰ ਸਾਚਾ ਕੰਤ ਭਤਾਰ, ਗੁਰਮੁਖ ਸਚ ਕਰੇ ਕੁੜਮਾਈਆ। ਸਤਿ ਸੰਤੋਖੀ ਸਚ ਪਿਆਰ, ਸਤਿ ਸਤਿਵਾਦੀ ਆਪ ਵਖਾਈਆ। ਬਸਤਰ ਭੂਸ਼ਨ ਕਰ ਤਿਆਰ, ਸ਼ਬਦ ਗਹਿਣਾ ਤਨ ਪਹਿਨਾਈਆ। ਨਾਮ ਨਿਧਾਨਾ ਕੱਜਲ ਧਾਰ, ਨੇਤਰ ਨੈਣ ਆਪ ਮਟਕਾਈਆ। ਮੇਂਢੀ ਗੁੰਦੇ ਵਿਚ ਸੰਸਾਰ, ਹਰਿ ਸਾਚੀ ਸੇਵ ਕਮਾਈਆ । ਲਾਲ ਗੁਲਾਲਾ ਰੰਗ ਚਾੜ੍ਹੇ ਅਪਰ ਅਪਾਰ, ਲਾਲ ਮਹਿੰਦੀ ਰਹੀ ਸ਼ਰਮਾਈਆ। ਸਾਚੀ ਧਰਮਸਾਲਾ ਕਾਇਆ ਮੰਦਰ ਕਰ ਤਿਆਰ, ਸੀਸ ਜਗਦੀਸ ਦਏ ਨਿਵਾਈਆ। ਜੋਤੀ ਮਾਤਾ ਹੋ ਤਿਆਰ, ਸਾਚਾ ਸਗਨ ਲਏ ਮਨਾਈਆ। ਅੰਮ੍ਰਿਤ ਵਾਰੇ ਠੰਡਾ ਠਾਰ, ਮੁਖ ਪਿਆਲਾ ਇਕ ਲਗਾਈਆ। ਸਖੀਆਂ ਮੰਗਲ ਗਾਇਣ ਵਾਰੋ ਵਾਰ, ਗੀਤ ਗੋਬਿੰਦ ਇਕ ਅਲਾਈਆ। ਵੱਜੇ ਤਾਲ ਹਰਿ ਨਿਰੰਕਾਰ, ਬਹੱਤਰ ਨਾੜਾ ਤਾਲ ਤਲਵਾੜਾ ਅਨਹਦ ਆਪ ਵਜਾਈਆ। ਸਾਚੇ ਘੋੜੇ ਦੇਵੇ ਚਾੜ੍ਹ, ਮੌਲੀ ਮਹਿੰਦੀ ਆਪਣੇ ਹੱਥ ਵਖਾਈਆ। ਗੁਰਮਤ ਭਾਬੀ ਕਜਲਾ ਪਾਏ ਆਪਣੀ ਵਾਰ, ਘਰ ਸਾਚੇ ਸੋਭਾ ਪਾਈਆ। ਸਾਚੀ ਸੰਗਤ ਭੈਣਾਂ ਭੱਯਾ ਕਰੇ ਪਿਆਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰਮੁਖ ਸਾਚੇ ਲਏ ਵਰ, ਆਪ ਆਪਣੇ ਅੰਗ ਲਗਾਈਆ। ਗੁਰਮੁਖ ਸਾਚਾ ਅੰਗ ਲਗਾਇਆ, ਹਰਿ ਸਤਿਗੁਰ ਦਇਆ ਕਮਾਇੰਦਾ। ਸਾਚਾ ਮੰਦਰ ਇਕ ਸੁਹਾਇਆ, ਚਾਰ ਦੀਵਾਰ ਨਾ ਕੋਇ ਰਖਾਇੰਦਾ। ਛੱਪਰ ਛੰਨ ਨਾ ਕੋਇ ਉਪਾਇਆ, ਨਾ ਕੋਈ ਬਾਢੀ ਬਣਤ ਬਣਾਇੰਦਾ। ਉਤਰ ਪੂਰਬ ਪੱਛਮ ਦੱਖਣ ਚਾਰੋਂ ਦਿਸ਼ਾ ਦਰਵਾਜਾ ਕਿਸੇ ਦਿਸ ਨਾ ਆਇਆ, ਬਿਨ ਸਤਿਗੁਰ ਨਾ ਕੋਇ ਖੁਲ੍ਹਾਇੰਦਾ। ਸਾਚਾ ਪੌੜਾ ਇਕ ਚੜ੍ਹ੍ਹਾਇਆ, ਆਪਣੀ ਹੱਥੀਂ ਡੰਡਾ ਲਾਇੰਦਾ। ਦੂਈ ਦਵੈਤੀ ਪੜਦਾ ਜਗਤ ਘੁੰਗਟ ਆਪ ਚੁਕਾਇਆ, ਆਪਣਾ ਦਰਸ ਆਪ ਦਿਖਾਇੰਦਾ। ਉਚ ਮਹੱਲ ਅਟਾਰੀ ਰਿਹਾ ਸੁਹਾਇਆ, ਨਿਜ ਆਤਮ ਖੇਲ ਖਿਲਾਇੰਦਾ। ਸਾਚੀ ਸੇਜਾ ਸੋਭਾ ਪਾਇਆ, ਫੂਲਨ ਬਰਖਾ ਆਪ ਲਗਾਇੰਦਾ। ਗੁਰਮੁਖ ਸੁਰਤ ਸਵਾਣੀ ਸ਼ਬਦ ਮਿਲਿਆ ਸਾਚਾ ਹਾਣੀ, ਵਾਹ ਵਾਹ ਮੰਗਲ ਏਕਾ ਗਾਇੰਦਾ। ਦਰ ਘਰ ਮਿਲਿਆ ਠੰਡਾ ਪਾਣੀ, ਜੁਗਾਂ ਜੁਗਾਂ ਦੀ ਲੱਗੀ ਪਿਆਸ ਸਤਿਗੁਰ ਪੂਰਾ ਆਪ ਬੁਝਾਇੰਦਾ। ਆਵਣ ਜਾਵਣ ਚੁੱਕੀ ਕਾਣੀ, ਲੱਖ ਚੁਰਾਸੀ ਫੰਦ ਕਟਾਇੰਦਾ। ਗੁਰਮੁਖ ਪੜ੍ਹੇ ਏਕਾ ਬਾਣੀ, ਪ੍ਰਭ ਸਾਚਾ ਆਪ ਸੁਣਾਇੰਦਾ। ਲੱਖ ਚੁਰਾਸੀ ਦਿਸੇ ਫਾਨੀ, ਥਿਰ ਕੋਇ ਰਹਿਣ ਨਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਮੇਲੇ ਆਪਣੇ ਦਰ, ਦਰ ਦਰਵਾਜਾ ਆਪ ਸੁਹਾਇੰਦਾ। ਦਰ ਦਵਾਰਾ ਸੋਭਾਵੰਤ, ਸਤਿ ਪੁਰਖ ਨਿਰੰਜਣ ਆਪ ਸੁਹਾਇਆ। ਗੁਰਮੁਖ ਵਿਰਲਾ ਵੇਖੇ ਸੰਤ, ਦੂਸਰ ਹੱਥ ਕਿਸੇ ਨਾ ਆਇਆ। ਲੱਖ ਚੁਰਾਸੀ ਜੀਵ ਜੰਤ, ਜੂਨੀ ਜੂਨ ਰਿਹਾ ਫਿਰਾਇਆ। ਗੁਰਸਿਖ ਤੇਰੀ ਮਹਿਮਾ ਅਗਣਤ, ਲੇਖਾ ਲਿਖ ਨਾ ਸਕੇ ਕੋਈ ਰਾਇਆ। ਵਰ ਘਰ ਪਾਇਆ ਹਰਿ ਹਰਿ ਕੰਤ, ਘਰ ਸਾਚਾ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੰਦਰ ਆਪ ਸੁਹਾਇਆ। ਸਾਚਾ ਮੰਦਰ ਸਚਖੰਡ ਦਵਾਰ, ਹਰਿ ਸਾਚਾ ਆਪ ਸੁਹਾਈਆ। ਭਗਤਾਂ ਮੇਲੇ ਕਰ ਪਿਆਰ, ਸੁੰਨ ਅਗੰਮੀ ਪਾਰ ਕਰਾਈਆ। ਸੰਤਾ ਬਖ਼ਸ਼ੇ ਇਕ ਅਧਾਰ, ਚਰਨ ਕਵਲ ਸੱਚੀ ਸਰਨਾਈਆ। ਗੁਰਮੁਖ ਫੜ ਫੜ ਬਾਂਹੋਂ ਜਾਏ ਤਾਰ, ਨਿਤ ਨਵਿਤ ਸੇਵ ਕਮਾਈਆ। ਗੁਰਸਿਖਾਂ ਕਰੇ ਸਚ ਸ਼ਿੰਗਾਰ, ਸਾਚੀ ਸੇਵਾ ਆਪ ਕਮਾਈਆ। ਲੇਖਾ ਲਿਖ ਲਿਖ ਜਾਣੇ ਧੁਰ ਦਰਬਾਰ, ਧੁਰ ਮਸਤਕ ਵੇਖ ਵਖਾਈਆ। ਕੋਟਨ ਕੋਟੀ ਕੋਟ ਰਹੇ ਪੁਕਾਰ, ਪ੍ਰਭ ਕਾ ਦਰਸ ਕੋਇ ਨਾ ਪਾਈਆ। ਕਲਜੁਗ ਅੰਤਮ ਲੈ ਅਵਤਾਰ, ਨਿਰਗੁਣ ਸਰਗੁਣ ਵੇਸ ਵਟਾਈਆ। ਗੁਰਮੁਖ ਸਾਚੇ ਲਏ ਉਭਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪ ਆਪਣੀ ਗੋਦ ਉਠਾਈਆ। ਗੁਰਸਿਖ ਬਾਲ ਅੰਞਾਣਾ ਬਾਲੀ ਬੁਧ, ਹਰਿ ਵੱਡਾ ਵਡ ਵਡਿਆਈਆ। ਜਨ ਭਗਤਾਂ ਕਰੇ ਕਾਰਜ ਸੁਧ, ਅਕਲ ਕਲ ਰੂਪ ਵਟਾਈਆ। ਹਰਿ ਸੰਤਾਂ ਭੇਵ ਖੁਲ੍ਹਾਏ ਗੁਝ, ਆਪ ਆਪਣੀ ਬੂਝ ਬੁਝਾਈਆ। ਗੁਰਮੁਖਾਂ ਸਚ ਦਵਾਰਾ ਜਾਏ ਸੁਝ, ਮਨਮੁਖ ਬੈਠਣ ਮੁਖ ਭਵਾਈਆ। ਗੁਰਮੁਖ ਚਰਨ ਪ੍ਰੀਤੀ ਜਾਇਣ ਲੁੱਝ, ਲੰਕਾ ਹਉਮੇ ਗੜ੍ਹ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਗੁਰਮੁਖ ਸਾਚੇ ਵੇਖ ਵਖਾਈਆ। ਵੇਖਣਹਾਰ ਪੁਰਖ ਸਮਰਥ, ਆਦਿ ਜੁਗਾਦਿ ਸਮਾਇਆ। ਜਨ ਭਗਤਾਂ ਦੇਵੇ ਸਾਚੀ ਵੱਥ, ਨਾਮ ਰਤਨ ਅਮੋਲਕ ਹੀਰਾ ਝੋਲੀ ਪਾਇਆ। ਸੰਤਨ ਜਣਾਈ ਸਾਚੀ ਗਥ, ਮੰਤਰ ਅੰਤਰ ਨਾਮ ਦ੍ਰਿੜਾਇਆ। ਗੁਰਸਿਖਾਂ ਸਗਲ ਵਿਸੂਰੇ ਜਾਇਣ ਲੱਥ, ਸਵੱਛ ਸਰੂਪੀ ਦਰਸ਼ਨ ਪਾਇਆ। ਗੁਰਮੁਖ ਮੇਲਾ ਦਰ ਘਰ ਸਾਚੇ ਇਕ ਇਕੱਠ, ਚਰਨ ਦਵਾਰਾ ਇਕ ਵਖਾਇਆ। ਮੇਲ ਮਿਲਾਵਾ ਨੱਠ ਨੱਠ, ਦੋ ਜਹਾਨੀ ਫੇਰਾ ਪਾਇਆ। ਕਲਜੁਗ ਬੁਰਜ ਰਿਹਾ ਢੱਠ, ਨਦੀ ਕਿਨਾਰੇ ਰੁਖੜਾ ਆਪ ਵਖਾਇਆ। ਲਹਿਣਾ ਚੁੱਕੇ ਅਠਸਠ, ਅੰਮ੍ਰਿਤ ਜਲ ਨੀਰ ਨਾ ਕੋਇ ਵਹਾਇਆ। ਗੁਰਮੁਖਾਂ ਗੁਰਸਿਖਾਂ ਜਨ ਭਗਤਾਂ ਹਰਿ ਸੰਤਾਂ ਸਾਚਾ ਮਾਰਗ ਦੇਵੇ ਦੱਸ, ਵਰਨਾਂ ਬਰਨਾਂ ਭੇਵ ਚੁਕਾਇਆ। ਊਚਾਂ ਨੀਚਾਂ ਰੱਖੇ ਦੇ ਕਰ ਹੱਥ, ਸੋ ਪੁਰਖ ਨਿਰੰਜਣ ਵੇਸ ਵਟਾਇਆ। ਹਰਿ ਪੁਰਖ ਨਿਰੰਜਣ ਮਹਿਮਾ ਅਕੱਥ, ਕਥਨੀ ਕਥ ਨਾ ਸਕੇ ਰਾਇਆ। ਆਦਿ ਨਿਰੰਜਣ ਹੋ ਪਰਗਟ, ਜੋਤ ਨਿਰੰਜਣ ਰਿਹਾ ਜਗਾਇਆ। ਪੁਰਖ ਅਬਿਨਾਸ਼ੀ ਵਸਣਹਾਰਾ ਘਟ ਘਟ, ਘਟ ਮੰਦਰ ਵੇਖ ਵਖਾਇਆ। ਸ੍ਰੀ ਭਗਵਾਨ ਖੁਲ੍ਹਾਏ ਸਾਚਾ ਹੱਟ, ਚੌਦਾਂ ਲੋਕ ਚੌਦਾਂ ਤਬਕ ਤ੍ਰੈਭਵਣ ਧਨੀ ਆਪਣਾ ਨਾਉਂ ਉਪਾਇਆ। ਪਾਰਬ੍ਰਹਮ ਖੇਲੇ ਖੇਲ ਬਾਜੀਗਰ ਨਟ, ਸਵਾਂਗੀ ਆਪਣਾ ਸਵਾਂਗ ਵਰਤਾਇਆ। ਚਤੁਰਭੁਜ ਗੇੜ ਉਲਟੀ ਲੱਠ, ਚਾਰੇ ਕੁੰਟਾਂ ਵੇਖ ਵਖਾਇਆ। ਚੌਥਾ ਯੁਗ ਰਿਹਾ ਨੱਠ, ਵੇਲੇ ਅੰਤ ਨਾ ਕੋਇ ਸਹਾਇਆ। ਵਿਸ਼ਨੂੰ ਪੂਰਾ ਕਰੇ ਨਾ ਕੋਈ ਘਾਟ, ਪ੍ਰਭ ਵੇਖੇ ਰਿਜ਼ਕ ਸਬਾਇਆ। ਬ੍ਰਹਮਾ ਲੇਖਾ ਜਾਣੇ ਆਣ ਬਾਟ, ਲੱਖ ਚੁਰਾਸੀ ਮਾਤ ਗਰਭ ਫੇਰਾ ਪਾਇਆ। ਸ਼ੰਕਰ ਉਤਾਰੇ ਆਪਣੇ ਘਾਟ, ਸ਼ਿਵ ਸਾਚੀ ਸੇਵ ਕਮਾਇਆ। ਤ੍ਰੈਗੁਣ ਮਾਇਆ ਬਸਤਰ ਰਿਹਾ ਪਾਟ, ਸਾਚੀ ਗੰਢ ਨਾ ਕੋਇ ਬੰਧਾਇਆ। ਪੰਜ ਤੱਤ ਨਾ ਵਿਕਣਾ ਕਿਸੇ ਹਾਟ, ਕਰਤਾ ਕੀਮਤ ਕੋਇ ਨਾ ਪਾਇਆ। ਹਰਿ ਭਗਤਾਂ ਮੇਲਾ ਸਗਲਾ ਸਾਥ, ਸਾਚੇ ਸੰਤਨ ਲਏ ਤਰਾਇਆ। ਗੁਰਮੁਖ ਲਹਿਣਾ ਦੇਣ ਚੁਕਾਏ ਮਸਤਕ ਮਾਥ, ਪੂਰਬ ਵੇਖਣ ਆਪੇ ਆਇਆ। ਗੁਰਸਿਖ ਚੜ੍ਹਾਏ ਸਾਚੇ ਰਾਥ, ਸੋ ਪੁਰਖ ਨਿਰੰਜਣ ਦਇਆ ਕਮਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਲਜੁਗ ਤੇਰੀ ਅੰਤਮ ਵਰ, ਨਿਹਕਲੰਕ ਨਰਾਇਣ ਨਰ, ਨਰ ਹਰਿ ਹਰੀ ਨਰਾਇਣ ਆਪ ਅਖਵਾਇਆ। ਹਰਿ ਨਰਾਇਣ ਬੇਐਬ ਪਰਵਰਦਿਗਾਰ, ਨੂਰ ਨੂਰ ਨੂਰ ਅਲਾਹੀਆ। ਹੱਕ ਹਕੀਕਤ ਪਾਵੇ ਸਾਰ, ਲਾਸ਼ਰੀਕ ਇਕ ਖੁਦਾਈਆ। ਖ਼ਾਲਕ ਖ਼ਲਕ ਕਰ ਪਸਾਰ, ਖ਼ਲਕ ਖ਼ਾਲਕ ਵੇਖ ਵਖਾਈਆ। ਸਾਲਸ ਬਣ ਵਿਚ ਸੰਸਾਰ, ਸਚ ਸਾਲਸੀ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਨਰ ਨਰਾਇਣ ਹਰੀ ਹਰਿ ਵੱਡੀ ਵਡਿਆਈਆ। ਹਰੀ ਹਰਿ ਨਿਰਗੁਣ ਸਰਗੁਣ, ਵਿਸ਼ਨੂੰ ਭਗਵਾਨ ਨਾਉਂ ਧਰਾਇਆ। ਗੁਰਸਿਖ ਮੇਲੇ ਚੁਣ ਚੁਣ, ਆਪ ਆਪਣੀ ਦਇਆ ਕਮਾਇਆ। ਗੁਰਮੁਖਾਂ ਪੁਕਾਰ ਸੁਣ ਸੁਣ, ਸਿਰ ਆਪਣਾ ਹੱਥ ਰਖਾਇਆ। ਸੰਤਾਂ ਜਾਣੇ ਸਾਚਾ ਗੁਣ, ਗੁਣ ਅਵਗੁਣ ਗੁਣਵੰਤਾ ਵਡ ਵਡਿਆਇਆ। ਭਗਤਾਂ ਸੁਣੇ ਨਾਦ ਧੁਨ, ਧੁਨ ਆਤਮਕ ਆਪ ਵਜਾਇਆ। ਲੱਖ ਚੁਰਾਸੀ ਛਾਣ ਪੁਣ, ਚੌਥੇ ਯੁਗ ਚਾਰੇ ਵੇਖ ਵਖਾਇਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਤਿ ਸੰਤੋਖ ਇਕ ਗਿਆਨ, ਪੁਰਖ ਅਬਿਨਾਸ਼ੀ ਚਰਨ ਧਿਆਨ, ਦੋ ਜਹਾਨੀ ਦੇਵੇ ਮਾਣ, ਆਵਣ ਜਾਵਣ ਚੁੱਕੇ ਕਾਣ, ਰਾਏ ਧਰਮ ਨਾ ਦਏ ਸਜ਼ਾਇਆ। ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰਸਿਖ ਆਪਣੇ ਦਰ ਕਰੇ ਪਰਵਾਨ, ਦਰਗਹਿ ਸਾਚੀ ਦੇਵੇ ਮਾਣ, ਸਚਖੰਡ ਦਵਾਰੇ ਸਚ ਨਿਸ਼ਾਨ, ਹਰਿਜਨ ਜਨ ਹਰਿ ਸਾਚੇ ਆਪ ਝੁਲਾਇਆ।
